1.2
ਇਸ ਅਨੁਵਾਦ ਦੀਆਂ ਖੂਬੀਆਂ
ਅੰਗ੍ਰੇਜ਼ੀ ਵਿਚ ਮਸੀਹੀ ਯੂਨਾਨੀ ਲਿਖਤਾਂ ਦਾ ਨਵੀਂ ਦੁਨੀਆਂ ਅਨੁਵਾਦ 1950 ਵਿਚ ਰੀਲੀਜ਼ ਕੀਤਾ ਗਿਆ ਸੀ ਅਤੇ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1961 ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਨੂੰ ਮੁਢਲੀਆਂ ਭਾਸ਼ਾਵਾਂ ਤੋਂ ਸਹੀ-ਸਹੀ ਅਨੁਵਾਦ ਕੀਤਾ ਗਿਆ ਸੀ ਅਤੇ ਇਹ ਪੜ੍ਹਨ ਵਿਚ ਸੌਖਾ ਹੈ। ਉਦੋਂ ਤੋਂ ਕਰੋੜਾਂ ਲੋਕਾਂ ਨੇ 180 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਇਸ ਅਨੁਵਾਦ ਤੋਂ ਫ਼ਾਇਦਾ ਲਿਆ ਹੈ।
ਪਰ ਪਿਛਲੇ 50 ਸਾਲਾਂ ਦੌਰਾਨ ਭਾਸ਼ਾਵਾਂ ਵਿਚ ਤਬਦੀਲੀਆਂ ਆਈਆਂ ਹਨ। ਮੌਜੂਦਾ ਨਵੀਂ ਦੁਨੀਆਂ ਅਨੁਵਾਦ ਕਮੇਟੀ ਨੇ ਇਨ੍ਹਾਂ ਤਬਦੀਲੀਆਂ ਕਰਕੇ ਅਜਿਹਾ ਅਨੁਵਾਦ ਤਿਆਰ ਕਰਨ ਦਾ ਫ਼ੈਸਲਾ ਕੀਤਾ ਜੋ ਅੱਜ ਲੋਕਾਂ ਦੇ ਦਿਲਾਂ ਨੂੰ ਛੂਹੇ। ਇਸ ਕਰਕੇ ਇਸ ਅਨੁਵਾਦ ਵਿਚ ਲਿਖਣ ਦੇ ਤਰੀਕੇ ਅਤੇ ਸ਼ਬਦਾਂ ਵਿਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ। ਇਸ ਤਰ੍ਹਾਂ ਕਰਦੇ ਵੇਲੇ ਅੱਗੇ ਦੱਸੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ:
-
ਅੱਜ ਬੋਲੀ ਜਾਂਦੀ ਅਤੇ ਸਮਝ ਆਉਣ ਵਾਲੀ ਭਾਸ਼ਾ ਦਾ ਇਸਤੇਮਾਲ। ਮਿਸਾਲ ਲਈ, “ਸਾਖੀ” ਦੀ ਜਗ੍ਹਾ “ਗਵਾਹੀ ਦਾ ਸੰਦੂਕ” ਅਤੇ “ਨਸੀਹਤ” ਵਰਤਿਆ ਗਿਆ ਹੈ। (ਕੂਚ 16:34; ਜ਼ਬੂਰ 19:7) “ਮੱਤ” ਦੀ ਜਗ੍ਹਾ “ਸੋਚਣ-ਸਮਝਣ ਦੀ ਕਾਬਲੀਅਤ” ਵਰਤਿਆ ਗਿਆ ਹੈ। (ਕਹਾਉਤਾਂ 2:11) “ਸੰਗ ਕਰਨਾ” ਦੀ ਜਗ੍ਹਾ “ਸਰੀਰਕ ਸੰਬੰਧ” ਵਰਤਿਆ ਗਿਆ ਹੈ। (ਉਤਪਤ 4:1) “ਲੁੱਚਪੁਣੇ” ਦੀ ਬਜਾਇ “ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ” ਅਤੇ “ਬਦਮਸਤੀਆਂ” ਦੀ ਜਗ੍ਹਾ “ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ” ਵਰਤਿਆ ਗਿਆ ਹੈ। (ਗਲਾਤੀਆਂ 5:19-21) “ਆਦ” ਲਈ “ਸ਼ੁਰੂ” ਅਤੇ “ਓੜਕ” ਅਤੇ “ਛੇਕੜ” ਦੀ ਜਗ੍ਹਾ “ਅੰਤ, ਆਖ਼ਰੀ, ਅੰਜਾਮ” ਸ਼ਬਦ ਵਰਤੇ ਗਏ ਹਨ। (ਉਤਪਤ 1:1; ਜ਼ਬੂਰ 39:4; ਕਹਾਉਤਾਂ 5:11; ਯਸਾਯਾਹ 47:7) “ਨੇਮ” ਲਈ “ਇਕਰਾਰ,” “ਸਤ” ਲਈ “ਸਹੀ, ਸੱਚਾ” ਅਤੇ “ਮਸੂਲੀਆ” ਲਈ “ਟੈਕਸ ਵਸੂਲਣ ਵਾਲਾ” ਇਸਤੇਮਾਲ ਕੀਤਾ ਗਿਆ ਹੈ।—ਉਤਪਤ 6:18; ਕੂਚ 9:27; ਜ਼ਬੂਰ 33:4; ਮੱਤੀ 10:3.
