1.1
ਬਾਈਬਲ ਦਾ ਅਨੁਵਾਦ ਕਰਨ ਸੰਬੰਧੀ ਅਸੂਲ
ਬਾਈਬਲ ਪ੍ਰਾਚੀਨ ਇਬਰਾਨੀ, ਅਰਾਮੀ ਅਤੇ ਯੂਨਾਨੀ ਭਾਸ਼ਾਵਾਂ ਵਿਚ ਲਿਖੀ ਗਈ ਸੀ। ਅੱਜ ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸੇ 3,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਬਾਈਬਲ ਪੜ੍ਹਨ ਵਾਲੇ ਜ਼ਿਆਦਾਤਰ ਲੋਕ ਇਹ ਭਾਸ਼ਾਵਾਂ ਨਹੀਂ ਸਮਝ ਸਕਦੇ ਜਿਨ੍ਹਾਂ ਵਿਚ ਬਾਈਬਲ ਲਿਖੀ ਗਈ ਸੀ। ਇਸ ਲਈ ਉਨ੍ਹਾਂ ਨੂੰ ਅਨੁਵਾਦ ਕੀਤੀ ਗਈ ਬਾਈਬਲ ਦੀ ਲੋੜ ਪੈਂਦੀ ਹੈ। ਤਾਂ ਫਿਰ, ਬਾਈਬਲ ਦਾ ਅਨੁਵਾਦ ਕਰਨ ਵੇਲੇ ਕਿਹੜੇ ਅਸੂਲਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਵੇਂ ਇਨ੍ਹਾਂ ਅਸੂਲਾਂ ਨੂੰ ਵਰਤ ਕੇ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਤਿਆਰ ਕੀਤਾ ਗਿਆ ਹੈ?
ਕੁਝ ਲੋਕ ਸੋਚਦੇ ਹਨ ਕਿ ਬਾਈਬਲ ਦਾ ਸ਼ਬਦ-ਬ-ਸ਼ਬਦ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਪੜ੍ਹਨ ਵਾਲਿਆਂ ਨੂੰ ਪਤਾ ਲੱਗੇ ਕਿ ਮੁਢਲੀਆਂ ਭਾਸ਼ਾਵਾਂ ਵਿਚ ਕੀ ਕਿਹਾ ਗਿਆ ਸੀ। ਪਰ ਇਸ ਤਰ੍ਹਾਂ ਕਰਨ ਨਾਲ ਬਹੁਤ ਵਾਰੀ ਮਤਲਬ ਸਾਫ਼-ਸਾਫ਼ ਸਮਝ ਨਹੀਂ ਆਉਂਦਾ। ਇਸ ਦੇ ਕੁਝ ਕਾਰਨਾਂ ਉੱਤੇ ਗੌਰ ਕਰੋ:
-
ਹਰ ਭਾਸ਼ਾ ਬਾਕੀਆਂ ਨਾਲੋਂ ਵੱਖਰੀ ਹੁੰਦੀ ਹੈ ਅਤੇ ਹਰ ਭਾਸ਼ਾ ਦੀ ਆਪੋ-ਆਪਣੀ ਵਿਆਕਰਣ, ਸ਼ਬਦ ਅਤੇ ਵਾਕ-ਰਚਨਾ ਹੁੰਦੀ ਹੈ। ਇਬਰਾਨੀ ਭਾਸ਼ਾ ਦੇ ਪ੍ਰੋਫ਼ੈਸਰ ਐੱਸ. ਆਰ. ਡ੍ਰਾਈਵਰ ਨੇ ਲਿਖਿਆ ਕਿ ਹਰ ਭਾਸ਼ਾ ਦੀ ‘ਨਾ ਸਿਰਫ਼ ਆਪਣੀ ਵਿਆਕਰਣ ਅਤੇ ਧਾਤੂ ਸ਼ਬਦ ਹੁੰਦੇ ਹਨ, ਸਗੋਂ ਵਿਚਾਰਾਂ ਨੂੰ ਵਾਕਾਂ ਵਿਚ ਲਿਖਣ ਦਾ ਤਰੀਕਾ ਵੀ ਹੋਰ ਭਾਸ਼ਾਵਾਂ ਨਾਲੋਂ ਵੱਖਰਾ ਹੁੰਦਾ ਹੈ।’ ਹਰ ਭਾਸ਼ਾ ਵਿਚ ਲੋਕਾਂ ਦੇ ਸੋਚਣ ਦਾ ਆਪਣਾ ਤਰੀਕਾ ਹੁੰਦਾ ਹੈ। ਪ੍ਰੋਫ਼ੈਸਰ ਡ੍ਰਾਈਵਰ ਨੇ ਅੱਗੇ ਕਿਹਾ: “ਇਸ ਲਈ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਵਿਚ ਵਾਕ-ਰਚਨਾ ਇੱਕੋ ਜਿਹੀ ਨਹੀਂ ਹੁੰਦੀ।”
-
ਅੱਜ ਕਿਸੇ ਵੀ ਭਾਸ਼ਾ ਦੇ ਸ਼ਬਦ ਅਤੇ ਵਿਆਕਰਣ ਬਾਈਬਲ ਵਿਚ ਵਰਤੀ ਗਈ ਇਬਰਾਨੀ, ਅਰਾਮੀ ਅਤੇ ਯੂਨਾਨੀ ਭਾਸ਼ਾਵਾਂ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੀ। ਇਸ ਲਈ ਸ਼ਬਦ-ਬ-ਸ਼ਬਦ ਅਨੁਵਾਦ ਕਰਨ ਨਾਲ ਬਾਈਬਲ ਦੀਆਂ ਗੱਲਾਂ ਸਮਝ ਨਹੀਂ ਆਉਣਗੀਆਂ ਜਾਂ ਇਨ੍ਹਾਂ ਦਾ ਗ਼ਲਤ ਮਤਲਬ ਵੀ ਨਿਕਲ ਸਕਦਾ ਹੈ।
-
ਇਕ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ ਅਤੇ ਵਿਸ਼ੇ ਅਨੁਸਾਰ ਸ਼ਬਦ ਦਾ ਮਤਲਬ ਬਦਲ ਸਕਦਾ ਹੈ।
ਇਕ ਅਨੁਵਾਦਕ ਲਈ ਸ਼ਾਇਦ ਮੁਢਲੀਆਂ ਭਾਸ਼ਾਵਾਂ ਮੁਤਾਬਕ ਕੁਝ ਆਇਤਾਂ ਦਾ ਸ਼ਬਦ-ਬ-ਸ਼ਬਦ ਅਨੁਵਾਦ ਕਰਨਾ ਸੰਭਵ ਹੋਵੇ, ਪਰ ਇਹ ਬਹੁਤ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ।
ਕੁਝ ਮਿਸਾਲਾਂ ਉੱਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸ਼ਬਦ-ਬ-ਸ਼ਬਦ ਅਨੁਵਾਦ ਕਰਨ ਨਾਲ ਗ਼ਲਤ ਮਤਲਬ ਨਿਕਲ ਸਕਦਾ ਹੈ:
-
ਮੱਤੀ 28:13; ਰਸੂਲਾਂ ਦੇ ਕੰਮ 7:60) ਜਿੱਥੇ ਵੀ ਇਹ ਸ਼ਬਦ ਮੌਤ ਦੇ ਸੰਬੰਧ ਵਿਚ ਵਰਤੇ ਗਏ ਹਨ, ਉੱਥੇ ਬਾਈਬਲ ਦੇ ਅਨੁਵਾਦਕ “ਮਰਨਾ” ਜਾਂ “ਮੌਤ ਦੀ ਨੀਂਦ ਸੌਣਾ” ਸ਼ਬਦ ਇਸਤੇਮਾਲ ਕਰ ਸਕਦੇ ਹਨ। ਇਸ ਨਾਲ ਅੱਜ ਲੋਕਾਂ ਨੂੰ ਅਜਿਹੀਆਂ ਆਇਤਾਂ ਦਾ ਸਹੀ ਮਤਲਬ ਸਮਝ ਆਵੇਗਾ।—ਜ਼ਬੂਰ 76:5, 6; 1 ਕੁਰਿੰਥੀਆਂ 7:39; 1 ਥੱਸਲੁਨੀਕੀਆਂ 4:13.
