Skip to content

ਨੌਜਵਾਨ ਪੁੱਛਦੇ ਹਨ

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?

ਸ੍ਰਿਸ਼ਟੀ ਜਾਂ ਵਿਕਾਸਵਾਦ?—ਭਾਗ 3: ਇਸ ਗੱਲ ʼਤੇ ਯਕੀਨ ਕਿਉਂ ਕਰੀਏ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ?

“ਜੇ ਤੁਸੀਂ ਇਹ ਮੰਨਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਸ਼ਾਇਦ ਲੋਕ ਤੁਹਾਨੂੰ ਮੂਰਖ ਸਮਝਣ ਤੇ ਸੋਚਣ ਕਿ ਤੁਸੀਂ ਉਨ੍ਹਾਂ ਕਹਾਣੀਆਂ ʼਤੇ ਵਿਸ਼ਵਾਸ ਕਰਦੇ ਹੋ ਜੋ ਤੁਹਾਡੇ ਮਾਪਿਆਂ ਨੇ ਤੁਹਾਨੂੰ ਬਚਪਨ ਵਿਚ ਸੁਣਾਈਆਂ ਸਨ ਜਾਂ ਆਪਣੇ ਧਰਮ ਕਰਕੇ ਤੁਸੀਂ ਇਹ ਗੱਲ ਮੰਨਦੇ ਹੋ।”​—ਜਿਨੈਟ।

 ਕੀ ਤੁਹਾਨੂੰ ਵੀ ਜਿਨੈਟ ਵਾਂਗ ਲੱਗਦਾ ਹੈ? ਜੇ ਹਾਂ, ਤਾਂ ਤੁਹਾਨੂੰ ਇਸ ਗੱਲ ʼਤੇ ਸ਼ੱਕ ਹੋ ਸਕਦਾ ਹੈ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਨਾਲੇ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਉਸ ਨੂੰ ਮੂਰਖ ਸਮਝੇ। ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

 ਕਿਹੜੀ ਗੱਲ ਕਰਕੇ ਤੁਹਾਨੂੰ ਸ਼ੱਕ ਹੋ ਸਕਦਾ ਹੈ?

 1. ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ, ਤਾਂ ਲੋਕ ਸੋਚਣਗੇ ਕਿ ਤੁਸੀਂ ਵਿਗਿਆਨ ਨਾਲ ਸਹਿਮਤ ਨਹੀਂ ਹੋ।

 “ਮੇਰੀ ਅਧਿਆਪਕ ਕਹਿੰਦੀ ਹੈ ਕਿ ਲੋਕ ਇਸ ਗੱਲ ਕਰਕੇ ਇਹ ਮੰਨਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ ਕਿਉਂਕਿ ਉਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਸਭ ਕੁਝ ਕਿਵੇਂ ਹੁੰਦਾ ਹੈ।”­​—ਮਾਰੀਆ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ। ਮਸ਼ਹੂਰ ਵਿਗਿਆਨੀ, ਜਿਵੇਂ ਗਲੀਲੀਓ ਅਤੇ ਆਈਜ਼ਕ ਨਿਊਟਨ, ਵੀ ਮੰਨਦੇ ਸਨ ਕਿ ਰੱਬ ਹੈ। ਇਸ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਉਹ ਵਿਗਿਆਨ ਦੇ ਖ਼ਿਲਾਫ਼ ਸਨ। ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਵਿਗਿਆਨੀ ਹਨ ਜੋ ਵਿਗਿਆਨ ਦੀਆਂ ਗੱਲਾਂ ਨੂੰ ਮੰਨਣ ਦੇ ਨਾਲ-ਨਾਲ ਰੱਬ ʼਤੇ ਵੀ ਵਿਸ਼ਵਾਸ ਕਰਦੇ ਹਨ।

