ਪਹਿਲਾ ਸਮੂਏਲ 3:1-21

  • ਸਮੂਏਲ ਨੂੰ ਨਬੀ ਬਣਨ ਦਾ ਬੁਲਾਵਾ (1-21)

3  ਇਸ ਦੌਰਾਨ, ਉਹ ਮੁੰਡਾ ਸਮੂਏਲ ਏਲੀ ਦੀ ਨਿਗਰਾਨੀ ਅਧੀਨ ਯਹੋਵਾਹ ਦੀ ਸੇਵਾ ਕਰਦਾ ਸੀ।+ ਉਨ੍ਹਾਂ ਦਿਨਾਂ ਵਿਚ ਯਹੋਵਾਹ ਦਾ ਸੰਦੇਸ਼ ਘੱਟ ਹੀ ਆਉਂਦਾ ਸੀ; ਦਰਸ਼ਣ+ ਵੀ ਕਦੇ-ਕਦਾਈਂ ਹੀ ਮਿਲਦੇ ਸਨ।  ਇਕ ਦਿਨ ਏਲੀ ਆਪਣੀ ਜਗ੍ਹਾ ’ਤੇ ਲੰਮਾ ਪਿਆ ਹੋਇਆ ਸੀ। ਉਸ ਦੀ ਨਜ਼ਰ ਧੁੰਦਲੀ ਪੈ ਚੁੱਕੀ ਸੀ; ਉਹ ਦੇਖ ਨਹੀਂ ਸਕਦਾ ਸੀ।+  ਪਰਮੇਸ਼ੁਰ ਦਾ ਦੀਵਾ+ ਅਜੇ ਬੁਝਾਇਆ ਨਹੀਂ ਗਿਆ ਸੀ ਅਤੇ ਸਮੂਏਲ ਯਹੋਵਾਹ ਦੇ ਮੰਦਰ*+ ਵਿਚ ਲੰਮਾ ਪਿਆ ਸੀ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ।  ਫਿਰ ਯਹੋਵਾਹ ਨੇ ਸਮੂਏਲ ਨੂੰ ਆਵਾਜ਼ ਮਾਰੀ। ਉਸ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ।”  ਉਹ ਭੱਜ ਕੇ ਏਲੀ ਕੋਲ ਗਿਆ ਅਤੇ ਕਿਹਾ: “ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਬੁਲਾਇਆ?” ਉਸ ਨੇ ਜਵਾਬ ਦਿੱਤਾ: “ਮੈਂ ਨਹੀਂ ਬੁਲਾਇਆ। ਜਾਹ, ਜਾ ਕੇ ਸੌਂ ਜਾ।” ਉਹ ਜਾ ਕੇ ਪੈ ਗਿਆ।  ਯਹੋਵਾਹ ਨੇ ਦੁਬਾਰਾ ਪੁਕਾਰਿਆ: “ਸਮੂਏਲ!” ਸਮੂਏਲ ਫਿਰ ਉੱਠ ਕੇ ਏਲੀ ਕੋਲ ਚਲਾ ਗਿਆ ਅਤੇ ਕਿਹਾ: “ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਬੁਲਾਇਆ?” ਉਸ ਨੇ ਜਵਾਬ ਦਿੱਤਾ: “ਨਹੀਂ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ। ਜਾਹ, ਜਾ ਕੇ ਪੈ ਜਾ।”  (ਸਮੂਏਲ ਅਜੇ ਯਹੋਵਾਹ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ ਅਤੇ ਯਹੋਵਾਹ ਦਾ ਸੰਦੇਸ਼ ਅਜੇ ਤਕ ਉਸ ਉੱਤੇ ਪ੍ਰਗਟ ਨਹੀਂ ਹੋਇਆ ਸੀ।)