Skip to content

ਨੌਜਵਾਨ ਪੁੱਛਦੇ ਹਨ

ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?

ਕੀ ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਹੀ ਸਭ ਕੁਝ ਹੈ?

 18 ਸਾਲਾਂ ਦੀ ਈਲੇਨ ਦੱਸਦੀ ਹੈ: “ਜਦੋਂ ਮੈਂ ਦੇਖਿਆ ਕਿ ਮੇਰੇ ਨਾਲ ਸਕੂਲ ਵਿਚ ਪੜ੍ਹਨ ਵਾਲਿਆਂ ਦੇ ਸੋਸ਼ਲ ਮੀਡੀਆ ʼਤੇ ਸੈਂਕੜੇ ਹੀ ਫਾਲੌਅਰ ਹਨ, ਤਾਂ ਮੈਂ ਸੋਚਿਆ, ‘ਵਾਓ, ਇਹ ਤਾਂ ਇੰਟਰਨੈੱਟ ʼਤੇ ਛਾਏ ਹੋਏ ਹਨ!’ ਸੱਚ ਦੱਸਾਂ ਤਾਂ ਮੈਂ ਉਨ੍ਹਾਂ ਤੋਂ ਥੋੜ੍ਹਾ-ਬਹੁਤਾ ਸੜਦੀ ਸੀ।”

 ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਇੰਟਰਨੈੱਟ ʼਤੇ ਮਸ਼ਹੂਰ ਹੋਣ ਦੀ ਇੱਛਾ ʼਤੇ ਕਾਬੂ ਪਾਉਣ ਵਿਚ ਮਦਦ ਕਰੇਗਾ।

 ਇਸ ਵਿਚ ਕੀ ਖ਼ਤਰੇ ਹਨ?

 ਬਾਈਬਲ ਦੱਸਦੀ ਹੈ ਕਿ “ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ ਚੁਣਨਾ ਚਾਹੀਦਾ ਹੈ।” (ਕਹਾਉਤਾਂ 22:1) ਇਸ ਲਈ ਇਹ ਇੱਛਾ ਰੱਖਣੀ ਗ਼ਲਤ ਨਹੀਂ ਹੈ ਕਿ ਦੂਜਿਆਂ ਵਿਚ ਸਾਡਾ ਚੰਗਾ ਨਾਂ ਹੋਵੇ ਅਤੇ ਉਹ ਸਾਨੂੰ ਪਸੰਦ ਕਰਨ।

 ਪਰ ਕਈ ਵਾਰ ਇਹ ਇੱਛਾ ਇੰਨੀ ਵਧ ਜਾਂਦੀ ਹੈ ਕਿ ਤੁਹਾਡੇ ʼਤੇ ਮਸ਼ਹੂਰ ਹੋਣ ਦਾ ਜਨੂਨ ਸਵਾਰ ਹੋ ਜਾਂਦਾ ਹੈ। ਕੀ ਇੱਦਾਂ ਕਰਨ ਵਿਚ ਕੋਈ ਖ਼ਤਰਾ ਹੋ ਸਕਦਾ ਹੈ? 16 ਸਾਲਾਂ ਦੀ ਓਨਾਇਆ ਇਸ ਗੱਲ ਨਾਲ ਸਹਿਮਤ ਹੈ। ਉਹ ਦੱਸਦੀ ਹੈ:

 “ਮੈਂ ਦੇਖਿਆ ਹੈ ਕਿ ਲੋਕ ਮਸ਼ਹੂਰ ਹੋਣ ਵਾਸਤੇ ਅਜੀਬੋ-ਗ਼ਰੀਬ ਕੰਮ ਕਰਦੇ ਹਨ। ਮੇਰੇ ਸਕੂਲ ਦੇ ਕੁਝ ਬੱਚਿਆਂ ਨੇ ਤਾਂ ਸਕੂਲ ਦੀ ਦੋ ਮੰਜ਼ਲਾ ਇਮਾਰਤ ਤੋਂ ਛਲਾਂਗ ਮਾਰੀ ਤਾਂਕਿ ਉਹ ਮਸ਼ਹੂਰ ਹੋ ਸਕਣ।”

