Skip to content

ਨੌਜਵਾਨ ਪੁੱਛਦੇ ਹਨ

ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਕਿਵੇਂ ਗੱਲ ਕਰਾਂ?

ਮੈਂ ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਕਿਵੇਂ ਗੱਲ ਕਰਾਂ?

 “15 ਸਾਲ ਦੀ ਉਮਰ ਵਿਚ ਮੈਂ ਆਪਣੇ ਮਾਪਿਆਂ ਦੇ ਨਿਯਮਾਂ ਨਾਲ ਬਿਲਕੁਲ ਸਹਿਮਤ ਸੀ, ਪਰ ਹੁਣ ਮੈਂ 19 ਸਾਲਾਂ ਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਹੋਰ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ।”—ਸਿਲਵੀਆ।

 ਕੀ ਤੁਸੀਂ ਵੀ ਸਿਲਵੀਆ ਵਾਂਗ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਇਹ ਲੇਖ ਇਸ ਮਾਮਲੇ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰਨ ਵਿਚ ਤੁਹਾਡੀ ਮਦਦ ਕਰੇਗਾ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

 ਆਪਣੇ ਮਾਪਿਆਂ ਨਾਲ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਹੇਠਾਂ ਲਿਖੀਆਂ ਗੱਲਾਂ ʼਤੇ ਗੌਰ ਕਰੋ:

  •  ਨਿਯਮਾਂ ਤੋਂ ਬਗੈਰ ਜ਼ਿੰਦਗੀ ਵਿਚ ਉਥਲ-ਪੁਥਲ ਹੋਵੇਗੀ। ਜ਼ਰਾ ਇਕ ਸੜਕ ਬਾਰੇ ਸੋਚੋ ਜਿਸ ʼਤੇ ਬਹੁਤ ਗੱਡੀਆਂ ਆਉਂਦੀਆਂ-ਜਾਂਦੀਆਂ ਹਨ। ਜੇ ਉੱਥੇ ਨਾ ਕੋਈ ਟ੍ਰੈਫਿਕ ਸਾਈਨ ਹੋਵੇ, ਨਾ ਟ੍ਰੈਫਿਕ ਲਾਈਟਾਂ ਹੋਣਾ ਤੇ ਨਾ ਹੀ ਸਪੀਡ ਲਿਮਿਟ ਹੋਵੇ, ਤਾਂ ਕੀ ਹੋਵੇਗਾ? ਟ੍ਰੈਫਿਕ ਨਿਯਮਾਂ ਦੀ ਤਰ੍ਹਾਂ ਘਰ ਦੇ ਨਿਯਮਾਂ ਨਾਲ ਵੀ ਸ਼ਾਂਤੀ ਬਣੀ ਰਹਿੰਦੀ ਹੈ।

  •  ਨਿਯਮਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਮਾਪੇ ਤੁਹਾਡੀ ਪਰਵਾਹ ਕਰਦੇ ਹਨ। ਜੇ ਉਹ ਕੋਈ ਨਿਯਮ ਨਾ ਬਣਾਉਣ, ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ। ਇਸ ਤਰ੍ਹਾਂ ਦੇ ਮਾਪਿਆਂ ਬਾਰੇ ਤੁਸੀਂ ਕੀ ਸੋਚੋਗੇ?

 ਕੀ ਤੁਹਾਨੂੰ ਪਤਾ ਹੈ? ਮਾਪਿਆਂ ਲਈ ਵੀ ਨਿਯਮ ਬਣਾਏ ਗਏ ਹਨ! ਜੇ ਤੁਹਾਨੂੰ ਇਸ ਗੱਲ ʼਤੇ ਸ਼ੱਕ ਹੈ, ਤਾਂ ਉਤਪਤ 2:24; ਬਿਵਸਥਾ ਸਾਰ 6:6, 7; ਅਫ਼ਸੀਆਂ 6:4; ਅਤੇ 1 ਤਿਮੋਥਿਉਸ 5:8 ਪੜ੍ਹੋ।

 ਪਰ ਉਦੋਂ ਕੀ ਜੇ ਤੁਹਾਨੂੰ ਅਜੇ ਵੀ ਮਾਪਿਆਂ ਵੱਲੋਂ ਬਣਾਏ ਨਿਯਮ ਸਹੀ ਨਹੀਂ ਲੱਗਦੇ?

