Skip to content

ਨੌਜਵਾਨ ਪੁੱਛਦੇ ਹਨ

ਗ਼ਲਤੀਆਂ ਹੋਣ ʼਤੇ ਮੈਂ ਕੀ ਕਰਾਂ?

ਗ਼ਲਤੀਆਂ ਹੋਣ ʼਤੇ ਮੈਂ ਕੀ ਕਰਾਂ?

 ਤੁਸੀਂ ਕੀ ਕਰੋਗੇ?

 ਪੜ੍ਹੋ ਕਿ ਕਾਰੀਨਾ ਨਾਲ ਕੀ ਹੋਇਆ ਅਤੇ ਕਲਪਨਾ ਕਰੋ ਕਿ ਤੁਹਾਡੇ ਨਾਲ ਵੀ ਇੱਦਾਂ ਹੀ ਹੋਇਆ ਹੈ। ਜੇ ਤੁਸੀਂ ਕਾਰੀਨਾ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

 ਕਾਰੀਨਾ: “ਕਾਲਜ ਜਾਂਦਿਆਂ ਮੈਂ ਬਹੁਤ ਤੇਜ਼ ਗੱਡੀ ਚਲਾ ਰਹੀ ਸੀ ਤੇ ਇਕ ਪੁਲਿਸ ਵਾਲੇ ਨੇ ਮੈਨੂੰ ਰੋਕ ਲਿਆ ਤੇ ਮੇਰਾ ਚਲਾਨ ਕੱਟ ਦਿੱਤਾ। ਮੈਂ ਬਹੁਤ ਪਰੇਸ਼ਾਨ ਹੋ ਗਈ। ਮੈਂ ਮੰਮੀ ਨੂੰ ਦੱਸਿਆ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੈਨੂੰ ਸਾਰਾ ਕੁਝ ਆਪਣੇ ਡੈਡੀ ਨੂੰ ਦੱਸਣਾ ਪੈਣਾ। ਮੈਂ ਡੈਡੀ ਨੂੰ ਨਹੀਂ ਦੱਸਣਾ ਚਾਹੁੰਦੀ ਸੀ।”

  ਤੁਸੀਂ ਕੀ ਕਰੋਗੇ?

 1.  1. ਤੁਸੀਂ ਚੁੱਪ ਰਹੋਗੇ ਤੇ ਚਾਹੋਗੇ ਕਿ ਡੈਡੀ ਨੂੰ ਪਤਾ ਨਾ ਲੱਗੇ।

 2.  2. ਡੈਡੀ ਨੂੰ ਸਾਰਾ ਕੁਝ ਸਾਫ਼-ਸਾਫ਼ ਦੱਸ ਦੇਵੋਗੇ।

 ਤੁਹਾਨੂੰ ਸ਼ਾਇਦ ਪਹਿਲੀ ਗੱਲ ਸੌਖੀ ਲੱਗੇ। ਸ਼ਾਇਦ ਤੁਹਾਡੀ ਮੰਮੀ ਨੂੰ ਲੱਗੇ ਕਿ ਤੁਸੀਂ ਆਪਣੇ ਡੈਡੀ ਨੂੰ ਸਾਰਾ ਕੁਝ ਦੱਸ ਦਿੱਤਾ ਹੈ ਅਤੇ ਆਪਣੀ ਗ਼ਲਤੀ ਮੰਨ ਲਈ ਹੈ। ਚਾਹੇ ਗ਼ਲਤੀ ਚਲਾਨ ਕੱਟਣ ਦੀ ਹੋਵੇ ਜਾਂ ਕੋਈ ਹੋਰ, ਪਰ ਗ਼ਲਤੀ ਮੰਨਣੀ ਹਮੇਸ਼ਾ ਚੰਗੀ ਹੁੰਦੀ ਹੈ।

 ਆਪਣੀ ਗ਼ਲਤੀ ਮੰਨ ਲੈਣ ਦੇ ਤਿੰਨ ਕਾਰਨ

 1.  1. ਇਸ ਤਰ੍ਹਾਂ ਕਰਨਾ ਸਹੀ ਹੈ। ਮਸੀਹੀ ਹੋਣ ਦੇ ਨਾਤੇ, ਸਾਨੂੰ ਬਾਈਬਲ ਦੀ ਇਹ ਗੱਲ ਮੰਨਣੀ ਚਾਹੀਦੀ ਹੈ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”​—ਇਬਰਾਨੀਆਂ 13:18.

   “ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸੱਚ ਬੋਲਾਂ ਅਤੇ ਜਲਦੀ ਤੋਂ ਜਲਦੀ ਆਪਣੀ ਗ਼ਲਤੀ ਮੰਨ ਲਵਾਂ।”​—ਅਲੈਕਸਿਸ।

 2.  2. ਗ਼ਲਤੀ ਮੰਨਣ ਵਾਲਿਆਂ ਨੂੰ ਲੋਕ ਜਲਦੀ ਮਾਫ਼ ਕਰ ਦਿੰਦੇ ਹਨ। ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।”​—ਕਹਾਉਤਾਂ 28:13.

