ਨੌਜਵਾਨ ਪੁੱਛਦੇ ਹਨ
ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ʼਤੇ ਕਿਉਂ ਜਾਈਏ?
ਯਹੋਵਾਹ ਦੇ ਗਵਾਹ ਮੀਟਿੰਗਾਂ ਲਈ ਜਿਸ ਜਗ੍ਹਾ ʼਤੇ ਇਕੱਠੇ ਹੁੰਦੇ ਹਨ, ਉਸ ਨੂੰ ਕਿੰਗਡਮ ਹਾਲ ਕਿਹਾ ਜਾਂਦਾ ਹੈ। ਇਹ ਮੀਟਿੰਗਾਂ ਹਫ਼ਤੇ ਵਿਚ ਦੋ ਵਾਰ ਹੁੰਦੀਆਂ ਹਨ। ਪਰ ਇਨ੍ਹਾਂ ਮੀਟਿੰਗਾਂ ʼਤੇ ਕੀ ਹੁੰਦਾ ਹੈ ਅਤੇ ਉੱਥੇ ਜਾ ਕੇ ਤੁਹਾਨੂੰ ਕੀ ਫ਼ਾਇਦਾ ਹੋਵੇਗਾ?
ਕਿੰਗਡਮ ਹਾਲ ਵਿਚ ਕੀ ਹੁੰਦਾ ਹੈ?
ਮੀਟਿੰਗਾਂ ਵਿਚ ਬਾਈਬਲ ਆਧਾਰਿਤ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ। ਇਹ ਸਿੱਖਿਆਵਾਂ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕੰਮ ਆਉਂਦੀਆਂ ਹਨ। ਮੀਟਿੰਗਾਂ ਵਿਚ ਜਾ ਕੇ ਤੁਸੀਂ:
ਰੱਬ ਬਾਰੇ ਸੱਚਾਈ ਜਾਣੋਗੇ।
ਜਾਣੋਗੇ ਕਿ ਦੁਨੀਆਂ ਵਿਚ ਇੰਨੇ ਮਾੜੇ ਹਾਲਾਤ ਕਿਉਂ ਹਨ।
ਹੋਰ ਚੰਗੇ ਇਨਸਾਨ ਬਣ ਸਕੋਗੇ।
ਚੰਗੇ ਦੋਸਤ ਬਣਾ ਸਕੋਗੇ।
ਪਰਿਵਾਰ ਵਿਚ ਖ਼ੁਸ਼ੀਆਂ ਲਿਆ ਸਕੋਗੇ।
ਕੀ ਤੁਹਾਨੂੰ ਪਤਾ ਹੈ? ਯਹੋਵਾਹ ਦੇ ਗਵਾਹ ਜਿਸ ਜਗ੍ਹਾ ʼਤੇ ਮੀਟਿੰਗਾਂ ਲਈ ਇਕੱਠੇ ਹੁੰਦੇ ਹਨ, ਉਸ ਨੂੰ ਕਿੰਗਡਮ ਹਾਲ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉੱਥੇ ਮੁੱਖ ਤੌਰ ʼਤੇ ਰੱਬ ਦੇ ਰਾਜ ਬਾਰੇ ਗੱਲ ਕੀਤੀ ਜਾਂਦੀ ਹੈ।—ਮੱਤੀ 6:9, 10; 24:14; ਲੂਕਾ 4:43.
ਮੀਟਿੰਗਾਂ ʼਤੇ ਕਿਉਂ ਜਾਈਏ?
ਉੱਥੇ ਸਿੱਖੀਆਂ ਗੱਲਾਂ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ। ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਬਾਈਬਲ ਤੋਂ ਚਰਚਾ ਕੀਤੀ ਜਾਂਦੀ ਹੈ ਜਿਸ ਨਾਲ ਤੁਸੀਂ “ਬੁੱਧ ਹਾਸਲ ਕਰ” ਸਕਦੇ ਹੋ। (ਕਹਾਉਤਾਂ 4:5) ਇਸ ਦਾ ਮਤਲਬ ਹੈ ਕਿ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ ਤਾਂਕਿ ਤੁਸੀਂ ਜ਼ਿੰਦਗੀ ਵਿਚ ਚੰਗੇ ਫ਼ੈਸਲੇ ਲੈ ਸਕੋ। ਤੁਸੀਂ ਬਾਈਬਲ ਤੋਂ ਕਈ ਜ਼ਰੂਰੀ ਸਵਾਲਾਂ ਦੇ ਜਵਾਬ ਵੀ ਜਾਣ ਸਕਦੇ ਹੋ, ਜਿਵੇਂ:
ਸ਼ਨੀ-ਐਤਵਾਰ ਨੂੰ ਹੋਣ ਵਾਲੀਆਂ ਸਾਡੀਆਂ ਮੀਟਿੰਗਾਂ ਵਿਚ ਭਾਸ਼ਣ ਦਿੱਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਭਾਸ਼ਣਾਂ ਦੇ ਵਿਸ਼ੇ ਹਨ:
ਬਾਈਬਲ ਦੀ ਸੇਧ ਮੁਤਾਬਕ ਕਿਉਂ ਚਲੀਏ?
ਦੁੱਖ ਦੀਆਂ ਘੜੀਆਂ ਵਿਚ ਤੁਹਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?
ਪਰਮੇਸ਼ੁਰ ਦਾ ਰਾਜ ਸਾਡੇ ਲਈ ਹੁਣ ਕੀ ਕਰ ਰਿਹਾ ਹੈ?