 ਤੁਸੀਂ ਕੀ ਕਰ ਸਕਦੇ ਹੋ?

 ਨਿਯਮਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਸੋਚੋ। ਜਦੋਂ ਮਾਪਿਆਂ ਵੱਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਆਉਂਦੀ ਹੈ, ਤਾਂ ਕੀ ਤੁਸੀਂ ਅਕਸਰ ਉਨ੍ਹਾਂ ਦੀ ਪਾਲਣਾ ਕਰਦੇ ਹੋ? ਜੇ ਤੁਸੀਂ ਅਕਸਰ ਉਨ੍ਹਾਂ ਦੀ ਉਲੰਘਣਾ ਕਰਦੇ ਹੋ, ਤਾਂ ਫਿਰ ਸ਼ਾਇਦ ਹੋਰ ਆਜ਼ਾਦੀ ਮੰਗਣ ਦਾ ਇਹ ਸਮਾਂ ਵਧੀਆ ਨਹੀਂ ਹੈ। ਇਸ ਦੀ ਬਜਾਇ, ਆਪਣੇ ਮਾਪਿਆਂ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਵੱਲੋਂ ਬਣਾਏ ਨਿਯਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰੋ।

 ਜੇ ਤੁਸੀਂ ਅਕਸਰ ਨਿਯਮਾਂ ਦੀ ਪਾਲਣਾ ਕਰਦੇ ਹੋ, ਤਾਂ ਸੋਚੋ ਕਿ ਤੁਸੀਂ ਆਪਣੇ ਮਾਪਿਆਂ ਨਾਲ ਕੀ ਗੱਲ ਕਰੋਗੇ। ਪਹਿਲਾਂ ਹੀ ਆਪਣੇ ਵਿਚਾਰਾਂ ਨੂੰ ਲਿਖ ਲੈਣ ਨਾਲ ਤੁਹਾਡੀ ਇਹ ਜਾਣਨ ਵਿਚ ਮਦਦ ਹੋਵੇਗੀ ਕਿ ਤੁਸੀਂ ਜੋ ਮੰਗਣਾ ਚਾਹੁੰਦੇ ਹੋ, ਉਹ ਜਾਇਜ਼ ਵੀ ਹੈ ਕਿ ਨਹੀਂ। ਫਿਰ, ਆਪਣੇ ਮਾਪਿਆਂ ਨੂੰ ਸਮਾਂ ਤੇ ਜਗ੍ਹਾ ਤੈਅ ਕਰਨ ਲਈ ਕਹੋ ਜਿੱਥੇ ਤੁਸੀਂ ਆਰਾਮ ਨਾਲ ਬੈਠ ਕੇ ਗੱਲ ਕਰ ਸਕਦੇ ਹੋ। ਫਿਰ, ਆਪਣੇ ਮਾਪਿਆਂ ਨਾਲ ਗੱਲ ਕਰਦਿਆਂ ਹੇਠਾਂ ਲਿਖੀਆਂ ਗੱਲਾਂ ਯਾਦ ਰੱਖੋ:

 ਆਦਰ ਦਿਖਾਓ। “ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਸੋ ਆਪਣੇ ਆਪ ਨੂੰ ਯਾਦ ਕਰਾਓ: ਜੇ ਤੁਸੀਂ ਆਪਣੇ ਮਾਪਿਆਂ ਨਾਲ ਬਹਿਸ ਕਰਦੇ ਹੋ ਜਾਂ ਉਨ੍ਹਾਂ ʼਤੇ ਦੋਸ਼ ਲਾਉਂਦੇ ਹੋ ਕਿ ਉਨ੍ਹਾਂ ਵੱਲੋਂ ਬਣਾਏ ਨਿਯਮ ਸਹੀ ਹਨ, ਤਾਂ ਤੁਹਾਡੀ ਗੱਲਬਾਤ ਜਲਦੀ ਖ਼ਤਮ ਹੋ ਜਾਵੇਗੀ।

 “ਜਿੰਨਾ ਜ਼ਿਆਦਾ ਮੈਂ ਆਪਣੇ ਮਾਪਿਆਂ ਨੂੰ ਆਦਰ ਦਿਖਾਉਂਦੀ ਹਾਂ, ਉੱਨਾ ਜ਼ਿਆਦਾ ਉਹ ਮੈਨੂੰ ਆਦਰ ਦਿਖਾਉਂਦੇ ਹਨ। ਇਕ-ਦੂਜੇ ਦਾ ਆਦਰ ਕਰਨ ਕਰਕੇ ਸਾਡੇ ਲਈ ਕਿਸੇ ਗੱਲ ʼਤੇ ਸਹਿਮਤ ਹੋਣਾ ਜ਼ਿਆਦਾ ਸੌਖਾ ਹੁੰਦਾ ਹੈ।”—ਬਿਆਂਕਾ, 19.