+  ਫਿਰ ਯਹੋਵਾਹ ਨੇ ਤੀਸਰੀ ਵਾਰ ਪੁਕਾਰਿਆ: “ਸਮੂਏਲ!” ਉਹ ਉੱਠ ਕੇ ਏਲੀ ਕੋਲ ਗਿਆ ਤੇ ਕਿਹਾ: “ਮੈਂ ਹਾਜ਼ਰ ਹਾਂ। ਤੁਸੀਂ ਮੈਨੂੰ ਬੁਲਾਇਆ?” ਫਿਰ ਏਲੀ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਮੂਏਲ ਨੂੰ ਬੁਲਾ ਰਿਹਾ ਸੀ।  ਇਸ ਲਈ ਏਲੀ ਨੇ ਸਮੂਏਲ ਨੂੰ ਕਿਹਾ: “ਜਾਹ, ਜਾ ਕੇ ਲੰਮਾ ਪੈ ਜਾ ਅਤੇ ਜੇ ਉਹ ਤੈਨੂੰ ਪੁਕਾਰੇ, ਤਾਂ ਤੂੰ ਕਹੀਂ, ‘ਦੱਸ ਯਹੋਵਾਹ, ਤੇਰਾ ਸੇਵਕ ਸੁਣ ਰਿਹਾ ਹੈ।’” ਸਮੂਏਲ ਜਾ ਕੇ ਆਪਣੀ ਜਗ੍ਹਾ ’ਤੇ ਲੰਮਾ ਪੈ ਗਿਆ। 10  ਯਹੋਵਾਹ ਆਇਆ ਅਤੇ ਉੱਥੇ ਖੜ੍ਹ ਗਿਆ ਅਤੇ ਉਸ ਨੇ ਪਹਿਲਾਂ ਵਾਂਗ ਪੁਕਾਰਿਆ: “ਸਮੂਏਲ, ਸਮੂਏਲ!” ਇਹ ਸੁਣ ਕੇ ਸਮੂਏਲ ਨੇ ਜਵਾਬ ਦਿੱਤਾ: “ਦੱਸ, ਤੇਰਾ ਸੇਵਕ ਸੁਣ ਰਿਹਾ ਹੈ।” 11  ਯਹੋਵਾਹ ਨੇ ਸਮੂਏਲ ਨੂੰ ਕਿਹਾ: “ਦੇਖ! ਮੈਂ ਇਜ਼ਰਾਈਲ ਵਿਚ ਕੁਝ ਅਜਿਹਾ ਕਰਨ ਜਾ ਰਿਹਾ ਹਾਂ ਜਿਸ ਬਾਰੇ ਜਿਹੜਾ ਵੀ ਸੁਣੇਗਾ, ਉਸ ਦੇ ਦੋਵੇਂ ਕੰਨ ਸਾਂ-ਸਾਂ ਕਰਨਗੇ।+ 12  ਉਸ ਦਿਨ ਮੈਂ ਏਲੀ ਨਾਲ ਉਹ ਸਭ ਕੁਝ ਕਰਾਂਗਾ ਜੋ ਮੈਂ ਉਸ ਦੇ ਘਰਾਣੇ ਬਾਰੇ ਕਿਹਾ ਸੀ, ਹਾਂ, ਸ਼ੁਰੂ ਤੋਂ ਲੈ ਕੇ ਅੰਤ ਤਕ ਸਭ ਪੂਰਾ ਕਰਾਂਗਾ।+ 13  ਤੂੰ ਉਸ ਨੂੰ ਦੱਸੀਂ ਕਿ ਮੈਂ ਉਸ ਦੇ ਘਰਾਣੇ ਦੇ ਪਾਪ ਦੀ ਅਜਿਹੀ ਸਜ਼ਾ ਦਿਆਂਗਾ ਜਿਸ ਦਾ ਅੰਜਾਮ ਉਸ ਨੂੰ ਹਮੇਸ਼ਾ ਲਈ ਭੁਗਤਣਾ ਪਵੇਗਾ ਕਿਉਂਕਿ ਉਸ ਨੂੰ ਪਤਾ ਸੀ+ ਕਿ ਉਸ ਦੇ ਪੁੱਤਰ ਪਰਮੇਸ਼ੁਰ ਦੀ ਨਿੰਦਿਆ ਕਰਦੇ ਹਨ,+ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ।+ 14  ਇਸੇ ਕਰਕੇ ਮੈਂ ਏਲੀ ਦੇ ਘਰਾਣੇ ਬਾਰੇ ਸਹੁੰ ਖਾਧੀ ਹੈ ਕਿ ਏਲੀ ਦੇ ਘਰਾਣੇ ਨੇ ਜੋ ਪਾਪ ਕੀਤਾ ਹੈ, ਉਸ ਦਾ ਪ੍ਰਾਸਚਿਤ ਬਲ਼ੀਆਂ ਜਾਂ ਭੇਟਾਂ ਚੜ੍ਹਾਉਣ ਨਾਲ ਕਦੇ ਨਹੀਂ ਹੋ ਸਕਦਾ।”