Skip to content

Skip to table of contents

1.4

ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ

ਬਾਬਲ ਦੀ ਗ਼ੁਲਾਮੀ ਤੋਂ ਪਹਿਲਾਂ ਵਾਲੇ ਪ੍ਰਾਚੀਨ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ

ਬਾਬਲ ਦੀ ਗ਼ੁਲਾਮੀ ਤੋਂ ਬਾਅਦ ਵਾਲੇ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ

ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਲਗਭਗ 7,000 ਵਾਰ ਪਾਇਆ ਜਾਂਦਾ ਹੈ। ਇਸ ਨੂੰ ਇਨ੍ਹਾਂ ਚਾਰ ਇਬਰਾਨੀ ਅੱਖਰਾਂ יהוה ਨਾਲ ਲਿਖਿਆ ਜਾਂਦਾ ਸੀ ਅਤੇ ਨਵੀਂ ਦੁਨੀਆਂ ਅਨੁਵਾਦ ਵਿਚ ਇਨ੍ਹਾਂ ਅੱਖਰਾਂ ਦਾ ਅਨੁਵਾਦ “ਯਹੋਵਾਹ” ਕੀਤਾ ਗਿਆ ਹੈ। ਇਹ ਨਾਂ ਬਾਈਬਲ ਵਿਚ ਹੋਰ ਕਿਸੇ ਵੀ ਨਾਂ ਨਾਲੋਂ ਜ਼ਿਆਦਾ ਵਾਰ ਆਉਂਦਾ ਹੈ। ਬਾਈਬਲ ਦੇ ਲਿਖਾਰੀਆਂ ਨੇ ਪਰਮੇਸ਼ੁਰ ਲਈ “ਸਰਬਸ਼ਕਤੀਮਾਨ,” “ਅੱਤ ਮਹਾਨ,” “ਪ੍ਰਭੂ” ਅਤੇ ਹੋਰ ਉਪਾਧੀਆਂ ਇਸਤੇਮਾਲ ਕੀਤੀਆਂ ਸਨ। ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਨਾਂ ਦੀ ਪਛਾਣ ਕਰਾਉਣ ਲਈ ਇਹ ਚਾਰ ਇਬਰਾਨੀ ਅੱਖਰ ਹੀ ਵਰਤੇ ਸਨ।

ਯਹੋਵਾਹ ਪਰਮੇਸ਼ੁਰ ਨੇ ਖ਼ੁਦ ਬਾਈਬਲ ਦੇ ਲਿਖਾਰੀਆਂ ਤੋਂ ਆਪਣਾ ਨਾਂ ਬਾਈਬਲ ਵਿਚ ਲਿਖਵਾਇਆ ਸੀ। ਉਦਾਹਰਣ ਲਈ, ਉਸ ਨੇ ਯੋਏਲ ਨਬੀ ਨੂੰ ਇਹ ਲਿਖਣ ਲਈ ਪ੍ਰੇਰਿਆ: “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਯੋਏਲ 2:32) ਜ਼ਬੂਰਾਂ ਦੇ ਇਕ ਲਿਖਾਰੀ ਨੇ ਵੀ ਲਿਖਿਆ: “ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ, ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।” (ਜ਼ਬੂਰ 83:18) ਜ਼ਬੂਰਾਂ ਦੀ ਕਿਤਾਬ ਵਿਚ ਪਰਮੇਸ਼ੁਰ ਦਾ ਨਾਂ ਲਗਭਗ 700 ਵਾਰ ਆਉਂਦਾ ਹੈ। ਇਸ ਕਿਤਾਬ ਵਿਚ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਲੋਕ ਗਾਇਆ ਕਰਦੇ ਸਨ ਅਤੇ ਮੂੰਹ-ਜ਼ਬਾਨੀ ਬੋਲਦੇ ਸਨ। ਤਾਂ ਫਿਰ, ਅੱਜ ਬਹੁਤ ਸਾਰੇ ਬਾਈਬਲ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਨਾਂ ਕਿਉਂ ਨਹੀਂ ਪਾਇਆ ਜਾਂਦਾ? ਇਸ ਦਾ ਸਹੀ ਉਚਾਰਣ ਕਿਉਂ ਨਹੀਂ ਪਤਾ ਹੈ? ਨਾਲੇ ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ?