 ਸੁਣੋ। ਬਾਈਬਲ ਦੱਸਦੀ ਹੈ ਕਿ ਸਾਨੂੰ ‘ਸੁਣਨ ਲਈ ਤਿਆਰ ਰਹਿਣਾ, ਬੋਲਣ ਵਿਚ ਕਾਹਲੀ ਨਹੀਂ ਕਰਨੀ’ ਚਾਹੀਦੀ। (ਯਾਕੂਬ 1:19) ਯਾਦ ਰੱਖੋ ਕਿ ਤੁਸੀਂ ਆਪਣੇ ਮਾਪਿਆਂ ਨਾਲ ਗੱਲਬਾਤ ਕਰ ਰਹੇ ਹੋ, ਨਾ ਕਿ ਉਨ੍ਹਾਂ ਨੂੰ ਭਾਸ਼ਣ ਦੇ ਰਹੇ ਹੋ।

 “ਵੱਡੇ ਹੁੰਦਿਆਂ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਆਪਣੇ ਮਾਪਿਆਂ ਨਾਲੋਂ ਜ਼ਿਆਦਾ ਜਾਣਦੇ ਹਾਂ, ਪਰ ਇਹ ਸੱਚ ਨਹੀਂ ਹੈ। ਸਾਨੂੰ ਉਨ੍ਹਾਂ ਦੀ ਸਲਾਹ ਤੇ ਤਾੜਨਾ ਨੂੰ ਸੁਣਨਾ ਚਾਹੀਦਾ ਹੈ।”—ਦੇਵਨ, 20.

 ਹਮਦਰਦੀ ਦਿਖਾਓ। ਹਰੇਕ ਮਾਮਲੇ ਨੂੰ ਆਪਣੇ ਮਾਪਿਆਂ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਬਾਈਬਲ ਦੀ ਇਹ ਸਲਾਹ ਲਾਗੂ ਕਰੋ ਕਿ “ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿੱਪੀਆਂ 2:4) ਇਸ ਮਾਮਲੇ ਵਿਚ ਆਪਣੇ ਮਾਪਿਆਂ ਬਾਰੇ ਸੋਚੋ।

ਕਿਹੜੇ ਤਰੀਕੇ ਨਾਲ ਤੁਸੀਂ ਹੋਰ ਜ਼ਿਆਦਾ ਆਜ਼ਾਦੀ ਪਾ ਸਕੋਗੇ?

 “ਮੈਂ ਆਪਣੇ ਮਾਪਿਆਂ ਨੂੰ ਆਪਣੇ ਨਾਲ ਕੰਮ ਕਰਨ ਵਾਲੇ ਸਮਝਣ ਦੀ ਬਜਾਇ ਆਪਣੇ ਵਿਰੋਧੀ ਸਮਝਦਾ ਸੀ। ਪਰ ਹੁਣ ਮੈਨੂੰ ਅਹਿਸਾਸ ਹੋਇਆ ਕਿ ਉਹ ਚੰਗੇ ਮਾਪੇ ਬਣਨਾ ਸਿੱਖ ਰਹੇ ਸਨ ਜਿੱਦਾਂ ਮੈਂ ਇਕ ਜ਼ਿੰਮੇਵਾਰ ਵਿਅਕਤੀ ਬਣਨਾ ਸਿੱਖ ਰਿਹਾ ਸੀ। ਉਨ੍ਹਾਂ ਨੇ ਜੋ ਕੀਤਾ, ਉਹ ਪਿਆਰ ਕਰਕੇ ਕੀਤਾ।—ਜੋਸ਼ੁਆ, 21.

