Skip to content

ਨੌਜਵਾਨ ਪੁੱਛਦੇ ਹਨ

ਮੈਂ ਥੱਕ ਕੇ ਚੂਰ ਹੋਣ ਤੋਂ ਕਿਵੇਂ ਬਚਾਂ?

ਮੈਂ ਥੱਕ ਕੇ ਚੂਰ ਹੋਣ ਤੋਂ ਕਿਵੇਂ ਬਚਾਂ?

 ਕੀ ਤੁਸੀਂ ਹੱਦੋਂ ਵੱਧ ਥੱਕ ਜਾਂਦੇ ਹੋ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ!

 ਇੱਦਾਂ ਕਿਉਂ ਹੁੰਦਾ ਹੈ?

 •   ਹੱਦੋਂ ਵੱਧ ਦਬਾਅ। ਜੂਲ਼ੀ ਨਾਂ ਦੀ ਨੌਜਵਾਨ ਕੁੜੀ ਕਹਿੰਦੀ ਹੈ: “ਸਾਨੂੰ ਕਿਹਾ ਜਾਂਦਾ ਹੈ ਕਿ ਅਸੀਂ ਹੋਰ ਵਧੀਆ ਕਰਦੇ ਰਹੀਏ, ਆਪਣੇ ਵਿਚ ਸੁਧਾਰ ਲਿਆਉਂਦੇ ਰਹੀਏ, ਵਧੀਆ ਤੋਂ ਵਧੀਆ ਟੀਚੇ ਰੱਖੀਏ ਅਤੇ ਹੋਰ ਤਰੱਕੀ ਕਰਦੇ ਰਹੀਏ। ਲਗਾਤਾਰ ਇੱਦਾਂ ਦੇ ਦਬਾਅ ਹੇਠ ਰਹਿਣਾ ਬਹੁਤ ਔਖਾ ਹੁੰਦਾ ਹੈ!”

 •   ਤਕਨਾਲੋਜੀ। ਫ਼ੋਨ, ਟੈਬਲੇਟ ਅਤੇ ਹੋਰ ਇਲੈਕਟ੍ਰਾਨਿਕ ਚੀਜ਼ਾਂ ਲਗਾਤਾਰ ਵਰਤਣ ਕਰਕੇ ਅਸੀਂ ਤਣਾਅ ਹੇਠ ਆ ਸਕਦੇ ਹਾਂ ਅਤੇ ਹੱਦੋਂ ਵੱਧ ਥੱਕ ਸਕਦੇ ਹਾਂ।

 •   ਨੀਂਦ ਦੀ ਕਮੀ। ਮਰੈਂਡਾ ਨਾਂ ਦੀ ਕੁੜੀ ਕਹਿੰਦੀ ਹੈ: “ਬਹੁਤ ਸਾਰੇ ਨੌਜਵਾਨ ਸਕੂਲ ਜਾਣ, ਕੰਮ ʼਤੇ ਜਾਣ ਜਾਂ ਹੋਰ ਕੰਮ ਕਰਨ ਲਈ ਸਵੇਰੇ ਛੇਤੀ ਉੱਠਦੇ ਹਨ ਤੇ ਰਾਤ ਨੂੰ ਲੇਟ ਸੌਂਦੇ ਹਨ। ਇੱਦਾਂ ਕਰਨਾ ਉਨ੍ਹਾਂ ਲਈ ਸਹੀ ਨਹੀਂ ਹੈ, ਪਰ ਲੱਗਦਾ ਹੈ ਕਿ ਇੱਦਾਂ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।” ਇੱਦਾਂ ਕਰਨ ਕਰਕੇ ਉਹ ਥੱਕ ਕੇ ਚੂਰ ਹੋ ਜਾਂਦੇ ਹਨ।

 ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

 ਬਾਈਬਲ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਕਹਾਉਤਾਂ 6:6-8; ਰੋਮੀਆਂ 12:11) ਪਰ ਇਹ ਉਸ ਹੱਦ ਤਕ ਕੰਮ ਕਰਨ ਦੀ ਹੱਲਾਸ਼ੇਰੀ ਨਹੀਂ ਦਿੰਦੀ ਜਿਸ ਦਾ ਅਸਰ ਸਾਡੀ ਜ਼ਿੰਦਗੀ ਅਤੇ ਸਿਹਤ ʼਤੇ ਪਵੇ।

 “ਕਦੀ-ਕਦਾਈਂ ਮੈਂ ਕੰਮਾਂ-ਕਾਰਾਂ ਵਿਚ ਇੰਨਾ ਰੁੱਝ ਜਾਂਦੀ ਸੀ ਕਿ ਮੈਨੂੰ ਅਚਾਨਕ ਯਾਦ ਆਉਂਦਾ ਸੀ ਕਿ ਮੈਂ ਸਾਰਾ ਦਿਨ ਕੁਝ ਨਹੀਂ ਖਾਧਾ। ਫਿਰ ਮੈਂ ਸਿੱਖਿਆ ਕਿ ਮੈਨੂੰ ਹਰ ਕੰਮ ਦੀ ਜ਼ਿੰਮੇਵਾਰੀ ਆਪਣੇ ਸਿਰ ʼਤੇ ਨਹੀਂ ਲੈ ਲੈਣੀ ਚਾਹੀਦੀ ਅਤੇ ਆਪਣੀ ਸਿਹਤ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ।”—ਐਸ਼ਲੀ।

 ਬਾਈਬਲ ਕਹਿੰਦੀ ਹੈ: “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 9:4) ਜੇ ਤੁਸੀਂ ਆਪਣੇ ਆਪ ਨੂੰ ਹੱਦੋਂ ਵੱਧ ਬਿਜ਼ੀ ਰੱਖਦੇ ਹੋ, ਤਾਂ ਕੁਝ ਸਮੇਂ ਲਈ ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਡੇ ਵਿਚ ਸ਼ੇਰ ਜਿੰਨੀ ਤਾਕਤ ਹੈ। ਪਰ ਆਪਣੇ ਆਪ ਨੂੰ ਹੱਦੋਂ ਵੱਧ ਥਕਾਉਣ ਕਰਕੇ ਤੁਹਾਡੀ ਸਿਹਤ ʼਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ।

 ਤੁਸੀਂ ਕੀ ਕਰ ਸਕਦੇ ਹੋ?

