Skip to content

ਨੌਜਵਾਨ ਪੁੱਛਦੇ ਹਨ

ਕੀ ਸਮਲਿੰਗੀ ਸੰਬੰਧ ਰੱਖਣੇ ਗ਼ਲਤ ਹਨ?

ਕੀ ਸਮਲਿੰਗੀ ਸੰਬੰਧ ਰੱਖਣੇ ਗ਼ਲਤ ਹਨ?

 “ਜਿੱਦਾਂ-ਜਿੱਦਾਂ ਮੈਂ ਵੱਡਾ ਹੋ ਰਿਹਾ ਸੀ, ਮੈਂ ਮੁੰਡਿਆਂ ਵੱਲ ਆਕਰਸ਼ਿਤ ਹੋਣ ਲੱਗਾ। ਇਹ ਮੇਰੇ ਲਈ ਸਭ ਤੋਂ ਵੱਡੀ ਮੁਸ਼ਕਲ ਸੀ। ਮੈਨੂੰ ਲੱਗਦਾ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਸਿਰਫ਼ ਇਕ ਦੌਰ ਹੈ ਜੋ ਛੇਤੀ ਹੀ ਬੀਤ ਜਾਵੇਗਾ। ਪਰ ਮੈਂ ਅੱਜ ਤਕ ਇਸ ਇੱਛਾ ਨਾਲ ਲੜ ਰਿਹਾ ਹਾਂ।”​—ਡੇਵਿਡ, 23.

 ਡੇਵਿਡ ਇਕ ਮਸੀਹੀ ਹੈ ਅਤੇ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ। ਪਰ ਕੀ ਉਹ ਮੁੰਡਿਆਂ ਵੱਲ ਆਕਰਸ਼ਿਤ ਹੋਣ ਦੇ ਨਾਲ-ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੇਗਾ? ਪਰਮੇਸ਼ੁਰ ਸਮਲਿੰਗੀ ਸੰਬੰਧਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?

 ਬਾਈਬਲ ਕੀ ਕਹਿੰਦੀ ਹੈ?

 ਸਮਲਿੰਗੀ ਸੰਬੰਧਾਂ ਬਾਰੇ ਵੱਖੋ-ਵੱਖਰੇ ਸਭਿਆਚਾਰਾਂ ਦੇ ਲੋਕਾਂ ਦਾ ਵੱਖੋ-ਵੱਖਰਾ ਨਜ਼ਰੀਆ ਹੈ ਅਤੇ ਜ਼ਮਾਨਾ ਬਦਲਣ ਦੇ ਨਾਲ-ਨਾਲ ਲੋਕਾਂ ਦੀ ਸੋਚ ਵੀ ਬਦਲ ਜਾਂਦੀ ਹੈ। ਪਰ ਮਸੀਹੀ ਦੁਨੀਆਂ ਦੀ ਸੋਚ ਮੁਤਾਬਕ ਨਹੀਂ ਚੱਲਦੇ ਤੇ ਨਾ ਹੀ ਅਜਿਹੀਆਂ “ਸਿੱਖਿਆਵਾਂ ਪਿੱਛੇ ਲੱਗ ਕੇ ਇੱਧਰ-ਉੱਧਰ ਡੋਲਦੇ ਹਨ।” (ਅਫ਼ਸੀਆਂ 4:14) ਇਸ ਦੀ ਬਜਾਇ, ਸਮਲਿੰਗੀ ਸੰਬੰਧਾਂ (ਜਾਂ ਹੋਰ ਨੈਤਿਕ ਮਾਮਲਿਆਂ) ਬਾਰੇ ਉਨ੍ਹਾਂ ਦਾ ਨਜ਼ਰੀਆ ਬਾਈਬਲ ਵਿਚ ਦਿੱਤੇ ਮਿਆਰਾਂ ਮੁਤਾਬਕ ਹੁੰਦਾ ਹੈ।

 ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਸਮਲਿੰਗੀ ਸੰਬੰਧਾਂ ਬਾਰੇ ਪਰਮੇਸ਼ੁਰ ਦੇ ਮਿਆਰ ਕੀ ਹਨ। ਇਸ ਵਿਚ ਲਿਖਿਆ ਹੈ:

  •  “ਤੂੰ ਕਿਸੇ ਆਦਮੀ ਨਾਲ ਸਰੀਰਕ ਸੰਬੰਧ ਨਾ ਬਣਾਈਂ ਜਿਵੇਂ ਤੂੰ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈਂ।”​—ਲੇਵੀਆਂ 18:22.

  •  “ਪਰਮੇਸ਼ੁਰ ਨੇ ਉਨ੍ਹਾਂ ਦੇ ਦਿਲਾਂ ਦੀਆਂ ਇੱਛਾਵਾਂ ਨੂੰ ਜਾਣਦੇ ਹੋਏ . . . ਉਨ੍ਹਾਂ ਨੂੰ ਨੀਚ ਕਾਮ-ਵਾਸ਼ਨਾਵਾਂ ਦੇ ਵੱਸ ਵਿਚ ਰਹਿਣ ਦਿੱਤਾ। ਉਨ੍ਹਾਂ ਦੀਆਂ ਤੀਵੀਆਂ ਨੇ ਆਪਸ ਵਿਚ ਸਰੀਰਕ ਸੰਬੰਧ ਬਣਾਏ ਜੋ ਗ਼ੈਰ-ਕੁਦਰਤੀ ਹਨ।”​—ਰੋਮੀਆਂ 1:24, 26.

  •  “ਧੋਖਾ ਨਾ ਖਾਓ। ਹਰਾਮਕਾਰ, ਮੂਰਤੀ-ਪੂਜਕ, ਗ਼ੈਰ ਆਦਮੀ ਜਾਂ ਤੀਵੀਂ ਨਾਲ ਸੰਬੰਧ ਰੱਖਣ ਵਾਲੇ, ਜਨਾਨੜੇ [ਯਾਨੀ, ਜਿਹੜੇ ਆਦਮੀ ਆਪਣੇ ਨਾਲ ਦੂਜੇ ਆਦਮੀਆਂ ਨੂੰ ਸਰੀਰਕ ਸੰਬੰਧ ਬਣਾਉਣ ਦਿੰਦੇ ਹਨ।], ਮੁੰਡੇਬਾਜ਼ [ਯਾਨੀ, ਜਿਹੜੇ ਆਦਮੀ ਦੂਜੇ ਆਦਮੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ।], ਚੋਰ, ਲੋਭੀ, ਸ਼ਰਾਬੀ, ਗਾਲ਼ਾਂ ਕੱਢਣ ਵਾਲੇ ਤੇ ਦੂਸਰਿਆਂ ਨੂੰ ਲੁੱਟਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।”​—1 ਕੁਰਿੰਥੀਆਂ 6:9, 10.

 ਪਰਮੇਸ਼ੁਰ ਦੇ ਮਿਆਰ ਸਾਰੇ ਲੋਕਾਂ ʼਤੇ ਲਾਗੂ ਹੁੰਦੇ ਹਨ, ਚਾਹੇ ਉਹ ਸਮਲਿੰਗੀ ਹੋਣ ਜਾਂ ਨਾ ਹੋਣ। ਇਸ ਲਈ ਹਰ ਇਨਸਾਨ ਨੂੰ ਖ਼ੁਦ ʼਤੇ ਕਾਬੂ ਰੱਖਣਾ ਚਾਹੀਦਾ ਹੈ ਤਾਂਕਿ ਉਹ ਅਜਿਹਾ ਕੋਈ ਕੰਮ ਨਾ ਕਰੇ ਜਿਸ ਤੋਂ ਪਰਮੇਸ਼ੁਰ ਦੁਖੀ ਹੁੰਦਾ ਹੈ।​—ਕੁਲੁੱਸੀਆਂ 3:5.

