Skip to content

ਨੌਜਵਾਨ ਪੁੱਛਦੇ ਹਨ

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਕਿਉਂ ਨਹੀਂ ਦੇਖਣੀਆਂ ਚਾਹੀਦੀਆਂ?

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਕਿਉਂ ਨਹੀਂ ਦੇਖਣੀਆਂ ਚਾਹੀਦੀਆਂ?

 ਕੀ ਤੁਸੀਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਤੋਂ ਬਚ ਸਕਦੇ ਹੋ?

 ਜੇ ਤੁਸੀਂ ਇੰਟਰਨੈੱਟ ਵਰਤਦੇ ਹੋ, ਤਾਂ ਕਦੇ-ਨਾ-ਕਦੇ ਤੁਹਾਡੀ ਨਜ਼ਰ ਗੰਦੀਆਂ ਤਸਵੀਰਾਂ ਜਾਂ ਕਿਸੇ ਅਸ਼ਲੀਲ ਵੈੱਬਸਾਈਟ ʼਤੇ ਪੈ ਹੀ ਜਾਵੇਗੀ। 17 ਸਾਲਾਂ ਦੀ ਹੇਲੀ ਕਹਿੰਦੀ ਹੈ: “ਅੱਜ-ਕੱਲ੍ਹ ਤੁਹਾਨੂੰ ਗੰਦੀਆਂ ਵੈੱਬਸਾਈਟਾਂ ਦੇਖਣ ਦੀ ਲੋੜ ਨਹੀਂ ਪੈਂਦੀ। ਇਹ ਸਾਈਟਾਂ ਤੁਹਾਨੂੰ ਲੱਭ ਲੈਂਦੀਆਂ ਹਨ।”

 ਉਨ੍ਹਾਂ ਲੋਕਾਂ ਨੂੰ ਵੀ ਗੰਦੀਆਂ ਤਸਵੀਰਾਂ ਜਾਂ ਵੀਡੀਓ ਦੇਖਣ ਦੀ ਆਦਤ ਪੈ ਸਕਦੀ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਨਾ ਦੇਖਣ ਦਾ ਪੱਕਾ ਠਾਣਿਆ ਹੁੰਦਾ ਹੈ। 18 ਸਾਲਾਂ ਦਾ ਗ੍ਰੈਗ ਕਹਿੰਦਾ ਹੈ: “ਮੈਂ ਪੱਕਾ ਇਰਾਦਾ ਕੀਤਾ ਸੀ ਕਿ ਮੈਂ ਗੰਦੀਆਂ ਤਸਵੀਰਾਂ ਨਹੀਂ ਦੇਖਾਂਗਾ, ਪਰ ਮੈਂ ਦੇਖ ਲਈਆਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਨਾਲ ਕਦੇ ਇੱਦਾਂ ਨਹੀਂ ਹੋਵੇਗਾ।”

 ਅੱਜ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਪਹਿਲਾਂ ਨਾਲੋਂ ਕਿਤੇ ਆਸਾਨੀ ਨਾਲ ਦੇਖੀਆਂ ਜਾ ਸਕਦੀਆਂ ਹਨ। ਅੱਜ ਮੋਬਾਇਲ ਜਾਂ ਇੰਟਰਨੈੱਟ ਰਾਹੀਂ ਮੁੰਡੇ-ਕੁੜੀਆਂ ਅਸ਼ਲੀਲ ਮੈਸਿਜ, ਆਪਣੀਆਂ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦੂਸਰਿਆਂ ਨੂੰ ਭੇਜਦੇ ਹਨ।

 ਮੁੱਖ ਗੱਲ: ਜਦੋਂ ਤੁਹਾਡੇ ਮਾਪੇ, ਦਾਦਾ-ਦਾਦੀ ਜਾਂ ਨਾਨਾ-ਨਾਨੀ ਤੁਹਾਡੀ ਉਮਰ ਦੇ ਸਨ, ਉਦੋਂ ਗੰਦੀਆਂ ਤਸਵੀਰਾਂ ਜਾ ਫ਼ਿਲਮਾਂ ਆਸਾਨੀ ਨਾਲ ਨਹੀਂ ਮਿਲਦੀਆਂ ਸਨ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ, ਕੀ ਤੁਸੀਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਤੋਂ ਬਚ ਸਕਦੇ ਹੋ?​—ਜ਼ਬੂਰਾਂ ਦੀ ਪੋਥੀ 97:10.

