Skip to content

Skip to table of contents

ਯਹੋਵਾਹ ਕੁਚਲੇ ਦਿਲ ਵਾਲਿਆਂ ਦੀ ਸੁਣਦਾ ਹੈ

ਯਹੋਵਾਹ ਕੁਚਲੇ ਦਿਲ ਵਾਲਿਆਂ ਦੀ ਸੁਣਦਾ ਹੈ

ਯਹੋਵਾਹ ਕੁਚਲੇ ਦਿਲ ਵਾਲਿਆਂ ਦੀ ਸੁਣਦਾ ਹੈ

ਪ੍ਰਾਚੀਨ ਇਸਰਾਏਲ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪ. 9:11, CL) ਕੋਈ ਦੁਖਦਾਈ ਘਟਨਾ ਜਾਂ ਕੋਈ ਅਜ਼ਮਾਇਸ਼ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਉਲਟ-ਪੁਲਟ ਕਰ ਸਕਦੀ ਹੈ। ਮਿਸਾਲ ਲਈ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਅਚਾਨਕ ਮੌਤ ਹੋ ਜਾਣ ਕਾਰਨ ਅਸੀਂ ਜਜ਼ਬਾਤੀ ਤੌਰ ਤੇ ਢੇਰੀ ਢਾਹ ਸਕਦੇ ਹਾਂ। ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿਚ ਸ਼ਾਇਦ ਅਸੀਂ ਦੁੱਖ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਨਾਲ ਘਿਰ ਜਾਈਏ। ਜਿਸ ਵਿਅਕਤੀ ਨਾਲ ਇਸ ਤਰ੍ਹਾਂ ਹੁੰਦਾ ਹੈ, ਉਹ ਇੰਨਾ ਬੌਂਦਲ ਜਾਂਦਾ ਹੈ ਕਿ ਆਪਣੇ ਆਪ ਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੇ ਕਾਬਲ ਨਹੀਂ ਸਮਝਦਾ।

ਇਸ ਹਾਲਾਤ ਵਿਚ ਉਸ ਨੂੰ ਹੌਸਲੇ, ਪਰਵਾਹ ਅਤੇ ਪਿਆਰ ਦੀ ਲੋੜ ਹੁੰਦੀ ਹੈ। ਇਸ ਲਈ ਜ਼ਬੂਰ ਦਾਊਦ ਨੇ ਭਰੋਸਾ ਦਿੰਦੇ ਹੋਏ ਗਾਇਆ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।” (ਜ਼ਬੂ. 145:14) ਬਾਈਬਲ ਸਾਨੂੰ ਕਹਿੰਦੀ ਹੈ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਉਹ ਕੁਚਲੇ ਹੋਏ ਅਤੇ ਉਦਾਸ ਜੀਅ ਵਾਲਿਆਂ ਦੇ ਨਾਲ ਹੈ ਤਾਂਕਿ ਉਹ ਉਨ੍ਹਾਂ ਦੇ ‘ਦਿਲ ਨੂੰ ਜਿਵਾਵੇ।’ (ਯਸਾ. 57:15) ਯਹੋਵਾਹ ਕੁਚਲੇ ਹੋਏ ਅਤੇ ਉਦਾਸ ਜੀਅ ਵਾਲੇ ਲੋਕਾਂ ਦਾ ਸਾਥ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਤਸੱਲੀ ਕਿਵੇਂ ਦਿੰਦਾ ਹੈ?

‘ਵੇਲੇ ਸਿਰ ਕਿਹਾ ਬਚਨ’