 ਕੀ ਇਸ ਦਾ ਮਤਲਬ . . . ?

 ਕੀ ਇਸ ਦਾ ਮਤਲਬ ਇਹ ਹੈ ਕਿ ਬਾਈਬਲ ਸਮਲਿੰਗੀ ਲੋਕਾਂ ਨਾਲ ਨਫ਼ਰਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ?

 ਨਹੀਂ। ਬਾਈਬਲ ਕਿਸੇ ਨਾਲ ਵੀ ਨਫ਼ਰਤ ਕਰਨ ਲਈ ਨਹੀਂ ਕਹਿੰਦੀ, ਫਿਰ ਚਾਹੇ ਉਹ ਵਿਅਕਤੀ ਸਮਲਿੰਗੀ ਹੋਵੇ ਜਾਂ ਨਾ। ਲੋਕ ਚਾਹੇ ਜਿੱਦਾਂ ਦੇ ਮਰਜ਼ੀ ਹੋਣ, ਪਰ ਬਾਈਬਲ ਸਾਨੂੰ “ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ” ਲਈ ਕਹਿੰਦੀ ਹੈ। (ਇਬਰਾਨੀਆਂ 12:14) ਇਸ ਲਈ ਸਮਲਿੰਗੀ ਲੋਕਾਂ ਨੂੰ ਪਰੇਸ਼ਾਨ ਕਰਨਾ, ਨਫ਼ਰਤ ਹੋਣ ਕਰਕੇ ਉਨ੍ਹਾਂ ʼਤੇ ਅਤਿਆਚਾਰ ਕਰਨੇ ਜਾਂ ਉਨ੍ਹਾਂ ਨਾਲ ਬੇਇਨਸਾਫ਼ੀ ਕਰਨੀ ਗ਼ਲਤ ਹੈ।

 ਕੀ ਇਸ ਦਾ ਮਤਲਬ ਹੈ ਕਿ ਮਸੀਹੀਆਂ ਨੂੰ ਅਜਿਹੇ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਜੋ ਸਮਲਿੰਗੀ ਲੋਕਾਂ ਨੂੰ ਵਿਆਹ ਕਰਾਉਣ ਦੀ ਇਜਾਜ਼ਤ ਦਿੰਦੇ ਹਨ?

 ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਮਿਆਰ ਹੈ ਕਿ ਇਕ ਆਦਮੀ ਤੇ ਇਕ ਔਰਤ ਹੀ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ। (ਮੱਤੀ 19:4-6) ਸਮਲਿੰਗੀ ਲੋਕਾਂ ਦੇ ਵਿਆਹ ਬਾਰੇ ਬਣੇ ਕਾਨੂੰਨਾਂ ਬਾਰੇ ਕਾਫ਼ੀ ਬਹਿਸ ਛਿੜੀ ਹੈ। ਜੇ ਅਸੀਂ ਇਸ ਗੱਲ ʼਤੇ ਧਿਆਨ ਦੇਈਏ, ਤਾਂ ਪਤਾ ਲੱਗਦਾ ਹੈ ਕਿ ਇਹ ਇਕ ਰਾਜਨੀਤਿਕ ਵਿਸ਼ਾ ਹੈ, ਨਾ ਕਿ ਨੈਤਿਕ। ਬਾਈਬਲ ਵਿਚ ਲਿਖਿਆ ਹੈ ਕਿ ਮਸੀਹੀਆਂ ਨੂੰ ਰਾਜਨੀਤਿਕ ਮਾਮਲਿਆਂ ਵਿਚ ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ। (ਯੂਹੰਨਾ 18:36) ਇਸ ਲਈ ਉਹ ਸਮਲਿੰਗੀ ਲੋਕਾਂ ਦੇ ਵਿਆਹ ਜਾਂ ਉਨ੍ਹਾਂ ਦੇ ਰਿਸ਼ਤੇ ਬਾਰੇ ਬਣਾਏ ਕਾਨੂੰਨਾਂ ਦੇ ਨਾ ਤਾਂ ਖ਼ਿਲਾਫ਼ ਹਨ ਅਤੇ ਨਾ ਹੀ ਉਨ੍ਹਾਂ ਦਾ ਸਮਰਥਨ ਕਰਦੇ ਹਨ।

 ਪਰ . . . ?