 ਕੁਝ ਲੋਕ ਆਪਣੇ ਦੋਸਤਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੂਰਖਤਾ ਭਰੇ ਸਟੰਟ ਕਰਦਿਆਂ ਆਪਣੀਆਂ ਵੀਡੀਓਜ਼ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਆਨ-ਲਾਈਨ ਪੋਸਟ ਕਰਦੇ ਹਨ। ਉਦਾਹਰਣ ਲਈ, ਕੁਝ ਨੌਜਵਾਨ ਤਾਂ ਕੱਪੜੇ ਧੌਣ ਵਾਲਾ ਸਰਫ਼ ਖਾਂਦਿਆਂ ਆਪਣੀਆਂ ਵੀਡੀਓਜ਼ ਬਣਾਉਂਦੇ ਹਨ ਜੋ ਕਿ ਬਹੁਤ ਖ਼ਤਰਨਾਕ ਹੈ। ਪਰ ਕੋਈ ਵੀ ਆਮ ਇਨਸਾਨ ਇੱਦਾਂ ਦਾ ਕੰਮ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ!

 ਬਾਈਬਲ ਕਹਿੰਦੀ ਹੈ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ।”​—ਫ਼ਿਲਿੱਪੀਆਂ 2:3, ਪਵਿੱਤਰ ਬਾਈਬਲ।

 ਜ਼ਰਾ ਸੋਚੋ:

  •   ਤੁਹਾਡੇ ਲਈ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਕਿੰਨੇ ਜ਼ਰੂਰੀ ਹਨ?

  •   ਕੀ ਤੁਸੀਂ ਆਪਣੇ ਦੋਸਤਾਂ ਵਿਚ ਮਸ਼ਹੂਰ ਹੋਣ ਅਤੇ ਵਾਹ-ਵਾਹ ਖੱਟਣ ਲਈ ਆਪਣੀ ਸਿਹਤ ਜਾਂ ਜਾਨ ਖ਼ਤਰੇ ਵਿਚ ਪਾਓਗੇ?

 ਮਸ਼ਹੂਰ ਹੋਣ ਦਾ ਦਿਖਾਵਾ ਕਰਨਾ”

 ਲੋਕ ਮਸ਼ਹੂਰ ਹੋਣ ਲਈ ਹਮੇਸ਼ਾ ਖ਼ਤਰਨਾਕ ਕੰਮ ਹੀ ਨਹੀਂ ਕਰਦੇ। 22 ਸਾਲਾਂ ਦੀ ਐਰਿਕਾ ਨੇ ਦੱਸਿਆ ਕਿ ਕੁਝ ਲੋਕ ਮਸ਼ਹੂਰ ਹੋਣ ਲਈ ਹੋਰ ਕਿਹੜੇ ਕੰਮ ਕਰਦੇ ਹਨ:

 “ਲੋਕ ਬਹੁਤ ਸਾਰੀਆਂ ਫੋਟੋਆਂ ਪਾ ਕੇ ਇਹ ਦਿਖਾਉਂਦੇ ਹਨ ਕਿ ਉਨ੍ਹਾਂ ਦੇ ਕਿੰਨੇ ਸਾਰੇ ਦੋਸਤ ਹਨ ਅਤੇ ਉਹ ਉਨ੍ਹਾਂ ਨਾਲ ਹਮੇਸ਼ਾ ਸਮਾਂ ਬਿਤਾਉਂਦੇ ਹਨ। ਇਸ ਨਾਲ ਦੂਜਿਆਂ ਨੂੰ ਲੱਗਦਾ ਹੈ ਕਿ ਉਹ ਬਹੁਤ ਮਸ਼ਹੂਰ ਹਨ।”

 15 ਸਾਲਾਂ ਦੀ ਕਾਰਾ ਕਹਿੰਦੀ ਹੈ ਕਿ ਕੁਝ ਲੋਕ ਬੇਈਮਾਨੀ ਕਰਦੇ ਹਨ ਅਤੇ ਝੂਠ ਬੋਲਦੇ ਹਨ ਤਾਂਕਿ ਉਹ ਦਿਖਾ ਸਕਣ ਕਿ ਉਹ ਬਹੁਤ ਮਸ਼ਹੂਰ ਹਨ:

 “ਮੈਂ ਕਈ ਲੋਕਾਂ ਦੀਆਂ ਫੋਟੋਆਂ ਦੇਖੀਆਂ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਉਹ ਕਿਤੇ ਪਾਰਟੀ ʼਤੇ ਗਏ ਹੋਏ ਹਨ, ਪਰ ਅਸਲ ਵਿਚ ਉਹ ਆਪਣੇ ਘਰ ਵਿਚ ਹੀ ਹੁੰਦੇ ਹਨ।”

 22 ਸਾਲਾਂ ਦਾ ਮੈਥਿਊ ਮੰਨਦਾ ਹੈ ਕਿ ਉਸ ਨੇ ਵੀ ਕੁਝ ਇੱਦਾਂ ਦਾ ਹੀ ਕੀਤਾ ਸੀ:

 “ਮੈਂ ਇਕ ਫੋਟੋ ਪੋਸਟ ਕੀਤੀ ਤੇ ਕੰਮੈਂਟ ਵਿਚ ਲਿਖਿਆ ਕਿ ਇਹ ਮਾਊਂਟ ਐਵਰੇਸਟ ਹੈ, ਜਦ ਕਿ ਮੈਂ ਏਸ਼ੀਆ ਕਦੇ ਗਿਆ ਹੀ ਨਹੀਂ।”

 ਬਾਈਬਲ ਕਹਿੰਦੀ ਹੈ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”​—ਇਬਰਾਨੀਆਂ 13:18.

 ਜ਼ਰਾ ਸੋਚੋ:

  •   ਕੀ ਤੁਸੀਂ ਮਸ਼ਹੂਰ ਹੋਣ ਲਈ ਕਦੇ ਕੋਈ ਅਜਿਹੀ ਫੋਟੋ, ਵੀਡੀਓ ਜਾਂ ਕੰਮੈਂਟ ਪੋਸਟ ਕੀਤਾ ਹੈ ਜੋ ਸੱਚ ਨਹੀਂ ਸੀ?

  •   ਕੀ ਤੁਹਾਡੇ ਵੱਲੋਂ ਪੋਸਟ ਕੀਤੀਆਂ ਫੋਟੋਆਂ ਤੇ ਕੰਮੈਟਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਅਸਲ ਵਿਚ ਕੌਣ ਹੋ ਅਤੇ ਤੁਸੀਂ ਕੀ ਮੰਨਦੇ ਹੋ?

 ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਕਿੰਨੇ ਜ਼ਰੂਰੀ ਹਨ?

 ਬਹੁਤ ਸਾਰੇ ਲੋਕ ਮੰਨਦੇ ਹਨ ਕਿ ਆਨ-ਲਾਈਨ ਮਸ਼ਹੂਰ ਹੋਣ ਲਈ ਬਹੁਤ ਜ਼ਿਆਦਾ ਫਾਲੌਅਰ ਹੋਣੇ ਅਤੇ ਲਾਈਕਸ ਮਿਲਣੇ ਜ਼ਰੂਰੀ ਹਨ। ਮੈਥਿਊ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਮੰਨਦਾ ਹੈ ਕਿ ਉਸ ਨੂੰ ਵੀ ਇੱਦਾਂ ਹੀ ਲੱਗਦਾ ਸੀ:

 “ਮੈਂ ਦੂਜਿਆਂ ਨੂੰ ਪੁੱਛਦਾ ਸੀ, ‘ਤੁਹਾਡੇ ਕਿੰਨੇ ਫਾਲੌਅਰ ਹਨ?’ ਜਾਂ ‘ਤੁਹਾਡੀ ਕਿਹੜੀ ਪੋਸਟ ʼਤੇ ਸਭ ਤੋਂ ਵੱਧ ਲਾਈਕਸ ਮਿਲੇ ਹਨ?’ ਆਪਣੇ ਫਾਲੌਅਰ ਵਧਾਉਣ ਲਈ ਮੈਂ ਕਿਸੇ ਵੀ ਐਰੇ-ਗ਼ੈਰੇ ਨੂੰ ਫਾਲੌ ਕਰਨ ਲੱਗ ਪੈਂਦਾ ਸੀ ਤੇ ਸੋਚਦਾ ਸੀ ਕਿ ਉਹ ਵੀ ਮੈਨੂੰ ਫਾਲੌ ਕਰਨ। ਮੇਰੇ ਅੰਦਰ ਮਸ਼ਹੂਰ ਹੋਣ ਦਾ ਜਨੂਨ ਸਵਾਰ ਹੋ ਗਿਆ ਸੀ ਅਤੇ ਸੋਸ਼ਲ ਮੀਡੀਆ ਨੇ ਇਸ ਨੂੰ ਹੋਰ ਹਵਾ ਦਿੱਤੀ।”