ਮਸੀਹੀ ਭਾਈਚਾਰਾ ਇਕ ਤਰੀਕਾ ਹੈ ਜਿਸ ਦੇ ਜ਼ਰੀਏ ਯਹੋਵਾਹ ਵੇਲੇ ਸਿਰ ਸਾਡੀ ਮਦਦ ਕਰਦਾ ਹੈ। ਮਸੀਹੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ “ਕਮਦਿਲਿਆਂ ਨੂੰ ਦਿਲਾਸਾ ਦਿਓ।” (1 ਥੱਸ. 5:14) ਜਦੋਂ ਕੋਈ ਦੁਖੀ ਹੁੰਦਾ ਹੈ ਅਤੇ ਸੋਗ ਮਨਾ ਰਿਹਾ ਹੁੰਦਾ ਹੈ, ਉਸ ਵੇਲੇ ਹਮਦਰਦ ਭੈਣ-ਭਰਾਵਾਂ ਵੱਲੋਂ ਪਰਵਾਹ ਅਤੇ ਪਿਆਰ ਭਰੇ ਸ਼ਬਦ ਕਹਿਣ ਨਾਲ ਉਸ ਨੂੰ ਬਹੁਤ ਹੌਸਲਾ ਮਿਲਦਾ ਹੈ। ਥੋੜ੍ਹੀ ਜਿਹੀ ਗੱਲਬਾਤ ਦੌਰਾਨ ਦਿਲਾਸੇ ਭਰੇ ਸ਼ਬਦ ਕਹਿਣ ਨਾਲ ਵੀ ਨਿਰਾਸ਼ ਬੰਦੇ ਦਾ ਹੌਸਲਾ ਵਧ ਜਾਂਦਾ ਹੈ। ਸਮਝਦਾਰੀ ਨਾਲ ਅਜਿਹੀਆਂ ਗੱਲਾਂ ਸ਼ਾਇਦ ਉਹ ਵਿਅਕਤੀ ਕਹੇ ਜਿਸ ਨੇ ਇਹੋ ਜਿਹੀ ਮਾਨਸਿਕ ਅਤੇ ਭਾਵਾਤਮਕ ਪੀੜਾ ਸਹੀ ਹੋਵੇ। ਜਾਂ ਸ਼ਾਇਦ ਇਹ ਗੱਲਾਂ ਉਹ ਦੋਸਤ ਕਹੇ ਜਿਸ ਦਾ ਵਾਹ ਇਹੋ ਜਿਹੇ ਲੋਕਾਂ ਨਾਲ ਪਿਆ ਹੋਵੇ। ਯਹੋਵਾਹ ਇਨ੍ਹਾਂ ਵਿਵਹਾਰਕ ਤਰੀਕਿਆਂ ਨਾਲ ਦੁਖੀ ਲੋਕਾਂ ਨੂੰ ਜਿਵਾਉਂਦਾ ਯਾਨੀ ਤਕੜਾ ਕਰ ਸਕਦਾ ਹੈ।