+ 15  ਸਮੂਏਲ ਸਵੇਰ ਹੋਣ ਤਕ ਲੰਮਾ ਪਿਆ ਰਿਹਾ; ਫਿਰ ਉਸ ਨੇ ਯਹੋਵਾਹ ਦੇ ਘਰ ਦੇ ਦਰਵਾਜ਼ੇ ਖੋਲ੍ਹੇ। ਸਮੂਏਲ ਏਲੀ ਨੂੰ ਦਰਸ਼ਣ ਬਾਰੇ ਦੱਸਣ ਤੋਂ ਡਰ ਰਿਹਾ ਸੀ। 16  ਪਰ ਏਲੀ ਨੇ ਸਮੂਏਲ ਨੂੰ ਬੁਲਾਇਆ: “ਸਮੂਏਲ ਮੇਰੇ ਪੁੱਤਰ!” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ।” 17  ਉਸ ਨੇ ਪੁੱਛਿਆ: “ਉਸ ਨੇ ਤੈਨੂੰ ਕੀ ਸੰਦੇਸ਼ ਦਿੱਤਾ? ਕਿਰਪਾ ਕਰ ਕੇ ਮੇਰੇ ਤੋਂ ਨਾ ਲੁਕਾ। ਜੋ ਕੁਝ ਉਸ ਨੇ ਤੈਨੂੰ ਦੱਸਿਆ, ਜੇ ਤੂੰ ਉਸ ਵਿੱਚੋਂ ਇਕ ਵੀ ਗੱਲ ਮੇਰੇ ਤੋਂ ਲੁਕਾਈ, ਤਾਂ ਪਰਮੇਸ਼ੁਰ ਤੇਰੇ ਨਾਲ ਬੁਰੇ ਤੋਂ ਬੁਰਾ ਕਰੇ।” 18  ਇਸ ਲਈ ਸਮੂਏਲ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਅਤੇ ਉਸ ਤੋਂ ਕੁਝ ਵੀ ਨਹੀਂ ਲੁਕਾਇਆ। ਏਲੀ ਨੇ ਕਿਹਾ: “ਇਹ ਯਹੋਵਾਹ ਵੱਲੋਂ ਹੈ। ਉਹ ਉਸੇ ਤਰ੍ਹਾਂ ਕਰੇ ਜੋ ਉਸ ਦੀਆਂ ਨਜ਼ਰਾਂ ਵਿਚ ਠੀਕ ਹੈ।” 19  ਸਮੂਏਲ ਵੱਡਾ ਹੁੰਦਾ ਗਿਆ ਤੇ ਯਹੋਵਾਹ ਆਪ ਉਸ ਦੇ ਨਾਲ ਸੀ+ ਅਤੇ ਸਮੂਏਲ ਦੁਆਰਾ ਕਹੀ ਅਜਿਹੀ ਕੋਈ ਗੱਲ ਨਹੀਂ ਸੀ ਜੋ ਪਰਮੇਸ਼ੁਰ ਨੇ ਪੂਰੀ ਨਹੀਂ ਕੀਤੀ।* 20  ਦਾਨ ਤੋਂ ਲੈ ਕੇ ਬਏਰ-ਸ਼ਬਾ ਤਕ ਸਾਰੇ ਇਜ਼ਰਾਈਲ ਨੂੰ ਪਤਾ ਲੱਗ ਗਿਆ ਕਿ ਸਮੂਏਲ ਨੂੰ ਯਹੋਵਾਹ ਨੇ ਨਬੀ ਵਜੋਂ ਚੁਣਿਆ ਸੀ। 21  ਯਹੋਵਾਹ ਸ਼ੀਲੋਹ ਵਿਚ ਲਗਾਤਾਰ ਸਮੂਏਲ ਅੱਗੇ ਪ੍ਰਗਟ ਹੁੰਦਾ ਰਿਹਾ ਕਿਉਂਕਿ ਯਹੋਵਾਹ ਨੇ ਸ਼ੀਲੋਹ ਵਿਚ ਆਪਣੇ ਸੰਦੇਸ਼ ਰਾਹੀਂ, ਹਾਂ, ਯਹੋਵਾਹ ਦੇ ਸੰਦੇਸ਼ ਰਾਹੀਂ ਖ਼ੁਦ ਨੂੰ ਪ੍ਰਗਟ ਕੀਤਾ ਸੀ।+

ਫੁਟਨੋਟ

ਯਾਨੀ, ਡੇਰੇ।
ਇਬ, “ਧਰਤੀ ’ਤੇ ਡਿਗਣ ਦਿੱਤੀ।”