ਬਾਈਬਲ ਵਿਚ “ਸੌਣਾ” ਲਈ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਮਤਲਬ ਨੀਂਦ ਅਤੇ ਮੌਤ ਹੈ। ( -
ਅਫ਼ਸੀਆਂ 4:14 ਵਿਚ ਪੌਲੁਸ ਰਸੂਲ ਨੇ ਇਕ ਯੂਨਾਨੀ ਸ਼ਬਦ ਇਸਤੇਮਾਲ ਕੀਤਾ ਹੈ ਜਿਸ ਦਾ ਸ਼ਬਦ-ਬ-ਸ਼ਬਦ ਅਨੁਵਾਦ “ਇਨਸਾਨਾਂ ਦੁਆਰਾ ਪਾਸਾ ਖੇਡਣ ਵਿਚ” ਕੀਤਾ ਜਾ ਸਕਦਾ ਹੈ। ਇਹ ਪੁਰਾਣੇ ਜ਼ਮਾਨੇ ਦਾ ਮੁਹਾਵਰਾ ਪਾਸਾ ਸੁੱਟਣ ਵੇਲੇ ਹੇਰਾ-ਫੇਰੀ ਕਰਨ ਬਾਰੇ ਹੈ। ਜ਼ਿਆਦਾਤਰ ਭਾਸ਼ਾਵਾਂ ਵਿਚ ਇਸ ਦੇ ਸ਼ਬਦ-ਬ-ਸ਼ਬਦ ਅਨੁਵਾਦ ਦਾ ਕੋਈ ਮਤਲਬ ਨਹੀਂ ਨਿਕਲੇਗਾ। ਪਰ ਜੇ ਇਸ ਦਾ ਅਨੁਵਾਦ ‘ਚਾਲਬਾਜ਼ ਲੋਕ’ ਕੀਤਾ ਜਾਵੇ, ਤਾਂ ਇਸ ਦਾ ਮਤਲਬ ਸਾਫ਼-ਸਾਫ਼ ਸਮਝ ਆਵੇਗਾ।
-
ਤੀਤੁਸ 1:12 ਵਿਚ ਇਕ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਜਿਸ ਦਾ ਸ਼ਬਦ-ਬ-ਸ਼ਬਦ ਅਨੁਵਾਦ ਹੈ “ਢਿੱਡ।” ਪੰਜਾਬੀ ਵਿਚ ਇੱਥੇ ਇਸ ਦਾ ਸਹੀ ਮਤਲਬ ਨਹੀਂ ਨਿਕਲਦਾ। ਇਸ ਲਈ ਇਸ ਦਾ ਅਨੁਵਾਦ “ਪੇਟੂ” ਕੀਤਾ ਗਿਆ ਹੈ।
-
ਪੰਜਾਬੀ ਵਿਚ ਸ਼ਬਦ-ਬ-ਸ਼ਬਦ ਅਨੁਵਾਦ: “ਦਿਲ ਦੇ ਗ਼ਰੀਬ”
ਸਹੀ ਮਤਲਬ: “ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ”
ਯਿਸੂ ਦੁਆਰਾ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਵਰਤੇ ਗਏ ਕੁਝ ਸ਼ਬਦਾਂ ਦਾ ਅਨੁਵਾਦ ਅਕਸਰ ਇਸ ਤਰ੍ਹਾਂ ਕੀਤਾ ਜਾਂਦਾ ਹੈ: “ਧੰਨ ਓਹ ਜਿਹੜੇ ਦਿਲ ਦੇ ਗ਼ਰੀਬ ਹਨ।” (ਮੱਤੀ 5:3, ਪਵਿੱਤਰ ਬਾਈਬਲ, OV ) ਪਰ “ਦਿਲ ਦੇ ਗ਼ਰੀਬ” ਸ਼ਬਦ ਯਿਸੂ ਦੀ ਗੱਲ ਦਾ ਸਹੀ ਮਤਲਬ ਨਹੀਂ ਦਿੰਦੇ ਕਿਉਂਕਿ ਉਹ ਇੱਥੇ ਨਿਮਰਤਾ ਦੀ ਗੱਲ ਨਹੀਂ ਕਰ ਰਿਹਾ ਸੀ, ਸਗੋਂ ਉਹ ਲੋਕਾਂ ਨੂੰ ਸਿਖਾ ਰਿਹਾ ਸੀ ਕਿ ਜ਼ਿੰਦਗੀ ਵਿਚ ਖ਼ੁਸ਼ੀ ਸਰੀਰ ਦੀਆਂ ਲੋੜਾਂ ਪੂਰੀਆਂ ਕਰ ਕੇ ਨਹੀਂ, ਸਗੋਂ ਪਰਮੇਸ਼ੁਰ ਦੀ ਅਗਵਾਈ ਵਿਚ ਚੱਲ ਕੇ ਮਿਲਦੀ ਹੈ। (ਲੂਕਾ 6:20) ਇਸ ਲਈ ਉਨ੍ਹਾਂ ਸ਼ਬਦਾਂ ਦਾ ਅਨੁਵਾਦ “ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ” ਜਾਂ “ਜਿਹੜੇ ਜਾਣਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਹੈ” ਕੀਤਾ ਗਿਆ ਹੈ ਜਿਸ ਤੋਂ ਮੁਢਲੀ ਭਾਸ਼ਾ ਵਿਚ ਯਿਸੂ ਦੀ ਕਹੀ ਗੱਲ ਦਾ ਸਹੀ-ਸਹੀ ਮਤਲਬ ਪਤਾ ਲੱਗਦਾ ਹੈ।—ਮੱਤੀ 5:3; ਦ ਨਿਊ ਟੈਸਟਾਮੈਂਟ ਇਨ ਮਾਡਰਨ ਇੰਗਲਿਸ਼।
-
ਬਾਈਬਲ ਵਿਚ ਕਈ ਜਗ੍ਹਾ ਇਕ ਇਬਰਾਨੀ ਸ਼ਬਦ ਦਾ ਅਨੁਵਾਦ “ਈਰਖਾ” ਜਾਂ “ਜਲ਼ਨ” ਕੀਤਾ ਗਿਆ ਹੈ, ਜਿਵੇਂ ਕਿਸੇ ਨਜ਼ਦੀਕੀ ਸਾਥੀ ਦੀ ਬੇਵਫ਼ਾਈ ਦੇਖ ਕੇ ਗੁੱਸਾ ਆਉਣਾ ਜਾਂ ਦੂਜਿਆਂ ਦੀਆਂ ਚੀਜ਼ਾਂ ਨੂੰ ਦੇਖ ਕੇ ਸੜਨਾ। (ਕਹਾਉਤਾਂ 6:34; ਯਸਾਯਾਹ 11:13) ਪਰ ਕਈ ਆਇਤਾਂ ਵਿਚ ਇਹੀ ਸ਼ਬਦ ਚੰਗੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਵੀ ਵਰਤਿਆ ਗਿਆ ਹੈ। ਮਿਸਾਲ ਲਈ, ਇਹ ਸ਼ਬਦ ਯਹੋਵਾਹ ਦੇ “ਜੋਸ਼” ਲਈ ਜਾਂ ਆਪਣੇ ਲੋਕਾਂ ਦੀ ਰਾਖੀ ਕਰਨ ਦੀ ਉਸ ਦੀ ਜ਼ਬਰਦਸਤ ਇੱਛਾ ਲਈ ਵਰਤਿਆ ਗਿਆ ਹੈ। ਬਾਈਬਲ ਵਿਚ ਜਿੱਥੇ ਵੀ ਯਹੋਵਾਹ ਮੰਗ ਕਰਦਾ ਹੈ ਕਿ “ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ,” ਉੱਥੇ ਵੀ ਇਹੀ ਸ਼ਬਦ ਇਸਤੇਮਾਲ ਕੀਤਾ ਗਿਆ ਹੈ। (ਕੂਚ 34:14; 2 ਰਾਜਿਆਂ 19:31; ਹਿਜ਼ਕੀਏਲ 5:13; ਜ਼ਕਰਯਾਹ 