Skip to content

ਨੌਜਵਾਨ ਪੁੱਛਦੇ ਹਨ

ਮੈਨੂੰ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?

ਮੈਨੂੰ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?
  • :-) ਸਮਝਦਾਰੀ ਨਾਲ ਮੈਸਿਜ ਕਰਨ ਕਰਕੇ ਅਸੀਂ ਦੋਸਤਾਂ ਨਾਲ ਜੁੜੇ ਰਹਿ ਸਕਦੇ ਹਾਂ।

  • :-( ਲਾਪਰਵਾਹੀ ਨਾਲ ਮੈਸਿਜ ਕਰਨ ਕਰਕੇ ਤੁਹਾਡੀ ਦੋਸਤੀ ਟੁੱਟ ਸਕਦੀ ਹੈ ਤੇ ਤੁਹਾਡੇ ਨਾਂ ʼਤੇ ਕਲੰਕ ਲੱਗ ਸਕਦਾ ਹੈ।

ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਹਾਨੂੰ ਹੇਠਾਂ ਲਿਖੀਆਂ ਗੱਲਾਂ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ

ਇਸ ਲੇਖ ਵਿਚ ਇਹ ਵੀ ਦੱਸਿਆ ਜਾਵੇਗਾ:

 ਤੁਸੀਂ ਕਿਸ ਨੂੰ ਮੈਸਿਜ ਭੇਜਦੇ ਹੋ?

 ਬਹੁਤ ਸਾਰੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਦੂਜਿਆਂ ਨਾਲ ਗੱਲਬਾਤ ਕਰਨ ਲਈ ਮੈਸਿਜ ਕਰਨਾ ਬਹੁਤ ਜ਼ਰੂਰੀ ਹੈ। ਮੈਸਿਜ ਰਾਹੀਂ ਤੁਸੀਂ ਉਨ੍ਹਾਂ ਸਾਰਿਆਂ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ਦੇ ਨੰਬਰ ਤੁਹਾਡੇ ਫ਼ੋਨ ਵਿਚ ਹਨ ਜਦੋਂ ਤਕ ਤੁਹਾਡੇ ਮਾਪਿਆਂ ਨੂੰ ਕੋਈ ਇਤਰਾਜ਼ ਨਾ ਹੋਵੇ।

 “ਮੇਰੇ ਡੈਡੀ ਨੂੰ ਵਧੀਆ ਨਹੀਂ ਲੱਗਦਾ ਜਦੋਂ ਮੈਂ ਤੇ ਮੇਰੀ ਭੈਣ ਮੁੰਡਿਆਂ ਨਾਲ ਗੱਲਾਂ ਕਰਦੀਆਂ ਹਾਂ। ਜੇ ਕਦੀ ਸਾਨੂੰ ਮੁੰਡਿਆਂ ਨਾਲ ਗੱਲ ਕਰਨੀ ਪੈਂਦੀ ਹੈ, ਤਾਂ ਸਾਨੂੰ ਲੈਂਡਲਾਈਨ ʼਤੇ, ਬੈਠਕ ਵਿਚ ਜਾਂ ਕਿਸੇ ਦੀ ਮੌਜੂਦਗੀ ਵਿਚ ਹੀ ਮੁੰਡਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਹੈ।”​—ਲਨੌਰ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਐਵੇਂ ਕਿਸੇ ਨੂੰ ਆਪਣਾ ਫ਼ੋਨ ਨੰਬਰ ਦੇਣ ਕਰਕੇ ਤੁਸੀਂ ਮੁਸੀਬਤ ਵਿਚ ਪੈ ਸਕਦੇ ਹੋ।

 “ਜੇ ਤੁਸੀਂ ਧਿਆਨ ਨਹੀਂ ਦਿੰਦੇ ਕਿ ਤੁਹਾਡਾ ਨੰਬਰ ਕਿਹਦੇ-ਕਿਹਦੇ ਕੋਲ ਹੈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਅਜਿਹੇ ਮੈਸਿਜ ਜਾਂ ਫੋਟੋਆਂ ਆਉਣ ਜੋ ਤੁਹਾਨੂੰ ਪਸੰਦ ਹੀ ਨਾ ਹੋਣ।”—ਸਕੌਟ।