 ਹੱਲ ਦੱਸੋ। ਮੰਨ ਲਓ ਕਿ ਤੁਹਾਡੇ ਮਾਪਿਆਂ ਨੇ ਇਕ ਨਿਯਮ ਬਣਾਇਆ ਹੈ: ਉਹ ਨਹੀਂ ਚਾਹੁੰਦੇ ਕਿ ਤੁਸੀਂ ਰਾਤ ਵਿਚ ਹੋਣ ਵਾਲੀ ਪਾਰਟੀ ʼਤੇ ਜਾਓ। ਪਤਾ ਕਰੋ ਕਿ ਉਹ ਇੱਦਾਂ ਕਿਉਂ ਚਾਹੁੰਦੇ ਹਨ, ਕੀ ਸਮੇਂ ਕਰਕੇ ਜਾਂ ਪਾਰਟੀ ਕਰਕੇ?

  •   ਜੇ ਸਮੇਂ ਕਰਕੇ ਹੈ, ਤਾਂ ਕੀ ਉਹ ਆਪਣੇ ਫ਼ੈਸਲੇ ʼਤੇ ਦੁਬਾਰਾ ਗੌਰ ਕਰਨਗੇ ਜੇ ਤੁਸੀਂ ਕਿਸੇ ਨੂੰ ਆਪਣੇ ਨਾਲ ਲੈ ਕੇ ਜਾਣ ਦਾ ਸੁਝਾਅ ਦਿੰਦੇ ਹੋ।

  •   ਜੇ ਪਾਰਟੀ ਕਰਕੇ ਹੈ, ਤਾਂ ਕੀ ਤੁਸੀਂ ਉਨ੍ਹਾਂ ਨੂੰ ਭਰੋਸਾ ਦਿਵਾ ਸਕਦੇ ਹੋ ਕਿ ਉੱਥੇ ਕੌਣ-ਕੌਣ ਆਵੇਗਾ ਅਤੇ ਕੌਣ ਇਸ ਪਾਰਟੀ ਦੀ ਨਿਗਰਾਨੀ ਕਰੇਗਾ?

 ਆਦਰ ਨਾਲ ਗੱਲ ਕਰੋ ਅਤੇ ਧਿਆਨ ਨਾਲ ਆਪਣੇ ਮਾਪਿਆਂ ਦੀ ਗੱਲ ਸੁਣੋ। ਆਪਣੇ ਸ਼ਬਦਾਂ ਤੇ ਪੇਸ਼ ਆਉਣ ਦੇ ਤਰੀਕੇ ਤੋਂ ਦਿਖਾਓ ਕਿ ਤੁਸੀਂ “ਆਪਣੇ ਮਾਤਾ-ਪਿਤਾ ਦਾ ਆਦਰ” ਕਰਦੇ ਹੋ। (ਅਫ਼ਸੀਆਂ 6:2, 3) ਕੀ ਉਹ ਆਪਣੀ ਰਾਇ ਬਦਲ ਲੈਣਗੇ? ਸ਼ਾਇਦ। ਸ਼ਾਇਦ ਨਹੀਂ। ਚਾਹੇ ਉਹ ਆਪਣੀ ਰਾਇ ਬਦਲਣ ਜਾਂ ਨਾ, ਪਰ . . .

 ਤੁਸੀਂ ਆਦਰ ਨਾਲ ਉਨ੍ਹਾਂ ਦਾ ਫ਼ੈਸਲਾ ਸਵੀਕਾਰ ਕਰੋ। ਇਹ ਇਕ ਅਹਿਮ ਕਦਮ ਹੈ, ਪਰ ਅਕਸਰ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਜੇ ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਚਾਹੁੰਦੇ ਹੋ ਅਤੇ ਆਪਣੇ ਮਾਪਿਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਅਗਲੀ ਵਾਰ ਲਈ ਗੱਲਬਾਤ ਕਰਨੀ ਹੋਰ ਜ਼ਿਆਦਾ ਮੁਸ਼ਕਲ ਬਣਾ ਲਓਗੇ। ਦੂਜੇ ਪਾਸੇ, ਜੇ ਤੁਸੀਂ ਖ਼ੁਸ਼ੀ-ਖ਼ੁਸ਼ੀ ਕਹਿਣਾ ਮੰਨ ਲੈਂਦੇ ਹੋ, ਤਾਂ ਉਨ੍ਹਾਂ ਲਈ ਤੁਹਾਨੂੰ ਹੋਰ ਆਜ਼ਾਦੀ ਦੇਣੀ ਜ਼ਿਆਦਾ ਸੌਖੀ ਹੋਵੇਗੀ।