ਯਸਾਯਾਹ 57:1-21
57 ਧਰਮੀ ਮਿਟ ਗਿਆ ਹੈ,ਪਰ ਕੋਈ ਵੀ ਧਿਆਨ ਨਹੀਂ ਦਿੰਦਾ।
ਵਫ਼ਾਦਾਰ ਆਦਮੀ ਖੋਹ ਲਏ ਗਏ ਹਨ*+ਅਤੇ ਕੋਈ ਨਹੀਂ ਸੋਚਦਾ ਕਿ ਧਰਮੀਬਿਪਤਾ ਕਾਰਨ* ਖੋਹ ਲਿਆ ਗਿਆ ਹੈ।
2 ਉਸ ਨੂੰ ਸ਼ਾਂਤੀ ਮਿਲੀ ਹੈ।
ਸਿੱਧੇ ਰਾਹ ʼਤੇ ਚੱਲਣ ਵਾਲੇ ਸਾਰੇ ਆਪਣੇ ਬਿਸਤਰਿਆਂ* ʼਤੇ ਆਰਾਮ ਕਰਦੇ ਹਨ।
3 “ਪਰ ਜਾਦੂਗਰਨੀ ਦੇ ਪੁੱਤਰੋ,ਹਰਾਮਕਾਰ ਅਤੇ ਵੇਸਵਾ ਦੇ ਬੱਚਿਓ,ਤੁਸੀਂ ਇੱਥੇ ਨੇੜੇ ਆਓ:
4 ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ?
ਤੁਸੀਂ ਕਿਸ ਦੇ ਵਿਰੁੱਧ ਆਪਣਾ ਮੂੰਹ ਅੱਡਦੇ ਹੋ ਤੇ ਆਪਣੀ ਜੀਭ ਕੱਢਦੇ ਹੋ?
ਕੀ ਤੁਸੀਂ ਅਪਰਾਧ ਦੇ ਬੱਚੇ ਨਹੀਂ ਹੋ,ਧੋਖੇ ਦੀ ਔਲਾਦ ਨਹੀਂ ਹੋ,+
5 ਜੋ ਵੱਡੇ-ਵੱਡੇ ਦਰਖ਼ਤਾਂ ਵਿਚਕਾਰ,ਹਰੇਕ ਹਰੇ-ਭਰੇ ਦਰਖ਼ਤ ਹੇਠ+ ਕਾਮ-ਵਾਸ਼ਨਾ ਵਿਚ ਸੜਦੇ ਹੋ,+ਜੋ ਘਾਟੀਆਂ* ਵਿਚ,ਚਟਾਨਾਂ ਦੀਆਂ ਤਰੇੜਾਂ ਵਿਚ ਆਪਣੇ ਬੱਚਿਆਂ ਨੂੰ ਵੱਢਦੇ ਹੋ?+
6 ਤੇਰਾ* ਹਿੱਸਾ ਘਾਟੀ ਦੇ ਮੁਲਾਇਮ ਪੱਥਰਾਂ ਨਾਲ ਹੈ।+
ਹਾਂ, ਇਹੀ ਤੇਰੀ ਵਿਰਾਸਤ ਹੈ।
ਇਨ੍ਹਾਂ ਅੱਗੇ ਹੀ ਤੂੰ ਪੀਣ ਦੀਆਂ ਭੇਟਾਂ ਡੋਲ੍ਹਦੀ ਹੈਂ ਅਤੇ ਹੋਰ ਭੇਟਾਂ ਚੜ੍ਹਾਉਂਦੀ ਹੈਂ।+
ਕੀ ਮੈਂ ਇਨ੍ਹਾਂ ਕੰਮਾਂ ਤੋਂ ਸੰਤੁਸ਼ਟ ਹੋਵਾਂਗਾ?*
7 ਤੂੰ ਉੱਚੇ ਅਤੇ ਬੁਲੰਦ ਪਹਾੜ ਉੱਤੇ ਆਪਣਾ ਬਿਸਤਰਾ ਵਿਛਾਇਆ+
ਅਤੇ ਤੂੰ ਉੱਥੇ ਬਲ਼ੀ ਚੜ੍ਹਾਉਣ ਗਈ।+
8 ਦਰਵਾਜ਼ਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੀ ਯਾਦਗਾਰ ਬਣਾਈ।
