ਦੂਜਾ ਇਤਿਹਾਸ 16:1-14

  • ਆਸਾ ਦੀ ਸੀਰੀਆ ਨਾਲ ਸੰਧੀ (1-6)

  • ਹਨਾਨੀ ਨੇ ਆਸਾ ਨੂੰ ਝਿੜਕਿਆ (7-10)

  • ਆਸਾ ਦੀ ਮੌਤ (11-14)

16  ਆਸਾ ਦੇ ਰਾਜ ਦੇ 36ਵੇਂ ਸਾਲ ਵਿਚ ਇਜ਼ਰਾਈਲ ਦਾ ਰਾਜਾ ਬਾਸ਼ਾ+ ਯਹੂਦਾਹ ਖ਼ਿਲਾਫ਼ ਆਇਆ ਅਤੇ ਰਾਮਾਹ+ ਨੂੰ ਉਸਾਰਨ* ਲੱਗਾ ਤਾਂਕਿ ਯਹੂਦਾਹ ਦੇ ਰਾਜਾ ਆਸਾ ਕੋਲੋਂ ਨਾ ਕੋਈ ਜਾਵੇ ਤੇ ਨਾ ਕੋਈ ਉਸ ਕੋਲ ਆਵੇ।*+  ਫਿਰ ਆਸਾ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਸੋਨਾ-ਚਾਂਦੀ ਲੈ ਕੇ+ ਸੀਰੀਆ ਦੇ ਰਾਜੇ ਬਨ-ਹਦਦ ਕੋਲ, ਜੋ ਦਮਿਸਕ ਵਿਚ ਰਹਿੰਦਾ ਸੀ, ਇਹ ਕਹਿ ਕੇ ਭੇਜਿਆ:+  “ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੇ ਪਿਤਾ ਤੇ ਮੇਰੇ ਪਿਤਾ ਵਿਚਕਾਰ ਇਕ ਸੰਧੀ* ਹੈ। ਮੈਂ ਤੈਨੂੰ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਤੂੰ ਆ ਕੇ ਇਜ਼ਰਾਈਲ ਦੇ ਰਾਜਾ ਬਾਸ਼ਾ ਨਾਲੋਂ ਆਪਣੀ ਸੰਧੀ* ਤੋੜ ਦੇ ਤਾਂਕਿ ਉਹ ਮੇਰੇ ਤੋਂ ਪਿੱਛੇ ਹਟ ਜਾਵੇ।”  ਬਨ-ਹਦਦ ਨੇ ਰਾਜਾ ਆਸਾ ਦੀ ਗੱਲ ਮੰਨ ਲਈ ਅਤੇ ਆਪਣੀਆਂ ਫ਼ੌਜਾਂ ਦੇ ਮੁਖੀਆਂ ਨੂੰ ਇਜ਼ਰਾਈਲ ਦੇ ਸ਼ਹਿਰਾਂ ਖ਼ਿਲਾਫ਼ ਭੇਜਿਆ ਅਤੇ ਉਨ੍ਹਾਂ ਨੇ ਈਯੋਨ,+ ਦਾਨ+ ਤੇ ਆਬੇਲ-ਮਾਇਮ ਉੱਤੇ ਅਤੇ ਨਫ਼ਤਾਲੀ ਦੇ ਸ਼ਹਿਰਾਂ ਦੇ ਸਾਰੇ ਭੰਡਾਰਾਂ ’ਤੇ ਕਬਜ਼ਾ ਕਰ ਲਿਆ।+  ਜਦੋਂ ਬਾਸ਼ਾ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਰਾਮਾਹ ਦੀ ਉਸਾਰੀ* ਰੋਕ ਦਿੱਤੀ ਅਤੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ।  ਫਿਰ ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਨਾਲ ਲਿਆ ਅਤੇ ਉਹ ਰਾਮਾਹ+ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ+ ਅਤੇ ਉਸ ਨੇ ਇਨ੍ਹਾਂ ਨਾਲ ਗਬਾ+ ਅਤੇ ਮਿਸਪਾਹ ਨੂੰ ਉਸਾਰਿਆ।*+  ਉਸ ਸਮੇਂ ਹਨਾਨੀ+ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਤੇ ਉਸ ਨੂੰ ਕਿਹਾ: “ਤੂੰ ਸੀਰੀਆ ਦੇ ਰਾਜੇ ’ਤੇ ਭਰੋਸਾ ਕੀਤਾ* ਅਤੇ ਆਪਣੇ ਪਰਮੇਸ਼ੁਰ ਯਹੋਵਾਹ ’ਤੇ ਭਰੋਸਾ ਨਹੀਂ ਕੀਤਾ,* ਇਸ ਲਈ ਸੀਰੀਆ ਦੇ ਰਾਜੇ ਦੀ ਫ਼ੌਜ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ।+  ਕੀ ਇਥੋਪੀਆ ਅਤੇ ਲਿਬੀਆ ਦੀ ਫ਼ੌਜ ਬਹੁਤ ਵੱਡੀ ਨਹੀਂ ਸੀ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਰਥ ਅਤੇ ਘੋੜਸਵਾਰ ਨਹੀਂ ਸਨ? ਪਰ ਤੂੰ ਉਦੋਂ ਯਹੋਵਾਹ ’ਤੇ ਭਰੋਸਾ ਰੱਖਿਆ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+  ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ+ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ* ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ* ਹੈ।+ ਤੂੰ ਇਸ ਮਾਮਲੇ ਵਿਚ ਮੂਰਖਤਾ ਕੀਤੀ ਹੈ; ਹੁਣ ਤੋਂ ਤੇਰੇ ਵਿਰੁੱਧ ਯੁੱਧ ਹੁੰਦੇ ਰਹਿਣਗੇ।”+ 10  ਪਰ ਆਸਾ ਦਰਸ਼ੀ ਨਾਲ ਨਾਰਾਜ਼ ਹੋ ਗਿਆ ਅਤੇ ਉਸ ਨੇ ਉਸ ਨੂੰ ਕੈਦ ਵਿਚ* ਸੁੱਟ ਦਿੱਤਾ ਕਿਉਂਕਿ ਇਸ ਗੱਲ ਕਰ ਕੇ ਉਸ ਦਾ ਕ੍ਰੋਧ ਉਸ ’ਤੇ ਭੜਕ ਉੱਠਿਆ ਸੀ। ਆਸਾ ਉਸ ਵੇਲੇ ਲੋਕਾਂ ਵਿੱਚੋਂ ਕਈਆਂ ਨਾਲ ਵੀ ਬੁਰਾ ਸਲੂਕ ਕਰਨ ਲੱਗ ਪਿਆ। 11  ਆਸਾ ਦੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੀ ਹੋਈ ਹੈ।+ 12  ਆਸਾ ਦੇ ਰਾਜ ਦੇ 39ਵੇਂ ਸਾਲ ਉਸ ਦੇ ਪੈਰਾਂ ਨੂੰ ਇਕ ਰੋਗ ਲੱਗ ਗਿਆ ਅਤੇ ਉਹ ਬਹੁਤ ਬੀਮਾਰ ਹੋ ਗਿਆ; ਪਰ ਆਪਣੀ ਬੀਮਾਰੀ ਵਿਚ ਵੀ ਉਹ ਯਹੋਵਾਹ ਵੱਲ ਨਹੀਂ ਮੁੜਿਆ, ਸਗੋਂ ਵੈਦਾਂ ਕੋਲ ਗਿਆ। 13  ਫਿਰ ਆਸਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਉਸ ਦੇ ਰਾਜ ਦੇ 41ਵੇਂ ਸਾਲ ਵਿਚ ਉਸ ਦੀ ਮੌਤ ਹੋ ਗਈ। 14  ਉਨ੍ਹਾਂ ਨੇ ਉਸ ਨੂੰ ਇਕ ਸ਼ਾਨਦਾਰ ਕਬਰ ਵਿਚ ਦਫ਼ਨਾਇਆ ਜੋ ਉਸ ਨੇ ਦਾਊਦ ਦੇ ਸ਼ਹਿਰ+ ਵਿਚ ਆਪਣੇ ਲਈ ਖੁਦਵਾਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਇਕ ਅਰਥੀ ’ਤੇ ਰੱਖਿਆ ਜੋ ਬਲਸਾਨ ਦੇ ਤੇਲ ਅਤੇ ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਤੇ ਖ਼ੁਸ਼ਬੂਦਾਰ ਤੇਲ ਦੇ ਮਿਸ਼ਰਣ ਨਾਲ ਭਰੀ ਪਈ ਸੀ।+ ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਲਈ ਇਕ ਵੱਡੀ ਅੱਗ ਬਾਲ਼ੀ।*

