ਪਹਿਲਾ ਸਮੂਏਲ 8:1-22
8 ਜਦ ਸਮੂਏਲ ਬੁੱਢਾ ਹੋ ਗਿਆ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਜ਼ਰਾਈਲ ਦੇ ਨਿਆਂਕਾਰ ਠਹਿਰਾਇਆ।
2 ਉਸ ਦੇ ਜੇਠੇ ਪੁੱਤਰ ਦਾ ਨਾਂ ਯੋਏਲ ਅਤੇ ਦੂਸਰੇ ਦਾ ਨਾਂ ਅਬੀਯਾਹ ਸੀ;+ ਉਹ ਬਏਰ-ਸ਼ਬਾ ਵਿਚ ਨਿਆਂ ਕਰਦੇ ਸਨ।
3 ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ʼਤੇ ਨਹੀਂ ਚੱਲਦੇ ਸਨ; ਉਹ ਬੇਈਮਾਨੀ ਦੀ ਕਮਾਈ ਪਿੱਛੇ ਭੱਜਦੇ ਸਨ,+ ਰਿਸ਼ਵਤ ਲੈਂਦੇ ਸਨ+ ਅਤੇ ਗ਼ਲਤ ਫ਼ੈਸਲੇ ਸੁਣਾ ਕੇ ਬੇਇਨਸਾਫ਼ੀ ਕਰਦੇ ਸਨ।+
4 ਕੁਝ ਸਮੇਂ ਬਾਅਦ, ਇਜ਼ਰਾਈਲ ਦੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਰਾਮਾਹ ਵਿਚ ਸਮੂਏਲ ਕੋਲ ਆਏ।
5 ਉਨ੍ਹਾਂ ਨੇ ਉਸ ਨੂੰ ਕਿਹਾ: “ਦੇਖ! ਤੂੰ ਬੁੱਢਾ ਹੋ ਚੁੱਕਾ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹਾਂ ʼਤੇ ਨਹੀਂ ਚੱਲਦੇ। ਹੁਣ ਬਾਕੀ ਸਾਰੀਆਂ ਕੌਮਾਂ ਵਾਂਗ ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।”+
6 ਪਰ ਸਮੂਏਲ ਨੂੰ ਚੰਗਾ ਨਹੀਂ ਲੱਗਾ* ਜਦ ਉਨ੍ਹਾਂ ਨੇ ਇਹ ਕਿਹਾ: “ਸਾਡਾ ਨਿਆਂ ਕਰਨ ਲਈ ਇਕ ਰਾਜਾ ਨਿਯੁਕਤ ਕਰ।” ਫਿਰ ਸਮੂਏਲ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ
7 ਅਤੇ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਲੋਕ ਜੋ ਕੁਝ ਤੈਨੂੰ ਕਹਿ ਰਹੇ ਹਨ, ਉਹ ਸੁਣ; ਕਿਉਂਕਿ ਉਨ੍ਹਾਂ ਨੇ ਤੈਨੂੰ ਨਹੀਂ, ਸਗੋਂ ਮੈਨੂੰ ਆਪਣੇ ਰਾਜੇ ਵਜੋਂ ਠੁਕਰਾਇਆ ਹੈ।+