ਐਲੇਕਸ ਨਾਂ ਦੇ ਮਸੀਹੀ ਬਜ਼ੁਰਗ ਦੀ ਮਿਸਾਲ ਉੱਤੇ ਗੌਰ ਕਰੋ ਜਿਸ ਦਾ ਨਵਾਂ-ਨਵਾਂ ਵਿਆਹ ਹੋਇਆ ਸੀ। ਅਚਾਨਕ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ ਜਿਸ ਨੂੰ ਇਕ ਲਾਇਲਾਜ ਬੀਮਾਰੀ ਸੀ। ਇਕ ਹਮਦਰਦ ਸਫ਼ਰੀ ਨਿਗਾਹਬਾਨ ਨੇ ਐਲੇਕਸ ਨਾਲ ਦਿਲਾਸੇ ਭਰੇ ਸ਼ਬਦ ਸਾਂਝੇ ਕਰਨ ਦੀ ਸੋਚੀ। ਉਸ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ ਪਰ ਉਸ ਨੇ ਦੁਬਾਰਾ ਵਿਆਹ ਕਰਵਾ ਲਿਆ। ਸਫ਼ਰੀ ਨਿਗਾਹਬਾਨ ਨੇ ਐਲੇਕਸ ਨੂੰ ਦੱਸਿਆ ਕਿ ਕਿਵੇਂ ਉਸ ਦੀਆਂ ਭਾਵਨਾਵਾਂ ਉਸ ਉੱਤੇ ਹਾਵੀ ਹੋ ਗਈਆਂ ਸਨ। ਜਦੋਂ ਉਹ ਦੂਸਰਿਆਂ ਨਾਲ ਪ੍ਰਚਾਰ ਅਤੇ ਮੀਟਿੰਗਾਂ ਵਿਚ ਹੁੰਦਾ ਸੀ, ਤਾਂ ਉਹ ਚੰਗਾ-ਭਲਾ ਹੁੰਦਾ ਸੀ। ਪਰ ਜਦੋਂ ਉਹ ਆਪਣੇ ਕਮਰੇ ਵਿਚ ਦਾਖ਼ਲ ਹੋ ਕੇ ਦਰਵਾਜ਼ਾ ਬੰਦ ਕਰਦਾ ਸੀ, ਤਾਂ ਉਹ ਬਹੁਤ ਇਕੱਲਾ ਮਹਿਸੂਸ ਕਰਦਾ ਸੀ। ਐਲੇਕਸ ਕਹਿੰਦਾ ਹੈ: “ਇਹ ਜਾਣ ਕੇ ਮੈਨੂੰ ਕਿੰਨੀ ਰਾਹਤ ਮਿਲੀ ਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਹੋਣੀਆਂ ਆਮ ਹਨ ਅਤੇ ਦੂਸਰਿਆਂ ਨੇ ਵੀ ਇੱਦਾਂ ਮਹਿਸੂਸ ਕੀਤਾ ਹੈ।” ਸੱਚ-ਮੁੱਚ, ‘ਵੇਲੇ ਸਿਰ ਕਹੇ ਬਚਨ’ ਤੋਂ ਦੁਖਦਾਈ ਘੜੀਆਂ ਵਿਚ ਕਿੰਨਾ ਦਿਲਾਸਾ ਮਿਲ ਸਕਦਾ ਹੈ।—ਕਹਾ. 15:23.

ਇਕ ਹੋਰ ਮਸੀਹੀ ਬਜ਼ੁਰਗ ਅਜਿਹੇ ਕਈ ਵਿਅਕਤੀਆਂ ਨੂੰ ਜਾਣਦਾ ਹੈ ਜਿਨ੍ਹਾਂ ਦੇ ਜੀਵਨ-ਸਾਥੀ ਦੀ ਮੌਤ ਹੋ ਚੁੱਕੀ ਸੀ। ਉਸ ਨੇ ਐਲੇਕਸ ਨਾਲ ਕੁਝ ਹੌਸਲੇ ਭਰੇ ਸ਼ਬਦ ਸਾਂਝੇ ਕਰਨ ਦੀ ਸੋਚੀ। ਉਸ ਨੇ ਹਮਦਰਦੀ ਅਤੇ ਪਿਆਰ ਨਾਲ ਦੱਸਿਆ ਕਿ ਯਹੋਵਾਹ ਨੂੰ ਪਤਾ ਹੈ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ। ਭਰਾ ਨੇ ਕਿਹਾ, “ਜੇ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਜੀਵਨ-ਸਾਥੀ ਦੀ ਲੋੜ ਪੈ ਜਾਂਦੀ ਹੈ, ਤਾਂ ਯਹੋਵਾਹ ਨੇ ਦੁਬਾਰਾ ਵਿਆਹ ਕਰਨ ਦਾ ਚੰਗਾ ਪ੍ਰਬੰਧ ਕੀਤਾ ਹੈ।” ਪਰ ਹੋ ਸਕਦਾ ਹੈ ਕਿ ਕਿਸੇ ਕਾਰਨ ਕਰਕੇ ਉਨ੍ਹਾਂ ਸਾਰਿਆਂ ਦਾ ਦੁਬਾਰਾ ਵਿਆਹ ਨਾ ਹੋਵੇ ਜੋ ਆਪਣੇ ਜੀਵਨ-ਸਾਥੀ ਦੀ ਮੌਤ ਮਗਰੋਂ ਵਿਆਹ ਕਰਾਉਣਾ ਚਾਹੁੰਦੇ ਹਨ। ਪਰ ਭਰਾ ਦੇ ਇਨ੍ਹਾਂ ਲਫ਼ਜ਼ਾਂ ਉੱਤੇ ਸੋਚ-ਵਿਚਾਰ ਕਰਦਿਆਂ ਐਲੇਕਸ ਨੇ ਕਿਹਾ: “ਯਹੋਵਾਹ ਦੇ ਇਸ ਪ੍ਰਬੰਧ ਬਾਰੇ ਯਾਦ ਕਰਾਉਣ ਨਾਲ ਇਸ ਤਰ੍ਹਾਂ ਦੀ ਦੋਸ਼ੀ ਭਾਵਨਾ ਤੋਂ ਰਾਹਤ ਮਿਲ ਜਾਂਦੀ ਹੈ ਕਿ ਜੇ ਤੁਸੀਂ ਭਵਿੱਖ ਵਿਚ ਦੁਬਾਰਾ ਵਿਆਹ ਕਰਾ ਲਿਆ, ਤਾਂ ਤੁਸੀਂ ਆਪਣੇ ਜੀਵਨ-ਸਾਥੀ ਦੇ ਵਫ਼ਾਦਾਰ ਨਹੀਂ ਰਹੋਗੇ ਜਾਂ ਵਿਆਹ ਬਾਰੇ ਯਹੋਵਾਹ ਦੇ ਇੰਤਜ਼ਾਮ ਖ਼ਿਲਾਫ਼ ਜਾ ਰਹੇ ਹੋਵੋਗੇ।”—1 ਕੁਰਿੰ. 7:8, 9, 39.

