ਪਹਿਲਾ ਸਮੂਏਲ 7:1-17
7 ਕਿਰਯਥ-ਯਾਰੀਮ ਦੇ ਆਦਮੀ ਆ ਕੇ ਯਹੋਵਾਹ ਦੇ ਸੰਦੂਕ ਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ+ ਲੈ ਗਏ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂਕਿ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰੇ।
2 ਕਿਰਯਥ-ਯਾਰੀਮ ਵਿਚ ਸੰਦੂਕ ਲਿਆਂਦੇ ਨੂੰ ਬਹੁਤ ਸਮਾਂ ਬੀਤ ਗਿਆ ਸੀ ਯਾਨੀ 20 ਸਾਲ ਹੋ ਗਏ ਸਨ ਅਤੇ ਇਜ਼ਰਾਈਲ ਦੇ ਸਾਰੇ ਘਰਾਣੇ ਨੇ ਯਹੋਵਾਹ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ।*+
3 ਫਿਰ ਸਮੂਏਲ ਨੇ ਇਜ਼ਰਾਈਲ ਦੇ ਸਾਰੇ ਘਰਾਣੇ ਨੂੰ ਕਿਹਾ: “ਜੇ ਤੁਸੀਂ ਵਾਕਈ ਆਪਣੇ ਪੂਰੇ ਦਿਲ ਨਾਲ ਯਹੋਵਾਹ ਵੱਲ ਮੁੜ ਰਹੇ ਹੋ,+ ਤਾਂ ਆਪਣੇ ਵਿੱਚੋਂ ਝੂਠੇ ਦੇਵਤੇ+ ਅਤੇ ਅਸ਼ਤਾਰੋਥ ਦੀਆਂ ਮੂਰਤੀਆਂ ਨੂੰ ਕੱਢ ਦਿਓ+ ਅਤੇ ਆਪਣਾ ਪੂਰਾ ਦਿਲ ਯਹੋਵਾਹ ਵੱਲ ਲਾਓ ਤੇ ਸਿਰਫ਼ ਉਸ ਦੀ ਹੀ ਭਗਤੀ ਕਰੋ।+ ਫਿਰ ਉਹ ਤੁਹਾਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ।”+
4 ਇਹ ਸੁਣ ਕੇ ਇਜ਼ਰਾਈਲੀਆਂ ਨੇ ਆਪਣੇ ਵਿੱਚੋਂ ਬਆਲ ਦੇਵਤਿਆਂ ਅਤੇ ਅਸ਼ਤਾਰੋਥ ਦੀਆਂ ਮੂਰਤੀਆਂ ਨੂੰ ਕੱਢ ਦਿੱਤਾ ਤੇ ਸਿਰਫ਼ ਯਹੋਵਾਹ ਦੀ ਭਗਤੀ ਕਰਨ ਲੱਗ ਪਏ।+
5 ਫਿਰ ਸਮੂਏਲ ਨੇ ਕਿਹਾ: “ਮਿਸਪਾਹ+ ਵਿਚ ਸਾਰੇ ਇਜ਼ਰਾਈਲ ਨੂੰ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਾਂਗਾ।”+
6 ਇਸ ਲਈ ਉਹ ਮਿਸਪਾਹ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਾਣੀ ਭਰ ਲਿਆਂਦਾ ਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ।+ ਉੱਥੇ ਉਨ੍ਹਾਂ ਨੇ ਕਿਹਾ: “ਅਸੀਂ ਯਹੋਵਾਹ ਖ਼ਿਲਾਫ਼ ਪਾਪ ਕੀਤਾ ਹੈ।”+ ਸਮੂਏਲ ਮਿਸਪਾਹ ਵਿਚ ਇਜ਼ਰਾਈਲੀਆਂ ਦੇ ਨਿਆਂਕਾਰ ਵਜੋਂ ਸੇਵਾ ਕਰਨ ਲੱਗ ਪਿਆ।+
7 ਜਦੋਂ ਫਲਿਸਤੀਆਂ ਨੇ ਸੁਣਿਆ ਕਿ ਇਜ਼ਰਾਈਲੀ ਮਿਸਪਾਹ ਵਿਚ ਇਕੱਠੇ ਹੋਏ ਹਨ, ਤਾਂ ਫਲਿਸਤੀਆਂ ਦੇ ਹਾਕਮ+ ਇਜ਼ਰਾਈਲੀਆਂ ’ਤੇ ਹਮਲਾ ਕਰਨ ਨਿਕਲ ਤੁਰੇ। ਜਦੋਂ ਇਜ਼ਰਾਈਲੀਆਂ ਨੇ ਇਹ ਸੁਣਿਆ, ਤਾਂ ਉਨ੍ਹਾਂ ਉੱਤੇ ਫਲਿਸਤੀਆਂ ਦਾ ਡਰ ਛਾ ਗਿਆ।
8 ਇਸ ਲਈ ਇਜ਼ਰਾਈਲੀਆਂ ਨੇ ਸਮੂਏਲ ਨੂੰ ਕਿਹਾ: “ਤੂੰ ਸਾਡੇ ਪਰਮੇਸ਼ੁਰ ਯਹੋਵਾਹ ਅੱਗੇ ਤਰਲੇ ਕਰਦਾ ਰਹਿ ਕਿ ਉਹ ਸਾਡੀ ਮਦਦ ਕਰੇ+ ਅਤੇ ਸਾਨੂੰ ਫਲਿਸਤੀਆਂ ਦੇ ਹੱਥੋਂ ਬਚਾਵੇ।”