8 ਜਿਸ ਦਿਨ ਮੈਂ ਉਨ੍ਹਾਂ ਨੂੰ ਮਿਸਰ ਤੋਂ ਕੱਢ ਲਿਆਇਆ ਸੀ, ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤਕ ਉਹ ਇਸੇ ਤਰ੍ਹਾਂ ਕਰ ਰਹੇ ਹਨ; ਉਹ ਹਮੇਸ਼ਾ ਮੈਨੂੰ ਤਿਆਗ ਦਿੰਦੇ ਹਨ+ ਅਤੇ ਹੋਰ ਦੇਵਤਿਆਂ ਦੀ ਸੇਵਾ ਕਰਨ ਲੱਗ ਪੈਂਦੇ ਹਨ+ ਅਤੇ ਉਹ ਤੇਰੇ ਨਾਲ ਵੀ ਇਸੇ ਤਰ੍ਹਾਂ ਕਰ ਰਹੇ ਹਨ।
9 ਹੁਣ ਤੂੰ ਉਨ੍ਹਾਂ ਦੀ ਸੁਣ। ਪਰ ਤੂੰ ਉਨ੍ਹਾਂ ਨੂੰ ਖ਼ਬਰਦਾਰ ਵੀ ਕਰ ਦੇਈਂ; ਉਨ੍ਹਾਂ ਨੂੰ ਦੱਸੀਂ ਕਿ ਜਿਹੜਾ ਵੀ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ, ਉਹ ਉਨ੍ਹਾਂ ਤੋਂ ਕੁਝ ਵੀ ਮੰਗ ਸਕਦਾ ਹੈ। ਇਹ ਉਸ ਦਾ ਹੱਕ ਹੋਵੇਗਾ।”
10 ਇਸ ਲਈ ਸਮੂਏਲ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ ਜੋ ਉਸ ਕੋਲੋਂ ਰਾਜੇ ਦੀ ਮੰਗ ਕਰ ਰਹੇ ਸਨ।
11 ਉਸ ਨੇ ਦੱਸਿਆ: “ਜਿਹੜਾ ਵੀ ਰਾਜਾ ਤੁਹਾਡੇ ਉੱਤੇ ਰਾਜ ਕਰੇਗਾ, ਉਸ ਕੋਲ ਤੁਹਾਡੇ ਤੋਂ ਇਹ ਕੁਝ ਮੰਗਣ ਦਾ ਹੱਕ ਹੋਵੇਗਾ:+ ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ+ ਰਥਾਂ ਵਾਲੀਆਂ ਫ਼ੌਜਾਂ ਵਿਚ ਭਰਤੀ ਕਰੇਗਾ+ ਅਤੇ ਉਨ੍ਹਾਂ ਨੂੰ ਆਪਣੇ ਘੋੜਸਵਾਰ ਬਣਾਵੇਗਾ+ ਅਤੇ ਕੁਝ ਜਣਿਆਂ ਨੂੰ ਉਸ ਦੇ ਰਥਾਂ ਦੇ ਅੱਗੇ-ਅੱਗੇ ਦੌੜਨਾ ਪਵੇਗਾ।
12 ਉਹ ਆਪਣੇ ਲਈ ਹਜ਼ਾਰਾਂ-ਹਜ਼ਾਰਾਂ ਦੀਆਂ ਟੋਲੀਆਂ ਦੇ ਮੁਖੀ ਅਤੇ ਪੰਜਾਹਾਂ-ਪੰਜਾਹਾਂ ਦੀਆਂ ਟੋਲੀਆਂ ਦੇ ਮੁਖੀ ਨਿਯੁਕਤ ਕਰੇਗਾ+ ਅਤੇ ਕੁਝ ਜਣੇ ਉਸ ਲਈ ਹਲ਼ ਵਾਹੁਣਗੇ,+ ਉਸ ਦੀ ਫ਼ਸਲ ਵੱਢਣਗੇ+ ਅਤੇ ਯੁੱਧ ਲਈ ਉਸ ਵਾਸਤੇ ਹਥਿਆਰ ਅਤੇ ਉਸ ਦੇ ਰਥਾਂ ਦਾ ਸਾਮਾਨ ਬਣਾਉਣਗੇ।+
13 ਉਹ ਤੁਹਾਡੀਆਂ ਧੀਆਂ ਨੂੰ ਲੈ ਕੇ ਉਨ੍ਹਾਂ ਕੋਲੋਂ ਖ਼ੁਸ਼ਬੂਦਾਰ ਤੇਲ* ਬਣਵਾਏਗਾ, ਰੋਟੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਵਾਏਗਾ।+
