ਪਹਿਲਾ ਸਮੂਏਲ 9:1-27

  • ਸਮੂਏਲ ਸ਼ਾਊਲ ਨੂੰ ਮਿਲਿਆ (1-27)

9  ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼+ ਨਾਂ ਦਾ ਇਕ ਆਦਮੀ ਸੀ। ਉਹ ਅਬੀਏਲ ਦਾ ਪੁੱਤਰ ਸੀ, ਅਬੀਏਲ ਸਰੂਰ ਦਾ, ਸਰੂਰ ਬਕੋਰਥ ਦਾ ਅਤੇ ਬਕੋਰਥ ਅਫੀਆਹ ਦਾ ਪੁੱਤਰ ਸੀ। ਉਹ ਬਿਨਯਾਮੀਨੀ ਆਦਮੀ+ ਕੀਸ਼ ਬਹੁਤ ਅਮੀਰ ਸੀ।  2  ਉਸ ਦਾ ਇਕ ਪੁੱਤਰ ਸੀ ਜਿਸ ਦਾ ਨਾਂ ਸ਼ਾਊਲ+ ਸੀ। ਉਹ ਜਵਾਨ ਅਤੇ ਸੋਹਣਾ-ਸੁਨੱਖਾ ਸੀ। ਇਜ਼ਰਾਈਲੀਆਂ ਵਿਚ ਉਸ ਵਰਗਾ ਸੋਹਣਾ-ਸੁਨੱਖਾ ਹੋਰ ਕੋਈ ਨਹੀਂ ਸੀ। ਅਤੇ ਉਹ ਇੰਨਾ ਲੰਬਾ ਸੀ ਕਿ ਸਾਰੇ ਲੋਕ ਉਸ ਦੇ ਮੋਢਿਆਂ ਤਕ ਹੀ ਆਉਂਦੇ ਸਨ।* 3  ਇਕ ਵਾਰ ਜਦ ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ, ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਕਿਹਾ: “ਇੱਦਾਂ ਕਰ ਤੂੰ ਆਪਣੇ ਨਾਲ ਇਕ ਸੇਵਾਦਾਰ ਨੂੰ ਲੈ ਜਾ ਅਤੇ ਗਧੀਆਂ ਨੂੰ ਲੱਭ।”  4  ਉਹ ਇਫ਼ਰਾਈਮ ਦੇ ਪਹਾੜੀ ਇਲਾਕੇ ਅਤੇ ਸ਼ਲੀਸ਼ਾਹ ਦੇ ਇਲਾਕੇ ਵਿੱਚੋਂ ਲੰਘੇ ਅਤੇ ਉਨ੍ਹਾਂ ਨੂੰ ਗਧੀਆਂ ਨਹੀਂ ਲੱਭੀਆਂ। ਉਹ ਸ਼ਾਲੀਮ ਦੇ ਇਲਾਕੇ ਵਿੱਚੋਂ ਲੰਘੇ, ਪਰ ਉਹ ਉੱਥੇ ਵੀ ਨਹੀਂ ਸਨ। ਉਹ ਬਿਨਯਾਮੀਨੀਆਂ ਦੇ ਸਾਰੇ ਇਲਾਕੇ ਵਿੱਚੋਂ ਲੰਘੇ ਅਤੇ ਉਨ੍ਹਾਂ ਨੂੰ ਗਧੀਆਂ ਨਹੀਂ ਲੱਭੀਆਂ। 