ਇਕ ਮ੍ਰਿਤ ਸਾਗਰ ਪੋਥੀ ਵਿਚ ਜ਼ਬੂਰਾਂ ਦੀ ਕਿਤਾਬ ਦਾ ਛੋਟਾ ਜਿਹਾ ਹਿੱਸਾ ਜੋ ਸੰਨ 50 ਈਸਵੀ ਤੋਂ ਪਹਿਲਾਂ ਦਾ ਹੈ। ਇਸ ਵਿਚ ਬਾਬਲ ਦੀ ਗ਼ੁਲਾਮੀ ਤੋਂ ਬਾਅਦ ਵਾਲੇ ਇਬਰਾਨੀ ਅੱਖਰ ਵਰਤੇ ਗਏ ਹਨ, ਪਰ ਪਰਮੇਸ਼ੁਰ ਦਾ ਨਾਂ ਪ੍ਰਾਚੀਨ ਇਬਰਾਨੀ ਅੱਖਰਾਂ ਵਿਚ ਵਾਰ-ਵਾਰ ਲਿਖਿਆ ਗਿਆ ਹੈ

ਬਹੁਤ ਸਾਰੇ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਨਾਂ ਕਿਉਂ ਨਹੀਂ ਹੈ? ਇਸ ਦੇ ਕਈ ਵੱਖੋ-ਵੱਖਰੇ ਕਾਰਨ ਹਨ। ਕੁਝ ਲੋਕ ਸੋਚਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਆਪਣੀ ਪਛਾਣ ਕਰਾਉਣ ਵਾਸਤੇ ਕਿਸੇ ਨਾਂ ਦੀ ਲੋੜ ਨਹੀਂ ਹੈ। ਕਈਆਂ ਨੇ ਯਹੂਦੀਆਂ ਦੀ ਰੀਤ ʼਤੇ ਚੱਲ ਕੇ ਪਰਮੇਸ਼ੁਰ ਦਾ ਨਾਂ ਕੱਢਿਆ ਹੈ ਜਿਹੜੇ ਸ਼ਾਇਦ ਇਸ ਨਾਂ ਦਾ ਨਿਰਾਦਰ ਕਰਨ ਦੇ ਡਰੋਂ ਇਹ ਨਾਂ ਨਹੀਂ ਲੈਂਦੇ। ਨਾਲੇ ਕਈ ਮੰਨਦੇ ਹਨ ਕਿ ਕਿਸੇ ਨੂੰ ਨਹੀਂ ਪਤਾ ਕਿ ਪਰਮੇਸ਼ੁਰ ਦਾ ਨਾਂ ਸਹੀ-ਸਹੀ ਕਿਵੇਂ ਉਚਾਰਿਆ ਜਾਂਦਾ ਸੀ, ਇਸ ਲਈ “ਪ੍ਰਭੂ” ਜਾਂ “ਪਰਮੇਸ਼ੁਰ” ਵਰਗੀਆਂ ਉਪਾਧੀਆਂ ਇਸਤੇਮਾਲ ਕਰਨੀਆਂ ਹੀ ਬਿਹਤਰ ਹਨ। ਪਰ ਥੱਲੇ ਦਿੱਤੇ ਕਾਰਨਾਂ ਕਰਕੇ ਇਨ੍ਹਾਂ ਗੱਲਾਂ ਦੀ ਕੋਈ ਤੁਕ ਨਹੀਂ ਬਣਦੀ:

  • ਜਿਹੜੇ ਲੋਕ ਦਲੀਲ ਦਿੰਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕਿਸੇ ਨਾਂ ਦੀ ਲੋੜ ਨਹੀਂ ਹੈ, ਉਹ ਇਹ ਗੱਲ ਨਜ਼ਰਅੰਦਾਜ਼ ਕਰਦੇ ਹਨ ਕਿ ਬਾਈਬਲ ਦੀਆਂ ਪੁਰਾਣੀਆਂ ਨਕਲਾਂ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਜਾਂਦਾ ਹੈ, ਉਨ੍ਹਾਂ ਨਕਲਾਂ ਵਿਚ ਵੀ ਜੋ ਮਸੀਹ ਦੇ ਸਮੇਂ ਤੋਂ ਵੀ ਪਹਿਲਾਂ ਦੀਆਂ ਹਨ। ਜਿਵੇਂ ਉੱਪਰ ਦੱਸਿਆ ਗਿਆ ਹੈ, ਪਰਮੇਸ਼ੁਰ ਨੇ ਆਪਣੇ ਬਚਨ ਵਿਚ ਆਪਣਾ ਨਾਂ ਲਗਭਗ 7,000 ਵਾਰ ਲਿਖਵਾਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਅਤੇ ਇਸਤੇਮਾਲ ਕਰੀਏ।

