Skip to content

Skip to table of contents

ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ?

ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ?

ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ?

‘ਮੈਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ।’—1 ਕੁਰਿੰ. 9:26.

1, 2. ਬਾਲਗ ਅਵਸਥਾ ਵੱਲ ਵਧਦਿਆਂ ਸਫ਼ਲ ਹੋਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?

ਜੇ ਤੁਸੀਂ ਕਿਸੇ ਅਣਜਾਣੀ ਜਗ੍ਹਾ ਜਾ ਰਹੇ ਹੋ, ਤਾਂ ਤੁਸੀਂ ਸ਼ਾਇਦ ਆਪਣੇ ਨਾਲ ਨਕਸ਼ਾ ਲੈ ਜਾਣਾ ਚਾਹੋ। ਨਕਸ਼ੇ ਦੀ ਮਦਦ ਨਾਲ ਤੁਸੀਂ ਦੇਖ ਪਾਓਗੇ ਕਿ ਤੁਸੀਂ ਕਿੱਥੇ ਹੋ ਅਤੇ ਕਿਹੜੇ ਰਾਹ ਜਾਣਾ ਸਹੀ ਰਹੇਗਾ। ਪਰ ਨਕਸ਼ੇ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਜੇ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਬਿਨਾਂ ਵਜ੍ਹਾ ਇੱਧਰ-ਉੱਧਰ ਘੁੰਮਣ ਦੀ ਬਜਾਇ, ਤੁਹਾਨੂੰ ਆਪਣੀ ਮੰਜ਼ਲ ਪਤਾ ਕਰਨ ਦੀ ਲੋੜ ਹੈ।

2 ਤੁਹਾਡੀ ਵੀ ਇਹੋ ਹਾਲਤ ਹੈ ਜਿਉਂ-ਜਿਉਂ ਤੁਸੀਂ ਬਾਲਗ ਅਵਸਥਾ ਵੱਲ ਵਧ ਰਹੇ ਹੋ। ਤੁਹਾਡੇ ਕੋਲ ਭਰੋਸੇਯੋਗ ਨਕਸ਼ਾ ਬਾਈਬਲ ਹੈ ਜੋ ਸਹੀ ਰਸਤਾ ਚੁਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ। (ਕਹਾ. 3:5, 6) ਜੇ ਤੁਸੀਂ ਬਾਈਬਲ ਅਨੁਸਾਰ ਆਪਣੀ ਜ਼ਮੀਰ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਹੈ, ਤਾਂ ਇਹ ਸਹੀ ਰਾਹ ’ਤੇ ਚੱਲਦੇ ਰਹਿਣ ਵਿਚ ਬਹੁਤ ਮਦਦਗਾਰ ਹੋ ਸਕਦੀ ਹੈ। (ਰੋਮੀ. 2:15) ਪਰ ਆਪਣੀ ਜ਼ਿੰਦਗੀ ਸਫ਼ਲ ਬਣਾਉਣ ਲਈ ਤੁਹਾਨੂੰ ਆਪਣੀ ਮੰਜ਼ਲ ਪਤਾ ਹੋਣੀ ਚਾਹੀਦੀ ਹੈ। ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਪੱਕੇ ਟੀਚੇ ਰੱਖਣ ਦੀ ਲੋੜ ਹੈ।

3. ਪੌਲੁਸ 1 ਕੁਰਿੰਥੀਆਂ 9:26 ਵਿਚ ਟੀਚੇ ਰੱਖਣ ਦੇ ਕਿਹੜੇ ਫ਼ਾਇਦੇ ਦੱਸਦਾ ਹੈ?

3 ਪੌਲੁਸ ਰਸੂਲ ਨੇ ਟੀਚੇ ਰੱਖਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੇ ਫ਼ਾਇਦਿਆਂ ਦਾ ਸਾਰ ਦਿੰਦੇ ਹੋਏ ਲਿਖਿਆ: “ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ।” (1 ਕੁਰਿੰ. 9:26) ਜੇ ਤੁਸੀਂ ਟੀਚੇ ਰੱਖੇ ਹੋਏ ਹਨ, ਤਾਂ ਤੁਸੀਂ ਮਕਸਦ ਨਾਲ ਦੌੜ ਸਕਦੇ ਹੋ। ਜਲਦੀ ਹੀ ਤੁਹਾਨੂੰ ਕੁਝ ਵੱਡੇ-ਵੱਡੇ ਫ਼ੈਸਲੇ ਕਰਨੇ ਪੈਣਗੇ ਜਿਵੇਂ ਭਗਤੀ, ਨੌਕਰੀ, ਵਿਆਹ ਅਤੇ ਪਰਿਵਾਰ ਬਣਾਉਣ ਬਾਰੇ। ਪਰ ਕਦੇ-ਕਦੇ ਸ਼ਾਇਦ ਲੱਗੇ ਕਿ ਤੁਹਾਨੂੰ ਬਹੁਤ ਸਾਰੇ ਗੁੰਝਲਦਾਰ ਫ਼ੈਸਲੇ ਕਰਨੇ ਪੈਂਦੇ ਹਨ। ਪਰ ਜੇ ਤੁਸੀਂ ਪਹਿਲਾਂ ਹੀ ਸੋਚ ਕੇ ਰੱਖੋ ਕਿ ਕਿਹੜੇ ਰਾਹ ’ਤੇ ਤੁਰਨਾ ਹੈ, ਤਾਂ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਪਾਈਆਂ ਜਾਂਦੀਆ ਸੱਚਾਈਆਂ ਅਤੇ ਸਿਧਾਂਤਾਂ ਦੇ ਆਧਾਰ ਤੇ ਫ਼ੈਸਲੇ ਕਰੋਗੇ ਅਤੇ ਗ਼ਲਤ ਦਿਸ਼ਾ ਵੱਲ ਜਾਣ ਤੋਂ ਬਚੋਗੇ।—2 ਤਿਮੋ. 4:4, 5.

4, 5. (ੳ) ਜੇ ਤੁਸੀਂ ਆਪਣੇ ਲਈ ਟੀਚੇ ਨਹੀਂ ਰੱਖਦੇ, ਤਾਂ ਕੀ ਹੋ ਸਕਦਾ ਹੈ? (ਅ) ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਨੂੰ ਧਿਆਨ ਵਿਚ ਰੱਖ ਕੇ ਤੁਹਾਨੂੰ ਕਿਉਂ ਫ਼ੈਸਲੇ ਕਰਨੇ ਚਾਹੀਦੇ ਹਨ?