   “ਆਪਣੀ ਗ਼ਲਤੀ ਮੰਨਣ ਲਈ ਹਿੰਮਤ ਦੀ ਲੋੜ ਪੈਂਦੀ ਹੈ। ਪਰ ਇਸ ਤਰ੍ਹਾਂ ਕਰ ਕੇ ਤੁਸੀਂ ਦੂਸਰਿਆਂ ਦਾ ਭਰੋਸਾ ਜਿੱਤ ਸਕਦੇ ਹੋ। ਦੂਸਰਿਆਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਈਮਾਨਦਾਰ ਹੋ। ਆਪਣੀ ਗ਼ਲਤੀ ਮੰਨ ਕੇ ਤੁਸੀਂ ਬੁਰਾਈ ਨੂੰ ਭਲਿਆਈ ਵਿਚ ਬਦਲਦੇ ਹੋ।”​—ਰਿਚਰਡ।

 3.  3. ਸਭ ਤੋਂ ਜ਼ਰੂਰੀ ਹੈ ਕਿ ਗ਼ਲਤੀ ਮੰਨਣ ਨਾਲ ਯਹੋਵਾਹ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਬਾਈਬਲ ਕਹਿੰਦੀ ਹੈ: “ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।”​—ਕਹਾਉਤਾਂ 3:32.

   “ਇਕ ਗੰਭੀਰ ਗ਼ਲਤੀ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੀ ਗ਼ਲਤੀ ਮੰਨਣ ਦੀ ਲੋੜ ਸੀ। ਯਹੋਵਾਹ ਤੋਂ ਬਰਕਤ ਪਾਉਣ ਲਈ ਜ਼ਰੂਰੀ ਸੀ ਕਿ ਮੈਂ ਆਪਣੀ ਗ਼ਲਤੀ ਮੰਨ ਲਵਾਂ।”​—ਰੇਚਲ।

 ਸੋ ਕਾਰੀਨਾ ਨੇ ਗ਼ਲਤੀ ਹੋਣ ʼਤੇ ਕੀ ਕੀਤਾ? ਉਸ ਨੇ ਆਪਣੇ ਡੈਡੀ ਨੂੰ ਨਹੀਂ ਦੱਸਿਆ ਕਿ ਉਸ ਦਾ ਚਲਾਨ ਕੱਟ ਹੋਇਆ ਸੀ। ਪਰ ਉਹ ਇਹ ਗੱਲ ਲੰਬੇ ਸਮੇਂ ਤਕ ਨਹੀਂ ਛੁਪਾ ਸਕੀ। ਕਾਰੀਨਾ ਦੱਸਦੀ ਹੈ: “ਇਕ ਸਾਲ ਬਾਅਦ ਜਦੋਂ ਮੇਰੇ ਡੈਡੀ ਨੇ ਕਾਰ ਦੇ ਬੀਮੇ ਦੇ ਕਾਗਜ਼ ਦੇਖੇ, ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਚਲਾਨ ਕੱਟ ਹੋਇਆ ਸੀ। ਮੈਨੂੰ ਡੈਡੀ ਜੀ ਨੇ ਬਹੁਤ ਝਿੜਕਾਂ ਮਾਰੀਆਂ, ਇੱਥੋਂ ਤਕ ਕਿ ਮੰਮੀ ਜੀ ਵੀ ਮੈਨੂੰ ਬਹੁਤ ਗੁੱਸੇ ਹੋਏ ਕਿ ਮੈਂ ਡੈਡੀ ਨੂੰ ਦੱਸਿਆ ਕਿਉਂ ਨਹੀਂ!”

 ਸਬਕ: ਕਾਰੀਨਾ ਕਹਿੰਦੀ ਹੈ: “ਗ਼ਲਤੀਆਂ ਛੁਪਾਉਣ ਨਾਲ ਮੁਸ਼ਕਲਾਂ ਵਧਦੀਆਂ ਹੀ ਹਨ। ਤੁਹਾਨੂੰ ਕਦੇ-ਨਾ-ਕਦੇ ਤਾਂ ਆਪਣੀ ਗ਼ਲਤੀ ਦਾ ਹਰਜਾਨਾ ਭੁਗਤਣਾ ਹੀ ਪੈਂਦਾ ਹੈ।

 ਆਪਣੀਆਂ ਗ਼ਲਤੀਆਂ ਤੋਂ ਸਿੱਖੋ

 ਸਾਰੇ ਹੀ ਗ਼ਲਤੀਆਂ ਕਰਦੇ ਹਨ। (ਰੋਮੀਆਂ 3:23; 1 ਯੂਹੰਨਾ 1:8) ਵਧੀਆ ਹੋਵੇਗਾ ਕਿ ਅਸੀਂ ਜਲਦੀ ਤੋਂ ਜਲਦੀ ਆਪਣੀ ਗ਼ਲਤੀ ਮੰਨ ਲਈਏ। ਇਸ ਤਰ੍ਹਾਂ ਕਰ ਕੇ ਅਸੀਂ ਸਮਝਦਾਰੀ ਅਤੇ ਨਿਮਰਤਾ ਦਾ ਸਬੂਤ ਦਿੰਦੇ ਹਾਂ।

