Skip to content

ਨੌਜਵਾਨ ਪੁੱਛਦੇ ਹਨ

ਦੋਸਤੀ ਜਾਂ ਪਿਆਰ?​—ਭਾਗ 1: ਉਸ ਦੇ ਮੈਸਿਜ ਤੋਂ ਮੈਨੂੰ ਕਿਹੜਾ ਇਸ਼ਾਰਾ ਮਿਲ ਰਿਹਾ ਹੈ?

ਦੋਸਤੀ ਜਾਂ ਪਿਆਰ?​—ਭਾਗ 1: ਉਸ ਦੇ ਮੈਸਿਜ ਤੋਂ ਮੈਨੂੰ ਕਿਹੜਾ ਇਸ਼ਾਰਾ ਮਿਲ ਰਿਹਾ ਹੈ?

 ਤੁਹਾਨੂੰ ਉਹ ਮੁੰਡਾ ਬਹੁਤ ਪਸੰਦ ਹੈ ਅਤੇ ਤੁਹਾਨੂੰ ਪੂਰਾ ਯਕੀਨ ਹੈ ਕਿ ਉਹ ਵੀ ਤੁਹਾਨੂੰ ਬਹੁਤ ਪਸੰਦ ਕਰਦਾ ਹੈ। ਤੁਸੀਂ ਹਰ ਵੇਲੇ ਇਕ-ਦੂਜੇ ਨੂੰ ਮੈਸਿਜ ਭੇਜਦੇ ਰਹਿੰਦੇ ਹੋ, ਪਾਰਟੀਆਂ ਵਿਚ ਹਮੇਸ਼ਾ ਇਕੱਠੇ ਰਹਿੰਦੇ ਹੋ . . . ਅਤੇ ਉਸ ਦੇ ਕੁਝ ਮੈਸਿਜਾਂ ਤੋਂ ਪਤਾ ਲੱਗਦਾ ਹੈ ਕਿ ਉਹ ਅੱਖ-ਮਟੱਕਾ ਕਰ ਰਿਹਾ ਹੈ।

 ਇਸ ਲਈ ਤੁਸੀਂ ਉਸ ਨੂੰ ਇਹ ਪੁੱਛਣ ਦਾ ਫ਼ੈਸਲਾ ਕਰਦੇ ਹੋ ਕਿ ਸਾਡੇ ਦੋਨਾਂ ਵਿਚ ਕੀ ਚੱਲ ਰਿਹਾ ਹੈ ਕਿਉਂਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਹ ਤੁਹਾਡੇ ਬਾਰੇ ਵੀ ਉਵੇਂ ਹੀ ਮਹਿਸੂਸ ਕਰਦਾ ਹੈ ਜਿਵੇਂ ਤੁਸੀਂ ਉਸ ਬਾਰੇ ਮਹਿਸੂਸ ਕਰਦੇ ਹੋ। ਉਹ ਜਵਾਬ ਦਿੰਦਾ ਹੈ, “ਮੈਂ ਤੈਨੂੰ ਸਿਰਫ਼ ਇਕ ਦੋਸਤ ਸਮਝਦਾ ਹਾਂ ਹੋਰ ਕੁਝ ਨਹੀਂ।”

 ਤੁਹਾਨੂੰ ਕਿੱਦਾਂ ਲੱਗਾ

 “ਮੈਨੂੰ ਬਹੁਤ ਗੁੱਸਾ ਆਇਆ। ਉਸ ʼਤੇ ਵੀ ਅਤੇ ਆਪਣੇ ʼਤੇ ਵੀ। ਅਸੀਂ ਹਰ ਰੋਜ਼ ਇਕ-ਦੂਜੇ ਨੂੰ ਮੈਸਿਜ ਭੇਜਦੇ ਸੀ। ਉਸ ਨੇ ਮੇਰੇ ਵਿਚ ਇੰਨੀ ਦਿਲਚਸਪੀ ਦਿਖਾਈ ਕਿ ਮੈਂ ਵੀ ਉਸ ਨੂੰ ਪਸੰਦ ਕਰਨ ਲੱਗ ਪਈ।”​—ਜੈਸਮੀਨ।