ਜ਼ਬੂਰ ਦਾਊਦ ਖ਼ੁਦ ਕਈ ਅਜ਼ਮਾਇਸ਼ਾਂ ਅਤੇ ਔਖੀਆਂ ਘੜੀਆਂ ਵਿੱਚੋਂ ਲੰਘਿਆ ਸੀ ਅਤੇ ਉਸ ਨੇ ਮੰਨਿਆ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (ਜ਼ਬੂ. 34:15) ਯਕੀਨਨ, ਯਹੋਵਾਹ ਹਮਦਰਦ ਅਤੇ ਸਮਝਦਾਰ ਮਸੀਹੀਆਂ ਦੁਆਰਾ ਵੇਲੇ ਸਿਰ ਕਹੀਆਂ ਗੱਲਾਂ ਦੇ ਜ਼ਰੀਏ ਦੁਖੀਆਂ ਦੀ ਸੁਣ ਕੇ ਜਵਾਬ ਦੇ ਸਕਦਾ ਹੈ। ਇਹ ਪ੍ਰਬੰਧ ਵਧੀਆ ਅਤੇ ਅਨਮੋਲ ਹੈ।

ਮਸੀਹੀ ਸਭਾਵਾਂ ਦੁਆਰਾ ਮਦਦ

ਇਕ ਨਿਰਾਸ਼ ਵਿਅਕਤੀ ਦੇ ਮਨ ਵਿਚ ਬੁਰੇ ਖ਼ਿਆਲ ਸੌਖਿਆਂ ਹੀ ਆ ਸਕਦੇ ਹਨ ਜਿਸ ਕਰਕੇ ਸ਼ਾਇਦ ਉਹ ਕੱਲਾ-ਕੱਲਾ ਰਹਿਣ ਲੱਗ ਪਵੇ। ਪਰ ਕਹਾਉਤਾਂ 18:1 ਖ਼ਬਰਦਾਰ ਕਰਦਾ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” ਐਲੇਕਸ ਨੇ ਮੰਨਿਆ: “ਜਦੋਂ ਜੀਵਨ-ਸਾਥੀ ਦੀ ਮੌਤ ਹੋ ਜਾਂਦੀ ਹੈ, ਤਾਂ ਤੁਹਾਡੇ ਮਨ ਵਿਚ ਬਹੁਤ ਸਾਰੇ ਬੁਰੇ ਖ਼ਿਆਲ ਆਉਣ ਲੱਗ ਜਾਂਦੇ ਹਨ।” ਉਹ ਚੇਤੇ ਕਰਦਾ ਹੈ ਕਿ ਉਸ ਨੇ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛੇ ਸਨ: “‘ਕੀ ਮੈਂ ਕੁਝ ਹੋਰ ਕਰ ਸਕਦਾ ਸੀ? ਕੀ ਮੈਂ ਹੋਰ ਪਰਵਾਹ ਅਤੇ ਸਮਝਦਾਰੀ ਦਿਖਾ ਸਕਦਾ ਸੀ?’ ਮੈਂ ਇਕੱਲਾ ਨਹੀਂ ਸੀ ਰਹਿਣਾ ਚਾਹੁੰਦਾ। ਇਸ ਤਰ੍ਹਾਂ ਦੇ ਵਿਚਾਰਾਂ ਤੋਂ ਖਹਿੜਾ ਛੁਡਾਉਣਾ ਔਖਾ ਹੈ ਕਿਉਂਕਿ ਹਰ ਰੋਜ਼ ਤੁਹਾਨੂੰ ਇਹੀ ਯਾਦ ਆਉਂਦਾ ਹੈ ਕਿ ਤੁਸੀਂ ਇਕੱਲੇ ਹੋ।”

