Skip to content

ਨੌਜਵਾਨ ਪੁੱਛਦੇ ਹਨ

ਮੈਂ ਕਿੰਨਾ ਕੁ ਹਿੰਮਤੀ ਹਾਂ?

ਮੈਂ ਕਿੰਨਾ ਕੁ ਹਿੰਮਤੀ ਹਾਂ?

 ਤੁਸੀਂ ਕਿੰਨੇ ਕੁ ਹਿੰਮਤੀ ਹੋ? ਕੀ ਤੁਹਾਨੂੰ ਇਹ ਕੁਝ ਸਹਿਣਾ ਪਿਆ . . .

 •   ਕਿਸੇ ਅਜ਼ੀਜ਼ ਦੀ ਮੌਤ?

 •   ਲੰਬੇ ਸਮੇਂ ਤੋਂ ਕੋਈ ਬੀਮਾਰੀ?

 •   ਕੋਈ ਕੁਦਰਤੀ ਆਫ਼ਤ?

 ਖੋਜਕਾਰ ਦੱਸਦੇ ਹਨ ਕਿ ਸਿਰਫ਼ ਵੱਡੀਆਂ-ਵੱਡੀਆਂ ਚੁਣੌਤੀਆਂ ਲਈ ਹੀ ਹਿੰਮਤ ਦੀ ਲੋੜ ਨਹੀਂ ਹੁੰਦੀ। ਹਰ ਰੋਜ਼ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਕਰਕੇ ਹੁੰਦੀ ਚਿੰਤਾ ਦਾ ਵੀ ਸਾਡੀ ਸਿਹਤ ʼਤੇ ਬੁਰਾ ਅਸਰ ਪੈਂਦਾ ਹੈ। ਇਸ ਕਰਕੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੋਰ ਜ਼ਿਆਦਾ ਹਿੰਮਤ ਤੋਂ ਕੰਮ ਲਈਏ ਭਾਵੇਂ ਸਾਡੀਆਂ ਮੁਸ਼ਕਲਾਂ ਵੱਡੀਆਂ ਹੋਣ ਜਾਂ ਛੋਟੀਆਂ।

 ਹਿੰਮਤੀ ਬਣਨ ਦਾ ਕੀ ਮਤਲਬ ਹੈ?

 ਹਿੰਮਤ ਉਹ ਕਾਬਲੀਅਤ ਹੈ ਜਿਸ ਨਾਲ ਜ਼ਿੰਦਗੀ ਵਿਚ ਆਉਂਦੀਆਂ ਤਬਦੀਲੀਆਂ ਅਤੇ ਮੁਸੀਬਤਾਂ ਨਾਲ ਸਿੱਝਿਆ ਜਾ ਸਕਦਾ ਹੈ। ਹਿੰਮਤੀ ਲੋਕਾਂ ਨੂੰ ਵੀ ਸਮੱਸਿਆਵਾਂ ਆਉਂਦੀਆਂ ਹਨ। ਪਰ ਉਹ ਇਨ੍ਹਾਂ ਵਿੱਚੋਂ ਨਿਕਲ ਸਕਦੇ ਅਤੇ ਪਹਿਲਾਂ ਨਾਲੋਂ ਜ਼ਿਆਦਾ ਦਲੇਰ ਬਣ ਸਕਦੇ ਹਨ।

ਜਿਸ ਤਰ੍ਹਾਂ ਤੂਫ਼ਾਨੀ ਹਵਾ ਨਾਲ ਕੁਝ ਦਰਖ਼ਤ ਝੁਕ ਜਾਂਦੇ ਹਨ ਅਤੇ ਹਵਾ ਰੁਕ ਜਾਣ ਤੇ ਉਹ ਸਿੱਧੇ ਹੋ ਜਾਂਦੇ ਹਨ, ਉਸੇ ਤਰ੍ਹਾਂ ਤੁਸੀਂ ਤੂਫ਼ਾਨ ਵਰਗੀਆਂ ਸਮੱਸਿਆਵਾਂ ਨੂੰ ਝੱਲ ਸਕਦੇ ਹੋ

 ਤੁਹਾਡੇ ਲਈ ਹਿੰਮਤੀ ਬਣਨਾ ਜ਼ਰੂਰੀ ਕਿਉਂ ਹੈ?

