ਪਹਿਲਾ ਸਮੂਏਲ 17:1-58

  • ਦਾਊਦ ਨੇ ਗੋਲਿਅਥ ਨੂੰ ਹਰਾਇਆ (1-58)

    • ਗੋਲਿਅਥ ਨੇ ਇਜ਼ਰਾਈਲ ਨੂੰ ਲਲਕਾਰਿਆ (8-10)

    • ਦਾਊਦ ਨੇ ਲਲਕਾਰ ਕਬੂਲੀ (32-37)

    • ਦਾਊਦ ਯਹੋਵਾਹ ਦੇ ਨਾਂ ʼਤੇ ਲੜਿਆ (45-47)

17  ਫਲਿਸਤੀਆਂ+ ਨੇ ਆਪਣੀਆਂ ਫ਼ੌਜਾਂ* ਨੂੰ ਯੁੱਧ ਲਈ ਇਕੱਠਾ ਕੀਤਾ। ਉਹ ਯਹੂਦਾਹ ਦੇ ਸ਼ਹਿਰ ਸੋਕੋਹ+ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਸੋਕੋਹ ਤੇ ਅਜ਼ੇਕਾਹ+ ਦੇ ਵਿਚਕਾਰ ਅਫਸ-ਦੰਮੀਮ+ ਵਿਚ ਡੇਰਾ ਲਾਇਆ।  2  ਸ਼ਾਊਲ ਅਤੇ ਇਜ਼ਰਾਈਲ ਦੇ ਆਦਮੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਏਲਾਹ ਵਾਦੀ ਵਿਚ ਡੇਰਾ ਲਾਇਆ+ ਤੇ ਫਲਿਸਤੀਆਂ ਦਾ ਸਾਮ੍ਹਣਾ ਕਰਨ ਲਈ ਮੋਰਚਾ ਬੰਨ੍ਹਿਆ।  3  ਇਕ ਪਹਾੜ ʼਤੇ ਫਲਿਸਤੀ ਅਤੇ ਦੂਜੇ ਪਹਾੜ ʼਤੇ ਇਜ਼ਰਾਈਲੀ ਸਨ ਅਤੇ ਉਨ੍ਹਾਂ ਵਿਚਕਾਰ ਵਾਦੀ ਸੀ। 4  ਫਿਰ ਫਲਿਸਤੀਆਂ ਦੇ ਡੇਰਿਆਂ ਵਿੱਚੋਂ ਇਕ ਯੋਧਾ ਨਿਕਲਿਆ; ਉਹ ਗਥ+ ਤੋਂ ਸੀ ਤੇ ਉਸ ਦਾ ਨਾਂ ਗੋਲਿਅਥ+ ਸੀ ਅਤੇ ਉਸ ਦਾ ਕੱਦ ਛੇ ਹੱਥ, ਇਕ ਗਿੱਠ ਸੀ।* 5  ਉਸ ਦੇ ਸਿਰ ʼਤੇ ਤਾਂਬੇ ਦਾ ਟੋਪ ਸੀ ਅਤੇ ਉਸ ਨੇ ਤਾਂਬੇ ਦੀ ਸੰਜੋਅ* ਪਹਿਨੀ ਹੋਈ ਸੀ। ਉਸ ਦੀ ਤਾਂਬੇ ਦੀ ਸੰਜੋਅ+ ਦਾ ਭਾਰ 5,000 ਸ਼ੇਕੇਲ* ਸੀ।  6  ਉਸ ਦੀਆਂ ਲੱਤਾਂ ਤਾਂਬੇ ਦੇ ਕਵਚ ਨਾਲ ਢਕੀਆਂ ਹੋਈਆਂ ਸਨ ਅਤੇ ਉਸ ਨੇ ਪਿੱਠ ʼਤੇ ਤਾਂਬੇ ਦਾ ਨੇਜ਼ਾ+ ਲਟਕਾਇਆ ਹੋਇਆ ਸੀ।  7  ਉਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਸੀ+ ਅਤੇ ਲੋਹੇ ਦੇ ਫਲ ਦਾ ਭਾਰ 600 ਸ਼ੇਕੇਲ* ਸੀ; ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ-ਅੱਗੇ ਤੁਰ ਰਿਹਾ ਸੀ।  8  ਫਿਰ ਉਹ ਖੜ੍ਹ ਗਿਆ ਅਤੇ ਇਜ਼ਰਾਈਲ ਦੀ ਫ਼ੌਜ ਨੂੰ ਲਲਕਾਰ ਕੇ ਕਿਹਾ:+ “ਤੁਸੀਂ ਇੱਥੇ ਆ ਕੇ ਮੋਰਚਾ ਕਿਉਂ ਬੰਨ੍ਹਿਆ ਹੈ? ਮੈਂ ਫਲਿਸਤੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਯੋਧਾ ਹਾਂ ਤੇ ਤੁਸੀਂ ਸ਼ਾਊਲ ਦੇ ਨੌਕਰ ਹੋ। ਹੁਣ ਤੁਸੀਂ ਆਪਣੇ ਵਿੱਚੋਂ ਇਕ ਆਦਮੀ ਚੁਣੋ ਤੇ ਉਸ ਨੂੰ ਮੇਰੇ ਕੋਲ ਭੇਜੋ।  