 ਪਰ ਜੇ ਕੋਈ ਸਮਲਿੰਗੀ ਹੈ, ਤਾਂ ਕੀ ਉਹ ਬਦਲ ਸਕਦਾ ਹੈ?

 ਹਾਂਜੀ। ਪਹਿਲੀ ਸਦੀ ਵਿਚ ਰਹਿਣ ਵਾਲੇ ਅਜਿਹੇ ਕੁਝ ਲੋਕਾਂ ਨੇ ਵੀ ਆਪਣੇ ਆਪ ਨੂੰ ਬਦਲਿਆ ਸੀ। ਇਹ ਕਹਿਣ ਤੋਂ ਬਾਅਦ ਕਿ ਸਮਲਿੰਗੀ ਲੋਕ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਹੋਣਗੇ, ਬਾਈਬਲ ਕਹਿੰਦੀ ਹੈ: “ਤੁਹਾਡੇ ਵਿੱਚੋਂ ਕੁਝ ਲੋਕ ਪਹਿਲਾਂ ਇਹੋ ਜਿਹੇ ਕੰਮ ਕਰਦੇ ਸੀ।”​—1 ਕੁਰਿੰਥੀਆਂ 6:11.

 ਕੀ ਇਸ ਦਾ ਇਹ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਸਮਲਿੰਗੀ ਕੰਮ ਕਰਨੇ ਛੱਡ ਦਿੱਤੇ, ਉਨ੍ਹਾਂ ਵਿਚ ਉਹ ਇੱਛਾਵਾਂ ਫਿਰ ਕਦੇ ਨਹੀਂ ਆਉਂਦੀਆਂ? ਇੱਦਾਂ ਨਹੀਂ ਹੈ। ਬਾਈਬਲ ਕਹਿੰਦੀ ਹੈ: ‘ਨਵੇਂ ਸੁਭਾਅ ਨੂੰ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਨਵਾਂ ਬਣਾਉਂਦੇ ਰਹੋ।’ (ਕੁਲੁੱਸੀਆਂ 3:10) ਇਸ ਤੋਂ ਪਤਾ ਲੱਗਦਾ ਹੈ ਕਿ ਆਪਣੇ ਚਾਲ-ਚਲਣ ਨੂੰ ਬਦਲਣ ਲਈ ਇਕ ਵਿਅਕਤੀ ਨੂੰ ਲਗਾਤਾਰ ਕੋਸ਼ਿਸ਼ ਕਰਨੀ ਪੈਂਦੀ ਹੈ।

 ਪਰ ਫਿਰ ਕੀ ਜੇ ਕੋਈ ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲਣਾ ਚਾਹੁੰਦਾ ਹੈ ਅਤੇ ਅਜੇ ਵੀ ਉਸ ਵਿਚ ਸਮਲਿੰਗੀ ਇੱਛਾਵਾਂ ਹਨ?

 ਇਹ ਅਜਿਹੇ ਵਿਅਕਤੀ ਦੇ ਆਪਣੇ ਹੱਥ ਵਿਚ ਹੈ ਕਿ ਉਹ ਆਪਣੀਆਂ ਬਾਕੀ ਇੱਛਾਵਾਂ ਵਾਂਗ ਆਪਣੀ ਇਸ ਇੱਛਾ ʼਤੇ ਕਾਬੂ ਰੱਖੇਗਾ ਜਾਂ ਨਹੀਂ। ਕਿਵੇਂ? ਬਾਈਬਲ ਕਹਿੰਦੀ ਹੈ: “ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹੋ, ਇਸ ਤਰ੍ਹਾਂ ਤੁਸੀਂ ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰੋਗੇ।”​—ਗਲਾਤੀਆਂ 5:16.

