ਪਹਿਲਾ ਸਮੂਏਲ 1:1-28

  • ਅਲਕਾਨਾਹ ਅਤੇ ਉਸ ਦੀਆਂ ਪਤਨੀਆਂ (1-8)

  • ਬਾਂਝ ਹੰਨਾਹ ਦੀ ਇਕ ਪੁੱਤਰ ਲਈ ਪ੍ਰਾਰਥਨਾ (9-18)

  • ਸਮੂਏਲ ਦਾ ਜਨਮ ਤੇ ਯਹੋਵਾਹ ਨੂੰ ਸੌਂਪਿਆ ਗਿਆ (19-28)

1  ਅਲਕਾਨਾਹ+ ਨਾਂ ਦਾ ਇਕ ਇਫ਼ਰਾਈਮੀ ਆਦਮੀ ਸੀ ਜੋ ਇਫ਼ਰਾਈਮ+ ਦੇ ਪਹਾੜੀ ਇਲਾਕੇ ਰਾਮਾਤੈਮ-ਸੋਫੀਮ+ ਤੋਂ ਸੀ।* ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੁ ਦਾ ਪੁੱਤਰ ਸੀ ਅਤੇ ਤੋਹੁ ਸੂਫ ਦਾ ਪੁੱਤਰ ਸੀ।  2  ਅਲਕਾਨਾਹ ਦੀਆਂ ਦੋ ਪਤਨੀਆਂ ਸਨ; ਇਕ ਦਾ ਨਾਂ ਹੰਨਾਹ ਤੇ ਦੂਸਰੀ ਦਾ ਨਾਂ ਪਨਿੰਨਾਹ ਸੀ। ਪਨਿੰਨਾਹ ਦੇ ਬੱਚੇ ਸਨ, ਪਰ ਹੰਨਾਹ ਦੇ ਕੋਈ ਬੱਚਾ ਨਹੀਂ ਸੀ।  3  ਉਹ ਆਦਮੀ ਹਰ ਸਾਲ ਆਪਣੇ ਸ਼ਹਿਰ ਤੋਂ ਸ਼ੀਲੋਹ ਵਿਚ ਸੈਨਾਵਾਂ ਦੇ ਯਹੋਵਾਹ ਦੀ ਭਗਤੀ ਕਰਨ* ਅਤੇ ਉਸ ਅੱਗੇ ਬਲੀਦਾਨ ਚੜ੍ਹਾਉਣ ਜਾਂਦਾ ਸੀ।+ ਉੱਥੇ ਏਲੀ ਦੇ ਦੋ ਪੁੱਤਰ ਹਾਫਨੀ ਅਤੇ ਫ਼ੀਨਹਾਸ+ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਦੇ ਸਨ।+ 4  ਇਕ ਦਿਨ ਜਦੋਂ ਅਲਕਾਨਾਹ ਨੇ ਬਲ਼ੀ ਚੜ੍ਹਾਈ, ਤਾਂ ਉਸ ਨੇ ਆਪਣੀ ਪਤਨੀ ਪਨਿੰਨਾਹ ਅਤੇ ਉਸ ਦੇ ਸਾਰੇ ਧੀਆਂ-ਪੁੱਤਰਾਂ ਨੂੰ ਉਸ ਬਲ਼ੀ ਵਿੱਚੋਂ ਹਿੱਸੇ ਦਿੱਤੇ,+ 5  ਪਰ ਹੰਨਾਹ ਨੂੰ ਉਸ ਨੇ ਇਕ ਖ਼ਾਸ ਹਿੱਸਾ ਦਿੱਤਾ ਕਿਉਂਕਿ ਉਹ ਹੰਨਾਹ ਨਾਲ ਬਹੁਤ ਪਿਆਰ ਕਰਦਾ ਸੀ; ਪਰ ਯਹੋਵਾਹ ਨੇ ਉਸ ਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਸੀ।* 6  ਇਸ ਤੋਂ ਇਲਾਵਾ, ਉਸ ਦੀ ਸੌਂਕਣ ਉਸ ਨੂੰ ਦੁਖੀ ਕਰਨ ਲਈ ਹਮੇਸ਼ਾ ਤਾਅਨੇ-ਮਿਹਣੇ ਮਾਰਦੀ ਰਹਿੰਦੀ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਸੀ।  7  ਉਹ ਹਰ ਸਾਲ ਇਸੇ ਤਰ੍ਹਾਂ ਕਰਦੀ ਸੀ; ਜਦੋਂ ਵੀ ਹੰਨਾਹ ਯਹੋਵਾਹ ਦੇ ਘਰ ਜਾਂਦੀ ਸੀ,+ ਤਾਂ ਉਸ ਦੀ ਸੌਂਕਣ ਉਸ ਨੂੰ ਇੰਨੇ ਤਾਅਨੇ ਮਾਰਦੀ ਸੀ ਕਿ ਉਹ ਰੋਣ ਲੱਗ ਪੈਂਦੀ ਸੀ ਅਤੇ ਕੁਝ ਨਹੀਂ ਖਾਂਦੀ ਸੀ।  8  ਪਰ ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ: “ਹੰਨਾਹ, ਤੂੰ ਕਿਉਂ ਰੋਂਦੀ ਹੈਂ? ਤੂੰ ਕੁਝ ਖਾਂਦੀ ਕਿਉਂ ਨਹੀਂ ਤੇ ਤੂੰ ਇੰਨੀ ਉਦਾਸ ਕਿਉਂ ਹੈਂ?* ਕੀ ਮੈਂ ਤੇਰੇ ਲਈ ਦਸਾਂ ਪੁੱਤਰਾਂ ਨਾਲੋਂ ਚੰਗਾ ਨਹੀਂ?” 9  ਫਿਰ ਜਦ ਉਹ ਸ਼ੀਲੋਹ ਵਿਚ ਖਾ-ਪੀ ਚੁੱਕੇ, ਤਾਂ ਹੰਨਾਹ ਉੱਠ ਖੜ੍ਹੀ ਹੋਈ। ਉਸ ਵੇਲੇ ਪੁਜਾਰੀ ਏਲੀ ਯਹੋਵਾਹ ਦੇ ਮੰਦਰ*+ ਦੀ ਦਹਿਲੀਜ਼ ਕੋਲ ਥੜ੍ਹੇ ਉੱਤੇ ਬੈਠਾ ਸੀ।  10  ਹੰਨਾਹ ਦਾ ਮਨ ਕੁੜੱਤਣ ਨਾਲ ਭਰਿਆ ਹੋਇਆ ਸੀ ਅਤੇ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗੀ+ ਅਤੇ ਭੁੱਬਾਂ ਮਾਰ-ਮਾਰ ਕੇ ਰੋਣ ਲੱਗੀ।  11  ਅਤੇ ਉਸ ਨੇ ਇਹ ਸੁੱਖਣਾ ਸੁੱਖੀ: “ਹੇ ਸੈਨਾਵਾਂ ਦੇ ਯਹੋਵਾਹ, ਜੇ ਤੂੰ ਆਪਣੀ ਦਾਸੀ ਦੇ ਕਸ਼ਟ ਵੱਲ ਧਿਆਨ ਦੇਵੇਂ ਅਤੇ ਮੈਨੂੰ ਯਾਦ ਰੱਖੇਂ ਅਤੇ ਆਪਣੀ ਦਾਸੀ ਨੂੰ ਨਾ ਭੁੱਲੇਂ ਤੇ ਆਪਣੀ ਦਾਸੀ ਨੂੰ ਇਕ ਪੁੱਤਰ ਬਖ਼ਸ਼ੇਂ,+ ਤਾਂ ਹੇ ਯਹੋਵਾਹ, ਮੈਂ ਉਹ ਪੁੱਤਰ ਤੈਨੂੰ ਸੌਂਪ ਦਿਆਂਗੀ ਤਾਂਕਿ ਉਹ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੇ। ਉਸ ਦੇ ਸਿਰ ʼਤੇ ਕਦੇ ਉਸਤਰਾ ਨਹੀਂ ਫਿਰੇਗਾ।”