ਯੂਹੰਨਾ ਮੁਤਾਬਕ ਖ਼ੁਸ਼ ਖ਼ਬਰੀ 3:1-36

  • ਯਿਸੂ ਅਤੇ ਨਿਕੁਦੇਮੁਸ (1-21)

    • ਦੁਬਾਰਾ ਜਨਮ ਲੈਣਾ (3-8)

    • ਪਰਮੇਸ਼ੁਰ ਨੇ ਦੁਨੀਆਂ ਨਾਲ ਪਿਆਰ ਕੀਤਾ (16)

  • ਯਿਸੂ ਬਾਰੇ ਯੂਹੰਨਾ ਦੀ ਆਖ਼ਰੀ ਗਵਾਹੀ (22-30)

  • ਜਿਹੜਾ ਉੱਪਰੋਂ ਆਉਂਦਾ ਹੈ (31-36)

3  ਨਿਕੁਦੇਮੁਸ+ ਨਾਂ ਦਾ ਫ਼ਰੀਸੀ ਜੋ ਯਹੂਦੀਆਂ ਦਾ ਇਕ ਧਾਰਮਿਕ ਆਗੂ ਵੀ ਸੀ,  ਰਾਤ ਨੂੰ ਯਿਸੂ ਕੋਲ ਆਇਆ+ ਅਤੇ ਉਸ ਨੂੰ ਕਿਹਾ: “ਗੁਰੂ ਜੀ,*+ ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਘੱਲਿਆ ਹੋਇਆ ਸਿੱਖਿਅਕ ਹੈਂ ਕਿਉਂਕਿ ਜਿਹੜੇ ਚਮਤਕਾਰ ਤੂੰ ਕਰਦਾ ਹੈਂ ਉਹ ਹੋਰ ਕੋਈ ਨਹੀਂ ਕਰ ਸਕਦਾ,+ ਜਦ ਤਕ ਪਰਮੇਸ਼ੁਰ ਉਸ ਦੇ ਨਾਲ ਨਾ ਹੋਵੇ।”+  ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਦੁਬਾਰਾ ਜਨਮ ਨਾ ਲਵੇ,*+ ਉਹ ਪਰਮੇਸ਼ੁਰ ਦੇ ਰਾਜ ਨੂੰ ਨਹੀਂ ਦੇਖ ਸਕਦਾ।”+  ਨਿਕੁਦੇਮੁਸ ਨੇ ਉਸ ਨੂੰ ਪੁੱਛਿਆ: “ਜਦੋਂ ਕੋਈ ਇਨਸਾਨ ਵੱਡਾ ਹੋ ਜਾਂਦਾ ਹੈ, ਤਾਂ ਉਹ ਕਿਵੇਂ ਦੁਬਾਰਾ ਜਨਮ ਲੈ ਸਕਦਾ ਹੈ? ਕੀ ਉਹ ਆਪਣੀ ਮਾਂ ਦੀ ਕੁੱਖ ਵਿਚ ਦੁਬਾਰਾ ਜਾ ਕੇ ਜਨਮ ਲੈ ਸਕਦਾ ਹੈ?”  ਯਿਸੂ ਨੇ ਜਵਾਬ ਦਿੱਤਾ: “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਪਾਣੀ+ ਅਤੇ ਪਵਿੱਤਰ ਸ਼ਕਤੀ+ ਨਾਲ ਜਨਮ ਨਹੀਂ ਲੈ ਲੈਂਦਾ, ਤਦ ਤਕ ਉਹ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਜਾ ਸਕਦਾ।  ਜਿਹੜੇ ਇਨਸਾਨ ਤੋਂ ਜੰਮਦੇ ਹਨ ਉਹ ਇਨਸਾਨ ਹਨ, ਪਰ ਜਿਹੜੇ ਪਵਿੱਤਰ ਸ਼ਕਤੀ ਨਾਲ ਜਨਮ ਲੈਂਦੇ ਹਨ ਉਹ ਪਰਮੇਸ਼ੁਰ ਦੇ ਪੁੱਤਰ ਹਨ।  ਮੇਰੀ ਇਸ ਗੱਲ ਤੋਂ ਹੈਰਾਨ ਨਾ ਹੋ ਕਿ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਜਨਮ ਲੈਣਾ ਪਵੇਗਾ।  ਹਵਾ* ਜਿੱਧਰ ਨੂੰ ਚਾਹੁੰਦੀ ਹੈ, ਉੱਧਰ ਨੂੰ ਵਗਦੀ ਹੈ ਅਤੇ ਤੂੰ ਇਸ ਦੀ ਆਵਾਜ਼ ਸੁਣਦਾ ਹੈਂ, ਪਰ ਤੈਨੂੰ ਨਹੀਂ ਪਤਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਪਵਿੱਤਰ ਸ਼ਕਤੀ ਨਾਲ ਜਨਮ ਲੈਣ ਵਾਲਾ ਵੀ ਇਸੇ ਤਰ੍ਹਾਂ ਹੈਂ।”