Skip to content

ਨੌਜਵਾਨ ਪੁੱਛਦੇ ਹਨ

ਮੈਂ ਕਸਰਤ ਕਰਨ ਦੇ ਇਰਾਦੇ ਨੂੰ ਪੱਕਾ ਕਿਵੇਂ ਕਰਾਂ?

ਮੈਂ ਕਸਰਤ ਕਰਨ ਦੇ ਇਰਾਦੇ ਨੂੰ ਪੱਕਾ ਕਿਵੇਂ ਕਰਾਂ?

 ਮੈਨੂੰ ਕਸਰਤ ਕਿਉਂ ਕਰਨੀ ਚਾਹੀਦੀ ਹੈ?

 ਕਈ ਦੇਸ਼ਾਂ ਵਿਚ ਨੌਜਵਾਨ ਕਸਰਤ ਕਰਨ ਵਿਚ ਬਹੁਤ ਥੋੜ੍ਹਾ ਸਮਾਂ ਲਗਾਉਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਸਿਹਤ ਸੰਬੰਧੀ ਕਈ ਮੁਸ਼ਕਲਾਂ ਆਉਂਦੀਆਂ ਹਨ। ਇਸ ਲਈ ਬਾਈਬਲ ਦੱਸਦੀ ਹੈ ‘ਸਰੀਰਕ ਅਭਿਆਸ ਕਰਨ ਨਾਲ ਫ਼ਾਇਦਾ ਹੁੰਦਾ ਹੈ।’ (1 ਤਿਮੋਥਿਉਸ 4:8) ਹੇਠਾਂ ਦੱਸੀਆਂ ਗੱਲਾਂ ʼਤੇ ਗੌਰ ਕਰੋ:

 •   ਕਸਰਤ ਕਰਨ ਨਾਲ ਤੁਸੀਂ ਵਧੀਆ ਮਹਿਸੂਸ ਕਰੋਗੇ। ਜਦੋਂ ਤੁਸੀਂ ਕਸਰਤ ਕਰਦੇ ਹੋ, ਤਾਂ ਤੁਹਾਡੇ ਦਿਮਾਗ਼ ਵਿਚ ਐਨਡੋਰਫਿਨ ਨਾਂ ਦਾ ਰਸਾਇਣ ਪੈਦਾ ਹੁੰਦਾ ਹੈ ਜਿਸ ਕਰਕੇ ਤੁਸੀਂ ਵਧੀਆ ਮਹਿਸੂਸ ਕਰਦੇ ਹੋ ਅਤੇ ਖ਼ੁਸ਼ ਰਹਿ ਪਾਉਂਦੇ ਹੋ। ਕੁਝ ਲੋਕ ਕਹਿੰਦੇ ਹਨ ਕਿ ਕਸਰਤ ਕਰਨ ਨਾਲ ਤਣਾਅ ਘੱਟਦਾ ਹੈ।

   “ਜਦੋਂ ਮੈ ਸਵੇਰੇ-ਸਵੇਰੇ ਦੌੜਨ ਜਾਂਦੀ ਹਾਂ, ਤਾਂ ਮੇਰਾ ਪੂਰਾ ਦਿਨ ਵਧੀਆ ਲੰਘਦਾ ਅਤੇ ਮੈਂ ਖ਼ੁਸ਼ ਰਹਿੰਦੀ ਹਾਂ। ਦੌੜਨ ਨਾਲ ਮੇਰਾ ਮੂਡ ਵਧੀਆ ਰਹਿੰਦਾ ਹੈ।”—ਰੇਜੀਨਾ।

 •   ਕਸਰਤ ਕਰਨ ਨਾਲ ਤੁਸੀਂ ਵਧੀਆ ਤੇ ਸੋਹਣੇ ਦਿਖਾਈ ਦਿੰਦੇ ਹੋ। ਕਸਰਤ ਕਰਨ ਨਾਲ ਤੁਸੀਂ ਤਕੜੇ ਹੋਵੋਗੇ, ਫਿਟ ਰਹੋਗੇ ਅਤੇ ਤੁਹਾਡਾ ਖ਼ੁਦ ʼਤੇ ਭਰੋਸਾ ਵਧੇਗਾ।