 ਇੱਦਾਂ ਕਰ ਕੇ ਦੇਖੋ: ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ʼਤੇ ਜਾ ਕੇ ਲੱਭੋ ਵਾਲੀ ਜਗ੍ਹਾ ʼਤੇ (ਡਬਲ ਕਾਮਿਆਂ ਵਿਚ) “ਆਪਣੇ ਵਿਸ਼ਵਾਸਾਂ ਬਾਰੇ ਦੱਸਦੀ ਹੈ” ਜਾਂ “ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹੈ” ਪਾਓ। ਤੁਸੀਂ ਦੇਖੋਗੇ ਕਿ ਡਾਕਟਰੀ ਖੇਤਰ ਦੇ ਲੋਕ ਅਤੇ ਵਿਗਿਆਨ ʼਤੇ ਵਿਸ਼ਵਾਸ ਕਰਨ ਵਾਲੇ ਲੋਕ ਮੰਨਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਧਿਆਨ ਦਿਓ ਕਿ ਕਿਹੜੀ ਗੱਲ ਕਰਕੇ ਉਨ੍ਹਾਂ ਨੂੰ ਯਕੀਨ ਹੋਇਆ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ।

 ਮੁੱਖ ਗੱਲ: ਰੱਬ ʼਤੇ ਵਿਸ਼ਵਾਸ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਵਿਗਿਆਨ ʼਤੇ ਵਿਸ਼ਵਾਸ ਨਹੀਂ ਕਰਦੇ। ਦਰਅਸਲ, ਜਦੋਂ ਤੁਸੀਂ ਧਿਆਨ ਨਾਲ ਦੁਨੀਆਂ ਦੀਆਂ ਚੀਜ਼ਾਂ ਨੂੰ ਦੇਖੋਗੇ, ਤਾਂ ਤੁਹਾਨੂੰ ਹੋਰ ਜ਼ਿਆਦਾ ਯਕੀਨ ਹੋਵੇਗਾ ਕਿ ਰੱਬ ਨੇ ਹੀ ਸਾਰਾ ਕੁਝ ਬਣਾਇਆ ਹੈ।​—ਰੋਮੀਆਂ 1:20.

2. ਜੇ ਤੁਸੀਂ ਬਾਈਬਲ ਦੀ ਇਸ ਗੱਲ ʼਤੇ ਯਕੀਨ ਕਰਦੇ ਹੋ ਕਿ ਸ੍ਰਿਸ਼ਟੀ ਕਿਵੇਂ ਬਣਾਈ ਗਈ, ਤਾਂ ਲੋਕ ਸੋਚਣਗੇ ਕਿ ਤੁਸੀਂ ਬਿਨਾਂ ਸੋਚੇ-ਸਮਝੇ ਆਪਣੇ ਧਰਮ ʼਤੇ ਵਿਸ਼ਵਾਸ ਕਰਦੇ ਹੋ।

 “ਬਹੁਤ ਸਾਰੇ ਲੋਕ ਇਸ ਗੱਲ ਦਾ ਮਜ਼ਾਕ ਉਡਾਉਂਦੇ ਹਨ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਬਾਈਬਲ ਵਿਚ ਉਤਪਤ ਦੀ ਕਿਤਾਬ ਵਿਚ ਸ੍ਰਿਸ਼ਟੀ ਬਾਰੇ ਜੋ ਕੁਝ ਵੀ ਦੱਸਿਆ ਗਿਆ ਹੈ, ਉਹ ਬਸ ਇਕ ਕਹਾਣੀ ਹੀ ਹੈ।”​—ਜੈਸਮੀਨ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਲੋਕ ਅਕਸਰ ਸ੍ਰਿਸ਼ਟੀ ਬਾਰੇ ਦੱਸੀਆਂ ਬਾਈਬਲ ਦੀਆਂ ਗੱਲਾਂ ਦਾ ਗ਼ਲਤ ਮਤਲਬ ਕੱਢ ਲੈਂਦੇ ਹਨ। ਮਿਸਾਲ ਲਈ, ਕੁਝ ਸ੍ਰਿਸ਼ਟੀਵਾਦੀ ਦਾਅਵਾ ਕਰਦੇ ਹਨ ਕਿ ਧਰਤੀ ਥੋੜ੍ਹੀ ਦੇਰ ਪਹਿਲਾਂ ਹੀ ਬਣਾਈ ਗਈ ਸੀ ਅਤੇ ਇਸ ਨੂੰ 24 ਘੰਟਿਆਂ ਵਾਲੇ 6 ਦਿਨਾਂ ਵਿਚ ਬਣਾਇਆ ਗਿਆ ਸੀ। ਪਰ ਬਾਈਬਲ ਅਨੁਸਾਰ ਇਹ ਗੱਲ ਸਹੀ ਨਹੀਂ ਹੈ।