 ਅਗਲਾ ਕਦਮ ਹੈ, ਆਪਣੀਆਂ ਗ਼ਲਤੀਆਂ ਤੋਂ ਸਿੱਖਣਾ। ਦੁੱਖ ਦੀ ਗੱਲ ਹੈ ਕਿ ਕੁਝ ਨੌਜਵਾਨ ਆਪਣੀਆਂ ਗ਼ਲਤੀਆਂ ਤੋਂ ਨਹੀਂ ਸਿੱਖਦੇ। ਉਹ ਸ਼ਾਇਦ ਪ੍ਰਿਸਿਲਾ ਨਾਂ ਦੀ ਨੌਜਵਾਨ ਵਾਂਗ ਮਹਿਸੂਸ ਕਰਨ। ਉਹ ਕਹਿੰਦੀ ਹੈ: “ਮੈਂ ਆਪਣੀਆਂ ਗ਼ਲਤੀਆਂ ਕਰਕੇ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੀ ਸੀ। ਮੈਂ ਆਪਣੇ ਬਾਰੇ ਘਟੀਆ ਮਹਿਸੂਸ ਕਰਦੀ ਸੀ। ਇਸ ਲਈ ਮੈਨੂੰ ਗ਼ਲਤੀਆਂ ਭਾਰੀ ਬੋਝ ਵਾਂਗ ਲੱਗਦੀਆਂ ਸਨ ਜਿਸ ਨੂੰ ਮੈਂ ਚੁੱਕ ਨਹੀਂ ਸਕਦੀ ਸੀ। ਮੈਂ ਇੰਨੀ ਨਿਰਾਸ਼ ਹੋ ਜਾਂਦੀ ਸੀ ਕਿ ਮੈਂ ਆਪਣੇ ਆਪ ਨੂੰ ਨਿਕੰਮਾ ਸਮਝਦੀ ਸੀ।”

 ਕੀ ਤੁਹਾਨੂੰ ਵੀ ਕਦੇ-ਕਦੇ ਇੱਦਾਂ ਹੀ ਲੱਗਦਾ? ਜੇ ਹਾਂ, ਤਾਂ ਯਾਦ ਰੱਖੋ: “ਆਪਣੀਆਂ ਗ਼ਲਤੀਆਂ ਬਾਰੇ ਸੋਚੀ ਜਾਣਾ ਕਾਰ ਚਲਾਉਂਦੇ ਵੇਲੇ ਸ਼ੀਸ਼ੇ ਰਾਹੀਂ ਪਿੱਛੇ ਦੇਖਣ ਵਾਂਗ ਹੈ। ਪਿਛਲੀਆਂ ਗ਼ਲਤੀਆਂ ਬਾਰੇ ਸੋਚਣ ਨਾਲ ਤੁਹਾਨੂੰ ਲੱਗੇਗਾ ਕਿ ਤੁਸੀਂ ਨਿਕੰਮੇ ਹੋ ਅਤੇ ਤੁਸੀਂ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰ ਸਕੋਗੇ।

 ਇਸ ਦੀ ਬਜਾਇ, ਕਿਉਂ ਨਾ ਸਹੀ ਨਜ਼ਰੀਆ ਰੱਖੋ?

 “ਆਪਣੀਆਂ ਪਿਛਲੀਆਂ ਗ਼ਲਤੀਆਂ ਬਾਰੇ ਸੋਚੋ ਅਤੇ ਉਨ੍ਹਾਂ ਤੋਂ ਸਿੱਖੋ ਤਾਂਕਿ ਤੁਸੀਂ ਉਨ੍ਹਾਂ ਨੂੰ ਦੁਹਰਾਓ ਨਾ। ਪਰ ਉਨ੍ਹਾਂ ਬਾਰੇ ਇੰਨਾ ਜ਼ਿਆਦਾ ਨਾ ਸੋਚੋ ਕਿ ਤੁਸੀਂ ਨਿਰਾਸ਼ ਹੋ ਜਾਓ।”​—ਏਲੀਅਟ।

 “ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੀ ਹਰ ਗ਼ਲਤੀ ਤੋਂ ਸਬਕ ਸਿੱਖ ਕੇ ਆਪਣੇ ਆਪ ਵਿਚ ਸੁਧਾਰ ਕਰਾਂ ਅਤੇ ਅਗਲੀ ਵਾਰ ਮੈਂ ਫਿਰ ਉਹੀ ਗ਼ਲਤੀ ਨਾ ਦੁਹਰਾਵਾਂ। ਇਸ ਤਰ੍ਹਾਂ ਦਾ ਨਜ਼ਰੀਆ ਰੱਖ ਕੇ ਮੈਨੂੰ ਸਮਝਦਾਰ ਬਣਨ ਵਿਚ ਮਦਦ ਮਿਲਦੀ ਹੈ।”​—ਵੀਰਾ।