   “ਮੈਨੂੰ 10 ਪੁੱਲ-ਅੱਪਸ ਕਰਕੇ ਕੇ ਬਹੁਤ ਵਧੀਆ ਲੱਗਦਾ ਹੈ, ਪਰ ਇਕ ਸਾਲ ਪਹਿਲਾਂ ਤਾਂ ਮੇਰੇ ਤੋਂ ਮਸਾਂ ਇਕ ਹੀ ਕਰ ਹੁੰਦਾ ਸੀ। ਪਰ ਸਭ ਤੋਂ ਵਧੀਆ ਗੱਲ ਹੈ ਕਿ ਇੱਦਾਂ ਕਰਕੇ ਮੈਂ ਆਪਣੇ ਸਰੀਰ ਦਾ ਧਿਆਨ ਰੱਖ ਰਹੀ ਹਾਂ।”—ਓਲੀਵੀਆ।

 •   ਕਸਰਤ ਕਰਨ ਨਾਲ ਤੁਹਾਡੀ ਉਮਰ ਲੰਬੀ ਹੁੰਦੀ ਹੈ। ਕਸਰਤ ਕਰਨ ਨਾਲ ਦਿਲ ਅਤੇ ਸਾਹ ਪ੍ਰਣਾਲੀ ਨੂੰ ਫ਼ਾਇਦਾ ਹੁੰਦਾ ਹੈ। ਅਰੋਬਿਕ ਕਸਰਤ ਕਰਨ ਨਾਲ ਦਿਲ ਦੀਆਂ ਨਾੜੀਆਂ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਰੋਗਾਂ ਕਰਕੇ ਜ਼ਿਆਦਾਤਰ ਆਦਮੀਆਂ ਅਤੇ ਔਰਤਾਂ ਦੀਆਂ ਮੌਤਾਂ ਹੁੰਦੀਆਂ ਹਨ।

   “ਜਦੋਂ ਅਸੀਂ ਹਰ ਰੋਜ਼ ਕਸਰਤ ਕਰਨ ਦੀ ਆਦਤ ਪਾਉਂਦੇ ਹਾਂ, ਤਾਂ ਅਸੀਂ ਆਪਣੇ ਸ੍ਰਿਸ਼ਟੀਕਰਤਾ ਨੂੰ ਦਿਖਾਉਂਦੇ ਹਾਂ ਕਿ ਅਸੀਂ ਉਸ ਵੱਲੋਂ ਦਿੱਤੇ ਸਰੀਰ ਦੀ ਕਦਰ ਕਰਦੇ ਹਾਂ।”—ਜੈਸਿਕਾ।

 ਮੁੱਖ ਗੱਲ: ਸਾਨੂੰ ਕਸਰਤ ਕਰਨ ਨਾਲ ਅੱਜ ਅਤੇ ਆਉਣ ਵਾਲੇ ਸਮੇਂ ਵਿਚ ਕਈ ਫ਼ਾਇਦੇ ਹੋ ਸਕਦੇ ਹਨ। ਤਾਨੀਆਂ ਨਾਂ ਦੀ ਨੌਜਵਾਨ ਕੁੜੀ ਕਹਿੰਦੀ ਹੈ: “ਕੋਈ ਵੀ ਕਦੀ ਇੱਦਾਂ ਨਹੀਂ ਕਹੇਗਾ, ‘ਕਾਸ਼! ਮੈਂ ਦੌੜਨ ਨਾ ਗਿਆ ਹੁੰਦਾ।’ ਮੈਂ ਬਹਾਨੇ ਬਣਾਉਣ ਦੀ ਬਜਾਇ ਜਦੋਂ ਕਸਰਤ ਕਰਦੀ ਹਾਂ, ਤਾਂ ਮੈਨੂੰ ਕਦੀ ਵੀ ਪਛਤਾਵਾ ਨਹੀਂ ਹੁੰਦਾ।”