ਬਹੁਤ ਸਾਰੇ ਔਖੇ ਸ਼ਬਦਾਂ ਨੂੰ ਵੀ ਬਦਲਿਆ ਗਿਆ ਹੈ। ਮਿਸਾਲ ਲਈ, “ਜਗਵੇਦੀ” ਦੀ ਜਗ੍ਹਾ “ਵੇਦੀ,” “ਜਾਜਕ” ਦੀ ਜਗ੍ਹਾ “ਪੁਜਾਰੀ,” “ਹੈਕਲ” ਦੀ ਜਗ੍ਹਾ “ਮੰਦਰ” ਅਤੇ “ਕਲੀਸਿਯਾ” ਦੀ ਜਗ੍ਹਾ “ਮੰਡਲੀ” ਸ਼ਬਦ ਇਸਤੇਮਾਲ ਕੀਤੇ ਗਏ ਹਨ। (ਉਤਪਤ 8:20; 14:18; 1 ਸਮੂਏਲ 1:9; ਮੱਤੀ 16:18) “ਬੱਜ ਤੋਂ ਰਹਿਤ” ਜਾਨਵਰ ਲਈ ‘ਬਿਨਾਂ ਨੁਕਸ ਵਾਲਾ’ ਜਾਨਵਰ ਅਤੇ “ਪਰਾਸਚਿਤ ਦੇ ਸਰਪੋਸ਼” ਲਈ “ਢੱਕਣ” ਸ਼ਬਦ ਵਰਤੇ ਗਏ ਹਨ। (ਕੂਚ 12:5; 30:6) ਪੁਜਾਰੀ ਦੇ “ਅਮਾਮੇ” ਦੀ ਜਗ੍ਹਾ “ਪਗੜੀ” ਅਤੇ “ਪੇਟੀ” ਦੀ ਜਗ੍ਹਾ “ਲੱਕ ਲਈ ਪਟਕਾ” ਸ਼ਬਦ ਇਸਤੇਮਾਲ ਕੀਤੇ ਗਏ ਹਨ। (ਕੂਚ 28:4) “ਸ਼ਰਾ” ਲਈ “ਮੂਸਾ ਦਾ ਕਾਨੂੰਨ” ਸ਼ਬਦ ਵਰਤੇ ਗਏ ਹਨ।—ਮੱਤੀ 22:35.
-
ਬਾਈਬਲ ਦੇ ਸ਼ਬਦਾਂ ਦੀ ਸਹੀ ਸਮਝ ਦਿੱਤੀ ਗਈ ਹੈ। ਪੰਜਾਬੀ ਦੀਆਂ ਕੁਝ ਬਾਈਬਲਾਂ ਵਿਚ ਇਬਰਾਨੀ ਸ਼ਬਦ “ਸ਼ੀਓਲ” ਅਤੇ ਯੂਨਾਨੀ ਸ਼ਬਦ “ਹੇਡੀਜ਼” ਦਾ ਜ਼ਬੂਰ 16:10; ਰਸੂਲਾਂ ਦੇ ਕੰਮ 2:27.