 ਹਾਂ। ਪਰ ਇਹ ਤੁਹਾਡੇ ʼਤੇ ਨਿਰਭਰ ਕਰਦਾ ਹੈ। ਪਰ ਪਹਿਲਾਂ ਤੁਹਾਨੂੰ ਖ਼ੁਦ ਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣੀਆਂ ਗ਼ਲਤ ਹਨ। ਆਓ ਇਸ ਵਿਸ਼ੇ ਨਾਲ ਸੰਬੰਧਿਤ ਕੁਝ ਸੱਚ ਅਤੇ ਝੂਠ ਜਾਣੀਏ।

 ਸੱਚ ਅਤੇ ਝੂਠ

 ਝੂਠ: ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਨਾਲ ਮੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

 ਸੱਚ: ਜਿੱਦਾਂ ਸਿਗਰਟ ਪੀਣ ਨਾਲ ਤੁਹਾਡੇ ਫੇਫੜਿਆਂ ʼਤੇ ਮਾੜਾ ਅਸਰ ਪੈਂਦਾ ਹੈ, ਉਸੇ ਤਰ੍ਹਾਂ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦਾ ਤੁਹਾਡੇ ਦਿਮਾਗ਼ ʼਤੇ ਗ਼ਲਤ ਅਸਰ ਪੈਂਦਾ ਹੈ। ਨਾਲੇ ਇਸ ਗੱਲ ਲਈ ਤੁਹਾਡੀ ਕਦਰ ਘੱਟ ਸਕਦੀ ਹੈ ਕਿ ਪਰਮੇਸ਼ੁਰ ਨੇ ਦੋ ਇਨਸਾਨਾਂ ਨੂੰ ਮਜ਼ਬੂਤ ਬੰਧਨ ਵਿਚ ਬੰਨ੍ਹਿਆ ਹੈ ਤਾਂਕਿ ਉਹ ਉਮਰ ਭਰ ਇਕ-ਦੂਜੇ ਦਾ ਸਾਥ ਦੇਣ। (ਉਤਪਤ 2:24) ਸਮੇਂ ਦੇ ਬੀਤਣ ਨਾਲ, ਤੁਹਾਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿ ਕੀ ਸਹੀ ਹੈ ਤੇ ਕੀ ਗ਼ਲਤ। ਮਿਸਾਲ ਲਈ, ਕਈ ਮਾਹਰ ਕਹਿੰਦੇ ਹਨ ਕਿ ਜਿਹੜੇ ਆਦਮੀ ਲਗਾਤਾਰ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਦੇ ਰਹਿੰਦੇ ਹਨ, ਉਹ ਆਸਾਨੀ ਨਾਲ ਔਰਤਾਂ ʼਤੇ ਹੱਥ ਚੁੱਕ ਸਕਦੇ ਹਨ।

  ਬਾਈਬਲ ਕੁਝ ਲੋਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ “ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ” ਦਿੱਤੀਆਂ। (ਅਫ਼ਸੀਆਂ 4:19) ਉਨ੍ਹਾਂ ਦੀ ਜ਼ਮੀਰ ਇਸ ਹੱਦ ਤਕ ਸੁੰਨ ਹੋ ਗਈ ਕਿ ਉਨ੍ਹਾਂ ਨੂੰ ਬੁਰੇ ਕੰਮ ਕਰਦਿਆਂ ਕੋਈ ਫ਼ਰਕ ਨਹੀਂ ਪੈਦਾ।

 ਝੂਠ: ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਤੋਂ ਤੁਸੀਂ ਸੈਕਸ ਬਾਰੇ ਸਿੱਖ ਸਕਦੇ ਹੋ।