 “ਇਕ ਮੁੰਡਾ-ਕੁੜੀ ਡੇਟਿੰਗ ਕਰ ਰਹੇ ਸਨ। ਮੈਂ ਤੇ ਇਕ ਕੁੜੀ ਅਕਸਰ ਉਨ੍ਹਾਂ ਨਾਲ ਜਾਂਦੇ ਹੁੰਦੇ ਸੀ। ਕਈ ਵਾਰ ਇੱਦਾਂ ਲੱਗਾ ਜਿਵੇਂ ਉਨ੍ਹਾਂ ਦੇ ਨਾਲ-ਨਾਲ ਅਸੀਂ ਦੋਵੇਂ ਵੀ ਡੇਟਿੰਗ ਕਰ ਰਹੇ ਹੋਈਏ। ਅਸੀਂ ਦੋਵੇਂ ਇਕ-ਦੂਜੇ ਨਾਲ ਬਹੁਤ ਗੱਲਾਂ ਕਰਦੇ ਸੀ ਅਤੇ ਬਹੁਤ ਸਾਰੇ ਮੈਸਿਜ ਭੇਜਦੇ ਸੀ। ਪਰ ਜਦੋਂ ਉਸ ਨੇ ਕਿਹਾ ਕਿ ਉਹ ਮੈਨੂੰ ਸਿਰਫ਼ ਇਕ ਦੋਸਤ ਮੰਨਦੀ ਹੈ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਦਰਅਸਲ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਸੀ।”​—ਰਿਚਰਡ।

 “ਇਕ ਮੁੰਡਾ ਰੋਜ਼ ਮੈਨੂੰ ਮੈਸਿਜ ਕਰਦਾ ਹੁੰਦਾ ਸੀ। ਕਦੇ-ਕਦੇ ਤਾਂ ਸਾਡੇ ਮੈਸਿਜਾਂ ਵਿਚ ਪਿਆਰ-ਮੁਹੱਬਤ ਝਲਕਦੀ ਸੀ। ਪਰ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਉਸ ਨੂੰ ਪਸੰਦ ਕਰਦੀ ਹਾਂ, ਤਾਂ ਉਹ ਹੱਸਣ ਲੱਗ ਪਿਆ। ਉਸ ਨੇ ਕਿਹਾ, ‘ਮੈਂ ਅਜੇ ਕਿਸੇ ਨਾਲ ਡੇਟਿੰਗ ਨਹੀਂ ਕਰਨਾ ਚਾਹੁੰਦਾ।’ ਇਹ ਸੁਣ ਕੇ ਮੈਂ ਕਈ ਦਿਨਾਂ ਤਕ ਰੋਂਦੀ ਰਹੀ।”​—ਤਮਾਰਾ।

 ਮੁੱਖ ਗੱਲ: ਹੋ ਸਕਦਾ ਹੈ ਕਿ ਤੁਸੀਂ ਕਿਸੇ ਨੂੰ ਖ਼ਾਸ ਸਮਝਣ ਲੱਗ ਪਏ ਹੋ। ਪਰ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਪਿਆਰ ਇਕ ਤਰਫ਼ਾ ਹੈ, ਤਾਂ ਤੁਹਾਨੂੰ ਜ਼ਰੂਰ ਗੁੱਸਾ ਆਵੇਗਾ, ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋਗੇ ਜਾਂ ਤੁਹਾਨੂੰ ਇਹ ਵੀ ਲੱਗ ਸਕਦਾ ਹੈ ਕਿ ਤੁਹਾਡੇ ਨਾਲ ਧੋਖਾ ਹੋਇਆ ਹੈ। ਸਟੀਵਨ ਨਾਂ ਦਾ ਨੌਜਵਾਨ ਮੁੰਡਾ ਕਹਿੰਦਾ ਹੈ, “ਜਦੋਂ ਮੇਰੇ ਨਾਲ ਇੱਦਾਂ ਹੋਇਆ, ਤਾਂ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਮੈਨੂੰ ਬਹੁਤ ਦੁੱਖ ਲੱਗਾ। ਇਸ ਤੋਂ ਬਾਅਦ ਮੈਂ ਜਲਦੀ ਕਿਸੇ ʼਤੇ ਭਰੋਸਾ ਨਹੀਂ ਕਰ ਸਕਿਆ।”

 ਇੱਦਾਂ ਕਿਉਂ ਹੁੰਦਾ ਹੈ

 ਮੈਸਿਜ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਬੜਾ ਆਸਾਨ ਹੋ ਗਿਆ ਹੈ ਕਿ ਇਕ ਮੁੰਡਾ-ਕੁੜੀ ਗੱਲਾਂ-ਗੱਲਾਂ ਵਿਚ ਅਜਿਹੇ ਵਿਅਕਤੀ ਨੂੰ ਦਿਲ ਦੇ ਬੈਠਣ ਜੋ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਗੌਰ ਕਰੋ ਕਿ ਕੁਝ ਨੌਜਵਾਨਾਂ ਨੇ ਕੀ ਕਿਹਾ।

