ਨੌਜਵਾਨ ਪੁੱਛਦੇ ਹਨ
ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?—ਭਾਗ 2: ਬਾਈਬਲ ਪੜ੍ਹਾਈ ਮਜ਼ੇਦਾਰ ਬਣਾਓ
ਵਿਲ ਨਾਂ ਦਾ ਇਕ ਨੌਜਵਾਨ ਕਹਿੰਦਾ ਹੈ: “ਜੇ ਤੁਹਾਨੂੰ ਬਾਈਬਲ ਪੜ੍ਹਨ ਦਾ ਸਹੀ ਤਰੀਕਾ ਨਹੀਂ ਪਤਾ, ਤਾਂ ਇਸ ਨੂੰ ਪੜ੍ਹਨਾ ਤੁਹਾਨੂੰ ਬੋਰਿੰਗ ਲੱਗ ਸਕਦਾ ਹੈ।”
ਕੀ ਤੁਸੀਂ ਜਾਣਨਾ ਚਾਹੋਗੇ ਕਿ ਤੁਸੀਂ ਬਾਈਬਲ ਪੜ੍ਹਾਈ ਮਜ਼ੇਦਾਰ ਕਿਵੇਂ ਬਣਾ ਸਕਦੇ ਹੋ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰੇਗਾ।
ਆਇਤਾਂ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ
ਤੁਸੀਂ ਜੋ ਵੀ ਪੜ੍ਹਦੇ ਹੋ, ਉਸ ਨੂੰ ਪੂਰੇ ਧਿਆਨ ਨਾਲ ਪੜ੍ਹੋ। ਇਹ ਤਰੀਕੇ ਅਜ਼ਮਾ ਕੇ ਦੇਖੋ:
ਬਾਈਬਲ ਵਿੱਚੋਂ ਕੋਈ ਕਿੱਸਾ ਚੁਣੋ। ਤੁਸੀਂ ਕੋਈ ਕਿੱਸਾ ਜਾਂ ਇੰਜੀਲ ਦੀ ਕਿਤਾਬ ਵਿੱਚੋਂ ਕੁਝ ਆਇਤਾਂ ਚੁਣ ਸਕਦੇ ਹੋ। ਜਾਂ ਫਿਰ ਤੁਸੀਂ jw.org ʼਤੇ ਮੌਜੂਦ ਨਾਟਕੀ ਅੰਦਾਜ਼ ਵਿਚ ਬਾਈਬਲ ਪੜ੍ਹਾਈ ਵਿੱਚੋਂ ਕੋਈ ਕਿੱਸਾ ਚੁਣ ਸਕਦੇ ਹੋ।
ਉਸ ਕਿੱਸੇ ਨੂੰ ਪੜ੍ਹੋ। ਤੁਸੀਂ ਇਹ ਕਿੱਸਾ ਇਕੱਲਿਆਂ ਪੜ੍ਹ ਸਕਦੇ ਹੋ ਜਾਂ ਆਪਣੇ ਦੋਸਤਾਂ ਜਾਂ ਘਰਦਿਆਂ ਨਾਲ ਮਿਲ ਕੇ ਉੱਚੀ ਆਵਾਜ਼ ਵਿਚ ਪੜ੍ਹ ਸਕਦੇ ਹੋ। ਤੁਹਾਡੇ ਵਿੱਚੋਂ ਇਕ ਜਣਾ ਉਹ ਕਿੱਸਾ ਪੜ੍ਹ ਸਕਦਾ ਹੈ ਅਤੇ ਬਾਕੀ ਜਣੇ ਵੱਖੋ-ਵੱਖਰੇ ਪਾਤਰਾਂ ਦੇ ਬੋਲ ਪੜ੍ਹ ਸਕਦੇ ਹਨ।
ਥੱਲੇ ਦਿੱਤੇ ਸੁਝਾਅ ਅਜ਼ਮਾ ਕੇ ਦੇਖੋ:
