ਪਹਿਲਾ ਸਮੂਏਲ 29:1-11

  • ਫਲਿਸਤੀਆਂ ਨੇ ਦਾਊਦ ’ਤੇ ਭਰੋਸਾ ਨਹੀਂ ਕੀਤਾ (1-11)

29  ਫਲਿਸਤੀਆਂ+ ਨੇ ਆਪਣੀਆਂ ਸਾਰੀਆਂ ਫ਼ੌਜਾਂ ਅਫੇਕ ਵਿਚ ਇਕੱਠੀਆਂ ਕੀਤੀਆਂ ਅਤੇ ਇਜ਼ਰਾਈਲੀਆਂ ਨੇ ਯਿਜ਼ਰਾਏਲ+ ਵਿਚ ਪਾਣੀ ਦੇ ਚਸ਼ਮੇ ਕੋਲ ਡੇਰਾ ਲਾਇਆ।  ਫਲਿਸਤੀਆਂ ਦੇ ਹਾਕਮ ਆਪਣੀਆਂ ਸੌ-ਸੌ ਅਤੇ ਹਜ਼ਾਰ-ਹਜ਼ਾਰ ਦੀਆਂ ਟੁਕੜੀਆਂ ਨਾਲ ਜਾ ਰਹੇ ਸਨ ਅਤੇ ਦਾਊਦ ਤੇ ਉਸ ਦੇ ਆਦਮੀ ਪਿੱਛੇ-ਪਿੱਛੇ ਆਕੀਸ਼ ਨਾਲ ਜਾ ਰਹੇ ਸਨ।+  ਪਰ ਫਲਿਸਤੀਆਂ ਦੇ ਪ੍ਰਧਾਨਾਂ ਨੇ ਪੁੱਛਿਆ: “ਇਹ ਇਬਰਾਨੀ ਇੱਥੇ ਕੀ ਕਰ ਰਹੇ ਹਨ?” ਆਕੀਸ਼ ਨੇ ਫਲਿਸਤੀਆਂ ਦੇ ਪ੍ਰਧਾਨਾਂ ਨੂੰ ਜਵਾਬ ਦਿੱਤਾ: “ਇਹ ਇਜ਼ਰਾਈਲ ਦੇ ਰਾਜੇ ਸ਼ਾਊਲ ਦਾ ਸੇਵਕ ਦਾਊਦ ਹੈ ਜੋ ਇਕ ਸਾਲ ਤੋਂ, ਸਗੋਂ ਇਸ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਨਾਲ ਹੈ।+ ਜਿਸ ਦਿਨ ਤੋਂ ਇਹ ਉਸ ਨੂੰ ਛੱਡ ਕੇ ਮੇਰੇ ਕੋਲ ਆਇਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਨੂੰ ਇਸ ਵਿਚ ਕੋਈ ਦੋਸ਼ ਨਹੀਂ ਲੱਭਾ।”  ਪਰ ਫਲਿਸਤੀਆਂ ਦੇ ਪ੍ਰਧਾਨ ਉਸ ’ਤੇ ਗੁੱਸੇ ਹੋਏ ਤੇ ਕਹਿਣ ਲੱਗੇ: “ਇਸ ਆਦਮੀ ਨੂੰ ਵਾਪਸ ਭੇਜ ਦੇ।+ ਇਹਨੂੰ ਉਸ ਜਗ੍ਹਾ ਵਾਪਸ ਭੇਜ ਦੇ ਜਿਹੜੀ ਤੂੰ ਇਹਨੂੰ ਦਿੱਤੀ ਸੀ। ਇਹਨੂੰ ਸਾਡੇ ਨਾਲ ਯੁੱਧ ਵਿਚ ਨਾ ਆਉਣ ਦੇਈਂ, ਕਿਤੇ ਇੱਦਾਂ ਨਾ ਹੋਵੇ ਕਿ ਇਹ ਯੁੱਧ ਦੌਰਾਨ ਸਾਡੇ ਹੀ ਖ਼ਿਲਾਫ਼ ਹੋ ਜਾਵੇ।+ ਉਸ ਲਈ ਆਪਣੇ ਮਾਲਕ ਦੀ ਮਿਹਰ ਪਾਉਣ ਲਈ ਇਸ ਤੋਂ ਵਧੀਆ ਕਿਹੜੀ ਗੱਲ ਹੋਵੇਗੀ ਕਿ ਉਹ ਸਾਡੇ ਆਦਮੀਆਂ ਦੇ ਸਿਰ ਵੱਢ ਕੇ ਲੈ ਜਾਵੇ?  ਕੀ ਇਹ ਉਹੀ ਦਾਊਦ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ: ‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,ਦਾਊਦ ਨੇ ਮਾਰਿਆ ਲੱਖਾਂ ਨੂੰ’?”