ਸ਼ਬਦਾਵਲੀ

  • ਉੱਚੀ ਥਾਂ:

    ਭਗਤੀ ਦੀ ਜਗ੍ਹਾ ਜੋ ਆਮ ਤੌਰ ਤੇ ਕਿਸੇ ਪਹਾੜੀ, ਪਹਾੜ ਜਾਂ ਲੋਕਾਂ ਦੁਆਰਾ ਬਣਾਏ ਥੜ੍ਹੇ ʼਤੇ ਹੁੰਦੀ ਸੀ। ਹਾਲਾਂਕਿ ਉੱਚੀ ਥਾਂ ਨੂੰ ਕਦੇ-ਕਦੇ ਪਰਮੇਸ਼ੁਰ ਦੀ ਭਗਤੀ ਲਈ ਵਰਤਿਆ ਜਾਂਦਾ ਸੀ, ਪਰ ਇਨ੍ਹਾਂ ਜ਼ਿਆਦਾਤਰ ਥਾਵਾਂ ʼਤੇ ਝੂਠੇ ਦੇਵਤਿਆਂ ਦੀ ਭਗਤੀ ਕੀਤੀ ਜਾਂਦੀ ਸੀ।​—ਗਿਣ 33:52; 1 ਰਾਜ 3:2; ਯਿਰ 19:5.

  • ਊਰੀਮ ਅਤੇ ਤੁੰਮੀਮ:

    ਇਹ ਸ਼ਾਇਦ ਪੱਥਰ ਦੇ ਹੁੰਦੇ ਸਨ। ਜਦੋਂ ਮਹਾਂ ਪੁਜਾਰੀ ਨੇ ਯਹੋਵਾਹ ਦੀ ਇੱਛਾ ਜਾਣਨੀ ਹੁੰਦੀ ਸੀ ਜਾਂ ਉਸ ਤੋਂ ਇਜ਼ਰਾਈਲ ਕੌਮ ਸੰਬੰਧੀ ਅਹਿਮ ਸਵਾਲਾਂ ਦੇ ਜਵਾਬ ਜਾਣਨੇ ਹੁੰਦੇ ਸਨ, ਤਾਂ ਉਹ ਇਨ੍ਹਾਂ ਨੂੰ ਉਸੇ ਤਰ੍ਹਾਂ ਵਰਤਦਾ ਸੀ ਜਿਵੇਂ ਗੁਣੇ ਪਾਏ ਜਾਂਦੇ ਸਨ। ਮਹਾਂ ਪੁਜਾਰੀ ਆਪਣੇ ਸੀਨੇਬੰਦ ਵਿਚ ਊਰੀਮ ਅਤੇ ਤੁੰਮੀਮ ਪਾ ਕੇ ਪਵਿੱਤਰ ਡੇਰੇ ਵਿਚ ਜਾਂਦਾ ਸੀ। ਲੱਗਦਾ ਹੈ ਕਿ ਬਾਬਲੀਆਂ ਦੁਆਰਾ ਯਰੂਸ਼ਲਮ ਦੇ ਨਾਸ਼ ਤੋਂ ਬਾਅਦ ਇਨ੍ਹਾਂ ਦੀ ਵਰਤੋਂ ਹੋਣੀ ਬੰਦ ਹੋ ਗਈ।​—ਕੂਚ 28:30; ਨਹ 7:65.

  • ਓਮਰ:

    ਸੁੱਕੀਆਂ ਚੀਜ਼ਾਂ ਦਾ ਇਕ ਮਾਪ ਜੋ ਲਗਭਗ 2.2 ਲੀਟਰ ਦਾ ਜਾਂ ਏਫਾ ਦਾ ਦਸਵਾਂ ਹਿੱਸਾ ਹੁੰਦਾ ਸੀ। (ਕੂਚ 16:​16, 18)​—ਵਧੇਰੇ ਜਾਣਕਾਰੀ 2.14 ਦੇਖੋ।

  • ਅਸ਼ਤਾਰੋਥ:

    ਕਨਾਨੀਆਂ ਦੀ ਇਕ ਦੇਵੀ ਜੋ ਬਆਲ ਦੇਵਤੇ ਦੀ ਪਤਨੀ ਸੀ ਅਤੇ ਇਸ ਨੂੰ ਯੁੱਧ ਅਤੇ ਜਣਨ ਦੀ ਦੇਵੀ ਮੰਨਿਆ ਜਾਂਦਾ ਸੀ।​—1 ਸਮੂ 7:3.

  • ਅਸ਼ੁੱਧ:

    ਇਸ ਦਾ ਮਤਲਬ ਹੋ ਸਕਦਾ ਹੈ ਸਰੀਰ ਦੀ ਗੰਦਗੀ ਜਾਂ ਫਿਰ ਨੈਤਿਕ ਅਸੂਲਾਂ ਨੂੰ ਤੋੜਨਾ। ਪਰ ਬਾਈਬਲ ਵਿਚ ਅਕਸਰ ਇਹ ਸ਼ਬਦ ਉਸ ਚੀਜ਼ ਨੂੰ ਦਰਸਾਉਂਦਾ ਹੈ ਜੋ ਮੂਸਾ ਦੇ ਕਾਨੂੰਨ ਮੁਤਾਬਕ ਮਨਜ਼ੂਰਯੋਗ ਜਾਂ ਸ਼ੁੱਧ ਨਹੀਂ ਹੁੰਦੀ। (ਲੇਵੀ 5:2; 13:45; ਰਸੂ 10:14; ਅਫ਼ 5:5)​—ਸ਼ੁੱਧ ਦੇਖੋ।

  • ਅਖਾਯਾ:

    ਮਸੀਹੀ ਯੂਨਾਨੀ ਲਿਖਤਾਂ ਵਿਚ ਦੱਖਣੀ ਯੂਨਾਨ ਦਾ ਰੋਮੀ ਪ੍ਰਾਂਤ ਜਿਸ ਦੀ ਰਾਜਧਾਨੀ ਕੁਰਿੰਥੁਸ ਸੀ। ਅਖਾਯਾ ਵਿਚ ਸਾਰਾ ਪੈਲਾਪਨੀਸ ਅਤੇ ਯੂਨਾਨ ਦਾ ਵਿਚਕਾਰਲਾ ਹਿੱਸਾ ਵੀ ਆਉਂਦਾ ਸੀ। (ਰਸੂ 18:12)​—ਵਧੇਰੇ ਜਾਣਕਾਰੀ 2.13 ਦੇਖੋ।

  • ਅੱਗ ਚੁੱਕਣ ਵਾਲੇ ਕੜਛੇ:

    ਸੋਨੇ-ਚਾਂਦੀ ਜਾਂ ਤਾਂਬੇ ਦੇ ਭਾਂਡੇ ਜੋ ਡੇਰੇ ਅਤੇ ਮੰਦਰ ਵਿਚ ਧੂਪ ਧੁਖਾਉਣ, ਬਲ਼ੀ ਦੀ ਵੇਦੀ ਤੋਂ ਕੋਲੇ ਹਟਾਉਣ ਅਤੇ ਸੋਨੇ ਦੇ ਸ਼ਮਾਦਾਨ ਦੇ ਦੀਵਿਆਂ ਦੀਆਂ ਜਲ਼ ਚੁੱਕੀਆਂ ਬੱਤੀਆਂ ਹਟਾਉਣ ਲਈ ਵਰਤੇ ਜਾਂਦੇ ਸਨ। ਇਨ੍ਹਾਂ ਨੂੰ ਧੂਪਦਾਨ ਵੀ ਕਿਹਾ ਜਾਂਦਾ ਸੀ।​—ਕੂਚ 37:23; 2 ਇਤਿ 26:19; ਇਬ. 9:4.

  • ਅੱਗ ਦੀ ਝੀਲ:

    ਅਜਿਹੀ ਜਗ੍ਹਾ ਜਿੱਥੇ ‘ਗੰਧਕ ਨਾਲ ਅੱਗ ਬਲ਼ਦੀ’ ਹੈ। ਇਹ ਕੋਈ ਸੱਚ-ਮੁੱਚ ਦੀ ਜਗ੍ਹਾ ਨਹੀਂ ਹੈ। ਇਸ ਨੂੰ “ਦੂਸਰੀ ਮੌਤ” ਵੀ ਕਿਹਾ ਗਿਆ ਹੈ। ਇਸ ਵਿਚ ਤੋਬਾ ਨਾ ਕਰਨ ਵਾਲੇ ਪਾਪੀਆਂ, ਸ਼ੈਤਾਨ, ਇੱਥੋਂ ਤਕ ਕਿ ਮੌਤ ਤੇ ਕਬਰ (ਜਾਂ ਹੇਡੀਜ਼) ਨੂੰ ਵੀ ਸੁੱਟਿਆ ਜਾਵੇਗਾ। ਇਕ ਅਦਿੱਖ ਪ੍ਰਾਣੀ, ਮੌਤ ਅਤੇ ਕਬਰ ʼਤੇ ਅੱਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਲਈ ਇਨ੍ਹਾਂ ਦਾ ਅੱਗ ਦੀ ਝੀਲ ਵਿਚ ਸੁੱਟਿਆ ਜਾਣਾ ਦਿਖਾਉਂਦਾ ਹੈ ਕਿ ਇਹ ਕੋਈ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਕਿਸੇ ਨੂੰ ਹਮੇਸ਼ਾ ਲਈ ਤੜਫਾਇਆ ਜਾਂਦਾ ਹੈ, ਸਗੋਂ ਇਹ ਹਮੇਸ਼ਾ ਦੇ ਨਾਸ਼ ਨੂੰ ਦਰਸਾਉਂਦਾ ਹੈ।​—ਪ੍ਰਕਾ 19:20; 20:​14, 15; 21:8.

  • ਅਜ਼ਾਜ਼ੇਲ:

    ਇਕ ਇਬਰਾਨੀ ਨਾਂ ਜਿਸ ਦਾ ਸ਼ਾਇਦ ਮਤਲਬ ਹੈ “ਮੇਮਣਾ ਜੋ ਗਾਇਬ ਹੋ ਜਾਂਦਾ ਹੈ।” ਪਾਪ ਮਿਟਾਉਣ ਦੇ ਦਿਨ ਅਜ਼ਾਜ਼ੇਲ ਲਈ ਚੁਣਿਆ ਮੇਮਣਾ ਉਜਾੜ ਵਿਚ ਭੇਜਿਆ ਜਾਂਦਾ ਸੀ। ਇਹ ਇਸ ਗੱਲ ਨੂੰ ਦਰਸਾਉਂਦਾ ਸੀ ਕਿ ਕੌਮ ਨੇ ਪਿਛਲੇ ਸਾਲ ਦੌਰਾਨ ਜੋ ਪਾਪ ਕੀਤੇ ਸਨ, ਉਹ ਉਨ੍ਹਾਂ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਸੀ।​—ਲੇਵੀ 16:​8, 10.

  • ਅਟੱਲ ਪਿਆਰ:

    ਇਬਰਾਨੀ ਸ਼ਬਦ “ਕਸਦ” ਦਾ ਅਨੁਵਾਦ ਅਕਸਰ ਅਟੱਲ ਪਿਆਰ ਕੀਤਾ ਗਿਆ ਹੈ। ਜਦੋਂ ਕੋਈ ਵਫ਼ਾਦਾਰੀ, ਗਹਿਰੇ ਲਗਾਅ ਅਤੇ ਸਾਥ ਨਿਭਾਉਣ ਦੇ ਪੱਕੇ ਇਰਾਦੇ ਕਰਕੇ ਪਿਆਰ ਕਰਦਾ ਹੈ, ਤਾਂ ਉਸ ਨੂੰ ਅਟੱਲ ਪਿਆਰ ਕਹਿੰਦੇ ਹਨ। ਅਜਿਹਾ ਪਿਆਰ ਅਕਸਰ ਪਰਮੇਸ਼ੁਰ ਇਨਸਾਨਾਂ ਨਾਲ ਕਰਦਾ ਹੈ, ਪਰ ਇਨਸਾਨਾਂ ਵਿਚ ਵੀ ਅਜਿਹਾ ਪਿਆਰ ਦੇਖਿਆ ਜਾਂਦਾ ਹੈ।​—ਕੂਚ 34:6; ਰੂਥ 3:10.

  • ਅੱਤ ਪਵਿੱਤਰ:

    ਇਹ ਤੰਬੂ ਦਾ ਅਤੇ ਮੰਦਰ ਦਾ ਅੰਦਰਲਾ ਕਮਰਾ ਹੁੰਦਾ ਸੀ ਜਿਸ ਵਿਚ ਇਕਰਾਰ ਦਾ ਸੰਦੂਕ ਰੱਖਿਆ ਗਿਆ ਸੀ। ਮੂਸਾ ਦੇ ਕਾਨੂੰਨ ਅਨੁਸਾਰ ਅੱਤ ਪਵਿੱਤਰ ਕਮਰੇ ਵਿਚ ਸਿਰਫ਼ ਮਹਾਂ ਪੁਜਾਰੀ ਨੂੰ ਜਾਣ ਦੀ ਇਜਾਜ਼ਤ ਸੀ। ਉਹ ਸਾਲ ਵਿਚ ਸਿਰਫ਼ ਇਕ ਵਾਰ ਪਾਪ ਮਿਟਾਉਣ ਦੇ ਦਿਨ ਇਸ ਕਮਰੇ ਵਿਚ ਜਾ ਸਕਦਾ ਸੀ।​—ਕੂਚ 26:33; ਲੇਵੀ 16:​2, 17; 1 ਰਾਜ 6:16; ਇਬ 9:3.

  • ਅਥਾਹ ਕੁੰਡ:

    ਇਹ ਸ਼ਬਦ ਯੂਨਾਨੀ ਸ਼ਬਦ “ਏਬੀਸੋਸ” ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਬਹੁਤ ਹੀ ਡੂੰਘਾ” ਜਾਂ “ਜਿਸ ਨੂੰ ਨਾਪਿਆ ਨਹੀਂ ਜਾ ਸਕਦਾ, ਜਿਸ ਦੀ ਕੋਈ ਹੱਦ ਨਹੀਂ।” ਇਹ ਸ਼ਬਦ ਮਸੀਹੀ ਯੂਨਾਨੀ ਲਿਖਤਾਂ ਵਿਚ ਵਰਤਿਆ ਗਿਆ ਹੈ ਜੋ ਕਿਸੇ ਨੂੰ ਕੈਦ ਵਿਚ ਰੱਖੇ ਜਾਣ ਦੀ ਹਾਲਤ ਨੂੰ ਦਰਸਾਉਂਦਾ ਹੈ। ਇਸ ਸ਼ਬਦ ਦਾ ਮਤਲਬ ਕਬਰ ਵੀ ਹੈ, ਪਰ ਹੋਰ ਕੋਈ ਮਤਲਬ ਵੀ ਹੋ ਸਕਦਾ ਹੈ।​—ਲੂਕਾ 8:31; ਰੋਮੀ 10:7; ਪ੍ਰਕਾ 20:3.

  • ਅਦਾਰ:

    ਬਾਬਲ ਦੀ ਗ਼ੁਲਾਮੀ ਤੋਂ ਬਾਅਦ ਯਹੂਦੀਆਂ ਦੇ ਪਵਿੱਤਰ ਕਲੰਡਰ ਦੇ 12ਵੇਂ ਮਹੀਨੇ ਅਤੇ ਆਮ ਕਲੰਡਰ ਦੇ 6ਵੇਂ ਮਹੀਨੇ ਦਾ ਨਾਂ। ਇਹ ਫਰਵਰੀ ਦੇ ਅੱਧ ਤੋਂ ਮਾਰਚ ਦੇ ਅੱਧ ਤਕ ਚੱਲਦਾ ਸੀ। (ਅਸ 3:7)​—ਵਧੇਰੇ ਜਾਣਕਾਰੀ 2.15 ਦੇਖੋ।

  • ਅਦੋਮ:

    ਇਸਹਾਕ ਦੇ ਪੁੱਤਰ ਏਸਾਓ ਨੂੰ ਦਿੱਤਾ ਗਿਆ ਇਕ ਹੋਰ ਨਾਂ। ਏਸਾਓ (ਅਦੋਮ) ਦੇ ਵੰਸ਼ ਨੇ ਸੇਈਰ ਇਲਾਕੇ ʼਤੇ ਕਬਜ਼ਾ ਕਰ ਲਿਆ ਜੋ ਮ੍ਰਿਤ ਸਾਗਰ ਅਤੇ ਅਕਾਬਾ ਦੀ ਖਾੜੀ ਦੇ ਵਿਚਕਾਰ ਪਹਾੜੀ ਇਲਾਕਾ ਹੈ। ਇਹ ਇਲਾਕਾ ਅਦੋਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ। (ਉਤ 25:30; 36:8)​—ਵਧੇਰੇ ਜਾਣਕਾਰੀ 2.3 ਤੇ 2.4 ਦੇਖੋ।

  • ਅਪਾਰ ਕਿਰਪਾ:

    ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਅਪਾਰ ਕਿਰਪਾ ਕੀਤਾ ਗਿਆ ਹੈ, ਉਸ ਦਾ ਮੁੱਖ ਮਤਲਬ ਹੈ ਕੋਈ ਗੱਲ ਜਾਂ ਚੀਜ਼ ਜੋ ਮਨ ਨੂੰ ਚੰਗੀ ਲੱਗਦੀ ਹੈ ਤੇ ਦਿਲ ਨੂੰ ਮੋਹ ਲੈਂਦੀ ਹੈ। ਇਹ ਸ਼ਬਦ ਅਕਸਰ ਖ਼ੁਸ਼ੀ ਜਾਂ ਪਿਆਰ ਨਾਲ ਦਿੱਤੇ ਤੋਹਫ਼ੇ ਲਈ ਵਰਤਿਆ ਜਾਂਦਾ ਹੈ। ਜਿੱਥੇ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਇਸ ਸ਼ਬਦ ਦਾ ਮਤਲਬ ਹੈ ਅਜਿਹਾ ਤੋਹਫ਼ਾ ਜੋ ਪਰਮੇਸ਼ੁਰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਤੇ ਬਦਲੇ ਵਿਚ ਕੁਝ ਲੈਣ ਦੀ ਉਮੀਦ ਨਹੀਂ ਰੱਖਦਾ। ਇਸ ਲਈ “ਅਪਾਰ ਕਿਰਪਾ” ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਇਨਸਾਨਾਂ ਨੂੰ ਜੋ ਕੁਝ ਦਿੰਦਾ ਹੈ, ਬਹੁਤਾਤ ਵਿਚ ਦਿੰਦਾ ਹੈ, ਉਨ੍ਹਾਂ ਨੂੰ ਬੇਹਿਸਾਬਾ ਪਿਆਰ ਕਰਦਾ ਹੈ ਅਤੇ ਉਨ੍ਹਾਂ ʼਤੇ ਕਿਰਪਾ ਕਰਦਾ ਹੈ। ਇਸ ਯੂਨਾਨੀ ਸ਼ਬਦ ਦਾ ਅਨੁਵਾਦ “ਮਿਹਰ” ਅਤੇ “ਪਿਆਰ ਨਾਲ ਦਿੱਤਾ ਦਾਨ” ਵੀ ਕੀਤਾ ਗਿਆ ਹੈ। (ਲੂਕਾ 2:40; 1 ਕੁਰਿੰ 16:3) ਅਪਾਰ ਕਿਰਪਾ ਨਾ ਕਮਾਈ ਜਾ ਸਕਦੀ ਹੈ ਤੇ ਨਾ ਹੀ ਕੋਈ ਇਸ ਦੇ ਯੋਗ ਬਣ ਸਕਦਾ ਹੈ। ਜੋ ਵੀ ਕਿਸੇ ʼਤੇ ਅਪਾਰ ਕਿਰਪਾ ਕਰਦਾ ਹੈ, ਉਹ ਆਪਣੀ ਦਰਿਆ-ਦਿਲੀ ਕਰਕੇ ਹੀ ਕਰਦਾ ਹੈ।​—2 ਕੁਰਿੰ 6:1; ਅਫ਼ 1:7.

  • ਅਬਦੋਨ:

    ਇਬਰਾਨੀ ਵਿਚ “ਐਵ-ਦੋਨ” ਸ਼ਬਦ ਦਾ ਮਤਲਬ ਹੈ “ਵਿਨਾਸ਼।” ਇਸ ਦਾ ਮਤਲਬ “ਵਿਨਾਸ਼ ਦੀ ਜਗ੍ਹਾ” ਵੀ ਹੋ ਸਕਦਾ ਹੈ। ਇਹ ਸ਼ਬਦ ਪੁਰਾਣੀਆਂ ਇਬਰਾਨੀ ਲਿਖਤਾਂ ਵਿਚ ਕੁੱਲ ਪੰਜ ਵਾਰ ਆਉਂਦਾ ਹੈ ਤੇ ਚਾਰ ਵਾਰ ਇਸ ਸ਼ਬਦ ਦਾ ਸੰਬੰਧ ਕਬਰ ਜਾਂ ਮੌਤ ਨਾਲ ਜੋੜਿਆ ਜਾਂਦਾ ਹੈ। (ਜ਼ਬੂ 88:11; ਅੱਯੂ 26:6; 28:22; ਕਹਾ 15:11; ਪ੍ਰਕਾ 9:11) ਇਨ੍ਹਾਂ ਆਇਤਾਂ ਵਿਚ “ਐਵ-ਦੋਨ” ਸ਼ਬਦ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਨਸਾਨ ਦੀ ਲਾਸ਼ ਗਲ਼-ਸੜ ਕੇ ਮਿੱਟੀ ਵਿਚ ਮਿਲ ਜਾਂਦੀ ਹੈ। ਪ੍ਰਕਾਸ਼ ਦੀ ਕਿਤਾਬ 9:11 ਵਿਚ “ਅਬਦੋਨ” ਨਾਂ ‘ਅਥਾਹ ਕੁੰਡ ਦੇ ਦੂਤ’ ਲਈ ਵਰਤਿਆ ਗਿਆ ਹੈ।

  • ਅਬੀਬ:

    ਯਹੂਦੀਆਂ ਦੇ ਪਵਿੱਤਰ ਕਲੰਡਰ ਦੇ ਪਹਿਲੇ ਮਹੀਨੇ ਦਾ ਪੁਰਾਣਾ ਨਾਂ ਅਤੇ ਆਮ ਕਲੰਡਰ ਦਾ 7ਵਾਂ ਮਹੀਨਾ। ਇਸ ਦਾ ਮਤਲਬ ਹੈ “(ਅਨਾਜ ਦੇ) ਹਰੇ ਸਿੱਟੇ” ਅਤੇ ਇਹ ਮਾਰਚ ਦੇ ਅੱਧ ਤੋਂ ਅਪ੍ਰੈਲ ਦੇ ਅੱਧ ਤਕ ਚੱਲਦਾ ਸੀ। ਬਾਬਲ ਤੋਂ ਯਹੂਦੀਆਂ ਦੇ ਮੁੜਨ ਤੋਂ ਬਾਅਦ ਇਸ ਨੂੰ ਨੀਸਾਨ ਕਿਹਾ ਜਾਣ ਲੱਗਾ। (ਬਿਵ 16:1)​—ਵਧੇਰੇ ਜਾਣਕਾਰੀ 2.15 ਦੇਖੋ।

  • ਅਰਾਮ; ਅਰਾਮੀ:

    ਸ਼ੇਮ ਦੇ ਪੁੱਤਰ ਅਰਾਮ ਦਾ ਵੰਸ਼ ਜੋ ਲਬਾਨੋਨ ਪਹਾੜਾਂ ਤੋਂ ਲੈ ਕੇ ਮੈਸੋਪੋਟਾਮੀਆ ਤਕ ਅਤੇ ਉੱਤਰ ਵਿਚ ਟੋਰਸ ਪਹਾੜਾਂ ਤੋਂ ਲੈ ਕੇ ਹੇਠਾਂ ਦਮਿਸਕ ਤੇ ਦੂਰ ਦੱਖਣੀ ਇਲਾਕਿਆਂ ਵਿਚ ਰਹਿੰਦੇ ਸਨ। ਇਹ ਇਲਾਕਾ ਇਬਰਾਨੀ ਵਿਚ ਅਰਾਮ ਕਹਾਉਂਦਾ ਸੀ ਤੇ ਬਾਅਦ ਵਿਚ ਸੀਰੀਆ ਨਾਂ ਨਾਲ ਜਾਣਿਆ ਜਾਣ ਲੱਗਾ ਅਤੇ ਇਸ ਦੇ ਵਾਸੀਆਂ ਨੂੰ ਸੀਰੀਆਈ ਕਿਹਾ ਗਿਆ।​—ਉਤ 25:20; ਬਿਵ 26:5; ਹੋਸ਼ੇ 12:12.

  • ਅਰਾਮੀ ਭਾਸ਼ਾ:

    ਇਹ ਇਬਰਾਨੀ ਨਾਲ ਕਾਫ਼ੀ ਮਿਲਦੀ-ਜੁਲਦੀ ਭਾਸ਼ਾ ਹੈ ਅਤੇ ਦੋਹਾਂ ਦੀ ਵਰਣਮਾਲਾ ਵੀ ਇੱਕੋ ਹੈ। ਸ਼ੁਰੂ-ਸ਼ੁਰੂ ਵਿਚ ਅਰਾਮੀ ਲੋਕ ਇਹ ਭਾਸ਼ਾ ਬੋਲਦੇ ਸਨ, ਪਰ ਬਾਅਦ ਵਿਚ ਇਹ ਅੱਸ਼ੂਰੀ ਅਤੇ ਬਾਬਲੀ ਸਾਮਰਾਜ ਦੀ ਅੰਤਰਰਾਸ਼ਟਰੀ ਭਾਸ਼ਾ ਬਣ ਗਈ ਜਿਸ ਨੂੰ ਵਪਾਰ ਅਤੇ ਪੱਤਰ-ਵਿਹਾਰ ਲਈ ਵਰਤਿਆ ਜਾਂਦਾ ਸੀ। ਫਾਰਸੀ ਸਾਮਰਾਜ ਦੇ ਦਰਬਾਰ ਵਿਚ ਵੀ ਇਹੀ ਭਾਸ਼ਾ ਵਰਤੀ ਜਾਂਦੀ ਸੀ। (ਅਜ਼ 4:7) ਅਜ਼ਰਾ, ਯਿਰਮਿਯਾਹ ਅਤੇ ਦਾਨੀਏਲ ਕਿਤਾਬਾਂ ਦੇ ਕੁਝ ਹਿੱਸੇ ਅਰਾਮੀ ਭਾਸ਼ਾ ਵਿਚ ਲਿਖੇ ਗਏ ਸਨ।​—ਅਜ਼ 4:8–6:18; 7:​12-26; ਯਿਰ 10:11; ਦਾਨੀ 2:4ਅ–7:28.

  • ਅਲਾਮੋਥ:

    ਸੰਗੀਤ ਨਾਲ ਜੁੜਿਆ ਸ਼ਬਦ ਜਿਸ ਦਾ ਮਤਲਬ ਹੈ “ਕੁਆਰੀਆਂ; ਕੁੜੀਆਂ।” ਸ਼ਾਇਦ ਇਹ ਕੁੜੀਆਂ ਦੇ ਉੱਚੀ ਆਵਾਜ਼ ਵਿਚ ਗਾਉਣ ਵੱਲ ਇਸ਼ਾਰਾ ਕਰਦਾ ਹੈ। ਇਹ ਸ਼ਬਦ ਸ਼ਾਇਦ ਇਹ ਦੱਸਣ ਲਈ ਲਿਖਿਆ ਜਾਂਦਾ ਸੀ ਕਿ ਸੰਗੀਤ ਉੱਚੇ ਸੁਰ ਵਿਚ ਵਜਾਇਆ ਜਾਵੇ।​—1 ਇਤਿ 15:20; ਜ਼ਬੂ 46:ਸਿਰ.

  • ਆਕਾਸ਼ ਦੀ ਰਾਣੀ:

    ਇਕ ਦੇਵੀ ਦਾ ਰੁਤਬਾ ਜਿਸ ਦੀ ਭਗਤੀ ਯਿਰਮਿਯਾਹ ਦੇ ਦਿਨਾਂ ਵਿਚ ਧਰਮ-ਤਿਆਗੀ ਇਜ਼ਰਾਈਲੀ ਕਰਦੇ ਸਨ। ਕੁਝ ਕਹਿੰਦੇ ਹਨ ਕਿ ਇਹ ਬਾਬਲ ਦੀ ਦੇਵੀ ਇਸ਼ਟਾਰ (ਅਸਤਾਰਤੇ) ਹੈ। ਪੁਰਾਣੀ ਸੁਮੇਰੀ ਸਭਿਅਤਾ ਵਿਚ ਉਸ ਵਰਗੀ ਦੇਵੀ ਇਨਾਨਾ ਨੂੰ ਪੂਜਿਆ ਜਾਂਦਾ ਸੀ ਜਿਸ ਦੇ ਨਾਂ ਦਾ ਮਤਲਬ ਹੈ “ਆਕਾਸ਼ ਦੀ ਰਾਣੀ।” ਇਸ ਤੋਂ ਇਲਾਵਾ, ਉਹ ਜਣਨ ਦੀ ਦੇਵੀ ਵੀ ਸੀ। ਮਿਸਰ ਦੇ ਇਕ ਸ਼ਿਲਾ-ਲੇਖ ਉੱਤੇ ਅਸਤਾਰਤੇ ਨੂੰ “ਆਕਾਸ਼ ਦੀ ਮਲਕਾ” ਵੀ ਕਿਹਾ ਗਿਆ ਹੈ।​—ਯਿਰ 44:19.

  • ਆਖ਼ਰੀ ਦਿਨ:

    ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਇਹ ਅਤੇ ਇਸ ਤਰ੍ਹਾਂ ਦੇ ਹੋਰ ਸ਼ਬਦ ਪਰਮੇਸ਼ੁਰ ਵੱਲੋਂ ਨਿਆਂ ਕਰਨ ਤੋਂ ਪਹਿਲਾਂ ਦੇ ਸਮੇਂ ਅਤੇ ਉਸ ਵਿਚ ਹੋਣ ਵਾਲੀਆਂ ਘਟਨਾਵਾਂ ਨੂੰ ਦਰਸਾਉਣ ਲਈ ਵਰਤੇ ਗਏ ਹਨ। (ਹਿਜ਼ 38:16; ਦਾਨੀ 10:14; ਰਸੂ 2:17) ਭਵਿੱਖਬਾਣੀ ਕਿਸ ਬਾਰੇ ਹੈ, ਉਸ ਤੋਂ ਤੈਅ ਹੁੰਦਾ ਹੈ ਕਿ ਇਹ ਸਮਾਂ ਕੁਝ ਸਾਲਾਂ ਦਾ ਹੈ ਜਾਂ ਫਿਰ ਕਈ ਸਾਲਾਂ ਦਾ। ਬਾਈਬਲ ਵਿਚ ਸ਼ਬਦ “ਆਖ਼ਰੀ ਦਿਨ” ਖ਼ਾਸਕਰ ਯਿਸੂ ਦੀ ਮੌਜੂਦਗੀ ਦੌਰਾਨ ਅੱਜ ਦੀ ਦੁਨੀਆਂ ਦੇ ਆਖ਼ਰੀ ਸਮੇਂ ਲਈ ਵਰਤੇ ਗਏ ਹਨ।​—2 ਤਿਮੋ 3:1; ਯਾਕੂ 5:3; 2 ਪਤ 3:3.

  • ਆਜ਼ਾਦ ਆਦਮੀ; ਆਜ਼ਾਦ ਕੀਤਾ ਗਿਆ ਗ਼ੁਲਾਮ:

    ਰੋਮੀ ਰਾਜ ਦੌਰਾਨ “ਆਜ਼ਾਦ ਆਦਮੀ” ਉਹ ਹੁੰਦਾ ਸੀ ਜੋ ਜਨਮ ਤੋਂ ਹੀ ਆਜ਼ਾਦ ਸੀ ਤੇ ਉਸ ਕੋਲ ਨਾਗਰਿਕਤਾ ਦੇ ਸਾਰੇ ਅਧਿਕਾਰ ਸਨ। ਰਸਮੀ ਤੌਰ ਤੇ ਆਜ਼ਾਦ ਕੀਤੇ ਗਏ ਗ਼ੁਲਾਮ ਨੂੰ ਰੋਮੀ ਨਾਗਰਿਕਤਾ ਮਿਲ ਸਕਦੀ ਸੀ, ਪਰ ਉਸ ਨੂੰ ਰਾਜਨੀਤਿਕ ਅਹੁਦਾ ਨਹੀਂ ਮਿਲ ਸਕਦਾ ਸੀ। ਪਰ ਜੇ ਉਸ ਨੂੰ ਗ਼ੈਰ-ਰਸਮੀ ਤੌਰ ਤੇ ਆਜ਼ਾਦ ਕਰ ਦਿੱਤਾ ਜਾਂਦਾ ਸੀ, ਤਾਂ ਉਸ ਨੂੰ ਸਾਰੇ ਅਧਿਕਾਰ ਨਹੀਂ ਮਿਲਦੇ ਸਨ।​—1 ਕੁਰਿੰ 7:22.

  • ਆਜ਼ਾਦੀ ਦਾ ਸਾਲ:

    ਵਾਅਦਾ ਕੀਤੇ ਹੋਏ ਦੇਸ਼ ਵਿਚ ਇਜ਼ਰਾਈਲੀਆਂ ਦੇ ਦਾਖ਼ਲ ਹੋਣ ਤੋਂ ਬਾਅਦ ਹਰ 50ਵਾਂ ਸਾਲ। ਇਸ ਸਾਲ ਦੌਰਾਨ ਜ਼ਮੀਨ ਵਿਚ ਕੁਝ ਨਹੀਂ ਬੀਜਣਾ ਸੀ ਅਤੇ ਇਬਰਾਨੀ ਗ਼ੁਲਾਮਾਂ ਨੂੰ ਆਜ਼ਾਦ ਕੀਤਾ ਜਾਣਾ ਸੀ। ਵੇਚੀ ਗਈ ਜੱਦੀ ਜ਼ਮੀਨ-ਜਾਇਦਾਦ ਨੂੰ ਵਾਪਸ ਕੀਤਾ ਜਾਣਾ ਸੀ। ਕਿਹਾ ਜਾ ਸਕਦਾ ਹੈ ਕਿ ਆਜ਼ਾਦੀ ਦਾ ਸਾਲ ਤਿਉਹਾਰ ਦਾ ਸਾਲ ਹੁੰਦਾ ਸੀ। ਇਸ ਸਾਲ ਦੌਰਾਨ ਕੌਮ ਪਹਿਲਾਂ ਵਾਲੀ ਚੰਗੀ ਹਾਲਤ ਵਿਚ ਮੁੜ ਆਉਂਦੀ ਸੀ ਜਿਸ ਹਾਲਤ ਵਿਚ ਪਰਮੇਸ਼ੁਰ ਨੇ ਉਨ੍ਹਾਂ ਨੂੰ ਸ਼ੁਰੂ ਵਿਚ ਰੱਖਿਆ ਸੀ।​—ਲੇਵੀ 25:10.

  • ਆਬ:

    ਬਾਬਲ ਦੀ ਗ਼ੁਲਾਮੀ ਤੋਂ ਬਾਅਦ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ 5ਵਾਂ ਮਹੀਨਾ ਅਤੇ ਆਮ ਵਰਤੇ ਜਾਂਦੇ ਕਲੰਡਰ ਦਾ 11ਵਾਂ ਮਹੀਨਾ। ਇਹ ਮਹੀਨਾ ਜੁਲਾਈ ਦੇ ਅੱਧ ਤੋਂ ਅਗਸਤ ਦੇ ਅੱਧ ਤਕ ਚੱਲਦਾ ਸੀ। ਬਾਈਬਲ ਵਿਚ ਇਸ ਮਹੀਨੇ ਦਾ ਨਾਂ ਨਹੀਂ ਦੱਸਿਆ ਗਿਆ, ਬਸ ‘ਪੰਜਵਾਂ ਮਹੀਨਾ’ ਲਿਖਿਆ ਹੈ। (ਗਿਣ 33:38; ਅਜ਼ 7:9)​—ਵਧੇਰੇ ਜਾਣਕਾਰੀ 2.15 ਦੇਖੋ।

  • ਆਮੀਨ:

    ਇਸ ਦਾ ਮਤਲਬ ਹੈ “ਇਸੇ ਤਰ੍ਹਾਂ ਹੋਵੇ” ਜਾਂ “ਸੱਤ ਬਚਨ।” ਇਹ ਸ਼ਬਦ ਇਬਰਾਨੀ ਮੂਲ ਸ਼ਬਦ “ਏਮਨ” ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ “ਵਫ਼ਾਦਾਰ, ਭਰੋਸੇਯੋਗ ਹੋਣਾ।” ਸਹੁੰ, ਪ੍ਰਾਰਥਨਾ ਜਾਂ ਕਿਸੇ ਗੱਲ ਨਾਲ ਸਹਿਮਤੀ ਜਤਾਉਣ ਲਈ “ਆਮੀਨ” ਕਿਹਾ ਜਾਂਦਾ ਸੀ। ਪ੍ਰਕਾਸ਼ ਦੀ ਕਿਤਾਬ ਵਿਚ ਇਸ ਨੂੰ ਯਿਸੂ ਲਈ ਖ਼ਿਤਾਬ ਦੇ ਤੌਰ ਤੇ ਵਰਤਿਆ ਗਿਆ ਹੈ।​—ਬਿਵ 27:26; 1 ਇਤਿ 16:36; ਪ੍ਰਕਾ 3:14.

  • ਆਰਮਾਗੇਡਨ:

    ਇਹ ਇਬਰਾਨੀ ਸ਼ਬਦ “ਹਰਮਗਿੱਦੋਨ” ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਮਗਿੱਦੋ ਪਹਾੜ।” ਇਹ ਸ਼ਬਦ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ” ਨੂੰ ਦਰਸਾਉਂਦਾ ਹੈ ਜਿਸ ਵਿਚ ‘ਸਾਰੀ ਧਰਤੀ ਦੇ ਰਾਜੇ’ ਯਹੋਵਾਹ ਨਾਲ ਯੁੱਧ ਕਰਨ ਲਈ ਇਕੱਠੇ ਹੋਣਗੇ। (ਪ੍ਰਕਾ 16:​14, 16; 19:​11-21)​—ਮਹਾਂਕਸ਼ਟ ਦੇਖੋ।

  • ਐਪੀਕਿਊਰੀ ਫ਼ਿਲਾਸਫ਼ਰ:

    ਯੂਨਾਨੀ ਫ਼ਿਲਾਸਫ਼ਰ ਐਪੀਕਿਉਰਸ (341-270 ਈ. ਪੂ.) ਦੇ ਚੇਲੇ। ਉਨ੍ਹਾਂ ਦਾ ਮੰਨਣਾ ਸੀ ਕਿ ਜ਼ਿੰਦਗੀ ਦਾ ਮਕਸਦ ਹੈ ਐਸ਼ੋ-ਆਰਾਮ ਕਰਨਾ।​—ਰਸੂ 17:18.

  • ਐਰੀਆਪਗਸ:

    ਐਥਿਨਜ਼ ਵਿਚ ਇਕ ਉੱਚੀ ਪਹਾੜੀ ਜੋ ਐਕਰੋਪੁਲਿਸ ਦੇ ਉੱਤਰ-ਪੱਛਮ ਵੱਲ ਹੈ। ਇਹ ਉਸ ਪਰਿਸ਼ਦ (ਅਦਾਲਤ) ਦਾ ਵੀ ਨਾਂ ਸੀ ਜੋ ਉੱਥੇ ਸਭਾਵਾਂ ਕਰਦੀਆਂ ਸਨ। ਸਤੋਇਕੀ ਤੇ ਐਪੀਕਿਊਰੀ ਫ਼ਿਲਾਸਫ਼ਰ ਪੌਲੁਸ ਨੂੰ ਐਰੀਆਪਗਸ ਲਿਆਏ ਸਨ ਤਾਂਕਿ ਉਹ ਆਪਣੇ ਵਿਸ਼ਵਾਸਾਂ ਬਾਰੇ ਦੱਸੇ।​—ਰਸੂ 17:19.

  • ਐਲਫਾ ਅਤੇ ਓਮੇਗਾ:

    ਯੂਨਾਨੀ ਵਰਣਮਾਲਾ ਦਾ ਪਹਿਲਾ ਤੇ ਆਖ਼ਰੀ ਅੱਖਰ; ਇਹ ਅੱਖਰ ਤਿੰਨ ਵਾਰ ਪ੍ਰਕਾਸ਼ ਦੀ ਕਿਤਾਬ ਵਿਚ ਪਰਮੇਸ਼ੁਰ ਦੀ ਪਦਵੀ ਦੇ ਤੌਰ ਤੇ ਵਰਤੇ ਗਏ ਹਨ। ਇਨ੍ਹਾਂ ਆਇਤਾਂ ਵਿਚ ਇਨ੍ਹਾਂ ਸ਼ਬਦਾਂ ਦਾ ਮਤਲਬ ਹੈ “ਪਹਿਲਾ ਅਤੇ ਆਖ਼ਰੀ” ਤੇ “ਸ਼ੁਰੂਆਤ ਅਤੇ ਅੰਤ।”​—ਪ੍ਰਕਾ 1:8; 21:6; 22:13.

  • ਐਲੂਲ:

    ਬਾਬਲ ਦੀ ਗ਼ੁਲਾਮੀ ਤੋਂ ਬਾਅਦ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਛੇਵਾਂ ਮਹੀਨਾ ਅਤੇ ਆਮ ਕਲੰਡਰ ਦਾ 12ਵਾਂ ਮਹੀਨਾ। ਇਹ ਅਗਸਤ ਦੇ ਅੱਧ ਤੋਂ ਲੈ ਕੇ ਸਤੰਬਰ ਦੇ ਅੱਧ ਤਕ ਚੱਲਦਾ ਸੀ। (ਨਹ 6:15)​—ਵਧੇਰੇ ਜਾਣਕਾਰੀ 2.15 ਦੇਖੋ।

  • ਇਕਰਾਰ:

    ਕੁਝ ਕਰਨ ਜਾਂ ਨਾ ਕਰਨ ਸੰਬੰਧੀ ਪਰਮੇਸ਼ੁਰ ਤੇ ਇਨਸਾਨਾਂ ਵਿਚਕਾਰ ਜਾਂ ਦੋ ਇਨਸਾਨੀ ਧਿਰਾਂ ਵਿਚਕਾਰ ਸਮਝੌਤਾ। ਕਦੇ-ਕਦੇ ਸਿਰਫ਼ ਇਕ ਧਿਰ ਨੇ ਸ਼ਰਤਾਂ ਮੰਨਣੀਆਂ ਸਨ (ਯਾਨੀ ਇਕਤਰਫ਼ਾ ਇਕਰਾਰ ਜੋ ਇਕ ਜਣੇ ਦੁਆਰਾ ਕੀਤਾ ਵਾਅਦਾ ਹੁੰਦਾ ਸੀ)। ਹੋਰਨਾਂ ਸਮਿਆਂ ਤੇ ਦੋਵੇਂ ਧਿਰਾਂ ਸ਼ਰਤਾਂ ਮੰਨਦੀਆਂ ਸਨ (ਯਾਨੀ ਦੁਤਰਫ਼ਾ ਇਕਰਾਰ)। ਪਰਮੇਸ਼ੁਰ ਵੱਲੋਂ ਇਨਸਾਨਾਂ ਨਾਲ ਕੀਤੇ ਇਕਰਾਰਾਂ ਤੋਂ ਇਲਾਵਾ, ਬਾਈਬਲ ਆਦਮੀਆਂ, ਗੋਤਾਂ, ਕੌਮਾਂ ਜਾਂ ਲੋਕਾਂ ਦੇ ਸਮੂਹਾਂ ਵਿਚਕਾਰ ਹੋਏ ਇਕਰਾਰਾਂ ਦਾ ਵੀ ਜ਼ਿਕਰ ਕਰਦੀ ਹੈ। ਕੁਝ ਇਕਰਾਰ ਅਜਿਹੇ ਸਨ ਜਿਨ੍ਹਾਂ ਦਾ ਅਸਰ ਲੰਮੇ ਸਮੇਂ ਤਕ ਰਿਹਾ ਜਾਂ ਰਹੇਗਾ, ਜਿਵੇਂ ਪਰਮੇਸ਼ੁਰ ਵੱਲੋਂ ਅਬਰਾਹਾਮ, ਦਾਊਦ, ਇਜ਼ਰਾਈਲ ਕੌਮ (ਕਾਨੂੰਨ ਦਾ ਇਕਰਾਰ) ਅਤੇ ਪਰਮੇਸ਼ੁਰ ਦੇ ਇਜ਼ਰਾਈਲ (ਨਵਾਂ ਇਕਰਾਰ) ਨਾਲ ਇਕਰਾਰ।​—ਉਤ 9:11; 15:18; 21:27; ਕੂਚ 24:7; 2 ਇਤਿ 21:7.

  • ਇਕਰਾਰ ਦਾ ਸੰਦੂਕ:

    ਇਹ ਕਿੱਕਰ ਦੀ ਲੱਕੜ ਦਾ ਬਣਿਆ ਸੀ ਅਤੇ ਸੋਨੇ ਨਾਲ ਮੜ੍ਹਿਆ ਹੋਇਆ ਸੀ। ਇਹ ਪਹਿਲਾਂ ਤੰਬੂ ਦੇ ਅੱਤ ਪਵਿੱਤਰ ਕਮਰੇ ਵਿਚ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਸੁਲੇਮਾਨ ਦੁਆਰਾ ਬਣਾਏ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਰੱਖਿਆ ਗਿਆ ਸੀ। ਇਸ ਦਾ ਢੱਕਣ ਸੋਨੇ ਦਾ ਸੀ ਜਿਸ ਉੱਤੇ ਦੋ ਕਰੂਬੀ ਆਮ੍ਹੋ-ਸਾਮ੍ਹਣੇ ਬਣੇ ਸਨ। ਇਸ ਵਿਚ ਖ਼ਾਸ ਕਰਕੇ ਪੱਥਰ ਦੀਆਂ ਦੋ ਫੱਟੀਆਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਦਸ ਹੁਕਮ ਲਿਖੇ ਹੋਏ ਸਨ। (ਬਿਵ 31:26; 1 ਰਾਜ 6:19; ਇਬ 9:4)​—ਵਧੇਰੇ ਜਾਣਕਾਰੀ 2.5 ਅਤੇ 2.8 ਦੇਖੋ।

  • ਇਜ਼ਰਾਈਲ:

    ਪਰਮੇਸ਼ੁਰ ਨੇ ਯਾਕੂਬ ਨੂੰ ਇਹ ਨਾਂ ਦਿੱਤਾ ਸੀ। ਅੱਗੇ ਚੱਲ ਕੇ ਉਸ ਦੀ ਔਲਾਦ ਨੂੰ ਸਮੂਹ ਦੇ ਤੌਰ ਤੇ ਇਜ਼ਰਾਈਲ ਕਿਹਾ ਜਾਣ ਲੱਗਾ। ਯਾਕੂਬ ਦੇ 12 ਪੁੱਤਰਾਂ ਦੀ ਔਲਾਦ ਨੂੰ ਅਕਸਰ ਇਜ਼ਰਾਈਲ ਦੇ ਪੁੱਤਰ, ਇਜ਼ਰਾਈਲ ਦਾ ਘਰਾਣਾ, ਇਜ਼ਰਾਈਲ ਦੇ ਲੋਕ (ਆਦਮੀ) ਜਾਂ ਇਜ਼ਰਾਈਲੀ ਕਿਹਾ ਜਾਂਦਾ ਸੀ। ਉੱਤਰ ਦੇ ਦਸ-ਗੋਤੀ ਰਾਜ ਨੂੰ ਵੀ ਇਜ਼ਰਾਈਲ ਕਿਹਾ ਜਾਂਦਾ ਸੀ ਜੋ ਦੱਖਣੀ ਰਾਜ ਤੋਂ ਅਲੱਗ ਹੋ ਗਿਆ ਸੀ। ਚੁਣੇ ਹੋਏ ਮਸੀਹੀਆਂ ਨੂੰ ‘ਪਰਮੇਸ਼ੁਰ ਦਾ ਇਜ਼ਰਾਈਲ’ ਕਿਹਾ ਗਿਆ ਹੈ।​—ਗਲਾ 6:16; ਉਤ 32:28; 2 ਸਮੂ 7:23; ਰੋਮੀ 9:6.

  • ਇਥੋਪੀਆ:

    ਇਕ ਪੁਰਾਣਾ ਦੇਸ਼ ਜੋ ਮਿਸਰ ਦੇ ਦੱਖਣ ਵਿਚ ਸੀ। ਇਸ ਦੇ ਇਲਾਕੇ ਵਿਚ ਮਿਸਰ ਦਾ ਦੱਖਣੀ ਹਿੱਸਾ ਅਤੇ ਅੱਜ ਦਾ ਸੂਡਾਨ ਸ਼ਾਮਲ ਸੀ। ਇਹ ਸ਼ਬਦ ਕਦੇ-ਕਦੇ ਇਬਰਾਨੀ ਵਿਚ “ਕੂਸ਼” ਲਈ ਵਰਤਿਆ ਜਾਂਦਾ ਹੈ।​—ਅਸ 1:1.

  • ਇਫ਼ਰਾਈਮ:

    ਯੂਸੁਫ਼ ਦੇ ਦੂਜੇ ਪੁੱਤਰ ਦਾ ਨਾਂ; ਬਾਅਦ ਵਿਚ ਇਜ਼ਰਾਈਲ ਦੇ ਇਕ ਗੋਤ ਦਾ ਨਾਂ। ਇਜ਼ਰਾਈਲ ਦਾ ਬਟਵਾਰਾ ਹੋਣ ਤੋਂ ਬਾਅਦ ਇਫ਼ਰਾਈਮ ਸਭ ਤੋਂ ਤਾਕਤਵਰ ਗੋਤ ਬਣ ਗਿਆ ਜਿਸ ਕਰਕੇ ਦਸ-ਗੋਤੀ ਰਾਜ ਦਾ ਨਾਂ ਇਫ਼ਰਾਈਮ ਪੈ ਗਿਆ।​—ਉਤ 41:52; ਯਿਰ 7:15.

  • ਇਬਰਾਨੀ:

    ਇਹ ਸ਼ਬਦ ਪਹਿਲੀ ਵਾਰ ਅਬਰਾਮ (ਅਬਰਾਹਾਮ) ਲਈ ਵਰਤਿਆ ਗਿਆ ਤਾਂਕਿ ਲਾਗੇ ਰਹਿੰਦੇ ਅਮੋਰੀਆਂ ਤੋਂ ਉਸ ਦੀ ਵੱਖਰੀ ਪਛਾਣ ਹੋ ਸਕੇ। ਬਾਅਦ ਵਿਚ ਅਬਰਾਹਾਮ ਦੀ ਔਲਾਦ ਲਈ ਇਹ ਸ਼ਬਦ ਵਰਤਿਆ ਗਿਆ ਜੋ ਉਸ ਦੇ ਪੋਤੇ ਯਾਕੂਬ ਤੋਂ ਆਈ ਸੀ ਤੇ ਉਨ੍ਹਾਂ ਦੀ ਭਾਸ਼ਾ ਨੂੰ ਵੀ ਇਬਰਾਨੀ ਕਿਹਾ ਗਿਆ। ਯਿਸੂ ਦੇ ਜ਼ਮਾਨੇ ਤਕ ਇਸ ਭਾਸ਼ਾ ਵਿਚ ਅਰਾਮੀ ਭਾਸ਼ਾ ਦੇ ਕਈ ਸ਼ਬਦ ਆ ਗਏ ਅਤੇ ਮਸੀਹ ਅਤੇ ਉਸ ਦੇ ਚੇਲੇ ਇਹੀ ਭਾਸ਼ਾ ਬੋਲਦੇ ਸਨ।​—ਉਤ 14:13; ਕੂਚ 5:3; ਰਸੂ 26:14.

  • ਇੱਲੁਰਿਕੁਮ:

    ਯੂਨਾਨ ਦੇ ਉੱਤਰ-ਪੱਛਮ ਵਿਚ ਇਕ ਰੋਮੀ ਪ੍ਰਾਂਤ। ਪੌਲੁਸ ਨੇ ਸੇਵਕਾਈ ਦੌਰਾਨ ਇੱਥੇ ਤਕ ਸਫ਼ਰ ਕੀਤਾ ਸੀ, ਪਰ ਇਹ ਨਹੀਂ ਦੱਸਿਆ ਗਿਆ ਕਿ ਉਸ ਨੇ ਇੱਲੁਰਿਕੁਮ ਵਿਚ ਪ੍ਰਚਾਰ ਕੀਤਾ ਸੀ ਜਾਂ ਕਿ ਬਸ ਇਸ ਇਲਾਕੇ ਤਕ ਹੀ ਪ੍ਰਚਾਰ ਕੀਤਾ ਸੀ। (ਰੋਮੀ 15:19)​—ਵਧੇਰੇ ਜਾਣਕਾਰੀ 2.13 ਦੇਖੋ।

  • ਏਸ਼ੀਆ:

    ਬਾਈਬਲ ਦੇ ਯੂਨਾਨੀ ਹਿੱਸੇ ਵਿਚ ਇਕ ਰੋਮੀ ਸੂਬੇ ਦਾ ਨਾਂ ਜਿਸ ਵਿਚ ਅੱਜ ਦੇ ਤੁਰਕੀ ਦਾ ਪੱਛਮੀ ਹਿੱਸਾ ਅਤੇ ਕੁਝ ਟਾਪੂ ਆਉਂਦੇ ਹਨ ਜਿਵੇਂ ਕਿ ਸਾਮੁਸ ਅਤੇ ਪਾਤਮੁਸ। ਇਸ ਦੀ ਰਾਜਧਾਨੀ ਅਫ਼ਸੁਸ ਸੀ। (ਰਸੂ 20:16; ਪ੍ਰਕਾ 1:4)​—ਵਧੇਰੇ ਜਾਣਕਾਰੀ 2.13 ਦੇਖੋ।

  • ਏਥਾਨੀਮ:

    ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਸੱਤਵਾਂ ਮਹੀਨਾ ਅਤੇ ਆਮ ਕਲੰਡਰ ਦਾ ਪਹਿਲਾ ਮਹੀਨਾ। ਇਹ ਸਤੰਬਰ ਦੇ ਅੱਧ ਤੋਂ ਲੈ ਕੇ ਅਕਤੂਬਰ ਦੇ ਅੱਧ ਤਕ ਚੱਲਦਾ ਸੀ। ਬਾਬਲ ਤੋਂ ਯਹੂਦੀਆਂ ਦੇ ਵਾਪਸ ਆਉਣ ਤੋਂ ਬਾਅਦ ਇਸ ਨੂੰ ਤਿਸ਼ਰੀ ਕਿਹਾ ਜਾਣ ਲੱਗਾ। (1 ਰਾਜ 8:2)​—ਵਧੇਰੇ ਜਾਣਕਾਰੀ 2.15 ਦੇਖੋ।

  • ਏਫਾ:

    ਸੁੱਕੀਆਂ ਚੀਜ਼ਾਂ ਦਾ ਇਕ ਮਾਪ ਤੇ ਉਹ ਭਾਂਡਾ ਜਿਸ ਨਾਲ ਅਨਾਜ ਮਿਣਿਆ ਜਾਂਦਾ ਸੀ। ਇਹ ਤਰਲ ਚੀਜ਼ਾਂ ਦੇ ਮਾਪ ਬਥ ਦੇ ਬਰਾਬਰ ਸੀ, ਇਸ ਲਈ ਇਹ 22 ਲੀਟਰ ਹੁੰਦਾ ਸੀ। (ਕੂਚ 16:36; ਹਿਜ਼ 45:10)​—ਵਧੇਰੇ ਜਾਣਕਾਰੀ 2.14 ਦੇਖੋ।

  • ਏਫ਼ੋਦ:

    ਏਪ੍ਰਨ ਵਰਗਾ ਕੱਪੜਾ ਜਿਸ ਨੂੰ ਪੁਜਾਰੀ ਪਹਿਨਦੇ ਸਨ। ਮਹਾਂ ਪੁਜਾਰੀ ਇਕ ਖ਼ਾਸ ਏਫ਼ੋਦ ਪਹਿਨਦਾ ਸੀ ਜਿਸ ਦੇ ਅਗਲੇ ਪਾਸੇ 12 ਅਨਮੋਲ ਪੱਥਰਾਂ ਨਾਲ ਜੜਿਆ ਇਕ ਸੀਨਾਬੰਦ ਹੁੰਦਾ ਸੀ। (ਕੂਚ 28:​4, 6)​—ਵਧੇਰੇ ਜਾਣਕਾਰੀ 2.5 ਦੇਖੋ।

  • ਸਹਾਇਕ ਸੇਵਕ:

    ਯੂਨਾਨੀ ਸ਼ਬਦ “ਡਾਏਕੋਨੌਸ” ਦਾ ਮਤਲਬ ਹੈ “ਨੌਕਰ” ਜਾਂ “ਸੇਵਕ।” “ਸਹਾਇਕ ਸੇਵਕ” ਉਹ ਹੁੰਦਾ ਹੈ ਜਿਹੜਾ ਮੰਡਲੀ ਵਿਚ ਬਜ਼ੁਰਗਾਂ ਦੇ ਸਮੂਹ ਦੀ ਮਦਦ ਕਰਦਾ ਹੈ। ਸੇਵਾ ਦੇ ਇਸ ਸਨਮਾਨ ਦੇ ਲਾਇਕ ਬਣਨ ਲਈ ਉਸ ਨੂੰ ਬਾਈਬਲ ਵਿਚ ਦੱਸੀਆਂ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ।​—1 ਤਿਮੋ 3:​8-10, 12.

