Skip to content

Skip to table of contents

ਯਹੋਵਾਹ ਦਾ ਹੱਥ ਛੋਟਾ ਨਹੀਂ ਹੈ

ਯਹੋਵਾਹ ਦਾ ਹੱਥ ਛੋਟਾ ਨਹੀਂ ਹੈ

ਵੀਹਵਾਂ ਅਧਿਆਇ

ਯਹੋਵਾਹ ਦਾ ਹੱਥ ਛੋਟਾ ਨਹੀਂ ਹੈ

ਯਸਾਯਾਹ 59:1-21

1. ਯਹੂਦਾਹ ਦੇ ਲੋਕਾਂ ਦੀ ਹਾਲਤ ਕੀ ਸੀ, ਅਤੇ ਕਈ ਲੋਕ ਕੀ ਸੋਚਦੇ ਸਨ?

ਯਹੂਦਾਹ ਦੀ ਕੌਮ ਯਹੋਵਾਹ ਨਾਲ ਇਕ ਨੇਮ-ਬੱਧ ਰਿਸ਼ਤੇ ਵਿਚ ਹੋਣ ਦਾ ਦਾਅਵਾ ਕਰਦੀ ਸੀ। ਪਰ ਯਸਾਯਾਹ ਦੇ ਜ਼ਮਾਨੇ ਵਿਚ ਹਾਲਾਤ ਬਹੁਤ ਖ਼ਰਾਬ ਸਨ। ਹਰ ਪਾਸੇ ਮੁਸੀਬਤਾਂ ਹੀ ਸਨ। ਬੇਇਨਸਾਫ਼ੀ, ਅਪਰਾਧ, ਅਤੇ ਜ਼ੁਲਮ ਆਮ ਸਨ, ਅਤੇ ਸੁਧਾਰ ਦੀ ਕੋਈ ਉਮੀਦ ਨਹੀਂ ਸੀ। ਕਈਆਂ ਲੋਕਾਂ ਨੇ ਸੋਚਿਆ ਹੋਵੇਗਾ ਕਿ ਯਹੋਵਾਹ ਇਸ ਹਾਲਤ ਬਾਰੇ ਕੀ ਕਰੇਗਾ। ਯਸਾਯਾਹ ਦਾ ਬਿਰਤਾਂਤ ਸਿਰਫ਼ ਪੁਰਾਣੀਆਂ ਗੱਲਾਂ ਦਾ ਇਤਿਹਾਸ ਹੀ ਨਹੀਂ ਹੈ। ਉਸ ਦੀ ਭਵਿੱਖਬਾਣੀ ਵਿਚ ਅੱਜ ਵੀ ਉਨ੍ਹਾਂ ਲੋਕਾਂ ਲਈ ਚੇਤਾਵਨੀਆਂ ਹਨ ਜੋ ਉਸ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਹਨ ਪਰ ਉਸ ਦੇ ਕਾਨੂੰਨ ਨਹੀਂ ਮੰਨਦੇ। ਯਸਾਯਾਹ ਦੇ 59ਵੇਂ ਅਧਿਆਇ ਦੀ ਭਵਿੱਖਬਾਣੀ ਉਨ੍ਹਾਂ ਸਾਰਿਆਂ ਨੂੰ ਹੌਸਲਾ ਵੀ ਦਿੰਦੀ ਹੈ ਜੋ ਮੁਸ਼ਕਲ ਅਤੇ ਖ਼ਤਰਨਾਕ ਸਮਿਆਂ ਵਿਚ ਰਹਿਣ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਦੇ ਹਨ।

ਸੱਚੇ ਪਰਮੇਸ਼ੁਰ ਤੋਂ ਦੂਰ

2, 3. ਯਹੋਵਾਹ ਯਹੂਦਾਹ ਦੀ ਰੱਖਿਆ ਕਿਉਂ ਨਹੀਂ ਕਰ ਰਿਹਾ ਸੀ?

2 ਜ਼ਰਾ ਸੋਚੋ—ਯਹੋਵਾਹ ਦੇ ਨੇਮ-ਬੱਧ ਲੋਕਾਂ ਨੇ ਸੱਚਾ ਧਰਮ ਤਿਆਗ ਦਿੱਤਾ ਸੀ। ਉਨ੍ਹਾਂ ਨੇ ਆਪਣੇ ਕਰਤਾਰ ਤੋਂ ਮੂੰਹ ਮੋੜਿਆ ਸੀ ਅਤੇ ਇਸ ਤਰ੍ਹਾਂ ਉਹ ਉਸ ਦੀ ਸੁਰੱਖਿਆ ਤੋਂ ਦੂਰ ਹੋ ਚੁੱਕੇ ਸਨ। ਇਸੇ ਕਾਰਨ ਉਹ ਦੁੱਖਾਂ ਵਿਚ ਪਏ ਹੋਏ ਸਨ। ਪਰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਆਪਣੇ ਬੁਰੇ ਹਾਲ ਲਈ ਯਹੋਵਾਹ ਨੂੰ ਉਲਾਹਮਾ ਦੇ ਰਹੇ ਸਨ। ਇਸ ਲਈ ਯਸਾਯਾਹ ਨੇ ਉਨ੍ਹਾਂ ਨੂੰ ਦੱਸਿਆ: “ਵੇਖ, ਯਹੋਵਾਹ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ, ਉਹ ਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ੁਰ ਵਿੱਚ ਜੁਦਾਈ ਪਾ ਦਿੱਤੀ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਥੋਂ ਲੁਕਾ ਦਿੱਤਾ ਹੈ, ਭਈ ਉਹ ਨਾ ਸੁਣੇ।”​—ਯਸਾਯਾਹ 59:1, 2.

3 ਇਹ ਸ਼ਬਦ ਕਿੰਨੇ ਸੱਚੇ ਸਨ! ਯਹੋਵਾਹ ਮੁਕਤੀ ਦਾ ਪਰਮੇਸ਼ੁਰ ਹੈ। “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਜ਼ਬੂਰ 65:2) ਪਰ ਉਹ ਅਪਰਾਧੀਆਂ ਨੂੰ ਬਰਕਤਾਂ ਨਹੀਂ ਦਿੰਦਾ। ਲੋਕ ਖ਼ੁਦ ਯਹੋਵਾਹ ਤੋਂ ਦੂਰ ਹੋਏ ਸਨ। ਉਨ੍ਹਾਂ ਦੀ ਦੁਸ਼ਟਤਾ ਦੇ ਕਾਰਨ ਹੀ ਯਹੋਵਾਹ ਨੇ ਆਪਣਾ ਮੂੰਹ ਉਨ੍ਹਾਂ ਤੋਂ ਮੋੜਿਆ ਸੀ।

4. ਯਹੂਦਾਹ ਨੇ ਕਿਹੜੇ ਅਪਰਾਧ ਕੀਤੇ ਸਨ?

4 ਸੱਚ ਤਾਂ ਇਹ ਹੈ ਕਿ ਯਹੂਦਾਹ ਦੇ ਲੋਕ ਬਹੁਤ ਹੀ ਬੁਰੇ ਸਨ। ਯਸਾਯਾਹ ਨੇ ਉਨ੍ਹਾਂ ਦੇ ਕੁਝ ਅਪਰਾਧਾਂ ਬਾਰੇ ਦੱਸਿਆ: “ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ,​—ਤੁਹਾਡੇ ਬੁੱਲ੍ਹ ਝੂਠ ਮਾਰਦੇ ਹਨ, ਤੁਹਾਡੀ ਜੀਭ ਬਦੀ ਬਕਦੀ ਹੈ।” (ਯਸਾਯਾਹ 59:3) ਲੋਕ ਝੂਠ ਅਤੇ ਬੁਰਾ ਬੋਲਦੇ ਸਨ। ‘ਲਹੂ ਨਾਲ ਲਿਬੜੇ ਹੱਥਾਂ’ ਦਾ ਮਤਲਬ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਨੇ ਖ਼ੂਨ ਵੀ ਕੀਤੇ ਸਨ। ਇਸ ਨੇ ਪਰਮੇਸ਼ੁਰ ਉੱਤੇ ਬਦਨਾਮੀ ਲਿਆਂਦੀ, ਜਿਸ ਦੀ ਬਿਵਸਥਾ ਵਿਚ ਸਿਰਫ਼ ਖ਼ੂਨ ਕਰਨਾ ਹੀ ਮਨ੍ਹਾ ਨਹੀਂ ਸੀ, ਪਰ ‘ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਰੱਖਣਾ’ ਵੀ ਮਨ੍ਹਾ ਸੀ! (ਲੇਵੀਆਂ 19:17) ਯਹੂਦਾਹ ਦੇ ਵਾਸੀਆਂ ਦਾ ਪਾਪ ਅਤੇ ਇਸ ਦਾ ਬੁਰਾ ਨਤੀਜਾ ਅੱਜ ਸਾਨੂੰ ਸਾਰਿਆਂ ਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਆਪਣੀ ਸੋਚਣੀ ਅਤੇ ਭਾਵਨਾਵਾਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਵਰਨਾ ਅਸੀਂ ਅਜਿਹਾ ਪਾਪ ਕਰ ਬੈਠਾਂਗੇ ਜੋ ਸਾਨੂੰ ਪਰਮੇਸ਼ੁਰ ਤੋਂ ਦੂਰ ਕਰ ਦੇਵੇਗਾ।​—ਰੋਮੀਆਂ 12:9; ਗਲਾਤੀਆਂ 5:15; ਯਾਕੂਬ 1:14, 15.