8:2) ਇਹ ਸ਼ਬਦ ਉਸ ਦੇ ਵਫ਼ਾਦਾਰ ਸੇਵਕਾਂ ਦੇ “ਜੋਸ਼” ਲਈ ਵੀ ਵਰਤਿਆ ਜਾ ਸਕਦਾ ਹੈ ਜੋ ਉਹ ਪਰਮੇਸ਼ੁਰ ਅਤੇ ਉਸ ਦੀ ਭਗਤੀ ਲਈ ਦਿਖਾਉਂਦੇ ਹਨ। ਨਾਲੇ ਇਹ ਦੱਸਣ ਲਈ ਵੀ ਇਹ ਸ਼ਬਦ ਵਰਤਿਆ ਜਾ ਸਕਦਾ ਹੈ ਕਿ ਉਸ ਦੇ ਸੇਵਕ ਉਸ ਤੋਂ ਸਿਵਾਇ ਕਿਸੇ ਹੋਰ ਦੀ ਭਗਤੀ ਬਰਦਾਸ਼ਤ ਨਹੀਂ ਕਰਦੇ।—ਜ਼ਬੂਰ 69:9; 119:139; ਗਿਣਤੀ 25:11.
-
ਇਬਰਾਨੀ ਸ਼ਬਦ “ਯਾਧ” ਦਾ ਅਨੁਵਾਦ ਅਕਸਰ “ਹੱਥ” ਕੀਤਾ ਜਾਂਦਾ ਹੈ, ਪਰ ਵਿਸ਼ੇ ਅਨੁਸਾਰ ਇਸ ਦਾ ਅਨੁਵਾਦ “ਤਾਕਤ,” “ਅਧਿਕਾਰ,” “ਖੁੱਲ੍ਹ-ਦਿਲੀ” ਜਾਂ ਕਈ ਹੋਰ ਤਰੀਕਿਆਂ ਨਾਲ ਵੀ ਕੀਤਾ ਜਾ ਸਕਦਾ ਹੈ
ਇਨਸਾਨ ਦੇ ਹੱਥ ਲਈ ਇਬਰਾਨੀ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ। ਵਿਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ ਅਨੁਵਾਦ “ਤਾਕਤ,” “ਅਧਿਕਾਰ” ਜਾਂ “ਖੁੱਲ੍ਹ-ਦਿਲੀ” ਕੀਤਾ ਗਿਆ ਹੈ। (ਕੂਚ 14:31; 2 ਸਮੂਏਲ 8:3; 1 ਰਾਜਿਆਂ 10:13) ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ ਇਸ ਸ਼ਬਦ ਦਾ ਅਨੁਵਾਦ ਤਕਰੀਬਨ 40 ਵੱਖ-ਵੱਖ ਤਰੀਕਿਆਂ ਨਾਲ ਕੀਤਾ ਗਿਆ ਹੈ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਬਾਈਬਲ ਦਾ ਅਨੁਵਾਦ ਕਰਦੇ ਵੇਲੇ ਮੁਢਲੀਆਂ ਭਾਸ਼ਾਵਾਂ ਦੇ ਕਿਸੇ ਸ਼ਬਦ ਲਈ ਹਰ ਵਾਰ ਇੱਕੋ ਹੀ ਸ਼ਬਦ ਇਸਤੇਮਾਲ ਕਰਨਾ ਸਹੀ ਨਹੀਂ ਹੋਵੇਗਾ। ਇਸ ਲਈ ਅਨੁਵਾਦਕ ਨੂੰ ਸੋਚ-ਸਮਝ ਕੇ ਆਪਣੀ ਭਾਸ਼ਾ ਦੇ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ ਤਾਂਕਿ ਮੁਢਲੀਆਂ ਭਾਸ਼ਾਵਾਂ ਦੀਆਂ ਗੱਲਾਂ ਦਾ ਸਹੀ ਮਤਲਬ ਦਿੱਤਾ ਜਾ ਸਕੇ। ਇਸ ਤੋਂ ਇਲਾਵਾ, ਆਪਣੀ ਭਾਸ਼ਾ ਦੀ ਵਿਆਕਰਣ ਦੇ ਅਨੁਸਾਰ ਹੀ ਵਾਕ ਬਣਾਏ ਜਾਣੇ ਚਾਹੀਦੇ ਹਨ ਤਾਂਕਿ ਇਹ ਪੜ੍ਹਨ ਵਿਚ ਆਸਾਨ ਹੋਣ।