 •   ਨਾਂਹ ਕਹਿਣੀ ਸਿੱਖੋ। “ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2) ਦੀਨ ਯਾਨੀ ਨਿਮਰ ਲੋਕ ਆਪਣੀਆਂ ਹੱਦਾਂ ਪਛਾਣਦੇ ਹਨ ਅਤੇ ਉਹ ਸਿਰਫ਼ ਉੱਨਾ ਹੀ ਕੰਮ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਨ ਜਿੰਨਾ ਉਹ ਕਰ ਸਕਦੇ ਹਨ।

   “ਉਹ ਵਿਅਕਤੀ ਹੱਦੋਂ ਵੱਧ ਥੱਕ ਸਕਦਾ ਹੈ ਜੋ ਕਦੇ ‘ਨਾਂਹ’ ਨਹੀਂ ਕਹਿੰਦਾ। ਉਹ ਹਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਉਸ ਨੂੰ ਕਰਨ ਲਈ ਕਿਹਾ ਜਾਂਦਾ ਹੈ। ਇਹ ਨਿਮਰਤਾ ਦੀ ਨਿਸ਼ਾਨੀ ਨਹੀਂ ਹੈ। ਅੱਜ ਨਹੀਂ ਤਾਂ ਕੱਲ੍ਹ, ਉਹ ਥੱਕ ਕੇ ਚੂਰ ਹੋ ਜਾਵੇਗਾ।”—ਜੋਰਡਨ।

 •   ਚੰਗੀ ਨੀਂਦ ਲਓ। ਬਾਈਬਲ ਕਹਿੰਦੀ ਹੈ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।” (ਉਪਦੇਸ਼ਕ 4:6, Common Language) ਕਿਹਾ ਜਾਂਦਾ ਹੈ ਕਿ ਨੀਂਦ “ਦਿਮਾਗ਼ ਲਈ ਖ਼ੁਰਾਕ” ਵਾਂਗ ਹੈ, ਪਰ ਜ਼ਿਆਦਾਤਰ ਨੌਜਵਾਨ ਲੋੜ ਮੁਤਾਬਕ 8 ਤੋਂ 10 ਘੰਟੇ ਨਹੀਂ ਸੌਂਦੇ।

   “ਜਦੋਂ ਮੇਰੇ ਕੋਲ ਬਹੁਤ ਸਾਰੇ ਕੰਮ ਕਰਨ ਨੂੰ ਹੁੰਦੇ ਸਨ, ਤਾਂ ਮੈਂ ਘੱਟ ਹੀ ਸੌਂਦੀ ਸੀ। ਪਰ ਕਦੀ-ਕਦਾਈਂ ਇਕ-ਦੋ ਘੰਟੇ ਜ਼ਿਆਦਾ ਸੌਂ ਕੇ ਮੈਂ ਅਗਲੇ ਦਿਨ ਜ਼ਿਆਦਾ ਕੰਮ ਕਰ ਪਾਉਂਦੀ ਹਾਂ ਤੇ ਖ਼ੁਸ਼ ਰਹਿੰਦੀ ਹਾਂ।”—ਬਰੁਕਲਿਨ।

 •   ਪਲੈਨ ਬਣਾਓ। ਬਾਈਬਲ ਕਹਿੰਦੀ ਹੈ: “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ।” (ਕਹਾਉਤਾਂ 21:5) ਸਾਨੂੰ ਆਪਣੇ ਸਮੇਂ ਅਤੇ ਤਾਕਤ ਦੀ ਸਹੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਇਸ ਹੁਨਰ ਦਾ ਫ਼ਾਇਦਾ ਸਾਨੂੰ ਜ਼ਿੰਦਗੀ ਭਰ ਹੋਵੇਗਾ।

   “ਸ਼ਡਿਉਲ ਵਰਤ ਕੇ ਅਸੀਂ ਵਾਧੂ ਚਿੰਤਾ ਕਰਨ ਤੋਂ ਬਚ ਸਕਦੇ ਹਾਂ। ਜਦੋਂ ਸ਼ਡਿਉਲ ਸਾਡੀਆਂ ਅੱਖਾਂ ਸਾਮ੍ਹਣੇ ਹੁੰਦਾ ਹੈ, ਤਾਂ ਅਸੀਂ ਲੋੜ ਪੈਣ ʼਤੇ ਸੌਖਿਆਂ ਹੀ ਆਪਣੇ ਕੰਮਾਂ ਵਿਚ ਫੇਰ-ਬਦਲ ਕਰ ਸਕਦੇ ਹਾਂ। ਇੱਦਾਂ ਕਰਕੇ ਅਸੀਂ ਥੱਕ ਕੇ ਚੂਰ ਹੋਣ ਤੋਂ ਬਚ ਸਕਦੇ ਹਾਂ।”—ਵਨੈਸਾ।