ਕੁਚਲੇ ਦਿਲ ਵਾਲੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਚੰਗੀ ਸੰਗਤ ਦੀ ਲੋੜ ਹੁੰਦੀ ਹੈ। ਇਹ ਸੰਗਤ ਉਸ ਨੂੰ ਕਲੀਸਿਯਾ ਦੀਆਂ ਸਭਾਵਾਂ ਵਿਚ ਮਿਲਦੀ ਹੈ। ਇਸ ਮਾਹੌਲ ਵਿਚ ਅਸੀਂ ਆਪਣੇ ਮਨਾਂ ਵਿਚ ਪਰਮੇਸ਼ੁਰ ਦੇ ਚੰਗੇ ਅਤੇ ਹੌਸਲਾ ਵਧਾਉਣ ਵਾਲੇ ਖ਼ਿਆਲ ਲਿਆਉਂਦੇ ਹਾਂ।

ਮਸੀਹੀ ਸਭਾਵਾਂ ਸਾਨੂੰ ਆਪਣੇ ਹਾਲਾਤ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮਦਦ ਕਰਦੀਆਂ ਹਨ। ਜਦੋਂ ਅਸੀਂ ਬਾਈਬਲ ਦੀਆਂ ਗੱਲਾਂ ਸੁਣਦੇ ਅਤੇ ਇਨ੍ਹਾਂ ਉੱਤੇ ਮਨਨ ਕਰਦੇ ਹਾਂ, ਤਾਂ ਅਸੀਂ ਆਪਣਾ ਧਿਆਨ ਸਿਰਫ਼ ਆਪਣੇ ਦੁੱਖਾਂ ਉੱਤੇ ਲਾਉਣ ਦੀ ਬਜਾਇ ਜ਼ਿਆਦਾ ਜ਼ਰੂਰੀ ਵਿਸ਼ਿਆਂ ਉੱਤੇ ਲਾਉਂਦੇ ਹਾਂ। ਉਹ ਹੈ ਯਹੋਵਾਹ ਦੀ ਹਕੂਮਤ ਨੂੰ ਉੱਚਾ ਕਰਨਾ ਅਤੇ ਉਸ ਦੇ ਨਾਂ ਨੂੰ ਰੌਸ਼ਨ ਕਰਨਾ। ਇਸ ਤੋਂ ਇਲਾਵਾ, ਸਭਾਵਾਂ ਵਿਚ ਪਰਮੇਸ਼ੁਰ ਦੀ ਸਿੱਖਿਆ ਮਿਲਦੇ ਵੇਲੇ ਅਸੀਂ ਇਹ ਜਾਣ ਕੇ ਤਕੜੇ ਹੁੰਦੇ ਹਾਂ ਕਿ ਭਾਵੇਂ ਦੂਜੇ ਸਾਡੇ ਦੁੱਖ ਨੂੰ ਨਹੀਂ ਜਾਣਦੇ ਜਾਂ ਸਮਝਦੇ ਨਹੀਂ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਪਰ ਯਹੋਵਾਹ ਜਾਣਦਾ ਤੇ ਸਮਝਦਾ ਹੈ। ਉਹ ਜਾਣਦਾ ਹੈ ਕਿ “ਸੋਗੀ ਮਨ ਵਾਲੇ ਮਨੁੱਖ ਦਾ ਮੂੰਹ ਉਤਰਿਆ ਹੁੰਦਾ ਹੈ।” (ਕਹਾ. 15:13, CL) ਸੱਚਾ ਪਰਮੇਸ਼ੁਰ ਸਾਡੀ ਮਦਦ ਕਰਨੀ ਚਾਹੁੰਦਾ ਹੈ ਅਤੇ ਇਸ ਗੱਲ ਤੋਂ ਸਾਨੂੰ ਅੱਗੇ ਵਧਦੇ ਜਾਣ ਦੀ ਪ੍ਰੇਰਣਾ ਅਤੇ ਤਾਕਤ ਮਿਲਦੀ ਹੈ।—ਜ਼ਬੂ. 27:14.

