Skip to content

ਨੌਜਵਾਨ ਪੁੱਛਦੇ ਹਨ

ਮੁਸੀਬਤ ਆਉਣ ʼਤੇ ਕੀ ਕਰੀਏ?

ਮੁਸੀਬਤ ਆਉਣ ʼਤੇ ਕੀ ਕਰੀਏ?

 ਮੁਸੀਬਤ ਕਿਸੇ ʼਤੇ ਵੀ ਆ ਸਕਦੀ ਹੈ। ਬਾਈਬਲ ਦੱਸਦੀ ਹੈ: “ਤੇਜ਼ ਦੌੜਨ ਵਾਲਾ ਹਮੇਸ਼ਾ ਪਹਿਲੇ ਦਰਜ਼ੇ ਤੇ ਨਹੀਂ ਆਉਂਦਾ। ਬਹਾਦਰ ਹਮੇਸ਼ਾ ਲੜਾਈ ਵਿਚ ਜਿੱਤਦਾ ਨਹੀਂ, . . . ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ ਦੀ ਪੋਥੀ 9:11, CL) ਇਨ੍ਹਾਂ ਵਿਚ ਉਹ ਨੌਜਵਾਨ ਵੀ ਸ਼ਾਮਲ ਹਨ ਜਿਨ੍ਹਾਂ ਨੇ ਮੁਸੀਬਤਾਂ ਦਾ ਸਾਮ੍ਹਣਾ ਕੀਤਾ ਹੈ। ਉਨ੍ਹਾਂ ਨੇ ਮੁਸੀਬਤਾਂ ਦਾ ਸਾਮ੍ਹਣਾ ਕਿਵੇਂ ਕੀਤਾ? ਆਓ ਦੋ ਮਿਸਾਲਾਂ ʼਤੇ ਗੌਰ ਕਰੀਏ।

 ਰਬੈਕਾ

 ਜਦੋਂ ਮੈਂ 14 ਸਾਲਾਂ ਦੀ ਸੀ, ਤਾਂ ਮੇਰੇ ਮੰਮੀ-ਡੈਡੀ ਦਾ ਤਲਾਕ ਹੋ ਗਿਆ।

 ਮੈਂ ਆਪਣੇ ਆਪ ਨੂੰ ਕਹਿੰਦੀ ਸੀ ਕਿ ਮੇਰੇ ਮੰਮੀ-ਡੈਡੀ ਦਾ ਤਲਾਕ ਨਹੀਂ ਹੋ ਸਕਦਾ। ਮੇਰੇ ਡੈਡੀ ਬਸ ਕੁਝ ਸਮੇਂ ਲਈ ਇਕੱਲੇ ਰਹਿਣਾ ਚਾਹੁੰਦੇ ਹਨ। ਉਹ ਮੇਰੇ ਮੰਮੀ ਜੀ ਨੂੰ ਪਿਆਰ ਕਰਦੇ ਹਨ। ਉਹ ਉਨ੍ਹਾਂ ਨੂੰ ਛੱਡ ਕੇ ਨਹੀਂ ਜਾ ਸਕਦੇ। ਉਹ ਮੈਨੂੰ ਕਿਵੇਂ ਛੱਡ ਸਕਦੇ?

 ਮੇਰੇ ਲਈ ਇਸ ਬਾਰੇ ਕਿਸੇ ਨਾਲ ਵੀ ਗੱਲ ਕਰਨੀ ਔਖੀ ਸੀ। ਮੈਂ ਇਸ ਬਾਰੇ ਸੋਚਣਾ ਵੀ ਨਹੀਂ ਸੀ ਚਾਹੁੰਦੀ। ਉਸ ਸਮੇਂ ਮੈਨੂੰ ਅਹਿਸਾਸ ਨਹੀਂ ਹੋਇਆ, ਪਰ ਮੈਂ ਗੁੱਸੇ ਵਿਚ ਰਹਿੰਦੀ ਸੀ। ਮੈਂ ਪਰੇਸ਼ਾਨ ਰਹਿੰਦੀ ਸੀ ਅਤੇ ਮੈਨੂੰ ਨੀਂਦ ਨਹੀਂ ਸੀ ਆਉਂਦੀ।

 ਜਦੋਂ ਮੈਂ 19 ਸਾਲਾਂ ਦੀ ਸੀ, ਤਾਂ ਮੇਰੇ ਮੰਮੀ ਜੀ ਦੀ ਕੈਂਸਰ ਨਾਲ ਮੌਤ ਹੋ ਗਈ। ਉਹ ਮੇਰੀ ਪੱਕੀ ਸਹੇਲੀ ਸੀ।