4 ਜੇ ਤੁਸੀਂ ਆਪਣੇ ਲਈ ਟੀਚੇ ਨਹੀਂ ਰੱਖਦੇ, ਤਾਂ ਤੁਹਾਡੇ ਦੋਸਤ-ਮਿੱਤਰ ਅਤੇ ਅਧਿਆਪਕ ਤੁਹਾਡੇ ’ਤੇ ਉਹੀ ਕੁਝ ਕਰਨ ਲਈ ਪ੍ਰਭਾਵ ਪਾਉਣਗੇ ਜੋ ਉਨ੍ਹਾਂ ਨੂੰ ਸਹੀ ਲੱਗਦਾ ਹੈ। ਭਾਵੇਂ ਤੁਸੀਂ ਟੀਚੇ ਰੱਖੇ ਵੀ ਹੋਏ ਹਨ, ਫਿਰ ਵੀ ਸ਼ਾਇਦ ਕੁਝ ਤੁਹਾਨੂੰ ਆਪਣੀ ਰਾਇ ਦੇਣ। ਉਨ੍ਹਾਂ ਦੇ ਸੁਝਾਵਾਂ ਨੂੰ ਸੁਣਨ ਵੇਲੇ ਆਪਣੇ ਆਪ ਤੋਂ ਪੁੱਛੋ, ‘ਜਿਹੜੇ ਟੀਚੇ ਉਨ੍ਹਾਂ ਨੇ ਮੈਨੂੰ ਦੱਸੇ ਹਨ, ਕੀ ਉਹ ਜਵਾਨੀ ਵਿਚ ਆਪਣੇ ਸਿਰਜਣਹਾਰ ਨੂੰ ਚੇਤੇ ਰੱਖਣ ਵਿਚ ਮੇਰੀ ਮਦਦ ਕਰਨਗੇ ਜਾਂ ਕੀ ਮੇਰਾ ਧਿਆਨ ਹੋਰ ਪਾਸੇ ਲਾ ਦੇਣਗੇ?’—ਉਪਦੇਸ਼ਕ ਦੀ ਪੋਥੀ 12:1 ਪੜ੍ਹੋ।

5 ਤੁਹਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਨੂੰ ਧਿਆਨ ਵਿਚ ਰੱਖ ਕੇ ਜ਼ਿੰਦਗੀ ਵਿਚ ਫ਼ੈਸਲੇ ਕਿਉਂ ਕਰਨੇ ਚਾਹੀਦੇ ਹਨ? ਇਕ ਕਾਰਨ ਤਾਂ ਇਹ ਹੈ ਕਿ ਹਰ ਚੰਗੀ ਚੀਜ਼ ਯਹੋਵਾਹ ਨੇ ਸਾਨੂੰ ਦਿੱਤੀ ਹੈ। (ਯਾਕੂ. 1:17) ਇਸ ਲਈ ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। (ਪਰ. 4:11) ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਦਾ ਇਸ ਨਾਲੋਂ ਵਧੀਆ ਤਰੀਕਾ ਕੀ ਹੋ ਸਕਦਾ ਹੈ ਕਿ ਤੁਸੀਂ ਟੀਚੇ ਰੱਖਣ ਲੱਗਿਆਂ ਯਹੋਵਾਹ ਨੂੰ ਚੇਤੇ ਰੱਖੋ? ਆਓ ਆਪਾਂ ਦੇਖੀਏ ਕਿ ਕਿਹੜੇ ਟੀਚੇ ਹਾਸਲ ਕਰਨੇ ਲਾਭਦਾਇਕ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ?

6. ਤੁਸੀਂ ਕਿਹੜਾ ਮੁੱਖ ਟੀਚਾ ਰੱਖ ਸਕਦੇ ਹੋ ਅਤੇ ਕਿਉਂ?

6 ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਇਕ ਮੁੱਖ ਟੀਚਾ ਹੋ ਸਕਦਾ ਹੈ ਕਿ ਤੁਸੀਂ ਸਾਬਤ ਕਰ ਕੇ ਆਪਣੇ ਆਪ ਨੂੰ ਯਕੀਨ ਦਿਵਾਓ ਕਿ ਜੋ ਵੀ ਬਾਈਬਲ ਵਿਚ ਕਿਹਾ ਗਿਆ ਹੈ ਉਹ ਸੱਚ ਹੈ। (ਰੋਮੀ. 12:2; 2 ਕੁਰਿੰ. 13:5) ਤੁਹਾਡੇ ਦੋਸਤ-ਮਿੱਤਰ ਸ਼ਾਇਦ ਵਿਕਾਸਵਾਦ ਦੀ ਥਿਊਰੀ ਜਾਂ ਵੱਖੋ-ਵੱਖਰੀਆਂ ਝੂਠੀਆਂ ਧਾਰਮਿਕ ਸਿੱਖਿਆਵਾਂ ਨੂੰ ਮੰਨਦੇ ਹਨ ਕਿਉਂਕਿ ਦੂਜਿਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇਨ੍ਹਾਂ ਗੱਲਾਂ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ। ਪਰ ਤੁਹਾਨੂੰ ਦੂਜਿਆਂ ਦੇ ਕਹਿਣ ਤੇ ਕਿਸੇ ਗੱਲ ਵਿਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਯਾਦ ਰੱਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਸਾਰੇ ਮਨ ਨਾਲ ਉਸ ਦੀ ਸੇਵਾ ਕਰੋ। (ਮੱਤੀ 22:36, 37 ਪੜ੍ਹੋ।) ਸਾਡਾ ਸਵਰਗੀ ਪਿਤਾ ਚਾਹੁੰਦਾ ਹੈ ਕਿ ਤੁਸੀਂ ਸਬੂਤ ਦੇ ਆਧਾਰ ਤੇ ਆਪਣੀ ਨਿਹਚਾ ਤਕੜੀ ਕਰੋ।—ਇਬ. 11:1.

7, 8. (ੳ) ਕਿਹੜੇ ਛੋਟੇ-ਛੋਟੇ ਟੀਚੇ ਰੱਖਣ ਨਾਲ ਤੁਹਾਨੂੰ ਆਪਣੀ ਨਿਹਚਾ ਤਕੜੀ ਕਰਨ ਵਿਚ ਮਦਦ ਮਿਲੇਗੀ? (ਅ) ਕੁਝ ਛੋਟੇ-ਛੋਟੇ ਟੀਚੇ ਪ੍ਰਾਪਤ ਕਰਨ ਨਾਲ ਤੁਹਾਡਾ ਕੀ ਅਨੁਭਵ ਹੋਵੇਗਾ?