 “ਜੇ ਇਕ ਮੁੰਡਾ-ਕੁੜੀ ਅਕਸਰ ਇਕ-ਦੂਜੇ ਨੂੰ ਮੈਸਿਜ ਭੇਜਦੇ ਰਹਿੰਦੇ ਹਨ, ਤਾਂ ਉਨ੍ਹਾਂ ਦੇ ਦਿਲ ਵਿਚ ਛੇਤੀ ਹੀ ਇਕ-ਦੂਜੇ ਲਈ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ।”​—ਸਟੀਵਨ।

 ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਥੋੜ੍ਹੀ-ਬਹੁਤੀ ਸਾਵਧਾਨੀ ਵਰਤ ਕੇ ਤੁਸੀਂ ਬਹੁਤ ਸਾਰੇ ਦੁੱਖਾਂ ਤੋਂ ਬਚ ਸਕਦੇ ਹੋ।

 ਸੱਚੀ ਕਹਾਣੀ: “ਮੇਰੀ ਇਕ ਮੁੰਡੇ ਨਾਲ ਦੋਸਤੀ ਸੀ ਅਤੇ ਅਸੀਂ ਦੋਵੇਂ ਇਕ-ਦੂਜੇ ਨੂੰ ਬਹੁਤ ਮੈਸਿਜ ਭੇਜਦੇ ਸੀ। ਮੈਨੂੰ ਲੱਗਦਾ ਸੀ ਕਿ ਅਸੀਂ ਸਿਰਫ਼ ਚੰਗੇ ਦੋਸਤ ਹਾਂ। ਮੈਨੂੰ ਉਦੋਂ ਤਕ ਇਸ ਵਿਚ ਕੋਈ ਖ਼ਰਾਬੀ ਨਹੀਂ ਲੱਗੀ ਜਦ ਤਕ ਉਸ ਮੁੰਡੇ ਨੇ ਮੈਨੂੰ ਦੱਸਿਆ ਨਹੀਂ ਕਿ ਉਹ ਦਿਲ ਹੀ ਦਿਲ ਵਿਚ ਮੇਰੇ ਨਾਲ ਪਿਆਰ ਕਰਨ ਲੱਗ ਪਿਆ ਸੀ। ਅੱਜ ਜਦੋਂ ਮੈਂ ਬੀਤੇ ਦਿਨਾਂ ਬਾਰੇ ਸੋਚਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਨੂੰ ਉਸ ਨਾਲ ਇੰਨਾ ਘੁੰਮਣਾ-ਫਿਰਨਾ ਅਤੇ ਇੰਨੇ ਮੈਸਿਜ ਨਹੀਂ ਭੇਜਣੇ ਚਾਹੀਦੇ ਸਨ।”—ਮਲਿੰਡਾ।

 ਜ਼ਰਾ ਸੋਚੋ: ਤੁਹਾਡੇ ਖ਼ਿਆਲ ਵਿਚ ਮਲਿੰਡਾ ਨੂੰ ਇਹ ਗੱਲ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਦੋਸਤੀ ʼਤੇ ਕੀ ਅਸਰ ਪਿਆ ਹੋਣਾ?

 ਕਹਾਣੀ ਦੁਬਾਰਾ ਲਿਖੋ! ਮਲਿੰਡਾ ਅਜਿਹਾ ਕੀ ਕਰ ਸਕਦੀ ਸੀ ਜਿਸ ਨਾਲ ਉਹ ਦੋਵੇਂ ਸਿਰਫ਼ ਚੰਗੇ ਦੋਸਤ ਰਹਿੰਦੇ?

 ਤੁਸੀਂ ਕੀ ਮੈਸਿਜ ਭੇਜਦੇ ਹੋ?

 ਮੈਸਿਜ ਭੇਜਣੇ ਕਿੰਨੇ ਸੌਖੇ ਹੁੰਦੇ ਹਨ ਅਤੇ ਮੈਸਿਜ ਮਿਲਣ ʼਤੇ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਸ਼ਾਇਦ ਲੋਕ ਸਾਡੇ ਮੈਸਿਜ ਦਾ ਗ਼ਲਤ ਮਤਲਬ ਕੱਢ ਲੈਣ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਮੈਸਿਜ ਦਾ ਗ਼ਲਤ ਮਤਲਬ ਵੀ ਕੱਢਿਆ ਜਾ ਸਕਦਾ ਹੈ।