ਪਰ ਅਨੁਵਾਦ ਕਰਦੇ ਹੋਏ ਸ਼ਬਦਾਂ ਵਿਚ ਬਹੁਤ ਜ਼ਿਆਦਾ ਫੇਰ-ਬਦਲ ਨਹੀਂ ਕੀਤਾ ਜਾਣਾ ਚਾਹੀਦਾ। ਜੇ ਕੋਈ ਅਨੁਵਾਦਕ ਕਿਸੇ ਗੱਲ ਦਾ ਆਪਣੇ ਤਰੀਕੇ ਨਾਲ ਮਤਲਬ ਕੱਢ ਕੇ ਅਨੁਵਾਦ ਕਰਦਾ ਹੈ, ਤਾਂ ਉਹ ਉਸ ਗੱਲ ਦਾ ਗ਼ਲਤ ਮਤਲਬ ਦੇ ਸਕਦਾ ਹੈ। ਕਿਵੇਂ? ਉਹ ਸ਼ਾਇਦ ਗ਼ਲਤੀ ਨਾਲ ਕਿਸੇ ਆਇਤ ਵਿਚ ਆਪਣੇ ਵਿਚਾਰ ਪਾ ਦੇਵੇ ਜਾਂ ਉਸ ਵਿੱਚੋਂ ਜ਼ਰੂਰੀ ਗੱਲਾਂ ਕੱਢ ਦੇਵੇ। ਜਦੋਂ ਆਪਣੀ ਮਨ-ਮਰਜ਼ੀ ਮੁਤਾਬਕ ਬਾਈਬਲ ਦਾ ਅਨੁਵਾਦ ਕੀਤਾ ਜਾਂਦਾ ਹੈ, ਤਾਂ ਇਹ ਸ਼ਾਇਦ ਪੜ੍ਹਨ ਵਿਚ ਸੌਖੀ ਲੱਗੇ, ਪਰ ਇਸ ਨਾਲ ਪੜ੍ਹਨ ਵਾਲਿਆਂ ਨੂੰ ਬਾਈਬਲ ਦੀਆਂ ਗੱਲਾਂ ਦਾ ਸਹੀ ਮਤਲਬ ਪਤਾ ਨਹੀਂ ਲੱਗੇਗਾ।
ਕਦੇ-ਕਦੇ ਅਨੁਵਾਦਕ ਆਪਣੇ ਧਾਰਮਿਕ ਵਿਚਾਰਾਂ ਮੁਤਾਬਕ ਅਨੁਵਾਦ ਕਰਦੇ ਹਨ। ਮਿਸਾਲ ਲਈ, ਮੱਤੀ 7:13 ਵਿਚ ਲਿਖਿਆ ਹੈ: “ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਵੱਲ ਜਾਂਦਾ ਹੈ।” ਪਰ ਕੁਝ ਅਨੁਵਾਦਕਾਂ ਨੇ ਆਪਣੇ ਧਾਰਮਿਕ ਵਿਚਾਰਾਂ ਕਰਕੇ ਇੱਥੇ “ਨਾਸ਼” ਦੀ ਜਗ੍ਹਾ “ਨਰਕ” ਸ਼ਬਦ ਇਸਤੇਮਾਲ ਕੀਤਾ, ਜਦ ਕਿ ਇੱਥੇ ਯੂਨਾਨੀ ਸ਼ਬਦ ਦਾ ਸਹੀ ਮਤਲਬ ਹੈ “ਨਾਸ਼।”
