ਪਹਿਲਾ ਸਮੂਏਲ 31:1-13
-
ਸ਼ਾਊਲ ਅਤੇ ਉਸ ਦੇ ਤਿੰਨ ਪੁੱਤਰਾਂ ਦੀ ਮੌਤ (1-13)
31 ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ।+ ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ+ ’ਤੇ ਵੱਢੇ ਗਏ।
2 ਫਲਿਸਤੀ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ-ਕਰਦੇ ਉਨ੍ਹਾਂ ਦੇ ਨੇੜੇ ਆ ਪਹੁੰਚੇ ਅਤੇ ਫਲਿਸਤੀਆਂ ਨੇ ਸ਼ਾਊਲ ਦੇ ਪੁੱਤਰਾਂ ਯੋਨਾਥਾਨ,+ ਅਬੀਨਾਦਾਬ ਅਤੇ ਮਲਕੀ-ਸ਼ੂਆ+ ਨੂੰ ਮਾਰ ਦਿੱਤਾ।
3 ਸ਼ਾਊਲ ਖ਼ਿਲਾਫ਼ ਹੋ ਰਹੇ ਯੁੱਧ ਨੇ ਭਿਆਨਕ ਰੂਪ ਧਾਰ ਲਿਆ। ਤੀਰਅੰਦਾਜ਼ਾਂ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।+
4 ਫਿਰ ਸ਼ਾਊਲ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਵਿੰਨ੍ਹ ਸੁੱਟ, ਕਿਤੇ ਇੱਦਾਂ ਨਾ ਹੋਵੇ ਕਿ ਇਹ ਬੇਸੁੰਨਤੇ ਆਦਮੀ+ ਆ ਕੇ ਮੈਨੂੰ ਵਿੰਨ੍ਹਣ ਤੇ ਬੇਰਹਿਮੀ ਨਾਲ ਮੈਨੂੰ ਮਾਰ ਦੇਣ।”* ਪਰ ਉਸ ਦੇ ਹਥਿਆਰ ਚੁੱਕਣ ਵਾਲਾ ਰਾਜ਼ੀ ਨਾ ਹੋਇਆ ਕਿਉਂਕਿ ਉਹ ਬਹੁਤ ਡਰਿਆ ਹੋਇਆ ਸੀ। ਇਸ ਲਈ ਸ਼ਾਊਲ ਨੇ ਤਲਵਾਰ ਲਈ ਤੇ ਉਸ ਉੱਤੇ ਡਿਗ ਪਿਆ।+
5 ਜਦੋਂ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਦੇਖਿਆ ਕਿ ਸ਼ਾਊਲ ਮਰ ਚੁੱਕਾ ਸੀ,+ ਤਾਂ ਉਹ ਵੀ ਆਪਣੀ ਤਲਵਾਰ ’ਤੇ ਡਿਗ ਗਿਆ ਤੇ ਸ਼ਾਊਲ ਦੇ ਨਾਲ ਹੀ ਮਰ ਗਿਆ।
6 ਇਸ ਤਰ੍ਹਾਂ ਸ਼ਾਊਲ, ਉਸ ਦੇ ਤਿੰਨ ਪੁੱਤਰ, ਉਸ ਦੇ ਹਥਿਆਰ ਚੁੱਕਣ ਵਾਲਾ ਅਤੇ ਉਸ ਦੇ ਸਾਰੇ ਆਦਮੀ ਉਸੇ ਦਿਨ ਮਰ ਗਏ।+