ਜੇ ਅਸੀਂ ਕਾਰ ਦਾ ਧਿਆਨ ਨਹੀਂ ਰੱਖਦੇ, ਤਾਂ ਇਹ ਕੰਮ ਕਰਨਾ ਬੰਦ ਕਰ ਦੇਵੇਗੀ। ਇਸੇ ਤਰ੍ਹਾਂ ਜੇ ਅਸੀਂ ਕਸਰਤ ਨਹੀਂ ਕਰਦੇ, ਤਾਂ ਸਾਡੇ ਸਰੀਰ ਦਾ ਵੀ ਇਹੀ ਹਾਲ ਹੋਵੇਗਾ

 ਮੈਂ ਕਸਰਤ ਕਿਉਂ ਨਹੀਂ ਕਰ ਪਾਉਂਦਾ?

 ਅੱਗੇ ਦੱਸੇ ਕਾਰਨਾਂ ਕਰਕੇ ਰੁਕਾਵਟਾਂ ਆਉਂਦੀਆਂ ਹਨ:

 •   ਮਨ ਨਹੀਂ ਕਰਦਾ। “ਮੈਨੂੰ ਲੱਗਦਾ ਕਿ ਨੌਜਵਾਨ ਸੋਚਦੇ ਹਨ ਕਿ ਬੀਮਾਰੀਆਂ ਤਾਂ ਸਿਰਫ਼ ਬੁਢਾਪੇ ਵਿਚ ਹੀ ਲੱਗਦੀਆਂ ਹਨ। ਅਸੀਂ ਤਾਂ ਜਵਾਨ ਹਾਂ, ਸਾਨੂੰ ਕੀ ਹੋਣਾ!”—ਸੋਫ਼ੀਆ।

 •   ਟਾਈਮ ਨਹੀਂ ਹੈ। “ਬਿਜ਼ੀ ਸ਼ਡਿਉਲ ਹੋਣ ਕਰਕੇ ਮੇਰੇ ਕੋਲ ਰੋਟੀ ਖਾਣ ਅਤੇ ਸੌਣ ਲਈ ਹੀ ਮਸਾਂ ਟਾਈਮ ਨਿਕਲਦਾ, ਤਾਂ ਕਸਰਤ ਕਰਨ ਲਈ ਟਾਈਮ ਕੱਢਣਾ ਤਾਂ ਹੋਰ ਵੀ ਮੁਸ਼ਕਲ ਹੈ।”—ਕਲਅਰੀਸਾ।

 •   ਜਿਮ ਜਾਣਾ ਮਹਿੰਗਾ। “ਫਿਟ ਰਹਿਣ ਲਈ ਬਹੁਤ ਪੈਸਾ ਖ਼ਰਚਣਾ ਪੈਦਾ। ਜੇ ਤੁਹਾਡੇ ਕੋਲ ਪੈਸੇ ਹਨ, ਤਾਂ ਤੁਸੀਂ ਜਿਮ ਜਾ ਸਕਦੇ ਹੋ!”—ਜੀਨਾ।

 ਜ਼ਰਾ ਸੋਚੋ:

 ਤੁਹਾਨੂੰ ਕਸਰਤ ਕਰਨ ਲਈ ਕਿਹੜੀ ਵੱਡੀ ਰੁਕਾਵਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਉਸ ਰੁਕਾਵਟ ਨੂੰ ਪਾਰ ਕਰਨ ਲਈ ਤੁਹਾਨੂੰ ਕੁਝ ਕਰਨ ਦੀ ਲੋੜ ਹੈ ਜਿਸ ਦੇ ਵਧੀਆ ਨਤੀਜੇ ਨਿਕਲਣਗੇ।

 ਮੈਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਹੈ?

 ਅੱਗੇ ਦੱਸੇ ਕੁਝ ਸੁਝਾਵਾਂ ʼਤੇ ਗੌਰ ਕਰੋ:

 •   ਆਪਣੀ ਸਿਹਤ ਦਾ ਖ਼ੁਦ ਧਿਆਨ ਰੱਖੋ।—ਗਲਾਤੀਆਂ 6:5.