ਉਸ ਕਿੱਸੇ ਨੂੰ ਸਮਝਣ ਲਈ ਤਸਵੀਰਾਂ ਬਣਾਓ। ਫਿਰ ਇਕ ਬੋਰਡ ʼਤੇ ਤਸਵੀਰਾਂ ਨੂੰ ਉਸ ਤਰਤੀਬ ਵਿਚ ਰੱਖੋ ਜਿਸ ਤਰਤੀਬ ਵਿਚ ਇਹ ਘਟਨਾਵਾਂ ਹੋਈਆਂ ਸਨ। ਹਰ ਤਸਵੀਰ ਥੱਲੇ ਲਿਖੋ ਕਿ ਉਸ ਵਿਚ ਕੀ ਹੋ ਰਿਹਾ ਹੈ।
ਰੂਪ-ਰੇਖਾ ਬਣਾਓ। ਜਦੋਂ ਤੁਸੀਂ ਕਿਸੇ ਵਫ਼ਾਦਾਰ ਇਨਸਾਨ ਬਾਰੇ ਪੜ੍ਹੋ, ਤਾਂ 1) ਉਸ ਦੇ ਚੰਗੇ ਗੁਣ ਤੇ ਕੰਮ ਲਿਖੋ ਅਤੇ ਇਹ ਵੀ ਲਿਖੋ ਕਿ 2) ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ। ਫਿਰ ਲਕੀਰ ਵਾਹ ਕੇ ਇਨ੍ਹਾਂ ਦੋ ਗੱਲਾਂ ਦਾ ਸੰਬੰਧ ਦਿਖਾਓ।
ਉਸ ਕਿੱਸੇ ਨੂੰ ਖ਼ਬਰਾਂ ਦੇ ਰੂਪ ਵਿਚ ਪੇਸ਼ ਕਰੋ। ਵੱਖੋ-ਵੱਖਰੇ ਲੋਕਾਂ ਦੇ ਨਜ਼ਰੀਏ ਤੋਂ ਜਾਣਕਾਰੀ ਦਿਓ। ਸੋਚੋ ਕਿ ਤੁਸੀਂ ਉੱਥੇ ਹੋ ਅਤੇ ਕਿਰਦਾਰਾਂ ਤੇ ਚਸ਼ਮਦੀਦ ਗਵਾਹਾਂ ਦਾ ਇੰਟਰਵਿਊ ਲੈ ਰਹੇ ਹੋ।
ਜੇ ਕਿਸੇ ਪਾਤਰ ਨੇ ਗ਼ਲਤ ਫ਼ੈਸਲਾ ਲਿਆ ਹੋਵੇ, ਤਾਂ ਸੋਚੋ ਕਿ ਜੇ ਉਸ ਨੇ ਸਹੀ ਫ਼ੈਸਲਾ ਲਿਆ ਹੁੰਦਾ, ਤਾਂ ਕੀ ਹੁੰਦਾ। ਮਿਸਾਲ ਲਈ, ਉਸ ਕਿੱਸੇ ਬਾਰੇ ਸੋਚੋ ਜਦੋਂ ਪਤਰਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ ਸੀ। (ਮਰਕੁਸ 14:66-72) ਸੋਚੋ ਕਿ ਪਤਰਸ ਉਸ ਵੇਲੇ ਕੀ ਕਰ ਸਕਦਾ ਸੀ ਤਾਂਕਿ ਉਸ ਕੋਲੋਂ ਇਹ ਗ਼ਲਤੀ ਨਾ ਹੋਵੇ।
ਜੇ ਤੁਸੀਂ ਆਪਣੀ ਪੜ੍ਹਾਈ ਨੂੰ ਹੋਰ ਵੀ ਮਜ਼ੇਦਾਰ ਬਣਾਉਣਾ ਚਾਹੁੰਦੇ ਹੋ, ਤਾਂ ਬਾਈਬਲ ਦੇ ਕਿਸੇ ਕਿੱਸੇ ਬਾਰੇ ਇਕ ਡਰਾਮਾ ਤਿਆਰ ਕਰੋ। ਉਸ ਕਿੱਸੇ ਤੋਂ ਤੁਸੀਂ ਜਿਹੜੇ ਸਬਕ ਸਿੱਖੇ, ਉਹ ਸਾਰੇ ਉਸ ਡਰਾਮੇ ਵਿਚ ਸ਼ਾਮਲ ਕਰੋ।—ਰੋਮੀਆਂ 15:4.