 •   ਮੁਸ਼ਕਲਾਂ ਤਾਂ ਆਉਣੀਆਂ ਹੀ ਹਨ। ਬਾਈਬਲ ਕਹਿੰਦੀ ਹੈ: “ਮੈਂ ਧਰਤੀ ਉੱਤੇ ਇਹ ਵੀ ਦੇਖਿਆ ਹੈ ਕਿ ਤੇਜ਼ ਦੌੜਨ ਵਾਲਾ ਹਮੇਸ਼ਾ ਦੌੜ ਨਹੀਂ ਜਿੱਤਦਾ . . . ਨਾ ਹੀ ਗਿਆਨਵਾਨ ਨੂੰ ਹਮੇਸ਼ਾ ਕਾਮਯਾਬੀ ਹਾਸਲ ਹੁੰਦੀ ਹੈ ਕਿਉਂਕਿ ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ।” (ਉਪਦੇਸ਼ਕ ਦੀ ਕਿਤਾਬ 9:11) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਚੰਗੇ ਲੋਕਾਂ ਨੂੰ ਵੀ ਦੁੱਖ ਸਹਿਣੇ ਪੈਂਦੇ ਹਨ, ਭਾਵੇਂ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ।

 •   ਹਿੰਮਤੀ ਬਣ ਕੇ ਤੁਹਾਡੀ ਰਾਖੀ ਹੁੰਦੀ ਹੈ। ਹਾਈ ਸਕੂਲ ਦਾ ਇਕ ਸਲਾਹਕਾਰ ਦੱਸਦਾ ਹੈ: “ਮੇਰੇ ਆਫ਼ਿਸ ਵਿਚ ਪਹਿਲਾਂ ਨਾਲੋਂ ਜ਼ਿਆਦਾ ਵਿਦਿਆਰਥੀ ਪਰੇਸ਼ਾਨ ਹੋ ਕੇ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਨੰਬਰ ਘੱਟ ਆਏ ਸਨ ਜਾਂ ਸੋਸ਼ਲ ਮੀਡੀਆ ʼਤੇ ਉਨ੍ਹਾਂ ਬਾਰੇ ਕਿਸੇ ਨੇ ਕੁਝ ਗ਼ਲਤ ਕਿਹਾ ਸੀ।” ਉਹ ਕਹਿੰਦਾ ਹੈ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਨ੍ਹਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਕਿਵੇਂ ਸੁਲਝਾਉਣਾ ਹੈ ਜਿਸ ਕਰਕੇ ਉਹ “ਵੱਖੋ-ਵੱਖਰੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਸਕਦੇ ਹਨ।” a

 •   ਹਿੰਮਤੀ ਬਣ ਕੇ ਨਾ ਸਿਰਫ਼ ਹੁਣ, ਸਗੋਂ ਸਾਰੀ ਜ਼ਿੰਦਗੀ ਤੁਹਾਡੀ ਮਦਦ ਹੋਵੇਗੀ। ਜ਼ਿੰਦਗੀ ਵਿਚ ਹੁੰਦੀ ਨਿਰਾਸ਼ਾ ਬਾਰੇ ਡਾਕਟਰ ਰਿਚਰਡ ਲਰਨਰ ਲਿਖਦਾ ਹੈ: “ਇਕ ਸਫ਼ਲ ਅਤੇ ਮਿਹਨਤੀ ਇਨਸਾਨ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ਨਿਰਾਸ਼ਾ ਵਿੱਚੋਂ ਨਿਕਲੋ, ਕੋਈ ਨਵਾਂ ਟੀਚਾ ਰੱਖੋ ਜਾਂ ਕੋਈ ਹੋਰ ਰਸਤਾ ਲੱਭੋ ਜਿਸ ਨਾਲ ਤੁਸੀਂ ਆਪਣੀ ਮੰਜ਼ਲ ʼਤੇ ਪਹੁੰਚ ਸਕੋ।” b

 ਤੁਸੀਂ ਹੋਰ ਜ਼ਿਆਦਾ ਹਿੰਮਤੀ ਕਿਵੇਂ ਬਣ ਸਕਦੇ ਹੋ?