7 ਆਪਣੀ ਨਿਹਚਾ ਤਕੜੀ ਕਰਨ ਲਈ ਕਿਉਂ ਨਾ ਛੋਟੇ-ਛੋਟੇ ਟੀਚੇ ਰੱਖੋ? ਇਕ ਟੀਚਾ ਹੋ ਸਕਦਾ ਹੈ ਕਿ ਹਰ ਰੋਜ਼ ਪ੍ਰਾਰਥਨਾ ਕਰੋ। ਆਪਣੀਆਂ ਪ੍ਰਾਰਥਨਾਵਾਂ ਵਿਚ ਗੱਲਾਂ ਨੂੰ ਦੁਹਰਾਉਣ ਦੀ ਬਜਾਇ ਕੁਝ ਨਵਾਂ ਕਹੋ। ਇਸ ਤਰ੍ਹਾਂ ਕਰਨ ਲਈ ਤੁਸੀਂ ਦਿਨ ਵਿਚ ਹੋਈਆਂ ਕੁਝ ਖ਼ਾਸ ਗੱਲਾਂ ਨੂੰ ਮਨ ਵਿਚ ਰੱਖ ਸਕਦੇ ਹੋ ਜਾਂ ਲਿਖ ਸਕਦੇ ਹੋ ਜੋ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰਨੀਆਂ ਚਾਹੁੰਦੇ ਹੋ। ਯਕੀਨੀ ਬਣਾਓ ਕਿ ਤੁਸੀਂ ਸਿਰਫ਼ ਚੁਣੌਤੀਆਂ ਦਾ ਹੀ ਜ਼ਿਕਰ ਨਹੀਂ ਕਰੋਗੇ, ਸਗੋਂ ਉਹ ਵੀ ਗੱਲਾਂ ਕਹੋਗੇ ਜਿਨ੍ਹਾਂ ਦਾ ਤੁਸੀਂ ਆਨੰਦ ਮਾਣਿਆ ਹੈ। (ਫ਼ਿਲਿ. 4:6) ਹੋਰ ਟੀਚਾ ਹੈ ਹਰ ਰੋਜ਼ ਬਾਈਬਲ ਪੜ੍ਹਨੀ। ਕੀ ਤੁਸੀਂ ਜਾਣਦੇ ਸੀ ਕਿ ਜੇ ਤੁਸੀਂ ਹਰ ਰੋਜ਼ ਚਾਰ ਸਫ਼ੇ ਪੜ੍ਹੋਗੇ, ਤਾਂ ਤੁਸੀਂ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹ ਸਕਦੇ ਹੋ? * ਜ਼ਬੂਰਾਂ ਦੀ ਪੋਥੀ 1:1, 2 ਕਹਿੰਦਾ ਹੈ: “ਧੰਨ ਹੈ ਉਹ ਮਨੁੱਖ ਜਿਹੜਾ . . . ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।”

8 ਤੀਸਰਾ ਟੀਚਾ ਹੈ ਕਿ ਤੁਸੀਂ ਕਲੀਸਿਯਾ ਦੀ ਹਰ ਸਭਾ ਵਿਚ ਜਵਾਬ ਦੇਣ ਲਈ ਇਕ ਟਿੱਪਣੀ ਤਿਆਰ ਕਰੋ। ਸ਼ੁਰੂ ਵਿਚ ਤੁਸੀਂ ਸ਼ਾਇਦ ਪੈਰੇ ਵਿੱਚੋਂ ਜਵਾਬ ਜਾਂ ਇਕ ਹਵਾਲਾ ਪੜ੍ਹਨਾ ਚਾਹੋ। ਬਾਅਦ ਵਿਚ ਤੁਸੀਂ ਆਪਣੇ ਸ਼ਬਦਾਂ ਵਿਚ ਜਵਾਬ ਦੇਣ ਦਾ ਟੀਚਾ ਰੱਖ ਸਕਦੇ ਹੋ। ਅਸਲ ਵਿਚ ਜਦੋਂ ਵੀ ਤੁਸੀਂ ਜਵਾਬ ਦਿੰਦੇ ਹੋ, ਤੁਸੀਂ ਯਹੋਵਾਹ ਨੂੰ ਬਲੀਦਾਨ ਚੜ੍ਹਾਉਂਦੇ ਹੋ। (ਇਬ. 13:15) ਇਕ ਵਾਰ ਜਦ ਤੁਸੀਂ ਇਨ੍ਹਾਂ ਕੁਝ ਟੀਚਿਆਂ ਨੂੰ ਹਾਸਲ ਕਰ ਲੈਂਦੇ ਹੋ, ਤਾਂ ਤੁਹਾਡਾ ਹੌਸਲਾ ਅਤੇ ਯਹੋਵਾਹ ਲਈ ਤੁਹਾਡੀ ਕਦਰ ਵਧੇਗੀ ਅਤੇ ਤੁਸੀਂ ਵੱਡੇ-ਵੱਡੇ ਟੀਚੇ ਰੱਖਣ ਲਈ ਤਿਆਰ ਹੋਵੋਗੇ।

9. ਜੇ ਹਾਲੇ ਤਕ ਤੁਸੀਂ ਪਬਲੀਸ਼ਰ ਨਹੀਂ ਬਣੇ ਹੋ, ਤਾਂ ਤੁਸੀਂ ਆਪਣੇ ਲਈ ਕਿਹੜੇ ਵੱਡੇ ਟੀਚੇ ਰੱਖ ਸਕਦੇ ਹੋ?

9 ਤੁਸੀਂ ਆਪਣੇ ਲਈ ਕਿਹੜੇ ਵੱਡੇ-ਵੱਡੇ ਟੀਚੇ ਰੱਖ ਸਕਦੇ ਹੋ? ਜੇ ਤੁਸੀਂ ਹਾਲੇ ਤਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਨਹੀਂ ਕੀਤਾ ਹੈ, ਤਾਂ ਤੁਹਾਡਾ ਵੱਡਾ ਟੀਚਾ ਹੋ ਸਕਦਾ ਹੈ ਪਬਲੀਸ਼ਰ ਬਣਨਾ। ਇਸ ਸਨਮਾਨਯੋਗ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਤੁਸੀਂ ਬਾਕਾਇਦਾ ਅਤੇ ਪ੍ਰਭਾਵਕਾਰੀ ਪ੍ਰਚਾਰਕ ਬਣਨਾ ਚਾਹੋਗੇ ਅਤੇ ਇਕ ਮਹੀਨੇ ਲਈ ਵੀ ਤੁਸੀਂ ਪ੍ਰਚਾਰ ਕਰਨ ਤੋਂ ਨਹੀਂ ਖੁੰਝਣਾ ਚਾਹੋਗੇ। ਤੁਸੀਂ ਸੇਵਕਾਈ ਵਿਚ ਬਾਈਬਲ ਨੂੰ ਵੀ ਵਰਤਣਾ ਸਿੱਖਣਾ ਚਾਹੋਗੇ। ਇੱਦਾਂ ਕਰਦਿਆਂ ਤੁਸੀਂ ਜਾਣ ਜਾਓਗੇ ਕਿ ਤੁਹਾਨੂੰ ਪ੍ਰਚਾਰ ਕਰਨ ਵਿਚ ਕਿੰਨਾ ਮਜ਼ਾ ਆਉਂਦਾ ਹੈ। ਫਿਰ ਤੁਸੀਂ ਘਰ-ਘਰ ਪ੍ਰਚਾਰ ਕਰਨ ਵਿਚ ਹੋਰ ਜ਼ਿਆਦਾ ਸਮਾਂ ਬਿਤਾ ਸਕਦੇ ਹੋ ਜਾਂ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ। ਬਪਤਿਸਮਾ-ਰਹਿਤ ਪਬਲੀਸ਼ਰ ਹੋਣ ਦੇ ਨਾਤੇ ਇਸ ਤੋਂ ਬਿਹਤਰ ਟੀਚਾ ਹੋਰ ਕਿਹੜਾ ਹੋ ਸਕਦਾ ਹੈ ਕਿ ਤੁਸੀਂ ਬਪਤਿਸਮਾ ਲੈਣ ਦੇ ਕਾਬਲ ਬਣੋ ਅਤੇ ਫਿਰ ਯਹੋਵਾਹ ਪਰਮੇਸ਼ੁਰ ਦੇ ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਗਵਾਹ ਬਣੋ?