ਬਹੁਤ ਸਾਰੇ ਫਾਲੌਅਰ ਹੋਣੇ ਅਤੇ ਲਾਈਕਸ ਮਿਲਣ ਦਾ ਜਨੂਨ ਕਾਫ਼ੀ ਸਾਰੀਆਂ ਮਿੱਠੀਆਂ ਚੀਜ਼ਾਂ ਖਾਣ ਵਾਂਗ ਹੈ। ਸ਼ੁਰੂ-ਸ਼ੁਰੂ ਵਿਚ ਤਾਂ ਇਹ ਬਹੁਤ ਮਜ਼ੇਦਾਰ ਲੱਗਦੀਆਂ ਹਨ, ਪਰ ਇਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ

 25 ਸਾਲਾਂ ਦੀ ਮਾਰੀਆ ਦੱਸਦੀ ਹੈ ਕਿ ਕੁਝ ਲੋਕ ਆਪਣੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਉਂਦੇ ਹਨ ਕਿ ਉਨ੍ਹਾਂ ਦੇ ਕਿੰਨੇ ਜ਼ਿਆਦਾ ਫਾਲੌਅਰ ਹਨ ਅਤੇ ਉਨ੍ਹਾਂ ਨੂੰ ਕਿੰਨੇ ਜ਼ਿਆਦਾ ਲਾਈਕਸ ਮਿਲਦੇ ਹਨ:

 “ਜੇ ਕਿਸੇ ਕੁੜੀ ਦੀ ਸੈਲਫ਼ੀ ਨੂੰ ਜ਼ਿਆਦਾ ਲਾਈਕਸ ਨਹੀਂ ਮਿਲਦੇ, ਤਾਂ ਉਹ ਸੋਚਣ ਲੱਗ ਪੈਂਦੀ ਹੈ ਕਿ ਉਹ ਬਦਸੂਰਤ ਹੈ। ਅਸਲ ਵਿਚ ਇੱਦਾਂ ਸੋਚਣਾ ਗ਼ਲਤ ਹੈ। ਪਰ ਇਸ ਹਾਲਾਤ ਵਿਚ ਬਹੁਤ ਸਾਰੇ ਲੋਕ ਇੱਦਾਂ ਹੀ ਸੋਚਦੇ ਹਨ। ਸੱਚਾਈ ਤਾਂ ਇਹ ਹੈ ਕਿ ਇੱਦਾਂ ਕਰਕੇ ਉਹ ਆਪਣੇ ਆਪ ਨੂੰ ਹੀ ਤਕਲੀਫ਼ ਦੇ ਰਹੇ ਹੁੰਦੇ ਹਨ।”

 ਬਾਈਬਲ ਕਹਿੰਦੀ ਹੈ: “ਆਓ ਆਪਾਂ ਨਾ ਹੀ ਹੰਕਾਰ ਕਰੀਏ, ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।”​—ਗਲਾਤੀਆਂ 5:26.

 ਜ਼ਰਾ ਸੋਚੋ:

  •   ਕੀ ਸੋਸ਼ਲ ਮੀਡੀਆ ਕਰਕੇ ਤੁਸੀਂ ਆਪਣੀ ਤੁਲਨਾ ਦੂਜਿਆਂ ਨਾਲ ਤਾਂ ਨਹੀਂ ਕਰਨ ਲੱਗ ਪਏ?

  •   ਤੁਸੀਂ ਕਿਸ ਗੱਲ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੋ, ਇਸ ਨੂੰ ਕਿ ਤੁਹਾਡੇ ਬਹੁਤ ਜ਼ਿਆਦਾ ਫਾਲੌਅਰ ਹੋਣ ਜਾਂ ਕਿ ਤੁਹਾਡੇ ਸੱਚੇ ਦੋਸਤ ਹੋਣ ਜੋ ਤੁਹਾਡੀ ਦਿਲੋਂ ਪਰਵਾਹ ਕਰਦੇ ਹੋਣ?