5  ਉਹ ਸੂਫ ਦੇ ਇਲਾਕੇ ਵਿਚ ਪਹੁੰਚੇ ਅਤੇ ਸ਼ਾਊਲ ਨੇ ਆਪਣੇ ਨਾਲ ਆਏ ਸੇਵਾਦਾਰ ਨੂੰ ਕਿਹਾ: “ਚੱਲ ਆਪਾਂ ਵਾਪਸ ਚੱਲੀਏ। ਨਹੀਂ ਤਾਂ ਮੇਰਾ ਪਿਤਾ ਗਧੀਆਂ ਦੀ ਚਿੰਤਾ ਛੱਡ ਕੇ ਸਾਡਾ ਫ਼ਿਕਰ ਕਰਨ ਲੱਗ ਪਵੇਗਾ।”+ 6  ਪਰ ਸੇਵਾਦਾਰ ਨੇ ਜਵਾਬ ਦਿੱਤਾ: “ਦੇਖ, ਇਸ ਸ਼ਹਿਰ ਵਿਚ ਰੱਬ ਦਾ ਇਕ ਬੰਦਾ ਹੈ ਜਿਸ ਦਾ ਬਹੁਤ ਆਦਰ-ਮਾਣ ਕੀਤਾ ਜਾਂਦਾ ਹੈ। ਉਹ ਜੋ ਕੁਝ ਵੀ ਕਹਿੰਦਾ ਹੈ, ਉਹ ਸੱਚ ਹੁੰਦਾ ਹੈ।+ ਚੱਲ ਆਪਾਂ ਉਸ ਦੇ ਕੋਲ ਚੱਲਦੇ ਹਾਂ। ਸ਼ਾਇਦ ਉਹ ਸਾਨੂੰ ਦੱਸੇ ਕਿ ਸਾਨੂੰ ਕਿੱਧਰ ਜਾਣਾ ਚਾਹੀਦਾ ਹੈ।”  7  ਇਹ ਸੁਣ ਕੇ ਸ਼ਾਊਲ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਜੇ ਅਸੀਂ ਉਸ ਆਦਮੀ ਕੋਲ ਜਾਣਾ ਹੈ, ਤਾਂ ਉਸ ਲਈ ਕੀ ਲੈ ਕੇ ਜਾਈਏ? ਸਾਡੀਆਂ ਥੈਲੀਆਂ ਵਿਚ ਤਾਂ ਕੋਈ ਰੋਟੀ ਵੀ ਨਹੀਂ; ਸਾਡੇ ਕੋਲ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਤੋਹਫ਼ੇ ਵਜੋਂ ਦੇਣ ਲਈ ਕੁਝ ਵੀ ਨਹੀਂ ਹੈ। ਸਾਡੇ ਕੋਲ ਹੈ ਹੀ ਕੀ?”  8  ਸੇਵਾਦਾਰ ਨੇ ਦੁਬਾਰਾ ਸ਼ਾਊਲ ਨੂੰ ਕਿਹਾ: “ਦੇਖ! ਮੇਰੇ ਹੱਥ ਵਿਚ ਚਾਂਦੀ ਦਾ ਛੋਟਾ ਜਿਹਾ ਸਿੱਕਾ* ਹੈ। ਮੈਂ ਇਹ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਦੇ ਦਿਆਂਗਾ ਅਤੇ ਉਹ ਸਾਨੂੰ ਦੱਸੇਗਾ ਕਿ ਅਸੀਂ ਕਿੱਧਰ ਜਾਈਏ।”  9  (ਪੁਰਾਣੇ ਸਮਿਆਂ ਵਿਚ ਇਜ਼ਰਾਈਲ ਵਿਚ ਜਦ ਕੋਈ ਆਦਮੀ ਪਰਮੇਸ਼ੁਰ ਤੋਂ ਸਲਾਹ ਲੈਣ ਜਾਂਦਾ ਸੀ, ਤਾਂ ਉਹ ਇਹ ਕਹਿੰਦਾ ਸੀ: “ਚੱਲ ਆਪਾਂ ਦਰਸ਼ੀ ਕੋਲ ਚੱਲਦੇ ਹਾਂ।”