10, 11. ਬਪਤਿਸਮਾ-ਪ੍ਰਾਪਤ ਨੌਜਵਾਨ ਕਿਹੜੇ ਵੱਡੇ-ਵੱਡੇ ਟੀਚੇ ਰੱਖ ਸਕਦੇ ਹਨ?

10 ਜੇ ਤੁਸੀਂ ਪਹਿਲਾਂ ਹੀ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਸੇਵਕ ਹੋ, ਤਾਂ ਅੱਗੇ ਕੁਝ ਵੱਡੇ ਟੀਚੇ ਦੱਸੇ ਗਏ ਹਨ ਜੋ ਤੁਸੀਂ ਹਾਸਲ ਕਰ ਸਕਦੇ ਹੋ। ਤੁਸੀਂ ਸ਼ਾਇਦ ਕਦੇ-ਕਦੇ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰ ਕੇ ਕਲੀਸਿਯਾਵਾਂ ਦੀ ਮਦਦ ਕਰਨੀ ਚਾਹੋ ਜਿੱਥੇ ਘੱਟ ਹੀ ਪ੍ਰਚਾਰ ਹੁੰਦਾ ਹੈ। ਤੁਸੀਂ ਔਗਜ਼ੀਲਰੀ ਅਤੇ ਰੈਗੂਲਰ ਪਾਇਨੀਅਰਿੰਗ ਕਰਨ ਵਿਚ ਵੀ ਆਪਣੀ ਤਾਕਤ ਅਤੇ ਚੰਗੀ ਸਿਹਤ ਵਰਤ ਸਕਦੇ ਹੋ। ਹਜ਼ਾਰਾਂ ਹੀ ਖ਼ੁਸ਼ ਪਾਇਨੀਅਰ ਤੁਹਾਨੂੰ ਦੱਸਣਗੇ ਕਿ ਆਪਣੀ ਜਵਾਨੀ ਦੌਰਾਨ ਆਪਣੇ ਸ੍ਰਿਸ਼ਟੀਕਰਤਾ ਨੂੰ ਚੇਤੇ ਰੱਖਣ ਲਈ ਪਾਇਨੀਅਰਿੰਗ ਕਰਨੀ ਲਾਭਦਾਇਕ ਤਰੀਕਾ ਹੈ। ਇਹ ਟੀਚੇ ਤੁਸੀਂ ਘਰ ਰਹਿੰਦਿਆਂ ਪ੍ਰਾਪਤ ਕਰ ਸਕਦੇ ਹੋ। ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਨਾਲ ਤੁਸੀਂ ਆਪਣੀ ਕਲੀਸਿਯਾ ਨੂੰ ਵੀ ਫ਼ਾਇਦਾ ਪਹੁੰਚਾਓਗੇ।

11 ਦੂਸਰੇ ਵੱਡੇ-ਵੱਡੇ ਟੀਚੇ ਰੱਖਣ ਨਾਲ ਆਪਣੀ ਕਲੀਸਿਯਾ ਤੋਂ ਇਲਾਵਾ ਤੁਸੀਂ ਹੋਰ ਖੇਤਰਾਂ ਵਿਚ ਵੀ ਲਾਭ ਪਹੁੰਚਾ ਸਕਦੇ ਹੋ। ਮਿਸਾਲ ਲਈ, ਤੁਸੀਂ ਹੋਰ ਇਲਾਕੇ ਜਾਂ ਦੇਸ਼ ਵਿਚ ਜਾ ਕੇ ਸੇਵਾ ਕਰਨ ਦੀ ਯੋਜਨਾ ਬਣਾ ਸਕਦੇ ਹੋ ਜਿੱਥੇ ਜ਼ਿਆਦਾ ਜ਼ਰੂਰਤ ਹੈ। ਤੁਸੀਂ ਸ਼ਾਇਦ ਵਿਦੇਸ਼ਾਂ ਵਿਚ ਕਿੰਗਡਮ ਹਾਲਾਂ ਜਾਂ ਬ੍ਰਾਂਚਾਂ ਦੀ ਉਸਾਰੀ ਵਿਚ ਮਦਦ ਕਰਨਾ ਚਾਹੋ। ਤੁਸੀਂ ਸ਼ਾਇਦ ਬੈਥਲ ਵਿਚ ਸੇਵਾ ਕਰਨ ਲਈ ਵੀ ਜਾ ਸਕਦੇ ਹੋ ਜਾਂ ਮਿਸ਼ਨਰੀ ਬਣ ਸਕਦੇ ਹੋ। ਇਹ ਤਾਂ ਠੀਕ ਹੈ ਕਿ ਇੱਥੇ ਦੱਸੇ ਗਏ ਵੱਡੇ-ਵੱਡੇ ਟੀਚਿਆਂ ਨੂੰ ਹਾਸਲ ਕਰਨ ਤੋਂ ਪਹਿਲਾਂ ਤੁਹਾਨੂੰ ਇਕ ਮੀਲ ਪੱਥਰ ਤਕ ਪਹੁੰਚਣ ਦੀ ਲੋੜ ਹੈ। ਕਹਿਣ ਦਾ ਮਤਲਬ ਹੈ ਕਿ ਤੁਹਾਡੇ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਜੇ ਤੁਸੀਂ ਹਾਲੇ ਬਪਤਿਸਮਾ ਨਹੀਂ ਲਿਆ ਹੈ, ਤਾਂ ਸੋਚੋ ਕਿ ਜ਼ਿੰਦਗੀ ਵਿਚ ਇਸ ਮੀਲ ਪੱਥਰ ਤਾਈਂ ਪਹੁੰਚਣ ਲਈ ਤੁਹਾਨੂੰ ਕੀ ਕੁਝ ਕਰਨ ਦੀ ਲੋੜ ਹੈ।

ਬਪਤਿਸਮਾ ਲੈਣ ਦਾ ਟੀਚਾ ਹਾਸਲ ਕਰਨਾ

12. ਕਿਹੜੇ ਕੁਝ ਕਾਰਨਾਂ ਕਰਕੇ ਕੁਝ ਬਪਤਿਸਮਾ ਲੈਂਦੇ ਹਨ ਅਤੇ ਇਹ ਕਾਰਨ ਕਿਉਂ ਸਹੀ ਨਹੀਂ ਹਨ?