ਅਨੁਵਾਦ “ਪਤਾਲ” ਕੀਤਾ ਗਿਆ ਹੈ। ਇਹ ਸ਼ਬਦ ਇਸ ਝੂਠੀ ਸਿੱਖਿਆ ਦਾ ਸਮਰਥਨ ਕਰਦਾ ਹੈ ਕਿ ਇਨਸਾਨ ਮਰਨ ਤੋਂ ਬਾਅਦ ਪਤਾਲ ਵਿਚ ਜੀਉਂਦਾ ਰਹਿੰਦਾ ਹੈ। ਪਰ “ਸ਼ੀਓਲ” ਅਤੇ “ਹੇਡੀਜ਼” ਦਾ ਮਤਲਬ ਹੈ ਕਬਰ ਜਿੱਥੇ ਮਰੇ ਇਨਸਾਨਾਂ ਨੂੰ ਦਫ਼ਨਾਇਆ ਜਾਂਦਾ ਹੈ। ਇਸੇ ਕਰਕੇ ਇਸ ਅਨੁਵਾਦ ਵਿਚ ਇਨ੍ਹਾਂ ਸ਼ਬਦਾਂ ਲਈ “ਕਬਰ” ਸ਼ਬਦ ਵਰਤਿਆ ਗਿਆ ਹੈ।—ਕਈ ਬਾਈਬਲਾਂ ਵਿਚ ਇਬਰਾਨੀ ਸ਼ਬਦ “ਰੂਆਖ” ਅਤੇ ਯੂਨਾਨੀ ਸ਼ਬਦ “ਪਨੈਵਮਾ” ਦਾ ਅਨੁਵਾਦ “ਆਤਮਾ” ਕੀਤਾ ਗਿਆ ਹੈ। ਇਹ ਸ਼ਬਦ ਅਮਰ ਆਤਮਾ ਦੀ ਝੂਠੀ ਸਿੱਖਿਆ ਦਾ ਸਮਰਥਨ ਕਰਦਾ ਹੈ। “ਰੂਆਖ” ਅਤੇ “ਪਨੈਵਮਾ” ਦਾ ਮੂਲ ਅਰਥ “ਸਾਹ” ਹੈ। ਪਰ ਇਸ ਦਾ ਮਤਲਬ “ਮਨ ਦਾ ਸੁਭਾਅ,” “ਚੰਗੇ ਅਤੇ ਦੁਸ਼ਟ ਦੂਤ,” “ਜ਼ਿੰਦਗੀ,” “ਮਨ,” “ਸ਼ਕਤੀ,” “ਪਵਿੱਤਰ ਸ਼ਕਤੀ,” “ਜੋਸ਼” ਅਤੇ “ਹਵਾ” ਹੋ ਸਕਦਾ ਹੈ। ਇਸ ਲਈ ਇਸ ਅਨੁਵਾਦ ਵਿਚ “ਰੂਆਖ” ਅਤੇ “ਪਨੈਵਮਾ” ਲਈ ਵਿਸ਼ੇ ਅਨੁਸਾਰ ਸ਼ਬਦ ਵਰਤੇ ਗਏ ਹਨ।—ਉਤਪਤ 6:17; ਗਿਣਤੀ 14:24; 1 ਰਾਜਿਆਂ 22:21; ਕਹਾਉਤਾਂ 18:14; ਦਾਨੀਏਲ 4:8; ਮੱਤੀ 6:25; 28:19, 20; ਲੂਕਾ 1:17.