 •   ਆਪਣੀਆਂ ਸਮੱਸਿਆਵਾਂ ਬਾਰੇ ਸਹੀ ਨਜ਼ਰੀਆ ਰੱਖੋ। ਵੱਡੀਆਂ ਅਤੇ ਛੋਟੀਆਂ ਸਮੱਸਿਆਵਾਂ ਵਿਚ ਫ਼ਰਕ ਕਰਨਾ ਸਿੱਖੋ। ਬਾਈਬਲ ਕਹਿੰਦੀ ਹੈ: “ਮੂਰਖ ਝੱਟ ਚਿੜ ਜਾਂਦਾ ਹੈ, ਪਰ ਸਮਝਦਾਰ ਆਦਮੀ ਬੇਇੱਜ਼ਤੀ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।” (ਕਹਾਉਤਾਂ 12:16) ਤੁਹਾਨੂੰ ਹਰ ਸਮੱਸਿਆ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।

   “ਸਕੂਲ ਵਿਚ ਬੱਚੇ ਛੋਟੀਆਂ-ਛੋਟੀਆਂ ਗੱਲਾਂ ਬਾਰੇ ਵਧਾ-ਚੜ੍ਹਾ ਕੇ ਸ਼ਿਕਾਇਤਾਂ ਕਰਦੇ ਹਨ। ਫਿਰ ਜਦੋਂ ਸੋਸ਼ਲ ਮੀਡੀਆ ʼਤੇ ਦੋਸਤ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਕਰਨੀਆਂ ਜਾਇਜ਼ ਹਨ, ਤਾਂ ਉਹ ਹੋਰ ਵੀ ਨਿਰਾਸ਼ ਹੋ ਜਾਂਦੇ ਹਨ। ਇਸ ਕਰਕੇ ਉਨ੍ਹਾਂ ਲਈ ਆਪਣੀਆਂ ਸਮੱਸਿਆਵਾਂ ਬਾਰੇ ਸਹੀ ਨਜ਼ਰੀਆ ਰੱਖਣਾ ਔਖਾ ਹੁੰਦਾ ਹੈ।”—ਜੋਐਨ।

 •   ਦੂਜਿਆਂ ਤੋਂ ਸਿੱਖੋ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਉਸੇ ਤਰ੍ਹਾਂ ਇਕ ਆਦਮੀ ਆਪਣੇ ਦੋਸਤ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਅਸੀਂ ਉਨ੍ਹਾਂ ਲੋਕਾਂ ਤੋਂ ਅਹਿਮ ਸਬਕ ਸਿੱਖ ਸਕਦੇ ਹਾਂ ਜੋ ਪਹਿਲਾਂ ਹੀ ਮੁਸੀਬਤਾਂ ਦੇ ਪਹਾੜ ਪਾਰ ਕਰ ਚੁੱਕੇ ਹਨ।

   “ਜਦੋਂ ਤੁਸੀਂ ਦੂਜਿਆਂ ਨਾਲ ਗੱਲ ਕਰਦੇ ਹੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਿੰਨੀਆਂ ਅਜ਼ਮਾਇਸ਼ਾਂ ਸਹਿਣੀਆਂ ਪਈਆਂ, ਪਰ ਹੁਣ ਉਹ ਠੀਕ ਹਨ। ਉਨ੍ਹਾਂ ਨਾਲ ਗੱਲ ਕਰ ਕੇ ਦੇਖੋ ਕਿ ਉਨ੍ਹਾਂ ਨੇ ਇੱਦਾਂ ਦੇ ਹਾਲਾਤਾਂ ਵਿੱਚੋਂ ਨਿਕਲਣ ਲਈ ਕੀ ਕੀਤਾ।”—ਜੂਲੀਆ।

 •   ਧੀਰਜ ਰੱਖੋ। ਬਾਈਬਲ ਕਹਿੰਦੀ ਹੈ: “ਧਰਮੀ ਚਾਹੇ ਸੱਤ ਵਾਰ ਡਿਗ ਵੀ ਪਵੇ, ਤਾਂ ਵੀ ਉਹ ਉੱਠ ਖੜ੍ਹਾ ਹੋਵੇਗਾ।” (ਕਹਾਉਤਾਂ 24:16) ਔਖੇ ਹਾਲਾਤਾਂ ਅਨੁਸਾਰ ਢਲ਼ਣ ਲਈ ਸਮਾਂ ਲੱਗਦਾ ਹੈ। ਇਸ ਲਈ ਹੈਰਾਨ ਨਾ ਹੋਵੋ ਜੇ ਤੁਸੀਂ ਕਦੇ-ਕਦੇ ਉਦਾਸ ਹੋ ਜਾਂਦੇ ਹੋ। ਜ਼ਰੂਰੀ ਗੱਲ ਹੈ ਕਿ ਤੁਸੀਂ ਫਿਰ ਤੋਂ ‘ਉੱਠ ਖੜ੍ਹੇ ਹੋਵੋ।’