9  ਜੇ ਉਹ ਮੇਰੇ ਨਾਲ ਲੜੇ ਤੇ ਮੈਨੂੰ ਮਾਰ ਸੁੱਟੇ, ਤਾਂ ਅਸੀਂ ਤੁਹਾਡੇ ਨੌਕਰ ਬਣ ਜਾਵਾਂਗੇ। ਪਰ ਜੇ ਮੈਂ ਉਸ ਨੂੰ ਹਰਾ ਦਿੱਤਾ ਤੇ ਉਸ ਨੂੰ ਮਾਰ ਸੁੱਟਿਆ, ਤਾਂ ਤੁਸੀਂ ਸਾਡੇ ਨੌਕਰ ਬਣ ਜਾਓਗੇ ਤੇ ਸਾਡੀ ਸੇਵਾ ਕਰੋਗੇ।”  10  ਉਸ ਫਲਿਸਤੀ ਨੇ ਅੱਗੇ ਕਿਹਾ: “ਮੈਂ ਅੱਜ ਇਜ਼ਰਾਈਲ ਦੀ ਫ਼ੌਜ ਨੂੰ ਲਲਕਾਰਦਾ* ਹਾਂ।+ ਭੇਜੋ ਕਿਸੇ ਆਦਮੀ ਨੂੰ ਚੁਣ ਕੇ ਮੇਰੇ ਕੋਲ, ਹੋ ਜਾਵੇ ਮੁਕਾਬਲਾ!” 11  ਜਦ ਸ਼ਾਊਲ ਅਤੇ ਸਾਰੇ ਇਜ਼ਰਾਈਲ ਨੇ ਉਸ ਫਲਿਸਤੀ ਦੀਆਂ ਇਹ ਗੱਲਾਂ ਸੁਣੀਆਂ, ਤਾਂ ਉਨ੍ਹਾਂ ਦੇ ਸਾਹ ਸੁੱਕ ਗਏ ਅਤੇ ਉਹ ਡਰ ਨਾਲ ਕੰਬਣ ਲੱਗੇ। 12  ਦਾਊਦ ਯਹੂਦਾਹ ਦੇ ਬੈਤਲਹਮ+ ਵਿਚ ਰਹਿਣ ਵਾਲੇ ਯੱਸੀ+ ਅਫਰਾਥੀ+ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ+ ਅਤੇ ਜੋ ਸ਼ਾਊਲ ਦੇ ਦਿਨਾਂ ਵਿਚ ਬੁੱਢਾ ਹੋ ਚੁੱਕਾ ਸੀ।  13  ਯੱਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਨਾਲ ਯੁੱਧ ਵਿਚ ਗਏ ਸਨ।+ ਯੁੱਧ ਵਿਚ ਗਏ ਉਸ ਦੇ ਤਿੰਨ ਪੁੱਤਰਾਂ ਦੇ ਨਾਂ ਸਨ: ਜੇਠਾ ਅਲੀਆਬ,+ ਦੂਸਰਾ ਅਬੀਨਾਦਾਬ+ ਤੇ ਤੀਸਰਾ ਸ਼ਮਾਹ।+ 14  ਦਾਊਦ ਸਭ ਤੋਂ ਛੋਟਾ ਸੀ+ ਅਤੇ ਤਿੰਨ ਵੱਡੇ ਮੁੰਡੇ ਸ਼ਾਊਲ ਦੇ ਨਾਲ ਸਨ। 15  ਦਾਊਦ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ+ ਸ਼ਾਊਲ ਕੋਲੋਂ ਬੈਤਲਹਮ ਵਿਚ ਆਉਂਦਾ-ਜਾਂਦਾ ਰਹਿੰਦਾ ਸੀ।  16  ਅਤੇ ਉਹ ਫਲਿਸਤੀ ਹਰ ਰੋਜ਼ ਸਵੇਰੇ-ਸ਼ਾਮ ਇਜ਼ਰਾਈਲੀਆਂ ਅੱਗੇ ਆ ਕੇ ਖੜ੍ਹ ਜਾਂਦਾ ਸੀ। ਇਸ ਤਰ੍ਹਾਂ ਉਹ 40 ਦਿਨਾਂ ਤਕ ਕਰਦਾ ਰਿਹਾ। 17  ਫਿਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ: “ਕਿਰਪਾ ਕਰ ਕੇ ਇਹ ਏਫਾ* ਕੁ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਅਤੇ ਫਟਾਫਟ ਇਨ੍ਹਾਂ ਨੂੰ ਆਪਣੇ ਭਰਾਵਾਂ ਕੋਲ ਛਾਉਣੀ ਵਿਚ ਲੈ ਚੱਲ।  