Skip to content

ਨੌਜਵਾਨ ਪੁੱਛਦੇ ਹਨ

ਘਰ ਰਹਿ ਕੇ ਪੜ੍ਹਾਈ ਕਰਨ ਵਿਚ ਕਿਵੇਂ ਕਾਮਯਾਬ ਹੋਈਏ?

ਘਰ ਰਹਿ ਕੇ ਪੜ੍ਹਾਈ ਕਰਨ ਵਿਚ ਕਿਵੇਂ ਕਾਮਯਾਬ ਹੋਈਏ?

 ਅੱਜ ਬਹੁਤ ਸਾਰੇ ਵਿਦਿਆਰਥੀ ਇਕ ਵੱਖਰੀ “ਕਲਾਸ” ਰਾਹੀਂ ਸਿੱਖਿਆ ਲੈ ਰਹੇ ਹਨ ਯਾਨੀ ਆਪਣੇ ਘਰੋਂ। ਜੇ ਤੁਸੀਂ ਵੀ ਇੱਦਾਂ ਕਰ ਰਹੇ ਹੋ, ਤਾਂ ਤੁਸੀਂ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਕਿਵੇਂ ਲੈ ਸਕਦੇ ਹੋ? ਅੱਗੇ ਦੱਸੇ ਸੁਝਾਵਾਂ ʼਤੇ ਗੌਰ ਕਰੋ। a

 ਪੰਜ ਸੁਝਾਅ ਤੁਹਾਡੀ ਕਾਮਯਾਬ ਹੋਣ ਵਿਚ ਮਦਦ ਕਰਨਗੇ

 •   ਟਾਈਮ-ਟੇਬਲ ਬਣਾਓ। ਉਹੀ ਰੁਟੀਨ ਬਣਾਈ ਰੱਖਣ ਦੀ ਕੋਸ਼ਿਸ਼ ਕਰੋ ਜੋ ਤੁਹਾਡੀ ਸਕੂਲ ਜਾਣ ਵੇਲੇ ਹੁੰਦੀ ਸੀ। ਤੈਅ ਕਰੋ ਕਿ ਤੁਸੀਂ ਸਕੂਲ ਦੇ, ਘਰ ਦੇ ਅਤੇ ਹੋਰ ਜ਼ਰੂਰੀ ਕੰਮ ਕਦੋਂ ਕਰੋਗੇ। ਤੁਸੀਂ ਲੋੜ ਮੁਤਾਬਕ ਆਪਣੇ ਟਾਈਮ-ਟੇਬਲ ਵਿਚ ਫੇਰ-ਬਦਲ ਕਰ ਸਕਦੇ ਹੋ।

   ਬਾਈਬਲ ਦਾ ਅਸੂਲ: “ਸਾਰੇ ਕੰਮ ਸਲੀਕੇ ਨਾਲ ਅਤੇ ਸਹੀ ਢੰਗ ਨਾਲ ਕਰੋ।”—1 ਕੁਰਿੰਥੀਆਂ 14:40.

   “ਆਪਣੇ ਦਿਨ ਦੀ ਰੁਟੀਨ ਇੱਦਾਂ ਬਣਾਓ ਜਿਵੇਂ ਤੁਸੀਂ ਸਕੂਲ ਵਿਚ ਹੀ ਹੋ। ਨਾਲੇ ਹਰ ਕੰਮ ਤੈਅ ਕੀਤੇ ਸਮੇਂ ʼਤੇ ਕਰੋ।”—ਕੇਟੀ।

   ਜ਼ਰਾ ਸੋਚੋ: ਇਹ ਵਧੀਆ ਕਿਉਂ ਹੋਵੇਗਾ ਕਿ ਤੁਸੀਂ ਟਾਈਮ-ਟੇਬਲ ਬਣਾਓ ਅਤੇ ਫਿਰ ਇਸ ਨੂੰ ਅਜਿਹੀ ਜਗ੍ਹਾ ʼਤੇ ਲਗਾਓ ਜਿੱਥੇ ਤੁਸੀਂ ਆਸਾਨੀ ਨਾਲ ਦੇਖ ਸਕੋ?

 •   ਅਨੁਸ਼ਾਸਨ ਵਿਚ ਰਹੋ। ਜਿਵੇਂ-ਜਿਵੇਂ ਤੁਸੀਂ ਵੱਡੇ ਹੁੰਦੇ ਹੋ, ਤਾਂ ਤੁਹਾਨੂੰ ਆਪ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਆਪਣਾ ਕੰਮ ਪੂਰਾ ਕਰਨਾ ਚਾਹੀਦਾ ਹੈ, ਭਾਵੇਂ ਤੁਹਾਡਾ ਜੀਅ ਨਾ ਵੀ ਕਰੇ। ਆਪਣੇ ਕੰਮ ਪੂਰੇ ਕਰਨ ਵਿਚ ਢਿੱਲ-ਮੱਠ ਨਾ ਕਰੋ!

