ਕੁਰਿੰਥੀਆਂ ਨੂੰ ਦੂਜੀ ਚਿੱਠੀ 4:1-18
4 ਸਾਨੂੰ ਸੇਵਾ ਦਾ ਇਹ ਕੰਮ ਪਰਮੇਸ਼ੁਰ ਦੀ ਦਇਆ ਸਦਕਾ ਮਿਲਿਆ ਹੈ, ਇਸ ਲਈ ਅਸੀਂ ਹਾਰ ਨਹੀਂ ਮੰਨਦੇ।
2 ਪਰ ਅਸੀਂ ਬੇਈਮਾਨੀ ਤੇ ਬੇਸ਼ਰਮੀ ਭਰੇ ਕੰਮ ਕਰਨੇ ਛੱਡ ਦਿੱਤੇ ਹਨ। ਨਾਲੇ ਅਸੀਂ ਨਾ ਤਾਂ ਮੱਕਾਰੀਆਂ ਕਰਦੇ ਹਾਂ ਅਤੇ ਨਾ ਹੀ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ* ਪੇਸ਼ ਕਰਦੇ ਹਾਂ,+ ਸਗੋਂ ਲੋਕਾਂ ਨੂੰ ਸੱਚਾਈ ਬਾਰੇ ਦੱਸਦੇ ਹਾਂ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਰੇ ਲੋਕਾਂ* ਸਾਮ੍ਹਣੇ ਚੰਗੀ ਮਿਸਾਲ ਬਣਦੇ ਹਾਂ।+
3 ਅਸੀਂ ਜਿਸ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਹਾਂ, ਜੇ ਉਹ ਲੁਕੀ* ਹੋਈ ਹੈ, ਤਾਂ ਉਹ ਅਸਲ ਵਿਚ ਨਾਸ਼ ਹੋਣ ਵਾਲੇ ਲੋਕਾਂ ਤੋਂ ਲੁਕੀ ਹੋਈ ਹੈ।
4 ਅਜਿਹੇ ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਇਸ ਦੁਨੀਆਂ ਦੇ ਈਸ਼ਵਰ+ ਨੇ ਅੰਨ੍ਹੀਆਂ ਕੀਤੀਆਂ ਹੋਈਆਂ ਹਨ+ ਤਾਂਕਿ ਉਨ੍ਹਾਂ ਉੱਤੇ ਮਸੀਹ ਬਾਰੇ, ਜਿਹੜਾ ਹੂ-ਬਹੂ ਪਰਮੇਸ਼ੁਰ ਵਰਗਾ ਹੈ,+ ਸ਼ਾਨਦਾਰ ਖ਼ੁਸ਼ ਖ਼ਬਰੀ ਦਾ ਚਾਨਣ ਨਾ ਚਮਕੇ।+
5 ਅਸੀਂ ਆਪਣੇ ਬਾਰੇ ਨਹੀਂ, ਸਗੋਂ ਯਿਸੂ ਮਸੀਹ ਬਾਰੇ ਪ੍ਰਚਾਰ ਕਰਦੇ ਹਾਂ ਕਿ ਉਹੀ ਪ੍ਰਭੂ ਹੈ ਅਤੇ ਅਸੀਂ ਇਹ ਵੀ ਦੱਸਦੇ ਹਾਂ ਕਿ ਅਸੀਂ ਯਿਸੂ ਦੀ ਖ਼ਾਤਰ ਤੁਹਾਡੇ ਗ਼ੁਲਾਮ ਹਾਂ।
6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+
7 ਪਰ ਸਾਡੇ ਕੋਲ ਸੇਵਾ ਦਾ ਇਹ ਖ਼ਾਸ ਕੰਮ ਹੈ,+ ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ।+ ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਸਾਡੇ ਕੋਲ ਜੋ ਤਾਕਤ ਹੈ, ਉਹ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ ਅਤੇ ਇਹ ਤਾਕਤ ਸਾਡੀ ਆਪਣੀ ਨਹੀਂ, ਸਗੋਂ ਸਾਨੂੰ ਪਰਮੇਸ਼ੁਰ ਤੋਂ ਮਿਲੀ ਹੈ।+
8 ਅਸੀਂ ਮੁਸੀਬਤਾਂ ਨਾਲ ਘਿਰੇ ਹੋਏ ਤਾਂ ਹਾਂ, ਪਰ ਪੂਰੀ ਤਰ੍ਹਾਂ ਫਸੇ ਹੋਏ ਨਹੀਂ ਹਾਂ; ਅਸੀਂ ਉਲਝਣ ਵਿਚ ਤਾਂ ਹਾਂ, ਪਰ ਇਸ ਤਰ੍ਹਾਂ ਨਹੀਂ ਕਿ ਕੋਈ ਰਾਹ ਨਹੀਂ ਹੈ;+
9 ਸਾਡੇ ਉੱਤੇ ਅਤਿਆਚਾਰ ਤਾਂ ਕੀਤੇ ਜਾਂਦੇ ਹਨ, ਪਰ ਸਾਡਾ ਸਾਥ ਨਹੀਂ ਛੱਡਿਆ ਜਾਂਦਾ;+ ਸਾਨੂੰ ਡੇਗਿਆ ਤਾਂ ਜਾਂਦਾ ਹੈ, ਪਰ ਅਸੀਂ ਨਾਸ਼ ਨਹੀਂ ਹੁੰਦੇ।+