  • ਸਹੁੰ:

    ਕਿਸੇ ਗੱਲ ਨੂੰ ਸੱਚ-ਸੱਚ ਦੱਸਣ ਲਈ ਜਾਂ ਕੋਈ ਕੰਮ ਕਰਨ ਜਾਂ ਨਾ ਕਰਨ ਦਾ ਵਾਅਦਾ ਕਰਨ ਵੇਲੇ ਸਹੁੰ ਖਾਧੀ ਜਾਂਦੀ ਹੈ। ਇਹ ਵਾਅਦਾ ਕਿਸੇ ਵੱਡੇ ਵਿਅਕਤੀ ਨਾਲ ਕੀਤਾ ਜਾਂਦਾ ਸੀ, ਖ਼ਾਸ ਕਰਕੇ ਪਰਮੇਸ਼ੁਰ ਨਾਲ। ਯਹੋਵਾਹ ਨੇ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰ ਨੂੰ ਪੱਕਾ ਕਰਨ ਲਈ ਸਹੁੰ ਖਾਧੀ ਸੀ।​—ਉਤ 14:22; ਇਬ 6:​16, 17.

  • ਸੱਚਾ ਪਰਮੇਸ਼ੁਰ:

    ਦੋ ਇਬਰਾਨੀ ਸ਼ਬਦਾਂ “ਹਾ-ਏਲੋਹਿਮ” ਅਤੇ “ਹਾ-ਏਲ” ਦਾ ਅਨੁਵਾਦ “ਸੱਚਾ ਪਰਮੇਸ਼ੁਰ” ਕੀਤਾ ਗਿਆ ਹੈ। ਕਈ ਆਇਤਾਂ ਵਿਚ ਇਨ੍ਹਾਂ ਸ਼ਬਦਾਂ ਦੀ ਵਰਤੋਂ ਇਹ ਦਿਖਾਉਣ ਲਈ ਕੀਤੀ ਗਈ ਹੈ ਕਿ ਇੱਕੋ-ਇਕ ਸੱਚਾ ਪਰਮੇਸ਼ੁਰ ਯਹੋਵਾਹ ਝੂਠੇ ਦੇਵਤਿਆਂ ਨਾਲੋਂ ਵੱਖਰਾ ਹੈ। ਉਨ੍ਹਾਂ ਆਇਤਾਂ ਵਿਚ “ਸੱਚਾ ਪਰਮੇਸ਼ੁਰ” ਇਬਰਾਨੀ ਸ਼ਬਦਾਂ ਦਾ ਪੂਰਾ-ਪੂਰਾ ਮਤਲਬ ਦਿੰਦਾ ਹੈ।​—ਉਤ 5:​22, 24; 46:3; ਬਿਵ 4:39.

  • ਸਤੋਇਕੀ ਫ਼ਿਲਾਸਫ਼ਰ:

    ਯੂਨਾਨੀ ਫ਼ਿਲਾਸਫ਼ਰਾਂ ਦਾ ਇਕ ਸਮੂਹ ਜੋ ਮੰਨਦਾ ਸੀ ਕਿ ਇਕ ਇਨਸਾਨ ਨੂੰ ਸਮਝ ਤੋਂ ਕੰਮ ਲੈ ਕੇ ਅਤੇ ਕੁਦਰਤ ਦੇ ਨਿਯਮਾਂ ʼਤੇ ਚੱਲ ਕੇ ਜ਼ਿੰਦਗੀ ਵਿਚ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦੀ ਨਜ਼ਰ ਵਿਚ ਉਹੀ ਇਨਸਾਨ ਬੁੱਧੀਮਾਨ ਸੀ ਜਿਸ ਨੂੰ ਦੁੱਖ-ਸੁੱਖ ਨਾਲ ਕੋਈ ਫ਼ਰਕ ਨਹੀਂ ਪੈਂਦਾ।​—ਰਸੂ 17:18.

  • ਸਦੂਕੀ:

    ਯਹੂਦੀ ਧਰਮ ਦਾ ਇਕ ਮਸ਼ਹੂਰ ਧਾਰਮਿਕ ਪੰਥ। ਇਹ ਉੱਚੇ ਘਰਾਣਿਆਂ ਦੇ ਅਮੀਰ ਆਦਮੀਆਂ ਅਤੇ ਪੁਜਾਰੀਆਂ ਦਾ ਬਣਿਆ ਸੀ ਅਤੇ ਮੰਦਰ ਵਿਚ ਹੋਣ ਵਾਲੇ ਕੰਮਾਂ ʼਤੇ ਇਨ੍ਹਾਂ ਦਾ ਅਧਿਕਾਰ ਸੀ। ਇਹ ਮੂੰਹ-ਜ਼ਬਾਨੀ ਦੱਸੀਆਂ ਕਈ ਰੀਤਾਂ ਅਤੇ ਹੋਰ ਵਿਸ਼ਵਾਸਾਂ ਨੂੰ ਨਹੀਂ ਮੰਨਦੇ ਸਨ ਜਿਨ੍ਹਾਂ ਦੀ ਪਾਲਣਾ ਫ਼ਰੀਸੀ ਕਰਦੇ ਸਨ। ਸਦੂਕੀ ਇਹ ਨਹੀਂ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਨਾ ਹੀ ਦੂਤਾਂ ਦੀ ਹੋਂਦ ʼਤੇ ਵਿਸ਼ਵਾਸ ਕਰਦੇ ਸਨ। ਇਹ ਯਿਸੂ ਦਾ ਵਿਰੋਧ ਕਰਦੇ ਸਨ।​—ਮੱਤੀ 16:1; ਰਸੂ 23:8.

  • ਸਬਤ:

    ਇਬਰਾਨੀ ਭਾਸ਼ਾ ਦੇ ਇਸ ਸ਼ਬਦ ਦਾ ਮਤਲਬ ਹੈ “ਆਰਾਮ ਕਰਨਾ; ਰੁਕਣਾ।” ਇਹ ਯਹੂਦੀਆਂ ਦੇ ਹਫ਼ਤੇ ਦਾ ਸੱਤਵਾਂ ਦਿਨ ਹੈ (ਸ਼ੁੱਕਰਵਾਰ ਸੂਰਜ ਡੁੱਬਣ ਤੋਂ ਲੈ ਕੇ ਸ਼ਨੀਵਾਰ ਸੂਰਜ ਡੁੱਬਣ ਤਕ)। ਸਾਲ ਵਿਚ ਕੁਝ ਹੋਰ ਖ਼ਾਸ ਦਿਨਾਂ ਨੂੰ ਅਤੇ 7ਵੇਂ ਤੇ 50ਵੇਂ ਸਾਲ ਨੂੰ ਵੀ ਸਬਤ ਕਿਹਾ ਜਾਂਦਾ ਸੀ। ਸਬਤ ਦੇ ਦਿਨ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ, ਸਿਰਫ਼ ਪੁਜਾਰੀ ਪਵਿੱਤਰ ਸਥਾਨ ਵਿਚ ਸੇਵਾ ਕਰਦੇ ਸਨ। ਸਬਤ ਦੇ ਸਾਲਾਂ ਦੌਰਾਨ ਜ਼ਮੀਨ ਵਾਹੀ ਨਹੀਂ ਜਾਂਦੀ ਸੀ ਤੇ ਨਾ ਹੀ ਕਿਸੇ ਇਬਰਾਨੀ ਆਦਮੀ ਨੂੰ ਕਰਜ਼ਾ ਮੋੜਨ ਲਈ ਮਜਬੂਰ ਕੀਤਾ ਜਾਂਦਾ ਸੀ। ਮੂਸਾ ਦੇ ਕਾਨੂੰਨ ਵਿਚ ਸਬਤ ਸੰਬੰਧੀ ਲਾਈਆਂ ਪਾਬੰਦੀਆਂ ਔਖੀਆਂ ਨਹੀਂ ਸਨ, ਪਰ ਧਾਰਮਿਕ ਆਗੂਆਂ ਨੇ ਹੌਲੀ-ਹੌਲੀ ਇਸ ਵਿਚ ਹੋਰ ਨਿਯਮ ਜੋੜ ਦਿੱਤੇ ਜਿਸ ਕਰਕੇ ਯਿਸੂ ਦੇ ਜ਼ਮਾਨੇ ਤਕ ਲੋਕਾਂ ਲਈ ਇਨ੍ਹਾਂ ਪਾਬੰਦੀਆਂ ਮੁਤਾਬਕ ਚੱਲਣਾ ਔਖਾ ਹੋ ਗਿਆ।​—ਕੂਚ 20:8; ਲੇਵੀ 25:4; ਲੂਕਾ 13:​14-16; ਕੁਲੁ 2:16.

  • ਸਭਾ ਘਰ:

    ਇਸ ਲਈ ਵਰਤੇ ਯੂਨਾਨੀ ਸ਼ਬਦ ਦਾ ਮਤਲਬ ਹੈ “ਇਕੱਠੇ ਕਰਨਾ; ਸਭਾ।” ਪਰ ਜ਼ਿਆਦਾਤਰ ਆਇਤਾਂ ਵਿਚ ਇਸ ਦਾ ਮਤਲਬ ਹੈ ਉਹ ਜਗ੍ਹਾ ਜਿੱਥੇ ਯਹੂਦੀ ਇਕੱਠੇ ਹੁੰਦੇ ਸਨ, ਧਰਮ-ਗ੍ਰੰਥ ਪੜ੍ਹਿਆ ਜਾਂਦਾ ਸੀ, ਹਿਦਾਇਤਾਂ ਮਿਲਦੀਆਂ ਸਨ, ਪ੍ਰਚਾਰ ਤੇ ਪ੍ਰਾਰਥਨਾ ਕੀਤੀ ਜਾਂਦੀ ਸੀ। ਯਿਸੂ ਦੇ ਦਿਨਾਂ ਵਿਚ ਇਜ਼ਰਾਈਲ ਦੇ ਹਰ ਕਸਬੇ ਵਿਚ ਇਕ ਸਭਾ ਘਰ ਹੁੰਦਾ ਸੀ ਤੇ ਵੱਡੇ ਸ਼ਹਿਰਾਂ ਵਿਚ ਇਕ ਤੋਂ ਜ਼ਿਆਦਾ ਸਭਾ ਘਰ ਹੁੰਦੇ ਸਨ।​—ਲੂਕਾ 4:16; ਰਸੂ 13:​14, 15.

  • ਸਮਰਪਣ ਦਾ ਤਿਉਹਾਰ:

    ਹਰ ਸਾਲ ਇਹ ਤਿਉਹਾਰ ਮੰਦਰ ਨੂੰ ਸ਼ੁੱਧ ਕੀਤੇ ਜਾਣ ਦੀ ਯਾਦ ਵਿਚ ਮਨਾਇਆ ਜਾਂਦਾ ਸੀ ਜਿਸ ਨੂੰ ਐਂਟੀਓਕਸ ਅਪਿਫ਼ਨੀਜ਼ ਨੇ ਭ੍ਰਿਸ਼ਟ ਕੀਤਾ ਸੀ। ਇਹ ਤਿਉਹਾਰ ਕਿਸਲੇਵ ਮਹੀਨੇ ਦੀ 25 ਤਾਰੀਖ਼ ਨੂੰ ਸ਼ੁਰੂ ਹੁੰਦਾ ਸੀ ਤੇ ਅੱਠ ਦਿਨਾਂ ਤਕ ਚੱਲਦਾ ਸੀ।​—ਯੂਹੰ 10:22.

  • ਸਮਰਪਣ ਦੀ ਪਵਿੱਤਰ ਨਿਸ਼ਾਨੀ:

    ਖਾਲਸ ਸੋਨੇ ਦੀ ਇਕ ਚਮਕਦੀ ਪੱਤਰੀ ਜਿਸ ਉੱਤੇ ਇਬਰਾਨੀ ਵਿਚ ਇਹ ਸ਼ਬਦ ਉੱਕਰੇ ਸਨ, “ਪਵਿੱਤਰਤਾ ਯਹੋਵਾਹ ਦੀ ਹੈ।” ਇਹ ਪੱਤਰੀ ਮਹਾਂ ਪੁਜਾਰੀ ਦੀ ਪਗੜੀ ਦੇ ਅਗਲੇ ਪਾਸੇ ਲਾਈ ਜਾਂਦੀ ਸੀ। (ਕੂਚ 39:30)​—ਵਧੇਰੇ ਜਾਣਕਾਰੀ 2.5 ਦੇਖੋ।

  • ਸਮਰਾਟ ਦੇ ਅੰਗ-ਰੱਖਿਅਕ:

    ਰੋਮੀ ਸਮਰਾਟ ਦੇ ਅੰਗ-ਰੱਖਿਅਕਾਂ ਵਜੋਂ ਕੰਮ ਕਰਨ ਵਾਲੇ ਰੋਮੀ ਫ਼ੌਜੀਆਂ ਦੀ ਟੁਕੜੀ। ਇਹ ਅੰਗ-ਰੱਖਿਅਕ ਇੰਨੀ ਜ਼ਬਰਦਸਤ ਰਾਜਨੀਤਿਕ ਤਾਕਤ ਸਨ ਕਿ ਉਹ ਸਮਰਾਟ ਨੂੰ ਸਮਰਥਨ ਦੇ ਸਕਦੇ ਸਨ ਜਾਂ ਉਸ ਦਾ ਤਖ਼ਤਾ ਪਲਟ ਸਕਦੇ ਸਨ।​—ਫ਼ਿਲਿ 1:13.

  • ਸਰਕੰਡਾ:

    ਕਾਨਿਆਂ ਵਰਗਾ ਇਕ ਬੂਟਾ ਜੋ ਟੋਕਰੀਆਂ, ਡੱਬੇ ਅਤੇ ਕਿਸ਼ਤੀਆਂ ਬਣਾਉਣ ਲਈ ਵਰਤਿਆ ਜਾਂਦਾ ਸੀ। ਇਹ ਕਾਗਜ਼ ਬਣਾਉਣ ਦੇ ਕੰਮ ਵੀ ਆਉਂਦਾ ਸੀ ਜਿਸ ਉੱਤੇ ਲਿਖ ਕੇ ਕਈ ਪੱਤਰੀਆਂ ਬਣਾਈਆਂ ਗਈਆਂ।​—ਕੂਚ 2:3.

  • ਸਰਾਪ:

    ਧਮਕੀ ਦੇਣੀ ਜਾਂ ਐਲਾਨ ਕਰਨਾ ਕਿ ਕਿਸੇ ਇਨਸਾਨ ਜਾਂ ਕਿਸੇ ਚੀਜ਼ ਨਾਲ ਬੁਰਾ ਹੋਵੇਗਾ। ਇਸ ਦਾ ਮਤਲਬ ਗਾਲ਼ਾਂ ਕੱਢਣੀਆਂ ਜਾਂ ਗੁੱਸੇ ਵਿਚ ਬੁਰਾ-ਭਲਾ ਕਹਿਣਾ ਨਹੀਂ ਹੈ। ਸਰਾਪ ਅਕਸਰ ਸਾਰਿਆਂ ਦੇ ਸਾਮ੍ਹਣੇ ਦਿੱਤਾ ਜਾਂਦਾ ਸੀ। ਜਦੋਂ ਪਰਮੇਸ਼ੁਰ ਜਾਂ ਉਸ ਦਾ ਠਹਿਰਾਇਆ ਹੋਇਆ ਕੋਈ ਬੰਦਾ ਸਰਾਪ ਦਿੰਦਾ ਸੀ, ਤਾਂ ਇਹ ਇਕ ਭਵਿੱਖਬਾਣੀ ਹੁੰਦੀ ਸੀ ਜੋ ਪੂਰੀ ਹੋ ਕੇ ਰਹਿੰਦੀ ਸੀ।​—ਉਤ 12:3; ਗਿਣ 22:12; ਗਲਾ 3:10.

  • ਸਰਾਫ਼ੀਮ:

    ਸਵਰਗ ਵਿਚ ਯਹੋਵਾਹ ਦੇ ਸਿੰਘਾਸਣ ਦੁਆਲੇ ਖੜ੍ਹੇ ਅਦਿੱਖ ਪ੍ਰਾਣੀ। ਇਬਰਾਨੀ ਸ਼ਬਦ “ਸਰਾਫ਼ੀਮ” ਦਾ ਅਰਥ ਹੈ “ਬਲ਼ਣ ਵਾਲੇ।”​—ਯਸਾ 6:​2, 6.

  • ਸਲਹ:

    ਸੰਗੀਤ ਜਾਂ ਦੁਹਰਾਉਣ ਲਈ ਜ਼ਬੂਰਾਂ ਤੇ ਹੱਬਕੂਕ ਵਿਚ ਵਰਤਿਆ ਇਕ ਤਕਨੀਕੀ ਸ਼ਬਦ। ਇਸ ਦਾ ਮਤਲਬ ਹੈ ਗਾਉਂਦੇ ਹੋਏ ਜਾਂ ਸੰਗੀਤ ਵਜਾਉਂਦੇ ਹੋਏ ਥੋੜ੍ਹਾ ਰੁਕਣਾ ਤਾਂਕਿ ਚੁੱਪ-ਚਾਪ ਮਨਨ ਕੀਤਾ ਜਾ ਸਕੇ ਜਾਂ ਜ਼ਾਹਰ ਕੀਤੀਆਂ ਭਾਵਨਾਵਾਂ ʼਤੇ ਧਿਆਨ ਦਿਵਾਇਆ ਜਾ ਸਕੇ। ਯੂਨਾਨੀ ਸੈਪਟੁਜਿੰਟ ਵਿਚ ਇਸ ਨੂੰ “ਡੀਆਸਾਮਾ” ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਥੋੜ੍ਹਾ ਰੁਕ ਕੇ “ਸੰਗੀਤ ਵੱਜਣ ਦੇਣਾ।”​—ਜ਼ਬੂ 3:4; ਹੱਬ 3:3.

  • ਸਵੇਰ ਦਾ ਤਾਰਾ:​—

  • ਸਿੰਗ:

    ਜਾਨਵਰਾਂ ਦੇ ਸਿੰਗਾਂ ਨੂੰ ਪੀਣ ਦੇ ਭਾਂਡਿਆਂ, ਤੇਲ ਰੱਖਣ ਦੇ ਭਾਂਡਿਆਂ ਤੇ ਦਵਾਤ ਵਜੋਂ ਵਰਤਿਆ ਜਾਂਦਾ ਸੀ ਅਤੇ ਇਨ੍ਹਾਂ ਵਿਚ ਸ਼ਿੰਗਾਰ ਦੀਆਂ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸਨ। ਇਨ੍ਹਾਂ ਦੇ ਸਾਜ਼ ਅਤੇ ਨਰਸਿੰਗੇ ਵੀ ਬਣਾਏ ਜਾਂਦੇ ਸਨ। (1 ਸਮੂ 16:​1, 13; 1 ਰਾਜ 1:39; ਹਿਜ਼ 9:2) “ਸਿੰਗ” ਨੂੰ ਅਕਸਰ ਤਾਕਤ, ਕਬਜ਼ਾ ਕਰਨ ਅਤੇ ਜਿੱਤ ਦੀ ਨਿਸ਼ਾਨੀ ਦੱਸਿਆ ਗਿਆ ਹੈ।​—ਬਿਵ 33:17; ਮੀਕਾ 4:13; ਜ਼ਕ 1:19.

  • ਸਾਮਰਿਯਾ:

    ਤਕਰੀਬਨ 200 ਸਾਲਾਂ ਤਕ ਉੱਤਰੀ ਇਜ਼ਰਾਈਲ ਦੇ ਦਸ-ਗੋਤੀ ਰਾਜ ਦੀ ਰਾਜਧਾਨੀ। ਇਸ ਦੇ ਪੂਰੇ ਇਲਾਕੇ ਨੂੰ ਵੀ ਸਾਮਰਿਯਾ ਕਿਹਾ ਜਾਂਦਾ ਸੀ। ਜਿਸ ਪਹਾੜ ʼਤੇ ਇਹ ਸ਼ਹਿਰ ਬਣਿਆ ਸੀ, ਉਸ ਦਾ ਵੀ ਇਹੀ ਨਾਂ ਸੀ। ਯਿਸੂ ਦੇ ਜ਼ਮਾਨੇ ਵਿਚ ਇਹ ਇਕ ਰੋਮੀ ਜ਼ਿਲ੍ਹੇ ਦਾ ਨਾਂ ਸੀ ਜਿਸ ਦੇ ਉੱਤਰ ਵਿਚ ਗਲੀਲ ਅਤੇ ਦੱਖਣ ਵਿਚ ਯਹੂਦਿਯਾ ਸੀ। ਯਿਸੂ ਨੇ ਇਸ ਇਲਾਕੇ ਵਿਚ ਪ੍ਰਚਾਰ ਨਹੀਂ ਕੀਤਾ, ਪਰ ਉਹ ਜਦ ਕਦੀ ਉੱਧਰੋਂ ਦੀ ਲੰਘਦਾ ਸੀ, ਤਾਂ ਉੱਥੇ ਦੇ ਲੋਕਾਂ ਨਾਲ ਗੱਲ ਕਰਦਾ ਸੀ। ਪਤਰਸ ਨੇ ਰਾਜ ਦੀ ਦੂਜੀ ਚਾਬੀ ਉਸ ਵੇਲੇ ਇਸਤੇਮਾਲ ਕੀਤੀ ਜਦ ਸਾਮਰੀ ਲੋਕਾਂ ਨੂੰ ਪਵਿੱਤਰ ਸ਼ਕਤੀ ਮਿਲੀ। (1 ਰਾਜ 16:24; ਯੂਹੰ 4:7; ਰਸੂ 8:14)​—ਵਧੇਰੇ ਜਾਣਕਾਰੀ 2.10 ਦੇਖੋ।

  • ਸਾਮਰੀ ਲੋਕ:

    ਪਹਿਲਾਂ-ਪਹਿਲਾਂ ਉਨ੍ਹਾਂ ਇਜ਼ਰਾਈਲੀਆਂ ਨੂੰ ਸਾਮਰੀ ਕਿਹਾ ਜਾਂਦਾ ਸੀ ਜਿਹੜੇ ਉੱਤਰ ਵਿਚ ਦਸ-ਗੋਤੀ ਰਾਜ ਵਿਚ ਰਹਿੰਦੇ ਸਨ। ਪਰ ਜਦ ਅੱਸ਼ੂਰੀਆਂ ਨੇ 740 ਈ. ਪੂ. ਵਿਚ ਸਾਮਰਿਯਾ ਨੂੰ ਜਿੱਤ ਲਿਆ, ਤਾਂ ਉਨ੍ਹਾਂ ਨੇ ਕਈ ਪਰਦੇਸੀਆਂ ਨੂੰ ਲਿਆ ਕੇ ਉੱਥੇ ਵਸਾ ਦਿੱਤਾ ਅਤੇ ਉਨ੍ਹਾਂ ਲੋਕਾਂ ਨੂੰ ਵੀ ਸਾਮਰੀ ਕਿਹਾ ਜਾਣ ਲੱਗਾ। ਯਿਸੂ ਦੇ ਜ਼ਮਾਨੇ ਵਿਚ ਇਹ ਨਾਂ ਕਿਸੇ ਖ਼ਾਸ ਵਰਗ ਜਾਂ ਕੌਮ ਦੇ ਲੋਕਾਂ ਲਈ ਨਹੀਂ ਵਰਤਿਆ ਜਾਂਦਾ ਸੀ, ਸਗੋਂ ਇਹ ਅਕਸਰ ਉਸ ਧਾਰਮਿਕ ਪੰਥ ਦੇ ਲੋਕਾਂ ਨੂੰ ਦਰਸਾਉਂਦਾ ਸੀ ਜੋ ਸ਼ਕਮ ਅਤੇ ਸਾਮਰਿਯਾ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਰਹਿੰਦੇ ਸਨ। ਇਸ ਪੰਥ ਦੇ ਲੋਕਾਂ ਦੇ ਕੁਝ ਵਿਸ਼ਵਾਸ ਯਹੂਦੀ ਧਰਮ ਤੋਂ ਬਿਲਕੁਲ ਵੱਖਰੇ ਸਨ।​—ਯੂਹੰ 8:48.

  • ਸਿੱਟੇ ਚੁਗਣਾ:

    ਫ਼ਸਲ ਦੇ ਸਿੱਟੇ, ਅੰਗੂਰ ਵਗੈਰਾ ਚੁਗਣੇ ਜਿਨ੍ਹਾਂ ਨੂੰ ਵਾਢੇ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਛੱਡ ਦਿੰਦੇ ਸਨ। ਮੂਸਾ ਦੇ ਕਾਨੂੰਨ ਵਿਚ ਹਿਦਾਇਤ ਦਿੱਤੀ ਗਈ ਸੀ ਕਿ ਲੋਕ ਖੇਤਾਂ ਦੀਆਂ ਨੁੱਕਰਾਂ ਤੋਂ ਪੂਰੀ ਤਰ੍ਹਾਂ ਫ਼ਸਲ ਨਾ ਵੱਢਣ ਅਤੇ ਨਾ ਹੀ ਸਾਰੇ ਜ਼ੈਤੂਨ ਜਾਂ ਅੰਗੂਰ ਇਕੱਠੇ ਕਰਨ। ਪਰਮੇਸ਼ੁਰ ਨੇ ਗ਼ਰੀਬਾਂ, ਲੋੜਵੰਦਾਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਵਾਢੀ ਤੋਂ ਬਾਅਦ ਰਹਿੰਦ-ਖੂੰਹਦ ਚੁਗਣ ਦਾ ਹੱਕ ਦਿੱਤਾ ਸੀ।​—ਰੂਥ 2:7.

  • ਸਿਰਟਿਸ:

    ਉੱਤਰੀ ਅਫ਼ਰੀਕਾ ਵਿਚ ਲਿਬੀਆ ਦੀਆਂ ਦੋ ਖਾੜੀਆਂ। ਪੁਰਾਣੇ ਜ਼ਮਾਨੇ ਵਿਚ ਮਲਾਹ ਇਸ ਜਗ੍ਹਾ ਤੋਂ ਡਰਦੇ ਸਨ ਕਿਉਂਕਿ ਇਨ੍ਹਾਂ ਖਾੜੀਆਂ ਦੇ ਕੰਢੇ ਦਲਦਲੀ ਰੇਤ ਨਾਲ ਭਰੇ ਰਹਿੰਦੇ ਸਨ ਜੋ ਲਹਿਰਾਂ ਦੇ ਕਾਰਨ ਖਿਸਕਦੇ ਰਹਿੰਦੇ ਸਨ। (ਰਸੂ 27:17)​—ਵਧੇਰੇ ਜਾਣਕਾਰੀ 2.13 ਦੇਖੋ।

  • ਸਿਰਲੇਖ:

    ਕਿਸੇ ਜ਼ਬੂਰ ਦੇ ਸ਼ੁਰੂ ਵਿਚ ਦਿੱਤੀ ਜਾਣਕਾਰੀ ਜਿਸ ਤੋਂ ਪਤਾ ਲੱਗਦਾ ਕਿ ਉਸ ਜ਼ਬੂਰ ਦਾ ਲਿਖਾਰੀ ਕੌਣ ਹੈ, ਉਹ ਕਿਨ੍ਹਾਂ ਹਾਲਾਤਾਂ ਵਿਚ ਲਿਖਿਆ ਗਿਆ ਸੀ, ਉਸ ਵਿਚ ਸੰਗੀਤ ਜਾਂ ਗਾਉਣ ਦੇ ਬਾਰੇ ਕਿਹੜੀਆਂ ਹਿਦਾਇਤਾਂ ਦਿੱਤੀਆਂ ਹਨ ਜਾਂ ਉਸ ਦਾ ਮਕਸਦ ਕੀ ਹੈ।​—ਜ਼ਬੂ 3, 4, 5, 6, 7, 30, 38, 60, 92, 102 ਦੇ ਸਿਰਲੇਖ ਦੇਖੋ।

  • ਸੀਓਨ; ਸੀਓਨ ਪਹਾੜ:

    ਯਬੂਸੀਆਂ ਦਾ ਕਿਲਾਬੰਦ ਸ਼ਹਿਰ ਯਬੂਸ ਜੋ ਯਰੂਸ਼ਲਮ ਦੀ ਦੱਖਣ-ਪੂਰਬੀ ਪਹਾੜੀ ਉੱਤੇ ਸੀ। ਉਸ ਨੂੰ ਜਿੱਤਣ ਤੋਂ ਬਾਅਦ ਦਾਊਦ ਨੇ ਉੱਥੇ ਆਪਣਾ ਮਹਿਲ ਬਣਾਇਆ ਅਤੇ ਉਸ ਨੂੰ “ਦਾਊਦ ਦਾ ਸ਼ਹਿਰ” ਕਿਹਾ ਜਾਣ ਲੱਗ ਪਿਆ। (2 ਸਮੂ 5:​7, 9) ਜਦੋਂ ਦਾਊਦ ਨੇ ਇਕਰਾਰ ਦਾ ਸੰਦੂਕ ਉੱਥੇ ਲਿਆਂਦਾ, ਤਾਂ ਸੀਓਨ ਪਹਾੜ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਠਹਿਰਿਆ। ਬਾਅਦ ਵਿਚ ਮੋਰੀਆਹ ਪਹਾੜ ਉੱਤੇ ਬਣੇ ਮੰਦਰ ਦਾ ਇਲਾਕਾ ਵੀ ਸੀਓਨ ਕਹਾਉਣ ਲੱਗਾ ਅਤੇ ਕਈ ਵਾਰ ਪੂਰੇ ਯਰੂਸ਼ਲਮ ਨੂੰ ਸੀਓਨ ਕਿਹਾ ਜਾਂਦਾ ਸੀ। ਮਸੀਹੀ ਯੂਨਾਨੀ ਲਿਖਤਾਂ ਵਿਚ ਇਸ ਦਾ ਜ਼ਿਕਰ ਸਵਰਗੀ ਗੱਲਾਂ ਨੂੰ ਦਰਸਾਉਣ ਲਈ ਕੀਤਾ ਗਿਆ ਹੈ।​—ਜ਼ਬੂ 2:6; 1 ਪਤ 2:6; ਪ੍ਰਕਾ 14:1.

  • ਸੀਨਾਬੰਦ:

    ਅਨਮੋਲ ਪੱਥਰਾਂ ਨਾਲ ਜੜੀ ਥੈਲੀ ਜਿਸ ਨੂੰ ਇਜ਼ਰਾਈਲ ਦਾ ਮਹਾਂ ਪੁਜਾਰੀ ਉਦੋਂ ਆਪਣੇ ਦਿਲ ʼਤੇ ਬੰਨ੍ਹਦਾ ਸੀ ਜਦੋਂ ਵੀ ਉਹ ਪਵਿੱਤਰ ਕਮਰੇ ਵਿਚ ਜਾਂਦਾ ਸੀ। ਇਸ ਨੂੰ “ਨਿਆਂ ਦਾ ਸੀਨਾਬੰਦ” ਕਿਹਾ ਜਾਂਦਾ ਸੀ ਕਿਉਂਕਿ ਇਸ ਵਿਚ ਊਰੀਮ ਅਤੇ ਤੁੰਮੀਮ ਰੱਖੇ ਹੁੰਦੇ ਸਨ ਜਿਨ੍ਹਾਂ ਨੂੰ ਵਰਤ ਕੇ ਯਹੋਵਾਹ ਦੇ ਫ਼ੈਸਲੇ ਪਤਾ ਕੀਤੇ ਜਾਂਦੇ ਸਨ। (ਕੂਚ 28:​15-30)​—ਵਧੇਰੇ ਜਾਣਕਾਰੀ 2.5 ਦੇਖੋ।

  • ਸੀਰੀਆ; ਸੀਰੀਆਈ ਲੋਕ:​—

  • ਸੀਵਾਨ:

    ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਵਾਲੇ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਤੀਜਾ ਮਹੀਨਾ ਅਤੇ ਆਮ ਕਲੰਡਰ ਦਾ ਨੌਵਾਂ ਮਹੀਨਾ। ਇਹ ਮਈ ਦੇ ਅੱਧ ਤੋਂ ਸ਼ੁਰੂ ਹੋ ਕੇ ਜੂਨ ਦੇ ਅੱਧ ਤਕ ਚੱਲਦਾ ਸੀ। (ਅਸ 8:9)​—ਵਧੇਰੇ ਜਾਣਕਾਰੀ 2.15 ਦੇਖੋ।

  • ਸੁੱਖਣਾ:

    ਕਿਸੇ ਇਨਸਾਨ ਵੱਲੋਂ ਪਰਮੇਸ਼ੁਰ ਨਾਲ ਕੀਤਾ ਕੋਈ ਗੰਭੀਰ ਵਾਅਦਾ ਕਿ ਉਹ ਕੋਈ ਕੰਮ ਕਰੇਗਾ, ਕਿਸੇ ਤਰ੍ਹਾਂ ਦਾ ਚੜ੍ਹਾਵਾ ਜਾਂ ਭੇਟ ਚੜ੍ਹਾਵੇਗਾ, ਕੋਈ ਖ਼ਾਸ ਸੇਵਾ ਕਰੇਗਾ ਜਾਂ ਆਪਣੇ ਆਪ ਨੂੰ ਅਜਿਹੀਆਂ ਚੀਜ਼ਾਂ ਤੋਂ ਦੂਰ ਰੱਖੇਗਾ ਜੋ ਕਾਨੂੰਨ ਮੁਤਾਬਕ ਗ਼ਲਤ ਨਹੀਂ ਹਨ। ਇਹ ਸਹੁੰ ਖਾਣ ਜਿੰਨੀ ਗੰਭੀਰ ਸੀ।​—ਗਿਣ 6:2; ਉਪ 5:4; ਮੱਤੀ 5:33.

  • ਸੁੱਖਣਾ ਦੀ ਭੇਟ:

    ਸੁੱਖਣਾ ਸੁੱਖਣ ਵੇਲੇ ਚੜ੍ਹਾਈ ਇੱਛਾ-ਬਲ਼ੀ।​—ਲੇਵੀ 23:38; 1 ਸਮੂ 1:21.

  • ਸੁੰਨਤ:

    ਮੁੰਡੇ ਜਾਂ ਆਦਮੀ ਦੇ ਗੁਪਤ ਅੰਗ ਦੇ ਅੱਗਿਓਂ ਚਮੜੀ ਕੱਟਣੀ। ਅਬਰਾਹਾਮ ਅਤੇ ਉਸ ਦੀ ਔਲਾਦ ਤੋਂ ਇਹ ਮੰਗ ਕੀਤੀ ਗਈ ਸੀ ਕਿ ਉਹ ਸੁੰਨਤ ਕਰਾਉਣ, ਪਰ ਮਸੀਹੀਆਂ ਤੋਂ ਇਹ ਮੰਗ ਨਹੀਂ ਕੀਤੀ ਗਈ। ਕਈ ਆਇਤਾਂ ਵਿਚ ਇਹ ਸ਼ਬਦ ਕੁਝ ਗੱਲਾਂ ਦੀ ਅਹਿਮੀਅਤ ʼਤੇ ਜ਼ੋਰ ਦੇਣ ਲਈ ਮਿਸਾਲ ਦੇ ਤੌਰ ਤੇ ਵਰਤਿਆ ਗਿਆ ਹੈ।​—ਉਤ 17:10; 1 ਕੁਰਿੰ 7:19; ਫ਼ਿਲਿ 3:3.

  • ਸੁਲੇਮਾਨ ਦਾ ਬਰਾਂਡਾ:

    ਯਿਸੂ ਦੇ ਜ਼ਮਾਨੇ ਵਿਚ ਮੰਦਰ ਦੇ ਬਾਹਰਲੇ ਵਿਹੜੇ ਦੇ ਪੂਰਬੀ ਪਾਸੇ ਇਕ ਛੱਤਿਆ ਹੋਇਆ ਰਸਤਾ। ਮੰਨਿਆ ਜਾਂਦਾ ਸੀ ਕਿ ਇਹ ਸੁਲੇਮਾਨ ਦੇ ਮੰਦਰ ਦਾ ਬਚਿਆ ਹੋਇਆ ਹਿੱਸਾ ਸੀ। ‘ਸਰਦੀਆਂ ਦੇ ਮੌਸਮ’ ਵਿਚ ਯਿਸੂ ਇੱਥੇ ਘੁੰਮਦਾ ਸੀ ਅਤੇ ਸ਼ੁਰੂ-ਸ਼ੁਰੂ ਵਿਚ ਬਣੇ ਮਸੀਹੀ ਇੱਥੇ ਭਗਤੀ ਕਰਨ ਲਈ ਮਿਲਦੇ ਸਨ। (ਯੂਹੰ 10:​22, 23; ਰਸੂ 5:12)​—ਵਧੇਰੇ ਜਾਣਕਾਰੀ 2.11 ਦੇਖੋ।

  • ਸੂਬੇਦਾਰ:

    ਬਾਬਲ ਅਤੇ ਫਾਰਸ ਸਾਮਰਾਜ ਦੇ ਇਕ ਸੂਬੇ ਦਾ ਰਾਜਪਾਲ। ਰਾਜਾ ਸੂਬੇਦਾਰ ਨੂੰ ਮੁੱਖ ਹਾਕਮ ਵਜੋਂ ਨਿਯੁਕਤ ਕਰਦਾ ਸੀ।​—ਅਜ਼ 8:36; ਦਾਨੀ 6:1.

  • ਸੂਲ਼ੀ:

    ਇਕ ਸਿੱਧੀ ਥੰਮ੍ਹੀ ਜਿਸ ਉੱਤੇ ਕਿਸੇ ਨੂੰ ਟੰਗਿਆ ਜਾਂਦਾ ਸੀ। ਕੁਝ ਕੌਮਾਂ ਸਜ਼ਾ ਦੇਣ ਲਈ ਕਿਸੇ ਨੂੰ ਸੂਲ਼ੀ ʼਤੇ ਟੰਗਦੀਆਂ ਸਨ। ਦੂਜੇ ਲੋਕਾਂ ਨੂੰ ਚੇਤਾਵਨੀ ਦੇਣ ਜਾਂ ਸ਼ਰੇਆਮ ਕਿਸੇ ਦੀ ਬਦਨਾਮੀ ਕਰਨ ਲਈ ਲਾਸ਼ ਨੂੰ ਸੂਲ਼ੀ ʼਤੇ ਟੰਗੀ ਰਹਿਣ ਦਿੱਤਾ ਜਾਂਦਾ ਸੀ। ਯੁੱਧ ਵਿਚ ਖੂੰਖਾਰ ਮੰਨੇ ਜਾਣ ਵਾਲੇ ਅੱਸ਼ੂਰੀ ਲੋਕ ਬੰਦੀ ਬਣਾਏ ਗਏ ਲੋਕਾਂ ਦੇ ਢਿੱਡ ਵਿਚ ਸੂਲ਼ੀ ਖੋਭ ਕੇ ਛਾਤੀ ਵਿੱਚੋਂ ਦੀ ਕੱਢਦੇ ਸਨ ਤੇ ਲਾਸ਼ ਉਸ ਉੱਤੇ ਟੰਗੀ ਰੱਖਦੇ ਸਨ। ਪਰ ਯਹੂਦੀਆਂ ਦੇ ਕਾਨੂੰਨ ਮੁਤਾਬਕ ਜਿਹੜਾ ਇਨਸਾਨ ਪਰਮੇਸ਼ੁਰ ਦੀ ਨਿੰਦਿਆ ਕਰਨ ਜਾਂ ਮੂਰਤੀ-ਪੂਜਾ ਵਰਗੇ ਗੰਭੀਰ ਪਾਪ ਕਰਦਾ ਸੀ, ਤਾਂ ਉਸ ਨੂੰ ਪਹਿਲਾਂ ਪੱਥਰਾਂ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਮਾਰ ਦਿੱਤਾ ਜਾਂਦਾ ਸੀ। ਫਿਰ ਦੂਜਿਆਂ ਨੂੰ ਚੇਤਾਵਨੀ ਦੇਣ ਲਈ ਉਸ ਦੀ ਲਾਸ਼ ਨੂੰ ਸੂਲ਼ੀ ਜਾਂ ਦਰਖ਼ਤ ਉੱਤੇ ਟੰਗ ਦਿੱਤਾ ਜਾਂਦਾ ਸੀ। (ਬਿਵ 21:​22, 23; 2 ਸਮੂ 21:​6, 9) ਰੋਮੀ ਲੋਕ ਕਦੇ-ਕਦੇ ਅਪਰਾਧੀ ਨੂੰ ਸੂਲ਼ੀ ਨਾਲ ਬੰਨ੍ਹ ਦਿੰਦੇ ਸਨ ਜੋ ਕਈ ਦਿਨਾਂ ਤਕ ਦਰਦ ਨਾਲ ਤੜਫਦਾ ਸੀ ਤੇ ਭੁੱਖ-ਪਿਆਸ ਅਤੇ ਧੁੱਪ ਨਾਲ ਮਰ ਜਾਂਦਾ ਸੀ। ਪਰ ਕਈ ਵਾਰ ਉਹ ਸੂਲ਼ੀ ਉੱਤੇ ਅਪਰਾਧੀ ਦੇ ਹੱਥ-ਪੈਰ ਕਿੱਲਾਂ ਨਾਲ ਠੋਕ ਦਿੰਦੇ ਸਨ ਜਿਵੇਂ ਉਨ੍ਹਾਂ ਨੇ ਯਿਸੂ ਨਾਲ ਕੀਤਾ ਸੀ। (ਲੂਕਾ 24:20; ਯੂਹੰ 19:​14-16; 20:25; ਰਸੂ 2:​23, 36)​—ਤਸੀਹੇ ਦੀ ਸੂਲ਼ੀ ਦੇਖੋ।

  • ਸੇਆਹ:

    ਸੁੱਕੀਆਂ ਚੀਜ਼ਾਂ ਤੋਲਣ ਦਾ ਇਕ ਮਾਪ। ਜੇ ਇਸ ਮਾਪ ਦੀ ਕੋਈ ਚੀਜ਼ ਤਰਲ ਮਾਪ ਬਥ ਦੇ ਭਾਂਡੇ ਵਿਚ ਪਾਈ ਜਾਵੇ, ਤਾਂ ਇਹ 7.33 ਲੀਟਰ ਹੋਵੇਗਾ। (2 ਰਾਜ 7:1)​—ਵਧੇਰੇ ਜਾਣਕਾਰੀ 2.14 ਦੇਖੋ।

  • ਸੋਹਣਾ ਬਾਗ਼:

    ਅਦਨ ਦੇ ਬਾਗ਼ ਵਰਗੀ ਸੋਹਣੀ ਜਗ੍ਹਾ ਜੋ ਯਹੋਵਾਹ ਨੇ ਪਹਿਲੇ ਇਨਸਾਨੀ ਜੋੜੇ ਲਈ ਬਣਾਈ ਸੀ। ਯਿਸੂ ਨੇ ਆਪਣੇ ਨਾਲ ਸੂਲ਼ੀ ʼਤੇ ਟੰਗੇ ਹੋਏ ਅਪਰਾਧੀ ਨੂੰ ਕਿਹਾ ਕਿ ਧਰਤੀ ਸੋਹਣਾ ਬਾਗ਼ ਬਣ ਜਾਵੇਗੀ। 2 ਕੁਰਿੰਥੀਆਂ 12:4 ਵਿਚ ਜਿਸ ਸੋਹਣੇ ਬਾਗ਼ ਦੀ ਗੱਲ ਕੀਤੀ ਗਈ ਹੈ, ਉਹ ਭਵਿੱਖ ਵਿਚ ਹੋਵੇਗਾ ਅਤੇ ਪ੍ਰਕਾਸ਼ ਦੀ ਕਿਤਾਬ 2:7 ਸਵਰਗ ਵਿਚ ਪਰਮੇਸ਼ੁਰ ਦੇ ਬਾਗ਼ ਨੂੰ ਦਰਸਾਉਂਦਾ ਹੈ।​—ਸ੍ਰੇਸ਼ 4:13; ਲੂਕਾ 23:43.

  • ਸੋਗ ਮਨਾਉਣਾ:

    ਕਿਸੇ ਦੀ ਮੌਤ ਹੋਣ ਤੇ ਜਾਂ ਕੋਈ ਆਫ਼ਤ ਆਉਣ ਤੇ ਦੁੱਖ ਜ਼ਾਹਰ ਕਰਨਾ। ਬਾਈਬਲ ਦੇ ਜ਼ਮਾਨੇ ਵਿਚ ਕਈ ਦਿਨਾਂ ਤਕ ਸੋਗ ਮਨਾਉਣ ਦਾ ਦਸਤੂਰ ਸੀ। ਸੋਗ ਕਰਨ ਵਾਲੇ ਉੱਚੀ-ਉੱਚੀ ਰੋਣ ਤੋਂ ਇਲਾਵਾ ਖ਼ਾਸ ਕੱਪੜੇ ਪਹਿਨਦੇ ਸਨ, ਸਿਰ ʼਤੇ ਸੁਆਹ ਪਾਉਂਦੇ ਸਨ, ਆਪਣੇ ਕੱਪੜੇ ਪਾੜਦੇ ਸਨ ਤੇ ਛਾਤੀ ਪਿੱਟਦੇ ਸਨ। ਕਦੇ-ਕਦੇ ਮਰੇ ਹੋਇਆਂ ਨੂੰ ਦਫ਼ਨਾਉਣ ਵੇਲੇ ਸੋਗ ਕਰਨ ਵਾਲਿਆਂ ਨੂੰ ਕਿਰਾਏ ʼਤੇ ਬੁਲਾਇਆ ਜਾਂਦਾ ਸੀ।​—ਉਤ 23:2; ਅਸ 4:3; ਪ੍ਰਕਾ 21:4.

  • ਸ਼ਬਾਟ:

    ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਵਾਲੇ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ 11ਵਾਂ ਅਤੇ ਆਮ ਕਲੰਡਰ ਦਾ ਪੰਜਵਾਂ ਮਹੀਨਾ। ਇਹ ਮਹੀਨਾ ਜਨਵਰੀ ਦੇ ਅੱਧ ਤੋਂ ਲੈ ਕੇ ਫਰਵਰੀ ਦੇ ਅੱਧ ਤਕ ਚੱਲਦਾ ਸੀ। (ਜ਼ਕ 1:7)​—ਵਧੇਰੇ ਜਾਣਕਾਰੀ 2.15 ਦੇਖੋ।

  • ਸ਼ਮੀਨੀਥ:

    ਸੰਗੀਤ ਨਾਲ ਜੁੜਿਆ ਇਕ ਸ਼ਬਦ ਜਿਸ ਦਾ ਮਤਲਬ ਹੈ “ਅੱਠਵਾਂ।” ਇਹ ਸ਼ਾਇਦ ਮੱਧਮ ਸੁਰ ਨੂੰ ਦਰਸਾਉਂਦਾ ਹੈ। ਸਾਜ਼ਾਂ ਦੇ ਮਾਮਲੇ ਵਿਚ ਇਸ ਸ਼ਬਦ ਦਾ ਮਤਲਬ ਸ਼ਾਇਦ ਮੱਧਮ ਆਵਾਜ਼ ਵਿਚ ਸੁਰ ਕੱਢਣ ਵਾਲੇ ਸਾਜ਼ ਹਨ। ਗੀਤਾਂ ਦੇ ਮਾਮਲੇ ਵਿਚ ਸ਼ਾਇਦ ਇਸ ਸ਼ਬਦ ਦਾ ਮਤਲਬ ਹੈ ਮੱਧਮ ਸੁਰ ਵਿਚ ਗਾਉਣਾ ਜਾਂ ਵਜਾਉਣਾ।​—1 ਇਤਿ 15:21; ਜ਼ਬੂ 6:ਸਿਰ; 12:ਸਿਰ.

  • ਸ਼ਾਂਤੀ-ਬਲ਼ੀ:

    ਉਹ ਬਲ਼ੀ ਜੋ ਯਹੋਵਾਹ ਨਾਲ ਸ਼ਾਂਤੀ ਬਣਾਉਣ ਲਈ ਦਿੱਤੀ ਜਾਂਦੀ ਸੀ। ਭਗਤ ਤੇ ਉਸ ਦਾ ਘਰਾਣਾ, ਬਲ਼ੀ ਚੜ੍ਹਾਉਣ ਵਾਲਾ ਪੁਜਾਰੀ ਅਤੇ ਸੇਵਾ ਕਰਨ ਵਾਲੇ ਪੁਜਾਰੀ ਮਿਲ ਕੇ ਇਸ ਬਲ਼ੀ ਵਿੱਚੋਂ ਖਾਂਦੇ ਸਨ। ਜਾਨਵਰ ਦੀ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਂਦੀ ਸੀ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਸੀ ਅਤੇ ਉਹ ਇਸ ਨੂੰ ਕਬੂਲ ਕਰਦਾ ਸੀ। ਉਸ ਨੂੰ ਲਹੂ ਵੀ ਅਰਪਣ ਕੀਤਾ ਜਾਂਦਾ ਸੀ ਜੋ ਕਿ ਜੀਵਨ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੁਜਾਰੀ ਅਤੇ ਭਗਤ ਯਹੋਵਾਹ ਨਾਲ ਬੈਠ ਕੇ ਇਕੱਠੇ ਖਾਣਾ ਖਾਂਦੇ ਸਨ ਜੋ ਉਨ੍ਹਾਂ ਵਿਚ ਸ਼ਾਂਤੀ ਭਰੇ ਰਿਸ਼ਤੇ ਨੂੰ ਦਰਸਾਉਂਦਾ ਸੀ।​—ਲੇਵੀ 7:​29, 32; ਬਿਵ 27:7.

  • ਸ਼ਿਕੰਜਾ:

    ਇਕ ਢਾਂਚਾ ਜਿਸ ਵਿਚ ਜਕੜ ਕੇ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ। ਕੁਝ ਸ਼ਿਕੰਜਿਆਂ ਵਿਚ ਸਿਰਫ਼ ਪੈਰ ਜਕੜੇ ਜਾਂਦੇ ਸਨ ਜਦ ਕਿ ਹੋਰ ਕਿਸਮ ਦੇ ਸ਼ਿਕੰਜਿਆਂ ਵਿਚ ਪੈਰ, ਹੱਥ ਅਤੇ ਗਰਦਨ ਜਕੜੀ ਜਾਂਦੀ ਸੀ ਜਿਸ ਕਰਕੇ ਸਰੀਰ ਮੁੜਿਆ-ਤੁੜਿਆ ਰਹਿੰਦਾ ਸੀ।​—ਯਿਰ 20:2; ਰਸੂ 16:24.

  • ਸ਼ੀਓਲ:

    ਇਕ ਇਬਰਾਨੀ ਸ਼ਬਦ ਜਿਸ ਨਾਲ ਮਿਲਦਾ-ਜੁਲਦਾ ਯੂਨਾਨੀ ਸ਼ਬਦ “ਹੇਡੀਜ਼” ਹੈ। ਇਸ ਦਾ ਅਨੁਵਾਦ ਕਬਰ ਕੀਤਾ ਗਿਆ ਹੈ।​—ਉਤ 37:​35, ਫੁਟਨੋਟ; ਜ਼ਬੂ 16:​10, ਫੁਟਨੋਟ; ਰਸੂ 2:​31, ਫੁਟਨੋਟ।

  • ਸ਼ੁੱਧ:

    ਬਾਈਬਲ ਵਿਚ ਇਸ ਸ਼ਬਦ ਦਾ ਮਤਲਬ ਸਿਰਫ਼ ਸਰੀਰ ਨੂੰ ਸਾਫ਼ ਰੱਖਣਾ ਨਹੀਂ ਹੈ, ਸਗੋਂ ਬੇਦਾਗ਼ ਅਤੇ ਨਿਹਕਲੰਕ ਹਾਲਤ ਨੂੰ ਬਰਕਰਾਰ ਰੱਖਣਾ ਜਾਂ ਮੁੜ ਉਸ ਹਾਲਤ ਵਿਚ ਆਉਣਾ ਹੈ ਅਤੇ ਅਜਿਹੀ ਕਿਸੇ ਵੀ ਚੀਜ਼ ਤੋਂ ਦੂਰ ਰਹਿਣਾ ਜੋ ਕਿਸੇ ਇਨਸਾਨ ਨੂੰ ਨੈਤਿਕ ਤੌਰ ਤੇ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗੰਦਾ, ਦੂਸ਼ਿਤ ਜਾਂ ਭ੍ਰਿਸ਼ਟ ਕਰ ਸਕਦੀ ਹੈ। ਮੂਸਾ ਦੇ ਕਾਨੂੰਨ ਵਿਚ ਸ਼ੁੱਧ ਹੋਣ ਦਾ ਮਤਲਬ ਸੀ ਨਿਯਮਾਂ ਅਨੁਸਾਰ ਖ਼ੁਦ ਨੂੰ ਸ਼ੁੱਧ ਕਰਨਾ।​—ਲੇਵੀ 10:10; ਜ਼ਬੂ 51:7; ਮੱਤੀ 8:2; 1 ਕੁਰਿੰ 6:11.

  • ਸ਼ੇਕੇਲ:

    ਭਾਰ ਤੋਲਣ ਦੀ ਤੇ ਪੈਸਿਆਂ ਦੀ ਇਕ ਇਬਰਾਨੀ ਇਕਾਈ। ਇਕ ਸ਼ੇਕੇਲ ਦਾ ਭਾਰ 11.4 ਗ੍ਰਾਮ ਦੇ ਬਰਾਬਰ ਹੁੰਦਾ ਸੀ। “ਪਵਿੱਤਰ ਸਥਾਨ ਦੇ ਸ਼ੇਕੇਲ” ਦਾ ਜ਼ਿਕਰ ਸ਼ਾਇਦ ਇਸ ਲਈ ਕੀਤਾ ਜਾਂਦਾ ਸੀ ਕਿ ਇਹ ਵੱਟਾ ਸਹੀ ਹੋਣਾ ਚਾਹੀਦਾ ਹੈ ਜਾਂ ਪਵਿੱਤਰ ਡੇਰੇ ਵਿਚ ਰੱਖੇ ਵੱਟੇ ਅਨੁਸਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਦੋਂ ਸ਼ਾਇਦ ਸ਼ਾਹੀ ਸ਼ੇਕੇਲ ਵੀ ਹੁੰਦਾ ਸੀ ਜਾਂ ਸ਼ਾਹੀ ਮਹਿਲ ਵਿਚ ਰੱਖਿਆ ਇਕ ਭਾਰ ਤੋਲਣ ਵਾਲਾ ਵੱਟਾ ਹੁੰਦਾ ਸੀ।​—ਕੂਚ 30:13.

  • ਸ਼ੈਤਾਨ:

    ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਵਿਰੋਧੀ।” ਬਾਈਬਲ ਵਿਚ ਖ਼ਾਸ ਕਰਕੇ ਇਹ ਸ਼ਬਦ ਪਰਮੇਸ਼ੁਰ ਦੇ ਸਭ ਤੋਂ ਵੱਡੇ ਦੁਸ਼ਮਣ ਲਈ ਵਰਤਿਆ ਗਿਆ ਹੈ।​—ਅੱਯੂ 1:6; ਮੱਤੀ 4:10; ਪ੍ਰਕਾ 12:9.

  • ਹੱਥ ਰੱਖਣੇ:

    ਕਿਸੇ ਇਨਸਾਨ ʼਤੇ ਹੱਥ ਰੱਖਣ ਦਾ ਮਤਲਬ ਹੁੰਦਾ ਸੀ ਉਸ ਨੂੰ ਕਿਸੇ ਖ਼ਾਸ ਕੰਮ ਲਈ ਚੁਣਨਾ, ਅਸੀਸ ਦੇਣੀ, ਚੰਗਾ ਕਰਨਾ ਜਾਂ ਪਵਿੱਤਰ ਸ਼ਕਤੀ ਦੀ ਕੋਈ ਦਾਤ ਦੇਣੀ। ਕਦੀ-ਕਦੀ ਜਾਨਵਰਾਂ ਦੀ ਬਲ਼ੀ ਦੇਣ ਤੋਂ ਪਹਿਲਾਂ ਉਨ੍ਹਾਂ ʼਤੇ ਹੱਥ ਰੱਖੇ ਜਾਂਦੇ ਸਨ।​ਕੂਚ 29:15; ਗਿਣ 27:18; ਰਸੂ 19:6; 1 ਤਿਮੋ 5:22.