+ 12  ਉਹ ਬਹੁਤ ਦੇਰ ਤੋਂ ਯਹੋਵਾਹ ਨੂੰ ਪ੍ਰਾਰਥਨਾ ਕਰ ਰਹੀ ਸੀ ਅਤੇ ਏਲੀ ਉਸ ਦੇ ਮੂੰਹ ਵੱਲ ਦੇਖ ਰਿਹਾ ਸੀ।  13  ਹੰਨਾਹ ਮਨ ਵਿਚ ਹੀ ਬੋਲ ਰਹੀ ਸੀ, ਸਿਰਫ਼ ਉਸ ਦੇ ਬੁੱਲ੍ਹ ਹਿਲ ਰਹੇ ਸਨ, ਪਰ ਉਸ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ। ਇਸ ਲਈ ਏਲੀ ਨੇ ਸੋਚਿਆ ਕਿ ਉਹ ਨਸ਼ੇ ਵਿਚ ਸੀ।  14  ਏਲੀ ਨੇ ਉਸ ਨੂੰ ਕਿਹਾ: “ਤੂੰ ਕਿੰਨੀ ਦੇਰ ਨਸ਼ੇ ਵਿਚ ਰਹੇਂਗੀ? ਜਾਹ, ਨਸ਼ਾ ਉਤਰਨ ਤੋਂ ਬਾਅਦ ਆਈਂ।”  15  ਇਹ ਸੁਣ ਕੇ ਹੰਨਾਹ ਨੇ ਕਿਹਾ: “ਨਹੀਂ ਮੇਰੇ ਮਾਲਕ! ਮੈਂ ਤਾਂ ਦੁੱਖਾਂ ਦੀ ਮਾਰੀ ਹੋਈ ਹਾਂ; ਮੈਂ ਦਾਖਰਸ ਜਾਂ ਸ਼ਰਾਬ ਨਹੀਂ ਪੀਤੀ ਹੋਈ, ਸਗੋਂ ਮੈਂ ਤਾਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਰਹੀ ਹਾਂ।+ 16  ਆਪਣੀ ਦਾਸੀ ਨੂੰ ਨਿਕੰਮੀ ਔਰਤ ਨਾ ਸਮਝ, ਮੈਂ ਇੰਨੀ ਦੇਰ ਤੋਂ ਇਸ ਲਈ ਦੁਆ ਕਰ ਰਹੀ ਹਾਂ ਕਿਉਂਕਿ ਮੈਂ ਬਹੁਤ ਦੁਖੀ ਤੇ ਪਰੇਸ਼ਾਨ ਹਾਂ।”  17  ਫਿਰ ਏਲੀ ਨੇ ਕਿਹਾ: “ਸ਼ਾਂਤੀ ਨਾਲ ਜਾਹ, ਇਜ਼ਰਾਈਲ ਦਾ ਪਰਮੇਸ਼ੁਰ ਤੇਰੀ ਮੁਰਾਦ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।”+ 18  ਇਹ ਸੁਣ ਕੇ ਉਸ ਨੇ ਕਿਹਾ: “ਤੇਰੀ ਦਾਸੀ ʼਤੇ ਤੇਰੀ ਮਿਹਰ ਹੋਵੇ।” ਇਸ ਤੋਂ ਬਾਅਦ ਉਹ ਔਰਤ ਆਪਣੇ ਰਾਹ ਚਲੀ ਗਈ ਤੇ ਉਸ ਨੇ ਖਾਧਾ-ਪੀਤਾ ਅਤੇ ਉਸ ਦਾ ਚਿਹਰਾ ਫਿਰ ਉਦਾਸ ਨਾ ਰਿਹਾ। 