Skip to content

ਨੌਜਵਾਨ ਪੁੱਛਦੇ ਹਨ

ਮੈਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦਾ ਹਾਂ?

ਮੈਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦਾ ਹਾਂ?

 ਤੁਸੀਂ ਆਪਣੀ ਜ਼ਮੀਰ ਦੀ ਤੁਲਨਾ ਕਿਸ ਚੀਜ਼ ਨਾਲ ਕਰੋਗੇ?

 •   ਨਕਸ਼ਾ

 •   ਸ਼ੀਸ਼ਾ

 •   ਦੋਸਤ

 •   ਜੱਜ

 ਇਹ ਚਾਰੇ ਜਵਾਬ ਸਹੀ ਹਨ। ਇਸ ਲੇਖ ਵਿਚ ਇਸ ਦੇ ਕਾਰਨ ਦੱਸੇ ਜਾਣਗੇ।

 ਜ਼ਮੀਰ ਕੀ ਹੈ?

 ਜ਼ਮੀਰ ਤੁਹਾਡੇ ਮਨ ਦੀ ਆਵਾਜ਼ ਹੈ ਜੋ ਤੁਹਾਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਦੱਸਦੀ ਹੈ। ਬਾਈਬਲ ਕਹਿੰਦੀ ਹੈ: “ਇਸ ਕਾਨੂੰਨ ਦੀਆਂ ਗੱਲਾਂ ਉਨ੍ਹਾਂ ਦੇ ਦਿਲਾਂ ਉੱਤੇ ਲਿਖੀਆਂ ਹੋਈਆਂ ਹਨ।” (ਰੋਮੀਆਂ 2:15) ਸਾਫ਼ ਜ਼ਮੀਰ ਤੁਹਾਡੀ ਉਸ ਕੰਮ ਦੀ ਜਾਂਚ ਕਰਨ ਵਿਚ ਮਦਦ ਕਰਦੀ ਹੈ ਜੋ ਤੁਸੀਂ ਕਰਨਾ ਹੈ ਜਾਂ ਜੋ ਤੁਸੀਂ ਪਹਿਲਾਂ ਕੀਤਾ ਹੈ।

 •   ਤੁਹਾਡੀ ਜ਼ਮੀਰ ਇਕ ਨਕਸ਼ੇ ਵਾਂਗ ਹੈ। ਇਹ ਸਹੀ ਦਿਸ਼ਾ ਵੱਲ ਲੈ ਕੇ ਜਾਣ ਅਤੇ ਮੁਸ਼ਕਲਾਂ ਤੋਂ ਬਚਣ ਵਿਚ ਤੁਹਾਡੀ ਮਦਦ ਕਰਦੀ ਹੈ।

 •   ਤੁਹਾਡੀ ਜ਼ਮੀਰ ਇਕ ਸ਼ੀਸ਼ੇ ਵਾਂਗ ਹੈ। ਇਹ ਦੱਸਦੀ ਹੈ ਕਿ ਤੁਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹੋ।

 •   ਤੁਹਾਡੀ ਜ਼ਮੀਰ ਇਕ ਦੋਸਤ ਵਾਂਗ ਹੈ। ਇਹ ਤੁਹਾਨੂੰ ਵਧੀਆ ਸਲਾਹ ਦੇ ਸਕਦੀ ਹੈ। ਜੇ ਤੁਸੀਂ ਇਸ ਦੀ ਆਵਾਜ਼ ਸੁਣੋਗੇ, ਤਾਂ ਤੁਸੀਂ ਸਫ਼ਲ ਹੋ ਸਕੋਗੇ।

 •   ਤੁਹਾਡੀ ਜ਼ਮੀਰ ਇਕ ਜੱਜ ਵਾਂਗ ਹੈ। ਇਹ ਤੁਹਾਨੂੰ ਉਦੋਂ ਖ਼ਬਰਦਾਰ ਕਰਦੀ ਹੈ ਜਦੋਂ ਤੁਸੀਂ ਕੋਈ ਬੁਰਾ ਕੰਮ ਕਰਦੇ ਹੋ।