+  ਇਸ ਲਈ ਆਕੀਸ਼+ ਨੇ ਦਾਊਦ ਨੂੰ ਬੁਲਾ ਕੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਤੂੰ ਖਰਾ ਬੰਦਾ ਹੈਂ ਤੇ ਮੈਨੂੰ ਖ਼ੁਸ਼ੀ ਹੈ ਕਿ ਤੂੰ ਮੇਰੀ ਫ਼ੌਜ ਨਾਲ ਯੁੱਧ ਵਿਚ ਜਾ ਰਿਹਾ ਹੈਂ+ ਕਿਉਂਕਿ ਜਿਸ ਦਿਨ ਤੋਂ ਤੂੰ ਮੇਰੇ ਕੋਲ ਆਇਆ ਹੈਂ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਨੂੰ ਤੇਰੇ ਵਿਚ ਕੋਈ ਦੋਸ਼ ਨਹੀਂ ਲੱਭਾ।+ ਪਰ ਬਾਕੀ ਹਾਕਮਾਂ ਨੂੰ ਤੇਰੇ ’ਤੇ ਭਰੋਸਾ ਨਹੀਂ।+  ਇਸ ਲਈ ਸ਼ਾਂਤੀ ਨਾਲ ਮੁੜ ਜਾਹ ਅਤੇ ਅਜਿਹਾ ਕੁਝ ਨਾ ਕਰੀਂ ਜਿਸ ਨਾਲ ਫਲਿਸਤੀਆਂ ਦੇ ਹਾਕਮਾਂ ਨੂੰ ਗੁੱਸਾ ਚੜ੍ਹੇ।”  ਦਾਊਦ ਨੇ ਆਕੀਸ਼ ਨੂੰ ਕਿਹਾ: “ਪਰ ਕਿਉਂ, ਮੈਂ ਕੀ ਕੀਤਾ ਹੈ? ਜਿਸ ਦਿਨ ਤੋਂ ਮੈਂ ਤੇਰੇ ਕੋਲ ਆਇਆ ਹਾਂ, ਉਸ ਦਿਨ ਤੋਂ ਲੈ ਕੇ ਅੱਜ ਤਕ ਤੈਨੂੰ ਆਪਣੇ ਸੇਵਕ ਵਿਚ ਕਿਹੜਾ ਦੋਸ਼ ਲੱਭਾ ਹੈ? ਮੈਂ ਤੇਰੇ ਨਾਲ ਕਿਉਂ ਨਾ ਆਵਾਂ ਤੇ ਆਪਣੇ ਪ੍ਰਭੂ ਅਤੇ ਮਹਾਰਾਜ ਦੇ ਦੁਸ਼ਮਣਾਂ ਨਾਲ ਕਿਉਂ ਨਾ ਲੜਾਂ?”  ਆਕੀਸ਼ ਨੇ ਦਾਊਦ ਨੂੰ ਜਵਾਬ ਦਿੱਤਾ: “ਮੇਰੀਆਂ ਨਜ਼ਰਾਂ ਵਿਚ ਤਾਂ ਤੂੰ ਪਰਮੇਸ਼ੁਰ ਦੇ ਇਕ ਦੂਤ ਜਿੰਨਾ ਚੰਗਾ ਹੈਂ।+ ਪਰ ਫਲਿਸਤੀਆਂ ਦੇ ਪ੍ਰਧਾਨ ਕਹਿੰਦੇ ਹਨ, ‘ਇਹਨੂੰ ਸਾਡੇ ਨਾਲ ਯੁੱਧ ਵਿਚ ਨਾ ਜਾਣ ਦੇ।’ 10  ਇਸ ਲਈ ਤੂੰ ਅਤੇ ਤੇਰੇ ਨਾਲ ਆਏ ਤੇਰੇ ਮਾਲਕ ਦੇ ਸੇਵਕ ਸਵੇਰੇ ਜਲਦੀ ਉੱਠਿਓ; ਤੜਕੇ ਉੱਠਿਓ ਅਤੇ ਚਾਨਣ ਹੁੰਦਿਆਂ ਹੀ ਚਲੇ ਜਾਇਓ।” 11  ਇਸ ਲਈ ਦਾਊਦ ਤੇ ਉਸ ਦੇ ਆਦਮੀ ਸਵੇਰੇ ਜਲਦੀ ਉੱਠੇ ਤੇ ਫਲਿਸਤੀਆਂ ਦੇ ਦੇਸ਼ ਨੂੰ ਮੁੜ ਗਏ ਅਤੇ ਫਲਿਸਤੀ ਯਿਜ਼ਰਾਏਲ+ ਵੱਲ ਨੂੰ ਚਲੇ ਗਏ।

ਫੁਟਨੋਟ