18  ਅਤੇ ਇਹ ਪਨੀਰ* ਦੇ ਦਸ ਟੁਕੜੇ ਹਜ਼ਾਰ ਦੇ ਮੁਖੀ ਕੋਲ ਲੈ ਜਾਹ; ਨਾਲੇ ਆਪਣੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਂ ਅਤੇ ਉਨ੍ਹਾਂ ਕੋਲੋਂ ਕੋਈ ਨਿਸ਼ਾਨੀ ਲੈ ਕੇ ਆਈਂ ਕਿ ਉਹ ਠੀਕ-ਠਾਕ ਹਨ।”  19  ਉਹ ਸ਼ਾਊਲ ਅਤੇ ਇਜ਼ਰਾਈਲ ਦੇ ਬਾਕੀ ਸਾਰੇ ਆਦਮੀਆਂ ਨਾਲ ਏਲਾਹ ਵਾਦੀ+ ਵਿਚ ਫਲਿਸਤੀਆਂ ਨਾਲ ਲੜਨ ਲਈ ਗਏ ਸਨ।+ 20  ਫਿਰ ਦਾਊਦ ਸਵੇਰੇ ਜਲਦੀ ਉੱਠਿਆ ਅਤੇ ਭੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਕਿਸੇ ਨੂੰ ਦੇ ਦਿੱਤੀ; ਉਸ ਤੋਂ ਬਾਅਦ ਉਸ ਨੇ ਆਪਣਾ ਸਾਮਾਨ ਬੰਨ੍ਹਿਆ ਅਤੇ ਤੁਰ ਪਿਆ ਜਿਵੇਂ ਯੱਸੀ ਨੇ ਉਸ ਨੂੰ ਹੁਕਮ ਦਿੱਤਾ ਸੀ। ਜਦ ਉਹ ਛਾਉਣੀ ਦੇ ਨੇੜੇ ਪਹੁੰਚਿਆ, ਤਾਂ ਫ਼ੌਜ ਨਾਅਰੇ ਮਾਰਦੀ ਹੋਈ ਯੁੱਧ ਦੇ ਮੈਦਾਨ ਵਿਚ ਜਾ ਰਹੀ ਸੀ।  21  ਇਜ਼ਰਾਈਲ ਅਤੇ ਫਲਿਸਤੀਆਂ ਦੀਆਂ ਫ਼ੌਜਾਂ ਇਕ-ਦੂਜੇ ਦੇ ਸਾਮ੍ਹਣੇ ਮੋਰਚਾ ਬੰਨ੍ਹ ਕੇ ਖੜ੍ਹ ਗਈਆਂ।  22  ਦਾਊਦ ਨੇ ਸਾਮਾਨ ਸੰਭਾਲਣ ਵਾਲੇ ਕੋਲ ਫਟਾਫਟ ਆਪਣਾ ਸਾਮਾਨ ਛੱਡਿਆ ਤੇ ਯੁੱਧ ਦੇ ਮੈਦਾਨ ਵੱਲ ਭੱਜ ਗਿਆ। ਜਦ ਉਹ ਉੱਥੇ ਪਹੁੰਚਿਆ, ਤਾਂ ਉਹ ਆਪਣੇ ਭਰਾਵਾਂ ਦਾ ਹਾਲ-ਚਾਲ ਪੁੱਛਣ ਲੱਗਾ।+ 23  ਜਦ ਉਹ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ, ਤਾਂ ਉੱਥੇ ਗਥ ਦਾ ਫਲਿਸਤੀ ਯੋਧਾ ਗੋਲਿਅਥ+ ਆ ਗਿਆ। ਉਹ ਮੋਰਚਾਬੰਦ ਫਲਿਸਤੀਆਂ ਵਿੱਚੋਂ ਆਇਆ ਅਤੇ ਉਸ ਨੇ ਪਹਿਲਾਂ ਵਾਲੀਆਂ ਗੱਲਾਂ ਕਹੀਆਂ+ ਅਤੇ ਦਾਊਦ ਨੇ ਉਸ ਦੀਆਂ ਗੱਲਾਂ ਸੁਣੀਆਂ।  24  ਜਦ ਇਜ਼ਰਾਈਲ ਦੇ ਸਾਰੇ ਆਦਮੀਆਂ ਨੇ ਉਸ ਆਦਮੀ ਨੂੰ ਦੇਖਿਆ, ਤਾਂ ਉਹ ਡਰ ਦੇ ਮਾਰੇ ਭੱਜ ਗਏ।+ 25  ਇਜ਼ਰਾਈਲ ਦੇ ਆਦਮੀ ਕਹਿ ਰਹੇ ਸਨ: “ਇਸ ਆਦਮੀ ਨੂੰ ਦੇਖਿਆ ਜੋ ਆ ਰਿਹਾ ਹੈ? ਇਹ ਇਜ਼ਰਾਈਲ ਨੂੰ ਲਲਕਾਰਨ* ਆਉਂਦਾ ਹੈ।