5. ਯਹੂਦਾਹ ਦਾ ਪਾਪ ਕਿਸ ਹੱਦ ਤਕ ਫੈਲਿਆ ਹੋਇਆ ਸੀ?

5 ਪਾਪ ਦਾ ਰੋਗ ਸਾਰੀ ਕੌਮ ਵਿਚ ਫੈਲਿਆ ਹੋਇਆ ਸੀ। ਭਵਿੱਖਬਾਣੀ ਨੇ ਅੱਗੇ ਕਿਹਾ: “ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਓਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਓਹ ਸ਼ਰਾਰਤ ਨਾਲ ਗਰਭੀ ਹੁੰਦੇ ਅਤੇ ਬਦੀ ਜਣਦੇ ਹਨ!” (ਯਸਾਯਾਹ 59:4) ਕੋਈ ਵੀ ਸੱਚ ਨਹੀਂ ਬੋਲਦਾ ਸੀ। ਅਦਾਲਤ ਵਿਚ ਵੀ ਕੋਈ ਭਰੋਸੇਯੋਗ ਜਾਂ ਵਫ਼ਾਦਾਰ ਬੰਦਾ ਨਹੀਂ ਪਾਇਆ ਜਾਂਦਾ ਸੀ। ਯਹੂਦਾਹ ਨੇ ਯਹੋਵਾਹ ਤੋਂ ਆਪਣਾ ਮੂੰਹ ਫੇਰ ਕੇ ਹੋਰਨਾਂ ਕੌਮਾਂ ਨਾਲ ਦੋਸਤੀ ਕੀਤੀ ਅਤੇ ਬੇਜਾਨ ਮੂਰਤੀਆਂ ਉੱਤੇ ਭਰੋਸਾ ਰੱਖਿਆ ਸੀ। ਪਰ ਇਨ੍ਹਾਂ “ਫੋਕਟ” ਚੀਜ਼ਾਂ ਉੱਤੇ ਭਰੋਸਾ ਰੱਖਣਾ ਵਿਅਰਥ ਸੀ। (ਯਸਾਯਾਹ 40:17, 23; 41:29) ਨਤੀਜੇ ਵਜੋਂ, ਉਨ੍ਹਾਂ ਦੇ ਸਾਰੇ ਜਤਨ ਫ਼ਜ਼ੂਲ ਸਨ ਅਤੇ ਦੁੱਖ-ਮੁਸੀਬਤ ਹੀ ਲਿਆਉਂਦੇ ਸਨ।

6. ਈਸਾਈ-ਜਗਤ ਦਾ ਰਿਕਾਰਡ ਯਹੂਦਾਹ ਵਰਗਾ ਕਿਵੇਂ ਹੈ?

6 ਯਹੂਦਾਹ ਦੀ ਦੁਸ਼ਟਤਾ ਅਤੇ ਹਿੰਸਾ ਈਸਾਈ-ਜਗਤ ਵਿਚ ਹੋ ਰਹੇ ਕੰਮਾਂ ਨਾਲ ਮੇਲ ਖਾਂਦੀ ਹੈ। (ਸਫ਼ੇ 294 ਉੱਤੇ “ਧਰਮ-ਤਿਆਗੀ ਯਰੂਸ਼ਲਮ ਦਾ ਈਸਾਈ-ਜਗਤ ਨਾਲ ਮੇਲ” ਦੇਖੋ।) ਮਸੀਹੀ ਹੋਣ ਦਾ ਦਾਅਵਾ ਕਰਨ ਵਾਲੀਆਂ ਕੌਮਾਂ ਨੇ ਦੋਹਾਂ ਵਿਸ਼ਵ ਯੁੱਧਾਂ ਵਿਚ ਹਿੱਸਾ ਲਿਆ ਸੀ। ਈਸਾਈ-ਜਗਤ ਦੀ ਧਾਰਮਿਕ ਸਿੱਖਿਆ ਅੱਜ ਤਕ ਆਪਣੇ ਹੀ ਮੈਂਬਰਾਂ ਵਿਚਕਾਰ ਜਾਤੀ ਕਤਲਾਮ ਨੂੰ ਨਹੀਂ ਰੋਕ ਸਕੀ। (2 ਤਿਮੋਥਿਉਸ 3:5) ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਉੱਤੇ ਭਰੋਸਾ ਰੱਖਣਾ ਸਿਖਾਇਆ ਸੀ, ਪਰ ਈਸਾਈ-ਜਗਤ ਦੀਆਂ ਕੌਮਾਂ ਸੁਰੱਖਿਆ ਲਈ ਹਥਿਆਰਾਂ ਅਤੇ ਰਾਜਨੀਤੀ ਦੀ ਦੋਸਤੀ ਉੱਤੇ ਭਰੋਸਾ ਰੱਖਦੀਆਂ ਹਨ। (ਮੱਤੀ 6:10) ਦਰਅਸਲ ਦੁਨੀਆਂ ਵਿਚ ਈਸਾਈ-ਜਗਤ ਦੀਆਂ ਕੌਮਾਂ ਸਭ ਤੋਂ ਜ਼ਿਆਦਾ ਹਥਿਆਰ ਬਣਾਉਣ ਵਾਲੀਆਂ ਹਨ! ਜੀ ਹਾਂ, ਈਸਾਈ-ਜਗਤ ਸੁਖੀ ਭਵਿੱਖ ਲਈ ਇਨਸਾਨਾਂ ਦੀਆਂ ਸੰਸਥਾਵਾਂ ਉੱਤੇ ਭਰੋਸਾ ਰੱਖ ਕੇ ਯਹੂਦਾਹ ਵਾਂਗ “ਫੋਕਟ” ਉੱਤੇ ਭਰੋਸਾ ਰੱਖ ਰਿਹਾ ਹੈ।

ਜੈਸੀ ਕਰਨੀ ਤੈਸੀ ਭਰਨੀ

7. ਯਹੂਦਾਹ ਦੇ ਲੋਕਾਂ ਦੀਆਂ ਜੁਗਤਾਂ ਸਿਰਫ਼ ਬੁਰਾ ਫਲ ਹੀ ਕਿਉਂ ਪੈਦਾ ਕਰਦੀਆਂ ਸਨ?

7 ਸਮਾਜ ਉੱਤੇ ਮੂਰਤੀ-ਪੂਜਾ ਅਤੇ ਬੇਈਮਾਨੀ ਦਾ ਚੰਗਾ ਅਸਰ ਨਹੀਂ ਪਿਆ। ਅਜਿਹੇ ਕੰਮਾਂ ਕਰਕੇ ਬੇਵਫ਼ਾ ਯਹੂਦੀ ਲੋਕਾਂ ਨੇ ਜੋ ਬੀਜਿਆ ਉਹੀ ਵੱਢਿਆ। ਅਸੀਂ ਪੜ੍ਹਦੇ ਹਾਂ: “ਓਹ ਨਾਗ ਦੇ ਆਂਡੇ ਸੇਉਂਦੇ ਹਨ, ਓਹ ਮਕੜੀ ਦਾ ਜਾਲਾ ਤਣਦੇ ਹਨ, ਜੋ ਓਹਨਾਂ ਦੇ ਆਂਡਿਆਂ ਵਿੱਚੋਂ ਖਾਵੇ ਸੋ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਨਿੱਕਲੇਗਾ।” (ਯਸਾਯਾਹ 59:5) ਯਹੂਦਾਹ ਦੇ ਲੋਕ ਭਾਵੇਂ ਜੋ ਮਰਜ਼ੀ ਜੁਗਤਾਂ ਸੋਚਦੇ ਅਤੇ ਕਰਦੇ ਸਨ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਸੀ ਹੁੰਦਾ। ਠੀਕ ਜਿਵੇਂ ਨਾਗ ਦੇ ਆਂਡੇ ਸਿਰਫ਼ ਨਾਗ ਪੈਦਾ ਕਰਦੇ ਹਨ ਉਨ੍ਹਾਂ ਦੀ ਗ਼ਲਤ ਸੋਚਣੀ ਸਿਰਫ਼ ਬੁਰਾ ਫਲ ਲਿਆਉਂਦੀ ਸੀ। ਨਤੀਜੇ ਵਜੋਂ ਕੌਮ ਨੇ ਦੁੱਖ ਭੁਗਤੇ।

8. ਕਿਸ ਚੀਜ਼ ਨੇ ਦਿਖਾਇਆ ਕਿ ਯਹੂਦਾਹ ਦੇ ਖ਼ਿਆਲ ਵਿਗੜੇ ਹੋਏ ਸਨ?