   ਬਾਈਬਲ ਦਾ ਅਸੂਲ: “ਗਰਮਜੋਸ਼ੀ ਨਾਲ ਕੰਮ ਕਰੋ, ਆਲਸੀ ਨਾ ਬਣੋ।”—ਰੋਮੀਆਂ 12:11.

   “ਅਨੁਸ਼ਾਸਨ ਵਿਚ ਰਹਿਣਾ ਸਭ ਤੋਂ ਵੱਡੀ ਚੁਣੌਤੀ ਹੈ। ਬਹਾਨੇ ਬਣਾਉਣੇ ਅਤੇ ਇਹ ਕਹਿਣਾ ਸੌਖਾ ਹੈ, ‘ਮੈਂ ਸਕੂਲ ਦਾ ਕੰਮ ਬਾਅਦ ਵਿਚ ਕਰਾਂਗੀ।’ ਫਿਰ ਤੁਸੀਂ ਬਾਅਦ ਵਿਚ ਵੀ ਕੰਮ ਨੂੰ ਟਾਲ ਦਿੰਦੇ ਹੋ ਤੇ ਇੱਦਾਂ ਕਰਦੇ-ਕਰਦੇ ਤੁਹਾਡਾ ਕੰਮ ਬਹੁਤ ਪਿੱਛੇ ਪੈ ਜਾਂਦਾ।”—ਐਲਿਗਜ਼ਾਂਡਰਾ।

   ਜ਼ਰਾ ਸੋਚੋ: ਹਰ ਰੋਜ਼ ਸਕੂਲ ਦਾ ਕੰਮ ਇੱਕੋ ਜਗ੍ਹਾ ਅਤੇ ਇੱਕੋ ਸਮੇਂ ʼਤੇ ਕਰਨ ਨਾਲ ਤੁਸੀਂ ਹੋਰ ਜ਼ਿਆਦਾ ਅਨੁਸ਼ਾਸਨ ਵਿਚ ਕਿਵੇਂ ਰਹਿ ਸਕਦੇ ਹੋ?

 •   ਪੜ੍ਹਾਈ ਕਰਨ ਲਈ ਇਕ ਜਗ੍ਹਾ ਚੁਣੋ। ਪੜ੍ਹਾਈ ਕਰਨ ਦਾ ਸਾਰਾ ਸਮਾਨ ਆਪਣੇ ਕੋਲ ਰੱਖੋ। ਇੱਦਾਂ ਦਾ ਮਾਹੌਲ ਬਣਾਓ ਜਿੱਥੇ ਤੁਹਾਡਾ ਪੜ੍ਹਨ ਨੂੰ ਦਿਲ ਕਰੇ ਨਾ ਕਿ ਸੌਣ ਨੂੰ। ਜੇ ਤੁਹਾਡੇ ਕੋਲ ਸਟੱਡੀ ਰੂਮ ਨਹੀਂ ਹੈ, ਤਾਂ ਤੁਸੀਂ ਕਿਸੇ ਹੋਰ ਜਗ੍ਹਾ ਬੈਠ ਕੇ ਪੜ੍ਹ ਸਕਦੇ ਹੋ, ਜਿਵੇਂ ਕਿ ਡਰਾਇੰਗ ਰੂਮ ਜਾਂ ਬੈੱਡਰੂਮ।

   ਬਾਈਬਲ ਦਾ ਅਸੂਲ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।”—ਕਹਾਉਤਾਂ 21:5, CL.

   “ਆਪਣੀ ਬਾਸਕਟਬਾਲ, ਵੀਡੀਓ ਗੇਮਾਂ ਤੇ ਗਿਟਾਰ ਨੂੰ ਇਕ ਪਾਸੇ ਰੱਖ ਦਿਓ ਅਤੇ ਆਪਣੇ ਫ਼ੋਨ ਨੂੰ ਸਾਈਲੈਂਟ ਕਰ ਲਓ। ਪੜ੍ਹਾਈ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੋਲ ਅਜਿਹੀ ਕੋਈ ਵੀ ਚੀਜ਼ ਨਾ ਰੱਖੋ ਜੋ ਤੁਹਾਡਾ ਧਿਆਨ ਭਟਕਾਏ।”—ਇਲਿਜ਼ਬਥ।

   ਜ਼ਰਾ ਸੋਚੋ: ਤੁਸੀਂ ਪੜ੍ਹਾਈ ਕਰਨ ਵਾਲੀ ਜਗ੍ਹਾ ʼਤੇ ਕਿਹੜੇ ਫੇਰ-ਬਦਲ ਕਰ ਸਕਦੇ ਹੋ ਤਾਂਕਿ ਤੁਸੀਂ ਹੋਰ ਧਿਆਨ ਨਾਲ ਪੜ੍ਹਾਈ ਕਰ ਸਕੋ?