 “ਹੋ ਸਕਦਾ ਹੈ ਕਿ ਇਕ ਮੁੰਡਾ ਸਿਰਫ਼ ਟਾਈਮ ਪਾਸ ਕਰਨ ਲਈ ਤੁਹਾਨੂੰ ਮੈਸਿਜ ਭੇਜਦਾ ਹੈ। ਪਰ ਤੁਹਾਨੂੰ ਸ਼ਾਇਦ ਲੱਗੇ ਕਿ ਉਹ ਤੁਹਾਡੇ ਵਿਚ ਦਿਲਚਸਪੀ ਲੈ ਰਿਹਾ ਹੈ। ਜੇ ਉਹ ਤੁਹਾਨੂੰ ਹਰ ਰੋਜ਼ ਮੈਸਿਜ ਭੇਜਦਾ ਹੈ, ਤਾਂ ਤੁਹਾਨੂੰ ਗ਼ਲਤਫ਼ਹਿਮੀ ਹੋ ਸਕਦੀ ਹੈ ਕਿ ਤੁਸੀਂ ਉਸ ਲਈ ਖ਼ਾਸ ਹੋ।”​—ਜੈਨੀਫ਼ਰ।

 “ਸ਼ਾਇਦ ਇਕ ਜਣਾ ਦੂਜੇ ਨੂੰ ਪਸੰਦ ਕਰਦਾ ਹੋਵੇ, ਪਰ ਹੋ ਸਕਦਾ ਹੈ ਕਿ ਦੂਸਰਾ ਉਸ ਨਾਲ ਸਿਰਫ਼ ਗੱਲਾਂ ਹੀ ਕਰਨੀਆਂ ਚਾਹੁੰਦਾ ਹੈ ਜਾਂ ਉਸ ਨੂੰ ਸਿਰਫ਼ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਉਸ ਨੂੰ ਹੌਸਲਾ ਦੇ ਸਕੇ।”​—ਜੇਮਜ਼।

 “ਇਕ ਛੋਟੇ ਜਿਹੇ ‘ਗੁੱਡ-ਨਾਈਟ’ ਮੈਸਿਜ ਨੂੰ ਵੀ ਗ਼ਲਤ ਸਮਝਿਆ ਜਾ ਸਕਦਾ ਹੈ ਭਾਵੇਂ ਕਿ ਮੈਸਿਜ ਭੇਜਣ ਵਾਲੇ ਦੇ ਦਿਲ ਵਿਚ ਤੁਹਾਡੇ ਲਈ ਕੁਝ ਨਾ ਹੋਵੇ। ਇਹ ਇੱਦਾਂ ਹੈ ਜਿਵੇਂ ਕੋਈ ਕਸਟਮਰ ਕੇਅਰ ਵਾਲਾ ਤੁਹਾਨੂੰ ‘ਗੁੱਡ-ਨਾਈਟ’ ਮੈਸਿਜ ਭੇਜ ਰਿਹਾ ਹੋਵੇ।”—ਹੇਲੀ।

 “ਮੈਸਿਜ ਵਿਚ ਸਮਾਈਲੀ ਫੇਸ ਦੇਖ ਕੇ ਸ਼ਾਇਦ ਪੜ੍ਹਨ ਵਾਲਾ ਸਮਝੇ ਕਿ ਤੁਸੀਂ ਉਸ ਨੂੰ ਇਹ ਦੋਸਤ ਦੇ ਨਾਤੇ ਭੇਜਿਆ ਹੈ ਜਾਂ ਉਸ ਨਾਲ ਅੱਖ-ਮਟੱਕਾ ਕਰ ਰਹੇ ਹੋ।”​—ਅਲੀਸਿਆ।