ਫੁਟਨੋਟ

ਜਾਂ, “ਮਜ਼ਬੂਤ ਕਰਨ; ਦੁਬਾਰਾ ਉਸਾਰਨ।”
ਜਾਂ, “ਦੇ ਇਲਾਕੇ ਵਿੱਚੋਂ ਨਾ ਕੋਈ ਬਾਹਰ ਜਾਵੇ, ਨਾ ਕੋਈ ਅੰਦਰ ਦਾਖ਼ਲ ਹੋਵੇ।”
ਜਾਂ, “ਇਕਰਾਰ।”
ਜਾਂ, “ਇਕਰਾਰ।”
ਜਾਂ, “ਮਜ਼ਬੂਤ ਕਰਨਾ; ਦੁਬਾਰਾ ਬਣਾਉਣਾ।”
ਜਾਂ, “ਮਜ਼ਬੂਤ ਕੀਤਾ; ਦੁਬਾਰਾ ਉਸਾਰਿਆ।”
ਇਬ, “ਦਾ ਸਹਾਰਾ ਲਿਆ।”
ਇਬ, “ਦਾ ਸਹਾਰਾ ਨਹੀਂ ਲਿਆ।”
ਜਾਂ, “ਉਨ੍ਹਾਂ ਦਾ ਸਾਥ ਦੇਵੇ।”
ਜਾਂ, “ਪੂਰੀ ਤਰ੍ਹਾਂ ਸਮਰਪਿਤ।”
ਇਬ, “ਕਾਠਾਂ ਦੇ ਘਰ ਵਿਚ।”
ਜ਼ਾਹਰ ਹੈ ਕਿ ਆਸਾ ਨੂੰ ਨਹੀਂ, ਸਗੋਂ ਮਸਾਲਿਆਂ ਨੂੰ ਜਲ਼ਾਇਆ ਗਿਆ ਸੀ।