Skip to content

ਨੌਜਵਾਨ ਪੁੱਛਦੇ ਹਨ

ਆਨ-ਲਾਈਨ ʼਤੇ ਫੋਟੋਆਂ ਪਾਉਣ ਬਾਰੇ ਮੈਨੂੰ ਕੀ ਪਤਾ ਹੋਣਾ ਚਾਹੀਦਾ?

ਆਨ-ਲਾਈਨ ʼਤੇ ਫੋਟੋਆਂ ਪਾਉਣ ਬਾਰੇ ਮੈਨੂੰ ਕੀ ਪਤਾ ਹੋਣਾ ਚਾਹੀਦਾ?

 ਤੁਹਾਨੂੰ ਛੁੱਟੀਆਂ ʼਤੇ ਬਹੁਤ ਮਜ਼ਾ ਆ ਰਿਹਾ ਹੈ ਤੇ ਤੁਸੀਂ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਹੋ! ਪਰ ਕਿਵੇਂ? ਕੀ ਤੁਸੀਂ

 1.   ਆਪਣੇ ਹਰ ਦੋਸਤ ਨੂੰ ਪੋਸਟ ਕਾਰਡ ਜਾਂ ਚਿੱਠੀ ਭੇਜੋਗੇ?

 2.   ਉਨ੍ਹਾਂ ਸਾਰਿਆਂ ਨੂੰ ਈ-ਮੇਲ ਕਰੋਗੇ?

 3.   ਆਨ-ਲਾਈਨ ਫੋਟੋਆਂ ਪਾਓਗੇ?

 ਜਦੋਂ ਤੁਹਾਡੇ ਮਾਪੇ ਤੁਹਾਡੀ ਉਮਰ ਦੇ ਸੀ, ਤਾਂ ਉਹ ਸ਼ਾਇਦ ਪੋਸਟ ਕਾਰਡ ਜਾਂ ਚਿੱਠੀਆਂ ਭੇਜਦੇ ਸੀ।

 ਕੁਝ ਸਾਲ ਪਹਿਲਾਂ ਤੁਸੀਂ ਸ਼ਾਇਦ ਈ-ਮੇਲ ਕਰਦੇ ਹੁੰਦੇ ਸੀ।

 ਅੱਜ ਜ਼ਿਆਦਾਤਰ ਨੌਜਵਾਨ ਆਨ-ਲਾਈਨ ਫੋਟੋਆਂ ਪਾਉਂਦੇ ਹਨ। ਕੀ ਤੁਸੀਂ ਵੀ ਇੱਦਾਂ ਹੀ ਕਰਦੇ ਹੋ? ਜੇ ਹਾਂ, ਤਾਂ ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਕੁਝ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ।

 ਇਸ ਦੇ ਕੀ ਫ਼ਾਇਦੇ ਹਨ?

 ਫੋਟੋਆਂ ਫਟਾਫਟ ਪਾ ਸਕਦੇ ਹਾਂ। “ਜਦੋਂ ਮੈਂ ਆਪਣੇ ਦੋਸਤਾਂ ਨਾਲ ਕਿਤੇ ਘੁੰਮਣ ਜਾਂਦੀ ਹਾਂ ਜਾਂ ਉਨ੍ਹਾਂ ਨਾਲ ਮੌਜ-ਮਸਤੀ ਕਰਦੀ ਹਾਂ, ਤਾਂ ਮੈਂ ਖ਼ੁਸ਼ੀ-ਖ਼ੁਸ਼ੀ ਆਪਣੀਆਂ ਫੋਟੋਆਂ ਛੇਤੀ ਹੀ ਆਨ-ਲਾਈਨ ਪਾ ਸਕਦੀ ਹਾਂ।—ਮੈਲੀਨੀ।

 ਫੋਟੋਆਂ ਦੇਖਣੀਆਂ ਬਹੁਤ ਆਸਾਨ ਹਨ। “ਦੋਸਤਾਂ ਦੀਆਂ ਆਨ-ਲਾਈਨ ਫੋਟੋਆਂ ਦੇਖਣੀਆਂ ਬਹੁਤ ਆਸਾਨ ਹਨ ਜਦ ਕਿ ਈ-ਮੇਲ ਰਾਹੀਂ ਇਹ ਜਾਣਨਾ ਔਖਾ ਹੁੰਦਾ ਕਿ ਉਹ ਕੀ ਕਰ ਰਹੇ ਹਨ।”—ਜੋਰਡਨ।