 ਮੰਮੀ-ਡੈਡੀ ਦੇ ਤਲਾਕ ਕਰਕੇ ਮੈਂ ਪਹਿਲਾਂ ਹੀ ਬਹੁਤ ਦੁਖੀ ਸੀ, ਪਰ ਮੰਮੀ ਜੀ ਦੀ ਮੌਤ ਨਾਲ ਤਾਂ ਮੈਂ ਪੂਰੀ ਤਰ੍ਹਾਂ ਹੀ ਟੁੱਟ ਗਈ। ਮੈਂ ਅਜੇ ਵੀ ਇਸ ਦੁੱਖ ਵਿੱਚੋਂ ਬਾਹਰ ਨਹੀਂ ਆ ਸਕੀ। ਹੁਣ ਤਾਂ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਅਤੇ ਮੈਂ ਪਰੇਸ਼ਾਨ ਰਹਿੰਦੀ ਹਾਂ।

 ਪਰ ਕੁਝ ਗੱਲਾਂ ਨੇ ਮੇਰੀ ਮਦਦ ਕੀਤੀ। ਮਿਸਾਲ ਲਈ, ਕਹਾਉਤਾਂ 18:1 ਵਿਚ ਸਾਨੂੰ ਖ਼ਬਰਦਾਰ ਕੀਤਾ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਨਾ ਕਰੀਏ। ਮੈਂ ਇਸ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ।

 ਨਾਲੇ ਯਹੋਵਾਹ ਦੀ ਗਵਾਹ ਹੋਣ ਦੇ ਨਾਤੇ, ਮੈਂ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ। ਇਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਜਦੋਂ ਮੇਰੇ ਮੰਮੀ-ਡੈਡੀ ਦਾ ਤਲਾਕ ਹੋਇਆ, ਤਾਂ ਮੈਨੂੰ ਨੌਜਵਾਨਾਂ ਦੇ ਸਵਾਲ​—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਤੋਂ ਹੌਸਲਾ ਮਿਲਿਆ। ਖ਼ਾਸ ਕਰਕੇ ਇਸ ਕਿਤਾਬ ਦੇ ਭਾਗ ਦੋ ਦੇ ਇਕ ਅਧਿਆਇ ਨੇ ਮੇਰੀ ਕਾਫ਼ੀ ਮਦਦ ਕੀਤੀ ਜਿਸ ਦਾ ਵਿਸ਼ਾ ਹੈ, “ਕੀ ਮੈਂ ਅਜਿਹੇ ਪਰਿਵਾਰ ਵਿਚ ਖ਼ੁਸ਼ ਰਹਿ ਸਕਦਾ ਹੈ ਜਿਸ ਵਿਚ ਇਕੱਲੀ ਮਾਂ ਹੋਵੇ ਜਾਂ ਇਕੱਲਾ ਪਿਤਾ ਹੋਵੇ?

 ਆਪਣੀਆਂ ਚਿੰਤਾਵਾਂ ਨਾਲ ਸਿੱਝਣ ਲਈ ਮੈਨੂੰ ਮੱਤੀ 6:25-34 ਤੋਂ ਮਦਦ ਮਿਲੀ। ਇਹ ਮੇਰੇ ਮਨਪਸੰਦ ਹਵਾਲਿਆਂ ਵਿੱਚੋਂ ਇਕ ਹੈ। ਇਸ ਦੀ ਆਇਤ 27 ਵਿਚ ਯਿਸੂ ਨੇ ਪੁੱਛਿਆ: “ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?”

 ਮੁਸੀਬਤ ਕਿਸੇ ʼਤੇ ਵੀ ਆ ਸਕਦੀ ਹੈ, ਪਰ ਮੈਂ ਆਪਣੇ ਮੰਮੀ ਜੀ ਦੀ ਮਿਸਾਲ ਤੋਂ ਸਿੱਖਿਆ ਕਿ ਅਸੀਂ ਜਿਸ ਤਰੀਕੇ ਨਾਲ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹਾਂ, ਉਹ ਗੱਲ ਬਹੁਤ ਮਾਅਨੇ ਰੱਖਦੀ ਹੈ। ਉਨ੍ਹਾਂ ਨੇ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਜਿਵੇਂ ਤਲਾਕ ਅਤੇ ਫਿਰ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦਾ। ਪਰ ਇਨ੍ਹਾਂ ਮੁਸ਼ਕਲਾਂ ਦੌਰਾਨ ਉਨ੍ਹਾਂ ਨੇ ਸਹੀ ਨਜ਼ਰੀਆ ਰੱਖਿਆ ਅਤੇ ਅੰਤ ਤਕ ਰੱਬ ʼਤੇ ਆਪਣੀ ਨਿਹਚਾ ਬਰਕਰਾਰ ਰੱਖੀ। ਉਨ੍ਹਾਂ ਨੇ ਯਹੋਵਾਹ ਬਾਰੇ ਮੈਨੂੰ ਜੋ ਸਿਖਾਇਆ, ਮੈਂ ਉਹ ਕਦੇ ਨਹੀਂ ਭੁੱਲਾਂਗੀ।

 ਜ਼ਰਾ ਸੋਚੋ: ਮੁਸੀਬਤਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਕਰਕੇ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ?​—ਜ਼ਬੂਰਾਂ ਦੀ ਪੋਥੀ 94:19.