8 ਯਸਾਯਾਹ ਨੇ ਕਿਹਾ: “ਓਹਨਾਂ ਦੇ ਜਾਲੇ ਬਸਤਰ ਨਾ ਬਣਨਗੇ, ਨਾ ਓਹ ਆਪਣੀਆਂ ਕਰਤੂਤਾਂ ਨਾਲ ਆਪ ਨੂੰ ਕੱਜਣਗੇ, ਓਹਨਾਂ ਦੀਆਂ ਕਰਤੂਤਾਂ ਬਦੀ ਦੀਆਂ ਕਰਤੂਤਾਂ ਹਨ, ਅਤੇ ਜ਼ੁਲਮ ਦਾ ਕੰਮ ਓਹਨਾਂ ਦੇ ਹੱਥ ਵਿੱਚ ਹੈ। ਓਹਨਾਂ ਦੇ ਪੈਰ ਬੁਰਿਆਈ ਵੱਲ ਨੱਠਦੇ ਹਨ, ਅਤੇ ਬੇਦੋਸ਼ਾ ਲਹੂ ਬਹਾਉਣ ਵਿੱਚ ਕਾਹਲੀ ਕਰਦੇ ਹਨ। ਓਹਨਾਂ ਦੇ ਖਿਆਲ ਬਦੀ ਦੇ ਖਿਆਲ ਹਨ, ਵਿਰਾਨੀ ਅਤੇ ਬਰਬਾਦੀ ਓਹਨਾਂ ਦੇ ਰਸਤਿਆਂ ਵਿੱਚ ਹੈ।” (ਯਸਾਯਾਹ 59:6, 7) ਯਹੂਦਾਹ ਦੇ ਕੁਝ ਵਾਸੀਆਂ ਨੇ ਯਹੋਵਾਹ ਉੱਤੇ ਭਰੋਸਾ ਰੱਖਣ ਅਤੇ ਧਰਮੀ ਕੰਮ ਕਰਨ ਦੀ ਬਜਾਇ ਆਪਣੀ ਹਿਫਾਜ਼ਤ ਲਈ ਸ਼ਾਇਦ ਹਿੰਸਾ ਦਾ ਸਹਾਰਾ ਲਿਆ ਹੋਵੇ। ਇਹ ਇਸ ਤਰ੍ਹਾਂ ਸੀ ਜਿਵੇਂ ਕਿ ਉਹ ਕੱਪੜਿਆਂ ਦੀ ਥਾਂ ਮਕੜੀ ਦਾ ਜਾਲਾ ਪਾ ਰਹੇ ਸਨ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਸੀ। ਉਨ੍ਹਾਂ ਦੇ ਖ਼ਿਆਲ ਕਿੰਨੇ ਵਿਗੜੇ ਹੋਏ ਸਨ! ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਹਿੰਸਕ ਬਣਨ ਵਿਚ ਉਨ੍ਹਾਂ ਨੇ ਦਿਖਾਇਆ ਕਿ ਉਹ ਕਿੰਨੇ ਦੁਸ਼ਟ ਸਨ। ਉਨ੍ਹਾਂ ਨੂੰ ਇਸ ਬਾਰੇ ਕੋਈ ਪਰਵਾਹ ਨਹੀਂ ਸੀ ਕਿ ਉਨ੍ਹਾਂ ਦੇ ਕਈ ਸ਼ਿਕਾਰ ਬੇਕਸੂਰ ਸਨ ਅਤੇ ਕੁਝ ਪਰਮੇਸ਼ੁਰ ਦੇ ਸੱਚੇ ਸੇਵਕ ਵੀ ਸਨ।

9. ਈਸਾਈ-ਜਗਤ ਦੇ ਆਗੂ ਸੱਚੀ ਸ਼ਾਂਤੀ ਕਿਉਂ ਨਹੀਂ ਹਾਸਲ ਕਰ ਸਕਦੇ?

9 ਇਹ ਪ੍ਰੇਰਿਤ ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਈਸਾਈ-ਜਗਤ ਨੇ ਕਿੰਨਾ ਖ਼ੂਨ-ਖ਼ਰਾਬਾ ਕੀਤਾ ਹੈ। ਮਸੀਹੀਅਤ ਨੂੰ ਗ਼ਲਤ ਤਰ੍ਹਾਂ ਪੇਸ਼ ਕਰਨ ਲਈ ਯਹੋਵਾਹ ਉਸ ਤੋਂ ਲੇਖਾ ਜ਼ਰੂਰ ਲਵੇਗਾ! ਯਸਾਯਾਹ ਦੇ ਜ਼ਮਾਨੇ ਦੇ ਯਹੂਦੀਆਂ ਵਾਂਗ, ਈਸਾਈ-ਜਗਤ ਇਕ ਗ਼ਲਤ ਰਾਹ ਉੱਤੇ ਚੱਲਿਆ ਹੈ ਕਿਉਂਕਿ ਉਨ੍ਹਾਂ ਦੇ ਆਗੂਆਂ ਦੇ ਭਾਣੇ ਇਹੋ ਰਸਤਾ ਸਹੀ ਹੈ। ਇਕ ਪਾਸੇ ਉਹ ਸ਼ਾਂਤੀ ਬਾਰੇ ਗੱਲ ਕਰਦੇ ਹਨ ਪਰ ਦੂਜੇ ਪਾਸੇ ਉਹ ਬੇਇਨਸਾਫ਼ੀ ਕਰਦੇ ਹਨ। ਉਹ ਕਿੰਨੇ ਪਖੰਡੀ ਹਨ! ਜਿੰਨਾ ਚਿਰ ਉਹ ਇਸ ਰਸਤੇ ਤੇ ਚੱਲਣਗੇ ਉਹ ਸੱਚੀ ਸ਼ਾਂਤੀ ਹਾਸਲ ਨਹੀਂ ਕਰਨਗੇ। ਭਵਿੱਖਬਾਣੀ ਨੇ ਅੱਗੇ ਕਿਹਾ: “ਸ਼ਾਂਤੀ ਦਾ ਰਾਹ ਓਹ ਨਹੀਂ ਜਾਣਦੇ, ਓਹਨਾਂ ਦੇ ਵਰਤਾਰੇ ਵਿੱਚ ਇਨਸਾਫ਼ ਨਹੀਂ, ਓਹਨਾਂ ਨੇ ਵਿੰਗੇ ਪਹੇ ਆਪਣੇ ਲਈ ਬਣਾਏ, ਜੋ ਉਨ੍ਹਾਂ ਵਿੱਚ ਜਾਂਦਾ ਉਹ ਸ਼ਾਂਤੀ ਨਹੀਂ ਜਾਣਦਾ।”​—ਯਸਾਯਾਹ 59:8.

ਰੂਹਾਨੀ ਹਨੇਰੇ ਵਿਚ ਘੁੰਮਣਾ

10. ਯਸਾਯਾਹ ਨੇ ਯਹੂਦਾਹ ਦੇ ਲਈ ਕੀ ਕਬੂਲ ਕੀਤਾ ਸੀ?

10 ਯਹੋਵਾਹ ਯਹੂਦਾਹ ਦੇ ਟੇਢੇ ਰਾਹਾਂ ਉੱਤੇ ਕਦੀ ਨਹੀਂ ਬਰਕਤ ਪਾ ਸਕਦਾ ਸੀ। (ਜ਼ਬੂਰ 11:5) ਇਸ ਲਈ ਯਸਾਯਾਹ ਨੇ ਯਹੂਦਾਹ ਦਾ ਦੋਸ਼ ਕਬੂਲ ਕਰਦੇ ਹੋਏ ਸਾਰੀ ਕੌਮ ਦੇ ਲਈ ਗੱਲ ਕੀਤੀ: “ਏਸੇ ਲਈ ਇਨਸਾਫ਼ ਸਾਥੋਂ ਦੂਰ ਹੈ, ਅਤੇ ਧਰਮ ਸਾਨੂੰ ਨਹੀਂ ਆ ਫੜਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਅਨ੍ਹੇਰਾ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਅਨ੍ਹੇਰੇ ਵਿੱਚ ਚੱਲਦੇ ਹਾਂ। ਅਸੀਂ ਅੰਨ੍ਹਿਆਂ ਵਾਂਙੁ ਕੰਧ ਨੂੰ ਟੋਹੰਦੇ ਹਾਂ, ਅਤੇ ਓਹਨਾਂ ਵਾਂਙੁ ਜਿਨ੍ਹਾਂ ਦੀਆਂ ਅੱਖੀਆਂ ਨਹੀਂ ਅਸੀਂ ਟੋਹੰਦੇ ਹਾਂ, ਅਸੀਂ ਦੁਪਹਿਰ ਨੂੰ ਸੰਝ ਵਾਂਙੁ ਠੇਡਾ ਖਾਂਦੇ ਹਾਂ, ਅਸੀਂ ਮੋਟਿਆਂ ਤਾਜ਼ਿਆਂ ਵਿੱਚ ਮੁਰਦਿਆਂ ਵਾਂਙੁ ਹਾਂ। ਅਸੀਂ ਸਾਰੇ ਰਿੱਛਾਂ ਵਾਂਙੁ ਘੂਰਦੇ ਹਾਂ, ਅਸੀਂ ਘੁੱਗੀਆਂ ਵਾਂਙੁ ਹੂੰਗਦੇ ਰਹਿੰਦੇ ਹਾਂ।” (ਯਸਾਯਾਹ 59:9-11ੳ) ਯਹੂਦੀਆਂ ਨੇ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਪੈਰਾਂ ਲਈ ਦੀਪਕ ਅਤੇ ਆਪਣੇ ਰਾਹ ਦਾ ਚਾਨਣ ਨਹੀਂ ਬਣਾਇਆ ਸੀ। (ਜ਼ਬੂਰ 119:105) ਨਤੀਜੇ ਵਜੋਂ ਉਨ੍ਹਾਂ ਨੂੰ ਹਨੇਰਾ ਹੀ ਨਜ਼ਰ ਆਉਂਦਾ ਸੀ। ਸਿਖਰ ਦੁਪਹਿਰ ਵੀ ਉਹ ਇਸ ਤਰ੍ਹਾਂ ਫਿਰਦੇ ਸਨ ਜਿਵੇਂ ਰਾਤ ਪਈ ਹੋਈ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮਰੇ ਹੋਏ ਸਨ। ਰਾਹਤ ਪਾਉਣ ਲਈ ਉਹ ਭੁੱਖੇ ਜਾਂ ਜ਼ਖ਼ਮੀ ਰਿੱਛਾਂ ਵਾਂਗ ਘੂਰਦੇ ਸਨ। ਕੁਝ ਲੋਕ ਘੁੱਗੀਆਂ ਵਾਂਗ ਹੂੰਗਦੇ ਸਨ।

11. ਯਹੂਦਾਹ ਦੇ ਲੋਕ ਇਨਸਾਫ਼ ਅਤੇ ਮੁਕਤੀ ਦੀ ਆਸ ਕਿਉਂ ਨਹੀਂ ਰੱਖ ਸਕਦੇ ਸਨ?

