ਸੁਝਾਅ 3–ਬਾਕਾਇਦਾ ਕਸਰਤ ਕਰੋ

ਸੁਝਾਅ 3–ਬਾਕਾਇਦਾ ਕਸਰਤ ਕਰੋ

“ਜੇ ਕਸਰਤ ਇਕ ਦਵਾਈ ਦੀ ਗੋਲੀ ਹੁੰਦੀ, ਤਾਂ ਸਾਰੀ ਦੁਨੀਆਂ ਇਹ ਦਵਾਈ ਖਾਂਦੀ।” (ਐਮੋਰੀ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ) ਕਸਰਤ ਕਰਨੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ।

ਜਤਨ ਕਰੋ। ਕਸਰਤ ਕਰਨ ਦੇ ਬਹੁਤ ਫ਼ਾਇਦੇ ਹਨ। ਇਸ ਨਾਲ ਸਾਡਾ ਮੂਡ ਠੀਕ ਰਹਿੰਦਾ ਹੈ, ਅਸੀਂ ਚੰਗੀ ਤਰ੍ਹਾਂ ਸੋਚ ਸਕਦੇ ਹਾਂ, ਕੰਮ ਕਰਨ ਲਈ ਸਾਨੂੰ ਜ਼ਿਆਦਾ ਤਾਕਤ ਮਿਲਦੀ ਹੈ ਅਤੇ ਇਸ ਦੇ ਨਾਲ-ਨਾਲ ਸਹੀ ਖ਼ੁਰਾਕ ਖਾਣ ਨਾਲ ਸਾਡਾ ਭਾਰ ਵੀ ਨਹੀਂ ਵਧਦਾ। ਇਹ ਜ਼ਰੂਰੀ ਨਹੀਂ ਕਿ ਤੁਸੀਂ ਇੰਨੀ ਕਸਰਤ ਕਰੋ ਕਿ ਤੁਹਾਡਾ ਸਰੀਰ ਦੁੱਖਣ ਲੱਗ ਪਵੇ ਜਾਂ ਤੁਸੀਂ ਬਹੁਤ ਸਖ਼ਤ ਕਸਰਤ ਕਰੋ। ਹਫ਼ਤੇ ਵਿਚ ਕਈ ਵਾਰ ਕਸਰਤ ਕਰਨ ਨਾਲ ਲਾਭ ਹੋ ਸਕਦਾ ਹੈ।

ਜਾਗਿੰਗ ਕਰਨ, ਫਟਾਫਟ ਤੁਰਨ, ਸਾਈਕਲ ਚਲਾਉਣ ਅਤੇ ਖੇਡਾਂ ਵਿਚ ਹਿੱਸਾ ਲੈਣ ਨਾਲ ਸਾਡੇ ਦਿਲ ਦੀ ਧੜਕਣ ਵਧਦੀ ਹੈ ਅਤੇ ਪਸੀਨਾ ਆਉਂਦਾ ਹੈ। ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਤਾਕਤ ਵਧਦੀ ਹੈ ਅਤੇ ਦਿਲ ਦਾ ਦੌਰਾ ਤੇ ਸਟ੍ਰੋਕ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਅਰੋਬਿਕ ਤੇ ਭਾਰ ਚੁੱਕਣ ਵਰਗੀ ਕਸਰਤ ਕਰਨ ਨਾਲ ਹੱਡੀਆਂ, ਮਾਸ-ਪੇਸ਼ੀਆਂ ਤੇ ਲੱਤਾਂ-ਬਾਹਾਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਸਾਡੀ ਪਾਚਣ-ਸ਼ਕਤੀ ਵਧਦੀ ਹੈ ਜੋ ਸਾਡੇ ਭਾਰ ਨੂੰ ਕੰਟ੍ਰੋਲ ਕਰਦੀ ਹੈ।