 •   ਉਤਪਤ 1:1 ਵਿਚ ਦੱਸਿਆ ਗਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਇਹ ਗੱਲ ਵਿਗਿਆਨਕ ਸਬੂਤਾਂ ਨਾਲ ਮੇਲ ਖਾਂਦੀ ਹੈ ਕਿ ਧਰਤੀ ਅਰਬਾਂ-ਖਰਬਾਂ ਸਾਲ ਪੁਰਾਣੀ ਹੈ।

 •   ਉਤਪਤ ਦੀ ਕਿਤਾਬ ਵਿਚ ਵਰਤਿਆ ਗਿਆ ਸ਼ਬਦ “ਦਿਨ” ਬਹੁਤ ਲੰਬੇ ਸਮੇਂ ਨੂੰ ਦਰਸਾਉਂਦਾ ਹੈ। ਦਰਅਸਲ, ਉਤਪਤ 2:4 ਵਿਚ ਸ੍ਰਿਸ਼ਟੀ ਦੇ ਛੇ ਦਿਨਾਂ ਨੂੰ ਦਰਸਾਉਣ ਲਈ “ਦਿਨ” ਸ਼ਬਦ ਵਰਤਿਆ ਗਿਆ ਹੈ।

 ਮੁੱਖ ਗੱਲ: ਬਾਈਬਲ ਵਿਚ ਸ੍ਰਿਸ਼ਟੀ ਬਾਰੇ ਦੱਸੀਆਂ ਗਈਆਂ ਗੱਲਾਂ ਵਿਗਿਆਨਕ ਸਬੂਤਾਂ ਨਾਲ ਮੇਲ ਖਾਂਦੀਆਂ ਹਨ।

 ਤੁਸੀਂ ਜੋ ਵਿਸ਼ਵਾਸ ਕਰਦੇ ਹੋ ਉਸ ਬਾਰੇ ਸੋਚੋ

 ਸ੍ਰਿਸ਼ਟੀ ʼਤੇ ਯਕੀਨ ਕਰਨ ਦਾ ਮਤਲਬ “ਸਬੂਤਾਂ ਨੂੰ ਨਜ਼ਰਅੰਦਾਜ਼” ਕਰਨਾ ਨਹੀਂ ਹੈ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਸਬੂਤਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ। ਜ਼ਰਾ ਗੌਰ ਕਰੋ:

 ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇਹ ਗੱਲ ਦੱਸ ਸਕਦੇ ਹੋ ਕਿ ਜੇ ਕੋਈ ਚੀਜ਼ ਬਣੀ ਹੈ, ਤਾਂ ਇਸ ਨੂੰ ਬਣਾਉਣ ਵਾਲਾ ਵੀ ਜ਼ਰੂਰ ਹੁੰਦਾ ਹੈ। ਜਦੋਂ ਤੁਸੀਂ ਕੈਮਰਾ, ਜਹਾਜ਼ ਜਾਂ ਘਰ ਦੇਖਦੇ ਹੋ, ਤਾਂ ਤੁਸੀਂ ਦੇਖਦੇ ਸਾਰ ਹੀ ਕਹਿ ਦਿੰਦੇ ਹੋ ਕਿ ਕਿਸੇ ਨੇ ਇਸ ਨੂੰ ਬਣਾਇਆ ਹੈ। ਫਿਰ ਤੁਸੀਂ ਮਨੁੱਖੀ ਅੱਖ, ਆਕਾਸ਼ ਵਿਚ ਉੱਡਦੇ ਪੰਛੀ ਜਾਂ ਧਰਤੀ ਨੂੰ ਦੇਖ ਕੇ ਇਹ ਗੱਲ ਕਿਉਂ ਨਹੀਂ ਕਹਿੰਦੇ?