11 ਯਸਾਯਾਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਹੂਦਾਹ ਦੀ ਹਾਲਤ ਇਸ ਲਈ ਬੁਰੀ ਸੀ ਕਿ ਲੋਕਾਂ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ। ਉਸ ਨੇ ਕਿਹਾ: “ਅਸੀਂ ਇਨਸਾਫ਼ ਨੂੰ ਉਡੀਕਦੇ ਹਾਂ, ਪਰ ਹੈ ਨਹੀਂ, ਮੁਕਤੀ ਨੂੰ, ਪਰ ਉਹ ਸਾਥੋਂ ਦੂਰ ਹੈ। ਸਾਡੇ ਅਪਰਾਧ ਤਾਂ ਤੇਰੇ ਹਜ਼ੂਰ ਵਧ ਗਏ ਹਨ, ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਕਿਉਂ ਜੋ ਸਾਡੇ ਅਪਰਾਧ ਸਾਡੇ ਨਾਲ ਹਨ, ਅਤੇ ਆਪਣੀਆਂ ਬਦੀਆਂ ਨੂੰ​—ਅਸੀਂ ਓਹਨਾਂ ਨੂੰ ਜਾਣਦੇ ਹਾਂ। ਅਸੀਂ ਅਪਰਾਧ ਕੀਤਾ ਅਤੇ ਯਹੋਵਾਹ ਤੋਂ ਮੁੱਕਰ ਗਏ, ਅਸੀਂ ਆਪਣੇ ਪਰਮੇਸ਼ੁਰ ਦੇ ਮਗਰ ਲੱਗਣੋਂ ਫਿਰ ਗਏ, ਅਸਾਂ ਜ਼ੁਲਮ ਅਰ ਆਕੀਪੁਣਾ ਬਕਿਆ, ਅਸਾਂ ਮਨੋਂ ਜੁਗਤੀ ਕਰ ਕੇ ਝੂਠੀਆਂ ਗੱਲਾਂ ਕੀਤੀਆਂ।” (ਯਸਾਯਾਹ 59:11ਅ-13) ਯਹੂਦਾਹ ਦੇ ਵਾਸੀਆਂ ਨੇ ਤੋਬਾ ਨਹੀਂ ਕੀਤੀ ਸੀ ਇਸ ਲਈ ਉਨ੍ਹਾਂ ਨੂੰ ਮਾਫ਼ੀ ਨਹੀਂ ਮਿਲੀ ਸੀ। ਦੇਸ਼ ਵਿਚ ਇਨਸਾਫ਼ ਨਹੀਂ ਸੀ ਕਿਉਂਕਿ ਲੋਕ ਯਹੋਵਾਹ ਤੋਂ ਦੂਰ ਹੋ ਚੁੱਕੇ ਸਨ। ਉਹ ਹਰ ਤਰ੍ਹਾਂ ਬੇਈਮਾਨ ਸਨ ਅਤੇ ਉਨ੍ਹਾਂ ਨੇ ਆਪਣੇ ਹੀ ਭਰਾਵਾਂ ਉੱਤੇ ਵੀ ਜ਼ੁਲਮ ਕੀਤੇ ਸਨ। ਇਹ ਬਿਲਕੁਲ ਈਸਾਈ-ਜਗਤ ਦਿਆਂ ਲੋਕਾਂ ਵਾਂਗ ਹੈ! ਉਹ ਨਾ ਸਿਰਫ਼ ਬੇਇਨਸਾਫ਼ੀ ਕਰਦੇ ਹਨ ਪਰ ਉਹ ਯਹੋਵਾਹ ਦੇ ਵਫ਼ਾਦਾਰ ਗਵਾਹਾਂ ਨੂੰ ਸਤਾਉਂਦੇ ਵੀ ਹਨ, ਜੋ ਪਰਮੇਸ਼ੁਰ ਦੀ ਇੱਛਾ ਕਰਨੀ ਚਾਹੁੰਦੇ ਹਨ।

ਯਹੋਵਾਹ ਵੱਲੋਂ ਨਿਆਉਂ

12. ਯਹੂਦਾਹ ਦੇ ਬਜ਼ੁਰਗ ਨਿਆਉਂ ਕਿਸ ਤਰ੍ਹਾਂ ਕਰ ਰਹੇ ਸਨ?

12 ਇਸ ਤਰ੍ਹਾਂ ਲੱਗਦਾ ਹੈ ਕਿ ਯਹੂਦਾਹ ਵਿਚ ਇਨਸਾਫ਼, ਧਾਰਮਿਕਤਾ, ਜਾਂ ਸੱਚਾਈ ਨਹੀਂ ਸੀ। “ਇਨਸਾਫ਼ ਉਲਟ ਗਿਆ, ਅਤੇ ਧਰਮ ਦੂਰ ਖੜਾ ਰਹਿੰਦਾ, ਸਚਿਆਈ ਤਾਂ ਚੌਂਕ ਵਿੱਚ ਡਿੱਗ ਪਈ, ਅਤੇ ਸਿਧਿਆਈ ਵੜ ਨਹੀਂ ਸੱਕਦੀ।” (ਯਸਾਯਾਹ 59:14) ਯਹੂਦਾਹ ਦੇ ਸ਼ਹਿਰ ਦੀਆਂ ਫਾਟਕਾਂ ਪਿੱਛੇ ਚੌਂਕ ਸਨ ਜਿੱਥੇ ਬਜ਼ੁਰਗ ਮੁਕੱਦਮੇ ਚਲਾਉਣ ਲਈ ਇਕੱਠੇ ਹੁੰਦੇ ਸਨ। (ਰੂਥ 4:1, 2, 11) ਅਜਿਹੇ ਬਜ਼ੁਰਗਾਂ ਨੂੰ ਰਿਸ਼ਵਤ ਨਹੀਂ ਲੈਣੀ ਚਾਹੀਦੀ ਸੀ ਸਗੋਂ ਧਾਰਮਿਕਤਾ ਅਤੇ ਇਨਸਾਫ਼ ਨਾਲ ਨਿਆਉਂ ਕਰਨਾ ਚਾਹੀਦਾ ਸੀ। (ਬਿਵਸਥਾ ਸਾਰ 16:18-20) ਪਰ ਇਸ ਦੀ ਬਜਾਇ ਉਹ ਆਪਣੇ ਹੀ ਖ਼ੁਦਗਰਜ਼ ਤਰੀਕੇ ਵਿਚ ਨਿਆਉਂ ਕਰਦੇ ਸਨ। ਇਸ ਤੋਂ ਵੀ ਭੈੜਾ ਉਹ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸਨ ਜੋ ਸੱਚੇ ਦਿਲੋਂ ਸਹੀ ਕੰਮ ਕਰਨੇ ਚਾਹੁੰਦੇ ਸਨ। ਅਸੀਂ ਪੜ੍ਹਦੇ ਹਾਂ: “ਸਚਿਆਈ ਦੀ ਥੁੜੋਂ ਹੈ, ਅਤੇ ਜਿਹੜਾ ਬਦੀ ਤੋਂ ਨੱਠਦਾ ਹੈ ਉਹ ਆਪ ਨੂੰ ਸ਼ਿਕਾਰ ਬਣਾਉਂਦਾ ਹੈ।”​—ਯਸਾਯਾਹ 59:15ੳ.

13. ਕਿਉਂਕਿ ਨਿਆਂਕਾਰ ਆਪਣਾ ਫ਼ਰਜ਼ ਨਿਭਾਉਣ ਵਿਚ ਲਾਪਰਵਾਹ ਸਨ ਯਹੋਵਾਹ ਨੇ ਕੀ ਕੀਤਾ ਸੀ?