ਇਨ੍ਹਾਂ ਬਾਈਬਲਾਂ ਵਿਚ “ਨਰਕ” ਸ਼ਬਦ ਵੀ ਵਰਤਿਆ ਗਿਆ ਹੈ। ਪਰ ਇਸ ਅਨੁਵਾਦ ਵਿਚ ਮੱਤੀ 5:22, 29, 30 ਅਤੇ ਮਰਕੁਸ 9:43 ਅਤੇ ਲੂਕਾ 12:5 ਵਿਚ ਯੂਨਾਨੀ ਸ਼ਬਦ “ਗ਼ਹੈਨਾ” ਇਸਤੇਮਾਲ ਕੀਤਾ ਗਿਆ ਹੈ ਅਤੇ “ਸ਼ਬਦਾਵਲੀ” ਵਿਚ ਇਸ ਦਾ ਮਤਲਬ ਸਮਝਾਇਆ ਗਿਆ ਹੈ।
ਯੂਨਾਨੀ ਸ਼ਬਦ “ਸਟਾਉਰੋਸ” ਦਾ ਅਨੁਵਾਦ ਅਕਸਰ “ਸਲੀਬ” ਕੀਤਾ ਜਾਂਦਾ ਹੈ। ਪਰ ਯੂਨਾਨੀ ਵਿਚ ਇਸ ਸ਼ਬਦ ਦਾ ਮਤਲਬ ਹੈ ਸੂਲ਼ੀ, ਬੱਲੀ ਜਾਂ ਥੰਮ੍ਹੀ। ਯਿਸੂ ਨੂੰ ਅਜਿਹੀ ਸੂਲ਼ੀ ਜਾਂ ਬੱਲੀ ਉੱਤੇ ਮੌਤ ਦੀ ਸਜ਼ਾ ਦਿੱਤੀ ਗਈ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਯੂਨਾਨੀ ਸ਼ਬਦ ਦਾ ਮਤਲਬ ਸਲੀਬ ਜਾਂ ਕ੍ਰਾਸ ਹੈ। ਬਹੁਤ ਸਾਰੇ ਧਰਮਾਂ ਦੇ ਲੋਕ ਮਸੀਹ ਤੋਂ ਕਈ ਸਦੀਆਂ ਪਹਿਲਾਂ ਤੋਂ ਸਲੀਬ ਨੂੰ ਧਾਰਮਿਕ ਚਿੰਨ੍ਹ ਦੇ ਤੌਰ ਤੇ ਵਰਤਦੇ ਸਨ। ਇਸ ਲਈ ਇਸ ਅਨੁਵਾਦ ਵਿਚ “ਤਸੀਹੇ ਦੀ ਸੂਲ਼ੀ” ਸ਼ਬਦ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਯੂਨਾਨੀ ਸ਼ਬਦ ਦਾ ਸਹੀ ਮਤਲਬ ਹੈ।—ਮੱਤੀ 16:24; ਇਬਰਾਨੀਆਂ 12:2.
ਇਸ ਅਨੁਵਾਦ ਵਿਚ ਉਨ੍ਹਾਂ ਥਾਵਾਂ ʼਤੇ ਸ਼ਬਦ “ਗੁਰਦੇ” ਇਸਤੇਮਾਲ ਕੀਤਾ ਗਿਆ ਹੈ ਜਿੱਥੇ ਵੀ ਸਰੀਰ ਦੇ ਅੰਗ ਦੀ ਗੱਲ ਕੀਤੀ ਗਈ ਹੈ। ਪਰ ਜ਼ਬੂਰ 7:9 ਅਤੇ 26:2 ਅਤੇ ਪ੍ਰਕਾਸ਼ ਦੀ ਕਿਤਾਬ 2:23 ਵਿਚ “ਡੂੰਘੀਆਂ ਭਾਵਨਾਵਾਂ” ਅਤੇ “ਮਨ ਦੀਆਂ ਸੋਚਾਂ” ਦੀ ਗੱਲ ਕੀਤੀ ਗਈ ਹੈ, ਇਸ ਕਰਕੇ ਇਨ੍ਹਾਂ ਆਇਤਾਂ ਵਿਚ ਇਹੀ ਸ਼ਬਦ ਵਰਤੇ ਗਏ ਹਨ, ਪਰ “ਗੁਰਦੇ” ਸ਼ਬਦ ਫੁਟਨੋਟ ਵਿਚ ਦਿੱਤਾ ਗਿਆ ਹੈ।