+ ਜਿਹੜਾ ਆਦਮੀ ਇਸ ਨੂੰ ਮਾਰ ਸੁੱਟੇਗਾ, ਰਾਜਾ ਉਸ ਨੂੰ ਬਹੁਤ ਧਨ-ਦੌਲਤ ਦੇਵੇਗਾ, ਉਹ ਉਸ ਨੂੰ ਆਪਣੀ ਧੀ ਦਾ ਹੱਥ ਦੇਵੇਗਾ+ ਅਤੇ ਇਜ਼ਰਾਈਲ ਵਿਚ ਉਸ ਦੇ ਪਿਤਾ ਦੇ ਘਰਾਣੇ ਨੂੰ ਮੁਕਤ ਕਰੇਗਾ।” 26  ਦਾਊਦ ਆਪਣੇ ਕੋਲ ਖੜ੍ਹੇ ਆਦਮੀਆਂ ਨੂੰ ਪੁੱਛਣ ਲੱਗਾ: “ਉਸ ਆਦਮੀ ਲਈ ਕੀ ਕੀਤਾ ਜਾਵੇਗਾ ਜੋ ਉਸ ਫਲਿਸਤੀ ਨੂੰ ਮਾਰ ਸੁੱਟੇ ਅਤੇ ਇਜ਼ਰਾਈਲ ਤੋਂ ਬਦਨਾਮੀ ਦੂਰ ਕਰੇ? ਇਹ ਬੇਸੁੰਨਤਾ ਫਲਿਸਤੀ ਜੀਉਂਦੇ ਪਰਮੇਸ਼ੁਰ ਦੀ ਫ਼ੌਜ ਨੂੰ ਲਲਕਾਰਨ ਵਾਲਾ* ਕੌਣ ਹੁੰਦਾ?”+ 27  ਫਿਰ ਲੋਕਾਂ ਨੇ ਉਸ ਨੂੰ ਪਹਿਲਾਂ ਵਾਲੀ ਗੱਲ ਦੱਸੀ: “ਜੋ ਆਦਮੀ ਉਸ ਨੂੰ ਮਾਰ ਸੁੱਟੇਗਾ, ਉਸ ਲਈ ਇਹ-ਇਹ ਕੀਤਾ ਜਾਵੇਗਾ।”  28  ਜਦ ਉਸ ਦੇ ਸਭ ਤੋਂ ਵੱਡੇ ਭਰਾ ਅਲੀਆਬ+ ਨੇ ਉਸ ਨੂੰ ਆਦਮੀਆਂ ਨਾਲ ਗੱਲ ਕਰਦਿਆਂ ਸੁਣਿਆ, ਤਾਂ ਉਹ ਦਾਊਦ ʼਤੇ ਗੁੱਸੇ ਹੋਇਆ ਅਤੇ ਉਸ ਨੂੰ ਕਿਹਾ: “ਤੂੰ ਇੱਥੇ ਕਿਉਂ ਆਇਆ ਹੈਂ? ਨਾਲੇ ਤੂੰ ਉਨ੍ਹਾਂ ਥੋੜ੍ਹੀਆਂ ਜਿਹੀਆਂ ਭੇਡਾਂ ਨੂੰ ਉਜਾੜ ਵਿਚ ਕਿਸ ਕੋਲ ਛੱਡ ਆਇਆਂ?+ ਤੂੰ ਸਭ ਕੁਝ ਛੱਡ ਕੇ ਇੱਥੇ ਬੱਸ ਯੁੱਧ ਦੇਖਣ ਆਇਆਂ। ਇੰਨੀ ਵੱਡੀ ਗੁਸਤਾਖ਼ੀ! ਮੈਂ ਤੇਰੇ ਦਿਲ ਦੇ ਬੁਰੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦਾਂ।”  29  ਇਹ ਸੁਣ ਕੇ ਦਾਊਦ ਨੇ ਕਿਹਾ: “ਮੈਂ ਹੁਣ ਕੀ ਕੀਤਾ? ਮੈਂ ਤਾਂ ਬੱਸ ਇਕ ਸਵਾਲ ਪੁੱਛ ਰਿਹਾ ਸੀ!”  30  ਫਿਰ ਉਹ ਉਸ ਨੂੰ ਛੱਡ ਕੇ ਕਿਸੇ ਹੋਰ ਕੋਲ ਚਲਾ ਗਿਆ ਅਤੇ ਉਸ ਨੂੰ ਪਹਿਲਾਂ ਵਾਲਾ ਸਵਾਲ ਪੁੱਛਿਆ+ ਅਤੇ ਲੋਕਾਂ ਨੇ ਉਸ ਨੂੰ ਪਹਿਲਾਂ ਵਾਲਾ ਜਵਾਬ ਦਿੱਤਾ।+ 31  ਲੋਕਾਂ ਨੇ ਦਾਊਦ ਦੀਆਂ ਗੱਲਾਂ ਸੁਣ ਕੇ ਸ਼ਾਊਲ ਨੂੰ ਦੱਸੀਆਂ। ਇਸ ਲਈ ਉਸ ਨੇ ਦਾਊਦ ਨੂੰ ਸੱਦਿਆ।  32  ਦਾਊਦ ਨੇ ਸ਼ਾਊਲ ਨੂੰ ਕਿਹਾ: “ਕੋਈ ਵੀ ਉਸ ਫਲਿਸਤੀ ਕਰਕੇ ਦਿਲ* ਨਾ ਹਾਰੇ। ਤੇਰਾ ਦਾਸ ਜਾਵੇਗਾ ਤੇ ਉਸ ਨਾਲ ਲੜੇਗਾ।”+ 33  ਪਰ ਸ਼ਾਊਲ ਨੇ ਦਾਊਦ ਨੂੰ ਕਿਹਾ: “ਤੂੰ ਇਸ ਫਲਿਸਤੀ ਨਾਲ ਨਹੀਂ ਲੜ ਸਕਦਾ। ਤੂੰ ਤਾਂ ਮੁੰਡਾ ਜਿਹਾ ਹੈਂ,+ ਪਰ ਉਹ ਛੋਟੇ ਹੁੰਦਿਆਂ ਤੋਂ ਹੀ ਇਕ ਫ਼ੌਜੀ* ਹੈ।”  