13 ਇਹ ਬਜ਼ੁਰਗ ਭੁੱਲ ਗਏ ਸਨ ਕਿ ਪਰਮੇਸ਼ੁਰ ਅੰਨ੍ਹਾ, ਅਣਜਾਣ, ਜਾਂ ਨਿਰਬਲ ਨਹੀਂ ਹੈ। ਯਸਾਯਾਹ ਨੇ ਲਿਖਿਆ: “ਯਹੋਵਾਹ ਨੇ ਵੇਖਿਆ ਅਤੇ ਉਹ ਦੀ ਨਿਗਾਹ ਵਿੱਚ ਏਹ ਬੁਰਾ ਲੱਗਾ, ਇਨਸਾਫ਼ ਜੋ ਨਹੀਂ ਸੀ। ਉਹ ਨੇ ਵੇਖਿਆ ਭਈ ਕੋਈ ਮਨੁੱਖ ਨਹੀਂ, ਉਹ ਦੰਗ ਰਹਿ ਗਿਆ ਭਈ ਕੋਈ ਵਿਚੋਲਾ ਨਹੀਂ, ਤਾਂ ਉਹ ਦੀ ਭੁਜਾ ਨੇ ਉਸ ਲਈ ਬਚਾਓ ਕੀਤਾ, ਅਤੇ ਉਹ ਦੇ ਧਰਮ ਨੇ ਹੀ ਉਸ ਨੂੰ ਸੰਭਾਲਿਆ।” (ਯਸਾਯਾਹ 59:15ਅ, 16) ਨਿਯੁਕਤ ਕੀਤੇ ਗਏ ਨਿਆਂਕਾਰ ਆਪਣਾ ਫ਼ਰਜ਼ ਨਿਭਾਉਣ ਵਿਚ ਲਾਪਰਵਾਹ ਸਨ, ਇਸ ਲਈ ਯਹੋਵਾਹ ਨੇ ਮਾਮਲੇ ਨੂੰ ਆਪਣੇ ਹੱਥਾਂ ਵਿਚ ਲਿਆ। ਸਮਾਂ ਆਉਣ ਤੇ ਉਸ ਨੇ ਧਾਰਮਿਕਤਾ ਅਤੇ ਸ਼ਕਤੀ ਨਾਲ ਕੰਮ ਕੀਤਾ ਸੀ।

14. (ੳ) ਅੱਜ ਲੋਕਾਂ ਦਾ ਕਿਹੋ ਜਿਹਾ ਰਵੱਈਆ ਹੈ? (ਅ) ਯਹੋਵਾਹ ਨੇ ਆਪਣੇ ਆਪ ਨੂੰ ਲੜਾਈ ਲਈ ਕਿਵੇਂ ਤਿਆਰ ਕੀਤਾ ਹੈ?

14 ਅੱਜ ਵੀ ਅਜਿਹੀ ਹਾਲਤ ਹੈ। ਅਸੀਂ ਅਜਿਹੇ ਸੰਸਾਰ ਵਿਚ ਰਹਿ ਰਹੇ ਹਾਂ ਜਿੱਥੇ ਕਈਆਂ ਲੋਕਾਂ ਦੇ ਮਨ “ਸੁੰਨ” ਹੋ ਚੁੱਕੇ ਹਨ। (ਅਫ਼ਸੀਆਂ 4:19) ਬਹੁਤ ਥੋੜ੍ਹੇ ਲੋਕ ਮੰਨਦੇ ਹਨ ਕਿ ਯਹੋਵਾਹ ਦਖ਼ਲ ਦੇ ਕੇ ਇਸ ਧਰਤੀ ਤੋਂ ਦੁਸ਼ਟਤਾ ਖ਼ਤਮ ਕਰੇਗਾ। ਪਰ ਯਸਾਯਾਹ ਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਯਹੋਵਾਹ ਬੜੇ ਧਿਆਨ ਨਾਲ ਦੇਖਦਾ ਹੈ ਕਿ ਧਰਤੀ ਉੱਤੇ ਕੀ-ਕੀ ਹੋ ਰਿਹਾ ਹੈ। ਉਹ ਫ਼ੈਸਲੇ ਕਰਦਾ ਹੈ ਅਤੇ ਫਿਰ ਸਮੇਂ ਸਿਰ ਉਨ੍ਹਾਂ ਦੇ ਅਨੁਸਾਰ ਨਿਆਉਂ ਕਰਦਾ ਹੈ। ਕੀ ਉਸ ਦੇ ਨਿਆਉਂ ਸੱਚੇ ਹੁੰਦੇ ਹਨ? ਯਸਾਯਾਹ ਦੇ ਅਨੁਸਾਰ ਇਸ ਦਾ ਜਵਾਬ ਹਾਂ ਹੈ। ਯਹੂਦਾਹ ਦੀ ਕੌਮ ਦੇ ਮਾਮਲੇ ਬਾਰੇ ਉਸ ਨੇ ਲਿਖਿਆ: “ਉਹ ਨੇ ਧਰਮ ਸੰਜੋ ਵਾਂਙੁ, ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਪਹਿਨਿਆ, ਉਹ ਨੇ ਬਦਲਾ ਲੈਣ ਦੇ ਬਸਤਰ ਲਿਬਾਸ ਲਈ ਪਹਿਨੇ, ਅਤੇ ਚੋਲੇ ਵਾਂਙੁ ਅਣਖ ਨੂੰ ਪਾ ਲਿਆ।” (ਯਸਾਯਾਹ 59:17) ਭਵਿੱਖਬਾਣੀ ਦੇ ਇਨ੍ਹਾਂ ਸ਼ਬਦਾਂ ਨੇ ਯਹੋਵਾਹ ਨੂੰ ਇਕ ਸੂਰਬੀਰ ਵਜੋਂ ਦਰਸਾਇਆ ਜੋ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰ ਰਿਹਾ ਸੀ। ਉਸ ਦਾ ਇਰਾਦਾ ਪੱਕਾ ਸੀ ਕਿ ਉਹ ਮੁਕਤੀ ਦਿਲਾ ਕੇ ਰਹੇਗਾ। ਉਹ ਨਿਧੜਕ ਹੋ ਕੇ ਅਤੇ ਜੋਸ਼ ਨਾਲ ਆਪਣੇ ਨਿਆਉਂ ਪੂਰੇ ਕਰੇਗਾ। ਉਹ ਧਾਰਮਿਕਤਾ ਦਾ ਪਰਮੇਸ਼ੁਰ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਧਾਰਮਿਕਤਾ ਦੀ ਜਿੱਤ ਹੋਵੇਗੀ।

15. (ੳ) ਜਦੋਂ ਯਹੋਵਾਹ ਆਪਣੇ ਵੈਰੀਆਂ ਦਾ ਬਦਲਾ ਲਵੇਗਾ ਤਾਂ ਸੱਚੇ ਮਸੀਹੀ ਕੀ ਕਰਨਗੇ? (ਅ) ਯਹੋਵਾਹ ਦੇ ਇਨਸਾਫ਼ ਬਾਰੇ ਕੀ ਕਿਹਾ ਜਾ ਸਕਦਾ ਹੈ?

15 ਅੱਜ ਕੁਝ ਦੇਸ਼ਾਂ ਵਿਚ ਸੱਚਾਈ ਦੇ ਵੈਰੀ ਝੂਠੀਆਂ ਅਤੇ ਬੁਰੀਆਂ ਗੱਲਾਂ ਫੈਲਾ ਕੇ ਯਹੋਵਾਹ ਦੇ ਸੇਵਕਾਂ ਦਾ ਕੰਮ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਸੱਚੇ ਮਸੀਹੀ ਸੱਚਾਈ ਦੇ ਪੱਖ ਵਿਚ ਬੋਲਣ ਤੋਂ ਡਰਦੇ ਨਹੀਂ ਪਰ ਉਹ ਕਦੀ ਵੀ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕਰਦੇ। (ਰੋਮੀਆਂ 12:19) ਜਦੋਂ ਯਹੋਵਾਹ ਧਰਮ-ਤਿਆਗੀ ਈਸਾਈ-ਜਗਤ ਤੋਂ ਲੇਖਾ ਲੈ ਕੇ ਉਸ ਦਾ ਨਾਸ਼ ਕਰੇਗਾ ਤਾਂ ਧਰਤੀ ਉੱਤੇ ਉਸ ਦੇ ਸੇਵਕ ਇਸ ਵਿਚ ਹਿੱਸਾ ਨਹੀਂ ਲੈਣਗੇ। ਉਹ ਜਾਣਦੇ ਹਨ ਕਿ ਯਹੋਵਾਹ ਖ਼ੁਦ ਬਦਲਾ ਲੈਣਾ ਚਾਹੁੰਦਾ ਹੈ ਅਤੇ ਸਮਾਂ ਆਉਣ ਤੇ ਉਹ ਜ਼ਰੂਰ ਕਦਮ ਚੁੱਕੇਗਾ। ਭਵਿੱਖਬਾਣੀ ਸਾਨੂੰ ਭਰੋਸਾ ਦਿਲਾਉਂਦੀ ਹੈ: “ਜਿਹੀ ਕਰਨੀ ਤਿਹੀ ਭਰਨੀ, ਵੈਰੀਆਂ ਲਈ ਗੁੱਸਾ, ਵਿਰੋਧੀਆਂ ਲਈ ਬਦਲਾ, ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਬਦਲਾ ਦੇਵੇਗਾ।” (ਯਸਾਯਾਹ 59:18) ਯਸਾਯਾਹ ਦੇ ਜ਼ਮਾਨੇ ਵਿਚ ਜਿਵੇਂ ਹੋਇਆ ਸੀ, ਪਰਮੇਸ਼ੁਰ ਪੂਰੀ ਤਰ੍ਹਾਂ ਇਨਸਾਫ਼ ਕਰੇਗਾ। ਉਸ ਦਾ ਇਨਸਾਫ਼ “ਟਾਪੂਆਂ,” ਯਾਨੀ ਦੂਰ ਤਕ ਵੀ ਪਹੁੰਚੇਗਾ। ਕੋਈ ਵੀ ਇਨਸਾਨ ਯਹੋਵਾਹ ਦੇ ਬਦਲੇ ਤੋਂ ਬਚ ਨਹੀਂ ਸਕੇਗਾ।

16. ਯਹੋਵਾਹ ਦੇ ਗੁੱਸੇ ਤੋਂ ਕੌਣ ਬਚੇਗਾ ਅਤੇ ਉਹ ਇਸ ਤੋਂ ਕੀ ਸਿੱਖਣਗੇ?