ਸਾਫ਼ ਜ਼ਮੀਰ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ

 ਮੁੱਖ ਗੱਲ: ਤੁਹਾਡੀ ਜ਼ਮੀਰ (1) ਸਹੀ ਫ਼ੈਸਲੇ ਕਰਨ ਅਤੇ (2) ਗ਼ਲਤੀਆਂ ਨੂੰ ਸੁਧਾਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ।

 ਤੁਹਾਨੂੰ ਆਪਣੀ ਜ਼ਮੀਰ ਨੂੰ ਸਿਖਲਾਈ ਕਿਉਂ ਦੇਣੀ ਚਾਹੀਦੀ ਹੈ?

 ਬਾਈਬਲ ਸਾਨੂੰ “ਆਪਣੀ ਜ਼ਮੀਰ ਨੂੰ ਸਾਫ਼” ਬਣਾਈ ਰੱਖਣ ਦੀ ਹੱਲਾਸ਼ੇਰੀ ਦਿੰਦੀ ਹੈ। (1 ਪਤਰਸ 3:16) ਪਰ ਇੱਦਾਂ ਕਰਨਾ ਔਖਾ ਹੋਵੇਗਾ ਜੇ ਅਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਨਹੀਂ ਦਿੰਦੇ।

 “ਮੈਂ ਆਪਣੇ ਮਾਪਿਆਂ ਨਾਲ ਝੂਠ ਬੋਲਦੀ ਸੀ ਕਿ ਮੈਂ ਕਿੱਥੇ ਹਾਂ। ਨਾਲੇ ਮੈਂ ਉਨ੍ਹਾਂ ਤੋਂ ਗੱਲਾਂ ਲੁਕਾਉਂਦੀ ਸੀ। ਪਹਿਲਾਂ-ਪਹਿਲ ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਸੀ, ਪਰ ਸਮੇਂ ਦੇ ਬੀਤਣ ਨਾਲ ਮੈਨੂੰ ਲੱਗਦਾ ਸੀ ਕਿ ਇੱਦਾਂ ਕਰਨ ਵਿਚ ਕੋਈ ਬੁਰਾਈ ਨਹੀਂ ਹੈ।”—ਜੈਨੀਫ਼ਰ।

 ਪਰ ਫਿਰ ਜੈਨੀਫ਼ਰ ਦੀ ਜ਼ਮੀਰ ਨੇ ਉਸ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਮਾਪਿਆਂ ਨੂੰ ਦੱਸੇ ਕਿ ਉਹ ਕੀ ਰਹੀ ਸੀ ਅਤੇ ਉਨ੍ਹਾਂ ਨੂੰ ਧੋਖਾ ਦੇਣਾ ਬੰਦ ਕਰੇ।

 ਜ਼ਰਾ ਸੋਚੋ: ਜੈਨੀਫ਼ਰ ਦੀ ਜ਼ਮੀਰ ਉਸ ਨੂੰ ਕਦੋਂ ਖ਼ਬਰਦਾਰ ਕਰ ਸਕਦੀ ਸੀ?

 “ਦੋਹਰੀ ਜ਼ਿੰਦਗੀ ਜੀਉਣ ਨਾਲ ਮੁਸ਼ਕਲਾਂ ਤੇ ਪਰੇਸ਼ਾਨੀਆਂ ਹੀ ਵਧਦੀਆਂ ਹਨ। ਜੇ ਸਾਡੀ ਜ਼ਮੀਰ ਇਕ ਵਾਰ ਗ਼ਲਤ ਫ਼ੈਸਲਾ ਕਰ ਲੈਂਦੀ ਹੈ, ਤਾਂ ਫਿਰ ਹੋਰ ਗ਼ਲਤ ਫ਼ੈਸਲੇ ਕਰਨੇ ਸੌਖੇ ਹੋ ਜਾਂਦੇ ਹਨ।”—ਮੈਥਿਊ।

