ਇਬਰਾਨੀਆਂ ਨੂੰ ਚਿੱਠੀ 9:1-28

  • ਧਰਤੀ ਉੱਤੇ ਭਗਤੀ ਲਈ ਪਵਿੱਤਰ ਸਥਾਨ (1-10)

  • ਮਸੀਹ ਆਪਣਾ ਖ਼ੂਨ ਲੈ ਕੇ ਸਵਰਗ ਗਿਆ (11-28)

    • ਮਸੀਹ ਨਵੇਂ ਇਕਰਾਰ ਦਾ ਵਿਚੋਲਾ (15)

9  ਪਹਿਲੇ ਇਕਰਾਰ ਵਿਚ ਪਵਿੱਤਰ ਸੇਵਾ ਸੰਬੰਧੀ ਕੁਝ ਕਾਨੂੰਨ ਹੁੰਦੇ ਸਨ ਅਤੇ ਧਰਤੀ ਉੱਤੇ ਇਕ ਪਵਿੱਤਰ ਸਥਾਨ ਹੁੰਦਾ ਸੀ।+  ਇਸ ਪਵਿੱਤਰ ਸਥਾਨ ਵਿਚ ਇਕ ਤੰਬੂ ਬਣਾਇਆ ਗਿਆ ਸੀ ਜਿਸ ਦੇ ਪਹਿਲੇ ਹਿੱਸੇ ਵਿਚ ਸ਼ਮਾਦਾਨ,+ ਮੇਜ਼ ਅਤੇ ਚੜ੍ਹਾਵੇ ਦੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ+ ਅਤੇ ਇਸ ਹਿੱਸੇ ਨੂੰ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+  ਤੰਬੂ ਦੇ ਦੂਸਰੇ ਪਰਦੇ+ ਦੇ ਪਿਛਲੇ ਪਾਸੇ ਵਾਲੇ ਹਿੱਸੇ ਨੂੰ ਅੱਤ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+  ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ।  ਸੰਦੂਕ ਦੇ ਢੱਕਣ* ਉੱਪਰ ਦੋ ਸ਼ਾਨਦਾਰ ਕਰੂਬੀ ਰੱਖੇ ਹੋਏ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ।+ ਪਰ ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ।  ਇਹ ਚੀਜ਼ਾਂ ਇਸ ਤਰੀਕੇ ਨਾਲ ਤਿਆਰ ਕੀਤੇ ਜਾਣ ਤੋਂ ਬਾਅਦ ਪੁਜਾਰੀ ਪਵਿੱਤਰ ਸੇਵਾ ਦੇ ਕੰਮ ਕਰਨ ਲਈ ਤੰਬੂ ਦੇ ਪਹਿਲੇ ਹਿੱਸੇ ਵਿਚ ਬਾਕਾਇਦਾ ਜਾਂਦੇ ਹੁੰਦੇ ਸਨ;+  ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ+ ਅਤੇ ਉਸ ਨੂੰ ਖ਼ੂਨ ਲੈ ਕੇ ਅੰਦਰ ਜਾਣਾ ਪੈਂਦਾ ਸੀ।+ ਉਹ ਆਪਣੇ ਪਾਪਾਂ ਲਈ+ ਅਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਇਹ ਖ਼ੂਨ ਚੜ੍ਹਾਉਂਦਾ ਹੁੰਦਾ ਸੀ।+  ਇਨ੍ਹਾਂ ਪ੍ਰਬੰਧਾਂ ਦੇ ਜ਼ਰੀਏ ਪਵਿੱਤਰ ਸ਼ਕਤੀ ਇਹ ਗੱਲ ਸਾਫ਼ ਦੱਸਦੀ ਹੈ ਕਿ ਜਿੰਨਾ ਚਿਰ ਪਹਿਲਾ ਤੰਬੂ* ਖੜ੍ਹਾ ਸੀ, ਉੱਨਾ ਚਿਰ ਪਵਿੱਤਰ ਸਥਾਨ* ਵਿਚ ਜਾਣ ਦਾ ਰਾਹ ਨਹੀਂ ਖੁੱਲ੍ਹਿਆ ਸੀ।+  ਇਹ ਤੰਬੂ ਮੌਜੂਦਾ ਸਮੇਂ ਦੀਆਂ ਚੀਜ਼ਾਂ ਦਾ ਨਮੂਨਾ ਹੈ।