  • ਜਿਹੜੇ ਅਨੁਵਾਦਕ ਯਹੂਦੀਆਂ ਦੀ ਰੀਤ ਕਰਕੇ ਪਰਮੇਸ਼ੁਰ ਦਾ ਨਾਂ ਕੱਢਦੇ ਹਨ, ਉਹ ਇਸ ਜ਼ਰੂਰੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਭਾਵੇਂ ਕੁਝ ਯਹੂਦੀ ਗ੍ਰੰਥੀ ਪਰਮੇਸ਼ੁਰ ਦਾ ਨਾਂ ਖ਼ੁਦ ਨਹੀਂ ਲੈਂਦੇ ਸਨ, ਪਰ ਉਨ੍ਹਾਂ ਨੇ ਬਾਈਬਲ ਦੀਆਂ ਨਕਲਾਂ ਵਿੱਚੋਂ ਇਹ ਨਾਂ ਨਹੀਂ ਕੱਢਿਆ ਸੀ। ਮ੍ਰਿਤ ਸਾਗਰ ਦੇ ਕੋਲ ਕੂਮਰਾਨ ਵਾਦੀ ਵਿਚ ਮਿਲੀਆਂ ਪ੍ਰਾਚੀਨ ਹੱਥ-ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਕਈ ਥਾਵਾਂ ʼਤੇ ਪਾਇਆ ਜਾਂਦਾ ਹੈ। ਅੰਗ੍ਰੇਜ਼ੀ ਅਤੇ ਕੁਝ ਹੋਰ ਭਾਸ਼ਾਵਾਂ ਵਿਚ ਅਨੁਵਾਦਕਾਂ ਨੇ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ “ਪ੍ਰਭੂ” (LORD) ਵੱਡੇ ਅੱਖਰਾਂ ਵਿਚ ਪਾ ਕੇ ਦਿਖਾਇਆ ਹੈ ਕਿ ਉੱਥੇ ਪਰਮੇਸ਼ੁਰ ਦਾ ਨਾਂ ਸੀ। ਪਰ ਸਵਾਲ ਪੈਦਾ ਹੁੰਦਾ ਹੈ: ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕਿਉਂ ਕੱਢ ਦਿੱਤਾ ਜਦ ਕਿ ਉਹ ਆਪ ਕਬੂਲ ਕਰਦੇ ਹਨ ਕਿ ਬਾਈਬਲ ਵਿਚ ਇਹ ਨਾਂ ਹਜ਼ਾਰਾਂ ਵਾਰ ਪਾਇਆ ਜਾਂਦਾ ਹੈ? ਉਨ੍ਹਾਂ ਨੂੰ ਇੰਨੀ ਵੱਡੀ ਤਬਦੀਲੀ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ? ਉਹੀ ਇਸ ਦਾ ਜਵਾਬ ਦੇ ਸਕਦੇ ਹਨ।