 ਤੁਸੀਂ ਦੂਜਿਆਂ ਨਾਲ ਜੁੜੇ ਰਹਿੰਦੇ ਹੋ। “ਮੇਰੇ ਪਰਿਵਾਰ ਦੇ ਮੈਂਬਰ ਤੇ ਕੁਝ ਦੋਸਤ ਮੇਰੇ ਤੋਂ ਬਹੁਤ ਦੂਰ ਰਹਿੰਦੇ ਹਨ। ਉਹ ਫੋਟੋਆਂ ਪਾਉਂਦੇ ਰਹਿੰਦੇ ਹਨ ਤੇ ਮੈਂ ਅਕਸਰ ਦੇਖਦੀ ਰਹਿੰਦੀ ਹਾਂ। ਮੈਨੂੰ ਇੱਦਾਂ ਲੱਗਦਾ ਜਿਵੇਂ ਮੈਂ ਉਨ੍ਹਾਂ ਨੂੰ ਹਰ ਰੋਜ਼ ਦੇਖਦੀ ਹਾਂ।”—ਕੈਰਨ।

 ਇਸ ਵਿਚ ਕੀ ਖ਼ਤਰੇ ਹਨ?

 ਤੁਸੀਂ ਖ਼ੁਦ ਨੂੰ ਖ਼ਤਰੇ ਵਿਚ ਪਾ ਸਕਦੇ ਹੋ। ਜੇ ਤੁਹਾਡੇ ਕੈਮਰੇ ਵਿਚ ਜੀਓਟੈਗਿੰਗ ਹੈ, ਤਾਂ ਤੁਹਾਡੇ ਵੱਲੋਂ ਪਾਈਆਂ ਗਈਆਂ ਫੋਟੋਆਂ ਉਹ ਜਾਣਕਾਰੀ ਵੀ ਦੱਸ ਸਕਦੀਆਂ ਹਨ ਜੋ ਤੁਸੀਂ ਨਹੀਂ ਦੱਸਣੀ ਚਾਹੁੰਦੇ। ਡਿਜੀਟਲ ਟਰੈਂਡਸ ਵੈੱਬਸਾਈਟ ਕਹਿੰਦੀ ਹੈ: “ਆਨ-ਲਾਈਨ ਅਜਿਹੀਆਂ ਫੋਟੋਆਂ ਜਾਂ ਵੀਡੀਓ ਵਗੈਰਾ ਪਾਉਣੀਆਂ ਖ਼ਤਰਨਾਕ ਹੋ ਸਕਦੀਆਂ ਹਨ ਜਿਸ ਵਿਚ ਤੁਹਾਡੀ ਲੋਕੇਸ਼ਨ ਦੀ ਜਾਣਕਾਰੀ ਹੁੰਦੀ ਹੈ। ਇਸ ਜਾਣਕਾਰੀ ਨਾਲ ਕੁਝ ਬੁਰੇ ਇਰਾਦੇ ਵਾਲੇ ਵਿਅਕਤੀ ਟਰੈਕਿੰਗ ਸਾਫਟਵੇਅਰ ਦੀ ਮਦਦ ਨਾਲ ਇਹ ਪਤਾ ਲਗਾ ਸਕਦੇ ਹਨ ਕਿ ਇਕ ਵਿਅਕਤੀ ਕਿੱਥੇ ਹੈ।”