  • ਹੱਥ:

    ਲੰਬਾਈ ਨਾਪਣ ਦਾ ਮਾਪ ਜੋ ਕੂਹਣੀ ਤੋਂ ਲੈ ਕੇ ਵਿਚਕਾਰਲੀ ਉਂਗਲੀ ਦੇ ਸਿਰੇ ਤਕ ਹੁੰਦਾ ਸੀ। ਆਮ ਤੌਰ ਤੇ ਇਜ਼ਰਾਈਲੀ 44.5 ਸੈਂਟੀਮੀਟਰ (17.5 ਇੰਚ) ਨੂੰ ਇਕ ਹੱਥ ਮੰਨਦੇ ਸਨ, ਪਰ ਉਹ ਲੰਬੇ ਹੱਥ ਦਾ ਮਾਪ ਵੀ ਵਰਤਦੇ ਸਨ ਜੋ ਇਕ ਚੱਪਾ ਯਾਨੀ ਲਗਭਗ 51.8 ਸੈਂਟੀਮੀਟਰ (20.4 ਇੰਚ) ਹੁੰਦਾ ਸੀ। (ਉਤ 6:15; ਲੂਕਾ 12:25)​—ਵਧੇਰੇ ਜਾਣਕਾਰੀ 2.14 ਦੇਖੋ।

  • ਹਰਮੇਸ:

    ਇਕ ਯੂਨਾਨੀ ਦੇਵਤਾ ਜੋ ਜ਼ੂਸ ਦਾ ਪੁੱਤਰ ਸੀ। ਇਸ ਨੂੰ ਦੇਵਤਿਆਂ ਵੱਲੋਂ ਸੰਦੇਸ਼ ਪਹੁੰਚਾਉਣ ਵਾਲਾ ਅਤੇ ਬੋਲਣ ਵਿਚ ਮਾਹਰ ਮੰਨਿਆ ਜਾਂਦਾ ਸੀ। ਇਸ ਕਰਕੇ ਲੁਸਤ੍ਰਾ ਵਿਚ ਲੋਕਾਂ ਨੇ ਪੌਲੁਸ ਨੂੰ ਗ਼ਲਤੀ ਨਾਲ ਹਰਮੇਸ ਸਮਝ ਲਿਆ।​—ਰਸੂ 14:12.

  • ਹਰਾਮਕਾਰੀ:

    ਯੂਨਾਨੀ ਸ਼ਬਦ “ਪੋਰਨੀਆ” ਦਾ ਅਨੁਵਾਦ। ਬਾਈਬਲ ਵਿਚ ਇਹ ਸ਼ਬਦ ਅਜਿਹੇ ਕੁਝ ਸਰੀਰਕ ਸੰਬੰਧਾਂ ਲਈ ਵਰਤਿਆ ਗਿਆ ਹੈ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹਨ। ਇਨ੍ਹਾਂ ਵਿਚ ਸ਼ਾਮਲ ਹਨ ਦੋ ਜਣਿਆਂ ਵਿਚ ਸਰੀਰਕ ਸੰਬੰਧ ਜੋ ਆਪਸ ਵਿਚ ਵਿਆਹੇ ਹੋਏ ਨਹੀਂ ਹਨ, ਵੇਸਵਾਗਿਰੀ, ਸਮਲਿੰਗੀ ਸੰਬੰਧ ਅਤੇ ਪਸ਼ੂਆਂ ਨਾਲ ਸੰਭੋਗ। ਪ੍ਰਕਾਸ਼ ਦੀ ਕਿਤਾਬ ਵਿਚ ਧਰਮ ਨੂੰ ਵੇਸਵਾ ਕਿਹਾ ਗਿਆ ਹੈ ਜਿਸ ਦਾ ਨਾਂ ਹੈ “ਮਹਾਂ ਬਾਬਲ।” ਇਹ ਵੇਸਵਾ ਤਾਕਤ ਤੇ ਧਨ-ਦੌਲਤ ਪਾਉਣ ਲਈ ਇਸ ਦੁਨੀਆਂ ਦੇ ਹਾਕਮਾਂ ਨਾਲ ਨਾਜਾਇਜ਼ ਸੰਬੰਧ ਰੱਖਦੀ ਹੈ। (ਪ੍ਰਕਾ 14:8; 17:2; 18:3; ਕੂਚ 20:14; ਮੱਤੀ 5:​27, 32; 19:9; ਰਸੂ 15:29; ਗਲਾ 5:19)​—ਵੇਸਵਾ ਦੇਖੋ।

  • ਹਾਕਮ; ਮੈਜਿਸਟ੍ਰੇਟ:

    ਬਾਬਲ ਦੀ ਸਰਕਾਰ ਅਧੀਨ ਜ਼ਿਲ੍ਹਿਆਂ ਦੇ ਅਧਿਕਾਰੀ ਜਿਨ੍ਹਾਂ ਨੂੰ ਕਾਨੂੰਨ ਦੀ ਜਾਣਕਾਰੀ ਹੁੰਦੀ ਸੀ ਅਤੇ ਨਿਆਇਕ ਮਾਮਲੇ ਸੁਲਝਾਉਣ ਦਾ ਕੁਝ ਹੱਦ ਤਕ ਅਧਿਕਾਰ ਹੁੰਦਾ ਸੀ। ਰੋਮੀ ਬਸਤੀਆਂ ਵਿਚ ਮੈਜਿਸਟ੍ਰੇਟ ਸਰਕਾਰ ਦੇ ਪ੍ਰਸ਼ਾਸਕ ਸਨ। ਉਨ੍ਹਾਂ ਦਾ ਕੰਮ ਸੀ ਸ਼ਾਂਤੀ ਬਣਾਈ ਰੱਖਣਾ, ਸਰਕਾਰੀ ਪੈਸੇ ਦਾ ਹਿਸਾਬ-ਕਿਤਾਬ ਰੱਖਣਾ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦਾ ਨਿਆਂ ਕਰਨਾ ਅਤੇ ਸਜ਼ਾ ਦਾ ਹੁਕਮ ਦੇਣਾ।​—ਦਾਨੀ 3:2; ਰਸੂ 16:​20, ਫੁਟਨੋਟ।

  • ਹਾਰੂਨ ਦੇ ਪੁੱਤਰ:

    ਲੇਵੀ ਦੇ ਪੋਤੇ ਹਾਰੂਨ ਦੀ ਸੰਤਾਨ ਜਿਸ ਨੂੰ ਮੂਸਾ ਦੇ ਕਾਨੂੰਨ ਮੁਤਾਬਕ ਪਹਿਲਾ ਮਹਾਂ ਪੁਜਾਰੀ ਚੁਣਿਆ ਗਿਆ ਸੀ। ਹਾਰੂਨ ਦੇ ਪੁੱਤਰ ਡੇਰੇ ਵਿਚ ਅਤੇ ਮੰਦਰ ਵਿਚ ਪੁਜਾਰੀਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ।​—1 ਇਤਿ 23:28.

  • ਹਿੱਗਯੋਨ:

    ਸੰਗੀਤ ਦੇ ਨਿਰਦੇਸ਼ਨ ਲਈ ਇਕ ਤਕਨੀਕੀ ਸ਼ਬਦ। ਜ਼ਬੂਰ 9:16 ਵਿਚ ਵਰਤੇ ਇਸ ਸ਼ਬਦ ਦਾ ਮਤਲਬ ਹੋ ਸਕਦਾ ਹੈ, ਜ਼ਬੂਰ ਨੂੰ ਵਿੱਚੇ ਰੋਕ ਕੇ ਰਬਾਬ ʼਤੇ ਗੰਭੀਰ ਧੁਨ ਵਜਾਉਣੀ ਜਾਂ ਫਿਰ ਮਨਨ ਕਰਨ ਲਈ ਥੋੜ੍ਹਾ ਜਿਹਾ ਰੁਕਣਾ।

  • ਹਿਲਾਉਣ ਦੀ ਭੇਟ:

    ਇਹ ਚੜ੍ਹਾਵਾ ਭਗਤ ਦੇ ਹੱਥਾਂ ਵਿਚ ਫੜਿਆ ਹੁੰਦਾ ਸੀ ਤੇ ਪੁਜਾਰੀ ਉਸ ਦੇ ਹੱਥਾਂ ਥੱਲੇ ਆਪਣੇ ਹੱਥ ਰੱਖ ਕੇ ਇਸ ਚੜ੍ਹਾਵੇ ਨੂੰ ਅੱਗੇ-ਪਿੱਛੇ ਹਿਲਾਉਂਦਾ ਸੀ ਜਾਂ ਪੁਜਾਰੀ ਆਪ ਇਸ ਚੜ੍ਹਾਵੇ ਨੂੰ ਅੱਗੇ-ਪਿੱਛੇ ਹਿਲਾਉਂਦਾ ਸੀ। ਇਸ ਤਰ੍ਹਾਂ ਕਰਨਾ ਯਹੋਵਾਹ ਅੱਗੇ ਭੇਟ ਪੇਸ਼ ਕਰਨ ਦੇ ਬਰਾਬਰ ਮੰਨਿਆ ਜਾਂਦਾ ਸੀ।​—ਲੇਵੀ 7:30.

  • ਹੀਨ:

    ਤਰਲ ਚੀਜ਼ਾਂ ਦਾ ਇਕ ਮਾਪ ਅਤੇ ਉਸ ਨੂੰ ਮਾਪਣ ਲਈ ਭਾਂਡਾ। ਇਹ 3.67 ਲੀਟਰ ਦੇ ਬਰਾਬਰ ਹੁੰਦਾ ਸੀ।​—ਵਧੇਰੇ ਜਾਣਕਾਰੀ 2.14 ਦੇਖੋ।

  • ਹੇਡੀਜ਼:

    ਇਕ ਯੂਨਾਨੀ ਸ਼ਬਦ ਜੋ ਇਬਰਾਨੀ ਸ਼ਬਦ “ਸ਼ੀਓਲ” ਨਾਲ ਮਿਲਦਾ-ਜੁਲਦਾ ਹੈ। ਇਸ ਦਾ ਅਨੁਵਾਦ “ਕਬਰ” ਕੀਤਾ ਗਿਆ ਹੈ।​—ਕਬਰ ਦੇਖੋ।

  • ਹੇਰੋਦੀ:

    ਹੇਰੋਦੇਸ ਦੇ ਦਲ ਦੇ ਲੋਕ ਹੇਰੋਦੀਆਂ ਵਜੋਂ ਜਾਣੇ ਜਾਂਦੇ ਸਨ। ਉਹ ਦੇਸ਼-ਭਗਤਾਂ ਦਾ ਅਜਿਹਾ ਦਲ ਸੀ ਜਿਸ ਨੇ ਰੋਮੀਆਂ ਦੇ ਅਧੀਨ ਰਾਜ ਕਰਨ ਵਾਲੇ ਵੱਖੋ-ਵੱਖਰੇ ਹੇਰੋਦੇਸਾਂ ਦੇ ਰਾਜਨੀਤਿਕ ਟੀਚਿਆਂ ਦਾ ਸਮਰਥਨ ਕੀਤਾ ਸੀ। ਕੁਝ ਸਦੂਕੀ ਵੀ ਸ਼ਾਇਦ ਇਸ ਦਲ ਨਾਲ ਜੁੜੇ ਹੋਏ ਸਨ। ਯਿਸੂ ਦਾ ਵਿਰੋਧ ਕਰਨ ਲਈ ਹੇਰੋਦੀਆਂ ਨੇ ਫ਼ਰੀਸੀਆਂ ਦਾ ਸਾਥ ਦਿੱਤਾ ਸੀ।​—ਮਰ 3:6.

  • ਹੇਰੋਦੇਸ:

    ਇਕ ਸ਼ਾਹੀ ਖ਼ਾਨਦਾਨ ਦਾ ਨਾਂ ਜਿਸ ਨੂੰ ਰੋਮ ਨੇ ਯਹੂਦੀਆਂ ʼਤੇ ਰਾਜ ਕਰਨ ਲਈ ਠਹਿਰਾਇਆ ਸੀ। ਹੇਰੋਦੇਸ ਮਹਾਨ ਇਸ ਗੱਲ ਲਈ ਮਸ਼ਹੂਰ ਸੀ ਕਿ ਉਸ ਨੇ ਯਰੂਸ਼ਲਮ ਦਾ ਮੰਦਰ ਦੁਬਾਰਾ ਬਣਾਇਆ ਸੀ ਅਤੇ ਯਿਸੂ ਨੂੰ ਖ਼ਤਮ ਕਰਨ ਲਈ ਛੋਟੇ-ਛੋਟੇ ਬੱਚਿਆਂ ਦਾ ਕਤਲ ਕਰਨ ਦਾ ਹੁਕਮ ਦਿੱਤਾ ਸੀ। (ਮੱਤੀ 2:16; ਲੂਕਾ 1:5) ਹੇਰੋਦੇਸ ਮਹਾਨ ਦੇ ਪੁੱਤਰਾਂ ਹੇਰੋਦੇਸ ਅਰਕਿਲਾਊਸ ਅਤੇ ਹੇਰੋਦੇਸ ਅੰਤਿਪਾਸ ਨੂੰ ਉਨ੍ਹਾਂ ਦੇ ਪਿਤਾ ਦੇ ਰਾਜ ਦੇ ਅਲੱਗ-ਅਲੱਗ ਹਿੱਸਿਆਂ ਦੇ ਸ਼ਾਸਕ ਠਹਿਰਾਇਆ ਗਿਆ ਸੀ। (ਮੱਤੀ 2:22) ਅੰਤਿਪਾਸ ਅਸਲ ਵਿਚ ਜ਼ਿਲ੍ਹੇ ਦਾ ਹਾਕਮ ਸੀ, ਪਰ ਉਸ ਨੂੰ ਆਮ ਤੌਰ ਤੇ “ਰਾਜਾ” ਕਿਹਾ ਜਾਂਦਾ ਸੀ। ਉਸ ਨੇ ਮਸੀਹ ਦੀ ਸਾਢੇ ਤਿੰਨ ਸਾਲ ਦੀ ਸੇਵਕਾਈ ਦੌਰਾਨ ਅਤੇ ਰਸੂਲਾਂ ਦੇ ਕੰਮ ਦੀ ਕਿਤਾਬ ਦੇ 12ਵੇਂ ਅਧਿਆਇ ਵਿਚ ਦਰਜ ਘਟਨਾਵਾਂ ਵਾਪਰਨ ਤਕ ਰਾਜ ਕੀਤਾ ਸੀ। (ਮਰ 6:​14-17; ਲੂਕਾ 3:​1, 19, 20; 13:​31, 32; 23:​6-15; ਰਸੂ 4:27; 13:1) ਇਸ ਤੋਂ ਬਾਅਦ, ਹੇਰੋਦੇਸ ਮਹਾਨ ਦੇ ਪੋਤੇ, ਹੇਰੋਦੇਸ ਅਗ੍ਰਿੱਪਾ ਪਹਿਲੇ ਨੇ ਰਾਜ ਕੀਤਾ। ਉਸ ਦੇ ਰਾਜ ਦੇ ਥੋੜ੍ਹੇ ਹੀ ਸਮੇਂ ਬਾਅਦ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਮਾਰ ਦਿੱਤਾ। (ਰਸੂ 12:​1-6, 18-23) ਉਸ ਦਾ ਪੁੱਤਰ ਹੇਰੋਦੇਸ ਦੂਜਾ ਹਾਕਮ ਬਣ ਗਿਆ ਤੇ ਉਸ ਨੇ ਉਸ ਸਮੇਂ ਤਕ ਰਾਜ ਕੀਤਾ ਜਦੋਂ ਯਹੂਦੀਆਂ ਨੇ ਰੋਮ ਦੇ ਖ਼ਿਲਾਫ਼ ਬਗਾਵਤ ਕੀਤੀ ਸੀ।​—ਰਸੂ 23:35; 25:​13, 22-27; 26:​1, 2, 19-32.

  • ਹੋਮ-ਬਲ਼ੀ:

    ਇਕ ਜਾਨਵਰ ਦੀ ਬਲ਼ੀ ਜੋ ਵੇਦੀ ਉੱਤੇ ਪੂਰੇ ਦਾ ਪੂਰਾ ਸਾੜ ਕੇ ਬਲੀਦਾਨ ਵਜੋਂ ਪਰਮੇਸ਼ੁਰ ਨੂੰ ਚੜ੍ਹਾਇਆ ਜਾਂਦਾ ਸੀ ਅਤੇ ਜਾਨਵਰ (ਬਲਦ, ਭੇਡੂ, ਬੱਕਰੇ, ਕਬੂਤਰ ਜਾਂ ਘੁੱਗੀ) ਦਾ ਕੋਈ ਵੀ ਹਿੱਸਾ ਬਲੀਦਾਨ ਚੜ੍ਹਾਉਣ ਵਾਲਾ ਆਪਣੇ ਕੋਲ ਨਹੀਂ ਰੱਖਦਾ ਸੀ।​—ਕੂਚ 29:18; ਲੇਵੀ 6:9.

  • ਹੋਮਰ:

    ਸੁੱਕੀਆਂ ਚੀਜ਼ਾਂ ਲਈ ਇਕ ਮਾਪ ਜੋ ਕੋਰ ਦੇ ਬਰਾਬਰ ਸੀ। ਬਥ ਦੇ ਮੁਤਾਬਕ ਤੋਲਿਆ ਗਿਆ ਇਹ ਮਾਪ 220 ਲੀਟਰ ਦੇ ਬਰਾਬਰ ਸੀ। (ਲੇਵੀ 27:16)​—ਵਧੇਰੇ ਜਾਣਕਾਰੀ 2.14 ਦੇਖੋ।

  • ਹੋਰੇਬ; ਹੋਰੇਬ ਪਹਾੜ:

    ਸੀਨਈ ਪਹਾੜ ਦੇ ਆਲੇ-ਦੁਆਲੇ ਦਾ ਪਹਾੜੀ ਇਲਾਕਾ। ਸੀਨਈ ਪਹਾੜ ਦਾ ਦੂਜਾ ਨਾਂ। (ਕੂਚ 3:1; ਬਿਵ 5:2)​—ਵਧੇਰੇ ਜਾਣਕਾਰੀ 2.3 ਦੇਖੋ।

  • ਕਸਦੀਮ; ਕਸਦੀ ਲੋਕ:

    ਸ਼ੁਰੂ-ਸ਼ੁਰੂ ਵਿਚ ਟਾਈਗ੍ਰਿਸ ਅਤੇ ਫਰਾਤ ਨਦੀਆਂ ਦੇ ਪੂਰਬੀ ਇਲਾਕੇ ਨੂੰ ਕਸਦੀਆਂ ਦਾ ਦੇਸ਼ ਕਿਹਾ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਇਹ ਨਾਂ ਸਾਰੇ ਬੈਬੀਲੋਨੀਆ ਅਤੇ ਇਸ ਦੇ ਲੋਕਾਂ ਲਈ ਵਰਤਿਆ ਜਾਣ ਲੱਗਾ। “ਕਸਦੀ” ਉਨ੍ਹਾਂ ਪੜ੍ਹੇ-ਲਿਖੇ ਲੋਕਾਂ ਨੂੰ ਵੀ ਕਿਹਾ ਜਾਂਦਾ ਸੀ ਜਿਨ੍ਹਾਂ ਨੇ ਵਿਗਿਆਨ, ਇਤਿਹਾਸ, ਭਾਸ਼ਾਵਾਂ ਤੇ ਖਗੋਲ-ਵਿਗਿਆਨ ਦਾ ਅਧਿਐਨ ਕੀਤਾ ਸੀ। ਪਰ ਇਹ ਲੋਕ ਜਾਦੂ-ਟੂਣਾ ਕਰਦੇ ਸਨ ਤੇ ਜੋਤਸ਼-ਵਿਦਿਆ ਵੀ ਜਾਣਦੇ ਸਨ।​—ਅਜ਼ 5:12; ਦਾਨੀ 4:7; ਰਸੂ 7:4.

  • ਕਹਾਵਤ:

    ਕੋਈ ਸਬਕ ਸਿਖਾਉਣ ਜਾਂ ਡੂੰਘੀ ਸੱਚਾਈ ਦੱਸਣ ਲਈ ਥੋੜ੍ਹੇ ਸ਼ਬਦਾਂ ਵਿਚ ਕਹੀ ਕੋਈ ਗੱਲ ਜਾਂ ਕਹਾਣੀ। ਬਾਈਬਲ ਦੀ ਕਹਾਵਤ ਸ਼ਾਇਦ ਕੋਈ ਗੁੱਝੀ ਗੱਲ ਜਾਂ ਬੁਝਾਰਤ ਹੋ ਸਕਦੀ ਸੀ। ਕਹਾਵਤ ਦੇ ਜ਼ਰੀਏ ਕਿਸੇ ਸੱਚਾਈ ਦਾ ਡੂੰਘਾ ਮਤਲਬ ਸਮਝਾਇਆ ਜਾ ਸਕਦਾ ਸੀ। ਕੁਝ ਕਹਾਵਤਾਂ ਲੋਕਾਂ ਦਾ ਮਖੌਲ ਉਡਾਉਣ ਜਾਂ ਉਨ੍ਹਾਂ ਨਾਲ ਘਿਰਣਾ ਦਿਖਾਉਣ ਲਈ ਆਮ ਵਰਤੀਆਂ ਜਾਣ ਲੱਗੀਆਂ।​—ਉਪ 12:9; 2 ਪਤ 2:22.

  • ਕਨਾਨ:

    ਨੂਹ ਦਾ ਪੋਤਾ ਅਤੇ ਹਾਮ ਦਾ ਚੌਥਾ ਮੁੰਡਾ। ਕਨਾਨ ਤੋਂ ਨਿਕਲੇ 11 ਗੋਤ ਭੂਮੱਧ ਸਾਗਰ ਦੇ ਪੂਰਬੀ ਇਲਾਕੇ ਵਿਚ ਵਸ ਗਏ। ਇਹ ਇਲਾਕਾ ਮਿਸਰ ਅਤੇ ਸੀਰੀਆ ਦੇ ਵਿਚਕਾਰ ਸੀ। ਇਸ ਇਲਾਕੇ ਨੂੰ “ਕਨਾਨ ਦੇਸ਼” ਵੀ ਕਿਹਾ ਜਾਂਦਾ ਸੀ। (ਲੇਵੀ 18:3; ਉਤ 9:18; ਰਸੂ 13:19)​—ਵਧੇਰੇ ਜਾਣਕਾਰੀ 2.4 ਦੇਖੋ।

  • ਕਬਰ:

    ਇਬਰਾਨੀ ਵਿਚ “ਸ਼ੀਓਲ” ਅਤੇ ਯੂਨਾਨੀ ਵਿਚ “ਹੇਡੀਜ਼।” ਉਹ ਜਗ੍ਹਾ ਜਿੱਥੇ ਮੁਰਦਿਆਂ ਨੂੰ ਦਫ਼ਨਾਇਆ ਜਾਂਦਾ ਹੈ। ਪਰ ਬਾਈਬਲ ਵਿਚ ਕਬਰ ਅਜਿਹੀ ਜਗ੍ਹਾ ਜਾਂ ਹਾਲਤ ਨੂੰ ਦਰਸਾਉਂਦੀ ਹੈ ਜਿਸ ਵਿਚ ਹਰ ਕੰਮ ਤੇ ਸੋਚ ਖ਼ਤਮ ਹੋ ਜਾਂਦੀ ਹੈ।​—ਉਤ 47:30; ਉਪ 9:10; ਰਸੂ 2:31.

  • ਕਮੋਸ਼:

    ਮੋਆਬੀਆਂ ਦਾ ਮੁੱਖ ਦੇਵਤਾ।​—1 ਰਾਜ 11:33.

  • ਕਰੂਬੀ:

    ਉੱਚੀ ਪਦਵੀ ਵਾਲੇ ਦੂਤ ਜਿਨ੍ਹਾਂ ਦੀਆਂ ਖ਼ਾਸ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇਹ ਸਰਾਫ਼ੀਮ ਨਾਲੋਂ ਅਲੱਗ ਹਨ।​—ਉਤ 3:24; ਕੂਚ 25:20; ਯਸਾ 37:16; ਇਬ 9:5.

  • ਕੰਗੂਰਾ:

    ਥੰਮ੍ਹ ਦਾ ਸਜਾਵਟੀ ਸਿਰਾ। ਸੁਲੇਮਾਨ ਦੇ ਮੰਦਰ ਦੇ ਸਾਮ੍ਹਣੇ ਦੋ ਇੱਕੋ ਜਿਹੇ ਥੰਮ੍ਹ ਸਨ ਜਿਨ੍ਹਾਂ ਦੇ ਵੱਡੇ-ਵੱਡੇ ਕੰਗੂਰੇ ਸਨ। ਇਕ ਥੰਮ੍ਹ ਦਾ ਨਾਂ ਯਾਕੀਨ ਤੇ ਦੂਜੇ ਦਾ ਨਾਂ ਬੋਅਜ਼ ਸੀ। (1 ਰਾਜ 7:16)​—ਵਧੇਰੇ ਜਾਣਕਾਰੀ 2.8 ਦੇਖੋ।

  • ਕਾਨਾ:

    ਦਲਦਲੀ ਥਾਵਾਂ ʼਤੇ ਉੱਗਣ ਵਾਲੇ ਪੌਦੇ। ਕਈ ਆਇਤਾਂ ਵਿਚ ਦੱਸਿਆ ਇਹ ਪੌਦਾ “ਅਰੁੰਦੋ ਡੋਨੇਕਸ” ਹੈ। (ਅੱਯੂ 8:11; ਯਸਾ 42:3; ਮੱਤੀ 27:29; ਪ੍ਰਕਾ 11:1)​—ਮਿਣਤੀ ਵਾਲਾ ਕਾਨਾ ਦੇਖੋ।

  • ਕਾਨੂੰਨ:

    ਇਹ ਮੂਸਾ ਦਾ ਕਾਨੂੰਨ ਹੋ ਸਕਦਾ ਹੈ ਜੋ ਯਹੋਵਾਹ ਨੇ 1513 ਈ. ਪੂ. ਵਿਚ ਸੀਨਈ ਪਹਾੜ ʼਤੇ ਇਜ਼ਰਾਈਲ ਨੂੰ ਦਿੱਤਾ ਸੀ। ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਵੀ ਅਕਸਰ ਕਾਨੂੰਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਕਾਨੂੰਨ ਦਾ ਮਤਲਬ ਮੂਸਾ ਦੇ ਕਾਨੂੰਨ ਦਾ ਇਕ ਨਿਯਮ ਜਾਂ ਸਿਧਾਂਤ ਵੀ ਹੋ ਸਕਦਾ ਹੈ।​—ਗਿਣ 15:16; ਬਿਵ 4:8; ਮੱਤੀ 7:12; ਗਲਾ 3:24.

  • ਕਿਸਲੇਵ:

    ਬਾਬਲ ਤੋਂ ਯਹੂਦੀਆਂ ਦੇ ਮੁੜਨ ਤੋਂ ਬਾਅਦ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਨੌਵਾਂ ਮਹੀਨਾ ਅਤੇ ਆਮ ਕਲੰਡਰ ਦਾ ਤੀਜਾ ਮਹੀਨਾ। ਇਹ ਨਵੰਬਰ ਦੇ ਅੱਧ ਤੋਂ ਲੈ ਕੇ ਦਸੰਬਰ ਦੇ ਅੱਧ ਤਕ ਚੱਲਦਾ ਸੀ। (ਨਹ 1:1; ਜ਼ਕ 7:1)​—ਵਧੇਰੇ ਜਾਣਕਾਰੀ 2.15 ਦੇਖੋ।

  • ਕਿੱਕਾਰ:

    ਭਾਰ ਅਤੇ ਪੈਸਿਆਂ ਦੀ ਸਭ ਤੋਂ ਵੱਡੀ ਇਬਰਾਨੀ ਇਕਾਈ। ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। (1 ਇਤਿ 22:14)​—ਵਧੇਰੇ ਜਾਣਕਾਰੀ 2.14 ਦੇਖੋ।

  • ਕੀਮਤੀ ਪੱਥਰ:

    ਸਬਜ਼ਾ: ਪਾਰਦਰਸ਼ੀ, ਪੀਲ਼ੇ ਜਾਂ ਹਰੇ ਰੰਗ ਦਾ। ਸੁਲੇਮਾਨੀ: ਇਹ ਵੱਖ-ਵੱਖ ਰੰਗਾਂ (ਕਾਲਾ, ਭੂਰਾ, ਲਾਲ, ਸਲੇਟੀ ਜਾਂ ਹਰਾ) ਦਾ ਹੁੰਦਾ ਹੈ। ਇਸ ਪੱਥਰ ਦੇ ਅੰਦਰ ਚਿੱਟੀਆਂ ਪਰਤਾਂ ਵੀ ਹੁੰਦੀਆਂ ਹਨ। ਇਹ ਮਹਾਂ ਪੁਜਾਰੀ ਦੇ ਖ਼ਾਸ ਲਿਬਾਸ ʼਤੇ ਜੜਿਆ ਗਿਆ ਸੀ। (ਕੂਚ 28:​9, 12; 1 ਇਤਿ 29:2; ਅੱਯੂ 28:16) ਹਰਾ ਅਕੀਕ: ਪਾਰਦਰਸ਼ੀ, ਹਰੇ ਰੰਗ ਦਾ। ਜ਼ਰਕੂਨ: ਗੂੜ੍ਹਾ ਨੀਲਾ। ਦੂਧੀਆ ਅਕੀਕ: ਪਾਰਦਰਸ਼ੀ, ਕਈ ਰੰਗਾਂ ਦਾ। ਨੀਲਮ: ਨੀਲੇ ਰੰਗ ਦਾ। ਪੰਨਾ: ਪਾਰਦਰਸ਼ੀ ਹਰੇ ਰੰਗ ਦਾ। ਪੁਖਰਾਜ: ਬੇਰੰਗ ਜਾਂ ਵੱਖੋ-ਵੱਖਰੇ ਰੰਗਾਂ ਦਾ। ਇਸ ਦੇ ਲਾਲ-ਪੀਲ਼ੇ ਰੰਗ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਫਿਰੋਜ਼ਾ: ਆਮ ਤੌਰ ਤੇ ਪੀਲ਼ੇ-ਹਰੇ ਰੰਗ ਦਾ, ਪਰ ਕਈ ਹੋਰ ਰੰਗਾਂ ਦਾ ਵੀ ਜਾਂ ਬੇਰੰਗ। ਯਸ਼ਬ: ਵੱਖੋ-ਵੱਖਰੇ ਰੰਗਾਂ ਦਾ, ਆਮ ਤੌਰ ਤੇ ਪਾਰਦਰਸ਼ੀ। (ਪ੍ਰਕਾ 21:11) ਕੁਝ ਵਿਦਵਾਨ ਕਹਿੰਦੇ ਹਨ ਕਿ ਇੱਥੇ ਹੀਰੇ ਦੀ ਗੱਲ ਹੋ ਰਹੀ ਹੈ। ਲਾਜਵਰਦ: ਬੈਂਗਣੀ ਜਾਂ ਜਾਮਣੀ ਰੰਗ ਦਾ। ਲਾਲ ਅਕੀਕ: ਪਾਰਦਰਸ਼ੀ, ਲਾਲ-ਭੂਰੇ ਰੰਗ ਦਾ।

  • ਕੈਸਰ:

    ਇਕ ਰੋਮੀ ਪਰਿਵਾਰ ਦਾ ਨਾਂ ਜੋ ਰੋਮੀ ਸਮਰਾਟਾਂ ਦਾ ਖ਼ਿਤਾਬ ਬਣ ਗਿਆ। ਬਾਈਬਲ ਵਿਚ ਕੈਸਰ ਅਗਸਤੁਸ, ਕੈਸਰ ਤਾਈਬੀਰੀਅਸ ਅਤੇ ਕੈਸਰ ਕਲੋਡੀਉਸ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਨੀਰੋ ਦਾ ਨਾਂ ਬਾਈਬਲ ਵਿਚ ਨਹੀਂ ਹੈ, ਪਰ ਉਸ ਨੂੰ ਵੀ ਕੈਸਰ ਕਿਹਾ ਜਾਂਦਾ ਸੀ। ਮਸੀਹੀ ਯੂਨਾਨੀ ਲਿਖਤਾਂ ਵਿਚ ਵਰਤੇ ਗਏ ਸ਼ਬਦ “ਕੈਸਰ” ਦਾ ਮਤਲਬ ਕੋਈ ਸਰਕਾਰੀ ਅਧਿਕਾਰੀ ਜਾਂ ਸਰਕਾਰ ਵੀ ਹੋ ਸਕਦਾ ਹੈ।​—ਮਰ 12:17; ਰਸੂ 25:12.

  • ਕੈਬ:

    ਸੁੱਕੀਆਂ ਚੀਜ਼ਾਂ ਨੂੰ ਮਿਣਨ ਦਾ ਇਕ ਮਾਪ ਜੋ 1.22 ਲੀਟਰ ਦੇ ਬਰਾਬਰ ਹੁੰਦਾ ਸੀ। ਇਹ ਬਥ ਮਾਪ ਦੇ ਅਨੁਸਾਰ ਮਿਣਿਆ ਗਿਆ ਮਾਪ ਸੀ। (2 ਰਾਜ 6:25)​—ਵਧੇਰੇ ਜਾਣਕਾਰੀ 2.14 ਦੇਖੋ।

  • ਕੋਨੇ ਦਾ ਪੱਥਰ:

    ਜਿਸ ਜਗ੍ਹਾ ਇਮਾਰਤ ਦੀਆਂ ਦੋ ਕੰਧਾਂ ਮਿਲਦੀਆਂ ਸਨ, ਉਸ ਜਗ੍ਹਾ ਰੱਖਿਆ ਪੱਥਰ। ਇਹ ਪੱਥਰ ਕੰਧਾਂ ਨੂੰ ਆਪਸ ਵਿਚ ਜੋੜਨ ਤੇ ਪੱਕਾ ਕਰਨ ਲਈ ਜ਼ਰੂਰੀ ਹੁੰਦਾ ਸੀ। ਕੋਨੇ ਦਾ ਇਹ ਸਭ ਤੋਂ ਅਹਿਮ ਪੱਥਰ ਨੀਂਹ ਵਾਲਾ ਪੱਥਰ ਹੁੰਦਾ ਸੀ। ਜਨਤਕ ਇਮਾਰਤਾਂ ਅਤੇ ਸ਼ਹਿਰ ਦੀਆਂ ਕੰਧਾਂ ਲਈ ਮਜ਼ਬੂਤ ਪੱਥਰ ਵਰਤਿਆ ਜਾਂਦਾ ਸੀ। ਧਰਤੀ ਦੀ ਨੀਂਹ ਰੱਖਣ ਦੇ ਸੰਬੰਧ ਵਿਚ ਵੀ ਇਹ ਸ਼ਬਦ ਵਰਤਿਆ ਗਿਆ ਹੈ। ਨਾਲੇ ਯਿਸੂ ਨੂੰ ਮਸੀਹੀ ਮੰਡਲੀ ਦੀ “ਨੀਂਹ ਦੇ ਕੋਨੇ ਦਾ ਪੱਥਰ” ਕਿਹਾ ਗਿਆ ਹੈ ਜਿਸ ਮੰਡਲੀ ਦੀ ਤੁਲਨਾ ਪਰਮੇਸ਼ੁਰ ਦੇ ਭਵਨ ਨਾਲ ਕੀਤੀ ਗਈ ਹੈ।​—ਅਫ਼ 2:20; ਅੱਯੂ 38:6.

  • ਕੋਰ:

    ਸੁੱਕੀਆਂ ਤੇ ਤਰਲ ਚੀਜ਼ਾਂ ਦਾ ਮਾਪ। ਇਹ 220 ਲੀਟਰ ਦੇ ਬਰਾਬਰ ਹੁੰਦਾ ਸੀ ਜੋ ਬਥ ਮਾਪ ਦੇ ਮੁਤਾਬਕ ਤੋਲਿਆ ਜਾਂਦਾ ਸੀ। (1 ਰਾਜ 5:11)​—ਵਧੇਰੇ ਜਾਣਕਾਰੀ 2.14 ਦੇਖੋ।

  • ਕੋਰੜੇ ਮਾਰਨੇ:

    ਮਾਰਨ-ਕੁੱਟਣ ਲਈ ਜਿਹੜਾ ਕੋਰੜਾ ਇਸਤੇਮਾਲ ਕੀਤਾ ਜਾਂਦਾ ਸੀ, ਉਸ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਸਨ ਜਾਂ ਉਸ ਦਾ ਸਿਰਾ ਕੰਡੇਦਾਰ ਹੁੰਦਾ ਸੀ।​—ਯੂਹੰ 19:1.

  • ਕੋੜ੍ਹ; ਕੋੜ੍ਹੀ:

    ਚਮੜੀ ਦੀ ਇਕ ਗੰਭੀਰ ਬੀਮਾਰੀ। ਬਾਈਬਲ ਵਿਚ ਜਿਸ ਕੋੜ੍ਹ ਦਾ ਜ਼ਿਕਰ ਕੀਤਾ ਗਿਆ ਹੈ, ਉਹ ਅੱਜ ਦੇ ਕੋੜ੍ਹ ਵਰਗਾ ਨਹੀਂ ਹੈ। ਬਾਈਬਲ ਵਿਚ ਦੱਸਿਆ ਕੋੜ੍ਹ ਇਨਸਾਨਾਂ ਨੂੰ ਤੋਂ ਇਲਾਵਾ ਕੱਪੜਿਆਂ ਅਤੇ ਘਰਾਂ ਨੂੰ ਵੀ ਹੁੰਦਾ ਸੀ। ਜਿਸ ਇਨਸਾਨ ਨੂੰ ਕੋੜ੍ਹ ਹੋ ਜਾਂਦਾ ਹੈ, ਉਸ ਨੂੰ ਕੋੜ੍ਹੀ ਕਹਿੰਦੇ ਹਨ।​—ਲੇਵੀ 14:54, 55; ਲੂਕਾ 5:12.

  • ਖੱਡੀ:

    ਇਕ ਢਾਂਚਾ ਜਿਸ ਵਿਚ ਧਾਗੇ ਨਾਲ ਬੁਣਾਈ ਕਰ ਕੇ ਕੱਪੜਾ ਬਣਾਇਆ ਜਾਂਦਾ ਹੈ।​—ਕੂਚ 39:27.

  • ਖਮੀਰ:

    ਆਟਾ ਜਾਂ ਤਰਲ ਚੀਜ਼ਾਂ ਨੂੰ ਖਮੀਰਾ ਕਰਨ ਲਈ ਮਿਲਾਈ ਜਾਣ ਵਾਲੀ ਚੀਜ਼। ਇਹ ਖ਼ਾਸ ਕਰ ਕੇ ਪਹਿਲਾਂ ਗੁੰਨੇ ਆਟੇ ਵਿੱਚੋਂ ਬਚਿਆ ਖਮੀਰਾ ਆਟਾ ਹੁੰਦਾ ਸੀ। ਬਾਈਬਲ ਵਿਚ ਅਕਸਰ ਖਮੀਰ ਨੂੰ ਪਾਪ ਅਤੇ ਭ੍ਰਿਸ਼ਟਤਾ ਦੀ ਨਿਸ਼ਾਨੀ ਦੱਸਿਆ ਗਿਆ ਹੈ। ਇਸ ਦੀ ਵਰਤੋਂ ਅਜਿਹੇ ਵਾਧੇ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ ਜੋ ਹੋਰਨਾਂ ਦੀਆਂ ਨਜ਼ਰਾਂ ਤੋਂ ਲੁਕਿਆ ਹੁੰਦਾ ਹੈ ਤੇ ਵੱਡੇ ਪੱਧਰ ਤੇ ਹੁੰਦਾ ਹੈ।​—ਕੂਚ 12:20; ਮੱਤੀ 13:33; ਗਲਾ 5:9.

  • ਖ਼ੁਸ਼ ਖ਼ਬਰੀ:

    ਮਸੀਹੀ ਯੂਨਾਨੀ ਲਿਖਤਾਂ ਵਿਚ ਇਹ ਪਰਮੇਸ਼ੁਰ ਦੇ ਰਾਜ ਦੀ ਅਤੇ ਯਿਸੂ ਮਸੀਹ ʼਤੇ ਨਿਹਚਾ ਕਰਨ ਕਰਕੇ ਮਿਲਣ ਵਾਲੀ ਮੁਕਤੀ ਦੀ ਖ਼ੁਸ਼ ਖ਼ਬਰੀ ਹੈ।​—ਲੂਕਾ 4:​18, 43; ਰਸੂ 5:42; ਪ੍ਰਕਾ 14:6.

  • ਗਹਾਈ; ਪਿੜ:

    ਦਾਣਿਆਂ ਨੂੰ ਨਾੜ ਅਤੇ ਤੂੜੀ ਤੋਂ ਵੱਖ ਕਰਨ ਨੂੰ ਗਹਾਈ ਕਿਹਾ ਜਾਂਦਾ ਹੈ ਅਤੇ ਜਿਸ ਜਗ੍ਹਾ ਇਹ ਕੰਮ ਕੀਤਾ ਜਾਂਦਾ ਸੀ, ਉਸ ਨੂੰ ਪਿੜ ਕਿਹਾ ਜਾਂਦਾ ਸੀ। ਦਾਣੇ ਡੰਡੇ ਨਾਲ ਕੁੱਟ ਕੇ ਕੱਢੇ ਜਾਂਦੇ ਸਨ। ਪਰ ਫ਼ਸਲ ਜ਼ਿਆਦਾ ਹੋਣ ਤੇ ਦਾਣੇ ਕੱਢਣ ਲਈ ਫੱਟੇ ਜਾਂ ਪਹੀਏ ਵਰਤੇ ਜਾਂਦੇ ਸਨ ਜਿਨ੍ਹਾਂ ਨੂੰ ਜਾਨਵਰ ਖਿੱਚਦੇ ਸਨ। ਫ਼ਸਲ ਨੂੰ ਪਿੜ ਵਿਚ ਖਿਲਾਰਿਆ ਜਾਂਦਾ ਸੀ ਜਿਸ ਦੇ ਉੱਪਰੋਂ ਦੀ ਫੱਟੇ ਜਾਂ ਪਹੀਏ ਫੇਰੇ ਜਾਂਦੇ ਸਨ। ਚਪਟਾ ਅਤੇ ਗੋਲਾਕਾਰ ਪਿੜ ਉੱਚੀ ਜਗ੍ਹਾ ʼਤੇ ਹੁੰਦਾ ਸੀ ਜਿੱਥੇ ਹਵਾ ਚੱਲਦੀ ਸੀ।​—ਲੇਵੀ 26:5; ਯਸਾ 41:15; ਮੱਤੀ 3:12.

  • ਗਹਿਣੇ ਰੱਖੀ ਚੀਜ਼:

    ਲੈਣਦਾਰ ਨੂੰ ਕਰਜ਼ਾਈ ਵੱਲੋਂ ਆਪਣੀ ਸੰਪਤੀ ਵਿੱਚੋਂ ਦਿੱਤੀ ਕੋਈ ਚੀਜ਼ ਜੋ ਭਵਿੱਖ ਵਿਚ ਕਰਜ਼ਾ ਮੋੜਨ ਦੀ ਗਾਰੰਟੀ ਹੁੰਦੀ ਸੀ। ਇਸ ਨੂੰ ਜ਼ਮਾਨਤ ਵੀ ਕਿਹਾ ਜਾਂਦਾ ਸੀ। ਮੂਸਾ ਦੇ ਕਾਨੂੰਨ ਵਿਚ ਇਸ ਬਾਰੇ ਕਈ ਨਿਯਮ ਦਿੱਤੇ ਗਏ ਸਨ ਤਾਂਕਿ ਦੇਸ਼ ਦੇ ਗ਼ਰੀਬ ਤੇ ਬੇਸਹਾਰਾ ਲੋਕਾਂ ਦੇ ਹੱਕਾਂ ਦੀ ਰਾਖੀ ਹੋਵੇ।​—ਕੂਚ 22:26; ਹਿਜ਼ 18:7.

  • ਗੱਤੀਥ:

    ਸੰਗੀਤ ਨਾਲ ਜੁੜਿਆ ਇਕ ਸ਼ਬਦ ਜਿਸ ਦਾ ਸਹੀ-ਸਹੀ ਮਤਲਬ ਨਹੀਂ ਪਤਾ, ਪਰ ਲੱਗਦਾ ਹੈ ਕਿ ਇਹ ਇਬਰਾਨੀ ਸ਼ਬਦ “ਗਾਥ” ਤੋਂ ਆਇਆ ਹੈ। ਕੁਝ ਮੰਨਦੇ ਹਨ ਕਿ ਗੱਤੀਥ ਉਨ੍ਹਾਂ ਗਾਣਿਆਂ ਦੀ ਧੁਨ ਹੋ ਸਕਦੀ ਹੈ ਜੋ ਦਾਖਰਸ ਬਣਾਉਂਦੇ ਸਮੇਂ ਗਾਏ ਜਾਂਦੇ ਸਨ ਕਿਉਂਕਿ “ਗਾਥ” ਦਾ ਮਤਲਬ ਹੈ ਚੁਬੱਚਾ ਜਿਸ ਵਿਚ ਅੰਗੂਰ ਮਿੱਧੇ ਜਾਂਦੇ ਸਨ।​—ਜ਼ਬੂ 81:ਸਿਰ.

  • ਗਵਾਹੀ:

    ਮੂਸਾ ਨੂੰ ਦਿੱਤੀਆਂ ਦੋ ਫੱਟੀਆਂ ਉੱਤੇ ਲਿਖੇ ਦਸ ਹੁਕਮਾਂ ਨੂੰ ਗਵਾਹੀ ਕਿਹਾ ਜਾਂਦਾ ਸੀ।​—ਕੂਚ 31:18.

  • ਗੰਧਰਸ:

    ਇਹ ਖ਼ੁਸ਼ਬੂਦਾਰ ਗੂੰਦ ਹੁੰਦਾ ਹੈ ਜੋ ਕਈ ਤਰ੍ਹਾਂ ਦੀਆਂ ਕੰਡਿਆਲ਼ੀਆਂ ਝਾੜੀਆਂ ਜਾਂ “ਕੋਮੀਫੋਰਾ” ਨਾਂ ਦੇ ਛੋਟੇ-ਛੋਟੇ ਦਰਖ਼ਤਾਂ ਵਿੱਚੋਂ ਕੱਢਿਆ ਜਾਂਦਾ ਹੈ। ਕਿਸੇ ਦੀ ਨਿਯੁਕਤੀ ਵੇਲੇ ਜੋ ਪਵਿੱਤਰ ਤੇਲ ਵਰਤਿਆ ਜਾਂਦਾ ਸੀ, ਉਸ ਨੂੰ ਬਣਾਉਣ ਲਈ ਗੰਧਰਸ ਵਰਤਿਆ ਜਾਂਦਾ ਸੀ। ਇਹ ਕੱਪੜਿਆਂ ਜਾਂ ਬਿਸਤਰਿਆਂ ਨੂੰ ਮਹਿਕਾਉਣ ਲਈ ਵਰਤਿਆ ਜਾਂਦਾ ਸੀ। ਇਸ ਨੂੰ ਮਾਲਸ਼ ਕਰਨ ਵਾਲੇ ਤੇਲ ਅਤੇ ਲੇਪ ਵਿਚ ਵੀ ਮਿਲਾਇਆ ਜਾਂਦਾ ਸੀ। ਨਾਲੇ ਦਫ਼ਨਾਉਣ ਤੋਂ ਪਹਿਲਾਂ ਲਾਸ਼ ਨੂੰ ਗੰਧਰਸ ਲਾਇਆ ਜਾਂਦਾ ਸੀ।​—ਕੂਚ 30:23; ਕਹਾ 7:17; ਯੂਹੰ 19:39.

  • ਗਿੱਠ:

    ਲੰਬਾਈ ਤੇ ਦੂਰੀ ਮਾਪਣ ਦਾ ਮਾਪ ਜੋ ਕਿ ਇਕ ਫੈਲਾਏ ਹੋਏ ਹੱਥ ਦੇ ਅੰਗੂਠੇ ਦੇ ਸਿਰੇ ਤੋਂ ਲੈ ਕੇ ਚੀਚੀ ਦੇ ਸਿਰੇ ਤਕ ਦੀ ਦੂਰੀ ਹੁੰਦੀ ਹੈ। ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਦਾ ਹੁੰਦਾ ਸੀ। ਇਸ ਹਿਸਾਬ ਨਾਲ ਇਕ ਗਿੱਠ 22.2 ਸੈਂਟੀਮੀਟਰ (8.75 ਇੰਚ) ਦੀ ਹੁੰਦੀ ਸੀ। (ਕੂਚ 28:16; 1 ਸਮੂ 17:4)​—ਵਧੇਰੇ ਜਾਣਕਾਰੀ 2.14 ਦੇਖੋ।

  • ਗਿਲਆਦ:

    ਯਰਦਨ ਦਰਿਆ ਦੇ ਪੂਰਬ ਵੱਲ ਉਪਜਾਊ ਇਲਾਕਾ ਜੋ ਯਬੋਕ ਘਾਟੀ ਦੇ ਉੱਤਰ ਅਤੇ ਦੱਖਣ ਵਿਚ ਫੈਲਿਆ ਹੋਇਆ ਸੀ। ਕਦੇ-ਕਦੇ ਯਰਦਨ ਦੇ ਪੂਰਬ ਵਿਚ ਇਜ਼ਰਾਈਲੀਆਂ ਦੇ ਪੂਰੇ ਇਲਾਕੇ ਨੂੰ ਵੀ ਗਿਲਆਦ ਕਿਹਾ ਗਿਆ ਹੈ ਜਿੱਥੇ ਰਊਬੇਨ, ਗਾਦ ਅਤੇ ਮਨੱਸ਼ਹ ਦਾ ਅੱਧਾ ਗੋਤ ਰਹਿੰਦਾ ਸੀ। (ਗਿਣ 32:1; ਯਹੋ 12:2; 2 ਰਾਜ 10:33)​—ਵਧੇਰੇ ਜਾਣਕਾਰੀ 2.4 ਦੇਖੋ।

  • ਗੀਰਾਹ:

    ਇਕ ਵੱਟਾ ਜੋ 0.57 ਗ੍ਰਾਮ ਹੁੰਦਾ ਸੀ। 20 ਗੀਰਾਹ ਇਕ ਸ਼ੇਕੇਲ ਦੇ ਬਰਾਬਰ ਸੀ। (ਲੇਵੀ 27:25)​—ਵਧੇਰੇ ਜਾਣਕਾਰੀ 2.14 ਦੇਖੋ।

  • ਗੁਸਤਾਖ਼ੀ:

    ਇਸ ਦਾ ਮਤਲਬ ਹੈ ਆਪਣੀ ਹੱਦ, ਮਰਯਾਦਾ ਜਾਂ ਅਧਿਕਾਰ ਤੋਂ ਬਾਹਰ ਜਾ ਕੇ ਕੁਝ ਕਰਨਾ। ਗੁਸਤਾਖ਼ ਇਨਸਾਨ ਆਪਣੇ ਚਾਲ-ਚਲਣ ਅਤੇ ਸੋਚ ਦੇ ਮਾਮਲੇ ਵਿਚ ਢੀਠ ਅਤੇ ਬਦਤਮੀਜ਼ ਹੁੰਦਾ ਹੈ ਅਤੇ ਦੂਜਿਆਂ ਦੀ ਪਰਵਾਹ ਨਹੀਂ ਕਰਦਾ। ਅਜਿਹਾ ਇਨਸਾਨ ਘਮੰਡੀ, ਹੰਕਾਰੀ ਅਤੇ ਹੈਂਕੜਬਾਜ਼ ਹੁੰਦਾ ਹੈ। ਉਸ ਵਿਚ ਨਿਮਰਤਾ ਅਤੇ ਹਲੀਮੀ ਵਰਗੇ ਗੁਣ ਨਹੀਂ ਹੁੰਦੇ।

  • ਗੁਣੇ:

    ਫ਼ੈਸਲੇ ਕਰਨ ਲਈ ਵਰਤੇ ਜਾਂਦੇ ਪੱਥਰ ਜਾਂ ਲੱਕੜੀ ਦੇ ਛੋਟੇ-ਛੋਟੇ ਟੁਕੜੇ। ਇਨ੍ਹਾਂ ਨੂੰ ਕੱਪੜੇ ਦੀ ਤਹਿ ਵਿਚ ਜਾਂ ਕਿਸੇ ਭਾਂਡੇ ਵਿਚ ਪਾ ਕੇ ਹਿਲਾਇਆ ਜਾਂਦਾ ਸੀ। ਜਿਸ ਦੇ ਨਾਂ ਦਾ ਪੱਥਰ ਜਾਂ ਲੱਕੜੀ ਦਾ ਟੁਕੜਾ ਡਿਗਦਾ ਸੀ ਜਾਂ ਕੱਢਿਆ ਜਾਂਦਾ ਸੀ, ਉਸੇ ਨੂੰ ਚੁਣਿਆ ਜਾਂਦਾ ਸੀ। ਪ੍ਰਾਰਥਨਾ ਕਰ ਕੇ ਇਸ ਤਰ੍ਹਾਂ ਕੀਤਾ ਜਾਂਦਾ ਸੀ। ਮੂਲ ਭਾਸ਼ਾ ਵਿਚ “ਗੁਣੇ” ਲਈ ਜੋ ਸ਼ਬਦ ਵਰਤੇ ਗਏ ਹਨ, ਉਨ੍ਹਾਂ ਦਾ ਮਤਲਬ “ਹਿੱਸਾ” ਵੀ ਹੈ।​—ਯਹੋ 14:2; ਜ਼ਬੂ 16:5; ਕਹਾ 16:33; ਮੱਤੀ 27:35.

  • ਗੋਪੀਆ:

    ਚਮੜੇ ਜਾਂ ਜਾਨਵਰਾਂ ਦੀਆਂ ਨਸਾਂ, ਸਰਕੰਡੇ ਜਾਂ ਵਾਲ਼ਾਂ ਦਾ ਗੁੰਦਿਆ ਹੋਇਆ ਇਕ ਪਟਾ। ਇਸ ਦੇ ਵਿਚਕਾਰਲੇ ਚੌੜੇ ਹਿੱਸੇ ਵਿਚ ਪੱਥਰ ਜਾਂ ਕੁਝ ਹੋਰ ਰੱਖਿਆ ਜਾਂਦਾ ਸੀ ਜਿਸ ਨੂੰ ਵਗਾਹ ਕੇ ਮਾਰਿਆ ਜਾਂਦਾ ਸੀ। ਗੋਪੀਏ ਦਾ ਇਕ ਸਿਰਾ ਹੱਥ ਜਾਂ ਗੁੱਟ ਨਾਲ ਬੰਨ੍ਹਿਆ ਜਾਂਦਾ ਸੀ ਅਤੇ ਦੂਜੇ ਸਿਰੇ ਨੂੰ ਹੱਥ ਵਿਚ ਫੜਿਆ ਜਾਂਦਾ ਸੀ। ਫਿਰ ਗੋਪੀਏ ਨੂੰ ਜ਼ੋਰ ਨਾਲ ਘੁਮਾਇਆ ਜਾਂਦਾ ਸੀ ਤੇ ਦੂਜੇ ਸਿਰੇ ਨੂੰ ਛੱਡਿਆ ਜਾਂਦਾ ਸੀ। ਪੁਰਾਣੇ ਜ਼ਮਾਨੇ ਦੀਆਂ ਕੌਮਾਂ ਆਪਣੀਆਂ ਫ਼ੌਜਾਂ ਵਿਚ ਗੋਪੀਆ ਚਲਾਉਣ ਵਾਲਿਆਂ ਨੂੰ ਰੱਖਦੀਆਂ ਸਨ।​—ਨਿਆ 20:16; 1 ਸਮੂ 17:50.

  • ਗ੍ਰੰਥੀ:

    ਇਬਰਾਨੀ ਲਿਖਤਾਂ ਦਾ ਨਕਲਨਵੀਸ। ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਵੇਲੇ ਮੂਸਾ ਦੇ ਕਾਨੂੰਨ ਦਾ ਗਿਆਨ ਰੱਖਣ ਵਾਲਿਆਂ ਨੂੰ ਵੀ ਗ੍ਰੰਥੀ ਕਿਹਾ ਜਾਂਦਾ ਸੀ। ਉਹ ਯਿਸੂ ਦਾ ਵਿਰੋਧ ਕਰਦੇ ਸਨ।​—ਅਜ਼ 7:​6, ਫੁਟਨੋਟ; ਮਰ 12:​38, 39; 14:1.