 ਕੁਝ ਲੋਕ ਆਪਣੀ ਜ਼ਮੀਰ ਦੀ ਬਿਲਕੁਲ ਵੀ ਨਹੀਂ ਸੁਣਦੇ। ਬਾਈਬਲ ਕਹਿੰਦੀ ਹੈ: “ਉਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ।” (ਅਫ਼ਸੀਆਂ 4:19) ਪਵਿੱਤਰ ਬਾਈਬਲ ਅਨੁਵਾਦ ਕਹਿੰਦਾ ਹੈ: “ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ।”

 ਜ਼ਰਾ ਸੋਚੋ: ਕੀ ਉਹ ਲੋਕ ਵਧੀਆ ਜ਼ਿੰਦਗੀ ਜੀਉਂਦੇ ਹਨ ਜਿਨ੍ਹਾਂ ਨੂੰ ਆਪਣੇ ਬੁਰੇ ਕੰਮਾਂ ʼਤੇ ਕੋਈ ਪਛਤਾਵਾ ਨਹੀਂ ਹੁੰਦਾ? ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ?

 ਮੁੱਖ ਗੱਲ: ਸ਼ੁੱਧ ਜ਼ਮੀਰ ਬਣਾਈ ਰੱਖਣ ਲਈ ਤੁਹਾਨੂੰ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ” ਬਣਨ ਦੀ ਲੋੜ ਹੈ।—ਇਬਰਾਨੀਆਂ 5:14.

 ਤੁਸੀਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦੇ ਹੋ?

 ਆਪਣੀ ਜ਼ਮੀਰ ਨੂੰ ਸਿਖਲਾਈ ਦੇਣ ਲਈ ਤੁਹਾਨੂੰ ਅਜਿਹੇ ਅਸੂਲਾਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਕੰਮਾਂ ਦੀ ਜਾਂਚ ਕਰ ਸਕਦੇ ਹੋ। ਕੁਝ ਲੋਕ ਇਨ੍ਹਾਂ ਦੁਆਰਾ ਬਣਾਏ ਅਸੂਲਾਂ ʼਤੇ ਚੱਲਦੇ ਹਨ:

 •   ਪਰਿਵਾਰ ਅਤੇ ਸਭਿਆਚਾਰ

 •   ਦੋਸਤ

 •   ਮਸ਼ਹੂਰ ਹਸਤੀਆਂ

 ਪਰ ਬਾਈਬਲ ਵਿਚ ਜ਼ਿੰਦਗੀ ਜੀਉਣ ਦੇ ਸਭ ਤੋਂ ਉੱਤਮ ਅਸੂਲ ਦਿੱਤੇ ਗਏ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਬਾਈਬਲ “ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ” ਲਿਖੀ ਗਈ ਹੈ। (2 ਤਿਮੋਥਿਉਸ 3:16) ਪਰਮੇਸ਼ੁਰ ਨੇ ਸਾਨੂੰ ਬਣਾਇਆ ਹੈ ਅਤੇ ਉਹ ਜਾਣਦਾ ਹੈ ਕਿ ਸਾਡੇ ਲਈ ਕੀ ਭਲਾ ਹੈ।

 ਜ਼ਰਾ ਕੁਝ ਮਿਸਾਲਾਂ ʼਤੇ ਗੌਰ ਕਰੋ।

 ਅਸੂਲ: “ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।”—ਇਬਰਾਨੀਆਂ 13:18.

 •   ਜਦੋਂ ਤੁਸੀਂ ਨਕਲ ਮਾਰਨ, ਆਪਣੇ ਮਾਪਿਆਂ ਨਾਲ ਝੂਠ ਬੋਲਣ ਜਾਂ ਚੋਰੀ ਕਰਨ ਲਈ ਭਰਮਾਏ ਜਾਂਦੇ ਹੋ, ਤਾਂ ਬਾਈਬਲ ਦਾ ਇਹ ਅਸੂਲ ਤੁਹਾਡੀ ਜ਼ਮੀਰ ʼਤੇ ਕਿਵੇਂ ਅਸਰ ਪਾ ਸਕਦਾ ਹੈ?