12 ਬਪਤਿਸਮਾ ਲੈਣ ਦੇ ਮਕਸਦ ਬਾਰੇ ਤੁਸੀਂ ਕਿਵੇਂ ਸਮਝਾਓਗੇ? ਕੁਝ ਸ਼ਾਇਦ ਸੋਚਣ ਕਿ ਇਹ ਉਨ੍ਹਾਂ ਨੂੰ ਪਾਪ ਕਰਨ ਤੋਂ ਬਚਾਉਂਦਾ ਹੈ। ਦੂਸਰੇ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਹਾਣੀਆਂ ਨੇ ਬਪਤਿਸਮਾ ਲਿਆ ਹੈ। ਹੋਰ ਨੌਜਵਾਨ ਆਪਣੇ ਮਾਪਿਆਂ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਪਰ ਬਪਤਿਸਮਾ ਅਜਿਹਾ ਇਕਰਾਰਨਾਮਾ ਨਹੀਂ ਹੈ ਜੋ ਤੁਹਾਨੂੰ ਉਹ ਕੰਮ ਕਰਨ ਤੋਂ ਰੋਕਦਾ ਹੈ ਜੋ ਤੁਸੀਂ ਲੁਕ-ਛਿਪ ਕੇ ਕਰਨੇ ਚਾਹੁੰਦੇ ਹੋ। ਤੁਹਾਨੂੰ ਦੂਜਿਆਂ ਦੇ ਦਬਾਅ ਥੱਲੇ ਆ ਕੇ ਬਪਤਿਸਮਾ ਨਹੀਂ ਲੈਣਾ ਚਾਹੀਦਾ। ਤੁਹਾਨੂੰ ਉਦੋਂ ਬਪਤਿਸਮਾ ਲੈਣਾ ਚਾਹੀਦਾ ਹੈ ਜਦੋਂ ਤੁਸੀਂ ਚੰਗੀ ਤਰ੍ਹਾਂ ਸਮਝ ਜਾਂਦੇ ਹੋ ਕਿ ਯਹੋਵਾਹ ਦਾ ਗਵਾਹ ਬਣਨ ਵਿਚ ਕੀ ਕੁਝ ਸ਼ਾਮਲ ਹੈ ਅਤੇ ਤੁਹਾਨੂੰ ਯਕੀਨ ਹੋ ਜਾਂਦਾ ਹੈ ਕਿ ਤੁਸੀਂ ਖ਼ੁਸ਼ੀ ਨਾਲ ਇਹ ਜ਼ਿੰਮੇਵਾਰੀ ਉਠਾਉਣ ਲਈ ਤਿਆਰ ਹੋ।—ਉਪ. 5:4, 5.

13. ਤੁਹਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ?

13 ਬਪਤਿਸਮਾ ਲੈਣ ਦਾ ਇਕ ਕਾਰਨ ਹੈ ਕਿ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ‘ਚੇਲੇ ਬਣਾਉਣ ਅਤੇ ਬਪਤਿਸਮਾ ਦੇਣ’ ਦਾ ਹੁਕਮ ਦਿੱਤਾ ਸੀ। ਉਸ ਨੇ ਆਪ ਵੀ ਬਪਤਿਸਮਾ ਲੈ ਕੇ ਮਿਸਾਲ ਕਾਇਮ ਕੀਤੀ। (ਮੱਤੀ 28:19, 20; ਮਰਕੁਸ 1:9 ਪੜ੍ਹੋ।) ਇਸ ਤੋਂ ਇਲਾਵਾ, ਬਪਤਿਸਮਾ ਲੈਣਾ ਉਨ੍ਹਾਂ ਲਈ ਜ਼ਰੂਰੀ ਕਦਮ ਹੈ ਜੋ ਬਚਣਾ ਚਾਹੁੰਦੇ ਹਨ। ਜਲ ਪਰਲੋ ਦੌਰਾਨ ਜਿਸ ਕਿਸ਼ਤੀ ਵਿਚ ਨੂਹ ਅਤੇ ਉਸ ਦਾ ਪਰਿਵਾਰ ਬਚ ਗਏ ਸਨ, ਉਸ ਕਿਸ਼ਤੀ ਨੂੰ ਬਣਾਉਣ ਦਾ ਜ਼ਿਕਰ ਕਰਨ ਤੋਂ ਬਾਅਦ ਪਤਰਸ ਰਸੂਲ ਨੇ ਕਿਹਾ: “ਏਹ ਬਪਤਿਸਮੇ ਦਾ ਨਮੂਨਾ ਹੈ ਜੋ ਹੁਣ ਤੁਹਾਨੂੰ ਵੀ ਯਿਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ।” (1 ਪਤ. 3:20, 21) ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਬਪਤਿਸਮਾ ਬੀਮਾ-ਪਾਲਸੀ ਦੀ ਤਰ੍ਹਾਂ ਹੈ ਜੋ ਕਿਸੇ ਮੁਸੀਬਤ ਵੇਲੇ ਤੁਹਾਡੇ ਕੰਮ ਆਉਂਦੀ ਹੈ। ਇਸ ਦੀ ਬਜਾਇ, ਤੁਸੀਂ ਇਸ ਲਈ ਬਪਤਿਸਮਾ ਲੈਂਦੇ ਹੋ ਕਿਉਂਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਆਪਣੇ ਸਾਰੇ ਦਿਲ, ਜਾਨ, ਬੁੱਧ ਅਤੇ ਸ਼ਕਤੀ ਨਾਲ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ।—ਮਰ. 12:29, 30.

14. ਕੁਝ ਸ਼ਾਇਦ ਬਪਤਿਸਮਾ ਲੈਣ ਤੋਂ ਕਿਉਂ ਹਿਚਕਿਚਾਉਂਦੇ ਹਨ, ਪਰ ਤੁਹਾਨੂੰ ਕਿਹੜੀ ਗੱਲ ਦਾ ਭਰੋਸਾ ਦਿੱਤਾ ਗਿਆ ਹੈ?