 ਇਹ ਸੱਚ ਹੈ ਕਿ ਕੁਝ ਅਪਰਾਧੀਆਂ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਹੁੰਦੀ ਹੈ ਕਿ ਤੁਸੀਂ ਕਿੱਥੇ ਨਹੀਂ ਹੋ। ਡਿਜੀਟਲ ਟਰੈਂਡਸ ਦੀ ਇਕ ਰਿਪੋਰਟ ਮੁਤਾਬਕ ਇਕ ਵਾਰ ਤਿੰਨ ਚੋਰਾਂ ਨੇ 18 ਘਰਾਂ ਵਿਚ ਉਸ ਵੇਲੇ ਚੋਰੀ ਕੀਤੀ ਜਦੋਂ ਘਰ ਵਿਚ ਕੋਈ ਨਹੀਂ ਸੀ। ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਉਸ ਵੇਲੇ ਘਰ ਕੋਈ ਨਹੀਂ ਹੋਵੇਗਾ? ਉਨ੍ਹਾਂ ਨੇ ਸਾਈਬਰਕੇਸਿੰਗ ਨਾਂ ਦੀ ਇਕ ਤਕਨੀਕ ਨਾਲ ਆਨ-ਲਾਈਨ ਜਾ ਕੇ ਉਨ੍ਹਾਂ ਘਰਾਂ ਵਿਚ ਰਹਿਣ ਵਾਲਿਆਂ ʼਤੇ ਨਜ਼ਰ ਰੱਖੀ ਕਿ ਉਹ ਕਦੋਂ ਆਉਂਦੇ ਤੇ ਕਦੋਂ ਜਾਂਦੇ ਹਨ। ਇੱਦਾਂ ਕਰ ਕੇ ਉਨ੍ਹਾਂ ਚੋਰਾਂ ਨੇ 1,00,000 ਅਮਰੀਕੀ ਡਾਲਰਾਂ ਦੀਆਂ ਚੀਜ਼ਾਂ ਚੁਰਾਈਆਂ।

 ਤੁਸੀਂ ਉਹ ਚੀਜ਼ਾਂ ਦੇਖ ਸਕਦੇ ਹੋ ਜੋ ਸ਼ਾਇਦ ਤੁਹਾਨੂੰ ਨਹੀਂ ਦੇਖਣੀਆਂ ਚਾਹੀਦੀਆਂ। ਕੁਝ ਲੋਕ ਬਿਨਾਂ ਝਿਜਕੇ ਸਾਰੀ ਦੁਨੀਆਂ ਸਾਮ੍ਹਣੇ ਆਨ-ਲਾਈਨ ਕੁਝ ਵੀ ਪਾ ਦਿੰਦੇ ਹਨ। ਸੇਰਾਹ ਨਾਂ ਦੀ ਇਕ ਨੌਜਵਾਨ ਕੁੜੀ ਕਹਿੰਦੀ ਹੈ: “ਮੁਸ਼ਕਲ ਉਸ ਵੇਲੇ ਖੜ੍ਹੀ ਹੁੰਦੀ ਜਦੋਂ ਤੁਹਾਡੇ ਸਾਮ੍ਹਣੇ ਉਨ੍ਹਾਂ ਲੋਕਾਂ ਦੇ ਵੀ ਅਕਾਊਂਟ ਆ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਇਹ ਕਿਸੇ ਅਣਜਾਣ ਸ਼ਹਿਰ ਵਿਚ ਬਿਨਾਂ ਨਕਸ਼ੇ ਦੇ ਘੁੰਮਣ ਵਾਂਗ ਹੈ। ਅਸੀਂ ਕਿਸੇ ਇੱਦਾਂ ਦੀ ਜਗ੍ਹਾ ʼਤੇ ਪਹੁੰਚ ਸਕਦੇ ਹਾਂ ਜਿੱਥੇ ਖ਼ਤਰਾ ਹੈ।”

 ਤੁਹਾਡਾ ਸਮਾਂ ਬਰਬਾਦ ਹੋ ਸਕਦਾ ਹੈ। ਯੋਲੈਂਡਾ ਨਾਂ ਦੀ ਇਕ ਨੌਜਵਾਨ ਕਹਿੰਦੀ ਹੈ: “ਸਾਨੂੰ ਦੂਜਿਆਂ ਦੀਆਂ ਨਵੀਆਂ-ਨਵੀਆਂ ਫੋਟੋਆਂ ਦੇਖਣ ਤੇ ਉਨ੍ਹਾਂ ਦੀਆਂ ਟਿੱਪਣੀਆਂ ਪੜ੍ਹਨ ਦੀ ਲਤ ਲੱਗ ਸਕਦੀ ਹੈ। ਇਹ ਲਤ ਇੰਨੀ ਵਧ ਸਕਦੀ ਹੈ ਕਿ ਸ਼ਾਇਦ ਤੁਸੀਂ ਕੁਝ ਸਕਿੰਟਾਂ ਬਾਅਦ ਆਪਣਾ ਫ਼ੋਨ ਕੱਢ ਕੇ ਇਹ ਦੇਖੋ ਕਿ ਕਿਤੇ ਕਿਸੇ ਨੇ ਕੋਈ ਨਵੀਂ ਚੀਜ਼ ਤਾਂ ਨਹੀਂ ਪਾਈ।”