 “ਮੈਸਿਜ ਰਾਹੀਂ ਤੁਸੀਂ ਭਾਵਨਾਵਾਂ ਅਤੇ ਲਹਿਜੇ ਨੂੰ ਨਹੀਂ ਸਮਝ ਸਕਦੇ, ਫਿਰ ਭਾਵੇਂ ਸਮਾਈਲੀਜ਼ ਜਾਂ ਹੋਰ ਸਟੀਕਰ ਹੀ ਕਿਉਂ ਨਾ ਵਰਤੇ ਗਏ ਹੋਣ। ਇਸ ਨਾਲ ਗ਼ਲਤਫ਼ਹਿਮੀਆਂ ਪੈਦਾ ਹੋ ਸਕਦੀਆਂ ਹਨ।”​—ਬ੍ਰੀਆਨਾ।

 “ਮੈਂ ਅਜਿਹੀਆਂ ਕੁੜੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਮੁੰਡਿਆਂ ਨੂੰ ਇੱਦਾਂ ਦੇ ਮੈਸਿਜ ਭੇਜੇ ਜਿਨ੍ਹਾਂ ਕਰਕੇ ਉਨ੍ਹਾਂ ਨੇ ਆਪਣਾ ਨਾਂ ਖ਼ਰਾਬ ਕਰ ਲਿਆ ਅਤੇ ਉਹ ਅੱਖ-ਮਟੱਕਾ ਕਰਨ ਵਾਲੀਆਂ ਮੰਨੀਆਂ ਜਾਂਦੀਆਂ ਹਨ।”​—ਲੌਰਾ।

 ਬਾਈਬਲ ਕਹਿੰਦੀ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” (ਕਹਾਉਤਾਂ 15:28) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਮੈਸਿਜ ਭੇਜਣ ਤੋਂ ਪਹਿਲਾਂ ਉਸ ਨੂੰ ਦੁਬਾਰਾ ਪੜ੍ਹੋ!

 ਤੁਸੀਂ ਕਦੋਂ ਮੈਸਿਜ ਭੇਜਦੇ ਹੋ?

 ਸਮਝ ਤੋਂ ਕੰਮ ਲੈਂਦਿਆਂ ਮੈਸਿਜ ਕਰਨ ਸੰਬੰਧੀ ਤੁਸੀਂ ਖ਼ੁਦ ਨਿਯਮ ਬਣਾ ਸਕਦੇ ਹੋ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ? ਜੇ ਤੁਸੀਂ ਮੈਸਿਜ ਭੇਜਦੇ ਸਮੇਂ ਆਪਣੇ ਆਲੇ-ਦੁਆਲੇ ਲੋਕਾਂ ਦਾ ਧਿਆਨ ਨਹੀਂ ਰੱਖਦੇ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਤੁਸੀਂ ਬਦਤਮੀਜ਼ ਹੋ ਅਤੇ ਤੁਹਾਡੇ ਨੇੜੇ ਆਉਣ ਦੀ ਬਜਾਇ ਉਹ ਤੁਹਾਡੇ ਤੋਂ ਦੂਰ ਭੱਜਣਗੇ।

 “ਮੈਸਿਜ ਕਰਨ ਸੰਬੰਧੀ ਅਸੀਂ ਸ਼ਾਇਦ ਕਈ ਜ਼ਰੂਰੀ ਗੱਲਾਂ ਨੂੰ ਸੌਖਿਆਂ ਹੀ ਭੁੱਲ ਜਾਈਏ। ਕਦੀ-ਕਦੀ ਮੈਂ ਕਿਸੇ ਨਾਲ ਗੱਲ ਕਰਦਿਆਂ ਜਾਂ ਸਾਰਿਆਂ ਨਾਲ ਬਹਿ ਕੇ ਰੋਟੀ ਖਾਂਦਿਆਂ ਮੈਸਿਜ ਕਰਦੀ ਰਹਿੰਦੀ ਹਾਂ।”​—ਐਲੀਸਨ।

 “ਗੱਡੀ ਚਲਾਉਂਦੇ ਵੇਲੇ ਮੈਸਿਜ ਭੇਜਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸੜਕ ਤੋਂ ਆਪਣੀਆਂ ਨਜ਼ਰਾਂ ਹਟਾ ਲੈਣ ਕਰਕੇ ਤੁਸੀਂ ਕਿਸੇ ਦੁਰਘਟਨਾ ਦੇ ਸ਼ਿਕਾਰ ਹੋ ਸਕਦੇ ਹੋ।”​—ਐਨ।