  • ਗ਼ਹੈਨਾ:

    ਪੁਰਾਣੇ ਯਰੂਸ਼ਲਮ ਦੇ ਦੱਖਣ ਅਤੇ ਦੱਖਣ-ਪੱਛਮ ਵੱਲ ਹਿੰਨੋਮ ਦੀ ਵਾਦੀ ਦਾ ਯੂਨਾਨੀ ਨਾਂ। (ਯਿਰ 7:31) ਭਵਿੱਖਬਾਣੀਆਂ ਵਿਚ ਇਸ ਨੂੰ ਅਜਿਹੀ ਜਗ੍ਹਾ ਕਿਹਾ ਗਿਆ ਹੈ ਜਿੱਥੇ ਲਾਸ਼ਾਂ ਸੁੱਟੀਆਂ ਜਾਣਗੀਆਂ। (ਯਿਰ 7:32; 19:6) ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਗ਼ਹੈਨਾ ਵਿਚ ਜਾਨਵਰਾਂ ਜਾਂ ਇਨਸਾਨਾਂ ਨੂੰ ਜੀਉਂਦੇ-ਜੀ ਸਾੜਨ ਜਾਂ ਤੜਫਾਉਣ ਲਈ ਸੁੱਟਿਆ ਜਾਂਦਾ ਸੀ। ਇਸ ਲਈ ਗ਼ਹੈਨਾ ਕੋਈ ਅਜਿਹੀ ਜਗ੍ਹਾ ਨਹੀਂ ਹੋ ਸਕਦੀ ਜਿੱਥੇ ਇਨਸਾਨਾਂ ਨੂੰ ਮਰਨ ਤੋਂ ਬਾਅਦ ਸੱਚ-ਮੁੱਚ ਦੀ ਅੱਗ ਵਿਚ ਤੜਫਾਇਆ ਜਾਂਦਾ ਹੈ। ਇਸ ਦੀ ਬਜਾਇ, ਯਿਸੂ ਅਤੇ ਉਸ ਦੇ ਚੇਲਿਆਂ ਨੇ ਜਦੋਂ ਗ਼ਹੈਨਾ ਦੀ ਗੱਲ ਕੀਤੀ ਸੀ, ਤਾਂ ਉਨ੍ਹਾਂ ਦਾ ਮਤਲਬ ਸੀ, “ਦੂਸਰੀ ਮੌਤ” ਯਾਨੀ ਹਮੇਸ਼ਾ-ਹਮੇਸ਼ਾ ਲਈ ਨਾਸ਼।​—ਪ੍ਰਕਾ 20:14; ਮੱਤੀ 5:22; 10:28.

  • ਗ਼ਰੀਬਾਂ ਨੂੰ ਦਾਨ:

    ਲੋੜਵੰਦਾਂ ਨੂੰ ਦਿੱਤਾ ਦਾਨ। ਇਬਰਾਨੀ ਲਿਖਤਾਂ ਵਿਚ ਇਸ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਜਾਂਦਾ, ਪਰ ਮੂਸਾ ਦੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਗ਼ਰੀਬਾਂ ਦੀ ਮਦਦ ਕਰਨ ਲਈ ਖ਼ਾਸ ਹਿਦਾਇਤਾਂ ਦਿੱਤੀਆਂ ਗਈਆਂ ਸਨ।​—ਮੱਤੀ 6:2.

  • ਘੁਮਿਆਰ:

    ਇਸ ਦੇ ਇਬਰਾਨੀ ਸ਼ਬਦ ਦਾ ਮਤਲਬ ਹੈ “ਰਚਣ ਵਾਲਾ।” ਘੁਮਿਆਰ ਅਤੇ ਮਿੱਟੀ ਦੀ ਮਿਸਾਲ ਅਕਸਰ ਇਹ ਦਿਖਾਉਣ ਲਈ ਵਰਤੀ ਜਾਂਦੀ ਹੈ ਕਿ ਇਨਸਾਨਾਂ ਅਤੇ ਕੌਮਾਂ ਉੱਤੇ ਸਿਰਫ਼ ਯਹੋਵਾਹ ਨੂੰ ਹਕੂਮਤ ਕਰਨ ਦਾ ਅਧਿਕਾਰ ਹੈ।​—ਯਸਾ 64:8; ਰੋਮੀ 9:21.

  • ਚੱਕੀ ਦਾ ਪੁੜ:

    ਇਕ ਗੋਲ ਪੱਥਰ ਜੋ ਇਕ ਹੋਰ ਗੋਲ ਪੱਥਰ ਉੱਤੇ ਰੱਖਿਆ ਹੁੰਦਾ ਸੀ। ਇਨ੍ਹਾਂ ਨਾਲ ਦਾਣੇ ਪੀਹ ਕੇ ਆਟਾ ਬਣਾਇਆ ਜਾਂਦਾ ਸੀ। ਹੇਠਲੇ ਪੁੜ ਦੇ ਵਿਚਕਾਰ ਇਕ ਕਿੱਲ ਲੱਗਾ ਹੁੰਦਾ ਸੀ ਜੋ ਉੱਪਰਲੇ ਪੁੜ ਨਾਲ ਜੁੜਿਆ ਹੁੰਦਾ ਸੀ ਤੇ ਇਸ ਤਰ੍ਹਾਂ ਉੱਪਰਲਾ ਪੁੜ ਘੁੰਮਦਾ ਸੀ। ਬਾਈਬਲ ਦੇ ਜ਼ਮਾਨੇ ਵਿਚ ਜ਼ਿਆਦਾਤਰ ਘਰਾਂ ਵਿਚ ਔਰਤਾਂ ਹੱਥ ਨਾਲ ਚੱਕੀ ਪੀਂਹਦੀਆਂ ਸਨ। ਪਰਿਵਾਰ ਹਰ ਰੋਜ਼ ਚੱਕੀ ʼਤੇ ਦਾਣੇ ਪੀਹ ਕੇ ਰੋਟੀ ਖਾਂਦਾ ਸੀ, ਇਸ ਲਈ ਮੂਸਾ ਦੇ ਕਾਨੂੰਨ ਮੁਤਾਬਕ ਕਿਸੇ ਦੀ ਚੱਕੀ ਜਾਂ ਇਸ ਦਾ ਉੱਪਰਲਾ ਪੁੜ ਜ਼ਬਰਦਸਤੀ ਖੋਹ ਕੇ ਗਹਿਣੇ ਰੱਖਣਾ ਮਨ੍ਹਾ ਸੀ। ਵੱਡੀਆਂ-ਵੱਡੀਆਂ ਚੱਕੀਆਂ ਦੇ ਪੁੜਾਂ ਨੂੰ ਜਾਨਵਰ ਘੁਮਾਉਂਦੇ ਸਨ।​—ਬਿਵ 24:6; ਮਰ 9:42.

  • ਚਮਤਕਾਰ; ਕਰਾਮਾਤ:

    ਉਹ ਕੰਮ ਜੋ ਇਨਸਾਨੀ ਤਾਕਤ ਤੋਂ ਬਾਹਰ ਹਨ ਅਤੇ ਜਿਨ੍ਹਾਂ ਪਿੱਛੇ ਪਰਮੇਸ਼ੁਰੀ ਜਾਂ ਕੋਈ ਹੋਰ ਤਾਕਤ ਹੁੰਦੀ ਹੈ। ਬਾਈਬਲ ਵਿਚ “ਚਮਤਕਾਰ” ਅਤੇ “ਨਿਸ਼ਾਨੀ” ਵਰਗੇ ਸ਼ਬਦਾਂ ਦਾ ਇੱਕੋ ਜਿਹਾ ਮਤਲਬ ਹੋ ਸਕਦਾ ਹੈ।​—ਕੂਚ 4:21; ਰਸੂ 4:22; ਇਬ 2:4.

  • ਚੜ੍ਹਾਈ ਚੜ੍ਹਨ ਵੇਲੇ ਦਾ ਗੀਤ:

    ਜ਼ਬੂਰਾਂ ਦੀ ਪੋਥੀ 120-134 ਦਾ ਸਿਰਲੇਖ। ਹਾਲਾਂਕਿ ਇਨ੍ਹਾਂ ਸ਼ਬਦਾਂ ਦੇ ਅਰਥ ਬਾਰੇ ਵੱਖੋ-ਵੱਖਰੇ ਵਿਚਾਰ ਹਨ, ਪਰ ਕਈਆਂ ਦਾ ਮੰਨਣਾ ਹੈ ਕਿ ਜਦੋਂ ਇਜ਼ਰਾਈਲੀ ਹਰ ਸਾਲ ਤਿੰਨ ਵੱਡੇ ਤਿਉਹਾਰ ਮਨਾਉਣ ਲਈ ਯਹੂਦਾਹ ਦੇ ਪਹਾੜਾਂ ਵਿਚ ਸਥਿਤ ਯਰੂਸ਼ਲਮ ਨੂੰ ‘ਚੜ੍ਹਦੇ’ ਸਨ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਇਹ 15 ਗੀਤ ਗਾਉਂਦੇ ਸਨ।

  • ਚੜ੍ਹਾਵੇ ਦੀਆਂ ਰੋਟੀਆਂ:

    12 ਰੋਟੀਆਂ ਨੂੰ ਛੇ-ਛੇ ਦੀਆਂ ਦੋ ਤਹਿਆਂ ਵਿਚ ਇਕ ਮੇਜ਼ ਉੱਤੇ ਰੱਖਿਆ ਜਾਂਦਾ ਸੀ ਜੋ ਤੰਬੂ ਜਾਂ ਮੰਦਰ ਦੇ ਪਵਿੱਤਰ ਕਮਰੇ ਵਿਚ ਹੁੰਦਾ ਸੀ। ਇਨ੍ਹਾਂ ਨੂੰ ‘ਚਿਣ ਕੇ ਰੱਖੀਆਂ ਰੋਟੀਆਂ’ ਵੀ ਕਿਹਾ ਜਾਂਦਾ ਸੀ। ਹਰ ਸਬਤ ਦੇ ਦਿਨ ਤਾਜ਼ੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ। ਹਟਾਈਆਂ ਗਈਆਂ ਰੋਟੀਆਂ ਆਮ ਤੌਰ ਤੇ ਸਿਰਫ਼ ਪੁਜਾਰੀ ਖਾਂਦੇ ਸਨ। (2 ਇਤਿ 2:4; ਮੱਤੀ 12:4; ਕੂਚ 25:30; ਲੇਵੀ 24:​5-9; ਇਬ 9:2)​—ਵਧੇਰੇ ਜਾਣਕਾਰੀ 2.5 ਦੇਖੋ।

  • ਚੰਗੇ-ਬੁਰੇ ਦੇ ਗਿਆਨ ਦਾ ਦਰਖ਼ਤ:

    ਅਦਨ ਦੇ ਬਾਗ਼ ਵਿਚ ਇਕ ਦਰਖ਼ਤ ਜਿਸ ਨੂੰ ਪਰਮੇਸ਼ੁਰ ਨੇ ਇਕ ਨਿਸ਼ਾਨੀ ਵਜੋਂ ਵਰਤਿਆ ਕਿ ਮਨੁੱਖਜਾਤੀ ਲਈ “ਚੰਗੇ-ਬੁਰੇ” ਦਾ ਮਿਆਰ ਠਹਿਰਾਉਣ ਦਾ ਹੱਕ ਸਿਰਫ਼ ਉਸ ਦਾ ਹੈ।​—ਉਤ 2:​9, 17.

  • ਚੰਮ-ਪੱਤਰ:

    ਭੇਡ, ਬੱਕਰੀ ਜਾਂ ਵੱਛੇ ਦੀ ਚਮੜੀ ਜਿਸ ਨੂੰ ਤਿਆਰ ਕਰ ਕੇ ਲਿਖਣ ਲਈ ਵਰਤਿਆ ਜਾਂਦਾ ਸੀ। ਇਹ ਸਰਕੰਡਿਆਂ ਤੋਂ ਬਣਾਏ ਕਾਗਜ਼ ਨਾਲੋਂ ਕਿਤੇ ਜ਼ਿਆਦਾ ਹੰਢਣਸਾਰ ਹੁੰਦਾ ਸੀ ਅਤੇ ਇਹ ਬਾਈਬਲ ਦੀਆਂ ਪੱਤਰੀਆਂ ਬਣਾਉਣ ਦੇ ਕੰਮ ਆਉਂਦਾ ਸੀ। ਪੌਲੁਸ ਨੇ ਤਿਮੋਥਿਉਸ ਨੂੰ ਜਿਨ੍ਹਾਂ ਚੰਮ-ਪੱਤਰਾਂ ਨੂੰ ਲਿਆਉਣ ਲਈ ਕਿਹਾ ਸੀ, ਉਹ ਸ਼ਾਇਦ ਇਬਰਾਨੀ ਲਿਖਤਾਂ ਦੇ ਹਿੱਸੇ ਸਨ। ਮ੍ਰਿਤ ਸਾਗਰ ਕੋਲ ਮਿਲੀਆਂ ਕੁਝ ਪੋਥੀਆਂ ਚੰਮ-ਪੱਤਰ ਦੀਆਂ ਸਨ।​—2 ਤਿਮੋ 4:13.

  • ਚਿਮਟੀ:

    ਸੋਨੇ ਦੀਆਂ ਬਣੀਆਂ ਚਿਮਟੀਆਂ ਡੇਰੇ ਅਤੇ ਮੰਦਰ ਵਿਚ ਦੀਵਿਆਂ ਦੀ ਅੱਗ ਬੁਝਾਉਣ ਲਈ ਵਰਤੀਆਂ ਜਾਂਦੀਆਂ ਸਨ।​—ਕੂਚ 37:23.

  • ਚੁਬੱਚਾ:

    ਇਹ ਆਮ ਤੌਰ ਤੇ ਚੂਨਾ-ਪੱਥਰ ਦੀ ਚਟਾਨ ਵਿਚ ਬਣਾਏ ਦੋ ਟੋਏ ਹੁੰਦੇ ਸਨ। ਇਕ ਟੋਆ ਦੂਜੇ ਟੋਏ ਨਾਲੋਂ ਉੱਚਾ ਹੁੰਦਾ ਸੀ ਤੇ ਇਨ੍ਹਾਂ ਵਿਚਕਾਰ ਇਕ ਛੋਟੀ ਜਿਹੀ ਨਾਲੀ ਬਣੀ ਹੁੰਦੀ ਸੀ। ਜਦੋਂ ਉੱਪਰਲੇ ਟੋਏ ਵਿਚ ਅੰਗੂਰ ਮਿੱਧੇ ਜਾਂਦੇ ਸਨ, ਤਾਂ ਰਸ ਨੀਵੇਂ ਟੋਏ ਵਿਚ ਵਹਿ ਜਾਂਦਾ ਸੀ। ਇਹ ਸ਼ਬਦ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ।​—ਯਸਾ 5:2; ਪ੍ਰਕਾ 19:15.

  • ਚੇਲਾ-ਚਾਂਟਾ:

    ਉਹ ਵਿਅਕਤੀ ਜੋ ਮਰਿਆਂ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਦਾ ਹੈ।​—ਲੇਵੀ 20:27; ਬਿਵ 18:​10-12; 2 ਰਾਜ 21:6.

  • ਛੱਪਰਾਂ ਦਾ ਤਿਉਹਾਰ:

    ਇਸ ਨੂੰ ਡੇਰਿਆਂ ਦਾ ਤਿਉਹਾਰ ਜਾਂ ਫ਼ਸਲ ਇਕੱਠੀ ਕਰਨ ਦਾ ਤਿਉਹਾਰ ਵੀ ਕਿਹਾ ਜਾਂਦਾ ਸੀ। ਇਹ ਏਥਾਨੀਮ ਮਹੀਨੇ ਦੀ 15-21 ਤਾਰੀਖ਼ ਤਕ ਚੱਲਦਾ ਸੀ। ਇਜ਼ਰਾਈਲ ਵਿਚ ਖੇਤੀ-ਬਾੜੀ ਦੇ ਸਾਲ ਦੇ ਅਖ਼ੀਰ ਵਿਚ ਵਾਢੀ ਹੁੰਦੀ ਸੀ ਜਿਸ ਦੀ ਖ਼ੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਸੀ ਤੇ ਯਹੋਵਾਹ ਦਾ ਧੰਨਵਾਦ ਕੀਤਾ ਜਾਂਦਾ ਸੀ ਕਿ ਉਸ ਨੇ ਉਨ੍ਹਾਂ ਦੀ ਫ਼ਸਲ ʼਤੇ ਬਰਕਤ ਦਿੱਤੀ। ਤਿਉਹਾਰ ਦੇ ਦਿਨਾਂ ਦੌਰਾਨ ਲੋਕ ਛੱਪਰ ਪਾ ਕੇ ਰਹਿੰਦੇ ਸਨ ਜੋ ਉਨ੍ਹਾਂ ਨੂੰ ਮਿਸਰ ਤੋਂ ਨਿਕਲਣ ਦੀ ਯਾਦ ਦਿਵਾਉਂਦੇ ਸਨ। ਇਹ ਉਨ੍ਹਾਂ ਤਿੰਨ ਤਿਉਹਾਰਾਂ ਵਿੱਚੋਂ ਇਕ ਸੀ ਜਦੋਂ ਆਦਮੀਆਂ ਤੋਂ ਯਰੂਸ਼ਲਮ ਜਾ ਕੇ ਤਿਉਹਾਰ ਮਨਾਉਣ ਦੀ ਮੰਗ ਕੀਤੀ ਜਾਂਦੀ ਸੀ।​—ਲੇਵੀ 23:34; ਅਜ਼ 3:4.

  • ਛੁਡਾਉਣ ਵਾਲਾ:

    ਉਹ ਵਿਅਕਤੀ ਜਿਸ ਦਾ ਇਹ ਹੱਕ ਜਾਂ ਫ਼ਰਜ਼ ਬਣਦਾ ਸੀ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਗ਼ੁਲਾਮੀ ਵਿੱਚੋਂ ਛੁਡਾਵੇ ਜਾਂ ਆਪਣੇ ਰਿਸ਼ਤੇਦਾਰ ਦੀ ਜ਼ਮੀਨ-ਜਾਇਦਾਦ ਜਾਂ ਵਿਰਾਸਤ ਨੂੰ ਵਾਪਸ ਖ਼ਰੀਦੇ। (ਲੇਵੀ 25:​25-27, 47-54) ਨਾਲੇ ਉਹ ਰਿਵਾਜ ਮੁਤਾਬਕ ਆਪਣੇ ਰਿਸ਼ਤੇਦਾਰ ਦੀ ਵਿਧਵਾ ਨਾਲ ਵਿਆਹ ਕਰਾਉਂਦਾ ਸੀ ਤੇ ਉਸ ਲਈ ਔਲਾਦ ਪੈਦਾ ਕਰਦਾ ਸੀ।​—ਰੂਥ 4:​7-8.

  • ਜਟਾਮਾਸੀ:

    ਹਲਕੇ ਲਾਲ ਰੰਗ ਦਾ ਖ਼ੁਸ਼ਬੂਦਾਰ ਤੇਲ ਜੋ ਬਹੁਤ ਕੀਮਤੀ ਹੁੰਦਾ ਸੀ। ਇਹ ਜਟਾਮਾਸੀ (“ਨਾਰਡੋਸਟੈਕਿਸ ਜਟਾਮਾਂਸੀ”) ਦੇ ਪੌਦੇ ਵਿੱਚੋਂ ਕੱਢਿਆ ਜਾਂਦਾ ਸੀ। ਇਹ ਤੇਲ ਮਹਿੰਗਾ ਹੋਣ ਕਰਕੇ ਇਸ ਵਿਚ ਅਕਸਰ ਸਸਤੇ ਤੇਲ ਮਿਲਾਏ ਜਾਂਦੇ ਸਨ ਅਤੇ ਕਦੇ-ਕਦੇ ਨਕਲੀ ਤੇਲ ਨੂੰ ਅਸਲੀ ਤੇਲ ਕਹਿ ਕੇ ਵੇਚਿਆ ਜਾਂਦਾ ਸੀ। ਮਰਕੁਸ ਅਤੇ ਯੂਹੰਨਾ ਦੋਹਾਂ ਨੇ ਕਿਹਾ ਕਿ ਯਿਸੂ ਲਈ “ਖਾਲਸ ਜਟਾਮਾਸੀ” ਦਾ ਤੇਲ ਵਰਤਿਆ ਗਿਆ ਸੀ।​—ਮਰ 14:3; ਯੂਹੰ 12:3.

  • ਜਾਦੂਗਰੀ:

    ਜਾਦੂਗਰੀ ਕਰਨ ਵਾਲੇ ਮੰਨਦੇ ਹਨ ਕਿ ਇਨਸਾਨ ਦੇ ਸਰੀਰ ਵਿਚ ਆਤਮਾ ਹੁੰਦੀ ਹੈ ਜੋ ਮਰਨ ਤੋਂ ਬਾਅਦ ਬਚ ਜਾਂਦੀ ਹੈ ਅਤੇ ਜੀਉਂਦੇ ਲੋਕਾਂ ਨਾਲ ਗੱਲਬਾਤ ਕਰ ਸਕਦੀ ਹੈ, ਖ਼ਾਸ ਕਰਕੇ ਕਿਸੇ ਚੇਲੇ-ਚਾਂਟੇ ਰਾਹੀਂ। “ਜਾਦੂਗਰੀ” ਲਈ ਵਰਤੇ ਯੂਨਾਨੀ ਸ਼ਬਦ “ਫਾਰਮਾਕੀਆ” ਦਾ ਮਤਲਬ ਹੈ “ਅਮਲ ਜਾਂ ਨਸ਼ਾ।” ਇਹ ਸ਼ਬਦ ਜਾਦੂਗਰੀ ਵਾਸਤੇ ਇਸ ਕਰਕੇ ਵਰਤਿਆ ਜਾਣ ਲੱਗਾ ਕਿਉਂਕਿ ਪੁਰਾਣੇ ਜ਼ਮਾਨਿਆਂ ਵਿਚ ਜਾਦੂ-ਟੂਣਾ ਕਰਨ ਲਈ ਦੁਸ਼ਟ ਦੂਤਾਂ ਨੂੰ ਸੱਦਣ ਵੇਲੇ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀ।​—ਗਲਾ 5:20; ਪ੍ਰਕਾ 21:8.

  • ਜਾਦੂ-ਟੂਣਾ:

    ਦੁਸ਼ਟ ਦੂਤਾਂ ਦੀ ਤਾਕਤ ਨਾਲ ਕੀਤਾ ਜਾਂਦਾ ਕੰਮ।​—2 ਇਤਿ 33:6.

  • ਜਾਨ:

    ਮੂਲ ਭਾਸ਼ਾਵਾਂ ਵਿਚ ਅਜਿਹੇ ਕਈ ਸ਼ਬਦ ਹਨ ਜਿਨ੍ਹਾਂ ਦਾ ਅਨੁਵਾਦ “ਜਾਨ” ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਹਨ ਇਬਰਾਨੀ ਸ਼ਬਦ “ਨੀਫ਼ੇਸ਼” ਅਤੇ ਯੂਨਾਨੀ ਸ਼ਬਦ “ਪਸੀਖ਼ੀ।” ਬਾਈਬਲ ਦੇ ਇਸ ਅਨੁਵਾਦ ਵਿਚ ਇਨ੍ਹਾਂ ਸ਼ਬਦਾਂ ਦਾ ਅਨੁਵਾਦ ਆਮ ਤੌਰ ਤੇ “ਜਾਨ” ਕੀਤਾ ਗਿਆ ਹੈ। ਬਾਈਬਲ ਵਿਚ ਜਿਸ ਤਰ੍ਹਾਂ ਇਨ੍ਹਾਂ ਦੋਹਾਂ ਸ਼ਬਦਾਂ ਦਾ ਇਸਤੇਮਾਲ ਹੋਇਆ ਹੈ, ਉਸ ਦੀ ਜਾਂਚ ਕਰਨ ਤੇ ਇਹ ਮਤਲਬ ਪਤਾ ਲੱਗਦਾ ਹੈ: (1) ਲੋਕ, (2) ਜੀਵ-ਜੰਤੂ, (3) ਇਨਸਾਨ ਅਤੇ ਜੀਵ-ਜੰਤੂਆਂ ਦੀ ਜਾਨ। (ਉਤ 1:20; 2:7; 1 ਪਤ 3:20) ਬਾਈਬਲ ਦੇ ਇਸ ਅਨੁਵਾਦ ਵਿਚ ਇਨ੍ਹਾਂ ਦੋਹਾਂ ਸ਼ਬਦਾਂ ਦਾ ਅਨੁਵਾਦ ਸੰਦਰਭ ਮੁਤਾਬਕ ਇਨ੍ਹਾਂ ਦੇ ਸਹੀ ਮਤਲਬ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ, ਜਿਵੇਂ “ਜ਼ਿੰਦਗੀ,” “ਜਾਨ,” “ਜੀਵ-ਜੰਤੂ,” “ਇਨਸਾਨ,” “ਮੇਰਾ ਮਨ” ਜਾਂ ਸਿਰਫ਼ ਪੜਨਾਂਵ (ਮਿਸਾਲ ਲਈ “ਮੈਂ”)। ਕੁਝ ਆਇਤਾਂ ਵਿਚ “ਨੀਫ਼ੇਸ਼” ਅਤੇ “ਪਸੀਖ਼ੀ” ਦਾ ਅਨੁਵਾਦ “ਆਪਣੀ ਪੂਰੀ ਜਾਨ ਨਾਲ” ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਤਨ-ਮਨ ਲਾ ਕੇ ਕੋਈ ਕੰਮ ਕਰਨਾ। (ਬਿਵ 6:5; ਮੱਤੀ 22:37) ਕੁਝ ਹੋਰ ਆਇਤਾਂ ਵਿਚ ਮੂਲ ਭਾਸ਼ਾਵਾਂ ਦੇ ਇਹ ਸ਼ਬਦ ਇਨਸਾਨ ਦੀ ਇੱਛਾ ਜਾਂ ਭੁੱਖ ਦੇ ਲਈ ਵੀ ਇਸਤੇਮਾਲ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਦਾ ਮਤਲਬ ਲਾਸ਼ ਵੀ ਹੋ ਸਕਦਾ ਹੈ।​—ਗਿਣ 6:6; ਕਹਾ 23:2; ਯਸਾ 56:11; ਹੱਜ 2:13.

  • ਜੀਵਨ ਦਾ ਦਰਖ਼ਤ:

    ਅਦਨ ਦੇ ਬਾਗ਼ ਵਿਚ ਇਕ ਦਰਖ਼ਤ। ਬਾਈਬਲ ਇਹ ਨਹੀਂ ਦੱਸਦੀ ਕਿ ਇਸ ਦਰਖ਼ਤ ਦੇ ਫਲ ਵਿਚ ਜੀਵਨ ਦੇਣ ਵਾਲੇ ਤੱਤ ਸਨ। ਇਸ ਦੀ ਬਜਾਇ, ਇਹ ਇਸ ਗੱਲ ਦੀ ਗਾਰੰਟੀ ਸੀ ਕਿ ਪਰਮੇਸ਼ੁਰ ਜਿਨ੍ਹਾਂ ਨੂੰ ਵੀ ਇਸ ਦਾ ਫਲ ਖਾਣ ਦੇਵੇਗਾ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।​—ਉਤ 2:9; 3:22.

  • ਜੂਲਾ:

    ਇਕ ਵਿਅਕਤੀ ਦੇ ਮੋਢੇ ʼਤੇ ਰੱਖਿਆ ਡੰਡਾ ਜਿਸ ਦੇ ਦੋਹਾਂ ਪਾਸੇ ਭਾਰ ਲਟਕਾਇਆ ਜਾਂਦਾ ਸੀ ਜਾਂ ਫਿਰ ਭਾਰ ਢੋਣ ਵਾਲੇ ਦੋ ਜਾਨਵਰਾਂ (ਅਕਸਰ ਬਲਦ) ਦੀ ਗਰਦਨ ਉੱਤੇ ਰੱਖੀ ਬੱਲੀ ਜਿਸ ਨਾਲ ਉਹ ਹਲ਼ ਜਾਂ ਗੱਡਾ ਖਿੱਚਦੇ ਸਨ। ਗ਼ੁਲਾਮ ਅਕਸਰ ਭਾਰਾ ਬੋਝ ਢੋਣ ਲਈ ਜੂਲਾ ਵਰਤਦੇ ਸਨ, ਇਸ ਲਈ ਜੂਲੇ ਨੂੰ ਗ਼ੁਲਾਮੀ, ਕਿਸੇ ਹੋਰ ਦੇ ਅਧੀਨ ਹੋਣ ਅਤੇ ਜ਼ੁਲਮ ਤੇ ਦੁੱਖਾਂ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਜੂਲੇ ਨੂੰ ਹਟਾਉਣ ਜਾਂ ਤੋੜਨ ਦਾ ਮਤਲਬ ਸੀ ਗ਼ੁਲਾਮੀ, ਜ਼ੁਲਮਾਂ ਤੇ ਅਤਿਆਚਾਰਾਂ ਤੋਂ ਛੁਟਕਾਰਾ ਪਾਉਣਾ।​—ਲੇਵੀ 26:13; ਮੱਤੀ 11:​29, 30.

  • ਜੇਠਾ:

    ਪਿਤਾ ਦਾ ਸਭ ਤੋਂ ਵੱਡਾ ਪੁੱਤਰ (ਨਾ ਕਿ ਮਾਂ ਦਾ ਜੇਠਾ ਪੁੱਤਰ)। ਬਾਈਬਲ ਦੇ ਜ਼ਮਾਨੇ ਵਿਚ ਜੇਠੇ ਪੁੱਤਰ ਨੂੰ ਪਰਿਵਾਰ ਵਿਚ ਆਦਰ-ਮਾਣ ਦਿੱਤਾ ਜਾਂਦਾ ਸੀ ਅਤੇ ਪਿਤਾ ਦੇ ਮਰਨ ਤੋਂ ਬਾਅਦ ਉਸ ਨੂੰ ਘਰਾਣੇ ਦਾ ਮੁਖੀ ਬਣਾਇਆ ਜਾਂਦਾ ਸੀ। ਜਾਨਵਰਾਂ ਦੇ ਪਹਿਲੇ ਨਰ ਬੱਚੇ ਨੂੰ ਵੀ “ਜੇਠਾ” ਕਿਹਾ ਗਿਆ ਹੈ।​—ਕੂਚ 11:5; 13:12; ਉਤ 25:33; ਕੁਲੁ 1:15.

  • ਜੋਤਸ਼ੀ:

    ਉਹ ਇਨਸਾਨ ਜੋ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦੱਸਣ ਲਈ ਸੂਰਜ, ਚੰਦ ਅਤੇ ਤਾਰਿਆਂ ਦੀ ਗਤੀ ਦੀ ਜਾਂਚ ਕਰਦਾ ਹੈ।​—ਦਾਨੀ 2:27; ਮੱਤੀ 2:1.

  • ਜ਼ਬੂਰ:

    ਪਰਮੇਸ਼ੁਰ ਦੀ ਮਹਿਮਾ ਦੇ ਗੀਤ। ਜ਼ਬੂਰਾਂ ਨੂੰ ਸੰਗੀਤ-ਬੱਧ ਕੀਤਾ ਗਿਆ ਸੀ ਅਤੇ ਇਹ ਗੀਤ ਪਰਮੇਸ਼ੁਰ ਦੇ ਭਗਤਾਂ ਦੁਆਰਾ ਗਾਏ ਜਾਂਦੇ ਸਨ। ਜਦੋਂ ਲੋਕ ਯਰੂਸ਼ਲਮ ਵਿਚ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਲਈ ਮੰਦਰ ਵਿਚ ਇਕੱਠੇ ਹੁੰਦੇ ਸਨ, ਉਦੋਂ ਵੀ ਇਹ ਗੀਤ ਗਾਏ ਜਾਂਦੇ ਸਨ।​—ਲੂਕਾ 20:42; ਰਸੂ 13:33; ਯਾਕੂ 5:13.

  • ਜ਼ਿਵ:

    ਯਹੂਦੀਆਂ ਦੇ ਪਵਿੱਤਰ ਕਲੰਡਰ ਦੇ ਦੂਜੇ ਮਹੀਨੇ ਅਤੇ ਆਮ ਕਲੰਡਰ ਦੇ ਅੱਠਵੇਂ ਮਹੀਨੇ ਦਾ ਪੁਰਾਣਾ ਨਾਂ। ਇਹ ਮਹੀਨਾ ਅਪ੍ਰੈਲ ਦੇ ਅੱਧ ਤੋਂ ਲੈ ਕੇ ਮਈ ਦੇ ਅੱਧ ਤਕ ਚੱਲਦਾ ਸੀ। ਯਹੂਦੀ ਤਾਲਮੂਦ ਵਿਚ ਅਤੇ ਬਾਬਲ ਦੀ ਗ਼ੁਲਾਮੀ ਤੋਂ ਬਾਅਦ ਦੀਆਂ ਲਿਖਤਾਂ ਵਿਚ ਇਸ ਮਹੀਨੇ ਦਾ ਨਾਂ ਈਯਾਰ ਕਿਹਾ ਗਿਆ ਹੈ। (1 ਰਾਜ 6:37)​—ਵਧੇਰੇ ਜਾਣਕਾਰੀ 2.15 ਦੇਖੋ।

  • ਜ਼ੂਸ:

    ਯੂਨਾਨੀਆਂ ਦੇ ਦੇਵੀ-ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਦੇਵਤਾ। ਲੁਸਤ੍ਰਾ ਵਿਚ ਗ਼ਲਤੀ ਨਾਲ ਬਰਨਬਾਸ ਨੂੰ ਜ਼ੂਸ ਸਮਝ ਲਿਆ ਗਿਆ ਸੀ। ਲੁਸਤ੍ਰਾ ਨੇੜੇ ਮਿਲੇ ਪੁਰਾਣੇ ਸ਼ਿਲਾ-ਲੇਖਾਂ ਉੱਤੇ ਇਹ ਸ਼ਬਦ ਉੱਕਰੇ ਹੋਏ ਸਨ, “ਜ਼ੂਸ ਦੇ ਪੁਜਾਰੀ” ਅਤੇ “ਸੂਰਜ ਦੇਵਤਾ ਜ਼ੂਸ।” ਪੌਲੁਸ ਨੇ ਮਾਲਟਾ ਟਾਪੂ ਤੋਂ ਜਿਸ ਜਹਾਜ਼ ਵਿਚ ਸਫ਼ਰ ਕੀਤਾ ਸੀ, ਉਸ ਦੇ ਸਾਮ੍ਹਣੇ ਵਾਲੇ ਪਾਸੇ ‘ਜ਼ੂਸ ਦੇ ਪੁੱਤਰਾਂ’ ਕੈਸਟਰ ਅਤੇ ਪੋਲੱਕਸ ਦਾ ਨਿਸ਼ਾਨ ਸੀ ਜੋ ਜੌੜੇ ਭਰਾ ਸਨ।​—ਰਸੂ 14:12; 28:11.

  • ਜ਼ੂਫਾ:

    ਪਤਲੀਆਂ-ਪਤਲੀਆਂ ਟਾਹਣੀਆਂ ਅਤੇ ਪੱਤਿਆਂ ਵਾਲਾ ਪੌਦਾ ਜਿਸ ਨੂੰ ਸ਼ੁੱਧ ਕਰਨ ਦੀਆਂ ਰਸਮਾਂ ਵੇਲੇ ਲਹੂ ਜਾਂ ਪਾਣੀ ਛਿੜਕਣ ਲਈ ਵਰਤਿਆ ਜਾਂਦਾ ਸੀ। ਇਹ ਸ਼ਾਇਦ ਮਰੂਆ ਪੌਦਾ (“ਓਰੀਗਾਨਮ ਮਾਰੂ”; “ਓਰੀਗਾਨਮ ਸੀਰੀਆਕੁਮ”) ਸੀ। ਯੂਹੰਨਾ 19:29 ਵਿਚ ਇਹ ਸ਼ਾਇਦ ਟਾਹਣੀ ਨਾਲ ਲੱਗਾ ਮਰੂਆ ਹੋ ਸਕਦਾ ਹੈ ਜਾਂ ਜਵਾਰ (“ਸੋਰਗਮ ਵਲਗੇਰ”) ਦੀ ਇਕ ਕਿਸਮ ਜਿਸ ਦਾ ਡੰਡਲ ਲੰਬਾ ਹੁੰਦਾ ਹੈ। ਇਸੇ ਲਈ ਸ਼ਾਇਦ ਖੱਟੇ ਦਾਖਰਸ ਨਾਲ ਭਿੱਜੇ ਸਪੰਜ ਨੂੰ ਇਸ ਡੰਡਲ ਨਾਲ ਜੋੜ ਕੇ ਯਿਸੂ ਦੇ ਮੂੰਹ ਤਕ ਲਿਜਾਣਾ ਸੌਖਾ ਹੋਇਆ ਹੋਣਾ।​—ਕੂਚ 12:22; ਜ਼ਬੂ 51:7.

  • ਟਾਰਟਰਸ:

    ਮਸੀਹੀ ਯੂਨਾਨੀ ਲਿਖਤਾਂ ਵਿਚ ਇਸ ਦਾ ਮਤਲਬ ਹੈ ਜੇਲ੍ਹ ਵਰਗੀ ਮਾੜੀ ਹਾਲਤ ਜਿਸ ਵਿਚ ਨੂਹ ਦੇ ਦਿਨਾਂ ਦੇ ਅਣਆਗਿਆਕਾਰ ਦੂਤਾਂ ਨੂੰ ਰੱਖਿਆ ਹੋਇਆ ਹੈ। 2 ਪਤਰਸ 2:4 ਵਿਚ ਵਰਤੀ ਕ੍ਰਿਆ “ਟਾਰਟਾਰੂ” (“ਟਾਰਟਰਸ ਵਿਚ ਸੁੱਟਣਾ”) ਦਾ ਮਤਲਬ ਇਹ ਨਹੀਂ ਹੈ ਕਿ ‘ਜਿਨ੍ਹਾਂ ਦੂਤਾਂ ਨੇ ਪਾਪ ਕੀਤਾ ਸੀ,’ ਉਨ੍ਹਾਂ ਨੂੰ ਉਸ ਟਾਰਟਰਸ ਵਿਚ ਸੁੱਟਿਆ ਗਿਆ ਹੈ ਜਿਸ ਦਾ ਜ਼ਿਕਰ ਝੂਠੇ ਧਰਮਾਂ ਦੀਆਂ ਕਥਾ-ਕਹਾਣੀਆਂ ਵਿਚ ਕੀਤਾ ਗਿਆ ਹੈ (ਯਾਨੀ ਛੋਟੇ-ਮੋਟੇ ਦੇਵਤਿਆਂ ਲਈ ਜ਼ਮੀਨ ਹੇਠਲੀ ਜੇਲ੍ਹ ਅਤੇ ਹਨੇਰੀ ਜਗ੍ਹਾ)। ਇਸ ਦੀ ਬਜਾਇ, ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਸਵਰਗ ਵਿਚ ਉਨ੍ਹਾਂ ਨੂੰ ਉਨ੍ਹਾਂ ਦੀ ਜਗ੍ਹਾ ਤੋਂ ਹਟਾ ਦਿੱਤਾ, ਉਨ੍ਹਾਂ ਤੋਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਅਤੇ ਉਨ੍ਹਾਂ ਦੇ ਮਨਾਂ ਨੂੰ ਘੋਰ ਹਨੇਰੇ ਵਿਚ ਪਾ ਦਿੱਤਾ ਤਾਂਕਿ ਉਹ ਪਰਮੇਸ਼ੁਰ ਦੇ ਸ਼ਾਨਦਾਰ ਮਕਸਦਾਂ ਨੂੰ ਨਾ ਸਮਝ ਸਕਣ। ਹਨੇਰਾ ਇਸ ਗੱਲ ਦੀ ਵੀ ਨਿਸ਼ਾਨੀ ਹੈ ਕਿ ਅਖ਼ੀਰ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ। ਬਾਈਬਲ ਦੱਸਦੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਹਾਕਮ ਸ਼ੈਤਾਨ ਸਮੇਤ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ। ਇਸ ਲਈ ਟਾਰਟਰਸ ਉਨ੍ਹਾਂ ਬਾਗ਼ੀ ਦੂਤਾਂ ਦੀ ਜ਼ਲੀਲ ਹਾਲਤ ਨੂੰ ਦਰਸਾਉਂਦਾ ਹੈ। ਇਹ ਪ੍ਰਕਾਸ਼ ਦੀ ਕਿਤਾਬ 20:​1-3 ਵਿਚ ਦੱਸਿਆ “ਅਥਾਹ ਕੁੰਡ” ਨਹੀਂ ਹੈ।

  • ਟਿੱਡੀਆਂ:

    ਇਕ ਤਰ੍ਹਾਂ ਦੇ ਕੀਟ-ਪਤੰਗੇ ਜੋ ਵੱਡੇ-ਵੱਡੇ ਝੁੰਡਾਂ ਵਿਚ ਪਰਵਾਸ ਕਰਦੇ ਹਨ। ਮੂਸਾ ਦੇ ਕਾਨੂੰਨ ਅਨੁਸਾਰ ਟਿੱਡੀਆਂ ਸ਼ੁੱਧ ਸਨ ਜਿਨ੍ਹਾਂ ਨੂੰ ਖਾਧਾ ਜਾ ਸਕਦਾ ਸੀ। ਜਦੋਂ ਟਿੱਡੀਆਂ ਦੇ ਵੱਡੇ-ਵੱਡੇ ਝੁੰਡ ਆਪਣੇ ਰਾਹ ਵਿਚ ਆਉਣ ਵਾਲੀ ਹਰ ਚੀਜ਼ ਨੂੰ ਚੱਟ ਕਰ ਜਾਂਦੇ ਸਨ ਤੇ ਤਬਾਹੀ ਮਚਾਉਂਦੇ ਸਨ, ਤਾਂ ਇਸ ਨੂੰ ਟਿੱਡੀਆਂ ਦੀ ਆਫ਼ਤ ਕਿਹਾ ਜਾਂਦਾ ਸੀ।​—ਕੂਚ 10:14; ਮੱਤੀ 3:4.

  • ਟਿੱਲਾ:

    ਇਬਰਾਨੀ ਵਿਚ “ਮਿੱਲੋ” ਜਿਸ ਦਾ ਮਤਲਬ ਹੈ “ਭਰਨਾ।” ਸੈਪਟੁਜਿੰਟ ਵਿਚ ਇਸ ਦਾ ਅਨੁਵਾਦ “ਕਿਲਾ” ਕੀਤਾ ਗਿਆ ਹੈ। ਲੱਗਦਾ ਹੈ ਕਿ ਇਹ ਦਾਊਦ ਦੇ ਸ਼ਹਿਰ ਵਿਚ ਕੋਈ ਪਹਾੜੀ ਜਾਂ ਇਮਾਰਤ ਸੀ, ਪਰ ਇਸ ਬਾਰੇ ਸਹੀ-ਸਹੀ ਨਹੀਂ ਪਤਾ।​—2 ਸਮੂ 5:9; 1 ਰਾਜ 11:27.

  • ਟੇਬੇਥ:

    ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਵਾਲੇ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਦਸਵਾਂ ਅਤੇ ਆਮ ਕਲੰਡਰ ਦਾ ਚੌਥਾ ਮਹੀਨਾ। ਇਹ ਮਹੀਨਾ ਦਸੰਬਰ ਦੇ ਅੱਧ ਤੋਂ ਲੈ ਕੇ ਜਨਵਰੀ ਦੇ ਅੱਧ ਤਕ ਚੱਲਦਾ ਸੀ। ਇਸ ਨੂੰ ਆਮ ਤੌਰ ਤੇ ‘ਦਸਵਾਂ ਮਹੀਨਾ’ ਕਿਹਾ ਗਿਆ ਹੈ। (ਅਸ 2:16)​—ਵਧੇਰੇ ਜਾਣਕਾਰੀ 2.15 ਦੇਖੋ।

  • ਟੈਲੰਟ:

    ਭਾਰ ਅਤੇ ਪੈਸਿਆਂ ਦੀ ਯੂਨਾਨੀ ਇਕਾਈ। ਇਕ ਟੈਲੰਟ ਲਗਭਗ 20.4 ਕਿਲੋਗ੍ਰਾਮ ਹੁੰਦਾ ਸੀ। (ਮੱਤੀ 18:24)​—ਵਧੇਰੇ ਜਾਣਕਾਰੀ 2.14 ਦੇਖੋ।

  • ਡੇਰਾ:

    ਜਦ ਇਜ਼ਰਾਈਲੀ ਮਿਸਰ ਤੋਂ ਬਾਹਰ ਨਿਕਲੇ, ਤਾਂ ਉਨ੍ਹਾਂ ਨੇ ਭਗਤੀ ਕਰਨ ਲਈ ਇਕ ਤੰਬੂ ਬਣਾਇਆ ਜਿਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਸੀ। ਇਸ ਵਿਚ ਯਹੋਵਾਹ ਦੇ ਇਕਰਾਰ ਦਾ ਸੰਦੂਕ ਰੱਖਿਆ ਗਿਆ ਸੀ ਜੋ ਪਰਮੇਸ਼ੁਰ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ। ਇਸ ਤੰਬੂ ਵਿਚ ਬਲ਼ੀਆਂ ਚੜ੍ਹਾਉਣ ਦੇ ਨਾਲ-ਨਾਲ ਭਗਤੀ ਵੀ ਕੀਤੀ ਜਾਂਦੀ ਸੀ। ਕਦੇ-ਕਦੇ ਇਸ ਨੂੰ “ਮੰਡਲੀ ਦਾ ਤੰਬੂ” ਵੀ ਕਿਹਾ ਜਾਂਦਾ ਹੈ। ਇਹ ਲੱਕੜ ਦੇ ਚੌਖਟਿਆਂ ਨੂੰ ਜੋੜ ਕੇ ਬਣਾਇਆ ਗਿਆ ਸੀ ਅਤੇ ਇਸ ਉੱਤੇ ਮਲਮਲ ਦੇ ਪਰਦੇ ਪਾਏ ਗਏ ਸਨ ਜਿਨ੍ਹਾਂ ਉੱਤੇ ਕਢਾਈ ਨਾਲ ਕਰੂਬੀ ਬਣਾਏ ਗਏ ਸਨ। ਇਸ ਵਿਚ ਦੋ ਕਮਰੇ ਸਨ, ਇਕ ਨੂੰ ਪਵਿੱਤਰ ਅਤੇ ਦੂਜੇ ਨੂੰ ਅੱਤ ਪਵਿੱਤਰ ਕਿਹਾ ਜਾਂਦਾ ਸੀ। (ਯਹੋ 18:1; ਕੂਚ 25:9)​—ਵਧੇਰੇ ਜਾਣਕਾਰੀ 2.5 ਦੇਖੋ।

  • ਤਸੀਹੇ ਦੀ ਸੂਲ਼ੀ:

    ਇਹ ਯੂਨਾਨੀ ਸ਼ਬਦ “ਸਟਾਉਰੋਸ” ਦਾ ਅਨੁਵਾਦ ਹੈ ਜਿਸ ਦਾ ਮਤਲਬ ਹੈ ਇਕ ਸਿੱਧੀ ਲੱਕੜ ਜਾਂ ਥੰਮ੍ਹੀ ਜਿਸ ਉੱਤੇ ਯਿਸੂ ਨੂੰ ਮਾਰਿਆ ਗਿਆ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਯੂਨਾਨੀ ਸ਼ਬਦ ਦਾ ਮਤਲਬ ਕ੍ਰਾਸ ਜਾਂ ਸਲੀਬ ਹੈ। ਮਸੀਹ ਤੋਂ ਕਈ ਸਦੀਆਂ ਪਹਿਲਾਂ ਝੂਠੇ ਧਰਮਾਂ ਦੇ ਲੋਕ ਕ੍ਰਾਸ ਨੂੰ ਧਾਰਮਿਕ ਨਿਸ਼ਾਨੀ ਵਜੋਂ ਵਰਤਦੇ ਸਨ। “ਤਸੀਹੇ ਦੀ ਸੂਲ਼ੀ” ਮੂਲ ਯੂਨਾਨੀ ਸ਼ਬਦ ਦਾ ਪੂਰਾ-ਪੂਰਾ ਅਰਥ ਦਿੰਦਾ ਹੈ ਕਿਉਂਕਿ ਯਿਸੂ ਦੁਆਰਾ “ਸਟਾਉਰੋਸ” ਸ਼ਬਦ ਇਹ ਦੱਸਣ ਲਈ ਵੀ ਵਰਤਿਆ ਗਿਆ ਸੀ ਕਿ ਉਸ ਦੇ ਚੇਲਿਆਂ ਨੂੰ ਤਸੀਹੇ, ਦੁੱਖ ਅਤੇ ਬੇਇੱਜ਼ਤੀ ਝੱਲਣੀ ਪਵੇਗੀ। (ਮੱਤੀ 16:24; ਇਬ 12:2)​—ਸੂਲ਼ੀ ਦੇਖੋ।

  • ਤੱਪੜ:

    ਖੁਰਦਰਾ ਕੱਪੜਾ ਜਿਸ ਤੋਂ ਥੈਲੇ ਬਣਾਏ ਜਾਂਦੇ ਸਨ ਜਿਵੇਂ ਕਿ ਅਨਾਜ ਵਾਲੇ ਥੈਲੇ। ਇਹ ਕੱਪੜਾ ਆਮ ਤੌਰ ਤੇ ਬੱਕਰੀ ਦੇ ਗੂੜ੍ਹੇ ਰੰਗ ਦੇ ਵਾਲ਼ਾਂ ਨਾਲ ਬੁਣਿਆ ਹੁੰਦਾ ਸੀ ਅਤੇ ਇਸ ਨੂੰ ਸੋਗ ਮਨਾਉਣ ਵੇਲੇ ਪਾਇਆ ਜਾਂਦਾ ਸੀ।​—ਉਤ 37:34; ਲੂਕਾ 10:13.

  • ਤਮੂਜ਼:

    (1) ਇਕ ਦੇਵਤੇ ਦਾ ਨਾਂ ਜਿਸ ਵਾਸਤੇ ਯਰੂਸ਼ਲਮ ਵਿਚ ਧਰਮ-ਤਿਆਗੀ ਔਰਤਾਂ ਰੋਈਆਂ ਸਨ। ਕਿਹਾ ਜਾਂਦਾ ਹੈ ਕਿ ਤਮੂਜ਼ ਪਹਿਲਾਂ ਇਕ ਰਾਜਾ ਹੁੰਦਾ ਸੀ ਜਿਸ ਦੀ ਮੌਤ ਤੋਂ ਬਾਅਦ ਉਸ ਨੂੰ ਦੇਵਤਾ ਮੰਨ ਕੇ ਪੂਜਿਆ ਜਾਣ ਲੱਗਾ। ਸੁਮੇਰੀ ਲਿਖਤਾਂ ਵਿਚ ਤਮੂਜ਼ ਨੂੰ ਦੂਮੂਜ਼ੀ ਕਿਹਾ ਗਿਆ ਹੈ ਅਤੇ ਉਸ ਨੂੰ ਜਣਨ ਦੇਵੀ ਈਨਾਨਾ (ਬਾਬਲ ਦੀ ਇਸ਼ਟਾਰ ਦੇਵੀ) ਦਾ ਪਤੀ ਜਾਂ ਪ੍ਰੇਮੀ ਦੱਸਿਆ ਗਿਆ ਹੈ। (ਹਿਜ਼ 8:14) (2) ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਵਾਲੇ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਚੌਥਾ ਅਤੇ ਆਮ ਕਲੰਡਰ ਦਾ ਦਸਵਾਂ ਮਹੀਨਾ। ਇਹ ਮਹੀਨਾ ਜੂਨ ਦੇ ਅੱਧ ਤੋਂ ਲੈ ਕੇ ਜੁਲਾਈ ਦੇ ਅੱਧ ਤਕ ਚੱਲਦਾ ਸੀ।​—ਵਧੇਰੇ ਜਾਣਕਾਰੀ 2.15 ਦੇਖੋ।

  • ਤਰਸ਼ੀਸ਼ ਦੇ ਜਹਾਜ਼:

    ਸ਼ੁਰੂ-ਸ਼ੁਰੂ ਵਿਚ ਇਹ ਨਾਂ ਉਨ੍ਹਾਂ ਜਹਾਜ਼ਾਂ ਲਈ ਵਰਤਿਆ ਜਾਂਦਾ ਸੀ ਜੋ ਪੁਰਾਣੇ ਤਰਸ਼ੀਸ਼ (ਅੱਜ ਦੇ ਸਪੇਨ) ਤਕ ਜਾਂਦੇ ਸਨ। ਲੱਗਦਾ ਹੈ ਕਿ ਬਾਅਦ ਵਿਚ ਇਹ ਨਾਂ ਵੱਡੇ-ਵੱਡੇ ਜਹਾਜ਼ਾਂ ਨੂੰ ਦਿੱਤਾ ਗਿਆ ਜੋ ਦੂਰ-ਦੂਰ ਤਕ ਜਾਂਦੇ ਸਨ। ਸੁਲੇਮਾਨ ਅਤੇ ਯਹੋਸ਼ਾਫ਼ਾਟ ਨੇ ਵੀ ਵਪਾਰ ਲਈ ਅਜਿਹੇ ਜਹਾਜ਼ ਵਰਤੇ ਸਨ।​—1 ਰਾਜ 9:26; 10:22; 22:48.

  • ਤਰਾਫੀਮ:

    ਖ਼ਾਨਦਾਨੀ ਦੇਵਤੇ ਜਾਂ ਬੁੱਤ ਜਿਨ੍ਹਾਂ ਨੂੰ ਚੰਗਾ ਜਾਂ ਬੁਰਾ ਸ਼ਗਨ ਵਿਚਾਰਨ ਲਈ ਵਰਤਿਆ ਜਾਂਦਾ ਸੀ। (ਹਿਜ਼ 21:21) ਕੁਝ ਬੁੱਤਾਂ ਦਾ ਰੂਪ ਤੇ ਆਕਾਰ ਇਨਸਾਨ ਵਰਗਾ ਹੁੰਦਾ ਸੀ, ਪਰ ਕਈ ਕਾਫ਼ੀ ਛੋਟੇ ਹੁੰਦੇ ਸਨ। (ਉਤ 31:34; 1 ਸਮੂ 19:​13, 16) ਮੈਸੋਪੋਟਾਮੀਆ ਵਿਚ ਪੁਰਾਤੱਤਵ-ਵਿਗਿਆਨੀਆਂ ਦੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਪਰਿਵਾਰ ਦੇ ਜਿਸ ਮੈਂਬਰ ਕੋਲ ਤਰਾਫੀਮ ਹੁੰਦੇ ਸਨ, ਉਸ ਨੂੰ ਵਿਰਾਸਤ ਮਿਲਦੀ ਸੀ। (ਸ਼ਾਇਦ ਇਸੇ ਕਰਕੇ ਰਾਕੇਲ ਨੇ ਆਪਣੇ ਪਿਤਾ ਦੇ ਤਰਾਫੀਮ ਲੈ ਲਏ ਸਨ।) ਪਰ ਇਜ਼ਰਾਈਲ ਵਿਚ ਇਸ ਤਰ੍ਹਾਂ ਨਹੀਂ ਸੀ, ਭਾਵੇਂ ਕਿ ਨਿਆਈਆਂ ਅਤੇ ਰਾਜਿਆਂ ਦੇ ਦਿਨਾਂ ਵਿਚ ਤਰਾਫੀਮ ਨੂੰ ਮੂਰਤੀ-ਪੂਜਾ ਲਈ ਵਰਤਿਆ ਜਾਂਦਾ ਸੀ। ਵਫ਼ਾਦਾਰ ਰਾਜੇ ਯੋਸੀਯਾਹ ਨੇ ਜਿਨ੍ਹਾਂ ਚੀਜ਼ਾਂ ਦਾ ਨਾਸ਼ ਕੀਤਾ ਸੀ, ਉਨ੍ਹਾਂ ਵਿਚ ਤਰਾਫੀਮ ਵੀ ਸਨ।​—ਨਿਆ 17:5; 2 ਰਾਜ 23:24; ਹੋਸ਼ੇ 3:4.