ਰਾਜਾ ਦਾਊਦ ਜਦੋਂ ਆਪਣੇ ਦੁਸ਼ਮਣਾਂ ਦੇ ਬਹੁਤ ਜ਼ਿਆਦਾ ਦਬਾਅ ਥੱਲੇ ਸੀ, ਤਾਂ ਉਸ ਨੇ ਪਰਮੇਸ਼ੁਰ ਨੂੰ ਪੁਕਾਰਿਆ: “ਮੈਨੂੰ ਇੰਨਾ ਦਰਦ ਹੋ ਰਿਹਾ ਹੈ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕਰ ਸਕਦਾ।” (ਜ਼ਬੂ. 38:8, ERV) ਮੁਸੀਬਤਾਂ ਅਕਸਰ ਵਿਅਕਤੀ ਦੀ ਸਰੀਰਕ ਅਤੇ ਭਾਵਾਤਮਕ ਤਾਕਤ ਖ਼ਤਮ ਕਰ ਦਿੰਦੀਆਂ ਹਨ ਜਿਸ ਕਰਕੇ ਉਹ ਕੁਝ ਵੀ ਮਹਿਸੂਸ ਨਹੀਂ ਕਰ ਸਕਦਾ। ਮੁਸੀਬਤ ਕਿਸੇ ਬੀਮਾਰੀ ਜਾਂ ਲੰਬੇ ਸਮੇਂ ਤਕ ਠੀਕ ਨਾ ਹੋਣ ਵਾਲੀ ਕਿਸੇ ਕਮਜ਼ੋਰੀ ਦੇ ਰੂਪ ਵਿਚ ਆ ਸਕਦੀ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਡੀ ਸਹਿਣ ਵਿਚ ਮਦਦ ਕਰੇਗਾ। (ਜ਼ਬੂ. 41:1-3) ਭਾਵੇਂ ਕਿ ਪਰਮੇਸ਼ੁਰ ਅੱਜ ਕਿਸੇ ਨੂੰ ਚਮਤਕਾਰੀ ਤਰੀਕੇ ਨਾਲ ਠੀਕ ਨਹੀਂ ਕਰਦਾ, ਪਰ ਉਹ ਪੀੜਿਤ ਵਿਅਕਤੀ ਨੂੰ ਆਪਣੇ ਹਾਲਾਤ ਨਾਲ ਸਿੱਝਣ ਲਈ ਲੋੜੀਂਦੀ ਬੁੱਧ ਅਤੇ ਤਾਕਤ ਦਿੰਦਾ ਹੈ। ਧਿਆਨ ਵਿਚ ਰੱਖੋ ਕਿ ਜਦੋਂ ਵੀ ਦਾਊਦ ਨੂੰ ਅਜ਼ਮਾਇਸ਼ਾਂ ਆਉਂਦੀਆਂ ਸਨ, ਤਾਂ ਉਹ ਯਹੋਵਾਹ ਵੱਲ ਮੁੜਦਾ ਸੀ। ਉਸ ਨੇ ਗਾਇਆ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।”—ਜ਼ਬੂ. 143:5.