+ ਪੁਰਾਣੇ ਸਮਿਆਂ ਵਿਚ ਜਿਸ ਨੂੰ ਦਰਸ਼ੀ ਕਿਹਾ ਜਾਂਦਾ ਸੀ, ਅੱਜ ਉਸ ਨੂੰ ਨਬੀ ਕਹਿੰਦੇ ਹਨ।)  10  ਫਿਰ ਸ਼ਾਊਲ ਨੇ ਆਪਣੇ ਸੇਵਾਦਾਰ ਨੂੰ ਕਿਹਾ: “ਤੂੰ ਠੀਕ ਕਹਿੰਦਾ ਹੈਂ। ਚੱਲ ਚੱਲੀਏ।” ਫਿਰ ਉਹ ਉਸ ਸ਼ਹਿਰ ਵੱਲ ਚਲੇ ਗਏ ਜਿੱਥੇ ਸੱਚੇ ਪਰਮੇਸ਼ੁਰ ਦਾ ਬੰਦਾ ਸੀ। 11  ਜਦ ਉਹ ਸ਼ਹਿਰ ਜਾਣ ਲਈ ਚੜ੍ਹਾਈ ਚੜ੍ਹ ਰਹੇ ਸਨ, ਤਾਂ ਉਨ੍ਹਾਂ ਨੂੰ ਕੁੜੀਆਂ ਮਿਲੀਆਂ ਜੋ ਪਾਣੀ ਭਰਨ ਜਾ ਰਹੀਆਂ ਸਨ। ਉਨ੍ਹਾਂ ਨੇ ਉਨ੍ਹਾਂ ਕੁੜੀਆਂ ਨੂੰ ਪੁੱਛਿਆ: “ਕੀ ਦਰਸ਼ੀ+ ਇੱਥੇ ਹੈ?”  12  ਉਨ੍ਹਾਂ ਨੇ ਜਵਾਬ ਦਿੱਤਾ: “ਹਾਂ, ਔਹ ਦੇਖੋ, ਉਹ ਤੁਹਾਡੇ ਅੱਗੇ-ਅੱਗੇ ਹੀ ਗਿਆ। ਜਲਦੀ ਜਾਓ। ਉਹ ਅੱਜ ਹੀ ਸ਼ਹਿਰ ਵਿਚ ਆਇਆ ਹੈ ਕਿਉਂਕਿ ਅੱਜ ਲੋਕ ਉੱਚੀ ਜਗ੍ਹਾ ʼਤੇ+ ਬਲੀਦਾਨ ਚੜ੍ਹਾ ਰਹੇ ਹਨ।+ 13  ਜਿਉਂ ਹੀ ਤੁਸੀਂ ਸ਼ਹਿਰ ਵਿਚ ਪਹੁੰਚੋਗੇ, ਉਹ ਤੁਹਾਨੂੰ ਮਿਲ ਜਾਵੇਗਾ। ਉਸ ਸਮੇਂ ਤਕ ਉਹ ਖਾਣ ਲਈ ਉੱਚੀ ਜਗ੍ਹਾ ʼਤੇ ਨਹੀਂ ਗਿਆ ਹੋਵੇਗਾ। ਲੋਕ ਉਸ ਵੇਲੇ ਤਕ ਨਹੀਂ ਖਾਣਗੇ ਜਦ ਤਕ ਉਹ ਆ ਕੇ ਬਲੀਦਾਨ ʼਤੇ ਬਰਕਤ ਨਹੀਂ ਮੰਗਦਾ। ਉਸ ਤੋਂ ਬਾਅਦ ਹੀ ਉਹ ਲੋਕ ਖਾਣਗੇ ਜਿਨ੍ਹਾਂ ਨੂੰ ਸੱਦਾ ਮਿਲਿਆ ਹੈ। ਇਸ ਲਈ ਜਲਦੀ-ਜਲਦੀ ਜਾਓ ਤਾਂਕਿ ਤੁਸੀਂ ਉਸ ਨੂੰ ਮਿਲ ਪਾਓ।”  