 ਬਾਈਬਲ ਕਹਿੰਦੀ ਹੈ: “ਹਰੇਕ ਕੰਮ ਦਾ ਇੱਕ ਸਮਾ ਹੈ, . . . ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:1, 7) ਇਹ ਗੱਲ ਬੋਲਣ ਦੇ ਨਾਲ-ਨਾਲ ਮੈਸਿਜ ਕਰਨ ʼਤੇ ਵੀ ਲਾਗੂ ਹੁੰਦੀ ਹੈ।

 ਮੈਸਿਜ ਕਰਨ ਲਈ ਸੁਝਾਅ

ਤੁਸੀਂ ਕਿਸ ਨੂੰ ਮੈਸਿਜ ਭੇਜਦੇ ਹੋ?

  •  ;-) ਆਪਣੇ ਮੰਮੀ-ਡੈਡੀ ਦੀਆਂ ਹਿਦਾਇਤਾਂ ਮੰਨੋ।​—ਕੁਲੁੱਸੀਆਂ 3:20.

  •  ;-) ਆਪਣਾ ਫ਼ੋਨ ਨੰਬਰ ਸਿਰਫ਼ ਗਿਣੇ-ਚੁਣੇ ਲੋਕਾਂ ਨੂੰ ਹੀ ਦਿਓ। ਅਦਬ ਨਾਲ ਆਪਣਾ ਫ਼ੋਨ ਨੰਬਰ ਜਾਂ ਕੋਈ ਹੋਰ ਨਿੱਜੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਕੇ ਤੁਸੀਂ ਆਪਣੇ ਅੰਦਰ ਉਹ ਹੁਨਰ ਪੈਦਾ ਕਰੋਗੇ ਜੋ ਵੱਡੇ ਹੋਣ ʼਤੇ ਤੁਹਾਡੇ ਕੰਮ ਆਵੇਗਾ।

  •  ;-) ਅੱਖ-ਮਟੱਕਾ ਕਰਨ ਵਾਲੇ ਮੈਸਿਜ ਭੇਜ ਕੇ ਹੱਦੋਂ ਵੱਧ ਆਪਣੀ ਜਾਣ-ਪਛਾਣ ਨਾ ਵਧਾਓ। ਜੇ ਅਜਿਹੇ ਮੈਸਿਜ ਕਾਰਨ ਪਿਆਰ-ਮੁਹੱਬਤ ਦੀਆਂ ਭਾਵਨਾਵਾਂ ਜਾਗ ਜਾਣ, ਤਾਂ ਤੁਹਾਡੇ ਹੱਥ ਸਿਰਫ਼ ਨਿਰਾਸ਼ਾ ਤੇ ਉਦਾਸੀ ਹੀ ਲੱਗੇਗੀ।

 “ਸੈੱਲ ਫ਼ੋਨ ਵਰਤਣ ਦੇ ਮਾਮਲੇ ਵਿਚ ਮੈਂ ਆਪਣੇ ਮੰਮੀ-ਡੈਡੀ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਇਆ ਹੈ। ਇਸ ਲਈ ਉਨ੍ਹਾਂ ਨੂੰ ਮੇਰੇ ʼਤੇ ਪੂਰਾ ਭਰੋਸਾ ਹੈ ਕਿ ਮੈਂ ਸਮਝਦਾਰੀ ਨਾਲ ਫ਼ੈਸਲਾ ਕਰਾਂਗੀ ਕਿ ਮੈਂ ਆਪਣੇ ਫ਼ੋਨ ਵਿਚ ਕਿਹਦਾ-ਕਿਹਦਾ ਨੰਬਰ ਰੱਖਾਂਗੀ।”—ਬ੍ਰੀਆਨਾ।

ਤੁਸੀਂ ਕੀ ਮੈਸਿਜ ਭੇਜਦੇ ਹੋ?