ਬਾਈਬਲ ਦੇ ਅਨੁਵਾਦਕ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਾਈਬਲ ਕਿਸਾਨਾਂ, ਚਰਵਾਹਿਆਂ, ਮਛੇਰਿਆਂ ਅਤੇ ਹੋਰ ਆਮ ਲੋਕਾਂ ਦੀ ਭਾਸ਼ਾ ਵਿਚ ਲਿਖੀ ਗਈ ਸੀ। (ਨਹਮਯਾਹ 8:8, 12; ਰਸੂਲਾਂ ਦੇ ਕੰਮ 4:13) ਇਸ ਲਈ ਵਧੀਆ ਤਰੀਕੇ ਨਾਲ ਅਨੁਵਾਦ ਕੀਤੀ ਗਈ ਬਾਈਬਲ ਪੜ੍ਹ ਕੇ ਨੇਕਦਿਲ ਲੋਕਾਂ ਨੂੰ ਇਸ ਦਾ ਸੰਦੇਸ਼ ਆਸਾਨੀ ਨਾਲ ਸਮਝ ਆਉਂਦਾ ਹੈ, ਚਾਹੇ ਉਨ੍ਹਾਂ ਦਾ ਪਿਛੋਕੜ ਜੋ ਮਰਜ਼ੀ ਹੋਵੇ। ਅਨੁਵਾਦ ਕਰਦੇ ਵੇਲੇ ਆਮ ਅਤੇ ਜਲਦੀ ਸਮਝ ਆਉਣ ਵਾਲੇ ਸ਼ਬਦ ਵਰਤੇ ਜਾਣੇ ਚਾਹੀਦੇ ਹਨ, ਨਾ ਕਿ ਅਜਿਹੇ ਸ਼ਬਦ ਜਿਨ੍ਹਾਂ ਨੂੰ ਆਮ ਲੋਕ ਕਦੀ-ਕਦਾਈਂ ਹੀ ਇਸਤੇਮਾਲ ਕਰਦੇ ਹਨ।
ਵਧੇਰੇ ਜਾਣਕਾਰੀ 1.4 ਦੇਖੋ।) ਬਹੁਤ ਸਾਰੇ ਅਨੁਵਾਦਾਂ ਵਿਚ ਇਸ ਨਾਂ ਦੀ ਜਗ੍ਹਾ “ਪ੍ਰਭੂ” ਵਰਤਿਆ ਗਿਆ ਹੈ। ਇੱਥੋਂ ਤਕ ਕਿ ਕੁਝ ਅਨੁਵਾਦਾਂ ਵਿਚ ਇਹ ਗੱਲ ਲੁਕਾਈ ਜਾਂਦੀ ਹੈ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਮਿਸਾਲ ਲਈ, ਕੁਝ ਅਨੁਵਾਦਾਂ ਵਿਚ ਯੂਹੰਨਾ 17:26 ਵਿਚ ਯਿਸੂ ਦੀ ਪ੍ਰਾਰਥਨਾ ਇਸ ਤਰ੍ਹਾਂ ਦਰਜ ਹੈ: “ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਹੈ” ਅਤੇ ਯੂਹੰਨਾ 17:6 ਵਿਚ ਕਿਹਾ ਗਿਆ ਹੈ: “ਜਿਨ੍ਹਾਂ ਲੋਕਾਂ ਨੂੰ ਤੂੰ ਮੇਰੇ ਹਵਾਲੇ ਕੀਤਾ ਹੈ, ਮੈਂ ਉਨ੍ਹਾਂ ਸਾਮ੍ਹਣੇ ਤੈਨੂੰ ਪ੍ਰਗਟ ਕੀਤਾ ਹੈ।” ਪਰ ਯਿਸੂ ਦੀ ਪ੍ਰਾਰਥਨਾ ਦਾ ਸਹੀ-ਸਹੀ ਅਨੁਵਾਦ ਹੈ: “ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ” ਅਤੇ “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ।”