  • ਜ਼ਰਾ ਸੋਚੋ, ਜਿਹੜੇ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਦਾ ਨਾਂ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਦਾ ਸਹੀ-ਸਹੀ ਉਚਾਰਣ ਪਤਾ ਨਹੀਂ ਹੈ, ਪਰ ਉਹ ਯਿਸੂ ਦਾ ਨਾਂ ਤਾਂ ਇਸਤੇਮਾਲ ਕਰਦੇ ਹਨ। ਧਿਆਨ ਦਿਓ ਕਿ ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਜਿਸ ਤਰ੍ਹਾਂ ਯਿਸੂ ਦਾ ਨਾਂ ਲੈਂਦੇ ਸਨ, ਅੱਜ ਜ਼ਿਆਦਾਤਰ ਮਸੀਹੀ ਉਸ ਤੋਂ ਬਿਲਕੁਲ ਵੱਖਰੇ ਤਰੀਕੇ ਨਾਲ ਇਹ ਨਾਂ ਲੈਂਦੇ ਹਨ। ਯਹੂਦੀ ਮਸੀਹੀ ਸ਼ਾਇਦ ਉਸ ਨੂੰ “ਯੇਸ਼ੂਆ” ਕਹਿ ਕੇ ਬੁਲਾਉਂਦੇ ਸਨ ਅਤੇ “ਮਸੀਹ” ਦਾ ਉਚਾਰਣ “ਮਾਸ਼ੀਆਖ” ਸੀ। ਯੂਨਾਨੀ ਬੋਲਣ ਵਾਲੇ ਮਸੀਹੀ ਉਸ ਨੂੰ “ਈਸੂਸ ਕ੍ਰਿਸਟੋਸ” ਅਤੇ ਲਾਤੀਨੀ ਬੋਲਣ ਵਾਲੇ “ਈਸੁੱਸ ਖ੍ਰਿਸਤੁਸ” ਕਹਿ ਕੇ ਬੁਲਾਉਂਦੇ ਸਨ। ਪਰਮੇਸ਼ੁਰ ਦੀ ਪ੍ਰੇਰਣਾ ਨਾਲ ਬਾਈਬਲ ਵਿਚ ਯਿਸੂ ਦੇ ਨਾਂ ਦਾ ਯੂਨਾਨੀ ਉਚਾਰਣ ਵਰਤਿਆ ਗਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀ ਉਸ ਦਾ ਨਾਂ ਉਸੇ ਤਰ੍ਹਾਂ ਲੈਂਦੇ ਸਨ ਜਿਸ ਤਰ੍ਹਾਂ ਉਨ੍ਹਾਂ ਦੀ ਭਾਸ਼ਾ ਵਿਚ ਲਿਆ ਜਾਂਦਾ ਸੀ। ਇਸੇ ਤਰ੍ਹਾਂ ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਵੀ ਮੰਨਦੀ ਹੈ ਕਿ “ਯਹੋਵਾਹ” ਨਾਂ ਇਸਤੇਮਾਲ ਕਰਨਾ ਸਹੀ ਹੈ, ਭਾਵੇਂ ਕਿ ਇਹ ਪ੍ਰਾਚੀਨ ਇਬਰਾਨੀ ਵਿਚ ਪਰਮੇਸ਼ੁਰ ਦੇ ਨਾਂ ਦੇ ਉਚਾਰਣ ਨਾਲ ਪੂਰੀ ਤਰ੍ਹਾਂ ਮਿਲਦਾ-ਜੁਲਦਾ ਨਹੀਂ ਹੈ।

ਇਸ ਦਾ ਸਹੀ ਉਚਾਰਣ ਕਿਉਂ ਨਹੀਂ ਪਤਾ ਹੈ? ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ (יהוה) ਨਾਲ ਲਿਖਿਆ ਗਿਆ ਸੀ ਜਿਸ ਨੂੰ ਪੰਜਾਬੀ ਵਿਚ ਯ ਹ ਵ ਹ ਲਿਖਿਆ ਜਾ ਸਕਦਾ ਹੈ। ਪ੍ਰਾਚੀਨ ਇਬਰਾਨੀ ਭਾਸ਼ਾ ਵਿਚ ਸ੍ਵਰ-ਅੱਖਰ (ਕੰਨੇ-ਲਾਵਾਂ-ਦੁਲਾਵਾਂ) ਵਗੈਰਾ ਨਹੀਂ ਹੁੰਦੇ ਸਨ, ਇਸ ਕਰਕੇ ਪਰਮੇਸ਼ੁਰ ਦੇ ਨਾਂ ਵਿਚ ਵੀ ਕੋਈ ਸ੍ਵਰ-ਅੱਖਰ ਨਹੀਂ ਹੈ। ਪੁਰਾਣੇ ਜ਼ਮਾਨੇ ਵਿਚ ਯਹੂਦੀ ਲੋਕ ਇਬਰਾਨੀ ਪੜ੍ਹਦੇ ਵੇਲੇ ਢੁਕਵੇਂ ਸ੍ਵਰ-ਅੱਖਰ ਲਾ ਲੈਂਦੇ ਸਨ।