ਤੂੰ ਮੈਨੂੰ ਛੱਡ ਦਿੱਤਾ ਤੇ ਖ਼ੁਦ ਨੰਗੀ ਹੋ ਗਈ;ਤੂੰ ਉਤਾਂਹ ਜਾ ਕੇ ਆਪਣਾ ਬਿਸਤਰਾ ਵੱਡਾ ਕੀਤਾ।
ਤੂੰ ਉਨ੍ਹਾਂ ਨਾਲ ਇਕਰਾਰ ਕੀਤਾ।
ਤੈਨੂੰ ਉਨ੍ਹਾਂ ਨਾਲ ਹਮਬਿਸਤਰ ਹੋਣਾ ਪਸੰਦ ਸੀ+ਅਤੇ ਤੂੰ ਆਦਮੀਆਂ ਦੇ ਗੁਪਤ-ਅੰਗ* ਦੇਖਦੀ ਰਹੀ।
9 ਤੂੰ ਤੇਲ ਅਤੇ ਢੇਰ ਸਾਰਾ ਅਤਰ ਲੈ ਕੇ ਹੇਠਾਂ ਮਲਕ* ਕੋਲ ਗਈ।
ਤੂੰ ਆਪਣੇ ਸੰਦੇਸ਼ ਦੇਣ ਵਾਲਿਆਂ ਨੂੰ ਦੂਰ-ਦੂਰ ਘੱਲਿਆ,ਇਸ ਤਰ੍ਹਾਂ ਤੂੰ ਹੇਠਾਂ ਕਬਰ* ਵਿਚ ਉੱਤਰ ਗਈ।
10 ਤੂੰ ਬਹੁਤੇ ਰਾਹਾਂ ʼਤੇ ਚੱਲਦੀ-ਚੱਲਦੀ ਥੱਕ ਗਈ ਹੈਂ,ਪਰ ਤੂੰ ਇਹ ਨਹੀਂ ਕਿਹਾ, ‘ਇਹ ਬੇਕਾਰ ਹੈ!’
ਤੇਰੇ ਵਿਚ ਨਵੀਂ ਜਾਨ ਪੈ ਗਈ।
ਇਸੇ ਕਰਕੇ ਤੂੰ ਹਾਰ ਨਹੀਂ ਮੰਨਦੀ।*
11 ਤੂੰ ਕਿਹਦੇ ਕੋਲੋਂ ਡਰਦੀ ਤੇ ਖ਼ੌਫ਼ ਖਾਂਦੀ ਹੈਂਜਿਸ ਕਰਕੇ ਤੂੰ ਝੂਠ ਬੋਲਣ ਲੱਗ ਪਈ?+
ਤੂੰ ਮੈਨੂੰ ਯਾਦ ਨਹੀਂ ਰੱਖਿਆ।+
ਤੂੰ ਕਿਸੇ ਗੱਲ ਵੱਲ ਧਿਆਨ ਨਹੀਂ ਦਿੱਤਾ।+
ਕੀ ਮੈਂ ਚੁੱਪ ਕਰ ਕੇ ਤੇਰੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰਦਾ ਰਿਹਾ?*+
ਇਸੇ ਲਈ ਤੂੰ ਮੇਰੇ ਤੋਂ ਨਹੀਂ ਡਰੀ।
12 ਮੈਂ ਤੇਰੀ ‘ਧਾਰਮਿਕਤਾ’+ ਅਤੇ ਤੇਰੇ ਕੰਮਾਂ+ ਦਾ ਪਰਦਾਫ਼ਾਸ਼ ਕਰਾਂਗਾਅਤੇ ਇਨ੍ਹਾਂ ਦਾ ਤੈਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ।+
13 ਜਦ ਤੂੰ ਮਦਦ ਲਈ ਦੁਹਾਈ ਦੇਵੇਂਗੀ,ਤਾਂ ਤੇਰੀਆਂ ਜਮ੍ਹਾ ਕੀਤੀਆਂ ਮੂਰਤੀਆਂ ਤੈਨੂੰ ਬਚਾ ਨਹੀਂ ਸਕਣਗੀਆਂ।+