  • ਤਾਣਾ:

    ਕੱਪੜੇ ਦੀ ਬੁਣਾਈ ਵਿਚ ਲੰਬਾਈ ਵਾਲੇ ਪਾਸੇ ਦੇ ਧਾਗੇ। ਚੁੜਾਈ ਵਾਲੇ ਪਾਸੇ ਦੇ ਧਾਗਿਆਂ ਨੂੰ ਬਾਣਾ ਕਿਹਾ ਜਾਂਦਾ ਹੈ ਜੋ ਤਾਣੇ ਦੇ ਧਾਗਿਆਂ ਦੇ ਉੱਪਰੋਂ ਅਤੇ ਥੱਲਿਓਂ ਦੀ ਬੁਣੇ ਜਾਂਦੇ ਹਨ।​—ਨਿਆ 16:13.

  • ਤਿਆਰੀ ਦਾ ਦਿਨ:

    ਸਬਤ ਤੋਂ ਪਹਿਲਾਂ ਦਾ ਦਿਨ ਜਿਸ ਦੌਰਾਨ ਯਹੂਦੀ ਜ਼ਰੂਰੀ ਤਿਆਰੀਆਂ ਕਰਦੇ ਸਨ। ਅੱਜ ਦੇ ਹਿਸਾਬ ਨਾਲ ਇਹ ਦਿਨ ਸ਼ੁੱਕਰਵਾਰ ਨੂੰ ਸੂਰਜ ਢਲ਼ਣ ਤੋਂ ਬਾਅਦ ਖ਼ਤਮ ਹੁੰਦਾ ਸੀ ਅਤੇ ਉਸੇ ਸਮੇਂ ਸਬਤ ਦਾ ਦਿਨ ਸ਼ੁਰੂ ਹੋ ਜਾਂਦਾ ਸੀ। ਯਹੂਦੀ ਆਪਣਾ ਦਿਨ ਇਕ ਸ਼ਾਮ ਤੋਂ ਦੂਜੀ ਸ਼ਾਮ ਤਕ ਗਿਣਦੇ ਸਨ।​—ਮਰ 15:42; ਲੂਕਾ 23:54.

  • ਤਿਸ਼ਰੀ:​—

  • ਤੁਰ੍ਹੀ:

    ਫੂਕ ਮਾਰ ਕੇ ਵਜਾਇਆ ਜਾਣ ਵਾਲਾ ਧਾਤ ਦਾ ਇਕ ਸਾਜ਼ ਜੋ ਇਸ਼ਾਰਾ ਕਰਨ ਲਈ ਤੇ ਸੰਗੀਤ ਲਈ ਵਰਤਿਆ ਜਾਂਦਾ ਸੀ। ਗਿਣਤੀ 10:2 ਮੁਤਾਬਕ ਯਹੋਵਾਹ ਨੇ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾਉਣ ਲਈ ਹਿਦਾਇਤਾਂ ਦਿੱਤੀਆਂ ਸਨ ਜੋ ਖ਼ਾਸਕਰ ਉਦੋਂ ਵਜਾਈਆਂ ਜਾਣੀਆਂ ਸਨ ਜਦੋਂ ਮੰਡਲੀ ਨੂੰ ਇਕੱਠਾ ਕਰਨਾ ਸੀ, ਜਦੋਂ ਬੋਰੀਆ-ਬਿਸਤਰਾ ਚੁੱਕ ਕੇ ਅੱਗੇ ਤੁਰਨਾ ਸੀ ਅਤੇ ਜਦੋਂ ਯੁੱਧ ਦਾ ਐਲਾਨ ਕੀਤਾ ਜਾਣਾ ਸੀ। ਲੱਗਦਾ ਹੈ ਕਿ ਇਹ ਤੁਰ੍ਹੀਆਂ ਸਿੱਧੀਆਂ ਹੁੰਦੀਆਂ ਸਨ ਜਦ ਕਿ “ਨਰਸਿੰਗੇ” ਮੁੜੇ ਹੋਏ ਹੁੰਦੇ ਸਨ ਜੋ ਜਾਨਵਰਾਂ ਦੇ ਸਿੰਗਾਂ ਦੇ ਬਣੇ ਹੁੰਦੇ ਸਨ। ਮੰਦਰ ਵਿਚ ਵਜਾਏ ਜਾਂਦੇ ਸਾਜ਼ਾਂ ਵਿਚ ਤੁਰ੍ਹੀਆਂ ਵੀ ਸਨ ਜਿਨ੍ਹਾਂ ਦੀ ਬਣਾਵਟ ਬਾਰੇ ਦੱਸਿਆ ਨਹੀਂ ਗਿਆ। ਤੁਰ੍ਹੀਆਂ ਦੀ ਆਵਾਜ਼ ਦਾ ਸੰਬੰਧ ਅਕਸਰ ਯਹੋਵਾਹ ਦੇ ਨਿਆਵਾਂ ਦੇ ਐਲਾਨ ਜਾਂ ਉਸ ਵੱਲੋਂ ਹੁੰਦੀਆਂ ਖ਼ਾਸ ਘਟਨਾਵਾਂ ਨਾਲ ਜੋੜਿਆ ਜਾਂਦਾ ਹੈ।​—2 ਇਤਿ 29:26; ਅਜ਼ 3:10; 1 ਕੁਰਿੰ 15:52; ਪ੍ਰਕਾ 8:7–11:15.

  • ਤੂੜੀ:

    ਕਣਕ ਦੇ ਦਾਣਿਆਂ ਨੂੰ ਗਾਹੁਣ ਅਤੇ ਛੱਟਣ ਵੇਲੇ ਉਨ੍ਹਾਂ ਤੋਂ ਅਲੱਗ ਹੋਣ ਵਾਲਾ ਛਿਲਕਾ। ਕਿਸੇ ਬੇਕਾਰ ਅਤੇ ਭੈੜੀ ਚੀਜ਼ ਲਈ ਵੀ ਤੂੜੀ ਨੂੰ ਮਿਸਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ।​—ਜ਼ਬੂ 1:4; ਮੱਤੀ 3:12.

  • ਤੋਬਾ:

    ਬਾਈਬਲ ਮੁਤਾਬਕ ਇਸ ਦਾ ਮਤਲਬ ਹੈ ਆਪਣਾ ਮਨ ਬਦਲਣਾ ਅਤੇ ਆਪਣੀ ਬੀਤੀ ਜ਼ਿੰਦਗੀ ਅਤੇ ਗ਼ਲਤ ਕੰਮਾਂ ਉੱਤੇ ਪਛਤਾਵਾ ਕਰਨਾ ਜਾਂ ਸਹੀ ਕੰਮ ਨਾ ਕਰਨ ਕਰਕੇ ਪਛਤਾਵਾ ਕਰਨਾ। ਸੱਚੇ ਮਨੋਂ ਤੋਬਾ ਕਰਨ ਵਾਲਾ ਬੁਰੇ ਕੰਮ ਛੱਡ ਕੇ ਚੰਗੇ ਕੰਮ ਕਰਦਾ ਹੈ।​—ਮੱਤੀ 3:8; ਰਸੂ 3:19; 2 ਪਤ 3:9.

  • ਥੰਮ੍ਹ:

    ਕਿਸੇ ਇਮਾਰਤ ਨੂੰ ਖੜ੍ਹਾ ਰੱਖਣ ਲਈ ਵਰਤੀ ਜਾਣ ਵਾਲੀ ਟੇਕ ਜਾਂ ਟੇਕ ਵਰਗੀ ਚੀਜ਼। ਕੁਝ ਥੰਮ੍ਹ ਇਤਿਹਾਸਕ ਕੰਮਾਂ ਜਾਂ ਘਟਨਾਵਾਂ ਨੂੰ ਯਾਦ ਕਰਨ ਲਈ ਖੜ੍ਹੇ ਕੀਤੇ ਜਾਂਦੇ ਸਨ। ਸੁਲੇਮਾਨ ਦੁਆਰਾ ਬਣਾਏ ਮੰਦਰ ਅਤੇ ਸ਼ਾਹੀ ਇਮਾਰਤਾਂ ਵਿਚ ਥੰਮ੍ਹ ਵਰਤੇ ਗਏ ਸਨ। ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕਾਂ ਨੇ ਆਪਣੇ ਧਰਮ ਨਾਲ ਸੰਬੰਧਿਤ ਪੂਜਾ-ਥੰਮ੍ਹ ਖੜ੍ਹੇ ਕੀਤੇ ਸਨ ਅਤੇ ਕਈ ਵਾਰ ਇਜ਼ਰਾਈਲੀਆਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ। (ਨਿਆ 16:29; 1 ਰਾਜ 7:21; 14:23)​—ਕੰਗੂਰਾ ਦੇਖੋ।

  • ਦਸਵਾਂ ਹਿੱਸਾ:

    10 ਪ੍ਰਤਿਸ਼ਤ ਹਿੱਸਾ ਜੋ ਖ਼ਾਸਕਰ ਧਾਰਮਿਕ ਕੰਮਾਂ ਲਈ ਨਜ਼ਰਾਨੇ ਵਜੋਂ ਦਿੱਤਾ ਜਾਂਦਾ ਸੀ। (ਮਲਾ 3:10; ਬਿਵ 26:12; ਮੱਤੀ 23:23) ਮੂਸਾ ਦੇ ਕਾਨੂੰਨ ਮੁਤਾਬਕ ਹਰ ਸਾਲ ਜ਼ਮੀਨ ਦੀ ਪੈਦਾਵਾਰ ਦਾ ਦਸਵਾਂ ਹਿੱਸਾ ਅਤੇ ਪਸ਼ੂਆਂ ਵਿਚ ਹੋਏ ਵਾਧੇ ਦਾ ਦਸਵਾਂ ਹਿੱਸਾ ਲੇਵੀਆਂ ਨੂੰ ਦਿੱਤਾ ਜਾਂਦਾ ਸੀ ਤਾਂਕਿ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ। ਲੇਵੀ ਇਸ ਦਸਵੇਂ ਹਿੱਸੇ ਵਿੱਚੋਂ ਦਸਵਾਂ ਹਿੱਸਾ ਹਾਰੂਨ ਦੇ ਘਰਾਣੇ ਦੇ ਪੁਜਾਰੀਆਂ ਨੂੰ ਦਿੰਦੇ ਸਨ ਤਾਂਕਿ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ। ਇਜ਼ਰਾਈਲੀ ਇਨ੍ਹਾਂ ਤੋਂ ਇਲਾਵਾ ਹੋਰ ਦਸਵਾਂ ਹਿੱਸਾ ਵੀ ਦਿੰਦੇ ਸਨ। ਬਾਈਬਲ ਵਿਚ ਮਸੀਹੀਆਂ ਤੋਂ ਦਸਵੇਂ ਹਿੱਸੇ ਦੀ ਮੰਗ ਨਹੀਂ ਕੀਤੀ ਗਈ।

  • ਦਰਸ਼ੀ:

    ਪਰਮੇਸ਼ੁਰ ਦੀ ਮਦਦ ਨਾਲ ਉਸ ਦੀ ਮਰਜ਼ੀ ਜਾਣਨ ਵਾਲਾ ਵਿਅਕਤੀ। ਉਸ ਦੀਆਂ ਅੱਖਾਂ ਖੋਲ੍ਹੀਆਂ ਜਾਂਦੀਆਂ ਸਨ ਤਾਂਕਿ ਉਹ ਉਨ੍ਹਾਂ ਗੱਲਾਂ ਨੂੰ ਦੇਖ ਜਾਂ ਸਮਝ ਸਕੇ ਜੋ ਇਕ ਆਮ ਇਨਸਾਨ ਨਹੀਂ ਦੇਖ-ਸਮਝ ਸਕਦਾ ਸੀ। ਇਹ ਇਬਰਾਨੀ ਸ਼ਬਦ ਜਿਸ ਮੂਲ ਸ਼ਬਦ ਤੋਂ ਆਇਆ ਹੈ, ਉਸ ਦਾ ਮਤਲਬ ਹੈ ਸੱਚੀਂ-ਮੁੱਚੀਂ ਜਾਂ ਮਨ ਦੀਆਂ ਅੱਖਾਂ ਨਾਲ “ਦੇਖਣਾ।” ਮੁਸ਼ਕਲਾਂ ਦੇ ਹੱਲ ਲਈ ਲੋਕ ਦਰਸ਼ੀ ਕੋਲੋਂ ਬੁੱਧ ਭਰੀ ਸਲਾਹ ਲੈਣ ਆਉਂਦੇ ਸਨ।​—1 ਸਮੂ 9:9.

  • ਦਰਾਖਮਾ:

    ਮਸੀਹੀ ਯੂਨਾਨੀ ਲਿਖਤਾਂ ਵਿਚ ਚਾਂਦੀ ਦਾ ਇਕ ਯੂਨਾਨੀ ਸਿੱਕਾ ਜਿਸ ਦਾ ਭਾਰ ਉਸ ਸਮੇਂ 3.4 ਗ੍ਰਾਮ ਸੀ। ਇਬਰਾਨੀ ਲਿਖਤਾਂ ਵਿਚ ਸੋਨੇ ਦੇ ਦਰਾਖਮਾ ਦਾ ਜ਼ਿਕਰ ਆਉਂਦਾ ਹੈ ਜੋ ਫਾਰਸੀ ਹਕੂਮਤ ਦੇ ਸਮੇਂ ਦਾ ਸੀ ਤੇ ਇਹ ਦਾਰਕ ਦੇ ਬਰਾਬਰ ਸੀ। (ਨਹ 7:70; ਮੱਤੀ 17:24)​—ਵਧੇਰੇ ਜਾਣਕਾਰੀ 2.14 ਦੇਖੋ।

  • ਦਾਊਦ ਦਾ ਸ਼ਹਿਰ:

    ਯਬੂਸ ਸ਼ਹਿਰ ਨੂੰ ਦਿੱਤਾ ਗਿਆ ਨਾਂ। ਇਹ ਨਾਂ ਉਦੋਂ ਦਿੱਤਾ ਗਿਆ ਸੀ ਜਦੋਂ ਦਾਊਦ ਨੇ ਇਸ ਨੂੰ ਜਿੱਤਿਆ ਸੀ ਤੇ ਇੱਥੇ ਆਪਣਾ ਮਹਿਲ ਬਣਾਇਆ ਸੀ। ਇਸ ਨੂੰ ਸੀਓਨ ਵੀ ਕਿਹਾ ਜਾਂਦਾ ਹੈ। ਇਹ ਯਰੂਸ਼ਲਮ ਦੇ ਦੱਖਣ-ਪੂਰਬ ਵਿਚ ਹੈ ਅਤੇ ਇਹ ਯਰੂਸ਼ਲਮ ਸ਼ਹਿਰ ਦਾ ਸਭ ਤੋਂ ਪੁਰਾਣਾ ਹਿੱਸਾ ਹੈ।​—2 ਸਮੂ 5:7; 1 ਇਤਿ 11:​4, 5.

  • ਦਾਊਦ ਦਾ ਪੁੱਤਰ:

    ਇਹ ਸ਼ਬਦ ਅਕਸਰ ਯਿਸੂ ਲਈ ਵਰਤੇ ਗਏ ਹਨ। ਇਹ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਦਾਊਦ ਦੇ ਖ਼ਾਨਦਾਨ ਵਿੱਚੋਂ ਹੋਣ ਕਰਕੇ ਯਿਸੂ ਹੀ ਉਸ ਰਾਜ ਦਾ ਵਾਰਸ ਹੈ ਜਿਸ ਦਾ ਇਕਰਾਰ ਪਰਮੇਸ਼ੁਰ ਨੇ ਦਾਊਦ ਨਾਲ ਕੀਤਾ ਸੀ।​—ਮੱਤੀ 12:23; 21:9.

  • ਦਾਗੋਨ:

    ਫਲਿਸਤੀਆਂ ਦਾ ਇਕ ਦੇਵਤਾ। ਇਹ ਨਹੀਂ ਪਤਾ ਕਿ ਇਹ ਸ਼ਬਦ ਕਿੱਥੋਂ ਆਇਆ, ਪਰ ਕੁਝ ਵਿਦਵਾਨ ਕਹਿੰਦੇ ਹਨ ਕਿ ਇਸ ਸ਼ਬਦ ਦਾ ਸੰਬੰਧ ਇਬਰਾਨੀ ਸ਼ਬਦ “ਦਾਘ” (ਮੱਛੀ) ਨਾਲ ਹੈ।​—ਨਿਆ 16:23; 1 ਸਮੂ 5:4.

  • ਦਾਰਕ:

    ਫਾਰਸੀ ਸੋਨੇ ਦਾ ਸਿੱਕਾ ਜਿਸ ਦਾ ਭਾਰ 8.4 ਗ੍ਰਾਮ ਸੀ। (1 ਇਤਿ 29:7)​—ਵਧੇਰੇ ਜਾਣਕਾਰੀ 2.14 ਦੇਖੋ।

  • ਦਿਓਰ-ਭਾਬੀ ਵਿਆਹ:

    ਜੇ ਕੋਈ ਆਦਮੀ ਪੁੱਤਰ ਪੈਦਾ ਕੀਤੇ ਬਿਨਾਂ ਮਰ ਜਾਂਦਾ ਸੀ, ਤਾਂ ਉਸ ਦਾ ਭਰਾ ਉਸ ਦੀ ਵਿਧਵਾ ਨਾਲ ਵਿਆਹ ਕਰ ਕੇ ਆਪਣੇ ਮਰੇ ਹੋਏ ਭਰਾ ਦਾ ਵੰਸ਼ ਅੱਗੇ ਤੋਰਨ ਲਈ ਔਲਾਦ ਪੈਦਾ ਕਰਦਾ ਸੀ। ਬਾਅਦ ਵਿਚ ਇਸ ਰਿਵਾਜ ਨੂੰ ਮੂਸਾ ਦੇ ਕਾਨੂੰਨ ਵਿਚ ਸ਼ਾਮਲ ਕੀਤਾ ਗਿਆ। ਇਸ ਵਿਆਹ ਨੂੰ ਕਰੇਵਾ ਵੀ ਕਿਹਾ ਜਾਂਦਾ ਹੈ।​—ਉਤ 38:8; ਬਿਵ 25:5.

  • ਦਿਕਾਪੁਲਿਸ:

    ਯੂਨਾਨੀ ਸ਼ਹਿਰਾਂ ਦਾ ਗੁੱਟ ਜੋ ਸ਼ੁਰੂ ਵਿਚ 10 ਸ਼ਹਿਰਾਂ ਨੂੰ ਮਿਲਾ ਕੇ ਬਣਿਆ ਸੀ (ਯੂਨਾਨੀ ਸ਼ਬਦ “ਦਿਕਾ” ਜਿਸ ਦਾ ਮਤਲਬ “ਦਸ” ਤੇ “ਪੁਲਿਸ” ਦਾ ਮਤਲਬ “ਸ਼ਹਿਰ”)। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਗਲੀਲ ਦੀ ਝੀਲ ਅਤੇ ਯਰਦਨ ਦਰਿਆ ਦੇ ਪੂਰਬ ਵੱਲ ਸਨ, ਇਸ ਲਈ ਇਹ ਪੂਰਾ ਇਲਾਕਾ ਇਸੇ ਨਾਂ ਤੋਂ ਜਾਣਿਆ ਜਾਂਦਾ ਸੀ। ਇਹ ਸ਼ਹਿਰ ਯੂਨਾਨੀ ਸਭਿਆਚਾਰ ਤੇ ਵਪਾਰ ਦੇ ਕੇਂਦਰ ਸਨ। ਯਿਸੂ ਇਸ ਇਲਾਕੇ ਵਿੱਚੋਂ ਦੀ ਲੰਘਿਆ ਤਾਂ ਸੀ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਇਸ ਦੇ ਕਿਸੇ ਸ਼ਹਿਰ ਵਿਚ ਗਿਆ ਸੀ। (ਮੱਤੀ 4:25; ਮਰ 5:20)​—ਵਧੇਰੇ ਜਾਣਕਾਰੀ 1.7 ਤੇ 2.10 ਦੇਖੋ।

  • ਦਿਨ ਦਾ ਤਾਰਾ:

    ਇਸ ਦਾ ਤੇ ‘ਸਵੇਰ ਦੇ ਤਾਰੇ’ ਦਾ ਇੱਕੋ ਮਤਲਬ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਇਹ ਪੂਰਬ ਵਿਚ ਦਿਸਣ ਵਾਲਾ ਅਖ਼ੀਰਲਾ ਤਾਰਾ ਹੁੰਦਾ ਹੈ ਅਤੇ ਨਵਾਂ ਦਿਨ ਚੜ੍ਹਨ ਦਾ ਸੰਕੇਤ ਦਿੰਦਾ ਹੈ।​—ਪ੍ਰਕਾ 22:16; 2 ਪਤ 1:19.

  • ਦੀਨਾਰ:

    ਇਕ ਰੋਮੀ ਸਿੱਕਾ ਜਿਸ ਦਾ ਭਾਰ 3.85 ਗ੍ਰਾਮ ਸੀ ਅਤੇ ਇਸ ਦੇ ਇਕ ਪਾਸੇ ਸਮਰਾਟ ਦੀ ਸ਼ਕਲ ਬਣੀ ਹੁੰਦੀ ਸੀ। ਇਹ ਮਜ਼ਦੂਰ ਦੀ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ ਅਤੇ ਰੋਮੀ ਇਹ ਸਿੱਕਾ “ਟੈਕਸ” ਵਜੋਂ ਯਹੂਦੀਆਂ ਤੋਂ ਵਸੂਲ ਕਰਦੇ ਸਨ। (ਮੱਤੀ 22:17; ਲੂਕਾ 20:24)​—ਵਧੇਰੇ ਜਾਣਕਾਰੀ 2.14 ਦੇਖੋ।

  • ਦੁਸ਼ਟ ਦੂਤ:

    ਅਦਿੱਖ ਤੇ ਸ਼ਕਤੀਸ਼ਾਲੀ ਦੂਤ। ਉਤਪਤ 6:2 ਵਿਚ ਉਨ੍ਹਾਂ ਨੂੰ “ਪਰਮੇਸ਼ੁਰ ਦੇ ਪੁੱਤਰ” ਅਤੇ ਯਹੂਦਾਹ 6 ਵਿਚ ‘ਦੂਤ’ ਕਿਹਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਦੁਸ਼ਟ ਨਹੀਂ ਬਣਾਇਆ ਗਿਆ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਦੁਸ਼ਮਣ ਬਣਾਇਆ ਜਦੋਂ ਉਨ੍ਹਾਂ ਨੇ ਨੂਹ ਦੇ ਦਿਨਾਂ ਵਿਚ ਯਹੋਵਾਹ ਦੀ ਅਣਆਗਿਆਕਾਰੀ ਕੀਤੀ ਸੀ ਅਤੇ ਸ਼ੈਤਾਨ ਨਾਲ ਰਲ਼ ਕੇ ਉਸ ਦੇ ਖ਼ਿਲਾਫ਼ ਹੋ ਗਏ ਸਨ।​—ਬਿਵ 32:17; ਲੂਕਾ 8:30; ਰਸੂ 16:16; ਯਾਕੂ. 2:19.

  • ਦੂਤ:

    ਇਬਰਾਨੀ ਸ਼ਬਦ “ਮਲਾਖ” ਅਤੇ ਯੂਨਾਨੀ ਸ਼ਬਦ “ਏਗੀਲੋਸ।” ਦੋਹਾਂ ਲਫ਼ਜ਼ਾਂ ਦਾ ਅਰਥ ਹੈ “ਸੁਨੇਹਾ ਦੇਣ ਵਾਲਾ,” ਪਰ ਜਦੋਂ ਸਵਰਗੀ ਪ੍ਰਾਣੀਆਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਨ੍ਹਾਂ ਸ਼ਬਦਾਂ ਦਾ ਅਨੁਵਾਦ “ਦੂਤ” ਕੀਤਾ ਜਾਂਦਾ ਹੈ। (ਉਤ 16:7; 32:3; ਯਾਕੂ 2:25; ਪ੍ਰਕਾ 22:8) ਦੂਤ ਸ਼ਕਤੀਸ਼ਾਲੀ ਪ੍ਰਾਣੀ ਹਨ ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਨਸਾਨਾਂ ਤੋਂ ਬਹੁਤ ਸਮਾਂ ਪਹਿਲਾਂ ਸਿਰਜਿਆ ਸੀ। ਬਾਈਬਲ ਵਿਚ ਉਨ੍ਹਾਂ ਨੂੰ “ਲੱਖਾਂ ਪਵਿੱਤਰ ਦੂਤ,” “ਪਰਮੇਸ਼ੁਰ ਦੇ ਪੁੱਤਰ” ਅਤੇ ‘ਸਵੇਰ ਦੇ ਤਾਰੇ’ ਵੀ ਕਿਹਾ ਗਿਆ ਹੈ। (ਬਿਵ 33:2; ਅੱਯੂ 1:6; 38:7) ਉਨ੍ਹਾਂ ਨੂੰ ਹੋਰ ਦੂਤ ਪੈਦਾ ਕਰਨ ਦੀ ਕਾਬਲੀਅਤ ਨਾਲ ਨਹੀਂ ਬਣਾਇਆ ਗਿਆ ਸੀ, ਸਗੋਂ ਹਰੇਕ ਦੂਤ ਨੂੰ ਸਿਰਜਿਆ ਗਿਆ ਸੀ। ਉਨ੍ਹਾਂ ਦੀ ਗਿਣਤੀ ਕਰੋੜਾਂ ਵਿਚ ਹੈ। (ਦਾਨੀ 7:10) ਬਾਈਬਲ ਦੱਸਦੀ ਹੈ ਕਿ ਹਰ ਦੂਤ ਦਾ ਇਕ ਨਾਂ ਹੈ ਤੇ ਹਰੇਕ ਦੀ ਆਪਣੀ ਸ਼ਖ਼ਸੀਅਤ ਹੈ, ਫਿਰ ਵੀ ਉਹ ਨਿਮਰ ਰਹਿੰਦੇ ਹੋਏ ਆਪਣੀ ਭਗਤੀ ਨਹੀਂ ਕਰਾਉਂਦੇ। ਕਈਆਂ ਨੇ ਤਾਂ ਆਪਣਾ ਨਾਂ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ। (ਉਤ 32:29; ਲੂਕਾ 1:26; ਪ੍ਰਕਾ 22:​8, 9) ਉਨ੍ਹਾਂ ਦੇ ਵੱਖੋ-ਵੱਖਰੇ ਦਰਜੇ ਹਨ ਤੇ ਉਨ੍ਹਾਂ ਨੂੰ ਵੱਖੋ-ਵੱਖਰੇ ਕੰਮ ਦਿੱਤੇ ਗਏ ਹਨ ਜਿਵੇਂ ਕਿ ਯਹੋਵਾਹ ਦੇ ਸਿੰਘਾਸਣ ਅੱਗੇ ਸੇਵਾ ਕਰਨੀ, ਉਸ ਦੇ ਸੰਦੇਸ਼ ਦੇਣੇ, ਧਰਤੀ ਉੱਤੇ ਯਹੋਵਾਹ ਦੇ ਸੇਵਕਾਂ ਦੀ ਮਦਦ ਕਰਨੀ, ਪਰਮੇਸ਼ੁਰ ਵੱਲੋਂ ਸਜ਼ਾ ਦੇਣੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਸਾਥ ਦੇਣਾ। (2 ਰਾਜ 19:35; ਜ਼ਬੂ 34:7; ਲੂਕਾ 1:​30, 31; ਪ੍ਰਕਾ 5:11; 14:6) ਭਵਿੱਖ ਵਿਚ ਉਹ ਆਰਮਾਗੇਡਨ ਦੀ ਲੜਾਈ ਵਿਚ ਯਿਸੂ ਦਾ ਸਾਥ ਦੇਣਗੇ।​—ਪ੍ਰਕਾ 19:​14, 15.

  • ਦੋਸ਼-ਬਲ਼ੀ:

    ਆਪਣੇ ਪਾਪਾਂ ਲਈ ਚੜ੍ਹਾਈ ਬਲ਼ੀ। ਇਹ ਬਲ਼ੀ ਦੂਜੀਆਂ ਪਾਪ-ਬਲ਼ੀਆਂ ਤੋਂ ਥੋੜ੍ਹੀ ਜਿਹੀ ਅਲੱਗ ਸੀ। ਇਹ ਬਲ਼ੀ ਇਸ ਕਰਕੇ ਚੜ੍ਹਾਈ ਜਾਂਦੀ ਸੀ ਤਾਂਕਿ ਤੋਬਾ ਕਰਨ ਵਾਲਾ ਵਿਅਕਤੀ ਆਪਣੇ ਪਾਪ ਦੇ ਕਾਰਨ ਗੁਆਏ ਇਕਰਾਰ ਦੇ ਹੱਕਾਂ ਨੂੰ ਦੁਬਾਰਾ ਹਾਸਲ ਕਰ ਲਵੇ ਤੇ ਸਜ਼ਾ ਤੋਂ ਬਚ ਜਾਵੇ।​—ਲੇਵੀ 7:37; 19:22; ਯਸਾ 53:10.

  • ਧਰਮ-ਗ੍ਰੰਥ:

    ਪਰਮੇਸ਼ੁਰ ਦੇ ਬਚਨ ਵਿਚ ਪਵਿੱਤਰ ਲਿਖਤਾਂ। ਇਹ ਸ਼ਬਦ ਸਿਰਫ਼ ਮਸੀਹੀ ਯੂਨਾਨੀ ਲਿਖਤਾਂ ਵਿਚ ਆਉਂਦਾ ਹੈ।​—ਲੂਕਾ 24:27; 2 ਤਿਮੋ 3:16.

  • ਧਰਮ-ਤਿਆਗ:

    ਯੂਨਾਨੀ ਸ਼ਬਦ (“ਅਪੋਸਟੇਸੀਆ”) ਇਕ ਕ੍ਰਿਆ ਤੋਂ ਆਇਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ “ਤੋਂ ਦੂਰ ਖੜ੍ਹਨਾ।” ਇਸ ਨਾਂਵ ਦਾ ਮਤਲਬ ਹੈ, “ਛੱਡਣਾ, ਤਿਆਗਣਾ ਜਾਂ ਬਗਾਵਤ ਕਰਨੀ।” ਮਸੀਹੀ ਯੂਨਾਨੀ ਲਿਖਤਾਂ ਵਿਚ ਧਰਮ-ਤਿਆਗ ਸ਼ਬਦ ਖ਼ਾਸਕਰ ਉਨ੍ਹਾਂ ਲੋਕਾਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ ਜੋ ਸੱਚੀ ਭਗਤੀ ਕਰਨੀ ਛੱਡ ਦਿੰਦੇ ਹਨ।—ਕਹਾ 11:9; ਰਸੂ 21:21; 2 ਥੱਸ. 2:3.

  • ਧੰਨਵਾਦ ਦੇ ਚੜ੍ਹਾਵੇ:

    ਇਹ ਸ਼ਾਂਤੀ-ਬਲ਼ੀ ਪਰਮੇਸ਼ੁਰ ਦੇ ਅਟੱਲ ਪਿਆਰ ਅਤੇ ਉਸ ਦੇ ਇੰਤਜ਼ਾਮਾਂ ਕਰਕੇ ਉਸ ਦੀ ਮਹਿਮਾ ਕਰਨ ਲਈ ਚੜ੍ਹਾਈ ਜਾਂਦੀ ਸੀ। ਬਲ਼ੀ ਵਜੋਂ ਚੜ੍ਹਾਏ ਜਾਨਵਰ ਦੇ ਮਾਸ ਦੇ ਨਾਲ-ਨਾਲ ਖਮੀਰੀ ਅਤੇ ਬੇਖਮੀਰੀ ਰੋਟੀ ਖਾਧੀ ਜਾਂਦੀ ਸੀ। ਮਾਸ ਉਸੇ ਦਿਨ ਖਾਧਾ ਜਾਣਾ ਚਾਹੀਦਾ ਸੀ।​—2 ਇਤਿ 29:31.

  • ਧਾਰਮਿਕਤਾ:

    ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਮਤਲਬ ਹੈ “ਖਰਾ” ਜਾਂ “ਸਿੱਧਾ” ਜਾਂ ਅਸੂਲਾਂ ਮੁਤਾਬਕ ਚੱਲਣਾ। ਬਾਈਬਲ ਵਿਚ ਦਰਜ ਅਸੂਲ ਪਰਮੇਸ਼ੁਰ ਨੇ ਕਾਇਮ ਕੀਤੇ ਹਨ। ਯੂਨਾਨੀ ਲਿਖਤਾਂ ਵਿਚ “ਧਾਰਮਿਕਤਾ” ਸ਼ਬਦ ਦਾ ਮਤਲਬ ਹੈ “ਸਹੀ ਜਾਂ ਜਾਇਜ਼।” “ਧਰਮੀ” ਇਨਸਾਨ ਉਹ ਹੁੰਦਾ ਹੈ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ ਤੇ ਉਸ ਦੇ ਹੁਕਮਾਂ ਨੂੰ ਮੰਨਦਾ ਹੈ। ਇਸ ਤੋਂ ਇਲਾਵਾ, ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਹੈ ਅਤੇ ਉਹ ਖਰਾ, ਨਿਰਪੱਖ, ਸੱਚਾ ਤੇ ਈਮਾਨਦਾਰ ਹੁੰਦਾ ਹੈ। ਉਸ ਦਾ ਚਾਲ-ਚਲਣ ਨੇਕ ਹੁੰਦਾ ਹੈ ਤੇ ਉਹ ਆਪਣੇ ਆਪ ਨੂੰ ਅਨੈਤਿਕ ਕੰਮਾਂ ਤੋਂ ਦੂਰ ਰੱਖਦਾ ਹੈ।​—ਉਤ 15:6; ਬਿਵ 6:25; ਕਹਾ 11:4; ਸਫ਼ 2:3; ਮੱਤੀ 6:33.

  • ਧੂਪ:

    ਖ਼ੁਸ਼ਬੂਦਾਰ ਗੂੰਦਾਂ ਅਤੇ ਬਲਸਾਨ ਦਾ ਮਿਸ਼ਰਣ ਜੋ ਹੌਲੀ-ਹੌਲੀ ਜਲ਼ਦਾ ਹੈ ਤੇ ਖ਼ੁਸ਼ਬੂ ਫੈਲਾਉਂਦਾ ਹੈ। ਡੇਰੇ ਅਤੇ ਮੰਦਰ ਲਈ ਧੂਪ ਚਾਰ ਖ਼ਾਸ ਮਸਾਲਿਆਂ ਨੂੰ ਰਲ਼ਾ ਕੇ ਬਣਾਇਆ ਜਾਂਦਾ ਸੀ। ਪਵਿੱਤਰ ਕਮਰੇ ਵਿਚ ਧੂਪ ਦੀ ਵੇਦੀ ਉੱਤੇ ਸਵੇਰੇ-ਸ਼ਾਮ ਧੂਪ ਧੁਖਾਇਆ ਜਾਂਦਾ ਸੀ ਅਤੇ ਪਾਪ ਮਿਟਾਉਣ ਦੇ ਦਿਨ ਇਹ ਅੱਤ ਪਵਿੱਤਰ ਕਮਰੇ ਵਿਚ ਧੁਖਾਇਆ ਜਾਂਦਾ ਸੀ। ਧੂਪ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਨੂੰ ਦਰਸਾਉਂਦਾ ਸੀ ਜਿਨ੍ਹਾਂ ਨੂੰ ਉਹ ਕਬੂਲ ਕਰਦਾ ਸੀ। ਮਸੀਹੀਆਂ ਲਈ ਧੂਪ ਧੁਖਾਉਣਾ ਜ਼ਰੂਰੀ ਨਹੀਂ ਹੈ।​—ਕੂਚ 30:​34, 35; ਲੇਵੀ 16:13; ਪ੍ਰਕਾ 5:8.

  • ਨਹਿਲੋਥ:

    ਜ਼ਬੂਰਾਂ ਦੀ ਕਿਤਾਬ ਦੇ 5ਵੇਂ ਅਧਿਆਇ ਦੇ ਸਿਰਲੇਖ ਵਿਚ ਦਿੱਤਾ ਗਿਆ ਸ਼ਬਦ ਜਿਸ ਦਾ ਮਤਲਬ ਸਾਫ਼-ਸਾਫ਼ ਨਹੀਂ ਪਤਾ। ਕੁਝ ਮੰਨਦੇ ਹਨ ਕਿ ਇਹ ਕੋਈ ਸਾਜ਼ ਹੈ ਜੋ ਇਬਰਾਨੀ ਸ਼ਬਦ “ਕਾਲੀਲ” (ਬੰਸਰੀ) ਨਾਲ ਸੰਬੰਧਿਤ ਹੈ। ਪਰ ਇਹ ਕੋਈ ਜ਼ਬੂਰ ਵੀ ਹੋ ਸਕਦਾ ਹੈ।

  • ਨਜ਼ਰਾਨਾ:

    ਅਧੀਨਗੀ ਦੀ ਨਿਸ਼ਾਨੀ ਵਜੋਂ ਇਕ ਰਾਜ ਜਾਂ ਹਾਕਮ ਵੱਲੋਂ ਦੂਜੇ ਰਾਜ ਜਾਂ ਹਾਕਮ ਨੂੰ ਦਿੱਤੀ ਰਕਮ ਤਾਂਕਿ ਸ਼ਾਂਤੀ ਬਣੀ ਰਹੇ ਜਾਂ ਸੁਰੱਖਿਆ ਮਿਲ ਸਕੇ। (2 ਰਾਜ 3:4; 18:​14-16; 2 ਇਤਿ 17:11) ਇਹ ਸ਼ਬਦ ਲੋਕਾਂ ਤੋਂ ਟੈਕਸ ਵਸੂਲ ਕਰਨ ਲਈ ਵੀ ਵਰਤਿਆ ਜਾਂਦਾ ਹੈ।

  • ਨਜ਼ੀਰ:

    ਇਬਰਾਨੀ ਭਾਸ਼ਾ ਦਾ ਸ਼ਬਦ ਜਿਸ ਦਾ ਮਤਲਬ ਹੈ “ਚੁਣਿਆ ਗਿਆ,” “ਸਮਰਪਿਤ ਕੀਤਾ ਗਿਆ,” “ਵੱਖ ਕੀਤਾ ਗਿਆ।” ਨਜ਼ੀਰ ਦੋ ਤਰ੍ਹਾਂ ਦੇ ਹੁੰਦੇ ਸਨ: ਇਕ ਉਹ ਜਿਹੜੇ ਆਪਣੀ ਇੱਛਾ ਨਾਲ ਨਜ਼ੀਰ ਬਣਦੇ ਸਨ ਅਤੇ ਦੂਜੇ ਉਹ ਜਿਹੜੇ ਪਰਮੇਸ਼ੁਰ ਦੁਆਰਾ ਚੁਣੇ ਜਾਂਦੇ ਸਨ। ਇਕ ਆਦਮੀ ਜਾਂ ਔਰਤ ਕੁਝ ਸਮੇਂ ਤਕ ਯਹੋਵਾਹ ਅੱਗੇ ਨਜ਼ੀਰ ਦੇ ਤੌਰ ਤੇ ਸੇਵਾ ਕਰਨ ਦੀ ਸੁੱਖਣਾ ਸੁੱਖਦਾ ਸੀ। ਆਪਣੀ ਇੱਛਾ ਨਾਲ ਇਹ ਸੁੱਖਣਾ ਸੁੱਖਣ ਵਾਲਿਆਂ ʼਤੇ ਤਿੰਨ ਖ਼ਾਸ ਬੰਦਸ਼ਾਂ ਲੱਗਦੀਆਂ ਸਨ: ਉਨ੍ਹਾਂ ਨੇ ਨਾ ਦਾਖਰਸ ਪੀਣਾ ਸੀ ਤੇ ਨਾ ਅੰਗੂਰਾਂ ਦੀ ਵੇਲ ਤੋਂ ਬਣੀ ਕੋਈ ਚੀਜ਼ ਖਾਣੀ ਸੀ, ਨਾ ਵਾਲ਼ ਕਟਵਾਉਣੇ ਸਨ ਅਤੇ ਨਾ ਹੀ ਕਿਸੇ ਲਾਸ਼ ਨੂੰ ਹੱਥ ਲਾਉਣਾ ਸੀ। ਪਰਮੇਸ਼ੁਰ ਵੱਲੋਂ ਚੁਣੇ ਗਏ ਨਜ਼ੀਰ ਜ਼ਿੰਦਗੀ ਭਰ ਲਈ ਨਜ਼ੀਰ ਰਹਿੰਦੇ ਸਨ ਅਤੇ ਯਹੋਵਾਹ ਉਨ੍ਹਾਂ ਨੂੰ ਖ਼ਾਸ ਹਿਦਾਇਤਾਂ ਦਿੰਦਾ ਸੀ।​—ਗਿਣ 6:​2-7; ਨਿਆ 13:5.

  • ਨਥੀਨੀਮ:

    ਮੰਦਰ ਵਿਚ ਸੇਵਾ ਕਰਨ ਵਾਲੇ ਗ਼ੈਰ-ਇਜ਼ਰਾਈਲੀ ਲੋਕ। ਇਬਰਾਨੀ ਭਾਸ਼ਾ ਵਿਚ ਇਸ ਨਾਂ ਦਾ ਮਤਲਬ ਹੈ “ਦਿੱਤੇ ਗਏ।” ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੂੰ ਮੰਦਰ ਦੀ ਸੇਵਾ ਕਰਨ ਲਈ ਦਿੱਤਾ ਗਿਆ ਸੀ। ਸ਼ਾਇਦ ਇਨ੍ਹਾਂ ਵਿੱਚੋਂ ਕਈ ਜਣੇ ਗਿਬਓਨੀਆਂ ਦੇ ਵੰਸ਼ ਵਿੱਚੋਂ ਸਨ ਜਿਨ੍ਹਾਂ ਨੂੰ ਯਹੋਸ਼ੁਆ ਨੇ “ਮੰਡਲੀ ਲਈ ਅਤੇ ਯਹੋਵਾਹ ਦੀ ਵੇਦੀ ਲਈ . . . ਲੱਕੜਾਂ ਇਕੱਠੀਆਂ ਕਰਨ ਅਤੇ ਪਾਣੀ ਭਰਨ” ਲਈ ਨਿਯੁਕਤ ਕੀਤਾ ਸੀ।​—ਯਹੋ 9:​23, 27; 1 ਇਤਿ 9:2; ਅਜ਼ 8:17.

  • ਨਬੀ:

    ਉਹ ਇਨਸਾਨ ਜਿਸ ਰਾਹੀਂ ਪਰਮੇਸ਼ੁਰ ਆਪਣੇ ਮਕਸਦਾਂ ਬਾਰੇ ਦੱਸਦਾ ਹੈ। ਨਬੀ ਪਰਮੇਸ਼ੁਰ ਵੱਲੋਂ ਬੋਲਦੇ ਸਨ ਅਤੇ ਉਹ ਨਾ ਸਿਰਫ਼ ਭਵਿੱਖਬਾਣੀਆਂ ਕਰਦੇ ਸਨ, ਸਗੋਂ ਯਹੋਵਾਹ ਦੀਆਂ ਸਿੱਖਿਆਵਾਂ ਵੀ ਦਿੰਦੇ ਸਨ ਅਤੇ ਉਸ ਦੇ ਹੁਕਮ ਤੇ ਫ਼ੈਸਲੇ ਸੁਣਾਉਂਦੇ ਸਨ।​—ਆਮੋ 3:7; 2 ਪਤ 1:21.

  • ਨਾਸਰੀ:

    ਯਿਸੂ ਨੂੰ ਦਿੱਤਾ ਗਿਆ ਇਕ ਨਾਂ ਕਿਉਂਕਿ ਉਹ ਨਾਸਰਤ ਕਸਬੇ ਦਾ ਰਹਿਣ ਵਾਲਾ ਸੀ। ਇਹ ਨਾਂ ਸ਼ਾਇਦ ਯਸਾਯਾਹ 11:1 ਵਿਚ “ਟਾਹਣੀ” ਲਈ ਵਰਤੇ ਇਬਰਾਨੀ ਸ਼ਬਦ ਨਾਲ ਜੁੜਿਆ ਹੈ। ਬਾਅਦ ਵਿਚ ਯਿਸੂ ਦੇ ਚੇਲਿਆਂ ਲਈ ਵੀ ਇਹੀ ਨਾਂ ਵਰਤਿਆ ਗਿਆ।​—ਮੱਤੀ 2:23; ਰਸੂ 24:5.

  • ਨਾਗਦੋਨਾ:

    ਕਈ ਕਿਸਮਾਂ ਦੇ ਪੌਦੇ ਜਿਨ੍ਹਾਂ ਦਾ ਸੁਆਦ ਕੌੜਾ ਤੇ ਮਹਿਕ ਤੇਜ਼ ਹੁੰਦੀ ਹੈ। ਬਾਈਬਲ ਵਿਚ ਨਾਗਦੋਨਾ ਸ਼ਬਦ ਦੀ ਵਰਤੋਂ ਇਹ ਦਿਖਾਉਣ ਲਈ ਕੀਤੀ ਗਈ ਹੈ ਕਿ ਅਨੈਤਿਕਤਾ, ਗ਼ੁਲਾਮੀ, ਅਨਿਆਂ ਅਤੇ ਪਰਮੇਸ਼ੁਰ ਨੂੰ ਤਿਆਗਣ ਦੇ ਨਤੀਜੇ ਕੌੜੇ ਹੁੰਦੇ ਹਨ। ਪ੍ਰਕਾਸ਼ ਦੀ ਕਿਤਾਬ 8:11 ਵਿਚ “ਨਾਗਦੋਨਾ” ਇਕ ਕੌੜਾ ਤੇ ਜ਼ਹਿਰੀਲਾ ਪਦਾਰਥ ਹੈ ਜਿਸ ਨੂੰ ਅਬਸਿੰਥ ਵੀ ਕਹਿੰਦੇ ਹਨ।​—ਬਿਵ 29:18; ਕਹਾ 5:4; ਯਿਰ 9:15; ਆਮੋ 5:7.

  • ਨਾਮਰਦ; ਖੁਸਰਾ:

    ਉਹ ਆਦਮੀ ਜਿਸ ਦਾ ਅੰਡਕੋਸ਼ ਕੱਟ ਦਿੱਤਾ ਜਾਂਦਾ ਹੈ। ਅਜਿਹੇ ਆਦਮੀਆਂ ਨੂੰ ਸ਼ਾਹੀ ਮਹਿਲਾਂ ਵਿਚ ਰਾਣੀ ਤੇ ਰਖੇਲਾਂ ਦੀ ਸੇਵਾ ਕਰਨ ਜਾਂ ਦੇਖ-ਰੇਖ ਕਰਨ ਲਈ ਰੱਖਿਆ ਜਾਂਦਾ ਸੀ।​—ਮੱਤੀ 19:12; ਅਸ 2:15.

  • ਨਿਆਂਕਾਰ:

    ਜਦੋਂ ਇਜ਼ਰਾਈਲ ʼਤੇ ਕੋਈ ਇਨਸਾਨੀ ਰਾਜਾ ਰਾਜ ਨਹੀਂ ਕਰਦਾ ਸੀ, ਤਾਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕੁਝ ਆਦਮੀ ਠਹਿਰਾਏ ਸਨ।​—ਨਿਆ 2:16.

  • ਨਿਆਂ ਦਾ ਸਿੰਘਾਸਣ:

    ਆਮ ਤੌਰ ਤੇ ਇਕ ਉੱਚਾ ਥੜ੍ਹਾ ਜੋ ਖੁੱਲ੍ਹੀ ਜਗ੍ਹਾ ʼਤੇ ਬਣਿਆ ਹੁੰਦਾ ਸੀ ਤੇ ਇਸ ਤਕ ਪਹੁੰਚਣ ਲਈ ਪੌਡੇ ਹੁੰਦੇ ਸਨ। ਇਸ ਉੱਤੇ ਬੈਠਾ ਅਧਿਕਾਰੀ ਭੀੜ ਨਾਲ ਗੱਲ ਕਰਦਾ ਸੀ ਤੇ ਆਪਣੇ ਫ਼ੈਸਲੇ ਸੁਣਾਉਂਦਾ ਸੀ। “ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ” ਅਤੇ “ਮਸੀਹ ਦੇ ਨਿਆਂ ਦੇ ਸਿੰਘਾਸਣ” ਦਾ ਮਤਲਬ ਹੈ ਇਨਸਾਨਾਂ ਦਾ ਨਿਆਂ ਕਰਨ ਲਈ ਠਹਿਰਾਇਆ ਪਰਮੇਸ਼ੁਰ ਦਾ ਪ੍ਰਬੰਧ।​—ਰੋਮੀ 14:10; 2 ਕੁਰਿੰ 5:10; ਯੂਹੰ 19:13.

  • ਨਿਆਂ ਦਾ ਦਿਨ:

    ਇਕ ਖ਼ਾਸ ਦਿਨ ਜਾਂ ਸਮਾਂ ਜਦੋਂ ਕੁਝ ਸਮੂਹਾਂ, ਕੌਮਾਂ ਜਾਂ ਪੂਰੀ ਦੁਨੀਆਂ ਨੂੰ ਪਰਮੇਸ਼ੁਰ ਨੂੰ ਲੇਖਾ ਦੇਣਾ ਪੈਂਦਾ ਹੈ। ਇਸ ਸਮੇਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦੇ ਲਾਇਕ ਠਹਿਰਾਇਆ ਜਾ ਚੁੱਕਾ ਹੈ। ਦੂਸਰੇ ਪਾਸੇ, ਨਿਆਂ ਦੇ ਸਮੇਂ ਕੁਝ ਲੋਕਾਂ ਨੂੰ ਮੁਕਤੀ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਯਿਸੂ ਮਸੀਹ ਅਤੇ ਉਸ ਦੇ ਰਸੂਲਾਂ ਨੇ ਭਵਿੱਖ ਵਿਚ ਆਉਣ ਵਾਲੇ “ਨਿਆਂ ਦੇ ਦਿਨ” ਦੀ ਗੱਲ ਕੀਤੀ ਜਦੋਂ ਨਾ ਸਿਰਫ਼ ਜੀਉਂਦੇ ਲੋਕਾਂ ਦਾ, ਸਗੋਂ ਅਤੀਤ ਵਿਚ ਮਰ ਚੁੱਕੇ ਲੋਕਾਂ ਦਾ ਵੀ ਨਿਆਂ ਕੀਤਾ ਜਾਵੇਗਾ।​—ਮੱਤੀ 12:36.

  • ਨਿਸ਼ਾਨੀ:

    ਅਜਿਹੀ ਕੋਈ ਚੀਜ਼, ਕੰਮ, ਹਾਲਾਤ ਜਾਂ ਅਨੋਖਾ ਨਜ਼ਾਰਾ ਜੋ ਮੌਜੂਦਾ ਸਮੇਂ ਵਿਚ ਜਾਂ ਭਵਿੱਖ ਵਿਚ ਹੋਣ ਵਾਲੀ ਕਿਸੇ ਖ਼ਾਸ ਗੱਲ ਦਾ ਸੰਕੇਤ ਹੋਵੇ।​—ਉਤ 9:​12, 13; 2 ਰਾਜ 20:9; ਮੱਤੀ 24:3; ਪ੍ਰਕਾ 1:1.

  • ਨਿਗਰਾਨ:

    ਬਾਬਲੀ ਸਰਕਾਰ ਵਿਚ ਸੂਬੇਦਾਰਾਂ ਤੋਂ ਹੇਠਲੇ ਦਰਜੇ ਦਾ ਅਧਿਕਾਰੀ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਬਾਬਲ ਦੇ ਦਰਬਾਰ ਵਿਚ ਨਿਗਰਾਨਾਂ ਨੂੰ ਬੁੱਧੀਮਾਨ ਆਦਮੀਆਂ ਉੱਤੇ ਠਹਿਰਾਇਆ ਗਿਆ ਸੀ। ਮਾਦੀਆਂ ਦੇ ਰਾਜੇ ਦਾਰਾ ਦੇ ਰਾਜ ਦੌਰਾਨ ਵੀ ਨਿਗਰਾਨਾਂ ਦਾ ਜ਼ਿਕਰ ਕੀਤਾ ਗਿਆ ਹੈ।​—ਦਾਨੀ 2:48; 6:7.

  • ਨਿਗਾਹਬਾਨ:

    ਇਸ ਦੀ ਮੁੱਖ ਜ਼ਿੰਮੇਵਾਰੀ ਹੈ ਮੰਡਲੀ ਦੇ ਮੈਂਬਰਾਂ ਦੀ ਦੇਖ-ਰੇਖ ਕਰਨੀ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਝੁੰਡ ਵਿਚ ਰੱਖਣਾ। ਯੂਨਾਨੀ ਸ਼ਬਦ “ਏਪੀਸਕੋਪੋਸ” ਦਾ ਮਤਲਬ ਹੈ ਰੱਖਿਆ ਕਰਨੀ। ਮਸੀਹੀ ਮੰਡਲੀ ਵਿਚ “ਨਿਗਾਹਬਾਨ” ਨੂੰ “ਬਜ਼ੁਰਗ” (“ਪ੍ਰੈਸਬੀਟੇਰੋਸ”) ਵੀ ਕਿਹਾ ਜਾਂਦਾ ਹੈ। “ਬਜ਼ੁਰਗ” ਦਾ ਮਤਲਬ ਹੈ ਕਿ ਉਹ ਸਿਆਣਾ ਤੇ ਸਮਝਦਾਰ ਹੈ ਅਤੇ “ਨਿਗਾਹਬਾਨ” ਤੋਂ ਪਤਾ ਲੱਗਦਾ ਹੈ ਕਿ ਉਹ ਅਲੱਗ-ਅਲੱਗ ਕੰਮ ਸੰਭਾਲਣ ਦੇ ਯੋਗ ਹੈ।​—ਰਸੂ 20:28; 1 ਤਿਮੋ 3:​2-7; 1 ਪਤ 5:2.

  • ਨਿਯੁਕਤ ਕਰਨਾ; ਚੁਣਨਾ:

    ਇਸ ਲਈ ਵਰਤੇ ਇਬਰਾਨੀ ਸ਼ਬਦ ਦਾ ਮਤਲਬ ਹੈ “ਕੋਈ ਤਰਲ ਲਾਉਣਾ।” ਕਿਸੇ ਇਨਸਾਨ ਜਾਂ ਚੀਜ਼ ʼਤੇ ਤੇਲ ਪਾਉਣ ਜਾਂ ਲਾਉਣ ਦਾ ਮਤਲਬ ਹੁੰਦਾ ਸੀ ਉਸ ਨੂੰ ਕਿਸੇ ਖ਼ਾਸ ਸੇਵਾ ਲਈ ਅਰਪਣ ਕਰਨਾ। ਮਸੀਹੀ ਯੂਨਾਨੀ ਲਿਖਤਾਂ ਵਿਚ ਇਹ ਸ਼ਬਦ ਉਦੋਂ ਵੀ ਵਰਤਿਆ ਜਾਂਦਾ ਹੈ ਜਦੋਂ ਸਵਰਗ ਜਾਣ ਦੀ ਉਮੀਦ ਰੱਖਣ ਵਾਲਿਆਂ ਉੱਤੇ ਪਵਿੱਤਰ ਸ਼ਕਤੀ ਪਾਏ ਜਾਣ ਦੀ ਗੱਲ ਕੀਤੀ ਜਾਂਦੀ ਹੈ।​—ਕੂਚ 28:41; 1 ਸਮੂ 16:13; 2 ਕੁਰਿੰ 1:21.

  • ਨਿਰਦੇਸ਼ਕ:

    ਜ਼ਬੂਰਾਂ ਦੀ ਕਿਤਾਬ ਵਿਚ ਵਰਤੇ ਇਸ ਇਬਰਾਨੀ ਸ਼ਬਦ ਦਾ ਮਤਲਬ ਸ਼ਾਇਦ ਅਜਿਹਾ ਵਿਅਕਤੀ ਹੋਵੇ ਜੋ ਗੀਤਾਂ ਦਾ ਇੰਤਜ਼ਾਮ ਕਰਨ ਤੇ ਉਨ੍ਹਾਂ ਨੂੰ ਗਾਉਣ ਦਾ ਨਿਰਦੇਸ਼ਨ ਕਰਦਾ ਸੀ, ਲੇਵੀ ਗਾਇਕਾਂ ਨੂੰ ਸਿਖਾਉਂਦਾ ਤੇ ਉਨ੍ਹਾਂ ਤੋਂ ਅਭਿਆਸ ਕਰਾਉਂਦਾ ਸੀ, ਇੱਥੋਂ ਤਕ ਕਿ ਗੀਤ-ਸੰਗੀਤ ਦੇ ਪ੍ਰੋਗ੍ਰਾਮਾਂ ਵਿਚ ਅਗਵਾਈ ਕਰਦਾ ਸੀ। ਹੋਰ ਅਨੁਵਾਦਾਂ ਵਿਚ ਨਿਰਦੇਸ਼ਕ ਨੂੰ “ਮੁੱਖ ਸੰਗੀਤਕਾਰ” ਜਾਂ “ਸੰਗੀਤ ਨਿਰਦੇਸ਼ਕ” ਕਿਹਾ ਗਿਆ ਹੈ।​—ਜ਼ਬੂ 4:ਸਿਰ; 5:ਸਿਰ.