34  ਫਿਰ ਦਾਊਦ ਨੇ ਸ਼ਾਊਲ ਨੂੰ ਕਿਹਾ: “ਤੇਰਾ ਸੇਵਕ ਆਪਣੇ ਪਿਤਾ ਦਾ ਇੱਜੜ ਚਾਰਦਾ ਹੈ। ਇਕ ਵਾਰ ਸ਼ੇਰ+ ਆਇਆ ਤੇ ਇੱਜੜ ਵਿੱਚੋਂ ਭੇਡ ਚੁੱਕ ਕੇ ਲੈ ਗਿਆ। ਇਕ ਹੋਰ ਸਮੇਂ ਤੇ ਰਿੱਛ ਆਇਆ ਤੇ ਉਸ ਨੇ ਵੀ ਇਸੇ ਤਰ੍ਹਾਂ ਕੀਤਾ।  35  ਮੈਂ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਮਾਰ ਸੁੱਟਿਆ ਤੇ ਭੇਡ ਨੂੰ ਉਨ੍ਹਾਂ ਦੇ ਮੂੰਹੋਂ ਬਚਾ ਲਿਆਂਦਾ। ਜਦ ਉਨ੍ਹਾਂ ਨੇ ਮੇਰੇ ʼਤੇ ਹਮਲਾ ਕੀਤਾ, ਤਾਂ ਮੈਂ ਉਨ੍ਹਾਂ ਨੂੰ ਵਾਲ਼ਾਂ ਤੋਂ* ਫੜ ਕੇ ਢਾਹ ਲਿਆ ਤੇ ਜਾਨੋਂ ਮਾਰ ਦਿੱਤਾ।  36  ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਸੁੱਟਿਆ ਅਤੇ ਇਸ ਬੇਸੁੰਨਤੇ ਫਲਿਸਤੀ ਦਾ ਹਾਲ ਵੀ ਉਨ੍ਹਾਂ ਵਰਗਾ ਹੋਵੇਗਾ ਕਿਉਂਕਿ ਇਸ ਨੇ ਜੀਉਂਦੇ ਪਰਮੇਸ਼ੁਰ ਦੀਆਂ ਫ਼ੌਜਾਂ ਨੂੰ ਲਲਕਾਰਿਆ* ਹੈ।”+ 37  ਦਾਊਦ ਨੇ ਅੱਗੇ ਕਿਹਾ: “ਯਹੋਵਾਹ, ਜਿਸ ਨੇ ਮੈਨੂੰ ਸ਼ੇਰ ਅਤੇ ਰਿੱਛ ਦੇ ਪੰਜਿਆਂ ਤੋਂ ਬਚਾਇਆ ਸੀ, ਉਹੀ ਮੈਨੂੰ ਇਸ ਫਲਿਸਤੀ ਦੇ ਹੱਥੋਂ ਬਚਾਵੇਗਾ।”+ ਇਹ ਸੁਣ ਕੇ ਸ਼ਾਊਲ ਨੇ ਦਾਊਦ ਨੂੰ ਕਿਹਾ: “ਜਾਹ, ਯਹੋਵਾਹ ਤੇਰੇ ਨਾਲ ਹੋਵੇ।” 38  ਫਿਰ ਸ਼ਾਊਲ ਨੇ ਦਾਊਦ ਨੂੰ ਆਪਣਾ ਯੁੱਧ ਵਾਲਾ ਲਿਬਾਸ ਪਹਿਨਾਇਆ। ਉਸ ਨੇ ਉਸ ਦੇ ਸਿਰ ʼਤੇ ਤਾਂਬੇ ਦਾ ਟੋਪ ਰੱਖਿਆ ਅਤੇ ਉਸ ਨੂੰ ਸੰਜੋਅ ਪਹਿਨਾਈ।  39  ਫਿਰ ਦਾਊਦ ਨੇ ਆਪਣੇ ਲਿਬਾਸ ਨਾਲ ਤਲਵਾਰ ਬੰਨ੍ਹ ਲਈ ਤੇ ਤੁਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਤੁਰ ਨਾ ਸਕਿਆ ਕਿਉਂਕਿ ਉਹ ਇਨ੍ਹਾਂ ਦਾ ਆਦੀ ਨਹੀਂ ਸੀ। ਦਾਊਦ ਨੇ ਸ਼ਾਊਲ ਨੂੰ ਕਿਹਾ: “ਮੈਂ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਤੁਰ ਨਹੀਂ ਸਕਦਾ ਕਿਉਂਕਿ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਇਸ ਲਈ ਦਾਊਦ ਨੇ ਇਨ੍ਹਾਂ ਚੀਜ਼ਾਂ ਨੂੰ ਲਾਹ ਦਿੱਤਾ।  