Skip to content

ਜੇ ਮੈਨੂੰ ਸਕੂਲ ਜਾਣਾ ਪਸੰਦ ਨਹੀਂ, ਤਾਂ ਮੈਂ ਕੀ ਕਰਾਂ?

ਜੇ ਮੈਨੂੰ ਸਕੂਲ ਜਾਣਾ ਪਸੰਦ ਨਹੀਂ, ਤਾਂ ਮੈਂ ਕੀ ਕਰਾਂ?

ਤੁਸੀਂ ਇੱਦਾਂ ਕਰ ਸਕਦੇ ਹੋ

 ਪੜ੍ਹਾਈ ਬਾਰੇ ਸਹੀ ਨਜ਼ਰੀਆ। ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਪੜ੍ਹਾਈ ਕਰ ਕੇ ਤੁਹਾਨੂੰ ਕਿਹੜੇ ਫ਼ਾਇਦੇ ਹੋਣਗੇ। ਹੋ ਸਕਦਾ ਹੈ ਕਿ ਤੁਹਾਨੂੰ ਹਾਲੇ ਕੁਝ ਵਿਸ਼ੇ ਜ਼ਰੂਰੀ ਨਾ ਲੱਗਣ। ਪਰ ਅਲੱਗ-ਅਲੱਗ ਵਿਸ਼ਿਆਂ ਦੀ ਪੜ੍ਹਾਈ ਕਰਨ ਕਰਕੇ ਤੁਸੀਂ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕੋਗੇ। ਇਸ ਨਾਲ ਵੱਖੋ-ਵੱਖਰੇ ਪਿਛੋਕੜ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਤੁਹਾਡੀ ਕਾਬਲੀਅਤ ਵਧੇਗੀ ਜਿਸ ਕਰਕੇ ਤੁਸੀਂ “ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ” ਕਰ ਸਕੋਗੇ। (1 ਕੁਰਿੰਥੀਆਂ 9:22) ਇਸ ਨਾਲ ਘੱਟੋ-ਘੱਟ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਿਚ ਸੁਧਾਰ ਕਰ ਸਕੋਗੇ। ਇਹ ਅਜਿਹੀ ਕਾਬਲੀਅਤ ਹੈ ਜਿਸ ਦਾ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਫ਼ਾਇਦਾ ਹੋਵੇਗਾ।

ਸਕੂਲ ਜਾਣਾ ਸੰਘਣੇ ਜੰਗਲ ਨੂੰ ਪਾਰ ਕਰਨ ਲਈ ਦਰਖ਼ਤਾਂ ਨੂੰ ਕੱਟਣ ਦੇ ਬਰਾਬਰ ਹੋ ਸਕਦਾ ਹੈ, ਪਰ ਜੇ ਸਾਡੇ ਕੋਲ ਸਹੀ ਔਜ਼ਾਰ ਹਨ, ਤਾਂ ਇੱਦਾਂ ਕਰਨ ਮੁਮਕਿਨ ਹੈ

 ਆਪਣੇ ਅਧਿਆਪਕ ਬਾਰੇ ਸਹੀ ਨਜ਼ਰੀਆ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਅਧਿਆਪਕ ਬੋਰਿੰਗ ਹੈ, ਤਾਂ ਉਸ ਵੱਲ ਧਿਆਨ ਦੇਣ ਦੀ ਬਜਾਇ ਉਸ ਵਿਸ਼ੇ ʼਤੇ ਧਿਆਨ ਦਿਓ ਜੋ ਉਹ ਪੜ੍ਹਾ ਰਿਹਾ ਹੈ। ਯਾਦ ਰੱਖੋ ਕਿ ਤੁਹਾਡੇ ਅਧਿਆਪਕ ਨੇ ਸ਼ਾਇਦ ਇਹੀ ਵਿਸ਼ਾ ਹੋਰ ਕਲਾਸਾਂ ਵਿਚ ਵੀ ਪੜ੍ਹਾਇਆ ਹੋਵੇ। ਇਸ ਲਈ ਉਸ ਵਿਸ਼ੇ ਨੂੰ ਪਹਿਲੇ ਵਰਗੇ ਜੋਸ਼ ਨਾਲ ਪੜ੍ਹਾਉਣਾ ਸ਼ਾਇਦ ਉਸ ਲਈ ਚੁਣੌਤੀ ਭਰਿਆ ਹੋਵੇ।