 •   ਬਹਾਨੇ ਨਾ ਬਣਾਓ। (ਉਪਦੇਸ਼ਕ ਦੀ ਪੋਥੀ 11:4) ਮਿਸਾਲ ਲਈ, ਕਸਰਤ ਕਰਨ ਲਈ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ। ਤੁਸੀਂ ਅਜਿਹੀ ਕੋਈ ਖੇਡ ਵੀ ਖੇਡ ਸਕਦੇ ਹੋ ਜਿਸ ਵਿਚ ਤੁਹਾਨੂੰ ਮਜ਼ਾ ਆਵੇ ਅਤੇ ਇਸ ਨੂੰ ਹਰ ਰੋਜ਼ ਖੇਡੋ।

 •   ਸੁਝਾਅ ਲੈਣ ਲਈ ਤੁਸੀਂ ਦੂਜਿਆਂ ਨੂੰ ਪੁੱਛ ਸਕਦੇ ਹੋ ਕਿ ਉਹ ਕਸਰਤ ਕਰਨ ਲਈ ਕੀ ਕਰਦੇ ਹਨ।—ਕਹਾਉਤਾਂ 20:18.

 •   ਇਕ ਪੱਕਾ ਸ਼ਡਿਉਲ ਬਣਾਓ ਤੇ ਟੀਚੇ ਰੱਖੋ ਅਤੇ ਲਿਖੋ ਕਿ ਤੁਸੀਂ ਕਿਹੜੇ-ਕਿਹੜੇ ਟੀਚੇ ਹਾਸਲ ਕਰ ਲਏ ਹਨ। ਇਸ ਨਾਲ ਤੁਹਾਡਾ ਇਰਾਦਾ ਪੱਕਾ ਹੋਵੇਗਾ।—ਕਹਾਉਤਾਂ 21:5.

 •   ਕਿਸੇ ਨੂੰ ਆਪਣੇ ਨਾਲ ਕਸਰਤ ਕਰਨ ਲਈ ਕਹੋ। ਇਹ “ਦੋਸਤ” ਹਰ ਰੋਜ਼ ਕਸਰਤ ਕਰਨ ਲਈ ਤੁਹਾਨੂੰ ਹੌਸਲਾ ਤੇ ਮਦਦ ਦੇ ਸਕਦਾ ਹੈ।—ਉਪਦੇਸ਼ਕ ਦੀ ਪੋਥੀ 4:9, 10.

 •   ਮੁਸ਼ਕਲਾਂ ਤਾਂ ਆਉਣੀਆਂ ਹੀ ਹਨ, ਪਰ ਇਨ੍ਹਾਂ ਦਾ ਸਾਮ੍ਹਣਾ ਕਰਦਿਆਂ ਹੌਸਲਾ ਨਾ ਹਾਰੋ।—ਕਹਾਉਤਾਂ 24:10.

 ਆਪਣੀਆਂ ਹੱਦਾਂ ਪਛਾਣੋ

 ਬਾਈਬਲ ਕਹਿੰਦੀ ਹੈ ਕਿ ਆਦਮੀਆਂ ਅਤੇ ਔਰਤਾਂ ਨੂੰ ‘ਹਰ ਗੱਲ ਵਿਚ ਸੰਜਮ ਰੱਖਣਾ’ ਚਾਹੀਦਾ ਹੈ। (1 ਤਿਮੋਥਿਉਸ 3:2, 11) ਇਸ ਲਈ ਕਸਰਤ ਦੇ ਮਾਮਲੇ ਵਿਚ ਵੀ ਆਪਣੀਆਂ ਹੱਦਾਂ ਪਛਾਣੋ। ਬਹੁਤ ਜ਼ਿਆਦਾ ਕਸਰਤ ਕਰਨ ਵਾਲਿਆਂ ਨੂੰ ਅਕਸਰ ਮਾੜੇ ਨਤੀਜਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਜੂਲੀਆ ਨਾਂ ਦੀ ਨੌਜਵਾਨ ਕੁੜੀ ਕਹਿੰਦੀ ਹੈ: “ਜੇ ਕਿਸੇ ਮੁੰਡੇ ਦੇ ਡੋਲੇ ਹਨ, ਪਰ ਅਕਲ ਘਟ ਹੈ ਤਾਂ ਕੋਣ ਉਸ ਨੂੰ ਪਸੰਦ ਕਰੇਗਾ!”