14 ਕੁਝ ਇਸ ਲਈ ਬਪਤਿਸਮਾ ਲੈਣ ਤੋਂ ਹਿਚਕਿਚਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਬਾਅਦ ਵਿਚ ਸ਼ਾਇਦ ਉਨ੍ਹਾਂ ਨੂੰ ਛੇਕ ਨਾ ਦਿੱਤਾ ਜਾਵੇ। ਕੀ ਤੁਹਾਨੂੰ ਇਹ ਡਰ ਹੈ? ਜੇਕਰ ਹਾਂ, ਤਾਂ ਇਹ ਡਰ ਆਪਣੇ ਆਪ ਵਿਚ ਗ਼ਲਤ ਨਹੀਂ ਹੈ। ਇਸ ਦਾ ਮਤਲਬ ਹੋ ਸਕਦਾ ਹੈ ਕਿ ਤੁਸੀਂ ਯਹੋਵਾਹ ਦੇ ਗਵਾਹ ਬਣਨ ਦੀ ਗੰਭੀਰ ਜ਼ਿੰਮੇਵਾਰੀ ਨੂੰ ਸਮਝਦੇ ਹੋ। ਕੀ ਹੋਰ ਵੀ ਕੋਈ ਕਾਰਨ ਹੋ ਸਕਦਾ ਹੈ? ਹੋ ਸਕਦਾ ਹੈ ਕਿ ਤੁਹਾਨੂੰ ਅਜੇ ਯਕੀਨ ਨਹੀਂ ਕਿ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਜੀਣਾ ਸਭ ਤੋਂ ਵਧੀਆ ਰਾਹ ਹੈ। ਇਸ ਮਾਮਲੇ ਵਿਚ ਉਨ੍ਹਾਂ ਨਤੀਜਿਆਂ ਬਾਰੇ ਸੋਚੋ ਜੋ ਬਾਈਬਲ ਦੇ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਭੁਗਤਦੇ ਹਨ। ਇਸ ਤਰ੍ਹਾਂ ਤੁਹਾਨੂੰ ਫ਼ੈਸਲਾ ਕਰਨ ਵਿਚ ਮਦਦ ਮਿਲ ਸਕਦੀ ਹੈ। ਦੂਜੇ ਪਾਸੇ, ਹੋ ਸਕਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਅਸੂਲਾਂ ਨੂੰ ਪਿਆਰ ਕਰਦੇ ਹੋ, ਪਰ ਤੁਹਾਨੂੰ ਆਪਣੇ ਤੇ ਭਰੋਸਾ ਨਹੀਂ ਕਿ ਤੁਸੀਂ ਇਨ੍ਹਾਂ ਉੱਤੇ ਖਰੇ ਉੱਤਰ ਸਕਦੇ ਹੋ ਜਾਂ ਨਹੀਂ। ਦਰਅਸਲ ਇਹ ਚੰਗਾ ਸੰਕੇਤ ਹੋ ਸਕਦਾ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਿਮਰ ਹੋ। ਅਸਲ ਵਿਚ ਬਾਈਬਲ ਕਹਿੰਦੀ ਹੈ ਕਿ ਸਾਰੇ ਨਾਮੁਕੰਮਲ ਇਨਸਾਨਾਂ ਦੇ ਦਿਲ ਧੋਖੇਬਾਜ਼ ਹਨ। (ਯਿਰ. 17:9) ਪਰ ਤੁਸੀਂ ਸਫ਼ਲ ਹੋ ਸਕਦੇ ਹੋ ਜੇ ਤੁਸੀਂ ਲਗਾਤਾਰ ‘ਪਰਮੇਸ਼ੁਰ ਦੇ ਬਚਨ ਦੇ ਅਨੁਸਾਰ ਚੌਕਸੀ ਕਰਦੇ ਰਹੋ।’ (ਜ਼ਬੂਰਾਂ ਦੀ ਪੋਥੀ 119:9 ਪੜ੍ਹੋ।) ਬਪਤਿਸਮਾ ਲੈਣ ਤੋਂ ਹਿਚਕਿਚਾਉਣ ਦੇ ਜੋ ਮਰਜ਼ੀ ਕਾਰਨ ਹੋਣ, ਤੁਹਾਨੂੰ ਇਨ੍ਹਾਂ ਮਸਲਿਆਂ ਨੂੰ ਸੁਲਝਾਉਣ ਅਤੇ ਚਿੰਤਾਵਾਂ ਨੂੰ ਦੂਰ ਕਰਨ ਦੀ ਲੋੜ ਹੈ। *

15, 16. ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?

15 ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ? ਇਕ ਤਰੀਕਾ ਹੈ ਕਿ ਆਪਣੇ ਤੋਂ ਅਜਿਹੇ ਸਵਾਲ ਪੁੱਛੋ: ‘ਕੀ ਮੈਂ ਦੂਸਰਿਆਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਸਮਝਾ ਸਕਦਾ ਹਾਂ? ਕੀ ਮੈਂ ਉਦੋਂ ਵੀ ਪ੍ਰਚਾਰ ਕਰਨ ਜਾਂਦਾ ਹਾਂ ਜਦੋਂ ਮੇਰੇ ਮਾਂ-ਬਾਪ ਨਹੀਂ ਜਾਂਦੇ? ਕੀ ਮੈਂ ਸਾਰੀਆਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਦਾ ਹਾਂ? ਕੀ ਮੈਂ ਕੁਝ ਖ਼ਾਸ ਸਮਿਆਂ ਨੂੰ ਯਾਦ ਕਰ ਸਕਦਾ ਹਾਂ ਜਦੋਂ ਮੈਂ ਹਾਣੀਆਂ ਦੇ ਦਬਾਅ ਥੱਲੇ ਨਹੀਂ ਆਇਆ? ਕੀ ਮੈਂ ਯਹੋਵਾਹ ਦੀ ਸੇਵਾ ਕਰਦਾ ਰਹਾਂਗਾ ਜੇ ਮੇਰੇ ਮਾਪਿਆਂ ਅਤੇ ਦੋਸਤਾਂ ਨੇ ਸੇਵਾ ਕਰਨੀ ਛੱਡ ਦਿੱਤੀ? ਕੀ ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਹਾ ਹੈ ਕਿ ਉਸ ਨਾਲ ਮੇਰਾ ਰਿਸ਼ਤਾ ਕਿੰਨਾ ਮਹੱਤਵਪੂਰਣ ਹੈ? ਕੀ ਮੈਂ ਅਸਲ ਵਿਚ ਯਹੋਵਾਹ ਨੂੰ ਬਿਨਾਂ ਕਿਸੇ ਸ਼ਰਤ ਦੇ ਪ੍ਰਾਰਥਨਾ ਵਿਚ ਸਮਰਪਣ ਕੀਤਾ ਹੈ?’