40  ਇਸ ਤੋਂ ਬਾਅਦ ਉਸ ਨੇ ਹੱਥ ਵਿਚ ਆਪਣੀ ਲਾਠੀ ਲਈ ਅਤੇ ਨਦੀ ਦੇ ਤਲ* ਤੋਂ ਪੰਜ ਮੁਲਾਇਮ ਪੱਥਰ ਚੁਣੇ ਤੇ ਉਨ੍ਹਾਂ ਨੂੰ ਚਰਵਾਹੇ ਵਾਲੇ ਥੈਲੇ ਦੀ ਜੇਬ ਵਿਚ ਪਾਇਆ ਤੇ ਆਪਣਾ ਗੋਪੀਆ+ ਹੱਥ ਵਿਚ ਲਿਆ। ਫਿਰ ਉਹ ਫਲਿਸਤੀ ਵੱਲ ਵਧਣ ਲੱਗਾ। 41  ਉਹ ਫਲਿਸਤੀ ਦਾਊਦ ਦੇ ਹੋਰ ਨੇੜੇ ਆਉਂਦਾ ਗਿਆ ਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ-ਅੱਗੇ ਸੀ।  42  ਜਦੋਂ ਫਲਿਸਤੀ ਦੀ ਨਜ਼ਰ ਦਾਊਦ ʼਤੇ ਪਈ, ਤਾਂ ਉਸ ਨੇ ਉਸ ਨੂੰ ਘਿਰਣਾ ਭਰੀਆਂ ਨਜ਼ਰਾਂ ਨਾਲ ਦੇਖਿਆ ਕਿਉਂਕਿ ਉਹ ਸੋਹਣਾ-ਸੁਨੱਖਾ ਛੋਟਾ ਜਿਹਾ ਮੁੰਡਾ ਸੀ ਜਿਸ ਦੇ ਚਿਹਰੇ ʼਤੇ ਲਾਲੀ ਸੀ।+ 43  ਉਸ ਫਲਿਸਤੀ ਨੇ ਦਾਊਦ ਨੂੰ ਕਿਹਾ: “ਮੈਂ ਕੋਈ ਕੁੱਤਾ ਹਾਂ+ ਕਿ ਤੂੰ ਮੇਰਾ ਮੁਕਾਬਲਾ ਕਰਨ ਲਈ ਡੰਡੇ ਲੈ ਕੇ ਆਇਆਂ?” ਇਹ ਕਹਿਣ ਤੋਂ ਬਾਅਦ ਉਸ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਉਸ ਨੂੰ ਸਰਾਪ ਦਿੱਤਾ।  44  ਫਲਿਸਤੀ ਨੇ ਦਾਊਦ ਨੂੰ ਕਿਹਾ: “ਮੇਰੇ ਕੋਲ ਆ ਤਾਂ ਸਹੀ, ਮੈਂ ਤੇਰਾ ਮਾਸ ਆਕਾਸ਼ ਦੇ ਪੰਛੀਆਂ ਤੇ ਮੈਦਾਨ ਦੇ ਜਾਨਵਰਾਂ ਨੂੰ ਖਿਲਾਵਾਂਗਾ।” 45  ਦਾਊਦ ਨੇ ਫਲਿਸਤੀ ਨੂੰ ਜਵਾਬ ਦਿੱਤਾ: “ਤੂੰ ਮੇਰੇ ਖ਼ਿਲਾਫ਼ ਤਲਵਾਰ, ਬਰਛਾ ਤੇ ਨੇਜ਼ਾ ਲੈ ਕੇ ਆ ਰਿਹਾ ਹੈਂ,+ ਪਰ ਮੈਂ ਤੇਰੇ ਖ਼ਿਲਾਫ਼ ਇਜ਼ਰਾਈਲ ਦੀ ਫ਼ੌਜ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ+ ਦੇ ਨਾਂ ʼਤੇ ਆ ਰਿਹਾ ਹਾਂ ਜਿਸ ਨੂੰ ਤੂੰ ਲਲਕਾਰਿਆ* ਹੈ।+ 46  ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਵਿਚ ਦੇ ਦੇਵੇਗਾ+ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਤੇ ਤੇਰਾ ਸਿਰ ਵੱਢ ਦਿਆਂਗਾ; ਅਤੇ ਇਸੇ ਦਿਨ ਮੈਂ ਫਲਿਸਤੀ ਫ਼ੌਜੀਆਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਤੇ ਧਰਤੀ ਦੇ ਜੰਗਲੀ ਜਾਨਵਰਾਂ ਨੂੰ ਦੇ ਦਿਆਂਗਾ; ਅਤੇ ਸਾਰੀ ਧਰਤੀ ਦੇ ਲੋਕ ਜਾਣਨਗੇ ਕਿ ਇਜ਼ਰਾਈਲ ਦਾ ਪਰਮੇਸ਼ੁਰ ਹੀ ਸੱਚਾ ਪਰਮੇਸ਼ੁਰ ਹੈ।