  • ਨੀਸਾਨ:

    ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਉਣ ਵਾਲੇ ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਪਹਿਲਾ ਅਤੇ ਆਮ ਕਲੰਡਰ ਦਾ ਸੱਤਵਾਂ ਮਹੀਨਾ। ਇਹ ਮਹੀਨਾ ਮਾਰਚ ਦੇ ਅੱਧ ਤੋਂ ਲੈ ਕੇ ਅਪ੍ਰੈਲ ਦੇ ਅੱਧ ਤਕ ਚੱਲਦਾ ਸੀ। (ਨਹ 2:1)​—ਵਧੇਰੇ ਜਾਣਕਾਰੀ 2.15 ਦੇਖੋ।

  • ਨੈਫ਼ਲਿਮ:

    ਜਲ-ਪਰਲੋ ਤੋਂ ਪਹਿਲਾਂ ਕੁਝ ਦੂਤਾਂ ਨੇ ਇਨਸਾਨੀ ਰੂਪ ਧਾਰਨ ਕਰ ਕੇ ਇਨਸਾਨਾਂ ਦੀਆਂ ਧੀਆਂ ਨਾਲ ਵਿਆਹ ਕਰਾਏ। ਉਨ੍ਹਾਂ ਨੇ ਹਿੰਸਕ ਪੁੱਤਰਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੂੰ ਦੈਂਤ ਜਾਂ ਨੈਫ਼ਲਿਮ ਕਿਹਾ ਜਾਂਦਾ ਹੈ।​—ਉਤ 6:4.

  • ਪਸਾਹ ਦਾ ਤਿਉਹਾਰ:

    ਸਾਲਾਨਾ ਤਿਉਹਾਰ ਜੋ ਇਜ਼ਰਾਈਲੀਆਂ ਦੇ ਮਿਸਰ ਤੋਂ ਆਜ਼ਾਦ ਹੋਣ ਦੀ ਯਾਦ ਵਿਚ ਮਨਾਇਆ ਜਾਂਦਾ ਸੀ। ਇਹ ਅਬੀਬ ਮਹੀਨੇ (ਬਾਅਦ ਵਿਚ ਨੀਸਾਨ) ਦੇ 14ਵੇਂ ਦਿਨ ਨੂੰ ਮਨਾਇਆ ਜਾਂਦਾ ਸੀ। ਇਸ ਮੌਕੇ ʼਤੇ ਲੇਲੇ (ਜਾਂ ਮੇਮਣੇ) ਨੂੰ ਭੁੰਨ ਕੇ ਇਸ ਨੂੰ ਕੌੜੇ ਪੱਤਿਆਂ ਅਤੇ ਬੇਖਮੀਰੀ ਰੋਟੀ ਨਾਲ ਖਾਧਾ ਜਾਂਦਾ ਸੀ।​—ਕੂਚ 12:27; ਯੂਹੰ 6:4; 1 ਕੁਰਿੰ 5:7.

  • ਪਹਿਰੇਦਾਰ:

    ਉਹ ਵਿਅਕਤੀ ਜੋ ਅਕਸਰ ਰਾਤ ਦੇ ਸਮੇਂ ਲੋਕਾਂ ਜਾਂ ਜਾਇਦਾਦ ਦੀ ਰਾਖੀ ਕਰਦਾ ਹੈ ਤਾਂਕਿ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚੇ ਅਤੇ ਉਹ ਖ਼ਤਰਾ ਹੋਣ ਤੇ ਲੋਕਾਂ ਨੂੰ ਚੁਕੰਨਾ ਵੀ ਕਰਦਾ ਹੈ। ਪਹਿਰੇਦਾਰ ਅਕਸਰ ਸ਼ਹਿਰ ਦੀਆਂ ਕੰਧਾਂ ਅਤੇ ਬੁਰਜਾਂ ਉੱਤੇ ਤੈਨਾਤ ਹੁੰਦੇ ਸਨ ਤਾਂਕਿ ਉਹ ਆਉਣ ਵਾਲਿਆਂ ਨੂੰ ਦੂਰੋਂ ਦੇਖ ਸਕਣ। ਫ਼ੌਜ ਦੇ ਪਹਿਰੇਦਾਰ ਨੂੰ ਅਕਸਰ ਰਖਵਾਲਾ ਜਾਂ ਸਿਪਾਹੀ ਕਿਹਾ ਜਾਂਦਾ ਹੈ। ਇਕ ਅਰਥ ਵਿਚ ਨਬੀ ਇਜ਼ਰਾਈਲ ਕੌਮ ਦੇ ਪਹਿਰੇਦਾਰ ਹੁੰਦੇ ਸਨ ਜੋ ਉਨ੍ਹਾਂ ਨੂੰ ਆਉਣ ਵਾਲੇ ਨਾਸ਼ ਦੀ ਚੇਤਾਵਨੀ ਦਿੰਦੇ ਸਨ।​—2 ਰਾਜ 9:20; ਹਿਜ਼ 3:17.

  • ਪਹਿਲਾ ਫਲ:

    ਵਾਢੀ ਦੇ ਮੌਸਮ ਦੀ ਸਭ ਤੋਂ ਪਹਿਲੀ ਫ਼ਸਲ; ਕਿਸੇ ਵੀ ਚੀਜ਼ ਦੇ ਪਹਿਲੇ ਨਤੀਜੇ। ਯਹੋਵਾਹ ਇਜ਼ਰਾਈਲੀ ਕੌਮ ਤੋਂ ਮੰਗ ਕਰਦਾ ਸੀ ਕਿ ਉਹ ਪਹਿਲਾ ਫਲ ਉਸ ਨੂੰ ਦੇਣ, ਚਾਹੇ ਉਹ ਇਨਸਾਨ ਦਾ ਬੱਚਾ ਹੋਵੇ, ਜਾਨਵਰ ਦਾ ਹੋਵੇ ਜਾਂ ਜ਼ਮੀਨ ਦਾ ਫਲ ਹੋਵੇ। ਇਕ ਕੌਮ ਵਜੋਂ ਇਜ਼ਰਾਈਲੀ ਬੇਖਮੀਰੀ ਰੋਟੀ ਦੇ ਤਿਉਹਾਰ ਅਤੇ ਪੰਤੇਕੁਸਤ ਦੇ ਤਿਉਹਾਰ ʼਤੇ ਪਰਮੇਸ਼ੁਰ ਨੂੰ ਪਹਿਲੇ ਫਲ ਚੜ੍ਹਾਉਂਦੇ ਸਨ। ਮਸੀਹ ਅਤੇ ਚੁਣੇ ਹੋਏ ਮਸੀਹੀਆਂ ਨੂੰ ਵੀ ‘ਪਹਿਲੇ ਫਲ’ ਕਿਹਾ ਗਿਆ ਹੈ।​—1 ਕੁਰਿੰ 15:23; ਗਿਣ 15:21; ਕਹਾ 3:9; ਪ੍ਰਕਾ 14:4.

  • ਪਗੜੀ:

    ਮਹਾਂ ਪੁਜਾਰੀ ਮਲਮਲ ਦੀ ਬਣੀ ਪਗੜੀ ਪਾਉਂਦਾ ਸੀ ਜਿਸ ਦੇ ਅਗਲੇ ਪਾਸੇ ਸੋਨੇ ਦੀ ਇਕ ਪੱਤਰੀ ਨੀਲੇ ਧਾਗੇ ਨਾਲ ਬੰਨ੍ਹੀ ਹੁੰਦੀ ਸੀ। ਰਾਜਾ ਵੀ ਪਗੜੀ ਬੰਨ੍ਹਦਾ ਸੀ ਜਿਸ ਦੇ ਉੱਪਰੋਂ ਦੀ ਉਹ ਤਾਜ ਪਹਿਨਦਾ ਸੀ। ਅੱਯੂਬ ਨੇ ਆਪਣੇ ਇਨਸਾਫ਼ ਦੀ ਤੁਲਨਾ ਪਗੜੀ ਨਾਲ ਕੀਤੀ ਸੀ।​—ਕੂਚ 28:​36, 37; ਅੱਯੂ 29:14; ਹਿਜ਼ 21:26.

  • ਪਨਾਹ ਦੇ ਸ਼ਹਿਰ:

    ਲੇਵੀਆਂ ਦੇ ਸ਼ਹਿਰ ਜਿਨ੍ਹਾਂ ਵਿਚ ਅਣਜਾਣੇ ਵਿਚ ਖ਼ੂਨ ਕਰਨ ਵਾਲਾ ਭੱਜ ਕੇ ਪਨਾਹ ਲੈ ਸਕਦਾ ਸੀ ਤਾਂਕਿ ਉਹ ਬਦਲਾ ਲੈਣ ਵਾਲੇ ਤੋਂ ਬਚ ਸਕੇ। ਵਾਅਦਾ ਕੀਤੇ ਹੋਏ ਦੇਸ਼ ਵਿਚ ਅਜਿਹੇ ਛੇ ਸ਼ਹਿਰ ਸਨ ਜਿਨ੍ਹਾਂ ਨੂੰ ਯਹੋਵਾਹ ਦੀ ਸੇਧ ਅਨੁਸਾਰ ਪਹਿਲਾਂ ਮੂਸਾ ਨੇ ਤੇ ਬਾਅਦ ਵਿਚ ਯਹੋਸ਼ੁਆ ਨੇ ਚੁਣਿਆ ਸੀ। ਪਨਾਹ ਦੇ ਸ਼ਹਿਰ ਪਹੁੰਚ ਜਾਣ ਤੇ ਆਦਮੀ ਪਹਿਲਾਂ ਆਪਣਾ ਮਾਮਲਾ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਨੂੰ ਦੱਸਦਾ ਸੀ ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਵਿਚ ਵੜਨ ਦਿੱਤਾ ਜਾਂਦਾ ਸੀ। ਜਾਣ-ਬੁੱਝ ਕੇ ਖ਼ੂਨ ਕਰਨ ਵਾਲਿਆਂ ਨੂੰ ਇਸ ਇੰਤਜ਼ਾਮ ਦਾ ਫ਼ਾਇਦਾ ਉਠਾਉਣ ਤੋਂ ਰੋਕਣ ਲਈ ਉਸ ਆਦਮੀ ਉੱਤੇ ਉਸ ਸ਼ਹਿਰ ਵਿਚ ਮੁਕੱਦਮਾ ਚੱਲਦਾ ਸੀ ਜਿੱਥੇ ਖ਼ੂਨ ਹੋਇਆ ਸੀ ਤਾਂਕਿ ਉਹ ਆਪਣੀ ਬੇਗੁਨਾਹੀ ਸਾਬਤ ਕਰ ਸਕੇ। ਬੇਗੁਨਾਹ ਸਾਬਤ ਹੋਣ ਤੇ ਉਸ ਨੂੰ ਪਨਾਹ ਦੇ ਸ਼ਹਿਰ ਵਾਪਸ ਭੇਜ ਦਿੱਤਾ ਜਾਂਦਾ ਸੀ ਜਿੱਥੇ ਉਹ ਜ਼ਿੰਦਗੀ ਭਰ ਜਾਂ ਮਹਾਂ ਪੁਜਾਰੀ ਦੀ ਮੌਤ ਹੋਣ ਤਕ ਰਹਿੰਦਾ ਸੀ।​—ਗਿਣ 35:​6, 11-15, 22-29; ਯਹੋ 20:​2-8.

  • ਪਰਦਾ:

    ਸੋਹਣੇ ਤਰੀਕੇ ਨਾਲ ਬੁਣਿਆ ਕੱਪੜਾ ਜਿਸ ʼਤੇ ਕਢਾਈ ਕਰ ਕੇ ਕਰੂਬੀ ਬਣਾਏ ਗਏ ਸਨ। ਇਹ ਪਰਦਾ ਪਵਿੱਤਰ ਤੰਬੂ ਅਤੇ ਮੰਦਰ ਵਿਚ ਪਵਿੱਤਰ ਕਮਰੇ ਨੂੰ ਅੱਤ ਪਵਿੱਤਰ ਕਮਰੇ ਤੋਂ ਅਲੱਗ ਕਰਨ ਲਈ ਲਾਇਆ ਗਿਆ ਸੀ। (ਕੂਚ 26:31; 2 ਇਤਿ 3:14; ਮੱਤੀ 27:51; ਇਬ 9:3)​—ਵਧੇਰੇ ਜਾਣਕਾਰੀ 2.5 ਦੇਖੋ।

  • ਪਰਮੇਸ਼ੁਰ ਦਾ ਰਾਜ:

    ਇਹ ਸ਼ਬਦ ਖ਼ਾਸਕਰ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਲਈ ਵਰਤੇ ਗਏ ਹਨ ਅਤੇ ਇਹ ਰਾਜ ਉਸ ਦੇ ਪੁੱਤਰ ਯਿਸੂ ਮਸੀਹ ਦੀ ਸ਼ਾਹੀ ਸਰਕਾਰ ਨੂੰ ਦਰਸਾਉਂਦਾ ਹੈ।​—ਮੱਤੀ 12:28; ਲੂਕਾ 4:43; 1 ਕੁਰਿੰ 15:50.

  • ਪਰਾਣੀ ਦੀ ਆਰ:

    ਕਿਸਾਨਾਂ ਦੁਆਰਾ ਪਸ਼ੂ ਨੂੰ ਹੱਕਣ ਲਈ ਵਰਤੀ ਜਾਂਦੀ ਇਕ ਲੰਬੀ ਸੋਟੀ ਜਿਸ ਦੇ ਅਗਲੇ ਪਾਸੇ ਧਾਤ ਦਾ ਤਿੱਖਾ ਕਿੱਲ ਲੱਗਾ ਹੁੰਦਾ ਸੀ। ਪਰਾਣੀ ਦੀ ਆਰ ਦੀ ਤੁਲਨਾ ਬੁੱਧੀਮਾਨ ਇਨਸਾਨ ਦੀਆਂ ਗੱਲਾਂ ਨਾਲ ਕੀਤੀ ਗਈ ਹੈ ਜੋ ਸੁਣਨ ਵਾਲੇ ਨੂੰ ਬੁੱਧ ਭਰੀ ਸਲਾਹ ʼਤੇ ਚੱਲਣ ਲਈ ਉਕਸਾਉਂਦੀਆਂ ਹਨ। ‘ਪਰਾਣੀ ਦੀ ਆਰ ਨੂੰ ਲੱਤ ਮਾਰਨਾ’ ਸ਼ਬਦ ਇਸ ਗੱਲ ਤੋਂ ਆਏ ਹਨ ਕਿ ਜਦੋਂ ਢੀਠ ਬਲਦ ਨੂੰ ਵਾਰ-ਵਾਰ ਪਰਾਣੀ ਦੀ ਆਰ ਨਾਲ ਹੱਕਿਆ ਜਾਂਦਾ ਹੈ, ਤਾਂ ਉਹ ਇਸ ਦੇ ਵਿਰੋਧ ਵਿਚ ਲੱਤ ਮਾਰਦਾ ਹੈ ਤੇ ਖ਼ੁਦ ਨੂੰ ਨੁਕਸਾਨ ਪਹੁੰਚਾਉਂਦਾ ਹੈ।​—ਰਸੂ 26:14; ਨਿਆ 3:31.

  • ਪਵਿੱਤਰ ਸਥਾਨ:

    ਭਗਤੀ ਕਰਨ ਲਈ ਅਲੱਗ ਕੀਤੀ ਗਈ ਜਗ੍ਹਾ। ਪਰ ਅਕਸਰ ਇਸ ਦਾ ਮਤਲਬ ਡੇਰਾ ਜਾਂ ਯਰੂਸ਼ਲਮ ਦਾ ਮੰਦਰ ਸੀ। ਸਵਰਗ ਵਿਚ ਪਰਮੇਸ਼ੁਰ ਦੇ ਨਿਵਾਸ-ਸਥਾਨ ਲਈ ਵੀ ਇਹੀ ਸ਼ਬਦ ਵਰਤਿਆ ਜਾਂਦਾ ਹੈ।​—ਕੂਚ 25:​8, 9; 2 ਰਾਜ 10:25; 1 ਇਤਿ 28:10; ਪ੍ਰਕਾ 11:19.

  • ਪਵਿੱਤਰ ਸੇਵਾ:

    ਉਹ ਸੇਵਾ ਜਾਂ ਕੰਮ ਜੋ ਪਵਿੱਤਰ ਹੈ ਤੇ ਸਿੱਧਾ ਪਰਮੇਸ਼ੁਰ ਦੀ ਭਗਤੀ ਨਾਲ ਜੁੜਿਆ ਹੋਇਆ ਹੈ।​—ਰੋਮੀ 12:1; ਪ੍ਰਕਾ 7:15.

  • ਪਵਿੱਤਰ ਸ਼ਕਤੀ:

    ਪਰਮੇਸ਼ੁਰ ਦੀ ਜ਼ਬਰਦਸਤ ਅਦਿੱਖ ਸ਼ਕਤੀ ਜਿਸ ਨੂੰ ਉਹ ਆਪਣੀ ਇੱਛਾ ਪੂਰੀ ਕਰਨ ਲਈ ਵਰਤਦਾ ਹੈ। ਇਹ ਪਵਿੱਤਰ ਹੈ ਕਿਉਂਕਿ ਇਹ ਯਹੋਵਾਹ ਤੋਂ ਮਿਲਦੀ ਹੈ ਜੋ ਅੱਤ ਦਰਜੇ ਤਕ ਸ਼ੁੱਧ ਤੇ ਸੱਚਾ ਹੈ। ਇਹ ਇਸ ਲਈ ਵੀ ਪਵਿੱਤਰ ਹੈ ਕਿਉਂਕਿ ਇਸ ਦੇ ਜ਼ਰੀਏ ਉਹ ਪਵਿੱਤਰ ਕੰਮ ਕਰਦਾ ਹੈ।​—ਲੂਕਾ 1:35; ਰਸੂ 1:8.

  • ਪਵਿੱਤਰ ਕਮਰਾ:

    ਡੇਰੇ ਅਤੇ ਮੰਦਰ ਦਾ ਪਹਿਲਾ ਤੇ ਵੱਡਾ ਕਮਰਾ ਜੋ ਅੱਤ ਪਵਿੱਤਰ ਕਮਰੇ ਨਾਲੋਂ ਵੱਖਰਾ ਸੀ। ਡੇਰੇ ਦੇ ਪਵਿੱਤਰ ਕਮਰੇ ਵਿਚ ਸੋਨੇ ਦਾ ਸ਼ਮਾਦਾਨ, ਧੂਪ ਧੁਖਾਉਣ ਲਈ ਸੋਨੇ ਦੀ ਵੇਦੀ, ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਮੇਜ਼ ਅਤੇ ਸੋਨੇ ਦੇ ਭਾਂਡੇ ਰੱਖੇ ਹੁੰਦੇ ਸਨ। ਮੰਦਰ ਦੇ ਪਵਿੱਤਰ ਕਮਰੇ ਵਿਚ ਸੋਨੇ ਦੀ ਵੇਦੀ, ਸੋਨੇ ਦੇ ਦਸ ਸ਼ਮਾਦਾਨ ਅਤੇ ਚੜ੍ਹਾਵੇ ਦੀਆਂ ਰੋਟੀਆਂ ਲਈ 10 ਮੇਜ਼ ਸਨ। (ਕੂਚ 26:33; ਇਬ 9:2)​—ਵਧੇਰੇ ਜਾਣਕਾਰੀ 2.5 ਅਤੇ 2.8 ਦੇਖੋ।

  • ਪਵਿੱਤਰ; ਪਵਿੱਤਰਤਾ:

    ਯਹੋਵਾਹ ਦੇ ਸੁਭਾਅ ਦਾ ਖ਼ਾਸ ਗੁਣ। ਉਹ ਪੂਰੀ ਤਰ੍ਹਾਂ ਸ਼ੁੱਧ ਅਤੇ ਪਾਕ ਹੈ। (ਕੂਚ 28:36; 1 ਸਮੂ 2:2; ਕਹਾ 9:10; ਯਸਾ 6:3) ਜਦੋਂ ਇਨਸਾਨਾਂ (ਕੂਚ 19:6; 2 ਰਾਜ 4:9), ਜਾਨਵਰਾਂ (ਗਿਣ 18:17), ਚੀਜ਼ਾਂ (ਕੂਚ 28:38; 30:25; ਲੇਵੀ 27:14), ਥਾਵਾਂ (ਕੂਚ 3:5; ਯਸਾ 27:13), ਸਮਿਆਂ (ਕੂਚ 16:23; ਲੇਵੀ 25:12) ਅਤੇ ਕੰਮਾਂ (ਕੂਚ 36:4) ਲਈ “ਪਵਿੱਤਰ” ਸ਼ਬਦ ਵਰਤਿਆ ਜਾਂਦਾ ਹੈ, ਤਾਂ ਇਸ ਦੇ ਮੂਲ ਇਬਰਾਨੀ ਸ਼ਬਦ ਦਾ ਮਤਲਬ ਹੈ ਪਵਿੱਤਰ ਪਰਮੇਸ਼ੁਰ ਲਈ ਅਲੱਗ ਕੀਤਾ ਗਿਆ, ਰਾਖਵਾਂ ਜਾਂ ਸ਼ੁੱਧ ਕੀਤਾ ਗਿਆ; ਯਹੋਵਾਹ ਦੀ ਸੇਵਾ ਲਈ ਵੱਖਰਾ ਕੀਤਾ ਗਿਆ। ਮਸੀਹੀ ਯੂਨਾਨੀ ਲਿਖਤਾਂ ਵਿਚ ਜਿਨ੍ਹਾਂ ਸ਼ਬਦਾਂ ਦਾ ਅਨੁਵਾਦ “ਪਵਿੱਤਰ” ਅਤੇ “ਪਵਿੱਤਰਤਾ” ਕੀਤਾ ਗਿਆ ਹੈ, ਉਨ੍ਹਾਂ ਦਾ ਵੀ ਇਹੀ ਮਤਲਬ ਹੈ। ਇਹ ਸ਼ਬਦ ਇਕ ਇਨਸਾਨ ਦੇ ਸ਼ੁੱਧ ਚਾਲ-ਚਲਣ ਲਈ ਵੀ ਵਰਤੇ ਗਏ ਹਨ।​—ਮਰ 6:20; 2 ਕੁਰਿੰ 7:1; 1 ਪਤ 1:​15, 16.

  • ਪਵਿੱਤਰ ਭੇਤ:

    ਪਰਮੇਸ਼ੁਰ ਦੇ ਮਕਸਦ ਦਾ ਇਕ ਪਹਿਲੂ। ਉਹ ਆਪਣੇ ਮਿੱਥੇ ਹੋਏ ਸਮੇਂ ਤਕ ਇਸ ਨੂੰ ਲੁਕਾ ਕੇ ਰੱਖਦਾ ਹੈ। ਉਹ ਇਹ ਭੇਤ ਸਿਰਫ਼ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ ਜਿਨ੍ਹਾਂ ਨੂੰ ਉਹ ਦੱਸਣਾ ਚਾਹੁੰਦਾ ਹੈ।​—ਮਰ 4:11; ਕੁਲੁ 1:26.

  • ਪੰਤੇਕੁਸਤ:

    ਯਹੂਦੀ ਆਦਮੀਆਂ ਤੋਂ ਯਰੂਸ਼ਲਮ ਜਾ ਕੇ ਤਿੰਨ ਵੱਡੇ ਤਿਉਹਾਰ ਮਨਾਉਣ ਦੀ ਮੰਗ ਕੀਤੀ ਜਾਂਦੀ ਸੀ ਤੇ ਇਹ ਤਿਉਹਾਰ ਉਨ੍ਹਾਂ ਵਿੱਚੋਂ ਦੂਜਾ ਸੀ। ਇਬਰਾਨੀ ਲਿਖਤਾਂ ਵਿਚ ਜਿਸ ਤਿਉਹਾਰ ਨੂੰ ਵਾਢੀ ਦਾ ਤਿਉਹਾਰ ਅਤੇ ਹਫ਼ਤਿਆਂ ਦਾ ਤਿਉਹਾਰ ਕਿਹਾ ਗਿਆ ਹੈ, ਉਸ ਨੂੰ ਮਸੀਹੀ ਯੂਨਾਨੀ ਲਿਖਤਾਂ ਵਿਚ ਪੰਤੇਕੁਸਤ ਕਿਹਾ ਗਿਆ ਹੈ ਜਿਸ ਦਾ ਮਤਲਬ ਹੈ “ਪੰਜਾਹਵਾਂ (ਦਿਨ)।” ਇਹ 16 ਨੀਸਾਨ ਤੋਂ 50ਵੇਂ ਦਿਨ ਮਨਾਇਆ ਜਾਂਦਾ ਸੀ।​—ਕੂਚ 23:16; 34:22; ਰਸੂ 2:1.

  • ਪੰਥ:

    ਲੋਕਾਂ ਦਾ ਇਕ ਸਮੂਹ ਜੋ ਕਿਸੇ ਸਿਧਾਂਤ ਨੂੰ ਮੰਨਦਾ ਸੀ ਜਾਂ ਕਿਸੇ ਆਗੂ ਪਿੱਛੇ ਜਾਂਦਾ ਸੀ ਤੇ ਆਪਣੇ ਹੀ ਵਿਸ਼ਵਾਸਾਂ ਅਨੁਸਾਰ ਚੱਲਦਾ ਸੀ। ਯਹੂਦੀ ਧਰਮ ਦੇ ਦੋ ਮੁੱਖ ਸਮੂਹਾਂ, ਫ਼ਰੀਸੀਆਂ ਤੇ ਸਦੂਕੀਆਂ ਨੂੰ ਪੰਥ ਕਿਹਾ ਜਾਂਦਾ ਸੀ। ਲੋਕ ਮਸੀਹੀ ਧਰਮ ਨੂੰ “ਪੰਥ” ਜਾਂ ‘ਨਾਸਰੀਆਂ ਦਾ ਪੰਥ’ ਕਹਿੰਦੇ ਸਨ। ਸ਼ਾਇਦ ਉਹ ਮੰਨਦੇ ਸਨ ਕਿ ਇਹ ਯਹੂਦੀ ਧਰਮ ਤੋਂ ਅਲੱਗ ਹੋਇਆ ਕੋਈ ਪੰਥ ਸੀ। ਹੌਲੀ-ਹੌਲੀ ਮਸੀਹੀ ਮੰਡਲੀ ਵਿਚ ਪੰਥ ਬਣ ਗਏ; ਪ੍ਰਕਾਸ਼ ਦੀ ਕਿਤਾਬ ਵਿਚ “ਨਿਕਲਾਉਸ ਦੇ ਪੰਥ” ਦੀ ਗੱਲ ਕੀਤੀ ਗਈ ਹੈ।​—ਰਸੂ 5:17; 15:5; 24:5; 28:22; ਪ੍ਰਕਾ 2:6; 2 ਪਤ 2:1.

  • ਪਾਪ-ਬਲ਼ੀ:

    ਨਾਮੁਕੰਮਲ ਹੋਣ ਕਾਰਨ ਜੇ ਇਕ ਵਿਅਕਤੀ ਅਣਜਾਣੇ ਵਿਚ ਪਾਪ ਕਰ ਬੈਠਦਾ ਸੀ, ਤਾਂ ਉਦੋਂ ਇਹ ਬਲ਼ੀ ਚੜ੍ਹਾਈ ਜਾਂਦੀ ਸੀ। ਵੱਖੋ-ਵੱਖਰੇ ਜਾਨਵਰ ਜਿਵੇਂ ਕਿ ਬਲਦ ਤੋਂ ਲੈ ਕੇ ਕਬੂਤਰ ਤਕ ਦੀ ਬਲ਼ੀ ਚੜ੍ਹਾਈ ਜਾਂਦੀ ਸੀ। ਇਕ ਇਨਸਾਨ ਆਪਣੇ ਪਾਪਾਂ ਦੀ ਮਾਫ਼ੀ ਲਈ ਆਪਣੀ ਹੈਸੀਅਤ ਅਤੇ ਆਪਣੇ ਹਾਲਾਤਾਂ ਅਨੁਸਾਰ ਬਲ਼ੀ ਚੜ੍ਹਾਉਂਦਾ ਸੀ।​—ਲੇਵੀ 4:​27, 29; ਇਬ 10:8.

  • ਪਾਪ ਮਿਟਾਉਣ ਦਾ ਦਿਨ:

    ਇਜ਼ਰਾਈਲੀਆਂ ਲਈ ਸਭ ਤੋਂ ਅਹਿਮ ਤੇ ਪਵਿੱਤਰ ਦਿਨ ਜਿਸ ਨੂੰ ਯੋਮ ਕਿੱਪੁਰ (ਇਬਰਾਨੀ “ਯੋਹਮ ਹਾਕਿਪੁਰਿੱਮ” ਤੋਂ ਆਇਆ ਜਿਸ ਦਾ ਮਤਲਬ “ਢਕਣ ਦਾ ਦਿਨ”) ਵੀ ਕਿਹਾ ਜਾਂਦਾ ਸੀ ਤੇ ਇਹ ਏਥਾਨੀਮ ਮਹੀਨੇ ਦੀ 10 ਤਾਰੀਖ਼ ਨੂੰ ਮਨਾਇਆ ਜਾਂਦਾ ਸੀ। ਸਾਲ ਵਿਚ ਸਿਰਫ਼ ਇਸੇ ਦਿਨ ਮਹਾਂ ਪੁਜਾਰੀ ਡੇਰੇ ਅਤੇ ਅੱਗੇ ਚੱਲ ਕੇ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਜਾ ਕੇ ਆਪਣੇ, ਦੂਜੇ ਲੇਵੀਆਂ ਅਤੇ ਲੋਕਾਂ ਦੇ ਪਾਪਾਂ ਲਈ ਬਲ਼ੀਆਂ ਦਾ ਲਹੂ ਚੜ੍ਹਾਉਂਦਾ ਸੀ। ਇਸ ਦਿਨ ਪਵਿੱਤਰ ਸਭਾ ਅਤੇ ਵਰਤ ਰੱਖਿਆ ਜਾਂਦਾ ਸੀ। ਇਸ ਦਿਨ ਸਬਤ ਵੀ ਮਨਾਇਆ ਜਾਂਦਾ ਸੀ ਜਿਸ ਵੇਲੇ ਰੋਜ਼ਮੱਰਾ ਦੇ ਕੰਮ ਕਰਨ ਦੀ ਮਨਾਹੀ ਸੀ।​—ਲੇਵੀ 23:​27, 28.

  • ਪਿਮ:

    ਭਾਰ ਤੋਲਣ ਲਈ ਵੱਟਾ ਅਤੇ ਫਲਿਸਤੀ ਲੋਕ ਧਾਤ ਦੇ ਵੱਖੋ-ਵੱਖਰੇ ਔਜ਼ਾਰਾਂ ਨੂੰ ਤੇਜ਼ ਕਰਨ ਲਈ ਜੋ ਕੀਮਤ ਲੈਂਦੇ ਸਨ, ਉਸ ਨੂੰ ਪਿਮ ਕਿਹਾ ਜਾਂਦਾ ਸੀ। ਇਜ਼ਰਾਈਲ ਵਿਚ ਪੁਰਾਤੱਤਵ ਵਿਗਿਆਨੀਆਂ ਵੱਲੋਂ ਕੀਤੀ ਖੁਦਾਈ ਵਿੱਚੋਂ ਭਾਰ ਤੋਲਣ ਵਾਲੇ ਕਈ ਪੱਥਰ ਦੇ ਵੱਟੇ ਮਿਲੇ ਹਨ ਜਿਨ੍ਹਾਂ ਉੱਤੇ ਪੁਰਾਣੀ ਇਬਰਾਨੀ ਭਾਸ਼ਾ ਵਿਚ “ਪਿਮ” ਲਿਖਿਆ ਹੋਇਆ ਹੈ। ਇਕ ਪਿਮ ਦਾ ਔਸਤਨ ਭਾਰ 7.8 ਗ੍ਰਾਮ ਹੁੰਦਾ ਸੀ ਜੋ ਇਕ ਸ਼ੇਕੇਲ ਦਾ ਲਗਭਗ ਦੋ-ਤਿਹਾਈ ਹਿੱਸਾ ਹੁੰਦਾ ਸੀ।​—1 ਸਮੂ 13:​20, 21.

  • ਪੀਣ ਦੀ ਭੇਟ:

    ਦਾਖਰਸ ਨੂੰ ਪੀਣ ਦੀ ਭੇਟ ਦੇ ਤੌਰ ਤੇ ਵੇਦੀ ਉੱਤੇ ਡੋਲ੍ਹਿਆ ਜਾਂਦਾ ਸੀ। ਇਹ ਆਮ ਤੌਰ ਤੇ ਦੂਸਰੀਆਂ ਭੇਟਾਂ ਦੇ ਨਾਲ ਚੜ੍ਹਾਈ ਜਾਂਦੀ ਸੀ। ਜਦੋਂ ਪੌਲੁਸ ਨੇ ਕਿਹਾ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਦੇ ਭਲੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ ਸੀ, ਤਾਂ ਉਸ ਨੇ ਆਪਣੀ ਤੁਲਨਾ ਪੀਣ ਦੀ ਭੇਟ ਨਾਲ ਕੀਤੀ।​—ਗਿਣ 15:​5, 7; ਫ਼ਿਲਿ 2:17.

  • ਪੁਜਾਰੀ:

    ਉਹ ਆਦਮੀ ਜੋ ਲੋਕਾਂ ਸਾਮ੍ਹਣੇ ਪਰਮੇਸ਼ੁਰ ਦੇ ਨੁਮਾਇੰਦੇ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਲੋਕਾਂ ਨੂੰ ਪਰਮੇਸ਼ੁਰ ਦੀ ਅਤੇ ਉਸ ਦੇ ਕਾਨੂੰਨਾਂ ਦੀ ਸਿੱਖਿਆ ਦਿੰਦਾ ਸੀ। ਪੁਜਾਰੀ ਲੋਕਾਂ ਵੱਲੋਂ ਪਰਮੇਸ਼ੁਰ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ ਅਤੇ ਉਨ੍ਹਾਂ ਲਈ ਬੇਨਤੀਆਂ ਤੇ ਤਰਲੇ ਕਰਦੇ ਸਨ। ਮੂਸਾ ਦਾ ਕਾਨੂੰਨ ਮਿਲਣ ਤੋਂ ਪਹਿਲਾਂ, ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਲਈ ਪੁਜਾਰੀ ਹੁੰਦਾ ਸੀ। ਮੂਸਾ ਦੇ ਕਾਨੂੰਨ ਮੁਤਾਬਕ ਲੇਵੀ ਦੇ ਗੋਤ ਵਿੱਚੋਂ ਹਾਰੂਨ ਦੇ ਘਰਾਣੇ ਦੇ ਆਦਮੀਆਂ ਨੂੰ ਪੁਜਾਰੀ ਠਹਿਰਾਇਆ ਜਾਂਦਾ ਸੀ। ਬਾਕੀ ਲੇਵੀ ਆਦਮੀ ਉਨ੍ਹਾਂ ਦੇ ਸਹਾਇਕ ਹੁੰਦੇ ਸਨ। ਨਵਾਂ ਇਕਰਾਰ ਸ਼ੁਰੂ ਹੋਣ ਤੇ ਪਰਮੇਸ਼ੁਰ ਦਾ ਇਜ਼ਰਾਈਲ ਪੁਜਾਰੀਆਂ ਦੀ ਕੌਮ ਬਣ ਗਿਆ ਜਿਸ ਦਾ ਮਹਾਂ ਪੁਜਾਰੀ ਯਿਸੂ ਮਸੀਹ ਹੈ।​—ਕੂਚ 28:41; ਇਬ 9:24; ਪ੍ਰਕਾ 5:10.

  • ਪੁਰੀਮ:

    ਅਦਾਰ ਮਹੀਨੇ ਦੀ 14 ਅਤੇ 15 ਤਾਰੀਖ਼ ਨੂੰ ਮਨਾਇਆ ਜਾਣ ਵਾਲਾ ਸਾਲਾਨਾ ਤਿਉਹਾਰ। ਰਾਣੀ ਅਸਤਰ ਦੇ ਸਮੇਂ ਵਿਚ ਯਹੂਦੀਆਂ ਨੂੰ ਨਾਸ਼ ਹੋਣ ਤੋਂ ਬਚਾਇਆ ਗਿਆ ਸੀ ਅਤੇ ਇਹ ਤਿਉਹਾਰ ਉਸੇ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਸੀ। “ਪੁਰੀਮ” ਇਬਰਾਨੀ ਸ਼ਬਦ ਨਹੀਂ ਹੈ ਅਤੇ ਇਸ ਦਾ ਮਤਲਬ ਹੈ “ਗੁਣੇ।” ਇਸ ਨੂੰ ਪੁਰੀਮ ਦਾ ਤਿਉਹਾਰ ਜਾਂ ਗੁਣਿਆਂ ਦਾ ਤਿਉਹਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਹਾਮਾਨ ਨੇ ਪੁਰ (ਗੁਣੇ) ਪਾ ਕੇ ਯਹੂਦੀਆਂ ਦਾ ਨਾਸ਼ ਕਰਨ ਦੀ ਤਾਰੀਖ਼ ਤੈਅ ਕੀਤੀ ਸੀ।​—ਅਸ 3:7; 9:26.

  • ਪੂਜਾ-ਖੰਭਾ:

    ਇਬਰਾਨੀ ਸ਼ਬਦ (“ਅਸ਼ੇਰਾਹ”) ਦਾ ਮਤਲਬ ਹੈ (1) ਉਹ ਪੂਜਾ-ਖੰਭਾ ਜੋ ਕਨਾਨੀਆਂ ਦੀ ਜਣਨ ਦੇਵੀ ਅਸ਼ੇਰਾਹ ਨੂੰ ਦਰਸਾਉਂਦਾ ਸੀ ਜਾਂ (2) ਅਸ਼ੇਰਾਹ ਦੇਵੀ ਦੀ ਇਕ ਮੂਰਤ। ਜ਼ਾਹਰ ਹੈ ਕਿ ਇਹ ਖੰਭੇ ਸਿੱਧੇ ਖੜ੍ਹੇ ਕੀਤੇ ਜਾਂਦੇ ਸਨ ਤੇ ਇਨ੍ਹਾਂ ਦਾ ਕੁਝ ਹਿੱਸਾ ਲੱਕੜ ਦਾ ਬਣਿਆ ਹੁੰਦਾ ਸੀ। ਸ਼ਾਇਦ ਇਨ੍ਹਾਂ ਖੰਭਿਆਂ ਨੂੰ ਤਰਾਸ਼ਿਆ ਨਹੀਂ ਜਾਂਦਾ ਸੀ ਜਾਂ ਫਿਰ ਇਹ ਦਰਖ਼ਤ ਹੁੰਦੇ ਸਨ।​—ਬਿਵ 16:21; ਨਿਆ 6:26; 1 ਰਾਜ 15:13.

  • ਪੂਜਾ-ਥੰਮ੍ਹ:

    ਇਕ ਸਿੱਧਾ ਥੰਮ੍ਹ ਜੋ ਆਮ ਤੌਰ ਤੇ ਪੱਥਰ ਦਾ ਹੁੰਦਾ ਸੀ। ਜ਼ਾਹਰ ਹੈ ਕਿ ਇਹ ਬਆਲ ਦੇਵਤੇ ਜਾਂ ਹੋਰ ਝੂਠੇ ਦੇਵਤਿਆਂ ਦੇ ਲਿੰਗ ਦੀ ਨਿਸ਼ਾਨੀ ਸੀ।​—ਕੂਚ 23:24.

  • ਪੋਰਨੀਆ:​—

    ਹਰਾਮਕਾਰੀ ਦੇਖੋ।

  • ਪ੍ਰਭੂ ਦਾ ਭੋਜਨ:

    ਸੱਚ-ਮੁੱਚ ਦਾ ਭੋਜਨ ਜਿਸ ਵਿਚ ਬਿਨਾਂ ਖਮੀਰ ਵਾਲੀ ਰੋਟੀ ਅਤੇ ਦਾਖਰਸ ਹੁੰਦਾ ਸੀ ਅਤੇ ਇਹ ਚੀਜ਼ਾਂ ਮਸੀਹ ਦੇ ਸਰੀਰ ਅਤੇ ਲਹੂ ਨੂੰ ਦਰਸਾਉਂਦੀਆਂ ਸਨ। ਇਹ ਯਿਸੂ ਦੀ ਮੌਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਬਾਈਬਲ ਵਿਚ ਮਸੀਹੀਆਂ ਨੂੰ ਇਸ ਨੂੰ ਮਨਾਉਣ ਲਈ ਕਿਹਾ ਗਿਆ ਹੈ ਜਿਸ ਕਰਕੇ ਇਸ ਨੂੰ “ਯਾਦਗਾਰ” ਵੀ ਕਿਹਾ ਜਾਂਦਾ ਹੈ।​—1 ਕੁਰਿੰ 11:​20, 23-26.

  • ਪ੍ਰਭੂ ਦਾ ਰਾਹ:

    ਬਾਈਬਲ ਵਿਚ ਵਰਤੇ “ਰਾਹ” ਸ਼ਬਦ ਦਾ ਮਤਲਬ ਹੈ ਅਜਿਹਾ ਕੰਮ ਜਾਂ ਚਾਲ-ਚਲਣ ਜਿਸ ਨੂੰ ਯਹੋਵਾਹ ਮਨਜ਼ੂਰ ਜਾਂ ਨਾਮਨਜ਼ੂਰ ਕਰਦਾ ਹੈ। ਯਿਸੂ ਮਸੀਹ ਦੇ ਚੇਲੇ ਬਣਨ ਵਾਲੇ ਲੋਕਾਂ ਨੂੰ “ਪ੍ਰਭੂ ਦੇ ਰਾਹ” ʼਤੇ ਚੱਲਣ ਵਾਲੇ ਕਿਹਾ ਗਿਆ ਸੀ ਯਾਨੀ ਉਹ ਯਿਸੂ ਮਸੀਹ ਦੀ ਰੀਸ ਕਰਦਿਆਂ ਆਪਣੇ ਜੀਉਣ ਦੇ ਤੌਰ-ਤਰੀਕੇ ਤੋਂ ਦਿਖਾਉਂਦੇ ਸਨ ਕਿ ਉਨ੍ਹਾਂ ਨੂੰ ਯਿਸੂ ʼਤੇ ਨਿਹਚਾ ਸੀ।​—ਰਸੂ 19:9.

  • ਪ੍ਰਾਸਚਿਤ; ਮਾਫ਼ੀ; ਸੁਲ੍ਹਾ:

    ਇਬਰਾਨੀ ਲਿਖਤਾਂ ਵਿਚ ਇਹ ਵਿਚਾਰ ਬਲ਼ੀਆਂ ਨਾਲ ਸੰਬੰਧਿਤ ਹੈ ਜੋ ਇਸ ਮਕਸਦ ਨਾਲ ਚੜ੍ਹਾਈਆਂ ਜਾਂਦੀਆਂ ਸਨ ਕਿ ਲੋਕ ਪਰਮੇਸ਼ੁਰ ਅੱਗੇ ਆ ਸਕਣ ਤੇ ਉਸ ਦੀ ਭਗਤੀ ਕਰ ਸਕਣ। ਜਦੋਂ ਕੋਈ ਜਣਾ ਜਾਂ ਪੂਰੀ ਕੌਮ ਪਾਪ ਕਰਦੀ ਸੀ, ਤਾਂ ਮੂਸਾ ਦੇ ਕਾਨੂੰਨ ਅਨੁਸਾਰ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਲਈ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ, ਖ਼ਾਸਕਰ ਹਰ ਸਾਲ ਪਾਪ ਮਿਟਾਉਣ ਦੇ ਦਿਨ। ਉਹ ਬਲ਼ੀਆਂ ਯਿਸੂ ਦੀ ਕੁਰਬਾਨੀ ਵੱਲ ਸੰਕੇਤ ਕਰਦੀਆਂ ਸਨ ਜਿਸ ਨਾਲ ਇਨਸਾਨਾਂ ਦੇ ਪਾਪਾਂ ਦੀ ਪੂਰੀ ਤਰ੍ਹਾਂ ਮਾਫ਼ੀ ਮਿਲੀ ਅਤੇ ਲੋਕਾਂ ਨੂੰ ਯਹੋਵਾਹ ਨਾਲ ਸੁਲ੍ਹਾ ਕਰਨ ਦਾ ਮੌਕਾ ਮਿਲਿਆ।​—ਲੇਵੀ 5:10; 23:28; ਕੁਲੁ 1:20; ਇਬ 9:12.

  • ਪ੍ਰਾਸਚਿਤ ਦਾ ਢੱਕਣ:

    ਇਕਰਾਰ ਦੇ ਸੰਦੂਕ ਦਾ ਢੱਕਣ ਜਿਸ ਦੇ ਸਾਮ੍ਹਣੇ ਮਹਾਂ-ਪੁਜਾਰੀ ਪਾਪ ਮਿਟਾਉਣ ਦੇ ਦਿਨ ਪਾਪ-ਬਲ਼ੀਆਂ ਦਾ ਲਹੂ ਛਿੜਕਦਾ ਸੀ। ਇਹ ਇਬਰਾਨੀ ਸ਼ਬਦ ਜਿਸ ਮੂਲ ਕ੍ਰਿਆ ਤੋਂ ਬਣਿਆ ਹੈ, ਉਸ ਦਾ ਅਰਥ ਹੈ “(ਪਾਪ) ਢਕਣਾ” ਜਾਂ ਸ਼ਾਇਦ “(ਪਾਪ) ਮਿਟਾਉਣਾ।” ਇਹ ਢੱਕਣ ਖਾਲਸ ਸੋਨੇ ਦਾ ਬਣਿਆ ਸੀ ਅਤੇ ਇਸ ਦੇ ਦੋਵੇਂ ਕਿਨਾਰਿਆਂ ਉੱਤੇ ਇਕ-ਇਕ ਕਰੂਬੀ ਬਣਿਆ ਹੋਇਆ ਸੀ। ਕਈ ਵਾਰ ਇਸ ਨੂੰ ਸਿਰਫ਼ “ਢੱਕਣ” ਕਿਹਾ ਗਿਆ ਹੈ। (ਕੂਚ 25:​17-22; 1 ਇਤਿ 28:11; ਇਬ 9:5)​—ਵਧੇਰੇ ਜਾਣਕਾਰੀ 2.5 ਦੇਖੋ।

  • ਪ੍ਰਾਂਤ ਦਾ ਰਾਜਪਾਲ:

    ਰੋਮੀ ਰਾਜ-ਸਭਾ ਵੱਲੋਂ ਠਹਿਰਾਇਆ ਪ੍ਰਾਂਤ ਦਾ ਮੁੱਖ ਰਾਜਪਾਲ। ਉਸ ਕੋਲ ਨਿਆਂ ਕਰਨ ਦਾ ਅਧਿਕਾਰ ਅਤੇ ਫ਼ੌਜੀ ਤਾਕਤ ਸੀ। ਭਾਵੇਂ ਉਹ ਆਪਣੇ ਕੰਮਾਂ ਲਈ ਰਾਜ-ਸਭਾ ਅੱਗੇ ਜਵਾਬਦੇਹ ਸੀ, ਪਰ ਪ੍ਰਾਂਤ ਵਿਚ ਉਸ ਕੋਲ ਸਭ ਤੋਂ ਜ਼ਿਆਦਾ ਅਧਿਕਾਰ ਸੀ।​—ਰਸੂ 13:7; 18:12.

  • ਫਲਿਸਤ; ਫਲਿਸਤੀ:

    ਇਜ਼ਰਾਈਲ ਦੇ ਦੱਖਣੀ ਕੰਢੇ ʼਤੇ ਵੱਸੇ ਦੇਸ਼ ਨੂੰ ਫਲਿਸਤ ਕਿਹਾ ਜਾਂਦਾ ਸੀ। ਕ੍ਰੀਟ ਤੋਂ ਆਏ ਜਿਹੜੇ ਲੋਕ ਇੱਥੇ ਵੱਸ ਗਏ, ਉਨ੍ਹਾਂ ਨੂੰ ਫਲਿਸਤੀ ਕਿਹਾ ਜਾਣ ਲੱਗਾ। ਭਾਵੇਂ ਕਿ ਦਾਊਦ ਨੇ ਫਲਿਸਤੀਆਂ ਨੂੰ ਹਰਾ ਦਿੱਤਾ ਸੀ, ਫਿਰ ਵੀ ਉਹ ਉਨ੍ਹਾਂ ਦੇ ਅਧੀਨ ਨਹੀਂ ਹੋਏ ਅਤੇ ਇਜ਼ਰਾਈਲੀਆਂ ਦੇ ਦੁਸ਼ਮਣ ਬਣੇ ਰਹੇ। (ਕੂਚ 13:17; 1 ਸਮੂ 17:4; ਆਮੋ 9:7)​—ਵਧੇਰੇ ਜਾਣਕਾਰੀ 2.4 ਦੇਖੋ।

  • ਫਾਰਸ; ਫਾਰਸੀ:

    ਫਾਰਸ ਇਕ ਦੇਸ਼ ਸੀ ਤੇ ਉਸ ਦੇ ਲੋਕਾਂ ਨੂੰ ਫਾਰਸੀ ਕਿਹਾ ਜਾਂਦਾ ਸੀ ਜਿਨ੍ਹਾਂ ਦਾ ਜ਼ਿਕਰ ਅਕਸਰ ਮਾਦੀਆਂ ਨਾਲ ਆਉਂਦਾ ਹੈ। ਇਸ ਤੋਂ ਜ਼ਾਹਰ ਹੈ ਕਿ ਉਨ੍ਹਾਂ ਦਾ ਆਪਸ ਵਿਚ ਕੋਈ ਰਿਸ਼ਤਾ ਸੀ। ਫਾਰਸ ਦੇ ਸ਼ੁਰੂਆਤੀ ਇਤਿਹਾਸ ਵਿਚ ਫਾਰਸੀ ਲੋਕ ਈਰਾਨ ਦੇ ਪਹਾੜੀ ਇਲਾਕੇ ਦੇ ਸਿਰਫ਼ ਦੱਖਣੀ-ਪੱਛਮੀ ਹਿੱਸੇ ਵਿਚ ਰਹਿੰਦੇ ਸਨ। ਖੋਰਸ ਮਹਾਨ ਦੇ ਰਾਜ ਵਿਚ ਫਾਰਸੀਆਂ ਦਾ ਮਾਦੀਆਂ ਉੱਤੇ ਦਬਦਬਾ ਸੀ, ਪਰ ਦੋਹਾਂ ਨੇ ਇਕੱਠੇ ਮਿਲ ਕੇ ਸਾਮਰਾਜ ʼਤੇ ਰਾਜ ਕੀਤਾ ਸੀ। (ਪ੍ਰਾਚੀਨ ਸਮੇਂ ਦੇ ਕੁਝ ਇਤਿਹਾਸਕਾਰਾਂ ਮੁਤਾਬਕ ਖੋਰਸ ਦਾ ਪਿਤਾ ਫਾਰਸੀ ਤੇ ਮਾਤਾ ਮਾਦੀ ਸੀ।) ਖੋਰਸ ਨੇ 539 ਈ. ਪੂ. ਵਿਚ ਬਾਬਲ ਸਾਮਰਾਜ ਨੂੰ ਜਿੱਤ ਲਿਆ ਅਤੇ ਗ਼ੁਲਾਮੀ ਵਿਚ ਰਹਿ ਰਹੇ ਯਹੂਦੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ। ਫਾਰਸੀ ਸਾਮਰਾਜ ਪੂਰਬ ਵਿਚ ਸਿੰਧ ਦਰਿਆ ਤੋਂ ਲੈ ਕੇ ਪੱਛਮ ਵਿਚ ਏਜੀਅਨ ਸਾਗਰ ਤਕ ਫੈਲਿਆ ਹੋਇਆ ਸੀ। ਯਹੂਦੀ 331 ਈ. ਪੂ. ਤਕ ਫਾਰਸੀ ਰਾਜ ਦੇ ਅਧੀਨ ਰਹੇ ਜਦੋਂ ਸਿਕੰਦਰ ਮਹਾਨ ਨੇ ਫਾਰਸੀਆਂ ਨੂੰ ਹਰਾਇਆ। ਦਾਨੀਏਲ ਨੇ ਇਕ ਦਰਸ਼ਣ ਵਿਚ ਫਾਰਸੀ ਸਾਮਰਾਜ ਨੂੰ ਦੇਖਿਆ ਸੀ ਅਤੇ ਅਜ਼ਰਾ, ਨਹਮਯਾਹ ਤੇ ਅਸਤਰ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ। (ਅਜ਼ 1:1; ਦਾਨੀ 5:28; 8:20)​—ਵਧੇਰੇ ਜਾਣਕਾਰੀ 2.9 ਦੇਖੋ।

  • ਫੈਦਮ:

    ਪਾਣੀ ਦੀ ਡੂੰਘਾਈ ਮਾਪਣ ਲਈ ਨਾਪ ਜੋ 1.8 ਮੀਟਰ (6 ਫੁੱਟ) ਦੇ ਬਰਾਬਰ ਸੀ। (ਰਸੂ 27:28)​—ਵਧੇਰੇ ਜਾਣਕਾਰੀ 2.14 ਦੇਖੋ।

  • ਫ਼ਰਾਤ:

    ਦੱਖਣੀ-ਪੱਛਮੀ ਏਸ਼ੀਆ ਦਾ ਸਭ ਤੋਂ ਲੰਬਾ ਤੇ ਅਹਿਮ ਦਰਿਆ। ਇਹ ਮੈਸੋਪੋਟਾਮੀਆ ਦੇ ਦੋ ਵੱਡੇ ਦਰਿਆਵਾਂ ਵਿੱਚੋਂ ਇਕ ਹੈ। ਇਹ ਨਾਂ ਪਹਿਲੀ ਵਾਰ ਉਤਪਤ 2:14 ਵਿਚ ਆਉਂਦਾ ਹੈ ਜਿੱਥੇ ਇਸ ਨੂੰ ਅਦਨ ਦੇ ਚਾਰ ਦਰਿਆਵਾਂ ਵਿੱਚੋਂ ਇਕ ਕਿਹਾ ਗਿਆ ਹੈ। ਇਸ ਨੂੰ ਅਕਸਰ “ਦਰਿਆ” ਕਿਹਾ ਜਾਂਦਾ ਹੈ। (ਉਤ 31:21) ਇਹ ਇਜ਼ਰਾਈਲ ਨੂੰ ਦਿੱਤੇ ਇਲਾਕੇ ਦੀ ਉੱਤਰੀ ਸਰਹੱਦ ਸੀ। (ਉਤ 15:18; ਪ੍ਰਕਾ 16:12)​—ਵਧੇਰੇ ਜਾਣਕਾਰੀ 2.2 ਦੇਖੋ।

  • ਫ਼ਰੀਸੀ:

    ਪਹਿਲੀ ਸਦੀ ਵਿਚ ਯਹੂਦੀ ਧਰਮ ਦਾ ਇਕ ਮੁੱਖ ਧਾਰਮਿਕ ਪੰਥ। ਉਹ ਪੁਜਾਰੀਆਂ ਦੇ ਵੰਸ਼ ਵਿੱਚੋਂ ਨਹੀਂ ਸਨ, ਫਿਰ ਵੀ ਉਹ ਮੂਸਾ ਦੇ ਕਾਨੂੰਨ ਦੀ ਇਕ-ਇਕ ਗੱਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਸਨ ਅਤੇ ਉਹ ਜ਼ਬਾਨੀ ਸਿਖਾਈਆਂ ਪਰੰਪਰਾਵਾਂ ਨੂੰ ਵੀ ਉੱਨੀ ਹੀ ਅਹਿਮੀਅਤ ਦਿੰਦੇ ਸਨ। (ਮੱਤੀ 23:23) ਉਹ ਯੂਨਾਨੀ ਸਭਿਆਚਾਰ ਦਾ ਵੀ ਵਿਰੋਧ ਕਰਦੇ ਸਨ। ਕਾਨੂੰਨ ਤੇ ਪਰੰਪਰਾਵਾਂ ਦੇ ਵਿਦਵਾਨ ਹੋਣ ਕਰਕੇ ਲੋਕਾਂ ਉੱਤੇ ਉਨ੍ਹਾਂ ਦਾ ਬਹੁਤ ਦਬਦਬਾ ਸੀ। (ਮੱਤੀ 23:​2-6) ਕੁਝ ਫ਼ਰੀਸੀ ਯਹੂਦੀ ਮਹਾਸਭਾ ਦੇ ਵੀ ਮੈਂਬਰ ਸਨ। ਉਹ ਸਬਤ ਮਨਾਉਣ, ਪਰੰਪਰਾਵਾਂ ਨੂੰ ਮੰਨਣ ਅਤੇ ਪਾਪੀਆਂ ਤੇ ਟੈਕਸ ਵਸੂਲਣ ਵਾਲਿਆਂ ਨਾਲ ਸੰਗਤ ਰੱਖਣ ਦੇ ਮਾਮਲੇ ਵਿਚ ਯਿਸੂ ਦਾ ਅਕਸਰ ਵਿਰੋਧ ਕਰਦੇ ਸਨ। ਕੁਝ ਫ਼ਰੀਸੀ ਮਸੀਹੀ ਬਣ ਗਏ ਜਿਵੇਂ ਕਿ ਤਰਸੁਸ ਦਾ ਰਹਿਣ ਵਾਲਾ ਸੌਲੁਸ।​—ਮੱਤੀ 9:11; 12:14; ਮਰ 7:5; ਲੂਕਾ 6:2; ਰਸੂ 26:5.