 ਸੱਚ: ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਨਾਲ ਤੁਸੀਂ ਲਾਲਚੀ ਬਣ ਜਾਂਦੇ ਹੋ। ਤੁਸੀਂ ਲੋਕਾਂ ਨੂੰ ਬਸ ਆਪਣੀ ਹਵਸ ਪੂਰੀ ਕਰਨ ਦਾ ਜ਼ਰੀਆ ਸਮਝਦੇ ਹੋ। ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਦੀ ਆਦਤ ਹੁੰਦੀ ਹੈ, ਉਨ੍ਹਾਂ ਨੂੰ ਵਿਆਹ ਤੋਂ ਬਾਅਦ ਆਪਣੇ ਜੀਵਨ ਸਾਥੀ ਨਾਲ ਸੰਬੰਧ ਰੱਖ ਕੇ ਵੀ ਸੰਤੁਸ਼ਟੀ ਨਹੀਂ ਮਿਲਦੀ।

  ਬਾਈਬਲ ਕਹਿੰਦੀ ਹੈ ਕਿ ਮਸੀਹੀਆਂ ਨੂੰ “ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ” ਤੋਂ ਦੂਰ ਰਹਿਣਾ ਚਾਹੀਦਾ ਹੈ। (ਕੁਲੁੱਸੀਆਂ 3:5) ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਨਾਲ ਇਹ ਇੱਛਾਵਾਂ ਪੈਦਾ ਹੁੰਦੀਆਂ ਹਨ।

 ਝੂਠ: ਜਿਹੜੇ ਲੋਕ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਨਹੀਂ ਦੇਖਦੇ, ਉਹ ਸੈਕਸ ਬਾਰੇ ਗੱਲ ਕਰਨ ਤੋਂ ਸ਼ਰਮਿੰਦਗੀ ਮਹਿਸੂਸ ਕਰਦੇ ਹਨ।

 ਸੱਚ: ਜਿਹੜੇ ਲੋਕ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਨਹੀਂ ਦੇਖਦੇ, ਉਨ੍ਹਾਂ ਦਾ ਸੈਕਸ ਬਾਰੇ ਸਹੀ ਨਜ਼ਰੀਆ ਹੁੰਦਾ ਹੈ। ਉਹ ਮੰਨਦੇ ਹਨ ਕਿ ਸੈਕਸ ਇਕ ਤੋਹਫ਼ਾ ਹੈ ਜੋ ਰੱਬ ਨੇ ਵਿਆਹਿਆ ਨੂੰ ਦਿੱਤਾ ਹੈ ਤਾਂਕਿ ਉਨ੍ਹਾਂ ਦਾ ਵਿਆਹ ਦਾ ਬੰਧਨ ਮਜ਼ਬੂਤ ਹੋ ਸਕੇ ਅਤੇ ਉਹ ਇਕ-ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਪੂਰਾ ਕਰ ਸਕਣ। ਜਿਹੜੇ ਲੋਕ ਇਹ ਨਜ਼ਰੀਆ ਰੱਖਦੇ ਹਨ, ਉਨ੍ਹਾਂ ਨੂੰ ਵਿਆਹ ਤੋਂ ਬਾਅਦ ਆਪਣੇ ਵਿਆਹੁਤਾ ਸਾਥੀ ਨਾਲ ਸੰਬੰਧ ਬਣਾ ਕੇ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ।

  ਬਾਈਬਲ ਸੈਕਸ ਬਾਰੇ ਖੁੱਲ੍ਹ ਕੇ ਦੱਸਦੀ ਹੈ। ਮਿਸਾਲ ਲਈ, ਇਸ ਵਿਚ ਪਤੀਆਂ ਨੂੰ ਕਿਹਾ ਗਿਆ ਹੈ: “ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। . . . ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।”​—ਕਹਾਉਤਾਂ 5:18, 19.

 ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਆਦਤ ਤੋਂ ਛੁਟਕਾਰਾ ਕਿਵੇਂ ਪਾਈਏ?

 ਉਦੋਂ ਕੀ, ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਜ਼ਬਰਦਸਤ ਇੱਛਾ ʼਤੇ ਕਾਬੂ ਨਹੀਂ ਪਾ ਸਕਦੇ? “ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਆਦਤ ਤੋਂ ਕਿਵੇਂ ਛੁਟਕਾਰਾ ਪਾਈਏ?” ਨਾਂ ਦੇ ਅਭਿਆਸ ਨਾਲ ਤੁਹਾਡੀ ਮਦਦ ਹੋ ਸਕਦੀ ਹੈ।