+  ਫਿਰ ਨਿਕੁਦੇਮੁਸ ਨੇ ਉਸ ਨੂੰ ਪੁੱਛਿਆ: “ਇਹ ਕਿਵੇਂ ਹੋ ਸਕਦਾ ਹੈ?” 10  ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਤੂੰ ਇਜ਼ਰਾਈਲ ਦਾ ਸਿੱਖਿਅਕ ਹੁੰਦੇ ਹੋਏ ਵੀ ਇਹ ਨਹੀਂ ਜਾਣਦਾ? 11  ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਅਸੀਂ ਜਾਣਦੇ ਹਾਂ, ਉਸ ਬਾਰੇ ਦੱਸਦੇ ਹਾਂ ਅਤੇ ਜੋ ਅਸੀਂ ਦੇਖਿਆ ਹੈ, ਉਸ ਬਾਰੇ ਗਵਾਹੀ ਦਿੰਦੇ ਹਾਂ, ਪਰ ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ। 12  ਮੈਂ ਤੁਹਾਨੂੰ ਧਰਤੀ ਦੀਆਂ ਚੀਜ਼ਾਂ ਬਾਰੇ ਦੱਸਿਆ, ਪਰ ਤੁਸੀਂ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਕੀਤਾ, ਤਾਂ ਫਿਰ ਜੇ ਮੈਂ ਤੁਹਾਨੂੰ ਸਵਰਗ ਦੀਆਂ ਚੀਜ਼ਾਂ ਬਾਰੇ ਦੱਸਾਂ, ਤਾਂ ਤੁਸੀਂ ਉਨ੍ਹਾਂ ਉੱਤੇ ਕਿਵੇਂ ਵਿਸ਼ਵਾਸ ਕਰੋਗੇ? 13  ਇਸ ਤੋਂ ਇਲਾਵਾ, ਕੋਈ ਵੀ ਇਨਸਾਨ ਸਵਰਗ ਨੂੰ ਨਹੀਂ ਗਿਆ ਹੈ,+ ਸਿਰਫ਼ ਮਨੁੱਖ ਦਾ ਪੁੱਤਰ ਜਿਹੜਾ ਸਵਰਗੋਂ ਆਇਆ ਹੈ।+ 14  ਠੀਕ ਜਿਵੇਂ ਉਜਾੜ ਵਿਚ ਮੂਸਾ ਨੇ ਸੱਪ ਨੂੰ ਉੱਚੀ ਥਾਂ ’ਤੇ ਟੰਗਿਆ ਸੀ,+ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਉੱਚੀ ਥਾਂ ’ਤੇ ਟੰਗਿਆ ਜਾਵੇਗਾ+ 15  ਤਾਂਕਿ ਜਿਹੜਾ ਵੀ ਉਸ ਉੱਤੇ ਵਿਸ਼ਵਾਸ ਕਰੇ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇ।+ 16  “ਕਿਉਂਕਿ ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ+ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।+ 17  ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਵਿਚ ਇਸ ਲਈ ਨਹੀਂ ਘੱਲਿਆ ਕਿ ਉਹ ਦੁਨੀਆਂ ਦਾ ਨਿਆਂ ਕਰੇ, ਸਗੋਂ ਇਸ ਕਰਕੇ ਘੱਲਿਆ ਕਿ ਉਸ ਰਾਹੀਂ ਦੁਨੀਆਂ ਬਚਾਈ ਜਾਵੇ।+ 18  ਜਿਹੜਾ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ।+ ਜਿਹੜਾ ਨਿਹਚਾ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੇ ਨਾਂ ਉੱਤੇ ਨਿਹਚਾ ਨਹੀਂ ਕੀਤੀ।+ 19  ਨਿਆਂ ਇਸ ਆਧਾਰ ’ਤੇ ਕੀਤਾ ਜਾਂਦਾ ਹੈ: ਚਾਨਣ ਦੁਨੀਆਂ ਵਿਚ ਆਇਆ,+ ਪਰ ਲੋਕਾਂ ਨੇ ਚਾਨਣ ਦੀ ਬਜਾਇ ਹਨੇਰੇ ਨਾਲ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ। 20  ਜਿਹੜਾ ਨੀਚ ਕੰਮ ਕਰਦਾ ਰਹਿੰਦਾ ਹੈ ਉਹ ਚਾਨਣ ਨਾਲ ਨਫ਼ਰਤ ਕਰਦਾ ਹੈ ਅਤੇ ਚਾਨਣ ਵਿਚ ਨਹੀਂ ਆਉਂਦਾ ਤਾਂਕਿ ਉਸ ਦੇ ਨੀਚ ਕੰਮਾਂ ਦਾ ਪਰਦਾਫ਼ਾਸ਼ ਨਾ ਹੋ ਜਾਵੇ। 21  ਪਰ ਜਿਹੜਾ ਸਹੀ ਕੰਮ ਕਰਦਾ ਹੈ, ਉਹ ਚਾਨਣ ਵਿਚ ਆਉਂਦਾ ਹੈ+ ਤਾਂਕਿ ਇਹ ਜ਼ਾਹਰ ਹੋਵੇ ਕਿ ਉਸ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਕੰਮ ਕੀਤੇ ਹਨ।” 22  ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿਚ ਚਲੇ ਗਏ ਅਤੇ ਉੱਥੇ ਉਸ ਨੇ ਕੁਝ ਸਮਾਂ ਆਪਣੇ ਚੇਲਿਆਂ ਨਾਲ ਬਿਤਾਇਆ ਅਤੇ ਲੋਕਾਂ ਨੂੰ ਬਪਤਿਸਮਾ ਦਿੱਤਾ।*+ 23  ਪਰ ਯੂਹੰਨਾ ਵੀ ਸਲੀਮ ਲਾਗੇ ਐਨੋਨ ਨਾਂ ਦੀ ਜਗ੍ਹਾ ਵਿਚ ਬਪਤਿਸਮਾ ਦਿੰਦਾ ਹੁੰਦਾ ਸੀ ਕਿਉਂਕਿ ਉੱਥੇ ਪਾਣੀ ਬਹੁਤ ਸੀ+ ਅਤੇ ਲੋਕ ਉੱਥੇ ਬਪਤਿਸਮਾ ਲੈਣ ਆਉਂਦੇ ਰਹੇ;+ 24  ਯੂਹੰਨਾ ਨੂੰ ਅਜੇ ਜੇਲ੍ਹ ਵਿਚ ਨਹੀਂ ਸੁੱਟਿਆ ਗਿਆ ਸੀ।+ 25  ਫਿਰ ਸ਼ੁੱਧ ਹੋਣ ਦੀ ਰੀਤ ਨੂੰ ਲੈ ਕੇ ਯੂਹੰਨਾ ਦੇ ਚੇਲੇ ਕਿਸੇ ਯਹੂਦੀ ਨਾਲ ਬਹਿਸ ਕਰਨ ਲੱਗ ਪਏ। 26  ਇਸ ਕਰਕੇ ਉਨ੍ਹਾਂ ਨੇ ਆ ਕੇ ਯੂਹੰਨਾ ਨੂੰ ਕਿਹਾ: “ਗੁਰੂ ਜੀ, ਉਹ ਆਦਮੀ ਜਿਹੜਾ ਤੇਰੇ ਨਾਲ ਯਰਦਨ ਦੇ ਦੂਜੇ ਪਾਸੇ ਸੀ ਅਤੇ ਜਿਸ ਬਾਰੇ ਤੂੰ ਗਵਾਹੀ ਦਿੱਤੀ ਸੀ,+ ਉਹ ਲੋਕਾਂ ਨੂੰ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਉਸ ਕੋਲ ਜਾ ਰਹੇ ਹਨ।” 27  ਯੂਹੰਨਾ ਨੇ ਉਨ੍ਹਾਂ ਨੂੰ ਕਿਹਾ: “ਇਨਸਾਨ ਕੋਈ ਵੀ ਚੀਜ਼ ਹਾਸਲ ਨਹੀਂ ਕਰ ਸਕਦਾ ਜਦ ਤਕ ਉਸ ਨੂੰ ਸਵਰਗੋਂ ਨਾ ਦਿੱਤੀ ਜਾਵੇ। 28  ਤੁਸੀਂ ਆਪ ਮੇਰੀ ਇਸ ਗੱਲ ਦੇ ਗਵਾਹ ਹੋ ਕਿ ਮੈਂ ਕਿਹਾ ਸੀ: ‘ਮੈਂ ਮਸੀਹ ਨਹੀਂ ਹਾਂ,+ ਪਰ ਮੈਨੂੰ ਉਸ ਦੇ ਅੱਗੇ-ਅੱਗੇ ਘੱਲਿਆ ਗਿਆ ਹੈ।’