   ਜਦੋਂ ਤੁਸੀਂ ਹਾਰ ਨਾ ਮੰਨਦੇ ਹੋਏ ਅੱਗੇ ਵਧਦੇ ਹੋ, ਤਾਂ ਦਿਲ ਦੇ ਜ਼ਖ਼ਮ ਹੌਲੀ-ਹੌਲੀ ਭਰ ਜਾਣਗੇ। ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਉੱਦਾਂ-ਉੱਦਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਠੀਕ ਮਹਿਸੂਸ ਕਰ ਰਹੀ ਹਾਂ।”—ਆਂਡ੍ਰੇਆ।

 •   ਸ਼ੁਕਰਗੁਜ਼ਾਰ ਹੋਵੋ। ਬਾਈਬਲ ਕਹਿੰਦੀ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” (ਕੁਲੁੱਸੀਆਂ 3:15) ਭਾਵੇਂ ਤੁਸੀਂ ਜਿੰਨੇ ਮਰਜ਼ੀ ਔਖੇ ਹਾਲਾਤਾਂ ਵਿੱਚੋਂ ਲੰਘ ਰਹੇ ਹੋ, ਫਿਰ ਵੀ ਤੁਸੀਂ ਕਿਸੇ-ਨਾ-ਕਿਸੇ ਗੱਲ ਲਈ ਹਮੇਸ਼ਾ ਸ਼ੁਕਰਗੁਜ਼ਾਰ ਹੋ ਸਕਦੇ ਹੋ। ਅਜਿਹੀਆਂ ਤਿੰਨ ਗੱਲਾਂ ਬਾਰੇ ਸੋਚੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜ਼ਿੰਦਗੀ ਬਹੁਤ ਹਸੀਨ ਹੈ।

   “ਜਦੋਂ ਤੁਸੀਂ ਕਿਸੇ ਮੁਸ਼ਕਲ ਵਿੱਚੋਂ ਗੁਜ਼ਰਦੇ ਹੋ, ਤਾਂ ਤੁਸੀਂ ਸ਼ਾਇਦ ਕਹੋ, ‘ਮੇਰੇ ਨਾਲ ਹੀ ਇਹ ਕਿਉਂ ਹੋ ਰਿਹਾ ਹੈ?’ ਆਪਣੀਆਂ ਸਮੱਸਿਆਵਾਂ ਬਾਰੇ ਸੋਚੀ ਜਾਣ ਦੀ ਬਜਾਇ ਸਹੀ ਨਜ਼ਰੀਆ ਰੱਖੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਜਾਂ ਜੋ ਕੁਝ ਵੀ ਤੁਸੀਂ ਕਰ ਸਕਦੇ ਹੋ, ਉਸ ਲਈ ਸ਼ੁਕਰਗੁਜ਼ਾਰ ਹੋਵੋ।”—ਸਮੰਥਾ।

 •   ਸੰਤੁਸ਼ਟ ਰਹੋ। ਪੌਲੁਸ ਰਸੂਲ ਨੇ ਕਿਹਾ: “ਮੈਂ ਹਰ ਹਾਲ ਵਿਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ।” (ਫ਼ਿਲਿੱਪੀਆਂ 4:11) ਪੌਲੁਸ ਨੂੰ ਜਿਹੜੀਆਂ ਵੀ ਮੁਸ਼ਕਲਾਂ ਆਈਆਂ, ਉਨ੍ਹਾਂ ʼਤੇ ਉਸ ਦਾ ਕੋਈ ਵੱਸ ਨਹੀਂ ਸੀ ਚੱਲਦਾ। ਪਰ ਇਹ ਉਸ ਦੇ ਵੱਸ ਵਿਚ ਸੀ ਕਿ ਉਹ ਕੀ ਕਰ ਸਕਦਾ ਸੀ ਜਾਂ ਕੀ ਨਹੀਂ। ਪੌਲੁਸ ਨੇ ਸੰਤੁਸ਼ਟ ਰਹਿਣ ਦੀ ਠਾਣੀ ਹੋਈ ਸੀ।