 ਸੋਚੋ: ਇੰਜੀਨੀਅਰ ਆਪਣੀਆਂ ਬਣਾਈਆਂ ਚੀਜ਼ਾਂ ਵਿਚ ਸੁਧਾਰ ਕਰਨ ਲਈ ਅਕਸਰ ਸ੍ਰਿਸ਼ਟੀ ਦੀਆਂ ਚੀਜ਼ਾਂ ਦੀ ਨਕਲ ਕਰਦੇ ਹਨ। ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕਰਨ। ਅਸੀਂ ਇਨਸਾਨਾਂ ਦੀਆਂ ਬਣਾਈਆਂ ਚੀਜ਼ਾਂ ਲਈ ਤਾਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ। ਪਰ ਸਿਰਜਣਹਾਰ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ, ਜੋ ਇਨਸਾਨਾਂ ਦੀਆਂ ਬਣਾਈਆਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹਨ, ਲਈ ਕਹਿੰਦੇ ਹਾਂ ਕਿ ਉਹ ਆਪਣੇ ਆਪ ਬਣ ਗਈਆਂ। ਕੀ ਇਸ ਤਰ੍ਹਾਂ ਕਹਿਣਾ ਸਮਝਦਾਰੀ ਦੀ ਗੱਲ ਹੈ?

ਕੀ ਇਹ ਮੰਨਣਾ ਸਹੀ ਹੈ ਕਿ ਜਹਾਜ਼ ਨੂੰ ਤਾਂ ਕਿਸੇ ਨੇ ਬਣਾਇਆ ਹੈ, ਪਰ ਪੰਛੀ ਆਪਣੇ ਆਪ ਬਣ ਗਏ?

 ਸਬੂਤਾਂ ਦੀ ਜਾਂਚ ਕਰਨ ਲਈ ਮਦਦ

 ਤੁਸੀਂ ਕੁਦਰਤੀ ਚੀਜ਼ਾਂ ਦੀ ਜਾਂਚ ਕਰ ਕੇ ਸਬੂਤ ਦੇਖ ਸਕਦੇ ਹੋ ਅਤੇ ਇਸ ਗੱਲ ʼਤੇ ਆਪਣਾ ਵਿਸ਼ਵਾਸ ਹੋਰ ਵੀ ਪੱਕਾ ਕਰ ਸਕਦੇ ਹੋ ਕਿ ਰੱਬ ਨੇ ਸਾਰਾ ਕੁਝ ਬਣਾਇਆ ਹੈ।

 ਇੱਦਾਂ ਕਰ ਕੇ ਦੇਖੋ: ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ʼਤੇ ਜਾ ਕੇ ਲੱਭੋ ਵਾਲੀ ਜਗ੍ਹਾ ʼਤੇ (ਡਬਲ ਕਾਮਿਆਂ ਵਿਚ) “ਇਹ ਕਿਸ ਦਾ ਕਮਾਲ ਹੈ” ਟਾਈਪ ਕਰੋ। ਜਾਗਰੂਕ ਬਣੋ! ਦੇ ਲੜੀਵਾਰ ਲੇਖ “ਇਹ ਕਿਸ ਦਾ ਕਮਾਲ ਹੈ” ਵਿੱਚੋਂ ਆਪਣਾ ਮਨਪਸੰਦ ਲੇਖ ਚੁਣੋ। ਹਰ ਲੇਖ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਦੀ ਕੋਈ ਚੀਜ਼ ਕਮਾਲ ਦੀ ਕਿਉਂ ਹੈ। ਇਸ ਤੋਂ ਤੁਹਾਨੂੰ ਇਸ ਗੱਲ ʼਤੇ ਯਕੀਨ ਕਿਉਂ ਹੁੰਦਾ ਹੈ ਕਿ ਕੋਈ ਸ੍ਰਿਸ਼ਟੀਕਰਤਾ ਹੈ।

 ਹੋਰ ਖੋਜ ਕਰੋ: ਸ੍ਰਿਸ਼ਟੀ ਸੰਬੰਧੀ ਸਬੂਤਾਂ ਦੀ ਹੋਰ ਜਾਂਚ ਕਰਨ ਲਈ ਇਹ ਪ੍ਰਕਾਸ਼ਨ ਵਰਤੋ।

 •  ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ)