 ਬਹੁਤ ਸਾਰੇ ਇਸ਼ਤਿਹਾਰ ‘ਸਿਹਤ ਬਣਾਉਣ ਦਾ ਦਾਅਵਾ’ ਕਰਦੇ ਹਨ, ਉਨ੍ਹਾਂ ਦੀ ਗੱਲਾਂ ਵਿਚ ਆਉਣ ਤੋਂ ਬਚੋ। ਮਿਸਾਲ ਲਈ, ਜਦੋਂ ਕਸਰਤ ਕਰਦਿਆਂ ਤੁਹਾਡੀ ਬਸ ਹੋ ਜਾਂਦੀ ਹੈ, ਤਾਂ ਤੁਹਾਡੇ ਵਿਚ ਜੋਸ਼ ਭਰਨ ਲਈ ਅਜਿਹੇ ਸ਼ਬਦ ਵਰਤੇ ਜਾਂਦੇ ਹਨ, “ਸ਼ਾਬਾਸ਼! ਸ਼ਾਬਾਸ਼! ਤੂੰ 10 ਵਾਰ ਹੋਰ ਕਰ ਸਕਦਾਂ।” ਇੱਦਾਂ ਦੀਆਂ ਗੱਲਾਂ ਤੁਹਾਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ “ਜ਼ਿਆਦਾ ਜ਼ਰੂਰੀ ਗੱਲਾਂ” ਤੋਂ ਤੁਹਾਡਾ ਧਿਆਨ ਭਟਕਾ ਸਕਦੀਆਂ ਹਨ।—ਫ਼ਿਲਿੱਪੀਆਂ 1:10.

 ਇਸ ਤੋਂ ਇਲਾਵਾ, ਅਜਿਹੇ ਇਸ਼ਤਿਹਾਰ ਸਾਨੂੰ ਕਸਰਤ ਕਰਨ ਦੀ ਪ੍ਰੇਰਣਾ ਦੇਣ ਦੀ ਬਜਾਇ ਨਿਰਾਸ਼ਾ ਵਿਚ ਡੋਬ ਸਕਦੇ ਹਨ। ਵੀਰਾ ਨਾਂ ਦੀ ਨੌਜਵਾਨ ਕੁੜੀ ਨੇ ਦੇਖਿਆ: “ਬਹੁਤ ਸਾਰੀਆਂ ਕੁੜੀਆਂ ਅਜਿਹੇ ਲੋਕਾਂ ਦੀਆਂ ਤਸਵੀਰਾਂ ਇਕੱਠੀਆਂ ਕਰਦੀਆਂ ਹਨ ਜਿਨ੍ਹਾਂ ਵਰਗੀਆਂ ਉਹ ਦਿਖਣਾ ਚਾਹੁੰਦੀਆਂ ਹਨ ਅਤੇ ਜਦੋਂ ਉਨ੍ਹਾਂ ਦਾ ਕਸਰਤ ਕਰਨ ਨੂੰ ਜੀਅ ਨਹੀਂ ਕਰਦਾ, ਤਾਂ ਉਹ ਇਨ੍ਹਾਂ ਲੋਕਾਂ ਦੀਆਂ ਤਸਵੀਰਾਂ ਦੇਖਦੀਆਂ ਹਨ। ਪਰ ਜਦੋਂ ਉਹ ਆਪਣੀ ਤੁਲਨਾ ਇਨ੍ਹਾਂ ਤਸਵੀਰਾਂ ਨਾਲ ਕਰਦੀਆਂ ਹਨ, ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ। ਚੰਗੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀ ਸਿਹਤ ਵਧੀਆ ਰੱਖਣ ਦਾ ਟੀਚਾ ਰੱਖੀਏ ਨਾ ਕਿ ਸੋਹਣੇ ਲੱਗਣ ਦਾ।”