ਹੋਰ ਵੀ ਕੁਝ ਸ਼ਬਦ ਹਨ ਜੋ ਇੰਨੇ ਆਮ ਨਹੀਂ ਹਨ ਅਤੇ ਗ਼ਲਤ ਮਤਲਬ ਦਿੰਦੇ ਹਨ। ਉਨ੍ਹਾਂ ਦੀ ਜਗ੍ਹਾ ਹੋਰ ਸ਼ਬਦ ਵਰਤੇ ਗਏ ਹਨ। ਮਿਸਾਲ ਲਈ, “ਦਿਓ ਯਾਰਾਂ” ਤੇ “ਭੂਤ ਮਿੱਤ੍ਰ” ਲਈ “ਚੇਲੇ-ਚਾਂਟੇ” ਸ਼ਬਦ ਵਰਤੇ ਗਏ ਹਨ। (ਲੇਵੀਆਂ 19:31) ਕਈ ਬਾਈਬਲਾਂ ਵਿਚ ਇਕ ਇਬਰਾਨੀ ਅਤੇ ਯੂਨਾਨੀ ਸ਼ਬਦ ਦਾ ਅਨੁਵਾਦ “ਖੁਸਰਾ” ਕੀਤਾ ਗਿਆ ਹੈ, ਪਰ ਉਸ ਸ਼ਬਦ ਦਾ ਮਤਲਬ ਕਈ ਜਗ੍ਹਾ “ਦਰਬਾਰੀ,” “ਅਧਿਕਾਰੀ” ਜਾਂ “ਮੰਤਰੀ” ਵੀ ਹੋ ਸਕਦਾ ਹੈ। (ਯਿਰਮਿਯਾਹ 38:7; ਰਸੂਲਾਂ ਦੇ ਕੰਮ 8:27) ਇਸ ਲਈ ਇਸ ਅਨੁਵਾਦ ਵਿਚ “ਖੁਸਰਾ” ਸ਼ਬਦ ਦੀ ਜਗ੍ਹਾ ਇਹ ਤਿੰਨ ਸ਼ਬਦ ਵਰਤੇ ਗਏ ਹਨ।
-
ਪੜ੍ਹਨ ਵਿਚ ਆਸਾਨ। ਇਸ ਅਨੁਵਾਦ ਵਿਚ ਆਮ ਬੋਲੀ ਜਾਣ ਵਾਲੀ ਭਾਸ਼ਾ ਵਰਤੀ ਗਈ ਹੈ ਅਤੇ ਬਹੁਤ ਸਾਰੇ ਪੁਰਾਣੇ ਸ਼ਬਦ ਇਸਤੇਮਾਲ ਨਹੀਂ ਕੀਤੇ ਗਏ ਹਨ, ਜਿਵੇਂ ਕਿ “ਭਈ,” “ਐਉਂ,” “ਅਰ,” “ਡਿੱਠਾ,” “ਠੌਰ,” “ਗੋਰ,” “ਅਸੀਰ,” “ਲਿਖਤੁਮ।” ਕਈ ਵਿਅਕਤੀਆਂ ਅਤੇ ਥਾਵਾਂ ਦੇ ਨਾਂਵਾਂ ਦੇ ਸ਼ਬਦ-ਜੋੜ ਵੀ ਬਦਲੇ ਗਏ ਹਨ ਤਾਂਕਿ ਉਹ ਪੜ੍ਹਨ ਵਿਚ ਆਸਾਨ ਹੋਣ, ਜਿਵੇਂ ਕਿ ਮਿਰਯਮ ਦੀ ਜਗ੍ਹਾ ਮਿਰੀਅਮ, ਮਰਿਯਮ ਦੀ ਜਗ੍ਹਾ ਮਰੀਅਮ, ਰਾਖੇਲ ਦੀ ਜਗ੍ਹਾ ਰਾਕੇਲ ਅਤੇ ਸੀਯੋਨ ਦੀ ਜਗ੍ਹਾ ਸੀਓਨ ਵਰਤੇ ਗਏ ਹਨ।