 ਕੋਰਡੈੱਲ

 ਜਦੋਂ ਮੈਂ 17 ਸਾਲਾਂ ਦਾ ਸੀ, ਉਦੋਂ ਮੇਰੇ ਡੈਡੀ ਜੀ ਦੀ ਮੌਤ ਹੋ ਗਈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਸੀ। ਮੈਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ।

 ਮੈਨੂੰ ਯਕੀਨ ਨਹੀਂ ਸੀ ਹੁੰਦਾ ਕਿ ਉਹ ਹੁਣ ਇਸ ਦੁਨੀਆਂ ਵਿਚ ਨਹੀਂ ਹਨ। ਲੱਗਦਾ ਸੀ ਕਿ ਕਫ਼ਨ ਵਿਚ ਮੇਰੇ ਡੈਡੀ ਜੀ ਨਹੀਂ, ਕੋਈ ਹੋਰ ਹੈ। ਮੈਂ ਆਪਣੇ ਆਪ ਨੂੰ ਕਿਹਾ, ‘ਉਹ ਕੱਲ੍ਹ ਉੱਠ ਜਾਣਗੇ।’ ਮੇਰੀ ਤਾਂ ਦੁਨੀਆਂ ਹੀ ਉਜੜ ਗਈ ਸੀ।

 ਮੈਂ ਅਤੇ ਮੇਰਾ ਪੂਰਾ ਪਰਿਵਾਰ ਯਹੋਵਾਹ ਦੇ ਗਵਾਹ ਹਾਂ। ਡੈਡੀ ਜੀ ਦੀ ਮੌਤ ਵੇਲੇ ਸਾਡੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ। ਉਨ੍ਹਾਂ ਨੇ ਸਾਡੇ ਲਈ ਖਾਣਾ ਬਣਾਇਆ, ਸਾਡੇ ਨਾਲ ਸਾਡੇ ਘਰ ਰਹੇ ਅਤੇ ਉਨ੍ਹਾਂ ਨੇ ਸਾਡਾ ਖ਼ਿਆਲ ਰੱਖਿਆ। ਉਹ ਲੰਬੇ ਸਮੇਂ ਤਕ ਇੱਦਾਂ ਕਰਦੇ ਰਹੇ। ਇਨ੍ਹਾਂ ਗੱਲਾਂ ਕਰਕੇ ਮੇਰਾ ਭਰੋਸਾ ਵਧਿਆ ਕਿ ਯਹੋਵਾਹ ਦੇ ਗਵਾਹ ਹੀ ਸੱਚੇ ਮਸੀਹੀ ਹਨ।​—ਯੂਹੰਨਾ 13:35.

 2 ਕੁਰਿੰਥੀਆਂ 4:17, 18 ਦੇ ਹਵਾਲੇ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਇੱਥੇ ਲਿਖਿਆ: “ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ, ਪਰ ਸਾਨੂੰ ਜੋ ਮਹਿਮਾ ਮਿਲੇਗੀ ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ; ਅਤੇ ਅਸੀਂ ਆਪਣੀ ਨਜ਼ਰ ਦਿਸਣ ਵਾਲੀਆਂ ਚੀਜ਼ਾਂ ਉੱਤੇ ਨਹੀਂ, ਸਗੋਂ ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ ਰੱਖਦੇ ਹਾਂ। ਕਿਉਂਕਿ ਦਿਸਣ ਵਾਲੀਆਂ ਚੀਜ਼ਾਂ ਥੋੜ੍ਹੇ ਸਮੇਂ ਲਈ ਹਨ, ਪਰ ਨਾ ਦਿਸਣ ਵਾਲੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ।”

 18ਵੀਂ ਆਇਤ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਮੇਰੇ ਡੈਡੀ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਜੋ ਦੁੱਖ ਝੱਲੇ, ਉਹ ਥੋੜ੍ਹੇ ਸਮੇਂ ਲਈ ਸਨ, ਪਰ ਰੱਬ ਨੇ ਜਿਸ ਸੁਨਹਿਰੇ ਭਵਿੱਖ ਦਾ ਵਾਅਦਾ ਕੀਤਾ ਹੈ, ਉਹ ਹਮੇਸ਼ਾ ਲਈ ਹੈ। ਡੈਡੀ ਦੀ ਮੌਤ ਕਰਕੇ ਮੈਨੂੰ ਇਹ ਸੋਚਣ ਦਾ ਮੌਕਾ ਮਿਲਿਆ ਕਿ ਮੈਂ ਆਪਣੀ ਜ਼ਿੰਦਗੀ ਵਿਚ ਕੀ ਕਰ ਰਿਹਾ ਹਾਂ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਮੈਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ।

 ਜ਼ਰਾ ਸੋਚੋ: ਜੇ ਤੁਹਾਡੇ ʼਤੇ ਕੋਈ ਮੁਸੀਬਤ ਆ ਜਾਵੇ, ਤਾਂ ਜ਼ਿੰਦਗੀ ਵਿਚ ਰੱਖੇ ਟੀਚਿਆਂ ʼਤੇ ਦੁਬਾਰਾ ਸੋਚ-ਵਿਚਾਰ ਵਿਚ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ?​—1 ਯੂਹੰਨਾ 2:17.