ਇਬਰਾਨੀ ਲਿਖਤਾਂ ਦੇ ਪੂਰਾ ਹੋਣ ਤੋਂ ਲਗਭਗ 1,000 ਸਾਲ ਬਾਅਦ ਯਹੂਦੀ ਵਿਦਵਾਨਾਂ ਨੇ ਉਚਾਰਣ ਲਈ ਕੁਝ ਚਿੰਨ੍ਹ ਬਣਾਏ ਜਿਨ੍ਹਾਂ ਦੀ ਮਦਦ ਨਾਲ ਪਤਾ ਲੱਗ ਜਾਂਦਾ ਸੀ ਕਿ ਇਬਰਾਨੀ ਪੜ੍ਹਨ ਵੇਲੇ ਕਿਹੜੇ ਸ੍ਵਰ-ਅੱਖਰ ਲਾਉਣੇ ਹਨ। ਪਰ ਉਸ ਸਮੇਂ ਤਕ ਬਹੁਤ ਸਾਰੇ ਯਹੂਦੀਆਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਪਰਮੇਸ਼ੁਰ ਦਾ ਨਾਂ ਉੱਚੀ ਆਵਾਜ਼ ਵਿਚ ਲੈਣਾ ਗ਼ਲਤ ਹੈ, ਇਸ ਕਰਕੇ ਉਹ “ਪ੍ਰਭੂ” ਜਾਂ “ਪਰਮੇਸ਼ੁਰ” ਵਰਗੇ ਸ਼ਬਦ ਵਰਤਦੇ ਸਨ। ਇਸ ਲਈ ਲੱਗਦਾ ਹੈ ਕਿ ਉਨ੍ਹਾਂ ਨੇ ਇਬਰਾਨੀ ਲਿਖਤਾਂ ਦੀਆਂ ਨਕਲਾਂ ਵਿਚ ਪਰਮੇਸ਼ੁਰ ਦੇ ਨਾਂ ਦੇ ਚਾਰ ਇਬਰਾਨੀ ਅੱਖਰਾਂ ਵਿਚ ਉਹ ਸ੍ਵਰ-ਅੱਖਰ ਵੀ ਪਾ ਦਿੱਤੇ ਜੋ “ਪ੍ਰਭੂ” ਜਾਂ “ਪਰਮੇਸ਼ੁਰ” ਵਗੈਰਾ ਲਈ ਵਰਤੇ ਜਾਂਦੇ ਸਨ। ਇਸ ਲਈ ਸ੍ਵਰ-ਅੱਖਰਾਂ ਵਾਲੀਆਂ ਹੱਥ-ਲਿਖਤਾਂ ਤੋਂ ਪਤਾ ਨਹੀਂ ਲੱਗਦਾ ਕਿ ਇਬਰਾਨੀ ਵਿਚ ਪਰਮੇਸ਼ੁਰ ਦੇ ਨਾਂ ਦਾ ਸਹੀ ਉਚਾਰਣ ਕੀ ਹੈ। ਕੁਝ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਦੇ ਨਾਂ ਦਾ ਉਚਾਰਣ “ਯਾਹਵੇਹ” ਹੈ ਜਦ ਕਿ ਦੂਸਰੇ ਲੋਕ ਕੁਝ ਹੋਰ ਦੱਸਦੇ ਹਨ। ਇਕ ਮ੍ਰਿਤ ਸਾਗਰ ਪੋਥੀ ਵਿਚ ਯੂਨਾਨੀ ਭਾਸ਼ਾ ਵਿਚ ਲੇਵੀਆਂ ਦੀ ਕਿਤਾਬ ਦਾ ਕੁਝ ਹਿੱਸਾ ਹੈ ਜਿਸ ਵਿਚ ਪਰਮੇਸ਼ੁਰ ਦਾ ਨਾਂ “ਯਾਓ” ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪ੍ਰਾਚੀਨ ਯੂਨਾਨੀ ਲੇਖਕਾਂ ਨੇ ਇਸ ਦਾ ਉਚਾਰਣ “ਯਾਏ,” “ਯਾਬੇ” ਅਤੇ “ਯਾਉਵੇ” ਵੀ ਕੀਤਾ ਹੈ। ਪਰ ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਸਾਨੂੰ ਪਤਾ ਨਹੀਂ ਹੈ ਕਿ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਸੇਵਕ ਇਬਰਾਨੀ ਵਿਚ ਇਸ ਨਾਂ ਨੂੰ ਕਿਵੇਂ ਉਚਾਰਦੇ ਸਨ। (ਉਤਪਤ 13:4; ਕੂਚ 3:15) ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਆਪਣੇ ਲੋਕਾਂ ਨਾਲ ਗੱਲ ਕਰਦੇ ਵੇਲੇ ਪਰਮੇਸ਼ੁਰ ਨੇ ਆਪਣਾ ਨਾਂ ਵਾਰ-ਵਾਰ ਵਰਤਿਆ ਸੀ, ਲੋਕਾਂ ਨੇ ਪਰਮੇਸ਼ੁਰ ਨੂੰ ਇਸੇ ਨਾਂ ਨਾਲ ਪੁਕਾਰਿਆ ਸੀ ਅਤੇ ਉਹ ਦੂਜਿਆਂ ਨਾਲ ਗੱਲ ਕਰਦੇ ਵੇਲੇ ਬਿਨਾਂ ਝਿਜਕੇ ਇਹ ਨਾਂ ਇਸਤੇਮਾਲ ਕਰਦੇ ਸਨ।​—ਕੂਚ 6:2; 1 ਰਾਜਿਆਂ 8:23; ਜ਼ਬੂਰ 99:9.