ਪ੍ਰਾਰਥਨਾ ਕਰਨ ਤੋਂ ਬਾਅਦ ਬਹੁਤ ਧਿਆਨ ਨਾਲ ਇਹ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਬਦੀਲੀਆਂ ਸੰਬੰਧੀ ਫ਼ੈਸਲੇ ਕਰਦਿਆਂ ਅਸੀਂ ਪਹਿਲੀ ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ ਵੱਲੋਂ ਕੀਤੀ ਮਿਹਨਤ ਲਈ ਵੀ ਕਦਰਦਾਨੀ ਦਿਖਾਈ ਹੈ।
ਇਸ ਅਨੁਵਾਦ ਦੀਆਂ ਹੋਰ ਖੂਬੀਆਂ:
ਇਸ ਬਾਈਬਲ ਵਿਚ ਬਹੁਤ ਸਾਰੇ ਫੁਟਨੋਟ ਵੀ ਦਿੱਤੇ ਗਏ ਹਨ ਜੋ ਕਿ ਥੱਲੇ ਦੱਸੇ ਤਰੀਕਿਆਂ ਨਾਲ ਵਰਤੇ ਗਏ ਹਨ:
-
“ਜਾਂ” ਇਬਰਾਨੀ, ਅਰਾਮੀ ਜਾਂ ਯੂਨਾਨੀ ਸ਼ਬਦਾਂ ਦਾ ਇਕ ਹੋਰ ਅਨੁਵਾਦ ਜੋ ਇੱਕੋ ਜਿਹਾ ਮਤਲਬ ਦਿੰਦਾ ਹੈ।—ਉਤਪਤ 6:2, “ਪਰਮੇਸ਼ੁਰ ਦੇ ਪੁੱਤਰ”; ਯਹੋਸ਼ੁਆ 1:8, “ਧੀਮੀ ਆਵਾਜ਼ ਵਿਚ ਪੜ੍ਹੀਂ।”
-
“ਜਾਂ ਸੰਭਵ ਹੈ” ਸ਼ਬਦਾਂ ਦਾ ਇਕ ਹੋਰ ਅਨੁਵਾਦ ਜੋ ਸਹੀ ਪਰ ਬਿਲਕੁਲ ਅਲੱਗ ਮਤਲਬ ਦਿੰਦਾ ਹੈ।—ਉਤਪਤ 21:6, “ਮੇਰੇ ਨਾਲ ਹੱਸੇਗਾ”; ਜ਼ਕਰਯਾਹ 14:21, “ਕਨਾਨੀ।”
-
“ਇਬ,” “ਯੂਨਾ,” ਇਬਰਾਨੀ, ਅਰਾਮੀ ਜਾਂ ਯੂਨਾਨੀ ਦਾ ਸ਼ਬਦ-ਬ-ਸ਼ਬਦ ਅਨੁਵਾਦ ਜਾਂ ਇਨ੍ਹਾਂ ਭਾਸ਼ਾਵਾਂ ਦਾ ਮੂਲ ਅਰਥ।—ਉਤਪਤ 28:2, “ਨਾਨੇ”; ਬਿਵਸਥਾ ਸਾਰ 32:14, “ਅੰਗੂਰਾਂ ਦੇ ਰਸ।”
-
ਮਤਲਬ ਅਤੇ ਜਾਣਕਾਰੀ ਨਾਵਾਂ ਦੇ ਮਤਲਬ (ਉਤਪਤ 3:17, “ਆਦਮ”; ਕੂਚ 15:23, “ਮਾਰਾਹ”); ਨਾਪ-ਤੋਲ ਬਾਰੇ ਜਾਣਕਾਰੀ (ਉਤਪਤ 6:15, “ਹੱਥ”); ਪੜਨਾਂਵ ਕਿਸ ਲਈ ਵਰਤਿਆ ਗਿਆ (ਉਤਪਤ 38:5, “ਉਹ”); “ਵਧੇਰੇ ਜਾਣਕਾਰੀ” ਅਤੇ “ਸ਼ਬਦਾਵਲੀ” ਵਿਚ ਹੋਰ ਫ਼ਾਇਦੇਮੰਦ ਜਾਣਕਾਰੀ।—ਉਤਪਤ 37:35, “ਕਬਰ”; ਮੱਤੀ 5:22, “ਗ਼ਹੈਨਾ।”