ਤੱਥ ਇਹ ਹੈ ਕਿ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਉਸ ਦੇ ਬਚਨ ਵਿਚ ਦਰਜ ਕੀਤੇ ਇਹ ਜਜ਼ਬਾਤ ਦਿਖਾਉਂਦੇ ਹਨ ਕਿ ਯਹੋਵਾਹ ਸਮਝਦਾ ਹੈ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਇਸ ਤਰ੍ਹਾਂ ਦੇ ਸ਼ਬਦ ਗਾਰੰਟੀ ਹਨ ਕਿ ਉਹ ਸਾਡੀਆਂ ਬੇਨਤੀਆਂ ਨੂੰ ਸੁਣਦਾ ਹੈ। ਜੇ ਅਸੀਂ ਯਹੋਵਾਹ ਦੀ ਮਦਦ ਸਵੀਕਾਰ ਕਰਦੇ ਹਾਂ, ਤਾਂ ‘ਉਹ ਸਾਨੂੰ ਸੰਭਾਲੇਗਾ।’—ਜ਼ਬੂ. 55:22.

“ਨਿੱਤ ਪ੍ਰਾਰਥਨਾ ਕਰੋ”

ਯਾਕੂਬ 4:8 ਦੱਸਦਾ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” ਪਰਮੇਸ਼ੁਰ ਦੇ ਨੇੜੇ ਜਾਣ ਦਾ ਇਕ ਤਰੀਕਾ ਹੈ ਪ੍ਰਾਰਥਨਾ। ਪੌਲੁਸ ਰਸੂਲ ਸਾਨੂੰ ‘ਨਿੱਤ ਪ੍ਰਾਰਥਨਾ ਕਰਨ’ ਦੀ ਸਲਾਹ ਦਿੰਦਾ ਹੈ। (1 ਥੱਸ. 5:17) ਜੇ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਲੱਗਦਾ ਹੈ, ਤਾਂ ‘ਪਵਿੱਤਰ ਸ਼ਕਤੀ ਆਪ ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦੀ ਹੈ।’ (ਰੋਮੀ. 8:26, 27) ਯਹੋਵਾਹ ਸੱਚ-ਮੁੱਚ ਸਮਝਦਾ ਹੈ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ।

ਮੋਨਿਕਾ ਯਹੋਵਾਹ ਨਾਲ ਗੂੜ੍ਹੇ ਰਿਸ਼ਤੇ ਦਾ ਆਨੰਦ ਮਾਣਦੀ ਹੈ। ਉਹ ਕਹਿੰਦੀ ਹੈ: “ਪ੍ਰਾਰਥਨਾ ਕਰਨ, ਬਾਈਬਲ ਪੜ੍ਹਨ ਅਤੇ ਨਿੱਜੀ ਅਧਿਐਨ ਕਰਨ ਨਾਲ ਮੈਂ ਇਹ ਮਹਿਸੂਸ ਕੀਤਾ ਹੈ ਕਿ ਯਹੋਵਾਹ ਮੇਰਾ ਸਭ ਤੋਂ ਕਰੀਬੀ ਦੋਸਤ ਬਣ ਗਿਆ ਹੈ। ਉਹ ਮੇਰੇ ਲਈ ਇੰਨਾ ਅਸਲ ਬਣ ਗਿਆ ਹੈ ਕਿ ਮੈਂ ਦੇਖ ਸਕਦੀ ਹਾਂ ਕਿ ਉਹ ਮੇਰੀ ਜ਼ਿੰਦਗੀ ਵਿਚ ਮੇਰੀ ਮਦਦ ਕਿਵੇਂ ਕਰ ਰਿਹਾ ਹੈ। ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਯਹੋਵਾਹ ਮੈਨੂੰ ਸਮਝਦਾ ਹੈ ਜਦੋਂ ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿਵੇਂ ਮਹਿਸੂਸ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਉਹ ਕਿੰਨਾ ਦਿਆਲੂ ਹੈ ਅਤੇ ਬੇਅੰਤ ਬਰਕਤਾਂ ਦਿੰਦਾ ਹੈ।”