10 ਯਿਸੂ ਵਾਂਗ ਸਾਡੇ ਉੱਤੇ ਵੀ ਹਮੇਸ਼ਾ ਮੌਤ ਦਾ ਖ਼ਤਰਾ ਮੰਡਲਾਉਂਦਾ ਰਹਿੰਦਾ ਹੈ+ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਵੀ ਯਿਸੂ ਵਾਂਗ ਦੁੱਖ ਝੱਲਦੇ ਹਾਂ।
11 ਅਸੀਂ ਜੀਉਂਦੇ ਤਾਂ ਹਾਂ, ਪਰ ਯਿਸੂ ਦੀ ਖ਼ਾਤਰ ਅਸੀਂ ਹਮੇਸ਼ਾ ਮੌਤ ਦਾ ਸਾਮ੍ਹਣਾ ਕਰਦੇ ਹਾਂ+ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਵੀ ਯਿਸੂ ਵਾਂਗ ਦੁੱਖ ਝੱਲਦੇ ਹਾਂ।
12 ਇਸ ਲਈ ਭਾਵੇਂ ਸਾਨੂੰ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਇਸ ਕਰਕੇ ਤੁਹਾਨੂੰ ਜ਼ਿੰਦਗੀ ਮਿਲਦੀ ਹੈ।
13 ਧਰਮ-ਗ੍ਰੰਥ ਵਿਚ ਲਿਖਿਆ ਹੈ: “ਮੈਂ ਨਿਹਚਾ ਕੀਤੀ, ਇਸ ਲਈ ਮੈਂ ਕਿਹਾ।”+ ਸਾਡੇ ਵਿਚ ਵੀ ਇਹੀ ਨਿਹਚਾ ਹੈ। ਅਸੀਂ ਵੀ ਨਿਹਚਾ ਕਰਦੇ ਹਾਂ ਜਿਸ ਕਰਕੇ ਅਸੀਂ ਗੱਲ ਕਰਦੇ ਹਾਂ
14 ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਸੀ, ਉਹ ਯਿਸੂ ਦੇ ਨਾਲ ਸਾਨੂੰ ਵੀ ਦੁਬਾਰਾ ਜੀਉਂਦਾ ਕਰੇਗਾ ਅਤੇ ਤੁਹਾਡੇ ਨਾਲ ਸਾਨੂੰ ਉਸ ਦੇ ਸਾਮ੍ਹਣੇ ਪੇਸ਼ ਕਰੇਗਾ।+
15 ਇਹ ਸਭ ਕੁਝ ਤੁਹਾਡੀ ਖ਼ਾਤਰ ਹੋਇਆ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ ਕਿਉਂਕਿ ਹੋਰ ਬਹੁਤ ਸਾਰੇ ਲੋਕ ਪਰਮੇਸ਼ੁਰ ਦਾ ਧੰਨਵਾਦ ਕਰ ਰਹੇ ਹਨ ਜਿਸ ਕਰਕੇ ਉਸ ਦੀ ਮਹਿਮਾ ਹੋ ਰਹੀ ਹੈ।+
16 ਇਸ ਲਈ ਅਸੀਂ ਹਾਰ ਨਹੀਂ ਮੰਨਦੇ, ਭਾਵੇਂ ਅਸੀਂ ਬਾਹਰੋਂ ਖ਼ਤਮ ਹੁੰਦੇ ਜਾ ਰਹੇ ਹਾਂ, ਪਰ ਅੰਦਰੋਂ ਦਿਨ-ਬਦਿਨ ਨਵੇਂ ਬਣਾਏ ਜਾ ਰਹੇ ਹਾਂ।
17 ਭਾਵੇਂ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਅਤੇ ਮਾਮੂਲੀ ਹਨ, ਪਰ ਇਨ੍ਹਾਂ ਕਰਕੇ ਸਾਨੂੰ ਜੋ ਮਹਿਮਾ ਮਿਲੇਗੀ, ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ।+
18 ਇਸ ਲਈ ਅਸੀਂ ਆਪਣੀ ਨਜ਼ਰ ਦਿਸਣ ਵਾਲੀਆਂ ਚੀਜ਼ਾਂ ਉੱਤੇ ਨਹੀਂ, ਸਗੋਂ ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ ਰੱਖਦੇ ਹਾਂ+ ਕਿਉਂਕਿ ਦਿਸਣ ਵਾਲੀਆਂ ਚੀਜ਼ਾਂ ਥੋੜ੍ਹੇ ਸਮੇਂ ਲਈ ਹਨ, ਪਰ ਨਾ ਦਿਸਣ ਵਾਲੀਆਂ ਚੀਜ਼ਾਂ ਹਮੇਸ਼ਾ ਰਹਿਣਗੀਆਂ।
ਫੁਟਨੋਟ
^ ਯੂਨਾ, “ਗੱਲਾਂ ਵਿਚ ਮਿਲਾਵਟ ਕਰ ਕੇ।”
^ ਯੂਨਾ, “ਲੋਕਾਂ ਦੀ ਜ਼ਮੀਰ।”
^ ਜਾਂ, “ਪਰਦੇ ਪਿੱਛੇ ਲੁਕੀ।”
^ ਯੂਨਾ, “ਮਸੀਹ ਦੇ ਚਿਹਰੇ ਰਾਹੀਂ।”