ਛਾਣਬੀਣ ਕਰੋ!
ਜੇ ਤੁਸੀਂ ਕਿੱਸੇ ਦੀ ਇਕ-ਇਕ ਗੱਲ ਧਿਆਨ ਨਾਲ ਪੜ੍ਹੋਗੇ, ਤਾਂ ਤੁਹਾਨੂੰ ਉਸ ਵਿੱਚੋਂ ਅਜਿਹੇ ਹੀਰੇ-ਮੋਤੀ ਮਿਲਣਗੇ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੇ ਸੀ। ਕਦੇ-ਕਦੇ ਤਾਂ ਇੱਦਾਂ ਹੁੰਦਾ ਹੈ ਕਿ ਇਕ-ਦੋ ਲਫ਼ਜ਼ਾਂ ਤੋਂ ਹੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਮਿਸਾਲ ਲਈ, ਮੱਤੀ 28:7 ਦੀ ਤੁਲਨਾ ਮਰਕੁਸ 16:7 ਨਾਲ ਕਰੋ।
ਮਰਕੁਸ ਨੇ ਲਿਖਿਆ ਕਿ ਜਲਦ ਹੀ ਯਿਸੂ ਬਾਕੀ ਚੇਲਿਆਂ ਨੂੰ “ਅਤੇ ਪਤਰਸ” ਨੂੰ ਮਿਲੇਗਾ। ਉਸ ਨੇ ਪਤਰਸ ਦਾ ਵੱਖਰੇ ਤੌਰ ʼਤੇ ਜ਼ਿਕਰ ਕਿਉਂ ਕੀਤਾ?
ਸੁਰਾਗ: ਮਰਕੁਸ ਨੇ ਇਹ ਘਟਨਾਵਾਂ ਆਪਣੀ ਅੱਖੀਂ ਨਹੀਂ ਦੇਖੀਆਂ ਸਨ। ਇਸ ਲਈ ਲੱਗਦਾ ਹੈ ਕਿ ਉਸ ਨੂੰ ਇਹ ਗੱਲਾਂ ਪਤਰਸ ਨੇ ਦੱਸੀਆਂ ਸਨ।
ਜ਼ਰਾ ਗੌਰ ਕਰੋ: ਪਤਰਸ ਨੂੰ ਇਹ ਜਾਣ ਕੇ ਹੌਸਲਾ ਕਿਵੇਂ ਮਿਲਿਆ ਹੋਣਾ ਕਿ ਯਿਸੂ ਉਸ ਨੂੰ ਫਿਰ ਤੋਂ ਮਿਲਣਾ ਚਾਹੁੰਦਾ ਸੀ? (ਮਰਕੁਸ 14:66-72) ਯਿਸੂ ਨੇ ਇਹ ਕਿਵੇਂ ਦਿਖਾਇਆ ਕਿ ਉਹ ਪਤਰਸ ਦਾ ਸੱਚਾ ਦੋਸਤ ਹੈ? ਤੁਸੀਂ ਯਿਸੂ ਵਾਂਗ ਦੂਸਰਿਆਂ ਦੇ ਸੱਚੇ ਦੋਸਤ ਕਿਵੇਂ ਬਣ ਸਕਦੇ ਹੋ?
ਆਇਤਾਂ ਵਿਚ ਦੱਸੀਆਂ ਘਟਨਾਵਾਂ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ ਅਤੇ ਉਨ੍ਹਾਂ ਦੀਆਂ ਬਾਰੀਕੀਆਂ ਵੱਲ ਧਿਆਨ ਦਿਓ। ਫਿਰ ਤੁਹਾਨੂੰ ਬਾਈਬਲ ਪੜ੍ਹਨ ਵਿਚ ਬਹੁਤ ਮਜ਼ਾ ਆਵੇਗਾ!