16 ਬਪਤਿਸਮਾ ਲੈਣ ਨਾਲ ਜ਼ਿੰਦਗੀ ਬਦਲ ਜਾਂਦੀ ਹੈ ਤੇ ਸਾਨੂੰ ਇਸ ਫ਼ੈਸਲੇ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਕੀ ਤੁਸੀਂ ਇੰਨੇ ਸਿਆਣੇ ਹੋ ਕਿ ਇਸ ਕਦਮ ਦੀ ਗੰਭੀਰਤਾ ਨੂੰ ਸਮਝਦੇ ਹੋ? ਸਿਆਣੇ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਸਟੇਜ ਉੱਤੇ ਵਧੀਆ ਭਾਸ਼ਣ ਦਿੰਦੇ ਹੋ ਜਾਂ ਮੀਟਿੰਗ ਦੌਰਾਨ ਵਧੀਆ ਜਵਾਬ ਦਿੰਦੇ ਹੋ। ਇਸ ਦਾ ਮਤਲਬ ਹੈ ਕਿ ਤੁਹਾਨੂੰ ਬਾਈਬਲ ਦੇ ਸਿਧਾਂਤਾਂ ਦੀ ਸਮਝ ਮੁਤਾਬਕ ਫ਼ੈਸਲੇ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ। (ਇਬਰਾਨੀਆਂ 5:14 ਪੜ੍ਹੋ।) ਜੇ ਤੁਸੀਂ ਕਾਬਲ ਹੋ, ਤਾਂ ਤੁਹਾਡੇ ਅੱਗੇ ਸਭ ਤੋਂ ਵਧੀਆ ਸਨਮਾਨ ਹੈ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਉਸ ਤਰੀਕੇ ਨਾਲ ਜੀਓ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸੱਚ-ਮੁੱਚ ਉਸ ਨੂੰ ਸਮਰਪਿਤ ਹੋ।

17. ਬਪਤਿਸਮੇ ਤੋਂ ਬਾਅਦ ਆਉਣ ਵਾਲੀਆਂ ਅਜ਼ਮਾਇਸ਼ਾਂ ਨਾਲ ਸਿੱਝਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?

17 ਬਪਤਿਸਮਾ ਲੈਣ ਤੋਂ ਤੁਰੰਤ ਬਾਅਦ ਤੁਸੀਂ ਜੋਸ਼ੋ-ਖਰੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੋਗੇ। ਪਰ ਜਲਦੀ ਹੀ ਸ਼ਾਇਦ ਤੁਹਾਡੇ ਉੱਤੇ ਅਜ਼ਮਾਇਸ਼ਾਂ ਆ ਸਕਦੀਆਂ ਹਨ ਜੋ ਤੁਹਾਡੀ ਨਿਹਚਾ ਨੂੰ ਪਰਖਣਗੀਆਂ ਅਤੇ ਫਿਰ ਪਤਾ ਚੱਲੇਗਾ ਕਿ ਤੁਸੀਂ ਕਿੰਨੇ ਕੁ ਮਜ਼ਬੂਤ ਹੋ। (2 ਤਿਮੋ. 3:12) ਇਹ ਨਾ ਸੋਚੋ ਕਿ ਤੁਹਾਨੂੰ ਇਕੱਲਿਆਂ ਨੂੰ ਇਨ੍ਹਾਂ ਅਜ਼ਮਾਇਸ਼ਾਂ ਨਾਲ ਸਿੱਝਣਾ ਪੈਣਾ ਹੈ। ਆਪਣੇ ਮਾਪਿਆਂ ਦੀ ਸਲਾਹ ਲਓ। ਕਲੀਸਿਯਾ ਦੇ ਨਿਹਚਾ ਵਿਚ ਤਕੜੇ ਭੈਣਾਂ-ਭਰਾਵਾਂ ਦੀ ਮਦਦ ਲਓ। ਉਨ੍ਹਾਂ ਨਾਲ ਦੋਸਤੀ ਰੱਖੋ ਜੋ ਤੁਹਾਡਾ ਸਾਥ ਦੇਣਗੇ। ਕਦੇ ਨਾ ਭੁੱਲੋ ਕਿ ਯਹੋਵਾਹ ਤੁਹਾਡਾ ਫ਼ਿਕਰ ਕਰਦਾ ਹੈ ਅਤੇ ਉਹ ਤੁਹਾਨੂੰ ਕਿਸੇ ਵੀ ਹਾਲਾਤ ਦਾ ਸਾਮ੍ਹਣਾ ਕਰਨ ਲਈ ਲੋੜੀਂਦੀ ਤਾਕਤ ਦੇਵੇਗਾ।—1 ਪਤ. 5:6, 7.

ਤੁਸੀਂ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕਰ ਸਕਦੇ ਹੋ?

18, 19. ਤੁਹਾਨੂੰ ਕਿਵੇਂ ਫ਼ਾਇਦਾ ਹੋਵੇਗਾ ਜੇ ਤੁਸੀਂ ਦੇਖੋ ਕਿ ਤੁਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹੋ?

18 ਕੀ ਤੁਹਾਨੂੰ ਆਪਣੇ ਨੇਕ ਇਰਾਦਿਆਂ ਦੇ ਬਾਵਜੂਦ ਲੱਗਦਾ ਹੈ ਕਿ ਤੁਹਾਡੇ ਕੋਲ ਉਹ ਸਭ ਕੁਝ ਕਰਨ ਲਈ ਸਮਾਂ ਨਹੀਂ ਹੈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਤੇ ਕਰਨ ਦੀ ਲੋੜ ਹੈ? ਜੇ ਇੱਦਾਂ ਹੈ, ਤਾਂ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਤੁਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹੋ। ਮਿਸਾਲ ਲਈ, ਇਕ ਪਲਾਸਟਿਕ ਦੀ ਬਾਲਟੀ ਲਓ ਅਤੇ ਉਸ ਵਿਚ ਕਈ ਵੱਡੇ-ਵੱਡੇ ਵੱਟੇ ਪਾਓ। ਫਿਰ ਬਾਲਟੀ ਵਿਚ ਰੇਤ ਪਾ ਦਿਓ। ਬਾਲਟੀ ਵੱਟਿਆਂ ਅਤੇ ਰੇਤੇ ਨਾਲ ਭਰ ਗਈ ਹੈ। ਹੁਣ ਬਾਲਟੀ ਨੂੰ ਖਾਲੀ ਕਰੋ, ਪਰ ਇਹੀ ਰੇਤਾ ਅਤੇ ਵੱਟੇ ਕੋਲ ਰੱਖੋ। ਇਸ ਵਾਰ ਬਾਲਟੀ ਵਿਚ ਪਹਿਲਾਂ ਰੇਤਾ ਪਾਓ, ਫਿਰ ਵੱਟੇ ਪਾਉਣ ਦੀ ਕੋਸ਼ਿਸ਼ ਕਰੋ। ਕੋਈ ਜਗ੍ਹਾ ਨਹੀਂ? ਇਹ ਇਸ ਲਈ ਹੈ ਕਿਉਂਕਿ ਬਾਲਟੀ ਵਿਚ ਪਹਿਲਾਂ ਤੁਸੀਂ ਰੇਤਾ ਪਾਇਆ ਹੈ।