19  ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾਹ ਨੂੰ ਮੱਥਾ ਟੇਕ ਕੇ ਰਾਮਾਹ+ ਵਿਚ ਆਪਣੇ ਘਰ ਮੁੜ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸਰੀਰਕ ਸੰਬੰਧ ਬਣਾਏ। ਅਤੇ ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।*+ 20  ਸਾਲ ਦੇ ਅੰਦਰ-ਅੰਦਰ* ਹੰਨਾਹ ਗਰਭਵਤੀ ਹੋਈ ਅਤੇ ਇਕ ਮੁੰਡੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ+ ਸਮੂਏਲ* ਰੱਖਿਆ ਕਿਉਂਕਿ ਉਸ ਨੇ ਕਿਹਾ ਸੀ, “ਮੈਂ ਇਸ ਨੂੰ ਯਹੋਵਾਹ ਤੋਂ ਮੰਗਿਆ ਹੈ।” 21  ਕੁਝ ਸਮੇਂ ਬਾਅਦ ਅਲਕਾਨਾਹ ਆਪਣੇ ਸਾਰੇ ਪਰਿਵਾਰ ਨਾਲ ਯਹੋਵਾਹ ਅੱਗੇ ਸਾਲਾਨਾ ਬਲ਼ੀ ਅਤੇ ਸੁੱਖਣਾ ਦੀ ਭੇਟ ਚੜ੍ਹਾਉਣ ਗਿਆ।+ 22  ਪਰ ਹੰਨਾਹ ਨਹੀਂ ਗਈ+ ਅਤੇ ਉਸ ਨੇ ਆਪਣੇ ਪਤੀ ਨੂੰ ਕਿਹਾ ਸੀ: “ਜਦੋਂ ਮੁੰਡੇ ਦਾ ਦੁੱਧ ਛੁਡਾਇਆ ਜਾਵੇਗਾ, ਉਦੋਂ ਮੈਂ ਉਸ ਨੂੰ ਲੈ ਕੇ ਜਾਵਾਂਗੀ; ਫਿਰ ਉਹ ਯਹੋਵਾਹ ਅੱਗੇ ਜਾਵੇਗਾ ਅਤੇ ਉਹ ਉੱਥੇ ਹੀ ਰਹੇਗਾ।”+ 23  ਫਿਰ ਉਸ ਦੇ ਪਤੀ ਅਲਕਾਨਾਹ ਨੇ ਉਸ ਨੂੰ ਕਿਹਾ: “ਠੀਕ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗੇ,* ਉਸੇ ਤਰ੍ਹਾਂ ਕਰ। ਜਦ ਤਕ ਤੂੰ ਉਸ ਦਾ ਦੁੱਧ ਨਹੀਂ ਛੁਡਾਉਂਦੀ, ਤੂੰ ਘਰ ਹੀ ਰਹਿ। ਜੋ ਤੂੰ ਕਿਹਾ ਹੈ, ਯਹੋਵਾਹ ਉਸੇ ਤਰ੍ਹਾਂ ਕਰੇ।” ਉਹ ਔਰਤ ਘਰ ਹੀ ਰਹੀ ਅਤੇ ਉਦੋਂ ਤਕ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ ਜਦ ਤਕ ਉਸ ਨੇ ਉਸ ਦਾ ਦੁੱਧ ਨਹੀਂ ਛੁਡਾਇਆ। 24  ਮੁੰਡੇ ਦਾ ਦੁੱਧ ਛੁਡਾਉਂਦਿਆਂ ਹੀ ਉਹ ਉਸ ਨੂੰ ਸ਼ੀਲੋਹ ਲੈ ਗਈ ਅਤੇ ਉਹ ਆਪਣੇ ਨਾਲ ਤਿੰਨ ਸਾਲਾਂ ਦਾ ਇਕ ਬਲਦ, ਇਕ ਏਫਾ* ਆਟਾ ਅਤੇ ਦਾਖਰਸ ਦਾ ਇਕ ਘੜਾ ਲੈ ਕੇ ਗਈ।