+ 29  ਲਾੜਾ ਉਹੀ ਹੈ ਜਿਸ ਦੀ ਲਾੜੀ ਹੈ।+ ਜਦ ਲਾੜੇ ਨਾਲ ਖੜ੍ਹਾ ਉਸ ਦਾ ਦੋਸਤ ਲਾੜੇ ਦੀ ਆਵਾਜ਼ ਸੁਣਦਾ ਹੈ, ਤਾਂ ਦੋਸਤ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਕਰਕੇ ਮੇਰੇ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ। 30  ਇਹ ਜ਼ਰੂਰੀ ਹੈ ਕਿ ਉਹ ਵਧਦਾ ਜਾਵੇ, ਪਰ ਮੈਂ ਘਟਦਾ ਜਾਵਾਂ।” 31  ਜਿਹੜਾ ਉੱਪਰੋਂ ਆਉਂਦਾ ਹੈ,+ ਉਸ ਦਾ ਸਾਰਿਆਂ ਉੱਤੇ ਅਧਿਕਾਰ ਹੈ। ਜਿਹੜਾ ਧਰਤੀ ਤੋਂ ਹੈ, ਉਹ ਧਰਤੀ ਦਾ ਹੈ ਅਤੇ ਧਰਤੀ ਦੀਆਂ ਚੀਜ਼ਾਂ ਬਾਰੇ ਹੀ ਗੱਲ ਕਰਦਾ ਹੈ। ਜਿਹੜਾ ਸਵਰਗੋਂ ਆਇਆ ਹੈ, ਉਸ ਦਾ ਸਾਰਿਆਂ ਉੱਤੇ ਅਧਿਕਾਰ ਹੈ।+ 32  ਉਸ ਨੇ ਜੋ ਵੀ ਦੇਖਿਆ ਅਤੇ ਸੁਣਿਆ ਹੈ,+ ਉਸ ਬਾਰੇ ਉਹ ਗਵਾਹੀ ਦਿੰਦਾ ਹੈ, ਪਰ ਕੋਈ ਵੀ ਉਸ ਦੀ ਗਵਾਹੀ ਕਬੂਲ ਨਹੀਂ ਕਰ ਰਿਹਾ।+ 33  ਜਿਸ ਨੇ ਉਸ ਦੀ ਗਵਾਹੀ ਕਬੂਲ ਕੀਤੀ ਹੈ, ਉਸ ਨੇ ਇਸ ਗੱਲ ਉੱਤੇ ਆਪਣੀ ਮੁਹਰ ਲਾ ਦਿੱਤੀ ਹੈ* ਕਿ ਪਰਮੇਸ਼ੁਰ ਸੱਚਾ ਹੈ।+ 34  ਜਿਸ ਨੂੰ ਪਰਮੇਸ਼ੁਰ ਨੇ ਘੱਲਿਆ ਹੈ, ਉਹ ਪਰਮੇਸ਼ੁਰ ਦੀਆਂ ਗੱਲਾਂ ਕਰਦਾ ਹੈ+ ਜੋ ਆਪਣੀ ਪਵਿੱਤਰ ਸ਼ਕਤੀ ਦੇਣ ਵਿਚ ਸਰਫ਼ਾ ਨਹੀਂ ਕਰਦਾ।* 35  ਪਿਤਾ ਪੁੱਤਰ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਸਾਰਾ ਕੁਝ ਪੁੱਤਰ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।+ 36  ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ;+ ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ,+ ਸਗੋਂ ਉਸ ਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਾ ਪਵੇਗਾ।+

ਫੁਟਨੋਟ

ਯੂਨਾ, “ਰੱਬੀ।”
ਜਾਂ ਸੰਭਵ ਹੈ, “ਸਵਰਗੋਂ ਜਨਮ ਨਾ ਲਵੇ।”
ਯੂਨਾ, “ਪਨੈਵਮਾ।” ਸ਼ਬਦਾਵਲੀ, “ਰੂਆਖ; ਪਨੈਵਮਾ” ਦੇਖੋ।
ਅਸਲ ਵਿਚ, ਬਪਤਿਸਮਾ ਯਿਸੂ ਦੀ ਨਿਗਰਾਨੀ ਹੇਠ ਦਿੱਤਾ ਗਿਆ ਸੀ। ਯੂਹੰ 4:2 ਦੇਖੋ।
ਜਾਂ, “ਪੱਕਾ ਕੀਤਾ ਹੈ।”
ਜਾਂ, “ਮਾਪ-ਮਾਪ ਕੇ ਨਹੀਂ ਦਿੰਦਾ।”