 •   ਧਿਆਨ ਲਾਉਣਾ ਸਿੱਖੋ। ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਸ ʼਤੇ ਪੂਰਾ ਧਿਆਨ ਲਾਓ। ਇੱਕੋ ਸਮੇਂ ʼਤੇ ਵੱਖੋ-ਵੱਖਰੇ ਕੰਮ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇੱਦਾਂ ਕਰਨ ਨਾਲ ਤੁਹਾਡੇ ਤੋਂ ਬਹੁਤ ਸਾਰੀਆਂ ਗ਼ਲਤੀਆਂ ਹੋ ਸਕਦੀਆਂ ਹਨ। ਨਾਲੇ ਤੁਹਾਡਾ ਕੰਮ ਵੀ ਛੇਤੀ ਪੂਰਾ ਨਹੀਂ ਹੋਵੇਗਾ।

   ਬਾਈਬਲ ਦਾ ਅਸੂਲ: “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”—ਅਫ਼ਸੀਆਂ 5:16.

   “ਜਦੋਂ ਮੇਰਾ ਫ਼ੋਨ ਮੇਰੇ ਲਾਗੇ ਹੁੰਦਾ ਸੀ, ਤਾਂ ਮੇਰੇ ਲਈ ਪੜ੍ਹਾਈ ਵਿਚ ਧਿਆਨ ਲਾਉਣਾ ਬਹੁਤ ਔਖਾ ਹੁੰਦਾ ਸੀ। ਮੈਂ ਫਾਲਤੂ ਦੇ ਕੰਮਾਂ ਵਿਚ ਆਪਣਾ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੀ ਸੀ।”—ਓਲੀਵੀਆ।

   ਜ਼ਰਾ ਸੋਚੋ: ਕੀ ਤੁਸੀਂ ਕਿਸੇ ਇਕ ਸਬਜੈਕਟ ʼਤੇ ਧਿਆਨ ਲਾਉਣ ਲਈ ਹੌਲੀ-ਹੌਲੀ ਸਮਾਂ ਵਧਾ ਸਕਦੇ ਹੋ?

 •   ਬ੍ਰੇਕ ਲਓ। ਸੈਰ ਕਰੋ, ਸਾਈਕਲ ਚਲਾਓ ਜਾਂ ਕਸਰਤ ਕਰੋ। ਆਪਣੀ ਮਨ-ਪਸੰਦ ਦਾ ਕੋਈ ਕੰਮ ਕਰਨ ਨਾਲ ਵੀ ਤੁਸੀਂ ਤਰੋ-ਤਾਜ਼ਾ ਹੋ ਸਕਦੇ ਹੋ। ਇਕ ਕਿਤਾਬ ਕਹਿੰਦੀ ਹੈ: “ਪਹਿਲਾਂ ਆਪਣੇ ਸਾਰੇ ਕੰਮ ਖ਼ਤਮ ਕਰੋ। ਜਦੋਂ ਸਾਡੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ, ਤਾਂ ਵਿਹਲਾ ਸਮਾਂ ਹੋਰ ਵੀ ਵਧੀਆ ਲੰਘਦਾ ਹੈ।”—School Power.

   ਬਾਈਬਲ ਦਾ ਅਸੂਲ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।”—ਉਪਦੇਸ਼ਕ ਦੀ ਪੋਥੀ 4:6, CL.

   “ਸਕੂਲ ਵਿਚ ਅਕਸਰ ਅਸੀਂ ਮਿਊਜ਼ਿਕ ਜਾਂ ਕੋਈ ਆਰਟ ਕਲਾਸ ਲੈਂਦੇ ਹਾਂ। ਮੈਨੂੰ ਇਨ੍ਹਾਂ ਦੀ ਕਦਰ ਹੁਣ ਪਤਾ ਲੱਗੀ ਜਦੋਂ ਮੈਂ ਇਨ੍ਹਾਂ ਵਿਚ ਹਿੱਸਾ ਨਹੀਂ ਲੈ ਸਕਦੀ। ਪੜ੍ਹਾਈ ਦੇ ਨਾਲ-ਨਾਲ ਆਪਣੀ ਮਨ-ਪਸੰਦ ਦਾ ਕੋਈ ਕੰਮ ਕਰਨਾ ਵਧੀਆ ਰਹਿੰਦਾ।”—ਟੇਲਰ।

   ਜ਼ਰਾ ਸੋਚੋ: ਬ੍ਰੇਕ ਵਿਚ ਕਿਹੋ-ਜਿਹੇ ਕੰਮ ਨਾਲ ਤੁਸੀਂ ਪੜ੍ਹਾਈ ਕਰਨ ਲਈ ਤਰੋ-ਤਾਜ਼ਾ ਹੋ ਸਕਦੇ ਹੋ?

a ਘਰੋਂ ਪੜ੍ਹਾਈ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਇਸ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਆਪਣੇ ਹਾਲਾਤਾਂ ਮੁਤਾਬਕ ਲਾਗੂ ਕਰੋ।