+ ਉਹ ਸ਼ੀਲੋਹ ਵਿਚ ਯਹੋਵਾਹ ਦੇ ਘਰ ਗਈ+ ਤੇ ਮੁੰਡੇ ਨੂੰ ਵੀ ਨਾਲ ਲੈ ਗਈ।  25  ਫਿਰ ਉਨ੍ਹਾਂ ਨੇ ਬਲਦ ਵੱਢਿਆ ਅਤੇ ਮੁੰਡੇ ਨੂੰ ਏਲੀ ਕੋਲ ਲੈ ਗਏ।  26  ਫਿਰ ਉਸ ਨੇ ਕਿਹਾ: “ਹੇ ਮੇਰੇ ਮਾਲਕ! ਮੈਨੂੰ ਤੁਹਾਡੀ ਸਹੁੰ ਲੱਗੇ, ਮੈਂ ਉਹੀ ਔਰਤ ਹਾਂ ਜਿਸ ਨੇ ਇਸੇ ਜਗ੍ਹਾ ਤੁਹਾਡੇ ਕੋਲ ਖੜ੍ਹੀ ਹੋ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਸੀ।+ 27  ਇਹ ਉਹੀ ਮੁੰਡਾ ਹੈ ਜਿਸ ਲਈ ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਮੁਰਾਦ ਪੂਰੀ ਕੀਤੀ ਜੋ ਮੈਂ ਉਸ ਤੋਂ ਮੰਗੀ ਸੀ।+ 28  ਮੈਂ ਬਦਲੇ ਵਿਚ ਇਸ ਨੂੰ ਯਹੋਵਾਹ ਨੂੰ ਸੌਂਪ ਰਹੀ* ਹਾਂ। ਉਹ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦਾ ਰਹੇਗਾ।” ਅਤੇ ਉਸ* ਨੇ ਉੱਥੇ ਯਹੋਵਾਹ ਅੱਗੇ ਮੱਥਾ ਟੇਕਿਆ।

ਫੁਟਨੋਟ

ਜਾਂ, “ਰਾਮਾਹ ਤੋਂ ਇਕ ਸੂਫੀ ਸੀ।”
ਜਾਂ, “ਦੇ ਅੱਗੇ ਮੱਥਾ ਟੇਕਣ।”
ਇਬ, “ਉਸ ਦੀ ਕੁੱਖ ਬੰਦ ਕਰ ਦਿੱਤੀ ਸੀ।”
ਜਾਂ, “ਤੂੰ ਦਿਲ ਵਿਚ ਬੁਰਾ ਕਿਉਂ ਮਨਾਉਂਦੀ ਹੈਂ?”
ਯਾਨੀ, ਡੇਰੇ।
ਇਬ, “ਨੂੰ ਯਾਦ ਕੀਤਾ।”
ਜਾਂ ਸੰਭਵ ਹੈ, “ਸਹੀ ਸਮੇਂ ਤੇ।”
ਮਤਲਬ “ਪਰਮੇਸ਼ੁਰ ਦਾ ਨਾਂ।”
ਇਬ, “ਜੋ ਤੇਰੀਆਂ ਨਜ਼ਰਾਂ ਵਿਚ ਠੀਕ ਹੈ।”
ਲਗਭਗ 22 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਉਧਾਰ ਦੇ ਰਹੀ।”
ਜ਼ਾਹਰ ਹੈ ਕਿ ਇੱਥੇ ਅਲਕਾਨਾਹ ਦੀ ਗੱਲ ਕੀਤੀ ਗਈ ਹੈ।