ਜੇ ਤੁਹਾਡਾ ਫੋਟੋ ਸ਼ੇਅਰਿੰਗ ਅਕਾਊਂਟ ਹੈ, ਤਾਂ ਤੁਹਾਨੂੰ ਆਪਣੇ ਆਪ ʼਤੇ ਕਾਬੂ ਰੱਖਣਾ ਚਾਹੀਦਾ

 ਸਮੈਂਥਾ ਨਾਂ ਦੀ ਅੱਲ੍ਹੜ ਉਮਰ ਦੀ ਨੌਜਵਾਨ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦੀ ਹੈ: “ਮੈਨੂੰ ਇਹ ਤੈਅ ਕਰਨਾ ਪੈਂਦਾ ਕਿ ਮੈਂ ਇਨ੍ਹਾਂ ਵੈੱਬ-ਸਾਈਟਾਂ ਨੂੰ ਕਿੰਨੀ ਕੁ ਦੇਰ ਦੇਖਾਂਗੀ। ਜੇ ਅਸੀਂ ਫੋਟੋ-ਸ਼ੇਅਰਿੰਗ ਅਕਾਊਂਟ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਆਪ ʼਤੇ ਕਾਬੂ ਪਾਉਣ ਦੀ ਲੋੜ ਹੈ।”

 ਤੁਸੀਂ ਕੀ ਕਰ ਸਕਦੇ ਹੋ?

 •   ਪੱਕਾ ਇਰਾਦਾ ਕਰੋ ਕਿ ਤੁਸੀਂ ਨਾ ਤਾਂ ਕੋਈ ਗ਼ਲਤ ਫੋਟੋ ਦੇਖੋਗੇ ਤੇ ਨਾ ਹੀ ਕੋਈ ਗ਼ਲਤ ਜਾਣਕਾਰੀ ਪੜ੍ਹੋਗੇ। ਬਾਈਬਲ ਕਹਿੰਦੀ ਹੈ: “ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ।”—ਜ਼ਬੂਰ 101:3.

   “ਮੈਂ ਲਗਾਤਾਰ ਉਨ੍ਹਾਂ ਲੋਕਾਂ ਦੇ ਪੋਸਟ ਦੇਖਦਾ ਰਹਿੰਦਾ ਹਾਂ ਜਿਨ੍ਹਾਂ ਨੂੰ ਮੈਂ ਫੌਲੋ ਕਰਦਾ ਹਾਂ। ਪਰ ਜੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਕੁਝ ਗ਼ਲਤ ਪੋਸਟ ਕੀਤਾ ਹੈ, ਤਾਂ ਮੈਂ ਉਨ੍ਹਾਂ ਨੂੰ ਫੌਲੋ ਕਰਨਾ ਬੰਦ ਕਰ ਦਿੰਦਾ ਹਾਂ।”—ਸਟੀਵਨ।

 •   ਅਜਿਹੇ ਲੋਕਾਂ ਨਾਲ ਕੋਈ ਵਾਸਤਾ ਨਾ ਰੱਖੋ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਤੁਹਾਡੇ ਵਰਗੀਆਂ ਨਹੀਂ ਹਨ ਕਿਉਂਕਿ ਉਹ ਨੇਕ ਚਾਲ-ਚਲਣ ਰੱਖਣ ਦੇ ਤੁਹਾਡੇ ਇਰਾਦੇ ਨੂੰ ਕਮਜ਼ੋਰ ਕਰ ਸਕਦੇ ਹਨ। ਬਾਈਬਲ ਕਹਿੰਦੀ ਹੈ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”—1 ਕੁਰਿੰਥੀਆਂ 15:33.