14  ਇਸ ਲਈ ਉਹ ਉੱਪਰ ਸ਼ਹਿਰ ਵੱਲ ਗਏ। ਜਦ ਉਹ ਸ਼ਹਿਰ ਦੇ ਅੰਦਰ ਜਾ ਰਹੇ ਸਨ, ਤਾਂ ਸਮੂਏਲ ਉਨ੍ਹਾਂ ਨੂੰ ਮਿਲਣ ਆ ਰਿਹਾ ਸੀ ਤਾਂਕਿ ਉਨ੍ਹਾਂ ਨੂੰ ਆਪਣੇ ਨਾਲ ਉੱਚੀ ਜਗ੍ਹਾ ਲੈ ਜਾਵੇ। 15  ਸ਼ਾਊਲ ਦੇ ਆਉਣ ਤੋਂ ਇਕ ਦਿਨ ਪਹਿਲਾਂ ਯਹੋਵਾਹ ਨੇ ਸਮੂਏਲ ਨੂੰ ਦੱਸਿਆ* ਸੀ:  16  “ਕੱਲ੍ਹ ਲਗਭਗ ਇਸੇ ਸਮੇਂ ਮੈਂ ਤੇਰੇ ਕੋਲ ਬਿਨਯਾਮੀਨ ਦੇ ਇਲਾਕੇ ਦਾ ਇਕ ਆਦਮੀ ਭੇਜਾਂਗਾ।+ ਤੂੰ ਉਸ ਨੂੰ ਮੇਰੀ ਪਰਜਾ ਇਜ਼ਰਾਈਲ ਉੱਤੇ ਆਗੂ ਨਿਯੁਕਤ* ਕਰੀਂ+ ਅਤੇ ਉਹ ਮੇਰੇ ਲੋਕਾਂ ਨੂੰ ਫਲਿਸਤੀਆਂ ਦੇ ਹੱਥੋਂ ਬਚਾਵੇਗਾ। ਕਿਉਂਕਿ ਮੈਂ ਆਪਣੇ ਲੋਕਾਂ ਦਾ ਕਸ਼ਟ ਦੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਮੇਰੇ ਤਕ ਪਹੁੰਚੀ ਹੈ।”+ 17  ਜਦ ਸਮੂਏਲ ਨੇ ਸ਼ਾਊਲ ਨੂੰ ਦੇਖਿਆ, ਤਾਂ ਯਹੋਵਾਹ ਨੇ ਉਸ ਨੂੰ ਕਿਹਾ: “ਦੇਖ, ਇਹ ਉਹੀ ਆਦਮੀ ਹੈ ਜਿਸ ਬਾਰੇ ਮੈਂ ਤੈਨੂੰ ਇਹ ਕਿਹਾ ਸੀ: ‘ਇਹੀ ਮੇਰੀ ਪਰਜਾ ਉੱਤੇ ਰਾਜ ਕਰੇਗਾ।’”*+ 18  ਫਿਰ ਸ਼ਾਊਲ ਦਰਵਾਜ਼ੇ ʼਤੇ ਸਮੂਏਲ ਕੋਲ ਪਹੁੰਚਿਆ ਅਤੇ ਕਿਹਾ: “ਕਿਰਪਾ ਕਰ ਕੇ ਮੈਨੂੰ ਦੱਸ ਕਿ ਦਰਸ਼ੀ ਦਾ ਘਰ ਕਿੱਥੇ ਹੈ।”  19  ਸਮੂਏਲ ਨੇ ਸ਼ਾਊਲ ਨੂੰ ਜਵਾਬ ਦਿੱਤਾ: “ਮੈਂ ਹੀ ਦਰਸ਼ੀ ਹਾਂ। ਮੇਰੇ ਅੱਗੇ-ਅੱਗੇ ਉੱਚੀ ਜਗ੍ਹਾ ʼਤੇ ਚਲਾ ਜਾਹ ਅਤੇ ਤੂੰ ਅੱਜ ਮੇਰੇ ਨਾਲ ਖਾਵੇਂ-ਪੀਵੇਂਗਾ।+ ਮੈਂ ਸਵੇਰੇ ਤੈਨੂੰ ਭੇਜ ਦਿਆਂਗਾ ਅਤੇ ਤੈਨੂੰ ਉਹ ਸਭ ਕੁਝ ਦੱਸਾਂਗਾ ਜੋ ਤੂੰ ਜਾਣਨਾ ਚਾਹੁੰਦਾ ਹੈਂ।