ਕਸਰਤ ਕਰਨ ਨਾਲ ਅਸੀਂ ਮਜ਼ਾ ਲੈ ਸਕਦੇ ਹਾਂ

ਪੈਦਲ ਤੁਰੋ। ਕਸਰਤ ਹਰ ਉਮਰ ਦੇ ਵਿਅਕਤੀ ਲਈ ਫ਼ਾਇਦੇਮੰਦ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਸਿਰਫ਼ ਜਿਮ ਵਿਚ ਹੀ ਕੀਤੀ ਜਾ ਸਕੇ। ਕਾਰ, ਬੱਸ ਜਾਂ ਲਿਫਟ ਵਿਚ ਜਾਣ ਦੀ ਬਜਾਇ ਪੈਦਲ ਚੱਲਣਾ ਵਧੀਆ ਹੈ। ਬੱਸ ਜਾਂ ਕਾਰ ਨੂੰ ਉਡੀਕਣ ਦੀ ਬਜਾਇ ਸ਼ਾਇਦ ਤੁਸੀਂ ਤੁਰ ਕੇ ਛੇਤੀ ਪਹੁੰਚ ਜਾਓ। ਮਾਪਿਓ, ਆਪਣੇ ਬੱਚਿਆਂ ਨੂੰ ਉਹ ਖੇਡਾਂ ਖੇਡਣ ਦੀ ਆਦਤ ਪਾਓ ਜਿਨ੍ਹਾਂ ਨਾਲ ਉਨ੍ਹਾਂ ਦਾ ਸਰੀਰ ਮਜ਼ਬੂਤ ਹੋਵੇ। ਘਰ ਬੈਠ ਕੇ ਟੀ.ਵੀ. ਦੇਖਣ ਜਾਂ ਵਿਡਿਓ ਗੇਮਾਂ ਖੇਡਣ ਦੀ ਬਜਾਇ ਬਾਹਰ ਖੇਡਣਾ ਬੱਚਿਆਂ ਦੀ ਸਿਹਤ ਲਈ ਵਧੀਆ ਹੈ।

ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਮਰ ਵਿਚ ਕਸਰਤ ਕਰਨੀ ਸ਼ੁਰੂ ਕਰਦੇ ਹੋ। ਤੁਹਾਨੂੰ ਥੋੜ੍ਹੀ-ਬਹੁਤੀ ਕਸਰਤ ਕਰਨ ਨਾਲ ਫ਼ਾਇਦਾ ਹੋ ਸਕਦਾ ਹੈ। ਜੇ ਤੁਸੀਂ ਜ਼ਿਆਦਾ ਉਮਰ ਦੇ ਹੋ ਜਾਂ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਹਨ ਅਤੇ ਤੁਸੀਂ ਕਸਰਤ ਨਹੀਂ ਕਰਦੇ ਹੋ, ਤਾਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ। ਪਰ ਕਸਰਤ ਕਰਨੀ ਸ਼ੁਰੂ ਕਰੋ। ਹੌਲੀ-ਹੌਲੀ ਤੇ ਹਲਕੀ ਕਸਰਤ ਕਰਨ ਨਾਲ ਜ਼ਿਆਦਾ ਉਮਰ ਦੇ ਲੋਕਾਂ ਦੀਆਂ ਹੱਡੀਆਂ ਮਜ਼ਬੂਤ ਰਹਿ ਸਕਦੀਆਂ ਹਨ। ਸਰੀਰ ਮਜ਼ਬੂਤ ਹੋਣ ਕਰਕੇ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਘੱਟ ਜਾਂਦਾ ਹੈ।

ਰੁਸਤਮ, ਜਿਸ ਦਾ ਇਸ ਲੜੀ ਦੇ ਪਹਿਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, ਨੂੰ ਕਸਰਤ ਕਰਨ ਨਾਲ ਫ਼ਾਇਦਾ ਹੋਇਆ। ਸੱਤ ਸਾਲ ਪਹਿਲਾਂ ਉਸ ਨੇ ਅਤੇ ਉਸ ਦੀ ਪਤਨੀ ਨੇ ਹਰ ਸਵੇਰ ਥੋੜ੍ਹੀ ਜਾਗਿੰਗ ਕਰਨੀ ਸ਼ੁਰੂ ਕੀਤੀ। ਉਹ ਦੱਸਦਾ ਹੈ: “ਪਹਿਲਾਂ-ਪਹਿਲ ਤਾਂ ਅਸੀਂ ਨਾ ਜਾਣ ਦੇ ਬਹਾਨੇ ਬਣਾਉਂਦੇ ਸੀ। ਪਰ ਇਕ-ਦੂਜੇ ਦਾ ਸਾਥ ਦੇ ਕੇ ਅਸੀਂ ਜਾਗਿੰਗ ਕਰਦੇ ਰਹੇ। ਹੁਣ ਇਹ ਸਾਡੀ ਇਕ ਚੰਗੀ ਆਦਤ ਬਣ ਚੁੱਕੀ ਹੈ ਜਿਸ ਤੋਂ ਸਾਨੂੰ ਮਜ਼ਾ ਆਉਂਦਾ ਹੈ।” (g11-E 03)