   “ਆਨ-ਲਾਈਨ ਫੋਟੋਆਂ ਸਿਰਫ਼ ਇਸ ਕਰਕੇ ਨਾ ਦੇਖੋ ਕਿਉਂਕਿ ਲੋਕ ਇਸ ਤਰ੍ਹਾਂ ਕਰਦੇ ਹਨ। ਲੋਕ ਅਕਸਰ ਗੰਦੀਆਂ ਗੱਲਾਂ, ਨੰਗੇ ਲੋਕਾਂ ਦੀਆਂ ਤਸਵੀਰਾਂ ਅਤੇ ਘਟੀਆਂ ਗੱਲਾਂ ਪਾ ਦਿੰਦੇ ਹਨ।”—ਜੈਸਿਕਾ।

 •   ਤੈਅ ਕਰੋ ਕਿ ਤੁਸੀਂ ਕਿੰਨੀ ਦੇਰ ਤਕ ਫੋਟੋਆਂ ਦੇਖੋਗੇ ਤੇ ਖ਼ੁਦ ਕਿੰਨੀ ਵਾਰ ਪੋਸਟ ਕਰੋਗੇ। ਬਾਈਬਲ ਕਹਿੰਦੀ ਹੈ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”—ਅਫ਼ਸੀਆਂ 5:15, 16.

   ਮੈਂ ਉਨ੍ਹਾਂ ਨੂੰ ਫੌਲੋ ਕਰਨਾ ਬੰਦ ਕਰ ਦਿੱਤਾ ਹੈ ਜੋ ਕੁਝ-ਨ-ਕੁਝ ਪੋਸਟ ਕਰਦੇ ਰਹਿੰਦੇ ਹਨ। ਮਿਸਾਲ ਲਈ, ਕੋਈ ਸਮੁੰਦਰ ਕਿਨਾਰੇ ਜਾਂਦਾ ਹੈ ਤੇ ਇੱਕੋ ਘੋਗੇ ਦੀਆਂ 20 ਫੋਟੋਆਂ ਪਾ ਦਿੰਦਾ ਹੈ। ਇਹੀ ਵੀ ਕੋਈ ਗੱਲ ਬਣੀ? ਇੰਨੀਆਂ ਸਾਰੀਆਂ ਫੋਟੋਆਂ ਦੇਖਣ ਵਿਚ ਕਿੰਨਾ ਹੀ ਸਮਾਂ ਬਰਬਾਦ ਹੋ ਜਾਂਦਾ!”—ਰਬੈਕਾ।

 •   ਇਸ ਗੱਲ ਦਾ ਧਿਆਨ ਰੱਖੋ ਕਿ ਆਨ-ਲਾਈਨ ਪਾਈਆਂ ਫੋਟੋਆਂ ਤੋਂ ਇਹ ਨਾ ਲੱਗੇ ਕਿ ਬਸ ਇਸ ਦੁਨੀਆਂ ਵਿਚ ਸਿਰਫ਼ ਤੁਸੀਂ ਹੀ ਹੋ। ਬਾਈਬਲ ਦੇ ਲਿਖਾਰੀ ਪੌਲੁਸ ਨੇ ਲਿਖਿਆ: “ਮੈਂ . . . ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ।” (ਰੋਮੀਆਂ 12:3) ਇਹ ਨਾ ਸੋਚੋ ਕਿ ਤੁਹਾਡੇ ਦੋਸਤ ਬਸ ਤੁਹਾਡੀਆਂ ਹੀ ਫੋਟੋਆਂ ਦੇਖਣੀਆਂ ਚਾਹੁੰਦੇ ਹਨ।

   “ਕੁਝ ਲੋਕ ਸੇਲਫੀਆਂ ਪੋਸਟ ਕਰਦੇ ਰਹਿੰਦੇ ਹਨ। ਮੈਂ ਤੁਹਾਡੀ ਦੋਸਤ ਹਾਂ ਤੇ ਮੈਨੂੰ ਪਤਾ ਤੁਸੀਂ ਕਿੱਦਾਂ ਦੇ ਦਿਖਦੇ ਹੋ। ਮੈਨੂੰ ਵਾਰ-ਵਾਰ ਯਾਦ ਕਰਾਉਣ ਦੀ ਲੋੜ ਨਹੀਂ।”—ਐਲੀਸਨ।