ਬਾਈਬਲ ਦੇ ਬਹੁਤ ਸਾਰੇ ਅਨੁਵਾਦਕਾਂ ਨੇ ਮਨਮਾਨੀ ਕਰਦੇ ਹੋਏ ਆਪਣੇ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਯਹੋਵਾਹ ਕੱਢ ਦਿੱਤਾ ਹੈ ਭਾਵੇਂ ਕਿ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਇਹ ਨਾਂ ਲਿਖਿਆ ਗਿਆ ਹੈ। (ਨਵੀਂ ਦੁਨੀਆਂ ਅਨੁਵਾਦ ਦੇ ਪਹਿਲੇ ਅੰਗ੍ਰੇਜ਼ੀ ਅਨੁਵਾਦ ਦੇ ਮੁਖਬੰਧ ਵਿਚ ਕਿਹਾ ਗਿਆ ਸੀ: “ਅਸੀਂ ਆਪਣੇ ਤਰੀਕੇ ਨਾਲ ਬਾਈਬਲ ਦੀਆਂ ਗੱਲਾਂ ਦਾ ਮਤਲਬ ਨਹੀਂ ਕੱਢਦੇ। ਇਹ ਅਨੁਵਾਦ ਤਿਆਰ ਕਰਦੇ ਵੇਲੇ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਜਿੱਥੋਂ ਤਕ ਹੋ ਸਕੇ, ਬਾਈਬਲ ਦਾ ਸ਼ਬਦ-ਬ-ਸ਼ਬਦ ਅਨੁਵਾਦ ਕੀਤਾ ਜਾਵੇ। ਮੁਢਲੀਆਂ ਭਾਸ਼ਾਵਾਂ ਦੇ ਕਈ ਮੁਹਾਵਰਿਆਂ ਲਈ ਅੰਗ੍ਰੇਜ਼ੀ ਦੇ ਮੁਹਾਵਰੇ ਵਰਤੇ ਗਏ ਹਨ ਜੋ ਸਹੀ-ਸਹੀ ਮਤਲਬ ਦਿੰਦੇ ਹਨ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਕਿਸੇ ਗੱਲ ਦਾ ਸ਼ਬਦ-ਬ-ਸ਼ਬਦ ਅਨੁਵਾਦ ਕਰਨ ਨਾਲ ਉਸ ਦਾ ਗ਼ਲਤ ਮਤਲਬ ਨਾ ਨਿਕਲੇ।” ਇਸ ਲਈ ਨਵੀਂ ਦੁਨੀਆਂ ਅਨੁਵਾਦ ਕਮੇਟੀ ਨੇ ਅਜਿਹੇ ਸ਼ਬਦ ਵਰਤਣ ਦੀ ਕੋਸ਼ਿਸ਼ ਕੀਤੀ ਹੈ ਜੋ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਨਾਲ ਮੇਲ ਖਾਂਦੇ ਹਨ, ਪਰ ਉਨ੍ਹਾਂ ਨੇ ਅਜਿਹੇ ਵਾਕ ਨਹੀਂ ਵਰਤੇ ਜੋ ਪੜ੍ਹਨੇ ਨੂੰ ਔਖੇ ਹੋਣ ਜਾਂ ਜਿਨ੍ਹਾਂ ਕਰਕੇ ਮਤਲਬ ਸਪੱਸ਼ਟ ਨਾ ਹੋਵੇ। ਇਸ ਲਈ ਇਹ ਬਾਈਬਲ ਆਸਾਨੀ ਨਾਲ ਪੜ੍ਹੀ ਜਾ ਸਕਦੀ ਹੈ ਅਤੇ ਪੜ੍ਹਨ ਵਾਲਾ ਇਸ ਗੱਲ ਦਾ ਪੂਰਾ ਭਰੋਸਾ ਰੱਖ ਸਕਦਾ ਹੈ ਕਿ ਇਸ ਵਿਚ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਜੋ ਸੰਦੇਸ਼ ਲਿਖਵਾਇਆ ਗਿਆ ਸੀ, ਉਸ ਨੂੰ ਸਾਡੇ ਤਕ ਸਹੀ-ਸਹੀ ਪਹੁੰਚਾਇਆ ਗਿਆ ਹੈ।—1 ਥੱਸਲੁਨੀਕੀਆਂ 2:13.