 ਮੁੱਖ ਗੱਲ: ਕਿਸੇ ਵੱਲੋਂ ਦਿਖਾਈ ਗਈ ਪਰਵਾਹ ਨੂੰ ਪਿਆਰ ਨਾ ਸਮਝੋ।

 ਮੰਨਿਆ ਕਿ ਇੱਦਾਂ ਕਹਿਣਾ ਸੌਖਾ ਹੈ, ਪਰ ਕਰਨਾ ਔਖਾ ਹੈ। ਬਾਈਬਲ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਇਸ ਲਈ ਤੁਸੀਂ ‘ਹਵਾ ਵਿਚ ਪਿਆਰ ਦੇ ਮਹਿਲ ਉਸਾਰਨ’ ਲੱਗ ਸਕਦੇ ਹੋ। ਪਰ ਜਿੱਦਾਂ ਹੀ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਿਰਫ਼ ਤੁਹਾਡੇ ਮਨ ਦੀ ਕਲਪਨਾ ਹੈ, ਤਾਂ ਤੁਹਾਡੇ ਸਾਰੇ ਸੁਪਨੇ ਚੂਰ-ਚੂਰ ਹੋ ਜਾਂਦੇ ਹਨ।

 ਤੁਸੀਂ ਕੀ ਕਰ ਸਕਦੇ ਹੋ

  •   ਪਰਖ ਕੇ ਦੇਖੋ। ਥੋੜ੍ਹਾ ਰੁਕੋ ਅਤੇ ਇਸ ਰਿਸ਼ਤੇ ਬਾਰੇ ਸੋਚੋ। ਆਪਣੇ ਆਪ ਤੋਂ ਪੁੱਛੋ, ‘ਮੈਂ ਇੰਨੇ ਯਕੀਨ ਨਾਲ ਕਿਉਂ ਕਹਿ ਸਕਦਾ ਹਾਂ ਕਿ ਉਹ ਮੈਨੂੰ ਸਿਰਫ਼ ਆਪਣਾ ਦੋਸਤ ਨਹੀਂ ਸਮਝਦੀ?’ ਭਾਵਨਾਵਾਂ ਵਿਚ ਵਹਿ ਕੇ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਨਾ ਗੁਆਓ।​—ਰੋਮੀਆਂ 12:1.

  •   ਸਮਝਦਾਰ ਬਣੋ। ਹੋ ਸਕਦਾ ਹੈ ਕਿ ਇਕ ਵਿਅਕਤੀ ਦੀਆਂ ਗੱਲਾਂ ਤੋਂ ਲੱਗੇ ਕਿ ਉਹ ਤੁਹਾਨੂੰ ਦੋਸਤ ਨਾਲੋਂ ਵੱਧ ਕੇ ਸਮਝਦਾ ਹੈ। ਇੱਦਾਂ ਦੀਆਂ ਗੱਲਾਂ ਤੁਹਾਡੇ ਮਨ ਵਿਚ ਸ਼ੱਕ ਪੈਦਾ ਕਰਦੀਆਂ ਹਨ ਅਤੇ ਇਨ੍ਹਾਂ ਗੱਲਾਂ ਵੱਲ ਤੁਹਾਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਇੱਦਾਂ ਨਾ ਸੋਚੋ ਕਿ ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਉਹ ਵੀ ਤੁਹਾਨੂੰ ਪਸੰਦ ਕਰਦਾ ਹੈ।

  •   ਧੀਰਜ ਰੱਖੋ। ਜਿੰਨਾ ਚਿਰ ਸਾਮ੍ਹਣੇ ਵਾਲਾ ਵਿਅਕਤੀ ਖ਼ੁਦ ਤੁਹਾਨੂੰ ਸਾਫ਼-ਸਾਫ਼ ਨਾ ਕਹੇ ਕਿ ਉਹ ਤੁਹਾਨੂੰ ਪਸੰਦ ਕਰਦਾ ਹੈ ਅਤੇ ਤੁਹਾਨੂੰ ਜਾਣਨਾ ਚਾਹੁੰਦਾ ਹੈ, ਉੱਨਾ ਚਿਰ ਤੁਸੀਂ ਆਪ ਉਸ ਰਿਸ਼ਤੇ ਨੂੰ ਅੱਗੇ ਨਾ ਵਧਾਓ। ਇੱਦਾਂ ਕਰਨ ਨਾਲ ਤੁਹਾਡਾ ਦਿਲ ਟੁੱਟਣ ਤੋਂ ਬਚ ਸਕਦਾ ਹੈ।