  • ਫ਼ਿਰਊਨ:

    ਮਿਸਰ ਦੇ ਰਾਜਿਆਂ ਦਾ ਇਕ ਖ਼ਿਤਾਬ। ਬਾਈਬਲ ਵਿਚ ਪੰਜ ਫ਼ਿਰਊਨਾਂ (ਸ਼ੀਸ਼ਕ, ਸੋ, ਤਿਰਹਾਕਾਹ, ਨਕੋਹ ਅਤੇ ਹਾਫਰਾ) ਦੇ ਨਾਂ ਦਿੱਤੇ ਗਏ ਹਨ, ਪਰ ਦੂਜਿਆਂ ਦੇ ਨਾਂ ਨਹੀਂ ਦਿੱਤੇ ਗਏ। ਇਨ੍ਹਾਂ ਵਿਚ ਉਹ ਫ਼ਿਰਊਨ ਵੀ ਸ਼ਾਮਲ ਹਨ ਜਿਨ੍ਹਾਂ ਨਾਲ ਅਬਰਾਹਾਮ, ਮੂਸਾ ਅਤੇ ਯੂਸੁਫ਼ ਦਾ ਵਾਹ ਪਿਆ ਸੀ।​—ਕੂਚ 15:4; ਰੋਮੀ 9:17.

  • ਬਆਲ:

    ਕਨਾਨ ਦੇਸ਼ ਦਾ ਇਕ ਦੇਵਤਾ ਜਿਸ ਨੂੰ ਆਕਾਸ਼ ਦਾ ਮਾਲਕ, ਮੀਂਹ ਪਾਉਣ ਵਾਲਾ ਅਤੇ ਜਣਨ ਤੇ ਉਪਜ ਦਾ ਦੇਵਤਾ ਮੰਨਿਆ ਜਾਂਦਾ ਸੀ। ਅਲੱਗ-ਅਲੱਗ ਇਲਾਕਿਆਂ ਦੇ ਛੋਟੇ-ਮੋਟੇ ਦੇਵਤਿਆਂ ਨੂੰ ਵੀ “ਬਆਲ” ਕਿਹਾ ਜਾਂਦਾ ਸੀ। ਇਸ ਇਬਰਾਨੀ ਸ਼ਬਦ ਦਾ ਮਤਲਬ ਹੈ “ਮਾਲਕ; ਸੁਆਮੀ।”​—1 ਰਾਜ 18:21; ਰੋਮੀ 11:4.

  • ਬਆਲਜ਼ਬੂਲ:

    ਸ਼ੈਤਾਨ ਨੂੰ ਦਿੱਤਾ ਗਿਆ ਇਕ ਨਾਂ ਜੋ ਦੁਸ਼ਟ ਦੂਤਾਂ ਦਾ ਹਾਕਮ ਜਾਂ ਰਾਜਾ ਹੈ। ਇਹ ਨਾਂ ਸ਼ਾਇਦ ਬਆਲ-ਜ਼ਬੂਬ ਨਾਂ ਦਾ ਦੂਸਰਾ ਰੂਪ ਹੈ। ਅਕਰੋਨ ਦੇ ਫਲਿਸਤੀ ਇਸ ਬਆਲ ਦੀ ਭਗਤੀ ਕਰਦੇ ਸਨ।​—2 ਰਾਜ 1:3; ਮੱਤੀ 12:24.

  • ਬਸਤਰ:

    ਫ਼ੌਜੀਆਂ ਦਾ ਪਹਿਰਾਵਾ ਜਿਵੇਂ ਕਿ ਟੋਪ, ਸੰਜੋਅ, ਕਮਰਬੰਦ, ਲੱਤਾਂ ਦੇ ਕਵਚ ਅਤੇ ਢਾਲ।​—1 ਸਮੂ 31:9; ਅਫ਼ 6:​13-17.

  • ਬਜ਼ੁਰਗ:

    ਵੱਡੀ ਉਮਰ ਦੇ ਲੋਕ, ਪਰ ਬਾਈਬਲ ਵਿਚ ਖ਼ਾਸ ਤੌਰ ਤੇ ਉਨ੍ਹਾਂ ਆਦਮੀਆਂ ਨੂੰ ਬਜ਼ੁਰਗ ਕਿਹਾ ਗਿਆ ਹੈ ਜਿਨ੍ਹਾਂ ਦੀ ਸਮਾਜ ਜਾਂ ਕੌਮ ਵਿਚ ਉੱਚੀ ਪਦਵੀ ਜਾਂ ਜ਼ਿੰਮੇਵਾਰੀ ਹੁੰਦੀ ਸੀ। ਪ੍ਰਕਾਸ਼ ਦੀ ਕਿਤਾਬ ਵਿਚ ਜ਼ਿਕਰ ਕੀਤੇ ਗਏ ਸਵਰਗੀ ਪ੍ਰਾਣੀਆਂ ਨੂੰ ਵੀ ਬਜ਼ੁਰਗ ਕਿਹਾ ਗਿਆ ਹੈ। “ਬਜ਼ੁਰਗ” ਲਈ ਅਨੁਵਾਦ ਕੀਤਾ ਯੂਨਾਨੀ ਸ਼ਬਦ “ਪ੍ਰੈਸਬੀਟੇਰੋਸ” ਉਨ੍ਹਾਂ ਆਦਮੀਆਂ ਨੂੰ ਦਰਸਾਉਂਦਾ ਹੈ ਜੋ ਮੰਡਲੀ ਵਿਚ ਅਗਵਾਈ ਕਰਦੇ ਹਨ।​—ਕੂਚ 4:29; ਕਹਾ 31:23; 1 ਤਿਮੋ 5:17; ਪ੍ਰਕਾ 4:4.

  • ਬਥ:

    ਤਰਲ ਚੀਜ਼ਾਂ ਦਾ ਇਕ ਮਾਪ ਜੋ ਲਗਭਗ 22 ਲੀਟਰ ਦੇ ਬਰਾਬਰ ਸੀ। ਇਹ ਗੱਲ ਪੁਰਾਤੱਤਵ ਖੋਜਾਂ ਤੋਂ ਪਤਾ ਲੱਗੀ ਕਿਉਂਕਿ ਮਿੱਟੀ ਦੇ ਭਾਂਡਿਆਂ ਦੇ ਅਜਿਹੇ ਟੁਕੜੇ ਮਿਲੇ ਹਨ ਜਿਨ੍ਹਾਂ ਉੱਤੇ ਬਥ ਲਿਖਿਆ ਸੀ। ਬਾਈਬਲ ਵਿਚ ਦੱਸੀਆਂ ਸੁੱਕੀਆਂ ਅਤੇ ਤਰਲ ਚੀਜ਼ਾਂ ਨੂੰ ਜ਼ਿਆਦਾਤਰ ਬਥ ਮਾਪ ਦੇ ਅਨੁਸਾਰ ਨਾਪਿਆ ਜਾਂਦਾ ਸੀ। (1 ਰਾਜ 7:38; ਹਿਜ਼ 45:14)​—ਵਧੇਰੇ ਜਾਣਕਾਰੀ 2.14 ਦੇਖੋ।

  • ਬਪਤਿਸਮਾ; ਬਪਤਿਸਮਾ ਦੇਣਾ:

    ਇਸ ਕ੍ਰਿਆ ਦਾ ਮਤਲਬ ਹੈ “ਡੁਬਕੀ ਦੇਣੀ।” ਯਿਸੂ ਦੀ ਇਹ ਮੰਗ ਹੈ ਕਿ ਉਸ ਦੇ ਚੇਲੇ ਬਪਤਿਸਮਾ ਲੈਣ। ਬਾਈਬਲ ਵਿਚ ਕਈ ਤਰ੍ਹਾਂ ਦੇ ਬਪਤਿਸਮਿਆਂ ਬਾਰੇ ਦੱਸਿਆ ਗਿਆ ਹੈ ਜਿਵੇਂ ਕਿ ਯੂਹੰਨਾ ਦੁਆਰਾ ਦਿੱਤਾ ਬਪਤਿਸਮਾ, ਪਵਿੱਤਰ ਸ਼ਕਤੀ ਨਾਲ ਬਪਤਿਸਮਾ ਤੇ ਅੱਗ ਨਾਲ ਬਪਤਿਸਮਾ।​—ਮੱਤੀ 3:​11, 16; 28:19; ਯੂਹੰ 3:23; 1 ਪਤ 3:21.

  • ਬਲ਼ੀ:

    ਪਰਮੇਸ਼ੁਰ ਦਾ ਧੰਨਵਾਦ ਕਰਨ, ਆਪਣਾ ਦੋਸ਼ ਮੰਨਣ ਅਤੇ ਉਸ ਨਾਲ ਦੁਬਾਰਾ ਰਿਸ਼ਤਾ ਜੋੜਨ ਲਈ ਚੜ੍ਹਾਇਆ ਜਾਣ ਵਾਲਾ ਚੜ੍ਹਾਵਾ। ਹਾਬਲ ਦੇ ਸਮੇਂ ਤੋਂ ਹੀ ਇਨਸਾਨ ਆਪਣੀ ਇੱਛਾ ਨਾਲ ਵੱਖੋ-ਵੱਖਰੇ ਚੜ੍ਹਾਵੇ ਚੜ੍ਹਾਉਂਦੇ ਆਏ ਸਨ, ਜਿਵੇਂ ਕਿ ਜਾਨਵਰਾਂ ਦੀਆਂ ਬਲ਼ੀਆਂ। ਪਰ ਬਾਅਦ ਵਿਚ ਬਲ਼ੀਆਂ ਚੜ੍ਹਾਉਣੀਆਂ ਮੂਸਾ ਦੇ ਕਾਨੂੰਨ ਮੁਤਾਬਕ ਲਾਜ਼ਮੀ ਹੋ ਗਈਆਂ। ਜਦ ਯਿਸੂ ਨੇ ਆਪਣੀ ਮੁਕੰਮਲ ਜ਼ਿੰਦਗੀ ਕੁਰਬਾਨ ਕਰ ਦਿੱਤੀ, ਤਾਂ ਉਸ ਤੋਂ ਬਾਅਦ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਰਹੀ। ਫਿਰ ਵੀ ਮਸੀਹੀਆਂ ਦੀ ਸੇਵਾ ਪਰਮੇਸ਼ੁਰ ਅੱਗੇ ਬਲ਼ੀਆਂ ਵਾਂਗ ਹੈ।​—ਉਤ 4:4; ਇਬ 13:​15, 16; 1 ਯੂਹੰ 4:10.

  • ਬਾਣਾ:

    ਕੱਪੜੇ ਦੀ ਬੁਣਾਈ ਵਿਚ ਚੁੜਾਈ ਵਾਲੇ ਪਾਸੇ ਦੇ ਧਾਗੇ। ਲੰਬਾਈ ਵਾਲੇ ਪਾਸੇ ਦੇ ਧਾਗਿਆਂ ਨੂੰ ਤਾਣਾ ਕਿਹਾ ਜਾਂਦਾ ਹੈ ਜੋ ਬਾਣੇ ਦੇ ਉੱਪਰੋਂ ਅਤੇ ਥੱਲਿਓਂ ਦੀ ਬੁਣੇ ਹੁੰਦੇ ਹਨ।​—ਲੇਵੀ 13:59.

  • ਬੂਲ:

    ਯਹੂਦੀਆਂ ਦੇ ਪਵਿੱਤਰ ਕਲੰਡਰ ਦਾ ਅੱਠਵਾਂ ਮਹੀਨਾ ਅਤੇ ਆਮ ਕਲੰਡਰ ਦਾ ਦੂਜਾ ਮਹੀਨਾ। ਇਹ ਜਿਸ ਮੂਲ ਸ਼ਬਦ ਤੋਂ ਆਇਆ ਹੈ, ਉਸ ਦਾ ਅਰਥ ਹੈ “ਪੈਦਾਵਾਰ; ਫ਼ਸਲ।” ਇਹ ਮਹੀਨਾ ਅਕਤੂਬਰ ਦੇ ਅੱਧ ਤੋਂ ਲੈ ਕੇ ਨਵੰਬਰ ਦੇ ਅੱਧ ਤਕ ਚੱਲਦਾ ਸੀ। (1 ਰਾਜ 6:38)​—ਵਧੇਰੇ ਜਾਣਕਾਰੀ 2.15 ਦੇਖੋ।

  • ਬੇਸ਼ਰਮੀ:

    ਇਸ ਲਈ ਵਰਤਿਆ ਯੂਨਾਨੀ ਸ਼ਬਦ “ਅਸੇਲਗੀਆ” ਹੈ ਜਿਸ ਦਾ ਮਤਲਬ ਹੈ ਅਜਿਹੇ ਕੰਮ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਅਸੂਲਾਂ ਖ਼ਿਲਾਫ਼ ਗੰਭੀਰ ਗ਼ਲਤੀਆਂ ਅਤੇ ਬੇਸ਼ਰਮੀ ਭਰਿਆ ਰਵੱਈਆ ਜਾਂ ਢੀਠਪੁਣਾ ਸ਼ਾਮਲ ਹੈ। ਅਧਿਕਾਰ, ਕਾਨੂੰਨਾਂ ਅਤੇ ਮਿਆਰਾਂ ਪ੍ਰਤੀ ਅਜਿਹੇ ਇਨਸਾਨ ਦਾ ਰਵੱਈਆ ਨਿਰਾਦਰ ਭਰਿਆ ਹੁੰਦਾ ਹੈ ਜਾਂ ਉਹ ਇਨ੍ਹਾਂ ਨੂੰ ਤੁੱਛ ਸਮਝਦਾ ਹੈ। ਅਜਿਹੇ ਚਾਲ-ਚਲਣ ਵਿਚ ਛੋਟੀਆਂ-ਮੋਟੀਆਂ ਗ਼ਲਤੀਆਂ ਸ਼ਾਮਲ ਨਹੀਂ ਹਨ।​—ਗਲਾ 5:19; 2 ਪਤ 2:7.

  • ਬੇਖਮੀਰੀ ਰੋਟੀ ਦਾ ਤਿਉਹਾਰ:

    ਇਜ਼ਰਾਈਲੀਆਂ ਦੇ ਤਿੰਨ ਵੱਡੇ ਸਾਲਾਨਾ ਤਿਉਹਾਰਾਂ ਵਿੱਚੋਂ ਪਹਿਲਾ ਤਿਉਹਾਰ। ਇਹ ਪਸਾਹ ਤੋਂ ਅਗਲੇ ਦਿਨ ਨੀਸਾਨ ਮਹੀਨੇ ਦੀ 15 ਤਾਰੀਖ਼ ਨੂੰ ਸ਼ੁਰੂ ਹੁੰਦਾ ਸੀ ਤੇ ਸੱਤ ਦਿਨਾਂ ਤਕ ਚੱਲਦਾ ਸੀ। ਇਹ ਮਿਸਰ ਵਿੱਚੋਂ ਨਿਕਲਣ ਦੀ ਯਾਦ ਵਿਚ ਮਨਾਇਆ ਜਾਂਦਾ ਸੀ ਤੇ ਇਸ ਦੌਰਾਨ ਸਿਰਫ਼ ਬੇਖਮੀਰੀ ਰੋਟੀ ਖਾਧੀ ਜਾਂਦੀ ਸੀ।​—ਕੂਚ 23:15; ਮਰ 14:1.

  • ਭਵਿੱਖ ਦੱਸਣ ਵਾਲਾ:

    ਅਜਿਹਾ ਵਿਅਕਤੀ ਜੋ ਦਾਅਵਾ ਕਰਦਾ ਹੈ ਕਿ ਉਸ ਕੋਲ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਣ ਦੀ ਯੋਗਤਾ ਹੈ। ਬਾਈਬਲ ਵਿਚ ਭਵਿੱਖ ਦੱਸਣ ਵਾਲਿਆਂ ਵਿਚ ਜਾਦੂ-ਟੂਣਾ ਕਰਨ ਵਾਲੇ ਪੁਜਾਰੀ, ਮਰੇ ਹੋਇਆਂ ਨਾਲ ਗੱਲ ਕਰਨ ਵਾਲੇ, ਜੋਤਸ਼ੀ ਅਤੇ ਇਸ ਤਰ੍ਹਾਂ ਦੇ ਹੋਰ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ।​—ਲੇਵੀ 19:31; ਬਿਵ 18:11; ਰਸੂ 16:16.

  • ਭਵਿੱਖਬਾਣੀ:

    ਪਰਮੇਸ਼ੁਰ ਵੱਲੋਂ ਸੰਦੇਸ਼ ਜਿਸ ਵਿਚ ਉਸ ਦੀ ਮਰਜ਼ੀ ਜ਼ਾਹਰ ਕੀਤੀ ਜਾਂਦੀ ਸੀ ਜਾਂ ਉਸ ਦੀ ਇੱਛਾ ਦਾ ਐਲਾਨ ਕੀਤਾ ਜਾਂਦਾ ਸੀ। ਇਹ ਸੰਦੇਸ਼ ਪਰਮੇਸ਼ੁਰ ਵੱਲੋਂ ਕੋਈ ਜ਼ਰੂਰੀ ਸਬਕ ਹੋ ਸਕਦਾ ਸੀ ਜਾਂ ਫਿਰ ਉਸ ਦਾ ਹੁਕਮ ਜਾਂ ਫ਼ੈਸਲਾ ਜਾਂ ਭਵਿੱਖ ਵਿਚ ਵਾਪਰਨ ਵਾਲੀ ਕਿਸੇ ਘਟਨਾ ਦਾ ਐਲਾਨ ਹੋ ਸਕਦਾ ਸੀ।​—ਹਿਜ਼ 37:​9, 10; ਦਾਨੀ 9:24; ਮੱਤੀ 13:14; 2 ਪਤ 1:​20, 21.

  • ਮਸਕੀਲ:

    13 ਜ਼ਬੂਰਾਂ ਦੇ ਸਿਰਲੇਖਾਂ ਵਿਚ ਵਰਤੇ ਇਸ ਸ਼ਬਦ ਦਾ ਮਤਲਬ ਸਾਫ਼-ਸਾਫ਼ ਨਹੀਂ ਪਤਾ। ਸ਼ਾਇਦ ਇਸ ਦਾ ਮਤਲਬ ਹੈ “ਸੋਚਣ ਲਈ ਮਜਬੂਰ ਕਰਨ ਵਾਲੀ ਕਵਿਤਾ।” ਮਸਕੀਲ ਨਾਲ ਮਿਲਦੇ-ਜੁਲਦੇ ਇਕ ਹੋਰ ਸ਼ਬਦ ਦਾ ਅਨੁਵਾਦ ‘ਸੂਝ-ਬੂਝ ਨਾਲ ਸੇਵਾ ਕਰਨੀ’ ਕੀਤਾ ਗਿਆ ਹੈ, ਇਸ ਲਈ ਕੁਝ ਲੋਕ ਸੋਚਦੇ ਹਨ ਕਿ ਇਨ੍ਹਾਂ ਦੋਹਾਂ ਸ਼ਬਦਾਂ ਦੇ ਮਤਲਬ ਵੀ ਸ਼ਾਇਦ ਇਕ-ਦੂਸਰੇ ਨਾਲ ਮਿਲਦੇ-ਜੁਲਦੇ ਹੋਣ।​—2 ਇਤਿ 30:22; ਜ਼ਬੂ 32:ਸਿਰ

  • ਮੱਸਿਆ:

    ਯਹੂਦੀ ਕਲੰਡਰ ਦੇ ਹਰ ਮਹੀਨੇ ਦਾ ਪਹਿਲਾ ਦਿਨ। ਇਸ ਦਿਨ ਸਾਰੇ ਇਕੱਠੇ ਹੁੰਦੇ, ਦਾਅਵਤ ਦਿੰਦੇ ਅਤੇ ਖ਼ਾਸ ਬਲ਼ੀਆਂ ਚੜ੍ਹਾਉਂਦੇ ਸਨ। ਪਰ ਬਾਅਦ ਵਿਚ ਇਹ ਦਿਨ ਕੌਮ ਦਾ ਇਕ ਅਹਿਮ ਤਿਉਹਾਰ ਬਣ ਗਿਆ ਅਤੇ ਲੋਕ ਇਸ ਦਿਨ ਕੋਈ ਕੰਮ ਨਹੀਂ ਕਰਦੇ ਸਨ।​—ਗਿਣ 10:10; 2 ਇਤਿ 8:13; ਕੁਲੁ 2:16.

  • ਮਸੀਹ:

    ਇਹ ਸ਼ਬਦ ਇਬਰਾਨੀ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਨੁਵਾਦ “ਚੁਣਿਆ” ਜਾਂ “ਚੁਣਿਆ ਹੋਇਆ” ਕੀਤਾ ਗਿਆ ਹੈ। (ਦਾਨੀ 9:25) ਯੂਨਾਨੀ ਸ਼ਬਦ “ਕ੍ਰਿਸਟੋਸ” ਦਾ ਅਨੁਵਾਦ ਵੀ “ਮਸੀਹ” ਕੀਤਾ ਗਿਆ ਹੈ। ਇਹ ਖ਼ਿਤਾਬ ਯਿਸੂ ਲਈ ਵੀ ਵਰਤਿਆ ਗਿਆ ਹੈ।​—ਮੱਤੀ 1:16.

  • ਮਸੀਹ ਦਾ ਵਿਰੋਧੀ:

    ਇਸ ਲਈ ਵਰਤੇ ਯੂਨਾਨੀ ਸ਼ਬਦ ਦੇ ਦੋ ਮਤਲਬ ਹਨ। ਇਕ ਉਹ ਸ਼ਖ਼ਸ ਜੋ ਮਸੀਹ ਦੇ ਖ਼ਿਲਾਫ਼ ਹੈ ਜਾਂ ਉਸ ਦਾ ਵਿਰੋਧ ਕਰਦਾ ਹੈ। ਇਹ ਝੂਠਾ ਮਸੀਹ ਵੀ ਹੋ ਸਕਦਾ ਹੈ ਯਾਨੀ ਜੋ ਮਸੀਹ ਹੋਣ ਦਾ ਦਾਅਵਾ ਕਰਦਾ ਹੈ। ਜਿਹੜੇ ਲੋਕ, ਸੰਗਠਨ ਜਾਂ ਸਮੂਹ ਮਸੀਹ ਦੇ ਚੇਲੇ ਜਾਂ ਮਸੀਹ ਹੋਣ ਦਾ ਦਾਅਵਾ ਕਰਦੇ ਹਨ ਜਾਂ ਮਸੀਹ ਅਤੇ ਉਸ ਦੇ ਚੇਲਿਆਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਮਸੀਹ ਦੇ ਵਿਰੋਧੀ ਕਹਿਣਾ ਸਹੀ ਹੋਵੇਗਾ।​—1 ਯੂਹੰ 2:22.

  • ਮਸੀਹੀ:

    ਯਿਸੂ ਮਸੀਹ ਦੇ ਚੇਲਿਆਂ ਨੂੰ ਇਹ ਨਾਂ ਪਰਮੇਸ਼ੁਰ ਵੱਲੋਂ ਮਿਲਿਆ ਹੈ।​—ਰਸੂ 11:26; 26:28.

  • ਮਸ਼ਕ:

    ਇਹ ਬੱਕਰੀ ਜਾਂ ਭੇਡ ਦੀ ਖੱਲ ਦੀ ਬਣਾਈ ਇਕ ਤਰ੍ਹਾਂ ਦੀ ਬੋਤਲ ਹੁੰਦੀ ਸੀ ਜਿਸ ਵਿਚ ਦਾਖਰਸ ਭਰਿਆ ਜਾਂਦਾ ਸੀ। ਦਾਖਰਸ ਨਵੀਆਂ ਮਸ਼ਕਾਂ ਵਿਚ ਪਾਇਆ ਜਾਂਦਾ ਸੀ ਕਿਉਂਕਿ ਜਦੋਂ ਦਾਖਰਸ ਖਮੀਰਾ ਹੋ ਜਾਂਦਾ ਸੀ, ਤਾਂ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੋਣ ਨਾਲ ਮਸ਼ਕਾਂ ਵਿਚ ਦਬਾਅ ਪੈਦਾ ਹੁੰਦਾ ਸੀ। ਨਵੀਆਂ ਮਸ਼ਕਾਂ ਫੈਲ ਜਾਂਦੀਆਂ ਸਨ; ਪੁਰਾਣੀਆਂ ਮਸ਼ਕਾਂ ਸਖ਼ਤ ਹੋ ਜਾਂਦੀਆਂ ਸਨ ਤੇ ਦਬਾਅ ਦੇ ਕਰਕੇ ਫਟ ਜਾਂਦੀਆਂ ਸਨ।​—ਯਹੋ 9:4; ਮੱਤੀ 9:17.

  • ਮਹਲਥ:

    ਜ਼ਾਹਰ ਹੈ ਕਿ ਜ਼ਬੂਰ 53 ਅਤੇ 88 ਦੇ ਸਿਰਲੇਖਾਂ ਵਿਚ ਦਿੱਤਾ ਇਹ ਸ਼ਬਦ ਸੰਗੀਤ ਨਾਲ ਜੁੜਿਆ ਹੈ। ਇਹ ਸ਼ਬਦ ਸ਼ਾਇਦ ਇਬਰਾਨੀ ਦੀ ਜਿਸ ਮੂਲ ਕ੍ਰਿਆ ਨਾਲ ਜੁੜਿਆ ਹੈ, ਉਸ ਦਾ ਮਤਲਬ ਹੈ “ਕਮਜ਼ੋਰ ਹੋਣਾ; ਬੀਮਾਰ ਪੈਣਾ।” ਇਸ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਦਰਦ ਤੇ ਉਦਾਸੀ ਭਰਿਆ ਸੁਰ ਹੋਵੇਗਾ ਜੋ ਇਨ੍ਹਾਂ ਦੋਹਾਂ ਗੀਤਾਂ ਦੇ ਦੁੱਖ ਭਰੇ ਬੋਲਾਂ ʼਤੇ ਸਹੀ ਬੈਠੇਗਾ।

  • ਮਹਾਸਭਾ:

    ਇਹ ਯਰੂਸ਼ਲਮ ਵਿਚ ਯਹੂਦੀਆਂ ਦੀ ਸੁਪਰੀਮ ਕੋਰਟ ਸੀ। ਯਿਸੂ ਦੇ ਜ਼ਮਾਨੇ ਵਿਚ ਇਸ ਅਦਾਲਤ ਦੇ 71 ਮੈਂਬਰ ਸਨ ਜਿਨ੍ਹਾਂ ਵਿਚ ਮਹਾਂ ਪੁਜਾਰੀ, ਸਾਬਕਾ ਮਹਾਂ ਪੁਜਾਰੀ, ਮਹਾਂ ਪੁਜਾਰੀਆਂ ਦੇ ਪਰਿਵਾਰ ਦੇ ਮੈਂਬਰ, ਬਜ਼ੁਰਗ, ਗੋਤਾਂ ਤੇ ਘਰਾਣਿਆਂ ਦੇ ਮੁਖੀ ਅਤੇ ਗ੍ਰੰਥੀ ਹੁੰਦੇ ਸਨ।​—ਮਰ 15:1; ਰਸੂ 5:34; 23:​1, 6.

  • ਮਹਾਂਕਸ਼ਟ:

    “ਕਸ਼ਟ” ਲਈ ਵਰਤੇ ਯੂਨਾਨੀ ਸ਼ਬਦ ਦਾ ਮਤਲਬ ਹੈ ਮਾੜੇ ਹਾਲਾਤਾਂ ਕਰਕੇ ਹੁੰਦੀ ਦੁੱਖ-ਤਕਲੀਫ਼। ਯਿਸੂ ਨੇ ਦੱਸਿਆ ਸੀ ਕਿ ਯਰੂਸ਼ਲਮ ʼਤੇ ਇਕ “ਮਹਾਂਕਸ਼ਟ” ਆਵੇਗਾ ਜੋ ਪਹਿਲਾਂ ਕਦੇ ਨਹੀਂ ਆਇਆ। ਉਸ ਨੇ ਖ਼ਾਸਕਰ ਪੂਰੀ ਮਨੁੱਖਜਾਤੀ ਉੱਤੇ ਆਉਣ ਵਾਲੇ “ਮਹਾਂਕਸ਼ਟ” ਦੀ ਵੀ ਗੱਲ ਕੀਤੀ ਜਦੋਂ ਉਹ ਭਵਿੱਖ ਵਿਚ ‘ਵੱਡੀ ਮਹਿਮਾ ਨਾਲ ਆਵੇਗਾ।’ (ਮੱਤੀ 24:​21, 29-31) ਪੌਲੁਸ ਨੇ ਇਸ ਕਸ਼ਟ ਨੂੰ ਪਰਮੇਸ਼ੁਰ ਦਾ ਨਿਆਂ ਕਿਹਾ ਜੋ ਉਨ੍ਹਾਂ ਲੋਕਾਂ ʼਤੇ ਆਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ” ਅਤੇ ਜਿਹੜੇ ਯਿਸੂ ਮਸੀਹ ਬਾਰੇ “ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ।” ਪ੍ਰਕਾਸ਼ ਦੀ ਕਿਤਾਬ ਦਾ 19ਵਾਂ ਅਧਿਆਇ ਦਿਖਾਉਂਦਾ ਹੈ ਕਿ ਯਿਸੂ ਆਪਣੀਆਂ ਸਵਰਗੀ ਫ਼ੌਜਾਂ ਲੈ ਕੇ ‘ਵਹਿਸ਼ੀ ਦਰਿੰਦੇ ਅਤੇ ਧਰਤੀ ਦੇ ਰਾਜਿਆਂ ਤੇ ਉਨ੍ਹਾਂ ਦੀਆਂ ਫ਼ੌਜਾਂ ਨਾਲ’ ਲੜਨ ਲਈ ਆ ਰਿਹਾ ਹੈ। (2 ਥੱਸ 1:​6-8; ਪ੍ਰਕਾ 19:​11-21) ਇਸ ਕਸ਼ਟ ਵਿੱਚੋਂ “ਇਕ ਵੱਡੀ ਭੀੜ” ਬਚ ਨਿਕਲੇਗੀ। (ਪ੍ਰਕਾ 7:​9, 14)​—ਆਰਮਾਗੇਡਨ ਦੇਖੋ।

  • ਮਹਾਂ ਦੂਤ:

    ਮਤਲਬ “ਦੂਤਾਂ ਦਾ ਮੁਖੀ।” ਬਾਈਬਲ ਵਿਚ ਇਹ ਸ਼ਬਦ ਇਕਵਚਨ ਰੂਪ ਵਿਚ ਵਰਤਿਆ ਗਿਆ ਹੈ ਯਾਨੀ ਕਿ ਮਹਾਂ ਦੂਤ ਸਿਰਫ਼ ਇਕ ਹੈ। ਬਾਈਬਲ ਇਸ ਮਹਾਂ ਦੂਤ ਦੀ ਪਛਾਣ ਮੀਕਾਏਲ ਵਜੋਂ ਕਰਾਉਂਦੀ ਹੈ।​—ਦਾਨੀ 12:1; ਯਹੂ 9; ਪ੍ਰਕਾ 12:7.

  • ਮਹਾਂ ਪੁਜਾਰੀ:

    ਮੂਸਾ ਦੇ ਕਾਨੂੰਨ ਮੁਤਾਬਕ ਸਭ ਤੋਂ ਵੱਡਾ ਪੁਜਾਰੀ ਜੋ ਲੋਕਾਂ ਵੱਲੋਂ ਪਰਮੇਸ਼ੁਰ ਅੱਗੇ ਜਾਂਦਾ ਸੀ ਅਤੇ ਦੂਜੇ ਪੁਜਾਰੀਆਂ ਦੇ ਕੰਮ ਦੀ ਨਿਗਰਾਨੀ ਕਰਦਾ ਸੀ। ਉਸ ਨੂੰ “ਮੁੱਖ ਪੁਜਾਰੀ” ਵੀ ਕਿਹਾ ਜਾਂਦਾ ਸੀ। (2 ਇਤਿ 26:20; ਅਜ਼ 7:5) ਸਿਰਫ਼ ਉਸ ਨੂੰ ਡੇਰੇ ਦੇ ਅਤੇ ਬਾਅਦ ਵਿਚ ਮੰਦਰ ਦੇ ਅੱਤ ਪਵਿੱਤਰ ਕਮਰੇ ਵਿਚ ਜਾਣ ਦੀ ਇਜਾਜ਼ਤ ਸੀ। ਉਹ ਇਸ ਕਮਰੇ ਅੰਦਰ ਸਾਲ ਵਿਚ ਸਿਰਫ਼ ਇਕ ਵਾਰ ਯਾਨੀ ਪਾਪ ਮਿਟਾਉਣ ਦੇ ਦਿਨ ਜਾਂਦਾ ਸੀ। ਯਿਸੂ ਮਸੀਹ ਨੂੰ ਵੀ “ਮਹਾਂ ਪੁਜਾਰੀ” ਕਿਹਾ ਗਿਆ ਹੈ।​—ਲੇਵੀ 16:​2, 17; 21:10; ਮੱਤੀ 26:3; ਇਬ 4:14.

  • ਮਹਾਂਮਾਰੀ:

    ਕੋਈ ਵੀ ਛੂਤ ਦੀ ਬੀਮਾਰੀ ਜੋ ਤੇਜ਼ੀ ਨਾਲ ਕਈ ਥਾਵਾਂ ʼਤੇ ਫੈਲ ਸਕਦੀ ਤੇ ਕਈਆਂ ਦੀ ਜਾਨ ਲੈ ਸਕਦੀ ਹੈ। ਪਰਮੇਸ਼ੁਰ ਸਜ਼ਾ ਦੇਣ ਲਈ ਅਕਸਰ ਮਹਾਂਮਾਰੀ ਲਿਆਉਂਦਾ ਸੀ।​—ਗਿਣ 14:12; ਹਿਜ਼ 38:​22, 23; ਆਮੋ 4:10.

  • ਮਕਦੂਨੀਆ:

    ਉੱਤਰੀ ਯੂਨਾਨ ਦਾ ਇਕ ਇਲਾਕਾ ਜੋ ਸਿਕੰਦਰ ਮਹਾਨ ਦੇ ਰਾਜ ਵਿਚ ਮਸ਼ਹੂਰ ਸੀ ਅਤੇ ਇਹ ਉਦੋਂ ਤਕ ਆਜ਼ਾਦ ਰਿਹਾ ਜਦ ਤਕ ਰੋਮੀਆਂ ਨੇ ਆ ਕੇ ਇਸ ʼਤੇ ਕਬਜ਼ਾ ਨਾ ਕਰ ਲਿਆ। ਜਦੋਂ ਪੌਲੁਸ ਰਸੂਲ ਨੇ ਯੂਰਪ ਦਾ ਪਹਿਲਾ ਦੌਰਾ ਕੀਤਾ ਸੀ, ਉਦੋਂ ਮਕਦੂਨੀਆ ਇਕ ਰੋਮੀ ਪ੍ਰਾਂਤ ਸੀ। ਪੌਲੁਸ ਇੱਥੇ ਤਿੰਨ ਵਾਰ ਗਿਆ। (ਰਸੂ 16:9)​—ਵਧੇਰੇ ਜਾਣਕਾਰੀ 2.13 ਦੇਖੋ।

  • ਮਨੁੱਖ ਦਾ ਪੁੱਤਰ:

    ਇੰਜੀਲਾਂ ਵਿਚ ਇਹ ਸ਼ਬਦ ਲਗਭਗ 80 ਵਾਰ ਆਉਂਦੇ ਹਨ। ਯਿਸੂ ਮਸੀਹ ਲਈ ਵਰਤੇ ਗਏ ਇਹ ਸ਼ਬਦ ਦਿਖਾਉਂਦੇ ਹਨ ਕਿ ਉਸ ਨੇ ਇਨਸਾਨ ਦੇ ਰੂਪ ਵਿਚ ਜਨਮ ਲਿਆ ਸੀ, ਨਾ ਕਿ ਉਹ ਕਿਸੇ ਦੇਹਧਾਰੀ ਦੂਤ ਦੇ ਰੂਪ ਵਿਚ ਧਰਤੀ ʼਤੇ ਆਇਆ ਸੀ। ਇਨ੍ਹਾਂ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਦਾਨੀਏਲ 7:​13, 14 ਵਿਚ ਦਰਜ ਭਵਿੱਖਬਾਣੀ ਪੂਰੀ ਕਰੇਗਾ। ਇਬਰਾਨੀ ਲਿਖਤਾਂ ਵਿਚ ਇਹ ਸ਼ਬਦ ਹਿਜ਼ਕੀਏਲ ਅਤੇ ਦਾਨੀਏਲ ਲਈ ਵਰਤੇ ਗਏ ਸਨ ਅਤੇ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਇਨ੍ਹਾਂ ਮਰਨਹਾਰ ਇਨਸਾਨੀ ਬੁਲਾਰਿਆਂ ਵਿਚ ਅਤੇ ਅੱਤ ਮਹਾਨ ਪਰਮੇਸ਼ੁਰ ਵਿਚ ਕਿੰਨਾ ਫ਼ਰਕ ਹੈ ਜਿਸ ਨੇ ਉਨ੍ਹਾਂ ਨੂੰ ਸੰਦੇਸ਼ ਦਿੱਤੇ ਸਨ।​—ਹਿਜ਼ 3:17; ਦਾਨੀ 8:17; ਮੱਤੀ 19:28; 20:28.

  • ਮਰੇ ਹੋਇਆਂ ਦਾ ਜੀਉਂਦਾ ਹੋਣਾ:

    ਯੂਨਾਨੀ ਸ਼ਬਦ “ਆਨਾਸਟਾਸੀਸ” ਦਾ ਅਰਥ ਹੈ “ਉਠਾਉਣਾ; ਖੜ੍ਹੇ ਹੋਣਾ।” ਬਾਈਬਲ ਵਿਚ ਦੱਸਿਆ ਹੈ ਕਿ ਨੌਂ ਜਣਿਆਂ ਨੂੰ ਜੀਉਂਦਾ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇਕ ਸੀ ਯਿਸੂ ਮਸੀਹ ਜਿਸ ਨੂੰ ਯਹੋਵਾਹ ਪਰਮੇਸ਼ੁਰ ਨੇ ਜੀਉਂਦਾ ਕੀਤਾ ਸੀ। ਹਾਲਾਂਕਿ ਬਾਕੀ ਅੱਠ ਜਣਿਆਂ ਨੂੰ ਏਲੀਯਾਹ, ਅਲੀਸ਼ਾ, ਯਿਸੂ, ਪਤਰਸ ਅਤੇ ਪੌਲੁਸ ਨੇ ਜੀਉਂਦਾ ਕੀਤਾ ਸੀ, ਪਰ ਇਹ ਚਮਤਕਾਰ ਪਰਮੇਸ਼ੁਰ ਦੀ ਤਾਕਤ ਨਾਲ ਕੀਤੇ ਗਏ ਸਨ। ਪਰਮੇਸ਼ੁਰ ਦਾ ਮਕਸਦ ਪੂਰਾ ਹੋਣ ਲਈ ਜ਼ਰੂਰੀ ਹੈ ਕਿ “ਧਰਮੀ ਅਤੇ ਕੁਧਰਮੀ ਲੋਕਾਂ ਨੂੰ” ਧਰਤੀ ʼਤੇ ਦੁਬਾਰਾ ਜੀਉਂਦਾ ਕੀਤਾ ਜਾਵੇ। (ਰਸੂ 24:15) ਬਾਈਬਲ ਇਹ ਵੀ ਕਹਿੰਦੀ ਹੈ ਕਿ ਪਵਿੱਤਰ ਸ਼ਕਤੀ ਨਾਲ ਚੁਣੇ ਯਿਸੂ ਦੇ ਭਰਾਵਾਂ ਨੂੰ ਸਵਰਗ ਵਿਚ ਜੀਵਨ ਮਿਲੇਗਾ। ਉਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ “ਪਹਿਲਾਂ” ਜੀਉਂਦਾ ਕੀਤਾ ਜਾਵੇਗਾ।​—ਫ਼ਿਲਿ 3:11; ਪ੍ਰਕਾ 20:​5, 6; ਯੂਹੰ 5:​28, 29; 11:25.

  • ਮਰੋਦਕ:

    ਬਾਬਲ ਸ਼ਹਿਰ ਦਾ ਮੁੱਖ ਦੇਵਤਾ। ਬਾਬਲ ਦੇ ਰਾਜੇ ਅਤੇ ਕਾਨੂੰਨ ਬਣਾਉਣ ਵਾਲੇ ਹਾਮੁਰਾਬੀ ਵੱਲੋਂ ਬਾਬਲ ਨੂੰ ਬੈਬੀਲੋਨੀਆ ਦੀ ਰਾਜਧਾਨੀ ਬਣਾਉਣ ਤੋਂ ਬਾਅਦ ਮਰੋਦਕ (ਜਾਂ ਮਾਰਦੁੱਕ) ਦੀ ਅਹਿਮੀਅਤ ਵਧ ਗਈ। ਅਖ਼ੀਰ ਮਰੋਦਕ ਨੇ ਪਹਿਲੇ ਕਈ ਦੇਵਤਿਆਂ ਦੀ ਜਗ੍ਹਾ ਲੈ ਲਈ ਅਤੇ ਬੈਬੀਲੋਨੀਆ ਦੇ ਸਾਰੇ ਦੇਵਤਿਆਂ ਦਾ ਮੁੱਖ ਦੇਵਤਾ ਬਣ ਗਿਆ। ਬਾਅਦ ਦੇ ਸਮਿਆਂ ਵਿਚ ਮਰੋਦਕ (ਜਾਂ ਮਾਰਦੁੱਕ) ਨੂੰ “ਬੇਲੂ” (“ਮਾਲਕ”) ਕਿਹਾ ਜਾਣ ਲੱਗ ਪਿਆ। ਮਰੋਦਕ ਨੂੰ ਆਮ ਤੌਰ ਤੇ ਬੇਲ ਕਿਹਾ ਜਾਂਦਾ ਸੀ।​—ਯਿਰ 50:2.

  • ਮਲਕਾਮ:

    ਸੰਭਵ ਹੈ ਕਿ ਇਹ ਮੋਲਕ ਹੀ ਹੈ ਜੋ ਅੰਮੋਨੀਆਂ ਦਾ ਮੁੱਖ ਦੇਵਤਾ ਸੀ। (ਸਫ਼ 1:5)​—ਮੋਲਕ ਦੇਖੋ।

  • ਮੰਡਲੀ; ਸਭਾ:

    ਕਿਸੇ ਖ਼ਾਸ ਮਕਸਦ ਜਾਂ ਕੰਮ ਲਈ ਇਕੱਠਾ ਹੋਇਆ ਲੋਕਾਂ ਦਾ ਸਮੂਹ। ਇਬਰਾਨੀ ਲਿਖਤਾਂ ਵਿਚ ਇਹ ਸ਼ਬਦ ਇਜ਼ਰਾਈਲ ਕੌਮ ਜਾਂ ਖ਼ਾਸ ਤਿਉਹਾਰਾਂ ਲਈ ਇਕੱਠੇ ਹੋਏ ਲੋਕਾਂ ਨੂੰ ਦਰਸਾਉਂਦਾ ਹੈ। ਮਸੀਹੀ ਯੂਨਾਨੀ ਲਿਖਤਾਂ ਵਿਚ ਇਹ ਮਸੀਹੀਆਂ ਦੀਆਂ ਅਲੱਗ-ਅਲੱਗ ਮੰਡਲੀਆਂ ਲਈ ਵਰਤਿਆ ਹੈ, ਪਰ ਆਮ ਤੌਰ ਤੇ ਇਹ ਸਾਰੇ ਮਸੀਹੀਆਂ ਦੀ ਮੰਡਲੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ।​—1 ਰਾਜ 8:22; ਰਸੂ 9:31; ਰੋਮੀ 16:5.

  • ਮੰਡਲੀ ਦਾ ਤੰਬੂ:

    ਇਹ ਨਾਂ ਮੂਸਾ ਦੇ ਤੰਬੂ ਅਤੇ ਪਵਿੱਤਰ ਡੇਰੇ ਲਈ ਇਸਤੇਮਾਲ ਕੀਤਾ ਗਿਆ ਹੈ ਜੋ ਉਜਾੜ ਵਿਚ ਖੜ੍ਹਾ ਕੀਤਾ ਗਿਆ ਸੀ।​—ਕੂਚ 33:7; 39:32.

  • ਮੰਦਰ:

    ਡੇਰੇ ਦੀ ਜਗ੍ਹਾ ਯਰੂਸ਼ਲਮ ਵਿਚ ਇਕ ਪੱਕੀ ਇਮਾਰਤ ਜਿੱਥੇ ਇਜ਼ਰਾਈਲੀ ਭਗਤੀ ਕਰਦੇ ਸਨ। ਪਹਿਲਾ ਮੰਦਰ ਸੁਲੇਮਾਨ ਨੇ ਬਣਾਇਆ ਸੀ ਜਿਸ ਨੂੰ ਬਾਬਲੀਆਂ ਨੇ ਤਬਾਹ ਕਰ ਦਿੱਤਾ ਸੀ। ਦੂਜਾ ਮੰਦਰ ਜ਼ਰੁਬਾਬਲ ਨੇ ਉਦੋਂ ਬਣਾਇਆ ਸੀ ਜਦੋਂ ਇਜ਼ਰਾਈਲੀ ਬਾਬਲ ਦੀ ਗ਼ੁਲਾਮੀ ਵਿੱਚੋਂ ਵਾਪਸ ਆਏ ਸਨ ਤੇ ਇਸ ਤੋਂ ਬਾਅਦ ਇਹੀ ਮੰਦਰ ਹੇਰੋਦੇਸ ਮਹਾਨ ਨੇ ਦੁਬਾਰਾ ਬਣਾਇਆ ਸੀ। ਬਾਈਬਲ ਵਿਚ ਮੰਦਰ ਨੂੰ ਅਕਸਰ “ਯਹੋਵਾਹ ਦਾ ਭਵਨ” ਅਤੇ ਯਹੋਵਾਹ ਦਾ ਘਰ ਕਿਹਾ ਗਿਆ ਹੈ। (ਅਜ਼ 1:3; 6:​14, 15; 1 ਇਤਿ 29:1; 2 ਇਤਿ 2:4; ਮੱਤੀ 24:1)​—ਵਧੇਰੇ ਜਾਣਕਾਰੀ 2.8 ਤੇ 2.11 ਦੇਖੋ।

  • ਮੰਨ:

    ਉਜਾੜ ਵਿਚ 40 ਸਾਲਾਂ ਦੌਰਾਨ ਇਜ਼ਰਾਈਲੀਆਂ ਦਾ ਮੁੱਖ ਭੋਜਨ ਜੋ ਯਹੋਵਾਹ ਨੇ ਚਮਤਕਾਰੀ ਢੰਗ ਨਾਲ ਉਨ੍ਹਾਂ ਨੂੰ ਦਿੱਤਾ ਸੀ। ਸਬਤ ਦੇ ਦਿਨ ਤੋਂ ਛੁੱਟ ਹਰ ਸਵੇਰ ਨੂੰ ਇਹ ਜ਼ਮੀਨ ʼਤੇ ਤ੍ਰੇਲ ਦੀ ਪਰਤ ਹੇਠਾਂ ਪ੍ਰਗਟ ਹੋ ਜਾਂਦਾ ਸੀ। ਇਜ਼ਰਾਈਲੀਆਂ ਨੇ ਜਦੋਂ ਪਹਿਲੀ ਵਾਰ ਇਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਕਿਹਾ, “ਆਹ ਕੀ ਹੈ?” ਜਾਂ ਇਬਰਾਨੀ ਵਿਚ, “ਮਾਨ ਹੂ?” (ਕੂਚ 16:​13-15, 35) ਹੋਰ ਆਇਤਾਂ ਵਿਚ ਇਸ ਨੂੰ “ਸਵਰਗੋਂ ਅਨਾਜ” (ਜ਼ਬੂ 78:​24, ਫੁਟਨੋਟ), “ਸਵਰਗੋਂ ਰੋਟੀ” (ਜ਼ਬੂ 105:40) ਅਤੇ “ਸੂਰਬੀਰਾਂ ਦੀ ਰੋਟੀ” ਕਿਹਾ ਗਿਆ ਹੈ (ਜ਼ਬੂ 78:25)। ਯਿਸੂ ਨੇ ਵੀ ਸਿਖਾਉਂਦੇ ਵੇਲੇ ਮੰਨ ਦਾ ਜ਼ਿਕਰ ਕੀਤਾ ਸੀ।​—ਯੂਹੰ 6:​49, 50.

  • ਮਾਈਨਾ:

    ਹਿਜ਼ਕੀਏਲ ਦੀ ਕਿਤਾਬ ਵਿਚ ਇਸ ਨੂੰ ਮਾਨਹ ਵੀ ਕਿਹਾ ਹੈ। ਇਹ ਭਾਰ ਅਤੇ ਪੈਸੇ ਦੀ ਇਕ ਇਕਾਈ ਸੀ। ਪੁਰਾਤੱਤਵ ਖੋਜ ਤੋਂ ਪਤਾ ਲੱਗਾ ਹੈ ਕਿ ਇਕ ਮਾਈਨਾ 50 ਸ਼ੇਕੇਲ ਦੇ ਬਰਾਬਰ ਸੀ ਅਤੇ ਇਕ ਸ਼ੇਕੇਲ ਦਾ ਭਾਰ 11.4 ਗ੍ਰਾਮ ਸੀ। ਇਸ ਲਈ ਇਬਰਾਨੀ ਲਿਖਤਾਂ ਵਿਚ ਦੱਸੇ ਇਕ ਮਾਈਨਾ ਦਾ ਭਾਰ 570 ਗ੍ਰਾਮ ਸੀ। ਨਾਲੇ ਸ਼ਾਇਦ ਇਕ ਸ਼ਾਹੀ ਮਾਈਨਾ ਵੀ ਹੁੰਦਾ ਸੀ, ਠੀਕ ਜਿਵੇਂ ਇਕ ਹੱਥ ਦੇ ਦੋ ਨਾਪ ਹੁੰਦੇ ਸੀ। ਮਸੀਹੀ ਯੂਨਾਨੀ ਲਿਖਤਾਂ ਵਿਚ ਇਕ ਮਾਈਨਾ 100 ਦਰਾਖਮਾ ਹੁੰਦਾ ਸੀ। ਇਸ ਦਾ ਭਾਰ 340 ਗ੍ਰਾਮ ਸੀ। ਇਕ ਕਿੱਕਾਰ ਵਿਚ 60 ਮਾਈਨਾ ਹੁੰਦੇ ਸਨ। (ਅਜ਼ 2:69; ਲੂਕਾ 19:13)​—ਵਧੇਰੇ ਜਾਣਕਾਰੀ 2.14 ਦੇਖੋ।

  • ਮਾਦੀ; ਮਾਦਾ:

    ਇਹ ਲੋਕ ਯਾਫਥ ਦੇ ਪੁੱਤਰ ਮਾਦਈ ਦਾ ਵੰਸ਼ ਸਨ। ਉਹ ਈਰਾਨ ਦੇ ਪਹਾੜੀ ਇਲਾਕੇ ਵਿਚ ਵੱਸ ਗਏ ਸਨ ਜੋ ਮਾਦਾ ਦੇਸ਼ ਬਣ ਗਿਆ। ਮਾਦੀਆਂ ਨੇ ਬਾਬਲ ਨਾਲ ਮਿਲ ਕੇ ਅੱਸ਼ੂਰ ਨੂੰ ਹਰਾਇਆ। ਉਸ ਸਮੇਂ ਫਾਰਸ ਮਾਦੀਆਂ ਦੇ ਅਧੀਨ ਇਕ ਪ੍ਰਾਂਤ ਸੀ, ਪਰ ਖੋਰਸ ਨੇ ਬਗਾਵਤ ਕਰ ਦਿੱਤੀ ਅਤੇ ਮਾਦੀਆਂ ਦੇ ਦੇਸ਼ ਨੂੰ ਫਾਰਸ ਵਿਚ ਮਿਲਾ ਦਿੱਤਾ ਗਿਆ। ਇਸ ਤਰ੍ਹਾਂ ਮਾਦੀ-ਫਾਰਸੀ ਸਾਮਰਾਜ ਬਣਿਆ ਜਿਸ ਨੇ 539 ਈ. ਪੂ. ਵਿਚ ਬਾਬਲ ਸਾਮਰਾਜ ਨੂੰ ਹਰਾਇਆ। 33 ਈ. ਵਿਚ ਪੰਤੇਕੁਸਤ ਦੇ ਦਿਨ ਮਾਦੀ ਲੋਕ ਵੀ ਯਰੂਸ਼ਲਮ ਵਿਚ ਮੌਜੂਦ ਸਨ। (ਦਾਨੀ 5:​28, 31; ਰਸੂ 2:9)​—ਵਧੇਰੇ ਜਾਣਕਾਰੀ 2.9 ਦੇਖੋ।

  • ਮਿਕਤਾਮ:

    ਇਕ ਇਬਰਾਨੀ ਸ਼ਬਦ ਜੋ ਛੇ ਜ਼ਬੂਰਾਂ ਦੇ ਸਿਰਲੇਖਾਂ ਵਿਚ ਦਿੱਤਾ ਗਿਆ ਹੈ (ਜ਼ਬੂ 16, 56-60)। ਇਹ ਇਕ ਤਕਨੀਕੀ ਸ਼ਬਦ ਹੈ ਜਿਸ ਦਾ ਮਤਲਬ ਸਾਫ਼-ਸਾਫ਼ ਨਹੀਂ ਪਤਾ। ਪਰ ਹੋ ਸਕਦਾ ਹੈ ਕਿ ਇਹ ਸ਼ਬਦ “ਉੱਕਰ ਕੇ ਲਿਖਣਾ” ਸ਼ਬਦਾਂ ਨਾਲ ਜੁੜਿਆ ਹੋਵੇ।

  • ਮਿਣਤੀ ਵਾਲਾ ਕਾਨਾ:

    ਇਹ ਕਾਨਾ ਛੇ ਹੱਥ ਲੰਬਾ ਸੀ। ਇਕ ਹੱਥ ਦੇ ਮਾਪ ਮੁਤਾਬਕ ਮਿਣਤੀ ਕਰਨ ਵਾਲੇ ਕਾਨੇ ਦੀ ਲੰਬਾਈ 2.67 ਮੀਟਰ (8.75 ਫੁੱਟ) ਸੀ ਅਤੇ ਲੰਬੇ ਹੱਥ ਦੇ ਮੁਤਾਬਕ ਇਸ ਕਾਨੇ ਦੀ ਲੰਬਾਈ 3.11 ਮੀਟਰ (10.2 ਫੁੱਟ) ਸੀ। (ਹਿਜ਼ 40:​3, 5; ਪ੍ਰਕਾ 11:1)​—ਵਧੇਰੇ ਜਾਣਕਾਰੀ 2.14 ਦੇਖੋ।

  • ਮਿਲਕੋਮ:

    ਅੰਮੋਨੀਆਂ ਦਾ ਦੇਵਤਾ। ਸੰਭਵ ਹੈ ਕਿ ਇਹ ਮੋਲਕ ਦੇਵਤਾ ਹੀ ਹੈ। (1 ਰਾਜ 11:​5, 7) ਸੁਲੇਮਾਨ ਨੇ ਆਪਣੇ ਰਾਜ ਦੇ ਆਖ਼ਰੀ ਸਾਲਾਂ ਦੌਰਾਨ ਇਸ ਝੂਠੇ ਦੇਵਤੇ ਲਈ ਉੱਚੀਆਂ ਥਾਵਾਂ ਬਣਾਈਆਂ।​—ਮੋਲਕ ਦੇਖੋ।

  • ਮੁਹਰ:

    ਇਸ ਨਾਲ ਆਮ ਤੌਰ ਤੇ ਮਿੱਟੀ ਜਾਂ ਮੋਮ ਉੱਤੇ ਠੱਪਾ ਲਾਇਆ ਜਾਂਦਾ ਸੀ। ਇਸ ਤੋਂ ਪਤਾ ਲੱਗਦਾ ਸੀ ਕਿ ਮਾਲਕ ਕੌਣ ਹੈ, ਕੋਈ ਚੀਜ਼ ਅਸਲੀ ਹੈ ਜਾਂ ਦੋ ਧਿਰਾਂ ਵਿਚ ਸਮਝੌਤਾ ਕੀਤਾ ਗਿਆ ਹੈ। ਪੁਰਾਣੇ ਜ਼ਮਾਨੇ ਵਿਚ ਮੁਹਰਾਂ ਸਖ਼ਤ ਚੀਜ਼ (ਪੱਥਰ, ਹਾਥੀ-ਦੰਦ ਜਾਂ ਲੱਕੜ) ਦੀਆਂ ਬਣੀਆਂ ਹੁੰਦੀਆਂ ਸਨ ਜਿਨ੍ਹਾਂ ਉੱਤੇ ਅੱਖਰ ਜਾਂ ਪ੍ਰਤੀਕ ਉਲਟੇ ਉੱਕਰੇ ਹੁੰਦੇ ਸਨ। ਕੋਈ ਗੱਲ ਸੱਚੀ ਹੈ, ਕਿਸੇ ਚੀਜ਼ ਉੱਤੇ ਕਿਸ ਦਾ ਅਧਿਕਾਰ ਹੈ ਜਾਂ ਕੋਈ ਗੱਲ ਇਕ ਰਾਜ਼ ਹੈ, ਇਹ ਦੱਸਣ ਲਈ ਵੀ ਮੁਹਰ ਨੂੰ ਇਕ ਮਿਸਾਲ ਦੇ ਤੌਰ ਤੇ ਵਰਤਿਆ ਜਾਂਦਾ ਸੀ।​—ਕੂਚ 28:11; ਨਹ 9:38; ਪ੍ਰਕਾ 5:1; 9:4.