9 ਫਿਰ ਸਮੂਏਲ ਨੇ ਦੁੱਧ ਚੁੰਘਦਾ ਲੇਲਾ ਲਿਆ ਅਤੇ ਇਸ ਨੂੰ ਯਹੋਵਾਹ ਅੱਗੇ ਹੋਮ-ਬਲ਼ੀ ਵਜੋਂ ਚੜ੍ਹਾਇਆ;+ ਸਮੂਏਲ ਨੇ ਇਜ਼ਰਾਈਲੀਆਂ ਦੀ ਖ਼ਾਤਰ ਮਦਦ ਲਈ ਯਹੋਵਾਹ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਸ ਦੀ ਸੁਣੀ।+
10 ਜਦ ਸਮੂਏਲ ਹੋਮ-ਬਲ਼ੀ ਚੜ੍ਹਾ ਰਿਹਾ ਸੀ, ਤਾਂ ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰਨ ਲਈ ਹੋਰ ਅੱਗੇ ਵਧੇ। ਉਸ ਦਿਨ ਯਹੋਵਾਹ ਵੱਲੋਂ ਫਲਿਸਤੀਆਂ ਖ਼ਿਲਾਫ਼ ਆਕਾਸ਼ ਵਿਚ ਜ਼ੋਰਦਾਰ ਗਰਜ ਹੋਈ+ ਅਤੇ ਉਸ ਨੇ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ+ ਅਤੇ ਉਹ ਇਜ਼ਰਾਈਲੀਆਂ ਹੱਥੋਂ ਹਾਰ ਗਏ।+
11 ਫਿਰ ਇਜ਼ਰਾਈਲ ਦੇ ਆਦਮੀਆਂ ਨੇ ਮਿਸਪਾਹ ਤੋਂ ਨਿਕਲ ਕੇ ਫਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤ-ਕਰ ਦੇ ਦੱਖਣ ਤਕ ਉਨ੍ਹਾਂ ਨੂੰ ਵੱਢਦੇ ਗਏ।
12 ਫਿਰ ਸਮੂਏਲ ਨੇ ਇਕ ਪੱਥਰ ਲਿਆ+ ਅਤੇ ਇਸ ਨੂੰ ਮਿਸਪਾਹ ਅਤੇ ਯਸ਼ਾਨਾਹ ਵਿਚਕਾਰ ਰੱਖ ਦਿੱਤਾ ਅਤੇ ਇਸ ਦਾ ਨਾਂ ਅਬਨ-ਅਜ਼ਰ* ਰੱਖਿਆ ਤੇ ਉਸ ਨੇ ਕਿਹਾ: “ਹੁਣ ਤਕ ਯਹੋਵਾਹ ਸਾਡੀ ਮਦਦ ਕਰਦਾ ਆਇਆ ਹੈ।”+
13 ਇਸ ਤਰ੍ਹਾਂ ਫਲਿਸਤੀਆਂ ਨੇ ਹਾਰ ਮੰਨ ਲਈ ਅਤੇ ਉਹ ਫਿਰ ਕਦੇ ਵੀ ਇਜ਼ਰਾਈਲ ਦੇ ਇਲਾਕੇ ਵਿਚ ਨਹੀਂ ਆਏ;+ ਅਤੇ ਸਮੂਏਲ ਦੀ ਜ਼ਿੰਦਗੀ ਦੇ ਸਾਰੇ ਦਿਨ ਯਹੋਵਾਹ ਦਾ ਹੱਥ ਫਲਿਸਤੀਆਂ ਦੇ ਖ਼ਿਲਾਫ਼ ਉੱਠਿਆ ਰਿਹਾ।+
14 ਨਾਲੇ ਫਲਿਸਤੀਆਂ ਨੇ ਅਕਰੋਨ ਤੋਂ ਲੈ ਕੇ ਗਥ ਤਕ ਉਹ ਸ਼ਹਿਰ ਇਜ਼ਰਾਈਲ ਨੂੰ ਵਾਪਸ ਕਰ ਦਿੱਤੇ ਜਿਨ੍ਹਾਂ ’ਤੇ ਉਨ੍ਹਾਂ ਨੇ ਕਬਜ਼ਾ ਕੀਤਾ ਸੀ ਅਤੇ ਇਜ਼ਰਾਈਲ ਨੇ ਫਲਿਸਤੀਆਂ ਦੇ ਹੱਥੋਂ ਆਪਣਾ ਇਲਾਕਾ ਵਾਪਸ ਲੈ ਲਿਆ।
ਇਜ਼ਰਾਈਲ ਅਤੇ ਅਮੋਰੀਆਂ ਵਿਚ ਵੀ ਸ਼ਾਂਤੀ ਕਾਇਮ ਹੋ ਗਈ ਸੀ।+
15 ਸਮੂਏਲ ਆਪਣੀ ਸਾਰੀ ਜ਼ਿੰਦਗੀ ਇਜ਼ਰਾਈਲ ਦਾ ਨਿਆਂ ਕਰਦਾ ਰਿਹਾ।+
16 ਉਹ ਹਰ ਸਾਲ ਬੈਤੇਲ,+ ਗਿਲਗਾਲ+ ਅਤੇ ਮਿਸਪਾਹ+ ਦਾ ਦੌਰਾ ਕਰਦਾ ਹੁੰਦਾ ਸੀ ਅਤੇ ਉਸ ਨੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਇਜ਼ਰਾਈਲ ਦਾ ਨਿਆਂ ਕੀਤਾ।
17 ਪਰ ਉਹ ਰਾਮਾਹ+ ਮੁੜ ਆਉਂਦਾ ਸੀ ਕਿਉਂਕਿ ਉੱਥੇ ਉਸ ਦਾ ਘਰ ਸੀ ਅਤੇ ਉੱਥੇ ਵੀ ਉਹ ਇਜ਼ਰਾਈਲ ਦਾ ਨਿਆਂ ਕਰਦਾ ਹੁੰਦਾ ਸੀ। ਉਸ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ।+