“ਮੇਰੀ ਕਲਾਸ ਵਿਚ ਪੜ੍ਹਨ ਵਾਲਾ ਇਕ ਮੁੰਡਾ ਇਕ ਵਾਰ ਸਾਡੀ ਮੀਟਿੰਗ ʼਤੇ ਆਇਆ। ਅਸੀਂ ਉਸ ਨੂੰ ਆਪਣੇ ਨਾਲ ਬਿਠਾਇਆ ਤੇ ਨਾਲ-ਨਾਲ ਆਪਣੀਆਂ ਕਿਤਾਬਾਂ ਵਿੱਚੋਂ ਦਿਖਾਇਆ। ਬਾਅਦ ਵਿਚ ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਚਰਚਾ ਕੀਤੇ ਜਾਣ ਵਾਲੇ ਭਾਗਾਂ ਵਿਚ ਸਾਰਿਆਂ ਦੀਆਂ ਟਿੱਪਣੀਆਂ ਸੁਣ ਕੇ ਬਹੁਤ ਚੰਗਾ ਲੱਗਾ। ਨਾਲੇ ਉਸ ਨੇ ਇਹ ਵੀ ਕਿਹਾ ਕਿ ਉਸ ਦੇ ਚਰਚ ਵਿਚ ਇੱਦਾਂ ਦੀਆਂ ਕਿਤਾਬਾਂ ਤੋਂ ਨਹੀਂ ਸਿਖਾਇਆ ਜਾਂਦਾ।”—ਬ੍ਰੈਂਡਾ।
ਕੀ ਤੁਹਾਨੂੰ ਪਤਾ ਹੈ? ਮੀਟਿੰਗਾਂ ʼਤੇ ਕਿਸੇ ਤੋਂ ਵੀ ਪੈਸੇ ਨਹੀਂ ਮੰਗੇ ਜਾਂਦੇ। ਇਹ ਬਿਲਕੁਲ ਮੁਫ਼ਤ ਹਨ।
ਮੀਟਿੰਗਾਂ ʼਤੇ ਲੋਕਾਂ ਨੂੰ ਮਿਲ ਕੇ ਤੁਹਾਨੂੰ ਚੰਗਾ ਲੱਗੇਗਾ। ਅਸੀਂ ਮੀਟਿੰਗਾਂ ʼਤੇ ਇਕੱਠੇ ਕਿਉਂ ਹੁੰਦੇ ਹਾਂ? ਬਾਈਬਲ ਇਸ ਦਾ ਕਰਨ ਦੱਸਦੀ ਹੋਈ ਕਹਿੰਦੀ ਹੈ: ਤਾਂਕਿ ਅਸੀਂ “ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।” (ਇਬਰਾਨੀਆਂ 10:24, 25) ਉੱਥੇ ਤੁਸੀਂ ਇੱਦਾਂ ਦੇ ਲੋਕਾਂ ਨੂੰ ਮਿਲੋਗੇ ਜੋ ਅੱਜ-ਕੱਲ੍ਹ ਦੀ ਸੁਆਰਥੀ ਦੁਨੀਆਂ ਤੋਂ ਬਿਲਕੁਲ ਵੱਖਰੇ ਹਨ। ਇਹ ਲੋਕ ਰੱਬ ਨੂੰ ਪਹਿਲ ਦਿੰਦੇ ਹਨ ਅਤੇ ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਦੇ ਹਨ। ਉਨ੍ਹਾਂ ਨੂੰ ਮਿਲ ਕੇ ਤੁਹਾਨੂੰ ਚੰਗਾ ਲੱਗੇਗਾ।
“ਸਕੂਲੋਂ ਘਰ ਵਾਪਸ ਆਉਣ ʼਤੇ ਮੈਂ ਬਹੁਤ ਥੱਕੀ ਹੁੰਦੀ ਹਾਂ ਤੇ ਕਈ ਵਾਰ ਉਦਾਸ ਵੀ ਹੁੰਦੀ ਹਾਂ। ਪਰ ਜਦੋਂ ਮੈਂ ਕਿੰਗਡਮ ਹਾਲ ਜਾਂਦੀ ਹਾਂ, ਤਾਂ ਸਾਰਿਆਂ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ। ਮੀਟਿੰਗ ਤੋਂ ਬਾਅਦ ਮੈਂ ਬਹੁਤ ਖ਼ੁਸ਼ ਹੁੰਦੀ ਹਾਂ ਤੇ ਮੈਨੂੰ ਲੱਗਦਾ ਕਿ ਮੈਂ ਅਗਲੇ ਦਿਨ ਲਈ ਤਿਆਰ ਹਾਂ।”—ਅਲੀਸਾ
ਕੀ ਤੁਹਾਨੂੰ ਪਤਾ ਹੈ? 60,000 ਤੋਂ ਵੀ ਵੱਧ ਥਾਵਾਂ ʼਤੇ ਯਹੋਵਾਹ ਦੇ ਗਵਾਹਾਂ ਦੀਆਂ 1,20,000 ਤੋਂ ਵੀ ਜ਼ਿਆਦਾ ਮੰਡਲੀਆਂ ਹਨ। ਮੰਡਲੀਆਂ ਵਿਚ ਹਾਜ਼ਰੀ ਵਧਣ ਕਰਕੇ ਹਰ ਸਾਲ ਤਕਰੀਬਨ 1,500 ਨਵੇਂ ਕਿੰਗਡਮ ਹਾਲ ਬਣਾਏ ਜਾਂਦੇ ਹਨ। a
a ਆਪਣੇ ਇਲਾਕੇ ਵਿਚ ਕਿੰਗਡਮ ਹਾਲ ਲੱਭਣ ਲਈ “ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ” ਪੇਜ ʼਤੇ “ਆਪਣੇ ਨੇੜੇ ਕੋਈ ਜਗ੍ਹਾ ਲੱਭੋ” ʼਤੇ ਕਲਿੱਕ ਕਰੋ।