 ਯਕੀਨ ਰੱਖੋ ਕਿ ਤੁਸੀਂ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਦੀ ਇੱਛਾ ʼਤੇ ਕਾਬੂ ਪਾ ਸਕਦੇ ਹੋ। ਜੇ ਤੁਸੀਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਦੇ ਹੋ, ਤਾਂ ਵੀ ਤੁਸੀਂ ਇਨ੍ਹਾਂ ਨੂੰ ਦੇਖਣਾ ਬੰਦ ਕਰ ਸਕਦੇ ਹੋ। ਇੱਦਾਂ ਕਰਨ ਨਾਲ ਤੁਹਾਨੂੰ ਹੀ ਫ਼ਾਇਦਾ ਹੋਵੇਗਾ।

 ਕੈਲਵਿਨ ਦੀ ਮਿਸਾਲ ਤੇ ਗੌਰ ਕਰੋ। ਉਹ ਮੰਨਦਾ ਹੈ ਕਿ ਉਸ ਨੂੰ ਲਗਭਗ 13 ਸਾਲ ਦੀ ਉਮਰ ਵਿਚ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਆਦਤ ਪੈ ਗਈ ਸੀ। ਉਹ ਦੱਸਦਾ ਹੈ: “ਮੈਨੂੰ ਪਤਾ ਸੀ ਕਿ ਮੈਂ ਗ਼ਲਤ ਕਰ ਰਿਹਾ ਹਾਂ, ਪਰ ਮੇਰੇ ਤੋਂ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਇੱਛਾ ʼਤੇ ਕਾਬੂ ਨਹੀਂ ਹੋ ਰਿਹਾ ਸੀ। ਇਹ ਸਾਰਾ ਕੁਝ ਦੇਖ ਕੇ ਮੈਨੂੰ ਆਪਣੇ ਆਪ ʼਤੇ ਸ਼ਰਮ ਆਉਂਦੀ ਸੀ। ਫਿਰ ਮੇਰੇ ਡੈਡੀ ਨੂੰ ਇਸ ਬਾਰੇ ਪਤਾ ਲੱਗ ਗਿਆ। ਸੱਚੀਂ ਦੱਸਾਂ, ਮੈਂ ਬਹੁਤ ਖ਼ੁਸ਼ ਸੀ। ਹੁਣ ਮੇਰੀ ਮਦਦ ਕਰਨ ਵਾਲਾ ਕੋਈ ਸੀ।”

 ਕੈਲਵਿਨ ਨੇ ਗੰਦੀਆਂ ਤਸਵੀਰਾਂ ਅਤੇ ਫ਼ਿਲਮਾਂ ਦੇਖਣ ਦੀ ਆਦਤ ਤੋਂ ਛੁਟਕਾਰਾ ਪਾ ਲਿਆ। ਉਹ ਕਹਿੰਦਾ ਹੈ: “ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਦੀ ਆਦਤ ਪਾ ਕੇ ਮੈਂ ਬਹੁਤ ਵੱਡੀ ਗ਼ਲਤੀ ਕੀਤੀ ਜਿਸ ਦਾ ਹਰਜਾਨਾ ਮੈਂ ਅਜੇ ਤਕ ਭਰ ਰਿਹਾ ਹਾਂ ਕਿਉਂਕਿ ਅੱਜ ਵੀ ਮੇਰੀਆਂ ਅੱਖਾਂ ਅੱਗੇ ਉਹ ਤਸਵੀਰਾਂ ਘੁੰਮਣ ਲੱਗ ਪੈਂਦੀਆਂ ਹਨ। ਨਾਲੇ ਕਦੇ-ਕਦੇ ਮੇਰਾ ਦਿਲ ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਨੂੰ ਕਰਦਾ ਹੈ। ਪਰ ਮੈਂ ਸੋਚਦਾ ਹਾਂ ਕਿ ਯਹੋਵਾਹ ਦੀ ਇੱਛਾ ਅਨੁਸਾਰ ਕੰਮ ਕਰ ਕੇ ਮੈਂ ਕਿੰਨਾ ਜ਼ਿਆਦਾ ਖ਼ੁਸ਼ ਹਾਂ, ਮੇਰਾ ਚਾਲ-ਚਲਣ ਸ਼ੁੱਧ ਹੈ ਅਤੇ ਮੈਨੂੰ ਵਧੀਆ ਭਵਿੱਖ ਦੀ ਉਮੀਦ ਹੈ।”