19 ਤੁਹਾਨੂੰ ਇਸੇ ਤਰ੍ਹਾਂ ਦੀ ਚੁਣੌਤੀ ਆਉਂਦੀ ਹੈ ਜਦੋਂ ਤੁਸੀਂ ਆਪਣਾ ਸਮਾਂ ਵਰਤਦੇ ਹੋ। ਜੇ ਤੁਸੀਂ ਮਨੋਰੰਜਨ ਨੂੰ ਪਹਿਲੇ ਸਥਾਨ ਤੇ ਰੱਖੋਗੇ, ਤਾਂ ਤੁਹਾਡੇ ਕੋਲ ਜ਼ਿੰਦਗੀ ਵਿਚ ਵੱਡੇ-ਵੱਡੇ ਕੰਮਾਂ ਯਾਨੀ ਪਰਮੇਸ਼ੁਰੀ ਕੰਮਾਂ ਲਈ ਕਦੇ ਵੀ ਸਮਾਂ ਨਹੀਂ ਹੋਵੇਗਾ। ਪਰ ਜੇ ਤੁਸੀਂ ਬਾਈਬਲ ਦੀ ਸਲਾਹ ਅਨੁਸਾਰ ‘ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋਗੇ,’ ਤਾਂ ਤੁਹਾਡੇ ਕੋਲ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਦੇ ਨਾਲ-ਨਾਲ ਕੁਝ ਮਨੋਰੰਜਨ ਕਰਨ ਲਈ ਵੀ ਸਮਾਂ ਹੋਵੇਗਾ।—ਫ਼ਿਲਿ. 1:10.

20. ਆਪਣੇ ਟੀਚਿਆਂ ਨੂੰ ਹਾਸਲ ਕਰਦੇ ਵੇਲੇ ਜੇ ਤੁਸੀਂ ਫ਼ਿਕਰ ਅਤੇ ਸ਼ੱਕ ਕਰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

20 ਜਿਉਂ-ਜਿਉਂ ਤੁਸੀਂ ਬਪਤਿਸਮਾ ਲੈਣ ਦੇ ਟੀਚੇ ਦੇ ਨਾਲ-ਨਾਲ ਹੋਰਨਾਂ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਸ਼ਾਇਦ ਕਦੇ-ਕਦੇ ਫ਼ਿਕਰ ਅਤੇ ਕੁਝ ਸ਼ੱਕ ਕਰੋ। ਇਸ ਤਰ੍ਹਾਂ ਹੋਣ ਤੇ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟੋ, ਅਤੇ ਉਹ ਤੁਹਾਨੂੰ ਸੰਭਾਲੇਗਾ।’ (ਜ਼ਬੂ. 55:22) ਹੁਣ ਤੁਹਾਡੇ ਕੋਲ ਮਨੁੱਖੀ ਇਤਿਹਾਸ ਵਿਚ ਸਭ ਤੋਂ ਦਿਲਚਸਪ ਅਤੇ ਜ਼ਰੂਰੀ ਕੰਮ ਵਿਚ ਹਿੱਸਾ ਪਾਉਣ ਦਾ ਮੌਕਾ ਹੈ। ਉਹ ਹੈ ਦੁਨੀਆਂ ਭਰ ਵਿਚ ਪ੍ਰਚਾਰ ਕਰਨ ਅਤੇ ਸਿਖਾਉਣ ਦਾ ਕੰਮ। (ਰਸੂ. 1:8) ਹੁਣ ਫ਼ੈਸਲਾ ਤੁਸੀਂ ਕਰਨਾ ਹੈ। ਤੁਸੀਂ ਜਾਂ ਤਾਂ ਦੂਜਿਆਂ ਨੂੰ ਇਹ ਕੰਮ ਕਰਦਿਆਂ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਆਪ ਇਸ ਕੰਮ ਵਿਚ ਹਿੱਸਾ ਲੈ ਸਕਦੇ ਹੋ। ਪਰਮੇਸ਼ੁਰ ਦੇ ਕੰਮਾਂ ਵਿਚ ਆਪਣੇ ਹੁਨਰਾਂ ਨੂੰ ਵਰਤ ਕੇ ਯੋਗਦਾਨ ਪਾਉਣ ਤੋਂ ਪਿੱਛੇ ਨਾ ਹਟੋ। ਤੁਸੀਂ “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ” ਦੀ ਸੇਵਾ ਕਰ ਕੇ ਕਦੇ ਵੀ ਪਛਤਾਓਗੇ ਨਹੀਂ।—ਉਪ. 12:1.

[ਫੁਟਨੋਟ]

^ ਪੈਰਾ 14 ਇਸ ਸੰਬੰਧੀ ਮਦਦ ਲਈ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ, ਭਾਗ 2 (ਅੰਗ੍ਰੇਜ਼ੀ) ਕਿਤਾਬ ਦਾ ਅਧਿਆਇ 34 ਦੇਖੋ।

ਤੁਸੀਂ ਕਿਵੇਂ ਜਵਾਬ ਦਿਓਗੇ?

• ਤੁਹਾਨੂੰ ਟੀਚੇ ਕਿਉਂ ਰੱਖਣੇ ਚਾਹੀਦੇ ਹਨ?

• ਕਿਹੜੇ ਕੁਝ ਟੀਚਿਆਂ ਨੂੰ ਹਾਸਲ ਕਰਨ ਦਾ ਫ਼ਾਇਦਾ ਹੈ?

• ਬਪਤਿਸਮੇ ਦੇ ਟੀਚੇ ਤਕ ਪਹੁੰਚਣ ਲਈ ਤੁਹਾਨੂੰ ਕੀ ਕੁਝ ਕਰਨ ਦੀ ਲੋੜ ਹੈ?

• ਤੁਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹੋ, ਇਹ ਦੇਖ ਕੇ ਤੁਹਾਨੂੰ ਆਪਣੇ ਟੀਚਿਆਂ ਤਾਈਂ ਪਹੁੰਚਣ ਵਿਚ ਕਿਵੇਂ ਮਦਦ ਮਿਲੇਗੀ?

[ਸਵਾਲ]

[ਸਫ਼ਾ 13 ਉੱਤੇ ਤਸਵੀਰ]

ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ ਹੈ?

[ਸਫ਼ਾ 15 ਉੱਤੇ ਤਸਵੀਰ]

ਬਪਤਿਸਮਾ ਲੈਣ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ?

[ਸਫ਼ਾ 16 ਉੱਤੇ ਤਸਵੀਰ]

ਇਸ ਮਿਸਾਲ ਤੋਂ ਤੁਸੀਂ ਕੀ ਸਿੱਖਦੇ ਹੋ?