16 ਜਿਹੜੇ ਲੋਕ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਯਹੋਵਾਹ ਉਨ੍ਹਾਂ ਨਾਲ ਵੀ ਇਨਸਾਫ਼ ਕਰੇਗਾ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਧਰਤੀ ਦੇ ਇਕ ਬੰਨ੍ਹੇ ਤੋਂ ਦੂਜੇ ਬੰਨ੍ਹੇ ਤਕ ਅਜਿਹੇ ਲੋਕ ਯਹੋਵਾਹ ਦੇ ਗੁੱਸੇ ਤੋਂ ਬਚਣਗੇ ਕਿਉਂਕਿ ਉਹ ਉਨ੍ਹਾਂ ਦੀ ਰਾਖੀ ਕਰੇਗਾ। ਇਸ ਲਈ ਇਹ ਲੋਕ ਆਪਣੇ ਪਰਮੇਸ਼ੁਰ ਦੀ ਹੋਰ ਵੀ ਸ਼ਰਧਾ ਰੱਖਣਗੇ ਅਤੇ ਉਸ ਦੀ ਵਡਿਆਈ ਕਰਨਗੇ। (ਮਲਾਕੀ 1:11) ਅਸੀਂ ਪੜ੍ਹਦੇ ਹਾਂ: “ਓਹ ਯਹੋਵਾਹ ਦੇ ਨਾਮ ਤੋਂ ਲਹਿੰਦਿਓਂ, ਅਤੇ ਉਹ ਦੇ ਪਰਤਾਪ ਤੋਂ ਸੂਰਜ ਦੇ ਚੜ੍ਹਦਿਓਂ ਡਰਨਗੇ, ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਙੁ ਆਵੇਗਾ, ਜਿਹ ਨੂੰ ਯਹੋਵਾਹ ਦਾ ਸਾਹ ਰੋੜ੍ਹਦਾ ਹੈ।” (ਯਸਾਯਾਹ 59:19) ਇਕ ਹੜ੍ਹ ਦੀ ਤਰ੍ਹਾਂ ਜੋ ਸਭ ਕੁਝ ਰੋੜ੍ਹ ਦਿੰਦਾ ਹੈ, ਯਹੋਵਾਹ ਦੀ ਪਵਿੱਤਰ ਆਤਮਾ ਉਸ ਦੀ ਇੱਛਾ ਪੂਰੀ ਹੋਣ ਵਿਚ ਹਰ ਰੁਕਾਵਟ ਰੋੜ੍ਹ ਦੇਵੇਗੀ। ਉਸ ਦੀ ਆਤਮਾ ਇਨਸਾਨ ਦੀ ਕਿਸੇ ਵੀ ਤਾਕਤ ਨਾਲੋਂ ਸ਼ਕਤੀਸ਼ਾਲੀ ਹੈ। ਜਦੋਂ ਉਹ ਇਨਸਾਨਾਂ ਅਤੇ ਕੌਮਾਂ ਨੂੰ ਸਜ਼ਾ ਦੇਵੇਗਾ, ਤਾਂ ਉਸ ਨੂੰ ਕੋਈ ਨਹੀਂ ਰੋਕ ਸਕੇਗਾ।

ਤੋਬਾ ਕਰਨ ਵਾਲਿਆਂ ਲਈ ਆਸ ਅਤੇ ਬਰਕਤਾਂ

17. ਸੀਯੋਨ ਦਾ ਛੁਡਾਉਣ ਵਾਲਾ ਕੌਣ ਸੀ, ਅਤੇ ਉਸ ਨੇ ਸੀਯੋਨ ਨੂੰ ਕਦੋਂ ਛੁਡਾਇਆ ਸੀ?

17 ਮੂਸਾ ਦੀ ਬਿਵਸਥਾ ਦੇ ਅਧੀਨ ਜਿਹੜਾ ਇਸਰਾਏਲੀ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਦਿੰਦਾ ਸੀ ਉਸ ਨੂੰ ਗ਼ੁਲਾਮੀ ਵਿੱਚੋਂ ਖ਼ਰੀਦ ਕੇ ਛੁਡਾਇਆ ਜਾ ਸਕਦਾ ਸੀ। ਯਸਾਯਾਹ ਦੀ ਭਵਿੱਖਬਾਣੀ ਵਿਚ ਪਹਿਲਾਂ ਵੀ ਯਹੋਵਾਹ ਨੂੰ ਤੋਬਾ ਕਰਨ ਵਾਲਿਆਂ ਦੇ ਛੁਡਾਉਣ ਵਾਲੇ ਵਜੋਂ ਦਿਖਾਇਆ ਗਿਆ ਸੀ। (ਯਸਾਯਾਹ 48:17) ਹੁਣ ਉਸ ਨੂੰ ਫਿਰ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ। ਯਸਾਯਾਹ ਨੇ ਯਹੋਵਾਹ ਦਾ ਵਾਅਦਾ ਲਿਖਿਆ: “ਇੱਕ ਛੁਟਕਾਰਾ ਦੇਣ ਵਾਲਾ ਸੀਯੋਨ ਲਈ, ਅਤੇ ਯਾਕੂਬ ਵਿੱਚ ਅਪਰਾਧ ਤੋਂ ਹਟਣ ਵਾਲਿਆਂ ਲਈ ਆਵੇਗਾ, ਯਹੋਵਾਹ ਦਾ ਵਾਕ ਹੈ।” (ਯਸਾਯਾਹ 59:20) ਇਹ ਭਰੋਸਾ ਦਿਲਾਉਣ ਵਾਲਾ ਵਾਅਦਾ 537 ਸਾ.ਯੁ.ਪੂ. ਵਿਚ ਪੂਰਾ ਹੋਇਆ ਸੀ। ਪਰ ਇਸ ਦੀ ਹੋਰ ਵੀ ਪੂਰਤੀ ਹੋਣੀ ਸੀ। ਪੌਲੁਸ ਰਸੂਲ ਨੇ ਬਾਈਬਲ ਦੇ ਸੈਪਟੁਜਿੰਟ ਤਰਜਮੇ ਤੋਂ ਇਹੋ ਹਵਾਲਾ ਦੇ ਕੇ ਮਸੀਹੀਆਂ ਉੱਤੇ ਲਾਗੂ ਕੀਤਾ ਸੀ। ਉਸ ਨੇ ਲਿਖਿਆ: “ਇਸੇ ਤਰਾਂ ਸਾਰਾ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ,​—ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਤੋਂ ਅਭਗਤੀ ਹਟਾਵੇਗਾ, ਅਤੇ ਓਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜਾਂ ਮੈਂ ਓਹਨਾਂ ਦੇ ਪਾਪ ਚੁੱਕ ਲੈ ਜਾਵਾਂਗਾ।” (ਰੋਮੀਆਂ 11:26, 27) ਵਾਕਈ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਅਤੇ ਇਸ ਤੋਂ ਵੀ ਬਾਅਦ ਹੁੰਦੀ ਹੈ। ਉਹ ਕਿਵੇਂ?

18. ਯਹੋਵਾਹ ਨੇ ‘ਪਰਮੇਸ਼ੁਰ ਦਾ ਇਸਰਾਏਲ’ ਕਦੋਂ ਅਤੇ ਕਿਵੇਂ ਹੋਂਦ ਵਿਚ ਲਿਆਂਦਾ ਸੀ?

18 ਪਹਿਲੀ ਸਦੀ ਵਿਚ ਇਸਰਾਏਲ ਦੀ ਕੌਮ ਦੇ ਇਕ ਛੋਟੇ ਬਕੀਏ ਨੇ ਯਿਸੂ ਨੂੰ ਮਸੀਹਾ ਵਜੋਂ ਸਵੀਕਾਰ ਕੀਤਾ ਸੀ। (ਰੋਮੀਆਂ 9:27; 11:5) ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਯਹੋਵਾਹ ਨੇ 120 ਸੇਵਕਾਂ ਉੱਤੇ ਆਪਣੀ ਪਵਿੱਤਰ ਆਤਮਾ ਵਹਾ ਕੇ ਉਨ੍ਹਾਂ ਨੂੰ ਨਵੇਂ ਨੇਮ ਵਿਚ ਲਿਆਂਦਾ, ਜਿਸ ਦਾ ਵਿਚੋਲਾ ਯਿਸੂ ਮਸੀਹ ਸੀ। (ਯਿਰਮਿਯਾਹ 31:31-33; ਇਬਰਾਨੀਆਂ 9:15) ਉਸ ਦਿਨ ‘ਪਰਮੇਸ਼ੁਰ ਦਾ ਇਸਰਾਏਲ’ ਹੋਂਦ ਵਿਚ ਆਇਆ। (ਗਲਾਤੀਆਂ 6:16) ਇਹ ਇਕ ਨਵੀਂ ਅਤੇ ਰੂਹਾਨੀ ਕੌਮ ਸੀ ਜਿਸ ਦੇ ਮੈਂਬਰ ਅਸਲ ਵਿਚ ਅਬਰਾਹਾਮ ਦੀ ਔਲਾਦ ਵਿੱਚੋਂ ਨਹੀਂ ਸਨ ਪਰ ਪਰਮੇਸ਼ੁਰ ਦੀ ਆਤਮਾ ਰਾਹੀਂ ਉਤਪੰਨ ਕੀਤੇ ਗਏ ਸਨ। ਕੁਰਨੇਲਿਯੁਸ ਨਾਲ ਸ਼ੁਰੂ ਹੁੰਦੇ ਹੋਏ ਇਸ ਨਵੀਂ ਕੌਮ ਵਿਚ ਬੇਸੁੰਨਤ ਗ਼ੈਰ-ਯਹੂਦੀ ਵੀ ਸਨ। (ਰਸੂਲਾਂ ਦੇ ਕਰਤੱਬ 10:24-48; ਪਰਕਾਸ਼ ਦੀ ਪੋਥੀ 5:9, 10) ਇਸ ਤਰ੍ਹਾਂ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਅਪਣਾਇਆ ਅਤੇ ਉਹ ਉਸ ਦੇ ਰੂਹਾਨੀ ਪੁੱਤਰ ਬਣੇ ਅਤੇ ਯਿਸੂ ਮਸੀਹ ਨਾਲ ਸੰਗੀ ਰਾਜੇ ਬਣੇ।​—ਰੋਮੀਆਂ 8:16, 17.