  •   ਸੱਚ ਬੋਲੋ। ਬਾਈਬਲ ਕਹਿੰਦੀ ਹੈ ਕਿ “ਇੱਕ ਬੋਲਣ ਦਾ ਵੇਲਾ ਹੈ” (ਉਪਦੇਸ਼ਕ ਦੀ ਪੋਥੀ 3:7) ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਕ ਵਿਅਕਤੀ ਤੁਹਾਨੂੰ ਦੋਸਤ ਤੋਂ ਵੱਧ ਸਮਝਦਾ ਹੈ ਜਾਂ ਨਹੀਂ, ਤਾਂ ਉਸ ਵਿਅਕਤੀ ਨਾਲ ਗੱਲ ਕਰੋ। ਵੈਲਰੀ ਨਾਂ ਦੀ ਨੌਜਵਾਨ ਕਹਿੰਦੀ ਹੈ, “ਜੇ ਪਿਆਰ ਇਕ ਤਰਫ਼ਾ ਹੈ, ਤਾਂ ਇਸ ਬਾਰੇ ਜਲਦੀ ਪਤਾ ਲਗਾਉਣ ਨਾਲ ਤੁਹਾਨੂੰ ਉੱਨਾ ਦੁੱਖ ਨਹੀਂ ਹੋਵੇਗਾ ਜਿੰਨਾ ਤੁਹਾਨੂੰ ਉਦੋਂ ਹੋਵੇਗਾ ਜਦੋਂ ਮਹੀਨਿਆਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਉਸ ਵਿਅਕਤੀ ਨੂੰ ਤੁਹਾਡੇ ਵਿਚ ਕੋਈ ਦਿਲਚਸਪੀ ਨਹੀਂ ਹੈ।”

 ਮੁੱਖ ਗੱਲ: ਕਹਾਉਤਾਂ 4:23 ਵਿਚ ਲਿਖਿਆ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ।” ਜੇ ਤੁਸੀਂ ਕਿਸੇ ਵਿਅਕਤੀ ਨੂੰ ਪਸੰਦ ਕਰਨ ਲੱਗ ਪਏ ਹੋ, ਤਾਂ ਪਤਾ ਲਗਾਓ ਕਿ ਉਹ ਵੀ ਤੁਹਾਨੂੰ ਪਸੰਦ ਕਰਦਾ ਹੈ ਜਾਂ ਨਹੀਂ। ਇਹ ਪਤਾ ਲਗਾਉਣ ਤੋਂ ਪਹਿਲਾਂ ਉਸ ਨੂੰ ਦਿਲ ਦੇ ਬੈਠਣਾ ਇੱਦਾਂ ਹੈ ਜਿਵੇਂ ਤੁਸੀਂ ਇਕ ਪੱਥਰ ʼਤੇ ਪੌਦਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ।

 ਜੇ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਵਿਅਕਤੀ ਵੀ ਤੁਹਾਨੂੰ ਪਸੰਦ ਕਰਦਾ ਹੈ ਅਤੇ ਤੁਹਾਡੀ ਉਮਰ ਡੇਟਿੰਗ ਕਰਨ ਦੀ ਹੈ ਤੇ ਤੁਸੀਂ ਇਸ ਲਈ ਤਿਆਰ ਵੀ ਹੋ, ਤਾਂ ਫ਼ੈਸਲਾ ਕਰੋ ਕਿ ਤੁਸੀਂ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਹੈ ਜਾਂ ਨਹੀਂ। ਯਾਦ ਰੱਖੋ, ਵਿਆਹ ਦਾ ਬੰਧਨ ਉਦੋਂ ਮਜ਼ਬੂਤ ਹੁੰਦਾ ਹੈ ਜਦੋਂ ਪਰਮੇਸ਼ੁਰ ਦੀ ਸੇਵਾ ਵਿਚ ਪਤੀ-ਪਤਨੀ ਦੇ ਟੀਚੇ ਇੱਕੋ ਜਿਹੇ ਹੁੰਦੇ ਹਨ ਅਤੇ ਉਹ ਇਕ ਦੂਜੇ ਪ੍ਰਤੀ ਈਮਾਨਦਾਰ ਹੁੰਦੇ ਹਨ। (1 ਕੁਰਿੰਥੀਆਂ 7:39) ਅਸਲ ਵਿਚ, ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਦੋਸਤੀ ਦੇ ਇਕ ਚੰਗੇ ਰਿਸ਼ਤੇ ਤੋਂ ਹੁੰਦੀ ਹੈ ਅਤੇ ਉਹ ਜ਼ਿੰਦਗੀ ਭਰ ਇਕ-ਦੂਜੇ ਦੇ ਚੰਗੇ ਦੋਸਤ ਬਣੇ ਰਹਿੰਦੇ ਹਨ।—ਕਹਾਉਤਾਂ 5:18.