ਉਪਦੇਸ਼ਕ ਦੀ ਕਿਤਾਬ 11:1-10

  • ਮੌਕੇ ਦਾ ਫ਼ਾਇਦਾ ਉਠਾ (1-8)

    • ਆਪਣੀ ਰੋਟੀ ਪਾਣੀਆਂ ਉੱਤੇ ਸੁੱਟ (1)

    • ਸਵੇਰ ਤੋਂ ਲੈ ਕੇ ਸ਼ਾਮ ਤਕ ਆਪਣਾ ਬੀ ਬੀਜ (6)

  • ਸਮਝਦਾਰੀ ਨਾਲ ਆਪਣੀ ਜਵਾਨੀ ਦਾ ਆਨੰਦ ਮਾਣ (9, 10)

11  ਆਪਣੀ ਰੋਟੀ ਪਾਣੀਆਂ ਉੱਤੇ ਸੁੱਟ+ ਅਤੇ ਬਹੁਤ ਦਿਨਾਂ ਬਾਅਦ ਇਹ ਤੈਨੂੰ ਦੁਬਾਰਾ ਮਿਲੇਗੀ।+  ਤੇਰੇ ਕੋਲ ਜੋ ਵੀ ਹੈ, ਉਸ ਦਾ ਕੁਝ ਹਿੱਸਾ ਸੱਤ-ਅੱਠ ਜਣਿਆਂ ਵਿਚ ਵੰਡ ਦੇ+ ਕਿਉਂਕਿ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਬਿਪਤਾ ਆਵੇਗੀ।  ਜੇ ਬੱਦਲ ਪਾਣੀ ਨਾਲ ਭਰੇ ਹਨ, ਤਾਂ ਇਹ ਮੀਂਹ ਬਣ ਕੇ ਧਰਤੀ ਉੱਤੇ ਵਰ੍ਹਨਗੇ। ਜੇ ਕੋਈ ਦਰਖ਼ਤ ਉੱਤਰ ਜਾਂ ਦੱਖਣ ਵੱਲ ਡਿਗਦਾ ਹੈ, ਤਾਂ ਇਹ ਜਿੱਥੇ ਡਿਗਦਾ ਹੈ, ਉੱਥੇ ਹੀ ਪਿਆ ਰਹੇਗਾ।  ਜਿਹੜਾ ਹਵਾ ਦਾ ਰੁਖ ਦੇਖਦਾ ਹੈ, ਉਹ ਬੀ ਨਹੀਂ ਬੀਜੇਗਾ ਅਤੇ ਜਿਹੜਾ ਬੱਦਲਾਂ ’ਤੇ ਨਜ਼ਰ ਰੱਖਦਾ ਹੈ, ਉਹ ਵਾਢੀ ਨਹੀਂ ਕਰੇਗਾ।+  ਠੀਕ ਜਿਵੇਂ ਤੂੰ ਨਹੀਂ ਜਾਣਦਾ ਕਿ ਇਕ ਗਰਭਵਤੀ ਔਰਤ ਦੇ ਬੱਚੇ ਦੀਆਂ ਹੱਡੀਆਂ ਵਿਚ ਜੀਵਨ-ਸ਼ਕਤੀ ਕਿਵੇਂ ਕੰਮ ਕਰਦੀ ਹੈ,+ ਉਵੇਂ ਤੂੰ ਸੱਚੇ ਪਰਮੇਸ਼ੁਰ ਦੇ ਕੰਮਾਂ ਨੂੰ ਨਹੀਂ ਜਾਣ ਸਕਦਾ ਜੋ ਸਭ ਕੁਝ ਕਰਦਾ ਹੈ।+  ਸਵੇਰ ਨੂੰ ਆਪਣਾ ਬੀ ਬੀਜ ਅਤੇ ਸ਼ਾਮ ਤਕ ਆਪਣਾ ਹੱਥ ਢਿੱਲਾ ਨਾ ਪੈਣ ਦੇ+ ਕਿਉਂਕਿ ਤੂੰ ਨਹੀਂ ਜਾਣਦਾ ਕਿ ਕਿਹੜਾ ਬੀ ਉੱਗੇਗਾ, ਸਵੇਰ ਵਾਲਾ ਜਾਂ ਸ਼ਾਮ ਵਾਲਾ ਜਾਂ ਫਿਰ ਦੋਵੇਂ ਉੱਗਣਗੇ।  ਰੌਸ਼ਨੀ ਚੰਗੀ ਲੱਗਦੀ ਹੈ ਅਤੇ ਇਹ ਕਿੰਨਾ ਵਧੀਆ ਹੈ ਕਿ ਅੱਖਾਂ ਸੂਰਜ ਦੀ ਰੌਸ਼ਨੀ ਦੇਖਦੀਆਂ ਹਨ!  ਜੇ ਕੋਈ ਇਨਸਾਨ ਲੰਬੀ ਜ਼ਿੰਦਗੀ ਜੀਉਂਦਾ ਹੈ, ਤਾਂ ਉਸ ਨੂੰ ਜ਼ਿੰਦਗੀ ਦੇ ਹਰ ਦਿਨ ਦਾ ਮਜ਼ਾ ਲੈਣਾ ਚਾਹੀਦਾ ਹੈ।+ ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਨੇਰੇ ਦੇ ਦਿਨ ਬਹੁਤ ਹੋਣਗੇ; ਆਉਣ ਵਾਲੇ ਦਿਨ ਵਿਅਰਥ ਹੋਣਗੇ।+  ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+ 10  ਇਸ ਲਈ ਆਪਣੇ ਦਿਲ ਵਿੱਚੋਂ ਦੁੱਖ ਦੇਣ ਵਾਲੀਆਂ ਗੱਲਾਂ ਕੱਢ ਦੇ ਅਤੇ ਆਪਣੇ ਸਰੀਰ ਨੂੰ ਨੁਕਸਾਨਦੇਹ ਕੰਮਾਂ ਤੋਂ ਬਚਾ ਕਿਉਂਕਿ ਅੱਲੜ੍ਹ ਉਮਰ ਅਤੇ ਜਵਾਨੀ ਦੋਵੇਂ ਵਿਅਰਥ ਹਨ।+

ਫੁਟਨੋਟ

ਜਾਂ, “ਲੇਖਾ ਲਵੇਗਾ।”