 •   ਜੇ ਤੁਹਾਡੀ ਜ਼ਮੀਰ ਤੁਹਾਨੂੰ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣ ਲਈ ਪ੍ਰੇਰਦੀ ਹੈ, ਤਾਂ ਇਸ ਦਾ ਤੁਹਾਨੂੰ ਹੁਣ ਤੇ ਭਵਿੱਖ ਵਿਚ ਕੀ ਫ਼ਾਇਦਾ ਹੋ ਸਕਦਾ ਹੈ?

 ਅਸੂਲ: “ਹਰਾਮਕਾਰੀ ਤੋਂ ਭੱਜੋ!”—1 ਕੁਰਿੰਥੀਆਂ 6:18.

 •   ਜਦੋਂ ਤੁਸੀਂ ਪੋਰਨੋਗ੍ਰਾਫੀ ਦੇਖਣ ਜਾਂ ਵਿਆਹ ਤੋਂ ਪਹਿਲਾਂ ਸੈਕਸ ਕਰਨ ਲਈ ਭਰਮਾਏ ਜਾਂਦੇ ਹੋ, ਤਾਂ ਬਾਈਬਲ ਦਾ ਇਹ ਅਸੂਲ ਤੁਹਾਡੀ ਜ਼ਮੀਰ ʼਤੇ ਕਿਵੇਂ ਅਸਰ ਪਾ ਸਕਦਾ ਹੈ?

 •   ਜੇ ਤੁਹਾਡੀ ਜ਼ਮੀਰ ਤੁਹਾਨੂੰ ਹਰਾਮਕਾਰੀ ਤੋਂ ਭੱਜਣ ਲਈ ਪ੍ਰੇਰਦੀ ਹੈ, ਤਾਂ ਇਸ ਦਾ ਤੁਹਾਨੂੰ ਹੁਣ ਤੇ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?

 ਅਸੂਲ: “ਇਕ-ਦੂਜੇ ਲਈ ਦਇਆ ਦਿਖਾਓ ਅਤੇ ਹਮਦਰਦੀ ਨਾਲ ਪੇਸ਼ ਆਓ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”—ਅਫ਼ਸੀਆਂ 4:32.

 •   ਜਦੋਂ ਤੁਹਾਡੀ ਆਪਣੇ ਭੈਣ-ਭਰਾ ਜਾਂ ਦੋਸਤ ਨਾਲ ਲੜਾਈ ਹੋ ਜਾਂਦੀ ਹੈ, ਤਾਂ ਬਾਈਬਲ ਦਾ ਇਹ ਅਸੂਲ ਤੁਹਾਡੀ ਜ਼ਮੀਰ ʼਤੇ ਕਿਵੇਂ ਅਸਰ ਪਾ ਸਕਦਾ ਹੈ?

 •   ਜੇ ਤੁਹਾਡੀ ਜ਼ਮੀਰ ਤੁਹਾਨੂੰ ਦਇਆ ਦਿਖਾਉਣ ਅਤੇ ਹਮਦਰਦੀ ਨਾਲ ਪੇਸ਼ ਆਉਣ ਲਈ ਪ੍ਰੇਰਦੀ ਹੈ, ਤਾਂ ਇਸ ਦਾ ਤੁਹਾਨੂੰ ਹੁਣ ਤੇ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?

 ਅਸੂਲ: “ਯਹੋਵਾਹ . . . ਹਿੰਸਾ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।”—ਜ਼ਬੂਰ 11:5.

 •   ਜਦੋਂ ਤੁਸੀਂ ਫ਼ਿਲਮਾਂ, ਟੀ.ਵੀ ਪ੍ਰੋਗ੍ਰਾਮਾਂ ਅਤੇ ਵੀਡੀਓ ਗੇਮਾਂ ਦੀ ਚੋਣ ਕਰਦੇ ਹੋ, ਤਾਂ ਇਸ ਅਸੂਲ ਦਾ ਤੁਹਾਡੇ ʼਤੇ ਕੀ ਅਸਰ ਪੈਣਾ ਚਾਹੀਦਾ ਹੈ?