  •   ਧਰਤੀ ਨੂੰ ਬਿਲਕੁਲ ਸਹੀ ਜਗ੍ਹਾ ʼਤੇ ਰੱਖਿਆ ਗਿਆ ਹੈ ਅਤੇ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇੱਥੇ ਜੀਵਨ ਕਾਇਮ ਰਹਿ ਸਕੇ।​—ਸਫ਼ੇ 4-10 ਦੇਖੋ।

  •   ਕੁਦਰਤ ਵਿਚ ਮਿਲਣ ਵਾਲੀਆਂ ਚੀਜ਼ਾਂ ਦੀਆਂ ਮਿਸਾਲਾਂ।​—ਸਫ਼ੇ 11-17 ਦੇਖੋ।

  •   ਬਾਈਬਲ ਦੀ ਕਿਤਾਬ ਉਤਪਤ ਵਿਚ ਸ੍ਰਿਸ਼ਟੀ ਬਾਰੇ ਦੱਸੀਆਂ ਗਈਆਂ ਗੱਲਾਂ ਵਿਗਿਆਨ ਨਾਲ ਮੇਲ ਖਾਂਦੀਆਂ ਹਨ।​—ਸਫ਼ੇ 24-28 ਦੇਖੋ।

 •  ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ)

  •   ਕਿਸੇ ਬੇਜਾਨ ਚੀਜ਼ ਤੋਂ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਨਹੀਂ ਹੋ ਸਕਦੀ।​—ਸਫ਼ੇ 4-7 ਦੇਖੋ।

  •   ਸ੍ਰਿਸ਼ਟੀ ਦੀ ਹਰ ਚੀਜ਼ ਇੰਨੀ ਗੁੰਝਲਦਾਰ ਹੈ ਕਿ ਇਹ ਆਪਣੇ ਆਪ ਨਹੀਂ ਬਣ ਸਕਦੀ।​—ਸਫ਼ੇ 8-12 ਦੇਖੋ।

  •   ਡੀ. ਐਨ. ਏ. ਵਿਚ ਜਾਣਕਾਰੀ ਇਕੱਠਾ ਕਰਨ ਦੀ ਕਾਬਲੀਅਤ ਅੱਜ ਦੇ ਜ਼ਮਾਨੇ ਦੀ ਤਕਨਾਲੋਜੀ ਨੂੰ ਮਾਤ ਦਿੰਦੀ ਹੈ।​—ਸਫ਼ੇ 13-21 ਦੇਖੋ।

  •   ਸਾਰੇ ਪ੍ਰਾਣੀਆਂ ਦਾ ਪੂਰਵਜ ਇਕ ਨਹੀਂ ਹੈ। ਖੋਜਾਂ ਤੋਂ ਪਤਾ ਲੱਗਾ ਹੈ ਕਿ ਜਾਨਵਰ ਬਣਾਏ ਗਏ ਹਨ, ਨਾ ਕਿ ਇਨ੍ਹਾਂ ਦਾ ਹੌਲੀ-ਹੌਲੀ ਵਿਕਾਸ ਹੋਇਆ ਹੈ।​—⁠ਸਫ਼ੇ 22-29 ਦੇਖੋ।

 “ਧਰਤੀ ʼਤੇ ਰਹਿਣ ਵਾਲੇ ਜਾਨਵਰਾਂ ਤੋਂ ਲੈ ਕੇ ਬ੍ਰਹਿਮੰਡ ਦੀਆਂ ਸਾਰੀਆਂ ਚੀਜ਼ਾਂ ਜਿੰਨੇ ਕਮਾਲ ਤਰੀਕੇ ਨਾਲ ਕੰਮ ਕਰਦੀਆਂ ਹਨ, ਇਹ ਸਭ ਕੁਝ ਦੇਖ ਕੇ ਮੇਰਾ ਵਿਸ਼ਵਾਸ ਹੋਰ ਵੱਧ ਜਾਂਦਾ ਹੈ ਕਿ ਰੱਬ ਹੈ।”​—ਥੌਮਸ।