   “ਮੈਂ ਆਪਣੇ ਬਾਰੇ ਇਹ ਗੱਲ ਦੇਖੀ ਹੈ ਕਿ ਸਮੱਸਿਆ ਆਉਣ ਤੇ ਪਹਿਲਾਂ-ਪਹਿਲ ਜੋ ਮੈਂ ਕੀਤਾ ਉਹ ਹਮੇਸ਼ਾ ਸਹੀ ਨਹੀਂ ਸੀ। ਮੇਰਾ ਟੀਚਾ ਹੈ ਕਿ ਮੈਂ ਕਿਸੇ ਵੀ ਹਾਲਾਤ ਬਾਰੇ ਸਹੀ ਨਜ਼ਰੀਆ ਰੱਖਾਂਗਾ। ਇਸ ਤਰ੍ਹਾਂ ਨਾ ਸਿਰਫ਼ ਮੈਨੂੰ ਫ਼ਾਇਦਾ ਹੋਵੇਗਾ, ਸਗੋਂ ਉਨ੍ਹਾਂ ਨੂੰ ਵੀ ਫ਼ਾਇਦਾ ਹੋਵੇਗਾ ਜੋ ਮੇਰੇ ਕਰੀਬ ਹਨ।”—ਮੈਥਿਊ।

 •   ਪ੍ਰਾਰਥਨਾ। ਬਾਈਬਲ ਕਹਿੰਦੀ ਹੈ: “ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ ਦੇ ਅਤੇ ਉਹ ਤੈਨੂੰ ਸੰਭਾਲੇਗਾ। ਉਹ ਧਰਮੀ ਨੂੰ ਕਦੇ ਵੀ ਡਿਗਣ ਨਹੀਂ ਦੇਵੇਗਾ।” (ਜ਼ਬੂਰ 55:22) ਤੁਸੀਂ ਪ੍ਰਾਰਥਨਾ ਸਿਰਫ਼ ਮਨ ਦੀ ਸ਼ਾਂਤੀ ਲਈ ਹੀ ਨਹੀਂ ਕਰਦੇ, ਸਗੋਂ ਇਸ ਰਾਹੀਂ ਤੁਸੀਂ ਆਪਣੇ ਸ੍ਰਿਸ਼ਟੀਕਰਤਾ ਨਾਲ ਗੱਲਬਾਤ ਕਰਦੇ ਹੋ ਜਿਸ ਨੂੰ “ਤੁਹਾਡਾ ਫ਼ਿਕਰ ਹੈ।”—1 ਪਤਰਸ 5:7.

   “ਮੈਨੂੰ ਇਕੱਲੇ ਨੂੰ ਜੱਦੋ-ਜਹਿਦ ਕਰਨ ਦੀ ਲੋੜ ਨਹੀਂ ਹੈ। ਮੈਂ ਆਪਣੀਆਂ ਸਮੱਸਿਆਵਾਂ ਬਾਰੇ ਰੱਬ ਨੂੰ ਖੁੱਲ੍ਹ ਕੇ ਪ੍ਰਾਰਥਨਾ ਕਰਦਾ ਹਾਂ ਅਤੇ ਉਸ ਤੋਂ ਮਿਲੀਆਂ ਬਰਕਤਾਂ ਲਈ ਉਸ ਦਾ ਧੰਨਵਾਦ ਕਰਦਾ ਹਾਂ। ਯਹੋਵਾਹ ਤੋਂ ਮਿਲੀਆਂ ਬਰਕਤਾਂ ʼਤੇ ਧਿਆਨ ਲਾਉਣ ਨਾਲ ਮੈਂ ਨਿਰਾਸ਼ ਕਰਨ ਵਾਲੀਆਂ ਭਾਵਨਾਵਾਂ ਨੂੰ ਕਾਬੂ ਕਰ ਸਕਿਆ। ਇਸ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ।”ਕਾਰਲੋਸ।

a ਥੌਮਸ ਕ੍ਰੈਸਟਿੰਗ ਦੀ ਕਿਤਾਬ ਡਿਸਕੋਨੈਕਟਡ ਤੋਂ।

b ਦ ਗੁੱਡ ਟੀਨ—ਰੈਸਕਿਊਇੰਗ ਐਡੋਲੈਸੰਸ ਫਰਾਮ ਦ ਮਿੱਥਸ ਆਫ ਦ ਸਟੋਰਮ ਐਂਡ ਸਟ੍ਰੈਸ ਯੀਅਰਸ ਕਿਤਾਬ ਤੋਂ।