+ 47  ਨਾਲੇ ਇੱਥੇ ਇਕੱਠੇ ਹੋਏ ਸਾਰੇ ਜਣੇ* ਜਾਣਨਗੇ ਕਿ ਯਹੋਵਾਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ+ ਕਿਉਂਕਿ ਯੁੱਧ ਯਹੋਵਾਹ ਦਾ ਹੈ+ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥ ਵਿਚ ਦੇ ਦੇਵੇਗਾ।”+ 48  ਫਿਰ ਉਹ ਫਲਿਸਤੀ ਦਾਊਦ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ, ਪਰ ਦਾਊਦ ਉਸ ਫਲਿਸਤੀ ਦਾ ਮੁਕਾਬਲਾ ਕਰਨ ਲਈ ਯੁੱਧ ਦੇ ਮੈਦਾਨ ਵੱਲ ਤੇਜ਼ੀ ਨਾਲ ਭੱਜਿਆ।  49  ਦਾਊਦ ਨੇ ਆਪਣੇ ਥੈਲੇ ਵਿਚ ਹੱਥ ਪਾਇਆ ਤੇ ਉਸ ਵਿੱਚੋਂ ਇਕ ਪੱਥਰ ਕੱਢ ਕੇ ਗੋਪੀਏ ਵਿਚ ਰੱਖਿਆ। ਉਸ ਨੇ ਪੱਥਰ ਵਗਾਹ ਕੇ ਉਸ ਫਲਿਸਤੀ ਦੇ ਮੱਥੇ ʼਤੇ ਮਾਰਿਆ ਅਤੇ ਪੱਥਰ ਫਲਿਸਤੀ ਦੇ ਮੱਥੇ ਵਿਚ ਖੁੱਭ ਗਿਆ ਤੇ ਉਹ ਮੂੰਹ ਭਾਰ ਜ਼ਮੀਨ ʼਤੇ ਡਿਗ ਗਿਆ।+ 50  ਇਸ ਤਰ੍ਹਾਂ ਦਾਊਦ ਨੇ ਇਕ ਗੋਪੀਏ ਤੇ ਇਕ ਪੱਥਰ ਨਾਲ ਉਸ ਫਲਿਸਤੀ ਉੱਤੇ ਜਿੱਤ ਹਾਸਲ ਕੀਤੀ; ਦਾਊਦ ਨੇ ਉਸ ਫਲਿਸਤੀ ਨੂੰ ਮਾਰ ਮੁਕਾਇਆ, ਭਾਵੇਂ ਕਿ ਉਸ ਦੇ ਹੱਥ ਵਿਚ ਕੋਈ ਤਲਵਾਰ ਨਹੀਂ ਸੀ।+ 51  ਦਾਊਦ ਭੱਜਦਾ ਗਿਆ ਤੇ ਉਸ ਕੋਲ ਜਾ ਕੇ ਖੜ੍ਹ ਗਿਆ। ਫਿਰ ਉਸ ਨੇ ਉਸ ਫਲਿਸਤੀ ਦੀ ਤਲਵਾਰ ਫੜ ਕੇ ਮਿਆਨ ਵਿੱਚੋਂ ਖਿੱਚੀ+ ਅਤੇ ਫਲਿਸਤੀ ਦਾ ਸਿਰ ਵੱਢ ਕੇ ਪੱਕਾ ਕੀਤਾ ਕਿ ਉਹ ਪੂਰੀ ਤਰ੍ਹਾਂ ਮਰ ਚੁੱਕਾ ਸੀ। ਜਦ ਫਲਿਸਤੀਆਂ ਨੇ ਦੇਖਿਆ ਕਿ ਉਨ੍ਹਾਂ ਦਾ ਯੋਧਾ ਮਰ ਚੁੱਕਾ ਹੈ, ਤਾਂ ਉਹ ਭੱਜ ਗਏ।+ 52  ਇਹ ਦੇਖ ਕੇ ਇਜ਼ਰਾਈਲ ਅਤੇ ਯਹੂਦਾਹ ਦੇ ਆਦਮੀ ਉੱਠੇ ਤੇ ਚਿਲਾਉਣ ਲੱਗੇ। ਉਨ੍ਹਾਂ ਨੇ ਵਾਦੀ+ ਤੋਂ ਲੈ ਕੇ ਅਕਰੋਨ+ ਦੇ ਦਰਵਾਜ਼ਿਆਂ ਤਕ ਫਲਿਸਤੀਆਂ ਦਾ ਪਿੱਛਾ ਕੀਤਾ। ਵੱਢੇ ਗਏ ਫਲਿਸਤੀ ਸ਼ਾਰੈਮ+ ਤੋਂ ਲੈ ਕੇ ਦੂਰ ਗਥ ਅਤੇ ਅਕਰੋਨ ਤਕ ਸਾਰੇ ਰਸਤੇ ਵਿਚ ਪਏ ਹੋਏ ਸਨ।  53  ਜਦ ਇਜ਼ਰਾਈਲੀ ਜੋਸ਼ ਨਾਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਬਾਅਦ ਵਾਪਸ ਮੁੜੇ, ਤਾਂ ਉਨ੍ਹਾਂ ਨੇ ਫਲਿਸਤੀਆਂ ਦੇ ਡੇਰਿਆਂ ਨੂੰ ਲੁੱਟਿਆ। 