19. ਯਹੋਵਾਹ ਨੇ ਰੂਹਾਨੀ ਇਸਰਾਏਲ ਨਾਲ ਕਿਹੜਾ ਨੇਮ ਬੰਨ੍ਹਿਆ ਸੀ?

19 ਯਹੋਵਾਹ ਨੇ ਰੂਹਾਨੀ ਇਸਰਾਏਲ ਨਾਲ ਇਕ ਨੇਮ ਬੰਨ੍ਹਿਆ। ਅਸੀਂ ਪੜ੍ਹਦੇ ਹਾਂ: “ਮੇਰੀ ਵੱਲੋਂ, ਯਹੋਵਾਹ ਆਖਦਾ ਹੈ, ਓਹਨਾਂ ਨਾਲ ਮੇਰਾ ਏਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕਾਲ ਤੀਕ ਚੱਲੇ ਨਾ ਜਾਣਗੇ, ਯਹੋਵਾਹ ਆਖਦਾ ਹੈ।” (ਯਸਾਯਾਹ 59:21) ਅਸੀਂ ਇਹ ਨਹੀਂ ਜਾਣਦੇ ਕਿ ਇਹ ਸ਼ਬਦ ਖ਼ੁਦ ਯਸਾਯਾਹ ਉੱਤੇ ਲਾਗੂ ਹੋਏ ਸਨ ਜਾਂ ਨਹੀਂ। ਪਰ ਯਸਾਯਾਹ ਨੇ ਯਿਸੂ ਨੂੰ ਦਰਸਾਇਆ ਸੀ ਇਸ ਲਈ ਇਹ ਸ਼ਬਦ ਯਿਸੂ ਉੱਤੇ ਜ਼ਰੂਰ ਲਾਗੂ ਹੋਏ ਸਨ ਅਤੇ ਯਿਸੂ ਨੂੰ ਭਰੋਸਾ ਦਿੱਤਾ ਗਿਆ ਸੀ ਕਿ “ਉਹ ਆਪਣੀ ਅੰਸ ਨੂੰ ਵੇਖੇਗਾ।” (ਯਸਾਯਾਹ 53:10) ਯਿਸੂ ਨੇ ਯਹੋਵਾਹ ਤੋਂ ਸਿੱਖੇ ਹੋਏ ਬਚਨ ਬੋਲੇ ਸਨ ਅਤੇ ਯਹੋਵਾਹ ਦੀ ਆਤਮਾ ਉਸ ਉੱਤੇ ਸੀ। (ਯੂਹੰਨਾ 1:18; 7:16) ਇਹ ਢੁਕਵਾਂ ਹੈ ਕਿ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰਾਂ ਨੂੰ, ਜੋ ਯਿਸੂ ਦੇ ਭਰਾ ਅਤੇ ਸੰਗੀ ਰਾਜੇ ਹਨ, ਯਹੋਵਾਹ ਦੀ ਪਵਿੱਤਰ ਆਤਮਾ ਮਿਲਦੀ ਹੈ। ਉਹ ਵੀ ਅਜਿਹੀਆਂ ਗੱਲਾਂ ਦਾ ਪ੍ਰਚਾਰ ਕਰਦੇ ਹਨ ਜੋ ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਤੋਂ ਸਿੱਖੀਆਂ ਹਨ। ਉਹ ਸਾਰੇ “ਯਹੋਵਾਹ ਵੱਲੋਂ ਸਿੱਖੇ ਹੋਏ” ਹਨ। (ਯਸਾਯਾਹ 54:13; ਲੂਕਾ 12:12; ਰਸੂਲਾਂ ਦੇ ਕਰਤੱਬ 2:38) ਯਿਸੂ ਰਾਹੀਂ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਦੇ ਥਾਂ ਕਦੀ ਵੀ ਕਿਸੇ ਹੋਰ ਨੂੰ ਨਹੀਂ ਰੱਖੇਗਾ ਪਰ ਆਪਣੇ ਗਵਾਹਾਂ ਵਜੋਂ ਉਨ੍ਹਾਂ ਨੂੰ ਹਮੇਸ਼ਾ ਲਈ ਵਰਤੇਗਾ। (ਯਸਾਯਾਹ 43:10) ਲੇਕਿਨ ਉਨ੍ਹਾਂ ਦੀ “ਅੰਸ” ਕੌਣ ਹੈ ਜਿਸ ਨੂੰ ਇਸ ਨੇਮ ਤੋਂ ਫ਼ਾਇਦਾ ਹੁੰਦਾ ਹੈ?

20. ਯਹੋਵਾਹ ਦਾ ਅਬਰਾਹਾਮ ਨਾਲ ਵਾਅਦਾ ਪਹਿਲੀ ਸਦੀ ਵਿਚ ਕਿਵੇਂ ਪੂਰਾ ਹੋਇਆ ਸੀ?

20 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18) ਇਸ ਦੇ ਮੁਤਾਬਕ ਕੁਝ ਪੈਦਾਇਸ਼ੀ ਇਸਰਾਏਲੀਆਂ ਨੇ ਮਸੀਹਾ ਨੂੰ ਸਵੀਕਾਰ ਕੀਤਾ ਅਤੇ ਕਈਆਂ ਕੌਮਾਂ ਵਿਚ ਜਾ ਕੇ ਉਸ ਬਾਰੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਨਤੀਜੇ ਵਜੋਂ ਕੁਰਨੇਲਿਯੁਸ ਤੋਂ ਲੈ ਕੇ ਕਈ ਬੇਸੁੰਨਤ ਗ਼ੈਰ-ਯਹੂਦੀਆਂ ਨੇ ਅਬਰਾਹਾਮ ਦੀ ਮੁੱਖ ਅੰਸ, ਯਾਨੀ ਯਿਸੂ ਰਾਹੀਂ ‘ਬਰਕਤ ਪਾਈ’ ਅਤੇ ਉਹ ਪਰਮੇਸ਼ੁਰ ਦੇ ਇਸਰਾਏਲ ਦਾ ਹਿੱਸਾ ਬਣੇ। ਇਹ ਗ਼ੈਰ-ਯਹੂਦੀ ਅਤੇ ਪੈਦਾਇਸ਼ੀ ਇਸਰਾਏਲੀ ਅਬਰਾਹਾਮ ਦੀ ਅੰਸ ਦਾ ਦੂਜਾ ਹਿੱਸਾ ਬਣੇ। ਇਹ ਯਹੋਵਾਹ ਦੀ “ਪਵਿੱਤਰ ਕੌਮ” ਦਾ ਹਿੱਸਾ ਹਨ ਜਿਸ ਨੂੰ ‘ਯਹੋਵਾਹ ਦਿਆਂ ਗੁਣਾਂ ਦਾ ਪਰਚਾਰ ਕਰਨ’ ਦਾ ਕੰਮ ਸੌਂਪਿਆ ਗਿਆ ਹੈ ‘ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆਂਦਾ।’​—1 ਪਤਰਸ 2:9; ਗਲਾਤੀਆਂ 3:7-9, 14, 26-29.

21. (ੳ) ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਇਸਰਾਏਲ ਨੇ ਕਿਹੜੀ “ਅੰਸ” ਪੈਦਾ ਕੀਤੀ ਹੈ? (ਅ) ਪਰਮੇਸ਼ੁਰ ਦੇ ਇਸਰਾਏਲ ਨਾਲ ਯਹੋਵਾਹ ਦਾ ਨੇਮ ਇਸ ਅੰਸ ਨੂੰ ਕਿਹੜਾ ਭਰੋਸਾ ਦਿਵਾਉਂਦਾ ਹੈ?