 ਧਿਆਨ ਦਿਓ ਕਿ ਆਇਤ ਵਿਚ ਇਹ ਨਹੀਂ ਕਿਹਾ ਗਿਆ ਕਿ ਉਸ ਵਿਅਕਤੀ ਵਿਚ ਅਜਿਹੀਆਂ ਇੱਛਾਵਾਂ ਨਹੀਂ ਹੋਣਗੀਆਂ। ਇਸ ਦੀ ਬਜਾਇ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਪ੍ਰਾਰਥਨਾ ਕਰਨ ਦੀ ਵਧੀਆ ਆਦਤ ਪਾਉਣ ਨਾਲ ਉਸ ਵਿਅਕਤੀ ਨੂੰ ਗ਼ਲਤ ਇੱਛਾਵਾਂ ਨਾਲ ਲੜਨ ਦੀ ਤਾਕਤ ਮਿਲੇਗੀ।

 ਡੇਵਿਡ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੂੰ ਵੀ ਇੱਦਾਂ ਕਰ ਕੇ ਫ਼ਾਇਦਾ ਹੋਇਆ, ਖ਼ਾਸ ਕਰਕੇ ਆਪਣੀ ਇਸ ਗ਼ਲਤ ਇੱਛਾ ਬਾਰੇ ਆਪਣੇ ਮੰਮੀ-ਡੈਡੀ ਨੂੰ ਦੱਸਣ ਤੋਂ ਬਾਅਦ। ਉਹ ਕਹਿੰਦਾ ਹੈ, “ਮੈਨੂੰ ਇੱਦਾਂ ਲੱਗਾ ਜਿੱਦਾਂ ਮੈਂ ਆਪਣੇ ਮੋਢਿਆਂ ਤੋਂ ਇਕ ਭਾਰਾ ਬੋਝ ਲਾਹ ਦਿੱਤਾ ਹੋਵੇ। ਜੇ ਮੈਂ ਉਨ੍ਹਾਂ ਨਾਲ ਪਹਿਲਾਂ ਗੱਲ ਕਰ ਲਈ ਹੁੰਦੀ, ਤਾਂ ਸ਼ਾਇਦ ਮੇਰੀ ਜਵਾਨੀ ਦੇ ਸਾਲ ਹੋਰ ਵਧੀਆ ਹੁੰਦੇ।”

 ਜੀ ਹਾਂ, ਜਦੋਂ ਅਸੀਂ ਯਹੋਵਾਹ ਦੇ ਮਿਆਰਾਂ ʼਤੇ ਚੱਲਦੇ ਹਾਂ, ਤਾਂ ਅਸੀਂ ਜ਼ਿਆਦਾ ਖ਼ੁਸ਼ ਰਹਿੰਦੇ ਹਾਂ। ਇਨ੍ਹਾਂ ਮਿਆਰਾਂ ʼਤੇ ਚੱਲਣ ਵਾਲਿਆਂ ਨੂੰ ਯਕੀਨ ਹੈ ਕਿ ਇਹ ਮਿਆਰ “ਸਹੀ ਹਨ ਜੋ ਦਿਲ ਨੂੰ ਖ਼ੁਸ਼ ਕਰਦੇ ਹਨ” ਅਤੇ “ਇਨ੍ਹਾਂ ਨੂੰ ਮੰਨਣ ਨਾਲ ਵੱਡਾ ਇਨਾਮ ਮਿਲਦਾ ਹੈ।”​—ਜ਼ਬੂਰ 19:8, 11.