ਹਵਾ ਉਨ੍ਹਾਂ ਸਾਰੀਆਂ ਨੂੰ ਉਡਾ ਕੇ ਲੈ ਜਾਵੇਗੀ,ਬੱਸ ਇਕ ਸਾਹ ਨਾਲ ਹੀ ਉਹ ਉੱਡ ਜਾਣਗੀਆਂ,ਪਰ ਜੋ ਮੇਰੇ ਵਿਚ ਪਨਾਹ ਲੈਂਦਾ ਹੈ, ਉਹੀ ਦੇਸ਼ ਵਿਚ ਵੱਸੇਗਾਅਤੇ ਮੇਰੇ ਪਵਿੱਤਰ ਪਹਾੜ ਦਾ ਅਧਿਕਾਰੀ ਹੋਵੇਗਾ।+
14 ਉਦੋਂ ਇਹ ਕਿਹਾ ਜਾਵੇਗਾ, ‘ਇਕ ਸੜਕ ਬਣਾਓ! ਰਾਹ ਤਿਆਰ ਕਰੋ!+
ਮੇਰੇ ਲੋਕਾਂ ਦੇ ਰਾਹ ਵਿੱਚੋਂ ਹਰ ਰੁਕਾਵਟ ਦੂਰ ਕਰੋ।’”
15 ਕਿਉਂਕਿ ਮਹਾਨ ਤੇ ਉੱਤਮ ਪਰਮੇਸ਼ੁਰ,ਜੋ ਹਮੇਸ਼ਾ ਲਈ ਜੀਉਂਦਾ* ਹੈ+ ਤੇ ਜਿਸ ਦਾ ਨਾਂ ਪਵਿੱਤਰ ਹੈ,+ ਇਹ ਕਹਿੰਦਾ ਹੈ:
“ਮੈਂ ਉੱਚੇ ਤੇ ਪਵਿੱਤਰ ਸਥਾਨ ਵਿਚ ਰਹਿੰਦਾ ਹਾਂ,+ਪਰ ਉਨ੍ਹਾਂ ਨਾਲ ਵੀ ਰਹਿੰਦਾ ਹਾਂ ਜੋ ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨਤਾਂਕਿ ਹਲੀਮ ਲੋਕਾਂ ਵਿਚ ਜਾਨ ਪਾਵਾਂਅਤੇ ਕੁਚਲੇ ਹੋਇਆਂ ਦੇ ਦਿਲ ਵਿਚ ਜੋਸ਼ ਭਰ ਦਿਆਂ।+
16 ਮੈਂ ਸਦਾ ਲਈ ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗਾਅਤੇ ਨਾ ਹੀ ਹਮੇਸ਼ਾ ਲਈ ਭੜਕਿਆ ਰਹਾਂਗਾ;+ਨਹੀਂ ਤਾਂ ਮੇਰੇ ਕਰਕੇ ਇਨਸਾਨ ਦਾ ਮਨ ਕਮਜ਼ੋਰ ਪੈ ਜਾਵੇਗਾ,+ਨਾਲੇ ਸਾਹ ਲੈਣ ਵਾਲੇ ਜੀਵ-ਜੰਤੂ ਵੀ ਜਿਨ੍ਹਾਂ ਨੂੰ ਮੈਂ ਬਣਾਇਆ ਹੈ।
17 ਮੈਂ ਉਸ ਦੇ ਪਾਪ ਕਰਕੇ ਭੜਕਿਆ ਸੀ ਕਿ ਉਹ ਬੇਈਮਾਨੀ ਦੀ ਕਮਾਈ ਪਿੱਛੇ ਭੱਜਦਾ ਸੀ,+ਇਸ ਲਈ ਮੈਂ ਉਸ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕੋ ਲਿਆ ਤੇ ਕ੍ਰੋਧਵਾਨ ਹੋਇਆ ਸੀ।