21 ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਪਰਮੇਸ਼ੁਰ ਦੇ ਇਸਰਾਏਲ ਦੀ ਪੂਰੀ ਗਿਣਤੀ ਇਕੱਠੀ ਹੋ ਚੁੱਕੀ ਹੈ। ਫਿਰ ਵੀ ਵੱਡੇ ਪੈਮਾਨੇ ਤੇ ਕੌਮਾਂ ਬਰਕਤਾਂ ਪਾ ਰਹੀਆਂ ਹਨ। ਇਹ ਕਿਸ ਤਰ੍ਹਾਂ? ਪਰਮੇਸ਼ੁਰ ਦੇ ਇਸਰਾਏਲ ਨੇ “ਅੰਸ” ਪੈਦਾ ਕੀਤੀ ਹੈ। ਇਹ “ਅੰਸ” ਯਿਸੂ ਦੇ ਉਹ ਚੇਲੇ ਹਨ ਜੋ ਫਿਰਦੌਸ ਧਰਤੀ ਉੱਤੇ ਸਦਾ ਲਈ ਜੀਉਣ ਦੀ ਆਸ ਰੱਖਦੇ ਹਨ। (ਜ਼ਬੂਰ 37:11, 29) ਯਹੋਵਾਹ ਨੇ ਇਸ “ਅੰਸ” ਨੂੰ ਵੀ ਆਪਣੇ ਰਾਹਾਂ ਬਾਰੇ ਸਿਖਾਇਆ ਹੈ। (ਯਸਾਯਾਹ 2:2-4) ਭਾਵੇਂ ਕਿ ਉਨ੍ਹਾਂ ਨੇ ਪਵਿੱਤਰ ਆਤਮਾ ਨਾਲ ਬਪਤਿਸਮਾ ਨਹੀਂ ਲਿਆ ਜਾਂ ਉਹ ਨਵੇਂ ਨੇਮ ਵਿਚ ਨਹੀਂ ਹਨ, ਉਨ੍ਹਾਂ ਨੂੰ ਯਹੋਵਾਹ ਦੀ ਪਵਿੱਤਰ ਆਤਮਾ ਤੋਂ ਬਲ ਮਿਲਦਾ ਹੈ ਤਾਂਕਿ ਉਹ ਉਨ੍ਹਾਂ ਸਾਰੀਆਂ ਰੁਕਾਵਟਾਂ ਦਾ ਸਾਮ੍ਹਣਾ ਕਰ ਸਕਣ ਜੋ ਸ਼ਤਾਨ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਵਿਚ ਲਿਆਉਂਦਾ ਹੈ। (ਯਸਾਯਾਹ 40:28-31) ਇਨ੍ਹਾਂ ਦੀ ਗਿਣਤੀ ਹੁਣ ਲੱਖਾਂ ਵਿਚ ਹੈ ਅਤੇ ਇਹ ਵੱਧ ਰਹੀ ਹੈ ਕਿਉਂਕਿ ਉਹ ਵੀ ਆਪਣੀ ਅੰਸ ਪੈਦਾ ਕਰ ਰਹੇ ਹਨ। ਮਸਹ ਕੀਤੇ ਹੋਇਆਂ ਨਾਲ ਯਹੋਵਾਹ ਦਾ ਨੇਮ ਇਸ “ਅੰਸ” ਨੂੰ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਵੀ ਆਪਣੇ ਗਵਾਹਾਂ ਵਜੋਂ ਹਮੇਸ਼ਾ ਲਈ ਵਰਤੇਗਾ।​—ਪਰਕਾਸ਼ ਦੀ ਪੋਥੀ 21:3, 4, 7.

22. ਅਸੀਂ ਯਹੋਵਾਹ ਉੱਤੇ ਕਿਹੜਾ ਭਰੋਸਾ ਰੱਖ ਸਕਦੇ ਹਾਂ, ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਹੋਣਾ ਚਾਹੀਦਾ ਹੈ?

22 ਉਮੀਦ ਹੈ ਕਿ ਅਸੀਂ ਸਾਰੇ ਯਹੋਵਾਹ ਵਿਚ ਆਪਣੀ ਨਿਹਚਾ ਕਾਇਮ ਰੱਖਾਂਗੇ। ਉਹ ਸਾਨੂੰ ਬਚਾ ਸਕਦਾ ਹੈ ਅਤੇ ਬਚਾਉਣਾ ਵੀ ਚਾਹੁੰਦਾ ਹੈ! ਉਸ ਦਾ ਹੱਥ ਕਦੀ ਵੀ ਛੋਟਾ ਨਹੀਂ ਹੋਵੇਗਾ; ਉਹ ਹਮੇਸ਼ਾ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਵੇਗਾ। ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ “ਸਦੀਪਕਾਲ ਤੀਕ” ਉਸ ਦੇ ਬਚਨ ਦੀ ਗਵਾਹੀ ਦਿੰਦੇ ਰਹਿਣਗੇ।

[ਸਵਾਲ]

[ਸਫ਼ਾ 294 ਉੱਤੇ ਡੱਬੀ]

ਧਰਮ-ਤਿਆਗੀ ਯਰੂਸ਼ਲਮ ਦਾ ਈਸਾਈ-ਜਗਤ ਨਾਲ ਮੇਲ

ਯਰੂਸ਼ਲਮ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਦੀ ਰਾਜਧਾਨੀ ਸੀ। ਇਸ ਨੇ ਦੂਤਾਂ ਦੇ ਬਣੇ ਹੋਏ ਪਰਮੇਸ਼ੁਰ ਦੇ ਸਵਰਗੀ ਸੰਗਠਨ ਨੂੰ, ਅਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਨੂੰ ਦਰਸਾਇਆ, ਜੋ ਮਸੀਹ ਦੀ ਲਾੜੀ ਵਜੋਂ ਸਵਰਗ ਨੂੰ ਜੀ ਉਠਾਏ ਜਾਂਦੇ ਹਨ। (ਗਲਾਤੀਆਂ 4:25, 26; ਪਰਕਾਸ਼ ਦੀ ਪੋਥੀ 21:2) ਪਰ ਕਈ ਵਾਰ ਯਰੂਸ਼ਲਮ ਦੇ ਵਾਸੀ ਯਹੋਵਾਹ ਪ੍ਰਤੀ ਬੇਵਫ਼ਾ ਸਨ ਅਤੇ ਇਸ ਕਰਕੇ ਸ਼ਹਿਰ ਨੂੰ ਕੰਜਰੀ ਅਤੇ ਵਿਭਚਾਰਨ ਸੱਦਿਆ ਗਿਆ ਸੀ। (ਹਿਜ਼ਕੀਏਲ 16:3, 15, 30-42) ਇਸ ਹਾਲਤ ਵਿਚ ਯਰੂਸ਼ਲਮ ਧਰਮ-ਤਿਆਗੀ ਈਸਾਈ-ਜਗਤ ਨੂੰ ਦਰਸਾਉਂਦਾ ਹੈ।

ਯਿਸੂ ਨੇ ਯਰੂਸ਼ਲਮ ਬਾਰੇ ਕਿਹਾ: “ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਹੋਏ ਹਨ ਪਥਰਾਉ ਕਰਦਾ ਹੈਂ।” (ਲੂਕਾ 13:34; ਮੱਤੀ 16:21) ਬੇਵਫ਼ਾ ਯਰੂਸ਼ਲਮ ਵਾਂਗ, ਈਸਾਈ-ਜਗਤ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਤਾਂ ਕਰਦਾ ਹੈ ਪਰ ਉਸ ਦੇ ਧਰਮੀ ਰਾਹਾਂ ਉੱਤੇ ਨਹੀਂ ਚੱਲਦਾ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਧਰਮੀ ਮਿਆਰਾਂ ਦੇ ਅਨੁਸਾਰ ਈਸਾਈ-ਜਗਤ ਦਾ ਨਿਆਉਂ ਕਰੇਗਾ ਜਿਨ੍ਹਾਂ ਨਾਲ ਉਸ ਨੇ ਧਰਮ-ਤਿਆਗੀ ਯਰੂਸ਼ਲਮ ਦਾ ਨਿਆਉਂ ਕੀਤਾ ਸੀ।

[ਸਫ਼ਾ 296 ਉੱਤੇ ਤਸਵੀਰ]

ਨਿਆਂਕਾਰਾਂ ਨੂੰ ਰਿਸ਼ਵਤ ਨਹੀਂ ਲੈਣੀ ਚਾਹੀਦੀ ਸੀ ਸਗੋਂ ਧਾਰਮਿਕਤਾ ਅਤੇ ਇਨਸਾਫ਼ ਨਾਲ ਨਿਆਉਂ ਕਰਨਾ ਚਾਹੀਦਾ ਸੀ

[ਸਫ਼ਾ 298 ਉੱਤੇ ਤਸਵੀਰ]

ਹੜ੍ਹ ਵਾਲੀ ਨਦੀ ਦੀ ਤਰ੍ਹਾਂ ਯਹੋਵਾਹ ਦੇ ਨਿਆਉਂ ਉਸ ਦੀ ਇੱਛਾ ਪੂਰੀ ਹੋਣ ਵਿਚ ਹਰ ਰੁਕਾਵਟ ਰੋੜ੍ਹ ਦੇਣਗੇ

[ਸਫ਼ਾ 302 ਉੱਤੇ ਤਸਵੀਰ]

ਯਹੋਵਾਹ ਨੇ ਵਾਅਦਾ ਕੀਤਾ ਕਿ ਉਸ ਦੇ ਲੋਕ ਉਸ ਦੇ ਗਵਾਹ ਬਣਨ ਦਾ ਸਨਮਾਨ ਕਦੀ ਨਹੀਂ ਗੁਆਉਣਗੇ