ਤਾਂ ਫਿਰ, ਅੰਗ੍ਰੇਜ਼ੀ ਵਿਚ ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦੇ ਨਾਂ ਲਈ ਅੰਗ੍ਰੇਜ਼ੀ ਉਚਾਰਣ “ਜਹੋਵਾਹ” ਕਿਉਂ ਇਸਤੇਮਾਲ ਕੀਤਾ ਗਿਆ ਹੈ? ਕਿਉਂਕਿ ਅੰਗ੍ਰੇਜ਼ੀ ਵਿਚ ਇਹ ਉਚਾਰਣ ਸਦੀਆਂ ਤੋਂ ਪ੍ਰਚਲਿਤ ਹੈ।

ਵਿਲਿਅਮ ਟਿੰਡੇਲ ਦੁਆਰਾ 1530 ਵਿਚ ਅਨੁਵਾਦ ਕੀਤੀਆਂ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਵਿਚ ਉਤਪਤ 15:2 ਵਿਚ ਪਰਮੇਸ਼ੁਰ ਦਾ ਨਾਂ

ਸੰਨ 1530 ਵਿਚ ਜਦੋਂ ਵਿਲਿਅਮ ਟਿੰਡੇਲ ਨੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਕੀਤਾ ਸੀ, ਤਾਂ ਉਸ ਨੇ ਅੰਗ੍ਰੇਜ਼ੀ ਵਿਚ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ “ਯੇਉਵਾ” ਵਰਤਿਆ ਸੀ। ਸਮੇਂ ਦੇ ਬੀਤਣ ਨਾਲ ਅੰਗ੍ਰੇਜ਼ੀ ਭਾਸ਼ਾ ਬਦਲ ਗਈ ਅਤੇ ਪਰਮੇਸ਼ੁਰ ਦੇ ਨਾਂ ਦੇ ਸ਼ਬਦ-ਜੋੜ ਵੀ ਬਦਲ ਦਿੱਤੇ ਗਏ। ਮਿਸਾਲ ਲਈ, 1612 ਵਿਚ ਹੈਨਰੀ ਏਂਜ਼ਵਰਥ ਨੇ ਜ਼ਬੂਰਾਂ ਦੀ ਕਿਤਾਬ ਦਾ ਅਨੁਵਾਦ ਕਰਦੇ ਵੇਲੇ “ਯੇਹੋਵਾਹ” ਵਰਤਿਆ ਸੀ। ਫਿਰ ਸੰਨ 1639 ਵਿਚ ਜਦ ਉਸ ਦੇ ਅਨੁਵਾਦ ਵਿਚ ਸੋਧ ਕੀਤੀ ਗਈ ਅਤੇ ਜ਼ਬੂਰਾਂ ਦੀ ਕਿਤਾਬ ਦੇ ਨਾਲ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਛਾਪੀਆਂ ਗਈਆਂ, ਤਾਂ ਉਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ “ਜਹੋਵਾਹ” ਵਰਤਿਆ ਗਿਆ ਸੀ। ਸੰਨ 1901 ਵਿਚ ਅਮੈਰੀਕਨ ਸਟੈਂਡਡ ਵਰਯਨ ਤਿਆਰ ਕਰਨ ਵਾਲੇ ਅਨੁਵਾਦਕਾਂ ਨੇ ਉਨ੍ਹਾਂ ਥਾਵਾਂ ʼਤੇ “ਜਹੋਵਾਹ” ਇਸਤੇਮਾਲ ਕੀਤਾ ਜਿਨ੍ਹਾਂ ਥਾਵਾਂ ʼਤੇ ਇਹ ਇਬਰਾਨੀ ਲਿਖਤਾਂ ਵਿਚ ਆਇਆ ਸੀ।