ਪਰ ਉਹ ਬਾਗ਼ੀ ਹੋ ਕੇ+ ਆਪਣੀ ਮਨਮਰਜ਼ੀ ਕਰਦਾ ਰਿਹਾ।
18 ਮੈਂ ਉਸ ਦੇ ਰਾਹਾਂ ਨੂੰ ਦੇਖਿਆ ਹੈ,ਪਰ ਮੈਂ ਉਸ ਨੂੰ ਚੰਗਾ ਕਰਾਂਗਾ+ ਤੇ ਉਸ ਦੀ ਅਗਵਾਈ ਕਰਾਂਗਾ+ਅਤੇ ਉਸ ਨੂੰ ਤੇ ਉਸ ਨਾਲ ਸੋਗ ਕਰਨ ਵਾਲੇ ਲੋਕਾਂ ਨੂੰ ਦਿਲਾਸਾ ਦਿਆਂਗਾ।”*+
19 “ਮੈਂ ਹੀ ਬੁੱਲ੍ਹਾਂ ਦਾ ਫਲ ਪੈਦਾ ਕਰਦਾ ਹਾਂ।
ਮੈਂ ਦੂਰ ਰਹਿਣ ਵਾਲੇ ਅਤੇ ਨੇੜੇ ਰਹਿਣ ਵਾਲੇ ਨੂੰ ਸ਼ਾਂਤੀ ਦਿੰਦਾ ਰਹਾਂਗਾ,”+ ਯਹੋਵਾਹ ਕਹਿੰਦਾ ਹੈ,“ਅਤੇ ਮੈਂ ਉਸ ਨੂੰ ਚੰਗਾ ਕਰਾਂਗਾ।”
20 “ਪਰ ਦੁਸ਼ਟ ਉੱਛਲ਼ਦੇ ਸਮੁੰਦਰ ਵਾਂਗ ਹਨ ਜੋ ਸ਼ਾਂਤ ਨਹੀਂ ਹੋ ਸਕਦਾਅਤੇ ਇਸ ਦਾ ਪਾਣੀ ਗੰਦ-ਮੰਦ ਤੇ ਚਿੱਕੜ ਉਛਾਲ਼ਦਾ ਰਹਿੰਦਾ ਹੈ।
21 ਦੁਸ਼ਟਾਂ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ,”+ ਮੇਰਾ ਪਰਮੇਸ਼ੁਰ ਕਹਿੰਦਾ ਹੈ।
ਫੁਟਨੋਟ
^ ਜਾਂ ਸੰਭਵ ਹੈ, “ਦੇ ਹੱਥੋਂ।”
^ ਯਾਨੀ, ਮੌਤ ਨੇ ਖੋਹ ਲਏ ਹਨ।
^ ਯਾਨੀ, ਕਬਰ ਵਿਚ।
^ ਜਾਂ, “ਵਾਦੀਆਂ।”
^ ਜਾਂ, “ਖ਼ੁਦ ਨੂੰ ਦਿਲਾਸਾ ਦਿਆਂ?”
^ ਇੱਥੇ ਸੀਓਨ ਜਾਂ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ।
^ ਸੰਭਵ ਹੈ ਕਿ ਇੱਥੇ ਮੂਰਤੀ-ਪੂਜਾ ਦੀ ਗੱਲ ਕੀਤੀ ਗਈ ਹੈ।
^ ਜਾਂ ਸੰਭਵ ਹੈ, “ਰਾਜਾ।”
^ ਇਬ, “ਥੱਕਦੀ ਨਹੀਂ।”
^ ਜਾਂ, “ਤੇਰੀਆਂ ਗੱਲਾਂ ਨਹੀਂ ਲੁਕਾਉਂਦਾ ਰਿਹਾ?”
^ ਜਾਂ, “ਵੱਸਦਾ।”
^ ਜਾਂ, “ਦਾ ਨੁਕਸਾਨ ਭਰਾਂਗਾ।”