14 ਉਹ ਤੁਹਾਡੇ ਵਧੀਆ ਤੋਂ ਵਧੀਆ ਖੇਤ, ਤੁਹਾਡੇ ਅੰਗੂਰਾਂ ਦੇ ਬਾਗ਼ ਅਤੇ ਤੁਹਾਡੇ ਜ਼ੈਤੂਨ ਦੇ ਬਾਗ਼ ਲਵੇਗਾ+ ਅਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ।
15 ਉਹ ਤੁਹਾਡੇ ਅਨਾਜ ਦੇ ਖੇਤਾਂ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਆਪਣੇ ਦਰਬਾਰੀਆਂ ਤੇ ਆਪਣੇ ਨੌਕਰਾਂ ਨੂੰ ਦੇ ਦੇਵੇਗਾ।
16 ਅਤੇ ਉਹ ਤੁਹਾਡੇ ਨੌਕਰ-ਨੌਕਰਾਣੀਆਂ, ਤੁਹਾਡੇ ਸਭ ਤੋਂ ਵਧੀਆ ਪਸ਼ੂ ਅਤੇ ਤੁਹਾਡੇ ਗਧੇ ਲੈ ਲਵੇਗਾ ਤੇ ਉਨ੍ਹਾਂ ਨੂੰ ਆਪਣੇ ਕੰਮ ਲਈ ਵਰਤੇਗਾ।+
17 ਉਹ ਤੁਹਾਡੇ ਇੱਜੜ ਦਾ ਦਸਵਾਂ ਹਿੱਸਾ ਲਵੇਗਾ+ ਅਤੇ ਤੁਸੀਂ ਉਸ ਦੇ ਨੌਕਰ ਬਣ ਜਾਓਗੇ।
18 ਉਹ ਦਿਨ ਆਵੇਗਾ ਜਦ ਤੁਸੀਂ ਆਪਣੇ ਚੁਣੇ ਹੋਏ ਰਾਜੇ ਕਰਕੇ ਦੁਹਾਈ ਦਿਓਗੇ,+ ਪਰ ਉਸ ਦਿਨ ਯਹੋਵਾਹ ਤੁਹਾਡੀ ਨਹੀਂ ਸੁਣੇਗਾ।”
19 ਪਰ ਲੋਕ ਸਮੂਏਲ ਦੀ ਗੱਲ ਸੁਣਨ ਲਈ ਤਿਆਰ ਨਹੀਂ ਸਨ, ਸਗੋਂ ਆਪਣੀ ਜ਼ਿੱਦ ʼਤੇ ਅੜੇ ਰਹੇ: “ਨਹੀਂ, ਸਾਨੂੰ ਹਰ ਹਾਲ ਵਿਚ ਰਾਜਾ ਚਾਹੀਦਾ ਹੈ।
20 ਫਿਰ ਅਸੀਂ ਵੀ ਬਾਕੀ ਸਾਰੀਆਂ ਕੌਮਾਂ ਵਾਂਗ ਹੋ ਜਾਵਾਂਗੇ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇਗਾ, ਸਾਡੀ ਅਗਵਾਈ ਕਰੇਗਾ ਅਤੇ ਸਾਡੇ ਲਈ ਯੁੱਧ ਲੜੇਗਾ।”
21 ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਸਮੂਏਲ ਨੇ ਇਹ ਗੱਲਾਂ ਯਹੋਵਾਹ ਨੂੰ ਦੱਸੀਆਂ।
22 ਯਹੋਵਾਹ ਨੇ ਸਮੂਏਲ ਨੂੰ ਕਿਹਾ: “ਉਨ੍ਹਾਂ ਦੀ ਗੱਲ ਸੁਣ ਅਤੇ ਉਨ੍ਹਾਂ ʼਤੇ ਰਾਜ ਕਰਨ ਲਈ ਇਕ ਰਾਜਾ ਨਿਯੁਕਤ ਕਰ।”+ ਫਿਰ ਸਮੂਏਲ ਨੇ ਇਜ਼ਰਾਈਲ ਦੇ ਆਦਮੀਆਂ ਨੂੰ ਕਿਹਾ: “ਤੁਸੀਂ ਸਾਰੇ ਆਪੋ-ਆਪਣੇ ਸ਼ਹਿਰ ਨੂੰ ਮੁੜ ਜਾਓ।”