ਤਾਂ ਫਿਰ ਆਓ ਆਪਾਂ ਭੈਣਾਂ-ਭਰਾਵਾਂ ਦੇ ਪਿਆਰ ਅਤੇ ਦਿਲਾਸੇ ਭਰੇ ਸ਼ਬਦਾਂ ਨੂੰ ਸੁਣੀਏ, ਮਸੀਹੀ ਸਭਾਵਾਂ ਵਿਚ ਦਿੱਤੀ ਜਾਂਦੀ ਸਲਾਹ ਅਤੇ ਨਿਹਚਾ ਪੱਕੀ ਕਰਨ ਲਈ ਯਾਦ ਕਰਾਈਆਂ ਜਾਂਦੀਆਂ ਗੱਲਾਂ ਅਨੁਸਾਰ ਚੱਲੀਏ ਅਤੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣੇ ਦਿਲ ਨੂੰ ਖੋਲ੍ਹ ਦੇਈਏ। ਸਮੇਂ ਸਿਰ ਕੀਤੇ ਇਹ ਪ੍ਰਬੰਧ ਦਿਖਾਉਂਦੇ ਹਨ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਐਲੇਕਸ ਆਪਣੇ ਤਜਰਬੇ ਤੋਂ ਦੱਸਦਾ ਹੈ: “ਜੇ ਅਸੀਂ ਉਸ ਸਭ ਕਾਸੇ ਅਨੁਸਾਰ ਚੱਲਦੇ ਹਾਂ ਜੋ ਕੁਝ ਯਹੋਵਾਹ ਸਾਡੀ ਨਿਹਚਾ ਤਕੜੀ ਕਰਨ ਲਈ ਦਿੰਦਾ ਹੈ, ਤਾਂ ਸਾਨੂੰ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ “ਮਹਾ-ਸ਼ਕਤੀ” ਮਿਲੇਗੀ।—2 ਕੁਰਿੰ. 4:7, CL.

[ਸਫ਼ਾ 18 ਉੱਤੇ ਡੱਬੀ/ਤਸਵੀਰ]

ਕੁਚਲੇ ਦਿਲ ਵਾਲਿਆਂ ਲਈ ਦਿਲਾਸਾ

ਜ਼ਬੂਰਾਂ ਦੀ ਪੋਥੀ ਮਨੁੱਖੀ ਜਜ਼ਬਾਤਾਂ ਦੇ ਨਾਲ-ਨਾਲ ਇਸ ਭਰੋਸੇ ਨਾਲ ਭਰੀ ਪਈ ਹੈ ਕਿ ਯਹੋਵਾਹ ਦੁਖੀ ਦੀ ਸੁਣਦਾ ਹੈ ਜੋ ਮਾਨਸਿਕ ਤਣਾਅ ਦੇ ਬੋਝ ਥੱਲੇ ਦੱਬਿਆ ਪਿਆ ਹੈ। ਅੱਗੇ ਦੱਸੀਆਂ ਆਇਤਾਂ ਵੱਲ ਧਿਆਨ ਦਿਓ:

“ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, ਅਤੇ ਮੇਰੀ ਦੁਹਾਈ ਉਸ ਦੇ ਅੱਗੇ ਸਗੋਂ ਉਸ ਦੇ ਕੰਨਾਂ ਤੀਕ ਪੁੱਜੀ।”—ਜ਼ਬੂ. 18:6.

“ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ [ਜੀਆਂ] ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂ. 34:18.

[ਯਹੋਵਾਹ] ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।”—ਜ਼ਬੂ. 147:3.

[ਸਫ਼ਾ 17 ਉੱਤੇ ਤਸਵੀਰ]

ਦੁਖਦਾਈ ਘੜੀ ਵਿਚ ‘ਵੇਲੇ ਸਿਰ ਕਹੇ ਬਚਨ’ ਤੋਂ ਕਿੰਨਾ ਹੌਸਲਾ ਮਿਲ ਸਕਦਾ ਹੈ!