  •  ;-) ਆਪਣਾ ਮੈਸਿਜ ਲਿਖਣ ਤੋਂ ਪਹਿਲਾਂ ਖ਼ੁਦ ਨੂੰ ਪੁੱਛੋ, ‘ਕੀ ਇਹ ਗੱਲ ਮੈਸਿਜ ਰਾਹੀਂ ਦੱਸਣੀ ਸਹੀ ਹੋਵੇਗੀ?’ ਸ਼ਾਇਦ ਫ਼ੋਨ ʼਤੇ ਜਾਂ ਆਮ੍ਹੋ-ਸਾਮ੍ਹਣੇ ਗੱਲ ਕਰਨੀ ਸਹੀ ਹੋਵੇ।

  •  ;-) ਜੋ ਗੱਲ ਤੁਸੀਂ ਕਿਸੇ ਦੇ ਮੁਹਰੇ ਨਹੀਂ ਕਹਿ ਸਕਦੇ, ਉਹ ਮੈਸਿਜ ਰਾਹੀਂ ਵੀ ਨਾ ਕਹੋ। 23 ਸਾਲਾਂ ਦੀ ਸੇਰਾਹ ਕਹਿੰਦੀ ਹੈ, “ਜੋ ਗੱਲ ਬੋਲ ਕੇ ਨਹੀਂ ਕਹੀ ਜਾ ਸਕਦੀ, ਉਹ ਮੈਸਿਜ ਰਾਹੀਂ ਵੀ ਨਹੀਂ ਕਹਿਣੀ ਚਾਹੀਦੀ।”

 “ਜੇਕਰ ਕੋਈ ਤੁਹਾਨੂੰ ਗੰਦੀ ਤਸਵੀਰ ਭੇਜਦਾ ਹੈ, ਤਾਂ ਆਪਣੇ ਮੰਮੀ-ਡੈਡੀ ਨੂੰ ਦੱਸੋ। ਇਸ ਨਾਲ ਤੁਹਾਡੀ ਰਾਖੀ ਹੋਵੇਗੀ ਅਤੇ ਤੁਹਾਡੇ ਮੰਮੀ-ਡੈਡੀ ਦਾ ਤੁਹਾਡੇ ʼਤੇ ਭਰੋਸਾ ਵੀ ਵਧੇਗਾ।”​—ਸਿਰਵਨ।

ਤੁਸੀਂ ਕਦੋਂ ਮੈਸਿਜ ਭੇਜਦੇ ਹੋ?

  •  ;-) ਪਹਿਲਾਂ ਤੋਂ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਸਮੇਂ ਆਪਣਾ ਫ਼ੋਨ ਨਹੀਂ ਵਰਤੋਗੇ। ਓਲੀਵੀਆ ਨਾਂ ਦੀ ਕੁੜੀ ਕਹਿੰਦੀ ਹੈ, “ਰੋਟੀ ਖਾਣ ਅਤੇ ਪੜ੍ਹਦੇ ਵੇਲੇ ਮੈਂ ਆਪਣਾ ਫ਼ੋਨ ਆਪਣੇ ਕੋਲ ਨਹੀਂ ਰੱਖਦੀ। ਮੈਂ ਮੀਟਿੰਗ ਵੇਲੇ ਫ਼ੋਨ ਬੰਦ ਕਰ ਦਿੰਦੀ ਹਾਂ ਤਾਂਕਿ ਮੇਰਾ ਧਿਆਨ ਵਾਰ-ਵਾਰ ਉਸ ਵੱਲ ਨਾ ਜਾਵੇ।”

  •  ;-) ਦੂਜਿਆਂ ਦਾ ਵੀ ਖ਼ਿਆਲ ਰੱਖੋ। (ਫ਼ਿਲਿੱਪੀਆਂ 2:4) ਕਿਸੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਿਆਂ ਮੈਸਿਜ ਨਾ ਕਰੋ।

 “ਮੈਂ ਆਪਣੇ ਲਈ ਨਿਯਮ ਬਣਾਏ ਹਨ, ਜਿਵੇਂ ਦੋਸਤਾਂ ਨਾਲ ਹੁੰਦੇ ਹੋਏ ਮੈਂ ਉਦੋਂ ਤਕ ਮੈਸਿਜ ਨਹੀਂ ਕਰਦੀ ਜਦ ਤਕ ਕਿ ਬਹੁਤ ਜ਼ਰੂਰੀ ਨਾ ਹੋਵੇ। ਨਾਲੇ ਮੈਂ ਉਨ੍ਹਾਂ ਨੂੰ ਆਪਣਾ ਫ਼ੋਨ ਨੰਬਰ ਵੀ ਨਹੀਂ ਦਿੰਦੀ ਜੋ ਮੇਰੇ ਜ਼ਿਆਦਾ ਨਜ਼ਦੀਕ ਨਹੀਂ ਹਨ।”​—ਯਾਨਲੀ।