 •   ਜੇ ਤੁਹਾਡੀ ਜ਼ਮੀਰ ਤੁਹਾਨੂੰ ਹਿੰਸਕ ਮਨੋਰੰਜਨ ਦੇਖਣ ਤੋਂ ਰੋਕਦੀ ਹੈ, ਤਾਂ ਇਸ ਦਾ ਤੁਹਾਨੂੰ ਹੁਣ ਤੇ ਭਵਿੱਖ ਵਿਚ ਕੀ ਫ਼ਾਇਦਾ ਹੋਵੇਗਾ?

 ਸੱਚੀ ਕਹਾਣੀ: “ਮੇਰੇ ਅਜਿਹੇ ਦੋਸਤ ਸਨ ਜੋ ਹਿੰਸਕ ਵੀਡੀਓ ਗੇਮਾਂ ਖੇਡਦੇ ਸਨ ਅਤੇ ਮੈਂ ਵੀ ਖੇਡਦਾ ਸੀ। ਫਿਰ ਮੇਰੇ ਡੈਡੀ ਜੀ ਨੇ ਕਿਹਾ ਕਿ ਮੈਂ ਹਿੰਸਕ ਗੇਮਾਂ ਨਹੀਂ ਖੇਡ ਸਕਦਾ। ਇਸ ਲਈ ਜਦੋਂ ਮੈਂ ਦੋਸਤਾਂ ਨੂੰ ਮਿਲਣ ਜਾਂਦਾ ਸੀ, ਉਦੋਂ ਹੀ ਇਹ ਗੇਮਾਂ ਖੇਡਦਾ ਸੀ। ਘਰ ਆ ਕੇ ਮੈਂ ਕੁਝ ਨਹੀਂ ਦੱਸਦਾ ਸੀ। ਮੇਰੇ ਡੈਡੀ ਮੈਨੂੰ ਪੁੱਛਦੇ ਸਨ, ‘ਤੂੰ ਬੜਾ ਚੁੱਪ-ਚੁੱਪ ਹੈਂ। ਠੀਕ ਆ ਤੂੰ?’ ਮੈਂ ਕਹਿੰਦਾ ਸੀ, ‘ਹਾਂਜੀ।’ ਪਰ ਇਕ ਦਿਨ ਮੈਂ ਜ਼ਬੂਰ 11:5 ਪੜ੍ਹਿਆ ਅਤੇ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਗ਼ਲਤ ਕਰ ਰਿਹਾ ਸੀ। ਨਾਲੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਹਿੰਸਕ ਵੀਡੀਓ ਗੇਮਾਂ ਨਹੀਂ ਖੇਡਣੀਆਂ ਚਾਹੀਦੀਆਂ। ਫਿਰ ਮੈਂ ਗੇਮਾਂ ਖੇਡਣੀਆਂ ਛੱਡ ਦਿੱਤੀਆਂ। ਮੇਰੇ ਵੱਲ ਦੇਖ ਕੇ ਮੇਰੇ ਇਕ ਹੋਰ ਦੋਸਤ ਨੇ ਵੀ ਹਿੰਸਕ ਗੇਮਾਂ ਖੇਡਣੀਆਂ ਛੱਡ ਦਿੱਤੀਆਂ।—ਜਰਮੀ।

 ਜ਼ਰਾ ਸੋਚੋ: ਜਰਮੀ ਦੀ ਜ਼ਮੀਰ ਨੇ ਉਸ ਨੂੰ ਕਦੋਂ ਖ਼ਬਰਦਾਰ ਕੀਤਾ ਸੀ? ਤੁਸੀਂ ਜਰਮੀ ਦੀ ਕਹਾਣੀ ਤੋਂ ਕੀ ਸਿੱਖਦੇ ਹੋ?

 ਮੁੱਖ ਗੱਲ: ਤੁਹਾਡੀ ਜ਼ਮੀਰ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਅਤੇ ਤੁਸੀਂ ਕਿਹੜੇ ਅਸੂਲਾਂ ʼਤੇ ਚੱਲਦੇ ਹੋ? ਤੁਹਾਡੀ ਜ਼ਮੀਰ ਤੁਹਾਡੇ ਬਾਰੇ ਕੀ ਦੱਸਦੀ ਹੈ?