ਬਾਈਬਲ ਦੇ ਇਕ ਮੰਨੇ-ਪ੍ਰਮੰਨੇ ਵਿਦਵਾਨ ਜੋਸਫ਼ ਬ੍ਰਾਯੰਟ ਰੌਦਰਹੈਮ ਨੇ 1911 ਵਿਚ ਆਪਣੀ ਕਿਤਾਬ ਜ਼ਬੂਰਾਂ ਦਾ ਅਧਿਐਨ (ਅੰਗ੍ਰੇਜ਼ੀ) ਵਿਚ “ਯਾਹਵੇਹ” ਦੀ ਜਗ੍ਹਾ “ਜਹੋਵਾਹ” ਇਸਤੇਮਾਲ ਕੀਤਾ ਸੀ। ਉਸ ਨੇ ਇਸ ਦਾ ਕਾਰਨ ਸਮਝਾਉਂਦੇ ਹੋਏ ਕਿਹਾ ਕਿ ਉਹ ਇਸ ਨਾਂ ਦਾ ਉਹੀ ਉਚਾਰਣ ਇਸਤੇਮਾਲ ਕਰਨਾ ਚਾਹੁੰਦਾ ਸੀ ਜੋ ਬਾਈਬਲ ਪੜ੍ਹਨ ਵਾਲੇ ਆਮ ਲੋਕ ਚੰਗੀ ਤਰ੍ਹਾਂ ਜਾਣਦੇ ਸਨ (ਅਤੇ ਉਨ੍ਹਾਂ ਨੂੰ ਇਹ ਉਚਾਰਣ ਵਰਤਣ ਵਿਚ ਕੋਈ ਇਤਰਾਜ਼ ਨਹੀਂ ਸੀ)। 1930 ਵਿਚ ਏ. ਐੱਫ਼. ਕਿਰਕਪੈਟਰਿਕ ਨੇ ਵੀ “ਜਹੋਵਾਹ” ਬਾਰੇ ਇਸੇ ਤਰ੍ਹਾਂ ਦੀ ਗੱਲ ਕਹੀ। ਉਸ ਨੇ ਕਿਹਾ: “ਅੱਜ ਵਿਆਕਰਣ ਦੇ ਵਿਦਵਾਨ ਬਹਿਸ ਕਰਦੇ ਹਨ ਕਿ “ਯਾਹਵੇਹ” ਜਾਂ “ਯਾਹਾਵੇਹ” ਹੀ ਵਰਤਿਆ ਜਾਣਾ ਚਾਹੀਦਾ ਹੈ, ਪਰ ਜਹੋਵਾਹ ਉਚਾਰਣ ਅੰਗ੍ਰੇਜ਼ੀ ਵਿਚ ਪ੍ਰਚਲਿਤ ਹੋ ਚੁੱਕਾ ਹੈ। ਇਹ ਗੱਲ ਇੰਨੀ ਜ਼ਰੂਰੀ ਨਹੀਂ ਹੈ ਕਿ ਇਸ ਦਾ ਸਹੀ ਉਚਾਰਣ ਕੀ ਹੈ, ਸਗੋਂ ਇਹ ਦੇਖਣਾ ਜ਼ਰੂਰੀ ਹੈ ਕਿ ਜਹੋਵਾਹ ਇਕ ਨਾਮ ਹੈ, ਨਾ ਕਿ ‘ਪ੍ਰਭੂ’ ਵਾਂਗ ਕੋਈ ਉਪਾਧੀ।” ਪੰਜਾਬੀ ਵਿਚ ਪਰਮੇਸ਼ੁਰ ਦੇ ਨਾਂ ਦਾ ਉਚਾਰਣ “ਯਹੋਵਾਹ” ਹੈ ਅਤੇ ਇਹ ਪੰਜਾਬੀ ਦੀਆਂ ਜ਼ਿਆਦਾਤਰ ਬਾਈਬਲਾਂ ਵਿਚ ਪਾਇਆ ਜਾਂਦਾ ਹੈ।

ਚਾਰ ਇਬਰਾਨੀ ਅੱਖਰ (ਯ ਹ ਵ ਹ): “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ”

ਕ੍ਰਿਆ (ਹ ਵ ਹ): “ਬਣਨਾ”

ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ? ਇਬਰਾਨੀ ਵਿਚ ਯਹੋਵਾਹ ਦਾ ਨਾਂ ਇਕ ਕ੍ਰਿਆ ਤੋਂ ਆਇਆ ਹੈ ਜੋ ਕੁਝ ਕਰਨ ਜਾਂ ਬਣਨ ਨੂੰ ਸੰਕੇਤ ਕਰਦੀ ਹੈ। ਬਹੁਤ ਸਾਰੇ ਵਿਦਵਾਨ ਕਹਿੰਦੇ ਹਨ ਕਿ ਇਹ ਕ੍ਰਿਆ ਕਰਵਾਉਣ ਜਾਂ ਬਣਵਾਉਣ ਵਾਲੇ ਨੂੰ ਸੰਕੇਤ ਕਰਦੀ ਹੈ। ਇਸ ਲਈ ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਦੀ ਸਮਝ ਮੁਤਾਬਕ ਪਰਮੇਸ਼ੁਰ ਦੇ ਨਾਂ ਦਾ ਮਤਲਬ ਹੈ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਸ ਬਾਰੇ ਵਿਦਵਾਨਾਂ ਦੇ ਵੱਖੋ-ਵੱਖਰੇ ਵਿਚਾਰ ਹਨ, ਇਸ ਲਈ ਅਸੀਂ ਇਸ ਨਾਂ ਦੇ ਮਤਲਬ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ। ਪਰ ਇਹ ਮਤਲਬ ਸਹੀ ਹੈ ਕਿਉਂਕਿ ਯਹੋਵਾਹ ਸਾਰੀਆਂ ਚੀਜ਼ਾਂ ਦਾ ਸ੍ਰਿਸ਼ਟੀਕਰਤਾ ਹੈ ਅਤੇ ਆਪਣਾ ਮਕਸਦ ਪੂਰਾ ਕਰਦਾ ਹੈ। ਉਸ ਨੇ ਨਾ ਸਿਰਫ਼ ਬ੍ਰਹਿਮੰਡ ਅਤੇ ਦੂਤਾਂ ਤੇ ਇਨਸਾਨਾਂ ਨੂੰ ਬਣਾਇਆ, ਸਗੋਂ ਸਮੇਂ ਦੇ ਬੀਤਣ ਨਾਲ ਉਹ ਹਮੇਸ਼ਾ ਆਪਣੀ ਇੱਛਾ ਤੇ ਮਕਸਦ ਵੀ ਪੂਰਾ ਕਰਦਾ ਆਇਆ ਹੈ।

ਇਸ ਲਈ ਯਹੋਵਾਹ ਦੇ ਨਾਂ ਦਾ ਮਤਲਬ ਕੂਚ 3:14 ਵਿਚ ਮਿਲਦੀ-ਜੁਲਦੀ ਕ੍ਰਿਆ ਦੇ ਮਤਲਬ ਤਕ ਹੀ ਸੀਮਿਤ ਨਹੀਂ ਹੈ। ਇਸ ਵਿਚ ਲਿਖਿਆ ਹੈ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ” ਜਾਂ “ਮੈਂ ਬਣਾਂਗਾ ਜੋ ਮੈਂ ਬਣਾਂਗਾ।” ਪਰ ਇਹ ਸ਼ਬਦ ਪਰਮੇਸ਼ੁਰ ਦੇ ਨਾਂ ਦਾ ਪੂਰਾ ਮਤਲਬ ਨਹੀਂ ਦੱਸਦੇ, ਸਗੋਂ ਇਹ ਸਿਰਫ਼ ਉਸ ਦੀ ਸ਼ਖ਼ਸੀਅਤ ਦਾ ਇਹ ਪਹਿਲੂ ਜ਼ਾਹਰ ਕਰਦੇ ਹਨ ਕਿ ਉਹ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਆਪਣਾ ਮਕਸਦ ਪੂਰਾ ਕਰਨ ਲਈ ਜੋ ਚਾਹੇ ਬਣ ਸਕਦਾ ਹੈ। ਪਰ ਯਹੋਵਾਹ ਦੇ ਨਾਂ ਦਾ ਮਤਲਬ ਇਸ ਗੱਲ ਤਕ ਹੀ ਸੀਮਿਤ ਨਹੀਂ ਹੈ ਕਿ ਉਹ ਜੋ ਚਾਹੇ ਬਣ ਸਕਦਾ ਹੈ। ਇਸ ਵਿਚ ਇਹ ਗੱਲ ਵੀ ਸ਼ਾਮਲ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਕੁਝ ਵੀ ਕਰਵਾ ਸਕਦਾ ਹੈ।