  • ਮੁਹਰ ਵਾਲੀ ਅੰਗੂਠੀ:

    ਇਕ ਤਰ੍ਹਾਂ ਦੀ ਮੁਹਰ ਜੋ ਉਂਗਲੀ ਵਿਚ ਪਾਈ ਹੁੰਦੀ ਸੀ ਜਾਂ ਡੋਰੀ ਵਿਚ ਪਾ ਕੇ ਗਲ਼ੇ ਵਿਚ ਪਹਿਨੀ ਹੁੰਦੀ ਸੀ। ਇਹ ਕਿਸੇ ਹਾਕਮ ਜਾਂ ਅਧਿਕਾਰੀ ਦੇ ਅਧਿਕਾਰ ਦੀ ਨਿਸ਼ਾਨੀ ਹੁੰਦੀ ਸੀ। (ਉਤ 41:42)​—ਮੁਹਰ ਦੇਖੋ।

  • ਮੁੱਖ ਆਗੂ:

    ਯੂਨਾਨੀ ਲਿਖਤਾਂ ਵਿਚ ਯਿਸੂ ਮਸੀਹ ਨੂੰ ਮੁੱਖ ਆਗੂ ਕਿਹਾ ਗਿਆ ਹੈ। ਇਸ ਤੋਂ ਉਸ ਦੀ ਖ਼ਾਸ ਜ਼ਿੰਮੇਵਾਰੀ ਪਤਾ ਲੱਗਦੀ ਹੈ ਕਿ ਉਹ ਵਫ਼ਾਦਾਰ ਇਨਸਾਨਾਂ ਨੂੰ ਪਾਪ ਦੇ ਜਾਨਲੇਵਾ ਅਸਰਾਂ ਤੋਂ ਮੁਕਤ ਕਰਾ ਕੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।​—ਰਸੂ 3:15; 5:31; ਇਬ 2:10; 12:2.

  • ਮੁੱਖ ਪੁਜਾਰੀ:

    ਇਬਰਾਨੀ ਲਿਖਤਾਂ ਵਿਚ ਉਸ ਨੂੰ “ਮਹਾਂ ਪੁਜਾਰੀ” ਵੀ ਕਿਹਾ ਜਾਂਦਾ ਹੈ। ਮਸੀਹੀ ਯੂਨਾਨੀ ਲਿਖਤਾਂ ਵਿਚ “ਮੁੱਖ ਪੁਜਾਰੀ” ਸ਼ਬਦ ਪੁਜਾਰੀਆਂ ਵਿੱਚੋਂ ਖ਼ਾਸ ਆਦਮੀਆਂ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿਚ ਪੁਜਾਰੀਆਂ ਦੀਆਂ 24 ਟੋਲੀਆਂ ਜਾਂ ਦਲਾਂ ਦੇ ਮੁਖੀ ਸ਼ਾਮਲ ਸਨ ਅਤੇ ਉਹ ਮਹਾਂ ਪੁਜਾਰੀ ਵੀ ਜਿਨ੍ਹਾਂ ਨੂੰ ਇਸ ਪਦਵੀ ਤੋਂ ਹਟਾਇਆ ਗਿਆ ਸੀ।​—2 ਇਤਿ 26:20; ਅਜ਼ 7:5; ਮੱਤੀ 2:4; ਮਰ 8:31.

  • ਮੂਸਾ ਦਾ ਕਾਨੂੰਨ:

    ਉਹ ਕਾਨੂੰਨ ਜਿਹੜਾ ਯਹੋਵਾਹ ਨੇ 1513 ਈ. ਪੂ. ਵਿਚ ਸੀਨਈ ਪਹਾੜ ʼਤੇ ਮੂਸਾ ਦੇ ਜ਼ਰੀਏ ਇਜ਼ਰਾਈਲ ਨੂੰ ਦਿੱਤਾ ਸੀ। ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਅਕਸਰ ਕਾਨੂੰਨ ਕਿਹਾ ਜਾਂਦਾ ਹੈ।​—ਯਹੋ 23:6; ਲੂਕਾ 24:44.

  • ਮੂੰਗਾ:

    ਪੱਥਰ ਵਰਗੀ ਸਖ਼ਤ ਚੀਜ਼ ਜੋ ਛੋਟੇ-ਛੋਟੇ ਸਮੁੰਦਰੀ ਜੀਵਾਂ ਦੇ ਪਿੰਜਰਾਂ ਤੋਂ ਬਣਦੀ ਹੈ। ਸਮੁੰਦਰ ਵਿੱਚੋਂ ਕਈ ਰੰਗਾਂ ਦੇ ਮੂੰਗੇ ਮਿਲਦੇ ਹਨ ਜਿਵੇਂ ਲਾਲ, ਚਿੱਟੇ ਤੇ ਕਾਲੇ। ਖ਼ਾਸਕਰ ਲਾਲ ਸਮੁੰਦਰ ਵਿਚ ਬਹੁਤ ਸਾਰੇ ਮੂੰਗੇ ਹੁੰਦੇ ਸਨ। ਬਾਈਬਲ ਦੇ ਜ਼ਮਾਨੇ ਵਿਚ ਲਾਲ ਮੂੰਗੇ ਬੇਸ਼ਕੀਮਤੀ ਹੁੰਦੇ ਸਨ ਅਤੇ ਇਨ੍ਹਾਂ ਤੋਂ ਮੋਤੀ ਅਤੇ ਹੋਰ ਗਹਿਣੇ ਬਣਾਏ ਜਾਂਦੇ ਸਨ।​—ਕਹਾ 8:11.

  • ਮੂਥਲੇਬਨ:

    ਜ਼ਬੂਰ 9 ਦੇ ਸਿਰਲੇਖ ਵਿਚ ਵਰਤਿਆ ਸ਼ਬਦ। ਮੰਨਿਆ ਜਾਂਦਾ ਹੈ ਕਿ ਇਸ ਦਾ ਮਤਲਬ ਹੈ, “ਪੁੱਤਰ ਦੀ ਮੌਤ ਬਾਰੇ।” ਕੁਝ ਕਹਿੰਦੇ ਹਨ ਕਿ ਇਹ ਜਾਣੀ-ਮਾਣੀ ਧੁਨ ਦਾ ਨਾਂ ਸੀ ਜਾਂ ਸ਼ਾਇਦ ਉਹ ਸ਼ਬਦ ਸਨ ਜੋ ਇਸ ਜ਼ਬੂਰ ਨੂੰ ਸ਼ੁਰੂ ਕਰਨ ਵੇਲੇ ਵਰਤੇ ਜਾਂਦੇ ਸਨ।

  • ਮੋਲਕ:

    ਅੰਮੋਨੀਆਂ ਦਾ ਇਕ ਦੇਵਤਾ। ਸ਼ਾਇਦ ਇਸ ਨੂੰ ਮਲਕਾਮ, ਮਿਲਕੋਮ ਅਤੇ ਮੋਲੋਖ ਕਿਹਾ ਜਾਂਦਾ ਸੀ। ਮੋਲਕ ਕਿਸੇ ਦੇਵਤੇ ਦੇ ਨਾਂ ਦੀ ਬਜਾਇ ਸ਼ਾਇਦ ਇਕ ਪਦਵੀ ਸੀ। ਮੂਸਾ ਦੇ ਕਾਨੂੰਨ ਵਿਚ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਜਿਹੜਾ ਵੀ ਮੋਲਕ ਅੱਗੇ ਆਪਣੇ ਬੱਚਿਆਂ ਦੀ ਬਲ਼ੀ ਚੜ੍ਹਾਵੇਗਾ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।​—ਲੇਵੀ 20:2; ਯਿਰ 32:35; ਰਸੂ 7:43.

  • ਮੋਲੋਖ:

    ਮੋਲਕ ਦੇਖੋ।

  • ਮੌਜੂਦਗੀ:

    ਮਸੀਹੀ ਯੂਨਾਨੀ ਲਿਖਤਾਂ ਦੀਆਂ ਕੁਝ ਆਇਤਾਂ ਵਿਚ ਇਹ ਸ਼ਬਦ ਯਿਸੂ ਮਸੀਹ ਦੀ ਸ਼ਾਹੀ ਮੌਜੂਦਗੀ ਨੂੰ ਦਰਸਾਉਂਦਾ ਹੈ। ਉਸ ਦੀ ਮੌਜੂਦਗੀ ਸਵਰਗ ਵਿਚ ਉਸ ਦੇ ਰਾਜਾ ਬਣਨ ਨਾਲ ਸ਼ੁਰੂ ਹੋਈ ਜੋ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਵੀ ਚੱਲ ਰਹੀ ਹੈ। ਮਸੀਹ ਦੀ ਮੌਜੂਦਗੀ ਦਾ ਮਤਲਬ ਇਹ ਨਹੀਂ ਹੈ ਕਿ ਉਹ ਆ ਕੇ ਤੁਰੰਤ ਚਲਾ ਜਾਵੇਗਾ, ਸਗੋਂ ਇਹ ਦੌਰ ਕੁਝ ਵਕਤ ਤਕ ਚੱਲਦਾ ਰਹਿਣਾ ਹੈ।​—ਮੱਤੀ 24:3.

  • ਯਹੂਦਾਹ:

    ਯਾਕੂਬ ਦੀ ਪਤਨੀ ਲੇਆਹ ਤੋਂ ਉਸ ਦਾ ਚੌਥਾ ਪੁੱਤਰ। ਮਰਨ ਤੋਂ ਪਹਿਲਾਂ ਯਾਕੂਬ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੂਦਾਹ ਦੇ ਖ਼ਾਨਦਾਨ ਵਿੱਚੋਂ ਇਕ ਮਹਾਨ ਹਾਕਮ ਆਵੇਗਾ ਜੋ ਹਮੇਸ਼ਾ ਲਈ ਰਹੇਗਾ। ਇਨਸਾਨ ਦੇ ਰੂਪ ਵਿਚ ਯਿਸੂ ਯਹੂਦਾਹ ਦੇ ਖ਼ਾਨਦਾਨ ਵਿੱਚੋਂ ਸੀ। ਯਹੂਦਾਹ ਇਕ ਗੋਤ ਦਾ ਵੀ ਨਾਂ ਸੀ ਅਤੇ ਬਾਅਦ ਵਿਚ ਯਹੂਦਾਹ ਅਤੇ ਬਿਨਯਾਮੀਨ ਦੇ ਗੋਤਾਂ ਦੇ ਰਾਜ ਦਾ ਨਾਂ ਯਹੂਦਾਹ ਪੈ ਗਿਆ ਜਿਸ ਨੂੰ ਦੱਖਣੀ ਰਾਜ ਕਿਹਾ ਜਾਂਦਾ ਸੀ। ਇੱਥੇ ਪੁਜਾਰੀ ਤੇ ਲੇਵੀ ਵੀ ਸਨ। ਯਹੂਦਾਹ ਵਿਚ ਦੇਸ਼ ਦਾ ਦੱਖਣੀ ਹਿੱਸਾ ਆਉਂਦਾ ਸੀ ਜਿੱਥੇ ਯਰੂਸ਼ਲਮ ਅਤੇ ਮੰਦਰ ਸੀ।​—ਉਤ 29:35; 49:10; 1 ਰਾਜ 4:20; ਇਬ 7:14.

  • ਯਹੂਦੀ:

    ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਨਾਸ਼ ਤੋਂ ਬਾਅਦ ਯਹੂਦਾਹ ਦੇ ਗੋਤ ਦੇ ਲੋਕਾਂ ਨੂੰ ਯਹੂਦੀ ਕਿਹਾ ਜਾਂਦਾ ਸੀ। (2 ਰਾਜ 16:6) ਬਾਬਲ ਦੀ ਗ਼ੁਲਾਮੀ ਤੋਂ ਬਾਅਦ ਇਹ ਨਾਂ ਉਨ੍ਹਾਂ ਵੱਖੋ-ਵੱਖਰੇ ਗੋਤਾਂ ਦੇ ਇਜ਼ਰਾਈਲੀਆਂ ਲਈ ਵਰਤਿਆ ਗਿਆ ਜੋ ਇਜ਼ਰਾਈਲ ਵਾਪਸ ਆਏ ਸਨ। (ਅਜ਼ 4:12) ਬਾਅਦ ਵਿਚ ਇਹ ਨਾਂ ਦੁਨੀਆਂ ਭਰ ਵਿਚ ਰਹਿੰਦੇ ਇਜ਼ਰਾਈਲੀਆਂ ਨੂੰ ਗ਼ੈਰ-ਯਹੂਦੀ ਕੌਮਾਂ ਤੋਂ ਅਲੱਗ ਦਿਖਾਉਣ ਲਈ ਵਰਤਿਆ ਗਿਆ। (ਅਸ 3:6) ਪੌਲੁਸ ਰਸੂਲ ਨੇ ਇਸ ਸ਼ਬਦ ਦੀ ਵਰਤੋਂ ਕਰ ਕੇ ਦਲੀਲ ਦਿੱਤੀ ਕਿ ਮਸੀਹੀ ਮੰਡਲੀ ਵਿਚ ਇਹ ਗੱਲ ਕੋਈ ਅਹਿਮੀਅਤ ਨਹੀਂ ਰੱਖਦੀ ਕਿ ਕੌਣ ਕਿਹੜੀ ਕੌਮ ਦਾ ਹੈ।​—ਰੋਮੀ 2:​28, 29; ਗਲਾ 3:28.

  • ਯਹੂਦੀ ਧਰਮ ਅਪਣਾਉਣ ਵਾਲਾ:

    ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਵਿੱਚੋਂ ਆਦਮੀਆਂ ਦੀ ਸੁੰਨਤ ਕੀਤੀ ਜਾਂਦੀ ਸੀ।​—ਮੱਤੀ 23:15; ਰਸੂ 13:43.

  • ਯਹੋਵਾਹ:

    ਪਰਮੇਸ਼ੁਰ ਦੇ ਨਾਂ ਦਾ ਜਾਣਿਆ-ਮਾਣਿਆ ਅਨੁਵਾਦ ਜੋ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਇਹ ਨਾਂ ਇਸ ਬਾਈਬਲ ਅਨੁਵਾਦ ਵਿਚ 7,000 ਤੋਂ ਜ਼ਿਆਦਾ ਵਾਰ ਆਉਂਦਾ ਹੈ।​—ਵਧੇਰੇ ਜਾਣਕਾਰੀ 1.4 ਤੇ 1.5 ਦੇਖੋ।

  • ਯਦੂਥੂਨ:

    ਜ਼ਬੂਰ 3962 ਤੇ 77 ਦੇ ਸਿਰਲੇਖ ਵਿਚ ਵਰਤਿਆ ਸ਼ਬਦ ਜਿਸ ਦਾ ਅਰਥ ਨਹੀਂ ਪਤਾ। ਲੱਗਦਾ ਹੈ ਕਿ ਸਿਰਲੇਖਾਂ ਵਿਚ ਜ਼ਬੂਰਾਂ ਬਾਰੇ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਨੂੰ ਕਿਵੇਂ ਗਾਉਣਾ ਹੈ ਤੇ ਸ਼ਾਇਦ ਕਿਸ ਸ਼ੈਲੀ ਵਿਚ ਗਾਉਣਾ ਹੈ ਅਤੇ ਕਿਹੜਾ ਸਾਜ਼ ਵਜਾਉਣਾ ਹੈ। ਇਕ ਲੇਵੀ ਸੰਗੀਤਕਾਰ ਦਾ ਨਾਂ ਯਦੂਥੂਨ ਸੀ। ਇਸ ਲਈ ਹੋ ਸਕਦਾ ਹੈ ਕਿ ਜਿਹੜੀ ਸ਼ੈਲੀ ਵਿਚ ਇਹ ਜ਼ਬੂਰ ਗਾਏ ਜਾਂਦੇ ਸਨ ਜਾਂ ਸਾਜ਼ ਵਜਾਇਆ ਜਾਂਦਾ ਸੀ, ਉਸ ਦਾ ਸੰਬੰਧ ਯਦੂਥੂਨ ਜਾਂ ਉਸ ਦੇ ਪੁੱਤਰਾਂ ਨਾਲ ਸੀ।

  • ਯਾਕੂਬ:

    ਇਸਹਾਕ ਤੇ ਰਿਬਕਾਹ ਦਾ ਪੁੱਤਰ। ਬਾਅਦ ਵਿਚ ਪਰਮੇਸ਼ੁਰ ਨੇ ਉਸ ਨੂੰ ਇਜ਼ਰਾਈਲ ਨਾਂ ਦਿੱਤਾ ਅਤੇ ਉਹ ਇਜ਼ਰਾਈਲ ਦੇ ਲੋਕਾਂ (ਜਿਨ੍ਹਾਂ ਨੂੰ ਇਜ਼ਰਾਈਲੀ ਤੇ ਫਿਰ ਯਹੂਦੀ ਕਿਹਾ ਜਾਣ ਲੱਗਾ) ਦਾ ਪੂਰਵਜ ਬਣਿਆ। ਉਸ ਦੇ 12 ਪੁੱਤਰਾਂ ਅਤੇ ਉਨ੍ਹਾਂ ਦੀ ਔਲਾਦ ਨੂੰ ਮਿਲਾ ਕੇ ਇਜ਼ਰਾਈਲ ਕੌਮ ਦੇ 12 ਗੋਤ ਬਣੇ। ਬਾਅਦ ਵਿਚ ਵੀ ਇਜ਼ਰਾਈਲ ਕੌਮ ਜਾਂ ਉਸ ਦੇ ਲੋਕਾਂ ਲਈ ਯਾਕੂਬ ਨਾਂ ਵਰਤਿਆ ਜਾਂਦਾ ਰਿਹਾ।​—ਉਤ 32:28; ਮੱਤੀ 22:32.

  • ਯੁਗ:

    ਇਹ ਯੂਨਾਨੀ ਭਾਸ਼ਾ ਦੇ ਸ਼ਬਦ “ਏਓਨ” ਦਾ ਅਨੁਵਾਦ ਹੈ ਅਤੇ ਇਹ ਕਿਸੇ ਸਮੇਂ, ਜ਼ਮਾਨੇ ਜਾਂ ਦੌਰ ਦੇ ਹਾਲਾਤਾਂ ਬਾਰੇ ਦੱਸਣ ਲਈ ਵਰਤਿਆ ਜਾਂਦਾ ਹੈ। ਬਾਈਬਲ ਵਿਚ ਜ਼ਿਕਰ ਕੀਤੇ “ਇਸ ਦੁਨੀਆਂ” ਸ਼ਬਦ ਦਾ ਮਤਲਬ ਹੈ ਦੁਨੀਆਂ ਦੇ ਮੌਜੂਦਾ ਹਾਲਾਤ ਜਾਂ ਦੁਨੀਆਂ ਦੀ ਰਹਿਣੀ-ਸਹਿਣੀ। (2 ਤਿਮੋ 4:10) ਪਰਮੇਸ਼ੁਰ ਨੇ ਮੂਸਾ ਦੇ ਕਾਨੂੰਨ ਰਾਹੀਂ ਅਜਿਹੇ ਯੁਗ ਦੀ ਸ਼ੁਰੂਆਤ ਕੀਤੀ ਜਿਸ ਨੂੰ ਕੁਝ ਲੋਕ ਇਜ਼ਰਾਈਲੀ ਜਾਂ ਯਹੂਦੀ ਯੁਗ ਕਹਿੰਦੇ ਹਨ। ਯਿਸੂ ਮਸੀਹ ਦੀ ਰਿਹਾਈ ਦੀ ਕੀਮਤ ਦੇ ਜ਼ਰੀਏ ਪਰਮੇਸ਼ੁਰ ਨੇ ਇਕ ਵੱਖਰੇ ਯੁਗ ਦੀ ਸ਼ੁਰੂਆਤ ਕੀਤੀ ਜਿਸ ਦਾ ਖ਼ਾਸ ਕਰਕੇ ਚੁਣੇ ਹੋਏ ਮਸੀਹੀਆਂ ਨਾਲ ਸੰਬੰਧ ਹੈ। ਇਹ ਇਕ ਨਵੇਂ ਯੁਗ ਦੀ ਸ਼ੁਰੂਆਤ ਸੀ ਜਿਸ ਵਿਚ ਮੂਸਾ ਦੇ ਕਾਨੂੰਨ ਵਿਚ ਦੱਸੀਆਂ ਗੱਲਾਂ ਅਸਲੀਅਤ ਬਣੀਆਂ। ਜਦੋਂ ਇਹ ਸ਼ਬਦ ਬਹੁਵਚਨ ਵਿਚ ਆਉਂਦਾ ਹੈ, ਤਾਂ ਇਹ ਬੀਤੇ ਜ਼ਮਾਨੇ ਅਤੇ ਆਉਣ ਵਾਲੇ ਯੁਗਾਂ ਦੇ ਹਾਲਾਤਾਂ ਨੂੰ ਦਰਸਾਉਂਦਾ ਹੈ।​—ਮੱਤੀ 24:3; ਮਰ 4:19; ਰੋਮੀ 12:2; 1 ਕੁਰਿੰ 10:11.

  • ਯੁਗ ਦਾ ਆਖ਼ਰੀ ਸਮਾਂ:

    ਸਮੇਂ ਦਾ ਉਹ ਦੌਰ ਜਿਸ ਤੋਂ ਬਾਅਦ ਸ਼ੈਤਾਨ ਦੇ ਵੱਸ ਵਿਚ ਪਈ ਦੁਨੀਆਂ ਦਾ ਅੰਤ ਹੋਵੇਗਾ। ਇਹ ਸਮਾਂ ਮਸੀਹ ਦੀ ਮੌਜੂਦਗੀ ਦਾ ਸਮਾਂ ਵੀ ਹੈ। ਯਿਸੂ ਦੀ ਸੇਧ ਨਾਲ ਦੂਤ “ਦੁਸ਼ਟਾਂ ਨੂੰ ਧਰਮੀਆਂ ਤੋਂ ਵੱਖਰਾ” ਕਰਨਗੇ ਅਤੇ ਉਨ੍ਹਾਂ ਨੂੰ ਨਾਸ਼ ਕਰ ਦੇਣਗੇ। (ਮੱਤੀ 13:​40-42, 49) ਯਿਸੂ ਦੇ ਚੇਲੇ ਜਾਣਨਾ ਚਾਹੁੰਦੇ ਸਨ ਕਿ ਉਹ ‘ਆਖ਼ਰੀ ਸਮਾਂ’ ਕਦੋਂ ਆਵੇਗਾ। (ਮੱਤੀ 24:3) ਸਵਰਗ ਵਾਪਸ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਸਮੇਂ ਤਕ ਉਨ੍ਹਾਂ ਦੇ ਨਾਲ ਰਹੇਗਾ।​—ਮੱਤੀ 28:20.

  • ਯੂਨਾਨੀ:

    ਯੂਨਾਨ ਦੇ ਲੋਕਾਂ ਦੀ ਭਾਸ਼ਾ; ਜੋ ਯੂਨਾਨ ਵਿਚ ਪੈਦਾ ਹੋਇਆ ਜਾਂ ਜਿਸ ਦਾ ਪਰਿਵਾਰ ਯੂਨਾਨ ਤੋਂ ਹੈ। ਮਸੀਹੀ ਯੂਨਾਨੀ ਲਿਖਤਾਂ ਵਿਚ ਇਹ ਸ਼ਬਦ ਸਾਰੇ ਗ਼ੈਰ-ਯਹੂਦੀ ਲੋਕਾਂ ਲਈ ਜਾਂ ਉਨ੍ਹਾਂ ਲੋਕਾਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਉੱਤੇ ਯੂਨਾਨੀ ਭਾਸ਼ਾ ਤੇ ਸਭਿਆਚਾਰ ਦਾ ਅਸਰ ਪਿਆ ਸੀ।​—ਯੋਏ 3:6; ਯੂਹੰ 12:20.

  • ਰਸੂਲ:

    ਇਸ ਦਾ ਮਤਲਬ ਹੈ “ਭੇਜਿਆ ਹੋਇਆ।” ਇਹ ਯਿਸੂ ਅਤੇ ਉਨ੍ਹਾਂ ਕੁਝ ਜਣਿਆਂ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੂੰ ਦੂਜਿਆਂ ਦੀ ਸੇਵਾ ਕਰਨ ਲਈ ਭੇਜਿਆ ਗਿਆ ਸੀ। ਰਸੂਲ ਸ਼ਬਦ ਖ਼ਾਸ ਤੌਰ ਤੇ ਯਿਸੂ ਵੱਲੋਂ ਚੁਣੇ ਗਏ 12 ਚੇਲਿਆਂ ਲਈ ਵਰਤਿਆ ਜਾਂਦਾ ਹੈ।​—ਮਰ 3:14; ਰਸੂ 14:14.

  • ਰਖੇਲ:

    ਇਹ ਅਕਸਰ ਦਾਸੀ ਹੁੰਦੀ ਸੀ ਅਤੇ ਇਸ ਨੂੰ ਪਤਨੀ ਦਾ ਦਰਜਾ ਦਿੱਤਾ ਜਾਂਦਾ ਸੀ।​—ਕੂਚ 21:8; 2 ਸਮੂ 5:13; 1 ਰਾਜ 11:3.

  • ਰਥ:

    ਘੋੜਿਆਂ ਨਾਲ ਚਲਾਇਆ ਜਾਂਦਾ ਦੋ ਪਹੀਆਂ ਵਾਲਾ ਵਾਹਨ। ਇਹ ਮੁੱਖ ਤੌਰ ਤੇ ਯੁੱਧ ਵਿਚ ਵਰਤਿਆ ਜਾਂਦਾ ਸੀ।​—ਕੂਚ 14:23; ਨਿਆ 4:13; ਰਸੂ 8:28.

  • ਰਾਹਾਬ:

    ਇਹ ਸ਼ਬਦ ਅੱਯੂਬ, ਜ਼ਬੂਰਾਂ ਦੀ ਕਿਤਾਬ ਅਤੇ ਯਸਾਯਾਹ ਦੀ ਕਿਤਾਬ ਵਿਚ ਵਰਤਿਆ ਗਿਆ ਹੈ। (ਇਹ ਯਹੋਸ਼ੁਆ ਦੀ ਕਿਤਾਬ ਵਿਚ ਦੱਸੀ ਗਈ ਔਰਤ ਰਾਹਾਬ ਨਹੀਂ ਹੈ।) ਅੱਯੂਬ ਦੀ ਕਿਤਾਬ ਦੀ ਜਿਸ ਆਇਤ ਵਿਚ ਰਾਹਾਬ ਦਾ ਜ਼ਿਕਰ ਆਉਂਦਾ ਹੈ, ਉਸ ਦੇ ਅੱਗੇ-ਪਿੱਛੇ ਦੀਆਂ ਆਇਤਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਰਾਹਾਬ ਸ਼ਬਦ ਇਕ ਵੱਡੇ ਸਮੁੰਦਰੀ ਜੀਵ ਨੂੰ ਦਰਸਾਉਂਦਾ ਹੈ। ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਇਹ ਸਮੁੰਦਰੀ ਜੀਵ ਮਿਸਰ ਨੂੰ ਦਰਸਾਉਂਦਾ ਹੈ।​—ਅੱਯੂ 9:13; ਜ਼ਬੂ 87:4; ਯਸਾ 30:7; 51:​9, 10.

  • ਰਾਜ-ਡੰਡਾ:

    ਸੋਟੀ ਜਾਂ ਡੰਡਾ ਜੋ ਹਾਕਮ ਨੇ ਫੜਿਆ ਹੁੰਦਾ ਸੀ ਤੇ ਇਹ ਉਸ ਦੇ ਰਾਜ ਕਰਨ ਦੇ ਅਧਿਕਾਰ ਦੀ ਨਿਸ਼ਾਨੀ ਹੁੰਦਾ ਸੀ।​—ਉਤ 49:10; ਇਬ 1:8.

  • ਰਿਹਾਈ ਦੀ ਕੀਮਤ:

    ਗ਼ੁਲਾਮੀ, ਸਜ਼ਾ, ਤਕਲੀਫ਼, ਪਾਪ ਜਾਂ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਹੋਣ ਲਈ ਦਿੱਤੀ ਜਾਣ ਵਾਲੀ ਕੀਮਤ। ਇਹ ਕੀਮਤ ਹਮੇਸ਼ਾ ਪੈਸਿਆਂ ਨਾਲ ਅਦਾ ਨਹੀਂ ਕੀਤੀ ਜਾਂਦੀ ਸੀ। (ਯਸਾ 43:3) ਰਿਹਾਈ ਦੀ ਕੀਮਤ ਵੱਖੋ-ਵੱਖਰੇ ਹਾਲਾਤਾਂ ਵਿਚ ਦਿੱਤੀ ਜਾਂਦੀ ਸੀ। ਮਿਸਾਲ ਲਈ, ਇਜ਼ਰਾਈਲ ਵਿਚ ਸਾਰੇ ਜੇਠੇ ਮੁੰਡੇ ਜਾਂ ਨਰ ਜਾਨਵਰ ਯਹੋਵਾਹ ਦੇ ਸਨ ਅਤੇ ਉਨ੍ਹਾਂ ਨੂੰ ਖ਼ਾਸ ਕਰਕੇ ਯਹੋਵਾਹ ਦੀ ਸੇਵਾ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਨੂੰ ਇਸ ਸੇਵਾ ਤੋਂ ਮੁਕਤ ਕਰਨ ਲਈ ਰਿਹਾਈ ਦੀ ਕੀਮਤ ਦੇਣੀ ਪੈਂਦੀ ਸੀ। (ਗਿਣ 3:​45, 46; 18:​15, 16) ਜੇ ਕਿਸੇ ਖ਼ਤਰਨਾਕ ਬਲਦ ਨੂੰ ਬੰਨ੍ਹ ਕੇ ਨਹੀਂ ਰੱਖਿਆ ਜਾਂਦਾ ਸੀ ਤੇ ਉਹ ਕਿਸੇ ਨੂੰ ਮਾਰ ਦਿੰਦਾ ਸੀ, ਤਾਂ ਉਸ ਦੇ ਮਾਲਕ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਉਸ ਸਜ਼ਾ ਤੋਂ ਬਚਣ ਲਈ ਮਾਲਕ ਨੂੰ ਤੈਅ ਕੀਤੀ ਰਿਹਾਈ ਦੀ ਕੀਮਤ ਦੇਣੀ ਪੈਂਦੀ ਸੀ। (ਕੂਚ 21:​29, 30) ਪਰ ਜਾਣ-ਬੁੱਝ ਕੇ ਖ਼ੂਨ ਕਰਨ ਵਾਲੇ ਲਈ ਕੋਈ ਰਿਹਾਈ ਦੀ ਕੀਮਤ ਨਹੀਂ ਹੁੰਦੀ ਸੀ। (ਗਿਣ 35:31) ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬਾਈਬਲ ਮਸੀਹ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਉੱਤੇ ਜ਼ੋਰ ਦਿੰਦੀ ਹੈ ਜੋ ਉਸ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਅਦਾ ਕੀਤੀ ਤਾਂਕਿ ਆਗਿਆਕਾਰ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਜਾ ਸਕੇ।​—ਜ਼ਬੂ 49:​7, 8; ਮੱਤੀ 20:28; ਅਫ਼ 1:7.

  • ਰੂਆਖ; ਪਨੈਵਮਾ:

    ਇਬਰਾਨੀ ਸ਼ਬਦ “ਰੂਆਖ” ਅਤੇ ਯੂਨਾਨੀ ਸ਼ਬਦ “ਪਨੈਵਮਾ” ਦਾ ਅਨੁਵਾਦ ਪੰਜਾਬੀ ਦੀਆਂ ਕੁਝ ਬਾਈਬਲਾਂ ਵਿਚ “ਆਤਮਾ” ਕੀਤਾ ਗਿਆ ਹੈ। ਪਰ ਇਹ ਅਨੁਵਾਦ ਸਹੀ ਨਹੀਂ ਹੈ ਕਿਉਂਕਿ ਇਹ ਅਮਰ ਆਤਮਾ ਦੀ ਗ਼ਲਤ ਸਿੱਖਿਆ ਦਾ ਸਮਰਥਨ ਕਰਦਾ ਹੈ। “ਰੂਆਖ” ਅਤੇ “ਪਨੈਵਮਾ” ਦਾ ਅਸਲ ਵਿਚ ਮਤਲਬ ਹੈ “ਸਾਹ।” ਇਸ ਤੋਂ ਇਲਾਵਾ, ਇਨ੍ਹਾਂ ਸ਼ਬਦਾਂ ਦੇ ਇਹ ਵੀ ਅਰਥ ਹਨ: (1) ਹਵਾ, (2) ਇਨਸਾਨਾਂ ਤੇ ਜਾਨਵਰਾਂ ਦੀ ਜੀਵਨ-ਸ਼ਕਤੀ, (3) ਇਨਸਾਨ ਦੇ ਮਨ ਦੀ ਪ੍ਰੇਰਣਾ-ਸ਼ਕਤੀ, (4) ਪਰਮੇਸ਼ੁਰ ਜਾਂ ਦੁਸ਼ਟ ਦੂਤਾਂ ਤੋਂ ਮਿਲਣ ਵਾਲੇ ਸੰਦੇਸ਼, (5) ਸਵਰਗੀ ਪ੍ਰਾਣੀ ਅਤੇ (6) ਪਰਮੇਸ਼ੁਰ ਦੀ ਕੰਮ ਕਰਨ ਦੀ ਸ਼ਕਤੀ ਯਾਨੀ ਪਵਿੱਤਰ ਸ਼ਕਤੀ। (ਕੂਚ 35:21; ਜ਼ਬੂ 104:29; ਮੱਤੀ 12:43; ਲੂਕਾ 11:13) ਇਸ ਅਨੁਵਾਦ ਵਿਚ ਸੰਦਰਭ ਮੁਤਾਬਕ ਇਨ੍ਹਾਂ ਸ਼ਬਦਾਂ ਦਾ ਮਤਲਬ ਦਿੱਤਾ ਗਿਆ ਹੈ।

  • ਲਪੇਟਵੀਂ ਪੱਤਰੀ:

    ਚਮੜੇ ਜਾਂ ਸਰਕੰਡੇ ਦਾ ਬਣਿਆ ਇਕ ਲੰਮਾ ਵਰਕਾ ਜਿਸ ਦੇ ਇਕ ਪਾਸੇ ʼਤੇ ਲਿਖਿਆ ਜਾਂਦਾ ਸੀ। ਇਸ ਦੇ ਦੋਵੇਂ ਸਿਰਿਆਂ ਨੂੰ ਆਮ ਤੌਰ ਤੇ ਦੋ ਲੱਕੜੀਆਂ ʼਤੇ ਲਪੇਟਿਆ ਜਾਂਦਾ ਸੀ। ਬਾਈਬਲ ਦੀਆਂ ਕਿਤਾਬਾਂ ਨੂੰ ਪੱਤਰੀਆਂ ਉੱਤੇ ਲਿਖਿਆ ਜਾਂਦਾ ਸੀ ਅਤੇ ਉਨ੍ਹਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਾਂਦੀਆਂ ਸਨ।​—ਯਿਰ 36:​4, 18, 23; ਲੂਕਾ 4:​17-20; 2 ਤਿਮੋ 4:13.

  • ਲਬਾਨੋਨ ਦੇ ਪਹਾੜ:

    ਲਬਾਨੋਨ ਦੇਸ਼ ਵਿਚ ਪਹਾੜਾਂ ਦੀਆਂ ਦੋ ਲੜੀਆਂ ਹਨ। ਇਕ ਲੜੀ ਪੱਛਮ ਵੱਲ ਹੈ ਜਿਸ ਨੂੰ ਲਬਾਨੋਨ ਦੇ ਪਹਾੜ ਕਿਹਾ ਜਾਂਦਾ ਹੈ ਅਤੇ ਦੂਜੀ ਲੜੀ ਪੂਰਬ ਵੱਲ ਹੈ। ਪਹਾੜਾਂ ਦੀਆਂ ਦੋਹਾਂ ਲੜੀਆਂ ਵਿਚਕਾਰ ਇਕ ਲੰਬੀ ਤੇ ਉਪਜਾਊ ਘਾਟੀ ਪੈਂਦੀ ਹੈ। ਲਬਾਨੋਨ ਦੇ ਪਹਾੜਾਂ ਦੀ ਲੜੀ ਭੂਮੱਧ ਸਾਗਰ ਦੇ ਤਟ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੀਆਂ ਚੋਟੀਆਂ ਦੀ ਔਸਤਨ ਉਚਾਈ 1,800 ਤੋਂ 2,100 ਮੀਟਰ (6,000 ਫੁੱਟ ਤੋਂ 7,000 ਫੁੱਟ) ਦੇ ਵਿਚਕਾਰ ਹੈ। ਪੁਰਾਣੇ ਜ਼ਮਾਨੇ ਵਿਚ ਲਬਾਨੋਨ ਦਿਆਰ ਦੇ ਉੱਚੇ-ਉੱਚੇ ਦਰਖ਼ਤਾਂ ਨਾਲ ਢਕਿਆ ਹੋਇਆ ਸੀ ਜਿਨ੍ਹਾਂ ਦੀ ਲੱਕੜ ਨੂੰ ਆਲੇ-ਦੁਆਲੇ ਦੀਆਂ ਕੌਮਾਂ ਉੱਤਮ ਮੰਨਦੀਆਂ ਸਨ। (ਬਿਵ 1:7; ਜ਼ਬੂ 29:6; 92:12)​—ਵਧੇਰੇ ਜਾਣਕਾਰੀ 2.7 ਦੇਖੋ।

  • ਲਾਗ:

    ਬਾਈਬਲ ਵਿਚ ਦੱਸਿਆ ਤਰਲ ਨੂੰ ਮਾਪਣ ਵਾਲਾ ਸਭ ਤੋਂ ਛੋਟਾ ਮਾਪ। ਯਹੂਦੀ ਤਾਲਮੂਦ ਵਿਚ ਇਸ ਨੂੰ ਹੀਨ ਦਾ 1/12ਵਾਂ ਹਿੱਸਾ ਦੱਸਿਆ ਗਿਆ ਹੈ। ਇਸ ਹਿਸਾਬ ਨਾਲ ਇਕ ਲਾਗ 0.31 ਲੀਟਰ ਦੇ ਬਰਾਬਰ ਸੀ। (ਲੇਵੀ 14:10)​—ਵਧੇਰੇ ਜਾਣਕਾਰੀ 2.14 ਦੇਖੋ।

  • ਲਿਵਯਾਥਾਨ:

    ਸ਼ਾਇਦ ਪਾਣੀ ਵਿਚ ਰਹਿਣ ਵਾਲਾ ਇਕ ਜੀਵ। ਅੱਯੂਬ 3:8 ਅਤੇ 41:1 ਵਿਚ ਇਹ ਮਗਰਮੱਛ ਜਾਂ ਕੋਈ ਹੋਰ ਵੱਡਾ ਤੇ ਤਾਕਤਵਰ ਜੀਵ ਹੋ ਸਕਦਾ ਹੈ। ਜ਼ਬੂਰ 104:26 ਵਿਚ ਇਹ ਇਕ ਕਿਸਮ ਦੀ ਵੇਲ੍ਹ ਮੱਛੀ ਹੋ ਸਕਦੀ ਹੈ। ਹੋਰ ਆਇਤਾਂ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਹੜਾ ਜਾਨਵਰ ਹੈ, ਸਗੋਂ ਇਸ ਨੂੰ ਕਿਸੇ ਗੱਲ ਨੂੰ ਸਮਝਾਉਣ ਲਈ ਮਿਸਾਲ ਵਜੋਂ ਇਸਤੇਮਾਲ ਕੀਤਾ ਗਿਆ ਹੈ।​—ਜ਼ਬੂ 74:14; ਯਸਾ 27:1.

  • ਲੇਵੀ:

    ਯਾਕੂਬ ਦੀ ਪਤਨੀ ਲੇਆਹ ਤੋਂ ਉਸ ਦਾ ਤੀਸਰਾ ਪੁੱਤਰ। ਲੇਵੀ ਤੋਂ ਆਏ ਗੋਤ ਦਾ ਵੀ ਇਹੀ ਨਾਂ ਸੀ। ਉਸ ਦੇ ਤਿੰਨ ਪੁੱਤਰਾਂ ਤੋਂ ਲੇਵੀਆਂ ਦੀਆਂ ਤਿੰਨ ਮੁੱਖ ਟੋਲੀਆਂ ਬਣੀਆਂ। “ਲੇਵੀ” ਸ਼ਬਦ ਕਦੇ-ਕਦੇ ਸਾਰੇ ਗੋਤ ਲਈ ਵਰਤਿਆ ਜਾਂਦਾ ਹੈ, ਪਰ ਇਸ ਵਿਚ ਹਾਰੂਨ ਦੇ ਪਰਿਵਾਰ ਵਿੱਚੋਂ ਆਏ ਪੁਜਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਲੇਵੀ ਦੇ ਗੋਤ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਕੋਈ ਜ਼ਮੀਨ ਨਹੀਂ ਮਿਲੀ, ਪਰ ਬਾਕੀ ਗੋਤਾਂ ਦੇ ਇਲਾਕਿਆਂ ਵਿਚ ਉਨ੍ਹਾਂ ਨੂੰ 48 ਸ਼ਹਿਰ ਦਿੱਤੇ ਗਏ ਸਨ।​—ਬਿਵ 10:8; 1 ਇਤਿ 6:1; ਇਬ 7:11.

  • ਲੈਪਟਨ:

    ਜਿਸ ਜ਼ਮਾਨੇ ਵਿਚ ਮਸੀਹੀ ਯੂਨਾਨੀ ਲਿਖਤਾਂ ਲਿਖੀਆਂ ਗਈਆਂ ਸਨ, ਉਸ ਜ਼ਮਾਨੇ ਵਿਚ ਇਹ ਯਹੂਦੀਆਂ ਦਾ ਸਭ ਤੋਂ ਛੋਟਾ ਸਿੱਕਾ ਸੀ ਜੋ ਤਾਂਬੇ ਤੇ ਕਾਂਸੀ ਦਾ ਬਣਿਆ ਹੋਇਆ ਸੀ। ਬਾਈਬਲ ਦੇ ਕੁਝ ਅਨੁਵਾਦਾਂ ਵਿਚ ਇਸ ਨੂੰ “ਦਮੜੀ” ਕਿਹਾ ਗਿਆ ਹੈ। (ਮਰ 12:42; ਲੂਕਾ 21:​2, ਫੁਟਨੋਟ)​—ਵਧੇਰੇ ਜਾਣਕਾਰੀ 2.14 ਦੇਖੋ।

  • ਲੋਬਾਨ:

    ਬੋਸਵੇਲੀਆ ਕਿਸਮ ਦੇ ਕੁਝ ਦਰਖ਼ਤਾਂ ਅਤੇ ਝਾੜੀਆਂ ਦਾ ਸੁੱਕ ਚੁੱਕਾ ਰਸ (ਗੂੰਦ)। ਜਦੋਂ ਇਹ ਜਲਾਇਆ ਜਾਂਦਾ ਹੈ, ਤਾਂ ਮਿੱਠੀ ਖ਼ੁਸ਼ਬੂ ਆਉਂਦੀ ਹੈ। ਡੇਰੇ ਅਤੇ ਮੰਦਰ ਵਿਚ ਵਰਤੇ ਜਾਂਦੇ ਪਵਿੱਤਰ ਧੂਪ ਵਿਚ ਲੋਬਾਨ ਮਿਲਾਇਆ ਜਾਂਦਾ ਸੀ। ਇਸ ਨੂੰ ਅਨਾਜ ਦੇ ਚੜ੍ਹਾਵੇ ਨਾਲ ਵੀ ਦਿੱਤਾ ਜਾਂਦਾ ਸੀ ਅਤੇ ਪਵਿੱਤਰ ਕਮਰੇ ਵਿਚ ਚੜ੍ਹਾਵੇ ਦੀਆਂ ਰੋਟੀਆਂ ਦੀ ਹਰ ਤਹਿ ਉੱਤੇ ਰੱਖਿਆ ਜਾਂਦਾ ਸੀ।​—ਕੂਚ 30:​34-36; ਲੇਵੀ 2:1; 24:7; ਮੱਤੀ 2:11.

  • ਵਰਤ:

    ਕੁਝ ਸਮੇਂ ਲਈ ਕੁਝ ਵੀ ਨਾ ਖਾਣਾ-ਪੀਣਾ। ਇਜ਼ਰਾਈਲੀ ਪਾਪ ਮਿਟਾਉਣ ਦੇ ਦਿਨ, ਮੁਸੀਬਤ ਦੀ ਘੜੀ ਵਿਚ ਤੇ ਪਰਮੇਸ਼ੁਰ ਦੀ ਸੇਧ ਲੈਣ ਦੇ ਸਮੇਂ ਵਰਤ ਰੱਖਦੇ ਸਨ। ਯਹੂਦੀਆਂ ਨੇ ਸਾਲ ਵਿਚ ਚਾਰ ਵਾਰ ਵਰਤ ਰੱਖਣ ਦਾ ਨਿਯਮ ਬਣਾਇਆ ਸੀ ਤਾਂਕਿ ਇਤਿਹਾਸ ਵਿਚ ਉਨ੍ਹਾਂ ʼਤੇ ਆਈਆਂ ਬਿਪਤਾਵਾਂ ਨੂੰ ਯਾਦ ਕੀਤਾ ਜਾਵੇ। ਮਸੀਹੀਆਂ ਤੋਂ ਵਰਤ ਰੱਖਣ ਦੀ ਮੰਗ ਨਹੀਂ ਕੀਤੀ ਜਾਂਦੀ।​—ਅਜ਼ 8:21; ਯਸਾ 58:6; ਲੂਕਾ 18:12.

  • ਵਾਢੀ ਦਾ ਤਿਉਹਾਰ; ਹਫ਼ਤਿਆਂ ਦਾ ਤਿਉਹਾਰ:​—

    ਪੰਤੇਕੁਸਤ ਦੇਖੋ।

  • ਵਾਦੀ:

    ਘਾਟੀ ਜਾਂ ਨਦੀ ਦਾ ਤਲ ਜੋ ਮੀਂਹ ਦੇ ਮੌਸਮ ਨੂੰ ਛੱਡ ਅਕਸਰ ਸੁੱਕਾ ਰਹਿੰਦਾ ਹੈ। ਇਸ ਵਾਸਤੇ ਵਰਤੇ ਇਬਰਾਨੀ ਸ਼ਬਦ ਦਾ ਮਤਲਬ ਨਦੀ ਵੀ ਹੋ ਸਕਦਾ ਹੈ। ਕੁਝ ਨਦੀਆਂ ਵਿਚ ਪਾਣੀ ਦੇ ਸੋਮੇ ਹੁੰਦੇ ਸਨ ਜਿਸ ਕਰਕੇ ਇਹ ਸੁੱਕਦੀਆਂ ਨਹੀਂ ਸਨ। ਕੁਝ ਆਇਤਾਂ ਵਿਚ ਵਾਦੀ ਨੂੰ “ਘਾਟੀ” ਵੀ ਕਿਹਾ ਗਿਆ ਹੈ।​—ਉਤ 26:19; ਗਿਣ 34:5; ਬਿਵ 8:7; 1 ਰਾਜ 18:5; ਅੱਯੂ 6:15.

  • ਵਿਚੋਲਾ:

    ਦੋ ਧਿਰਾਂ ਵਿਚ ਸੁਲ੍ਹਾ ਕਰਾਉਣ ਵਾਲਾ। ਬਾਈਬਲ ਵਿਚ ਦੱਸਿਆ ਹੈ ਕਿ ਮੂਸਾ ਕਾਨੂੰਨ ਦੇ ਇਕਰਾਰ ਦਾ ਵਿਚੋਲਾ ਅਤੇ ਯਿਸੂ ਨਵੇਂ ਇਕਰਾਰ ਦਾ ਵਿਚੋਲਾ ਸੀ।​—ਗਲਾ 3:19; 1 ਤਿਮੋ 2:5.

  • ਵਿਰਲਾਪ ਦਾ ਗੀਤ:

    ਦੁੱਖ ਭਰਿਆ ਗੀਤ ਜਾਂ ਕਵਿਤਾ। ਇਹ ਕਿਸੇ ਦੋਸਤ ਜਾਂ ਅਜ਼ੀਜ਼ ਦੀ ਮੌਤ ਹੋਣ ਤੇ ਗਹਿਰਾ ਦੁੱਖ ਜਾਂ ਸੋਗ ਜ਼ਾਹਰ ਕਰਨ ਲਈ ਰਚਿਆ ਜਾਂਦਾ ਸੀ।​—2 ਸਮੂ 1:17; ਜ਼ਬੂ 7:ਸਿਰ.

  • ਵੇਸਵਾ:

    ਇਸ ਦੇ ਯੂਨਾਨੀ ਸ਼ਬਦ “ਪੋਰਨੇ” ਦਾ ਮੂਲ ਅਰਥ ਹੈ “ਵੇਚਣਾ।” ਆਮ ਤੌਰ ਤੇ ਇਹ ਸ਼ਬਦ ਅਜਿਹੀ ਔਰਤ ਲਈ ਵਰਤਿਆ ਜਾਂਦਾ ਹੈ ਜੋ ਪੈਸੇ ਲਈ ਦੂਜਿਆਂ ਨਾਲ ਸਰੀਰਕ ਸੰਬੰਧ ਬਣਾਉਂਦੀ ਹੈ। ਪਰ ਬਾਈਬਲ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਦਾ ਵੀ ਜ਼ਿਕਰ ਆਉਂਦਾ ਹੈ। ਮੂਸਾ ਦੇ ਕਾਨੂੰਨ ਵਿਚ ਵੇਸਵਾਗਿਰੀ ਦੀ ਨਿੰਦਿਆ ਕੀਤੀ ਗਈ ਸੀ ਅਤੇ ਇਕ ਵੇਸਵਾ ਦੀ ਕਮਾਈ ਨੂੰ ਯਹੋਵਾਹ ਦੇ ਪਵਿੱਤਰ ਸਥਾਨ ਲਈ ਦਾਨ ਵਜੋਂ ਸਵੀਕਾਰ ਨਹੀਂ ਕੀਤਾ ਜਾਂਦਾ ਸੀ। ਇਸ ਤੋਂ ਉਲਟ, ਝੂਠੇ ਧਰਮਾਂ ਦੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀ-ਔਰਤਾਂ ਨੂੰ ਕਮਾਈ ਕਰਨ ਲਈ ਰੱਖਿਆ ਜਾਂਦਾ ਸੀ। (ਬਿਵ 23:​17, 18; 1 ਰਾਜ 14:24) ਬਾਈਬਲ ਵਿਚ ਉਨ੍ਹਾਂ ਲੋਕਾਂ, ਕੌਮਾਂ ਜਾਂ ਸੰਗਠਨਾਂ ਨੂੰ ਵੇਸਵਾ ਵਜੋਂ ਦਰਸਾਇਆ ਗਿਆ ਹੈ ਜੋ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਹਨ, ਪਰ ਇਸ ਦੇ ਨਾਲ-ਨਾਲ ਮੂਰਤੀ-ਪੂਜਾ ਵੀ ਕਰਦੇ ਹਨ। ਮਿਸਾਲ ਲਈ, ਦੁਨੀਆਂ ਦੇ ਧਰਮਾਂ ਨੂੰ “ਮਹਾਂ ਬਾਬਲ” ਕਿਹਾ ਗਿਆ ਹੈ ਅਤੇ ਉਸ ਨੂੰ ਪ੍ਰਕਾਸ਼ ਦੀ ਕਿਤਾਬ ਵਿਚ ਵੇਸਵਾ ਵਜੋਂ ਦਰਸਾਇਆ ਗਿਆ ਹੈ ਕਿਉਂਕਿ ਉਹ ਤਾਕਤ ਅਤੇ ਦੌਲਤ ਹਾਸਲ ਕਰਨ ਲਈ ਇਸ ਦੁਨੀਆਂ ਦੇ ਹਾਕਮਾਂ ਨਾਲ ਸੰਬੰਧ ਜੋੜਦੀ ਹੈ।​—ਪ੍ਰਕਾ 17:​1-5; 18:3; 1 ਇਤਿ 5:25.

  • ਵੇਦੀ:

    ਇਕ ਥੜ੍ਹਾ ਜੋ ਮਿੱਟੀ, ਚਟਾਨਾਂ, ਪੱਥਰਾਂ ਜਾਂ ਧਾਤ ਨਾਲ ਮੜ੍ਹੀ ਲੱਕੜ ਦਾ ਬਣਿਆ ਹੁੰਦਾ ਸੀ। ਇਸ ਉੱਤੇ ਭਗਤੀ ਕਰਨ ਵੇਲੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ ਜਾਂ ਧੂਪ ਧੁਖਾਇਆ ਜਾਂਦਾ ਸੀ। ਤੰਬੂ ਅਤੇ ਮੰਦਰ ਦੇ ਪਹਿਲੇ ਕਮਰੇ ਵਿਚ ਧੂਪ ਧੁਖਾਉਣ ਲਈ ਇਕ ਛੋਟੀ ਜਿਹੀ “ਸੋਨੇ ਦੀ ਵੇਦੀ” ਸੀ। ਇਹ ਸੋਨੇ ਨਾਲ ਮੜ੍ਹੀ ਲੱਕੜ ਦੀ ਬਣੀ ਹੋਈ ਸੀ। ਹੋਮ-ਬਲ਼ੀਆਂ ਲਈ ਇਕ ਵੱਡੀ ਸਾਰੀ “ਤਾਂਬੇ ਦੀ ਵੇਦੀ” ਬਾਹਰ ਵਿਹੜੇ ਵਿਚ ਸੀ। (ਕੂਚ 27:1; 39:​38, 39; ਉਤ 8:20; 1 ਰਾਜ 6:20; 2 ਇਤਿ 4:1; ਲੂਕਾ 1:11)​—ਵਧੇਰੇ ਜਾਣਕਾਰੀ 2.5 ਅਤੇ 2.8 ਦੇਖੋ।

  • ਵੇਦੀ ਦੇ ਸਿੰਗ:

    ਕੁਝ ਵੇਦੀਆਂ ਦੇ ਚਾਰਾਂ ਕੋਨਿਆਂ ਨੂੰ ਉੱਪਰੋਂ ਘੜ ਕੇ ਸਿੰਗਾਂ ਦਾ ਆਕਾਰ ਦਿੱਤਾ ਜਾਂਦਾ ਸੀ। (ਲੇਵੀ 8:15; 1 ਰਾਜ 2:28)​—ਵਧੇਰੇ ਜਾਣਕਾਰੀ 2.5 ਅਤੇ 2.8 ਦੇਖੋ।