54  ਫਿਰ ਦਾਊਦ ਉਸ ਫਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਆ ਗਿਆ, ਪਰ ਉਸ ਨੇ ਫਲਿਸਤੀ ਦੇ ਹਥਿਆਰ ਆਪਣੇ ਤੰਬੂ ਵਿਚ ਰੱਖ ਲਏ।+ 55  ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਉਸ ਫਲਿਸਤੀ ਦਾ ਮੁਕਾਬਲਾ ਕਰਨ ਲਈ ਜਾਂਦਿਆਂ ਦੇਖਿਆ ਸੀ, ਤਾਂ ਉਸ ਨੇ ਫ਼ੌਜ ਦੇ ਮੁਖੀ ਅਬਨੇਰ+ ਨੂੰ ਪੁੱਛਿਆ: “ਅਬਨੇਰ, ਇਹ ਮੁੰਡਾ ਕਿਸ ਦਾ ਪੁੱਤਰ ਹੈ?”+ ਅਬਨੇਰ ਨੇ ਜਵਾਬ ਦਿੱਤਾ: “ਹੇ ਮਹਾਰਾਜ, ਤੇਰੀ ਜਾਨ ਦੀ ਸਹੁੰ, ਮੈਨੂੰ ਨਹੀਂ ਪਤਾ!”  56  ਰਾਜੇ ਨੇ ਕਿਹਾ: “ਪਤਾ ਕਰ ਇਹ ਨੌਜਵਾਨ ਕਿਸ ਦਾ ਪੁੱਤਰ ਹੈ।”  57  ਜਿਉਂ ਹੀ ਦਾਊਦ ਫਲਿਸਤੀ ਨੂੰ ਮਾਰ ਕੇ ਵਾਪਸ ਆਇਆ, ਅਬਨੇਰ ਨੇ ਉਸ ਨੂੰ ਸ਼ਾਊਲ ਸਾਮ੍ਹਣੇ ਪੇਸ਼ ਕੀਤਾ ਤੇ ਦਾਊਦ ਦੇ ਹੱਥ ਵਿਚ ਉਸ ਫਲਿਸਤੀ ਦਾ ਸਿਰ ਸੀ।+ 58  ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+

ਫੁਟਨੋਟ

ਇਬ, “ਡੇਰਿਆਂ।”
ਉਸ ਦਾ ਕੱਦ ਲਗਭਗ 2.9 ਮੀਟਰ (9 ਫੁੱਟ 5.75 ਇੰਚ) ਸੀ। ਵਧੇਰੇ ਜਾਣਕਾਰੀ 2.14 ਦੇਖੋ।
ਲਗਭਗ 57 ਕਿਲੋਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।
ਇਹ ਕਵਚ ਅੰਦਰੋਂ ਕੱਪੜੇ ਜਾਂ ਚਮੜੇ ਦਾ ਬਣਿਆ ਹੁੰਦਾ ਸੀ। ਇਸ ਉੱਤੇ ਧਾਤ ਦੇ ਟੁਕੜੇ ਇਸ ਤਰ੍ਹਾਂ ਲੱਗੇ ਹੁੰਦੇ ਸਨ ਜਿਵੇਂ ਮੱਛੀ ਉੱਤੇ ਛਿਲਕਿਆਂ ਦੀਆਂ ਕਤਾਰਾਂ ਹੁੰਦੀਆਂ ਹਨ।
ਲਗਭਗ 6.84 ਕਿਲੋਗ੍ਰਾਮ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਮਿਹਣਾ ਮਾਰਦਾ।”
ਲਗਭਗ 22 ਲੀਟਰ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਦੁੱਧ।”
ਜਾਂ, “ਮਿਹਣਾ ਮਾਰਨ।”
ਜਾਂ, “ਮਿਹਣਾ ਮਾਰਨ ਵਾਲਾ।”
ਜਾਂ, “ਹਿੰਮਤ।”
ਜਾਂ, “ਇਕ ਯੋਧਾ।”
ਜਾਂ, “ਜਬਾੜ੍ਹੇ ਤੋਂ।” ਇਬ, “ਦਾੜ੍ਹੀ ਤੋਂ।”
ਜਾਂ, “ਮਿਹਣਾ ਮਾਰਿਆ।”
ਜਾਂ, “ਅਤੇ ਵਾਦੀ।”
ਜਾਂ, “ਮਿਹਣਾ ਮਾਰਿਆ।”
ਇਬ, “ਇਹ ਸਾਰੀ ਮੰਡਲੀ।”