* 20  ਉਨ੍ਹਾਂ ਗਧੀਆਂ ਦੀ ਚਿੰਤਾ ਨਾ ਕਰ ਜੋ ਤਿੰਨ ਦਿਨ ਪਹਿਲਾਂ ਗੁਆਚ ਗਈਆਂ ਸਨ+ ਕਿਉਂਕਿ ਉਹ ਲੱਭ ਗਈਆਂ ਹਨ। ਜ਼ਰਾ ਸੋਚ, ਇਜ਼ਰਾਈਲ ਦੀਆਂ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਕਿਸ ਦੀਆਂ ਹਨ? ਕੀ ਉਹ ਤੇਰੀਆਂ ਅਤੇ ਤੇਰੇ ਪਿਤਾ ਦੇ ਸਾਰੇ ਘਰਾਣੇ ਦੀਆਂ ਨਹੀਂ ਹਨ?”+ 21  ਇਹ ਸੁਣ ਕੇ ਸ਼ਾਊਲ ਨੇ ਕਿਹਾ: “ਕੀ ਮੈਂ ਇਕ ਬਿਨਯਾਮੀਨੀ ਨਹੀਂ ਹਾਂ ਜੋ ਇਜ਼ਰਾਈਲ ਦੇ ਗੋਤਾਂ ਵਿੱਚੋਂ ਸਭ ਤੋਂ ਛੋਟਾ ਹੈ+ ਅਤੇ ਮੇਰਾ ਪਰਿਵਾਰ ਬਿਨਯਾਮੀਨ ਦੇ ਗੋਤ ਦੇ ਸਾਰੇ ਪਰਿਵਾਰਾਂ ਵਿੱਚੋਂ ਸਭ ਤੋਂ ਮਾਮੂਲੀ ਜਿਹਾ ਨਹੀਂ? ਫਿਰ ਤੁਸੀਂ ਮੈਨੂੰ ਇਹ ਸਭ ਕੁਝ ਕਿਉਂ ਕਿਹਾ?” 22  ਫਿਰ ਸਮੂਏਲ ਸ਼ਾਊਲ ਅਤੇ ਉਸ ਦੇ ਸੇਵਾਦਾਰ ਨੂੰ ਰੋਟੀ ਖਾਣ ਵਾਲੇ ਕਮਰੇ ਵਿਚ ਲੈ ਆਇਆ ਅਤੇ ਉਨ੍ਹਾਂ ਨੂੰ ਸੱਦੇ ਗਏ ਲੋਕਾਂ ਵਿਚ ਸਭ ਤੋਂ ਖ਼ਾਸ ਜਗ੍ਹਾ ਦਿੱਤੀ; ਉੱਥੇ ਲਗਭਗ 30 ਆਦਮੀ ਸਨ।  23  ਸਮੂਏਲ ਨੇ ਰਸੋਈਏ ਨੂੰ ਕਿਹਾ: “ਉਹ ਹਿੱਸਾ ਲੈ ਕੇ ਆ ਜੋ ਮੈਂ ਤੈਨੂੰ ਦਿੱਤਾ ਸੀ ਅਤੇ ਕਿਹਾ ਸੀ, ‘ਇਸ ਨੂੰ ਵੱਖਰਾ ਰੱਖੀਂ।’”  24  ਰਸੋਈਏ ਨੇ ਲੱਤ ਵਾਲਾ ਹਿੱਸਾ ਲਿਆਂਦਾ ਅਤੇ ਸ਼ਾਊਲ ਦੇ ਅੱਗੇ ਪਰੋਸਿਆ। ਅਤੇ ਸਮੂਏਲ ਨੇ ਕਿਹਾ: “ਜੋ ਤੇਰੇ ਅੱਗੇ ਪਰੋਸਿਆ ਗਿਆ ਹੈ, ਉਹ ਤੇਰੇ ਲਈ ਵੱਖਰਾ ਰੱਖਿਆ ਗਿਆ ਸੀ। ਇਸ ਨੂੰ ਖਾਹ ਕਿਉਂਕਿ ਇਸ ਮੌਕੇ ਲਈ ਇਹ ਤੇਰੇ ਵਾਸਤੇ ਵੱਖਰਾ ਰੱਖਿਆ ਸੀ। ਮੈਂ ਉਨ੍ਹਾਂ ਨੂੰ ਦੱਸਿਆ ਸੀ, ‘ਮੈਂ ਮਹਿਮਾਨਾਂ ਨੂੰ ਬੁਲਾਇਆ ਹੈ।’” ਅਤੇ ਉਸ ਦਿਨ ਸ਼ਾਊਲ ਨੇ ਸਮੂਏਲ ਨਾਲ ਖਾਧਾ-ਪੀਤਾ।  