ਇਸ ਅਨੁਵਾਦ ਦੇ ਸ਼ੁਰੂ ਵਿਚ “ਪਰਮੇਸ਼ੁਰ ਦੇ ਬਚਨ ਬਾਰੇ ਜਾਣੋ” ਭਾਗ ਵਿਚ ਬਾਈਬਲ ਦੀਆਂ ਕੁਝ ਬੁਨਿਆਦੀ ਸਿੱਖਿਆਵਾਂ ਦਿੱਤੀਆਂ ਗਈਆਂ ਹਨ। ਬਾਈਬਲ ਦੀ ਆਖ਼ਰੀ ਕਿਤਾਬ ਤੋਂ ਬਾਅਦ “ਬਾਈਬਲ ਦੀਆਂ ਕਿਤਾਬਾਂ ਦੀ ਸੂਚੀ,” “ਬਾਈਬਲ ਦੇ ਸ਼ਬਦਾਂ ਦੀ ਸੂਚੀ” ਅਤੇ “ਸ਼ਬਦਾਵਲੀ” ਹੈ। “ਸ਼ਬਦਾਵਲੀ” ਵਿਚ ਕੁਝ ਖ਼ਾਸ ਸ਼ਬਦਾਂ ਦਾ ਮਤਲਬ ਸਮਝਾਇਆ ਗਿਆ ਹੈ ਕਿ ਉਨ੍ਹਾਂ ਨੂੰ ਬਾਈਬਲ ਵਿਚ ਕਿਵੇਂ ਇਸਤੇਮਾਲ ਕੀਤਾ ਗਿਆ ਹੈ। ਵਧੇਰੇ ਜਾਣਕਾਰੀ 1 ਵਿਚ ਇਹ ਭਾਗ ਦਿੱਤੇ ਗਏ ਹਨ: “ਬਾਈਬਲ ਦਾ ਅਨੁਵਾਦ ਕਰਨ ਸੰਬੰਧੀ ਅਸੂਲ,” “ ਇਸ ਅਨੁਵਾਦ ਦੀਆਂ ਖੂਬੀਆਂ,” “ਬਾਈਬਲ ਸਾਡੇ ਤਕ ਕਿਵੇਂ ਪਹੁੰਚੀ?,” “ਇਬਰਾਨੀ ਲਿਖਤਾਂ ਵਿਚ ,” “ ਪਰਮੇਸ਼ੁਰ ਦਾ ਨਾਂਮਸੀਹੀ ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ,” “ਚਾਰਟ: ਯਹੂਦਾਹ ਅਤੇ ਇਜ਼ਰਾਈਲ ਦੇ ਨਬੀ ਤੇ ਰਾਜੇ” ਅਤੇ “ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ।” ਲਗਨ ਨਾਲ ਬਾਈਬਲ ਪੜ੍ਹਨ ਵਾਲਿਆਂ ਲਈ ਵਧੇਰੇ ਜਾਣਕਾਰੀ 2 ਵਿਚ ਨਕਸ਼ੇ, ਚਾਰਟ ਅਤੇ ਹੋਰ ਫ਼ਾਇਦੇਮੰਦ ਜਾਣਕਾਰੀ ਦਿੱਤੀ ਗਈ ਹੈ।
ਬਾਈਬਲ ਦੀ ਹਰ ਕਿਤਾਬ ਤੋਂ ਪਹਿਲਾਂ ਅਧਿਆਵਾਂ ਦਾ ਸਾਰ ਅਤੇ ਉਨ੍ਹਾਂ ਨਾਲ ਸੰਬੰਧਿਤ ਆਇਤਾਂ ਦਿੱਤੀਆਂ ਗਈਆਂ ਹਨ। ਇਸ ਨਾਲ ਪੜ੍ਹਨ ਵਾਲਿਆਂ ਨੂੰ ਪੂਰੀ ਕਿਤਾਬ ਦੀ ਝਲਕ ਮਿਲਦੀ ਹੈ। ਹਰ ਅਧਿਆਇ ਦੀਆਂ ਆਇਤਾਂ ਨਾਲ ਸੰਬੰਧਿਤ ਹੋਰ ਆਇਤਾਂ ਦੀ ਸੂਚੀ ਹਰ ਸਫ਼ੇ ਦੇ ਵਿਚਕਾਰ ਦਿੱਤੀ ਗਈ ਹੈ।