7 ਜਦੋਂ ਘਾਟੀ ਦੇ ਇਲਾਕੇ ਵਿਚ ਅਤੇ ਯਰਦਨ ਦੇ ਇਲਾਕੇ ਵਿਚ ਰਹਿੰਦੇ ਇਜ਼ਰਾਈਲੀ ਲੋਕਾਂ ਨੇ ਦੇਖਿਆ ਕਿ ਇਜ਼ਰਾਈਲ ਦੇ ਆਦਮੀ ਭੱਜ ਗਏ ਸਨ ਅਤੇ ਸ਼ਾਊਲ ਤੇ ਉਸ ਦੇ ਪੁੱਤਰ ਮਰ ਗਏ ਸਨ, ਤਾਂ ਉਨ੍ਹਾਂ ਨੇ ਸ਼ਹਿਰਾਂ ਨੂੰ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ;+ ਫਿਰ ਫਲਿਸਤੀਆਂ ਨੇ ਆ ਕੇ ਉਨ੍ਹਾਂ ’ਤੇ ਕਬਜ਼ਾ ਕਰ ਲਿਆ।
8 ਅਗਲੇ ਦਿਨ ਜਦੋਂ ਫਲਿਸਤੀ ਲਾਸ਼ਾਂ ਤੋਂ ਸ਼ਸਤਰ-ਬਸਤਰ ਲਾਹੁਣ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਤੇ ਉਸ ਦੇ ਤਿੰਨ ਪੁੱਤਰ ਗਿਲਬੋਆ ਪਹਾੜ+ ’ਤੇ ਮਰੇ ਪਏ ਸਨ।
9 ਉਨ੍ਹਾਂ ਨੇ ਸ਼ਾਊਲ ਦਾ ਸਿਰ ਵੱਢ ਦਿੱਤਾ ਤੇ ਉਸ ਦੇ ਸ਼ਸਤਰ-ਬਸਤਰ ਲਾਹ ਲਏ। ਉਨ੍ਹਾਂ ਨੇ ਇਹ ਖ਼ਬਰ ਆਪਣੇ ਬੁੱਤਾਂ+ ਦੇ ਘਰਾਂ* ਵਿਚ ਅਤੇ ਲੋਕਾਂ ਤਕ ਪਹੁੰਚਾਉਣ ਲਈ ਫਲਿਸਤੀਆਂ ਦੇ ਸਾਰੇ ਦੇਸ਼ ਵਿਚ ਸੰਦੇਸ਼ ਘੱਲਿਆ।+
10 ਫਿਰ ਉਨ੍ਹਾਂ ਨੇ ਉਸ ਦੇ ਸ਼ਸਤਰ-ਬਸਤਰ ਅਸ਼ਤਾਰੋਥ ਦੀਆਂ ਮੂਰਤਾਂ ਦੇ ਘਰ ਵਿਚ ਰੱਖ ਦਿੱਤੇ ਅਤੇ ਉਸ ਦੀ ਲਾਸ਼ ਨੂੰ ਬੈਤ-ਸ਼ਾਨ+ ਦੀ ਕੰਧ ’ਤੇ ਲਟਕਾ ਦਿੱਤਾ।
11 ਜਦ ਯਾਬੇਸ਼-ਗਿਲਆਦ+ ਦੇ ਵਾਸੀਆਂ ਨੇ ਸੁਣਿਆ ਕਿ ਫਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ,
12 ਤਾਂ ਸਾਰੇ ਯੋਧੇ ਉੱਠੇ ਤੇ ਉਨ੍ਹਾਂ ਨੇ ਸਾਰੀ ਰਾਤ ਸਫ਼ਰ ਕੀਤਾ ਅਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਬੈਤ-ਸ਼ਾਨ ਦੀ ਕੰਧ ਤੋਂ ਲਾਹ ਲਈਆਂ। ਫਿਰ ਉਹ ਯਾਬੇਸ਼ ਨੂੰ ਮੁੜ ਆਏ ਤੇ ਉਨ੍ਹਾਂ ਲਾਸ਼ਾਂ ਨੂੰ ਉੱਥੇ ਸਾੜ ਦਿੱਤਾ।
13 ਫਿਰ ਉਨ੍ਹਾਂ ਨੇ ਉਨ੍ਹਾਂ ਦੀਆਂ ਹੱਡੀਆਂ+ ਲਈਆਂ ਤੇ ਯਾਬੇਸ਼ ਵਿਚ ਝਾਊ ਦੇ ਦਰਖ਼ਤ ਹੇਠ ਦਫ਼ਨਾ ਦਿੱਤੀਆਂ+ ਤੇ ਉਨ੍ਹਾਂ ਨੇ ਸੱਤ ਦਿਨ ਵਰਤ ਰੱਖਿਆ।