25  ਫਿਰ ਉਹ ਭਗਤੀ ਦੀ ਉੱਚੀ ਜਗ੍ਹਾ+ ਤੋਂ ਹੇਠਾਂ ਸ਼ਹਿਰ ਚਲੇ ਗਏ ਅਤੇ ਉਹ ਘਰ ਦੀ ਛੱਤ ʼਤੇ ਸ਼ਾਊਲ ਨਾਲ ਗੱਲਾਂ ਕਰਦਾ ਰਿਹਾ।  26  ਉਹ ਤੜਕੇ ਉੱਠੇ ਅਤੇ ਦਿਨ ਚੜ੍ਹਦਿਆਂ ਹੀ ਸਮੂਏਲ ਨੇ ਘਰ ਦੀ ਛੱਤ ʼਤੇ ਸ਼ਾਊਲ ਨੂੰ ਬੁਲਾ ਕੇ ਕਿਹਾ: “ਤਿਆਰ ਹੋ ਜਾ ਤਾਂਕਿ ਮੈਂ ਤੈਨੂੰ ਵਿਦਾ ਕਰਾਂ।” ਇਸ ਲਈ ਸ਼ਾਊਲ ਤਿਆਰ ਹੋ ਗਿਆ ਅਤੇ ਸਮੂਏਲ ਨਾਲ ਬਾਹਰ ਨੂੰ ਚਲਾ ਗਿਆ।  27  ਜਦ ਉਹ ਸ਼ਹਿਰ ਤੋਂ ਬਾਹਰ ਹੇਠਾਂ ਵੱਲ ਜਾ ਰਹੇ ਸਨ, ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਆਪਣੇ ਸੇਵਾਦਾਰ+ ਨੂੰ ਕਹਿ ਕਿ ਉਹ ਸਾਡੇ ਅੱਗੇ-ਅੱਗੇ ਜਾਵੇ, ਪਰ ਤੂੰ ਖੜ੍ਹ ਜਾ ਤਾਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਵਾਂ।” ਇਸ ਲਈ ਸੇਵਾਦਾਰ ਅੱਗੇ ਚਲਾ ਗਿਆ।

ਫੁਟਨੋਟ

ਇਬ, “ਉਹ ਮੋਢਿਆਂ ਤੋਂ ਲੈ ਕੇ ਉੱਪਰ ਤਕ ਲੰਬਾ ਸੀ।”
ਇਬ, “ਇਕ ਸ਼ੇਕੇਲ ਦਾ ਚੌਥਾ ਹਿੱਸਾ।” ਇਕ ਸ਼ੇਕੇਲ 11.4 ਗ੍ਰਾਮ ਦਾ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਦਾ ਕੰਨ ਖੋਲ੍ਹਿਆ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਜਾਂ, “ਮੇਰੀ ਪਰਜਾ ਨੂੰ ਹੱਦਾਂ ਵਿਚ ਰੱਖੇਗਾ।”
ਇਬ, “ਸਭ ਕੁਝ ਜੋ ਤੇਰੇ ਦਿਲ ਵਿਚ ਹੈ।”