 ਸੁਝਾਅ: ਨੋਟਸ ਲਓ, ਆਦਰਮਈ ਤਰੀਕੇ ਨਾਲ ਹੋਰ ਜਾਣਕਾਰੀ ਮੰਗੋ ਅਤੇ ਪੜ੍ਹਾਏ ਜਾਣ ਵਾਲੇ ਵਿਸ਼ੇ ਲਈ ਜੋਸ਼ ਬਣਾਈ ਰੱਖੋ। ਤੁਹਾਡਾ ਜੋਸ਼ ਦੇਖ ਕੇ ਦੂਜਿਆਂ ਦਾ ਜੋਸ਼ ਵੀ ਵਧੇਗਾ।

 ਆਪਣੀਆਂ ਕਾਬਲੀਅਤਾਂ ਬਾਰੇ ਸਹੀ ਨਜ਼ਰੀਆ। ਸਕੂਲ ਜਾ ਕੇ ਤੁਹਾਨੂੰ ਆਪਣੇ ਵਿਚ ਛੁਪੇ ਹੁਨਰਾਂ ਬਾਰੇ ਪਤਾ ਲੱਗਦਾ ਹੈ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: “ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਪੂਰੇ ਜੋਸ਼ ਨਾਲ ਇਸਤੇਮਾਲ ਕਰਦਾ ਰਹਿ ਜੋ ਤੈਨੂੰ . . . ਮਿਲੀ ਸੀ।” (2 ਤਿਮੋਥਿਉਸ 1:6) ਤਿਮੋਥਿਉਸ ਨੂੰ ਜੋ ਵੀ ਦਾਤਾਂ ਮਿਲੀਆਂ ਸਨ, ਉਹ ਪਵਿੱਤਰ ਸ਼ਕਤੀ ਰਾਹੀਂ ਮਿਲੀਆਂ ਸਨ। ਪਰ ਫਿਰ ਵੀ ਉਸ ਨੇ ਇਨ੍ਹਾਂ ‘ਦਾਤਾਂ’ ਨੂੰ ਨਿਖਾਰਨ ਵਿਚ ਮਿਹਨਤ ਕਰਨੀ ਸੀ ਤਾਂਕਿ ਉਹ ਬੇਕਾਰ ਨਾ ਹੋ ਜਾਣ। ਬਿਨਾਂ ਸ਼ੱਕ, ਸਕੂਲ ਵਿਚ ਚੰਗੇ ਨੰਬਰ ਲਿਆਉਣ ਦੀ ਕਾਬਲੀਅਤ ਪਰਮੇਸ਼ੁਰ ਨੇ ਸਿੱਧੇ ਤੌਰ ʼਤੇ ਤੁਹਾਨੂੰ ਨਹੀਂ ਦਿੱਤੀ, ਪਰ ਫਿਰ ਵੀ ਤੁਹਾਡੇ ਵਿਚ ਕੁਝ ਅਨੋਖੇ ਹੁਨਰ ਹਨ। ਪੜ੍ਹਾਈ ਕਰ ਕੇ ਤੁਸੀਂ ਆਪਣੇ ਅੰਦਰ ਛੁਪੀਆਂ ਕਾਬਲੀਅਤਾਂ ਨੂੰ ਪਛਾਣ ਸਕਦੇ ਹੋ ਅਤੇ ਉਨ੍ਹਾਂ ਨੂੰ ਵਧਾ ਸਕਦੇ ਹੋ ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਹੀ ਨਹੀਂ ਸੀ।