+ ਇਸ ਪ੍ਰਬੰਧ ਅਨੁਸਾਰ ਭੇਟਾਂ ਅਤੇ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ,+ ਪਰ ਇਹ ਭੇਟਾਂ ਅਤੇ ਬਲ਼ੀਆਂ ਪਵਿੱਤਰ ਭਗਤੀ ਕਰਨ ਵਾਲੇ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਸ਼ੁੱਧ ਨਹੀਂ ਕਰ ਸਕਦੀਆਂ ਸਨ।+ 10  ਇਨ੍ਹਾਂ ਭੇਟਾਂ ਅਤੇ ਬਲ਼ੀਆਂ ਦਾ ਸੰਬੰਧ ਸਿਰਫ਼ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਅਤੇ ਸ਼ੁੱਧ ਕਰਨ ਦੇ ਕਈ ਤਰ੍ਹਾਂ ਦੇ ਤਰੀਕਿਆਂ* ਨਾਲ ਹੈ।+ ਇਹ ਸਰੀਰ ਨਾਲ ਸੰਬੰਧਿਤ ਕਾਨੂੰਨੀ ਮੰਗਾਂ ਸਨ+ ਜਿਨ੍ਹਾਂ ਨੂੰ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦੇ ਮਿਥੇ ਸਮੇਂ ਤਕ ਲਾਗੂ ਕੀਤਾ ਗਿਆ ਸੀ। 11  ਪਰ ਹੁਣ ਮਸੀਹ ਮਹਾਂ ਪੁਜਾਰੀ ਬਣ ਗਿਆ ਜਿਸ ਕਰਕੇ ਸਾਨੂੰ ਹੁਣ ਬਰਕਤਾਂ ਮਿਲ ਰਹੀਆਂ ਹਨ। ਮਹਾਂ ਪੁਜਾਰੀ ਦੇ ਤੌਰ ਤੇ ਉਹ ਜ਼ਿਆਦਾ ਮਹੱਤਵਪੂਰਣ ਅਤੇ ਉੱਤਮ ਤੰਬੂ ਵਿਚ ਗਿਆ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ ਯਾਨੀ ਇਹ ਧਰਤੀ ਉੱਤੇ ਨਹੀਂ ਹੈ। 12  ਉਹ ਬੱਕਰਿਆਂ ਜਾਂ ਬਲਦਾਂ ਦਾ ਖ਼ੂਨ ਲੈ ਕੇ ਨਹੀਂ, ਸਗੋਂ ਆਪਣਾ ਖ਼ੂਨ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਉਸ ਪਵਿੱਤਰ ਸਥਾਨ ਵਿਚ ਗਿਆ+ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ* ਦੇ ਦਿੱਤੀ ਹੈ।+ 13  ਜੇ ਬੱਕਰਿਆਂ ਅਤੇ ਬਲਦਾਂ ਦਾ ਖ਼ੂਨ+ ਅਤੇ ਅਸ਼ੁੱਧ ਲੋਕਾਂ ’ਤੇ ਧੂੜੀ ਜਾਂਦੀ ਗਾਂ ਦੀ ਸੁਆਹ ਇਨਸਾਨਾਂ ਨੂੰ ਸਰੀਰਕ ਤੌਰ ਤੇ ਸ਼ੁੱਧ ਕਰਦੀ ਹੈ,+ 14  ਤਾਂ ਫਿਰ, ਮਸੀਹ ਦਾ ਖ਼ੂਨ+ ਸਾਡੀ ਜ਼ਮੀਰ ਨੂੰ ਵਿਅਰਥ ਕੰਮਾਂ ਤੋਂ ਕਿੰਨਾ ਜ਼ਿਆਦਾ ਸ਼ੁੱਧ ਕਰ ਸਕਦਾ ਹੈ ਜਿਸ ਨੇ ਹਮੇਸ਼ਾ ਰਹਿਣ ਵਾਲੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਆਪਣੇ ਬੇਦਾਗ਼ ਸਰੀਰ ਦੀ ਬਲ਼ੀ ਦਿੱਤੀ+ ਤਾਂਕਿ ਅਸੀਂ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰ ਸਕੀਏ!+ 15  ਇਸੇ ਕਰਕੇ ਮਸੀਹ ਨਵੇਂ ਇਕਰਾਰ ਦਾ ਵਿਚੋਲਾ ਹੈ+ ਤਾਂਕਿ ਸੱਦੇ ਗਏ ਲੋਕ ਵਾਅਦਾ ਕੀਤੀ ਗਈ ਵਿਰਾਸਤ ਪ੍ਰਾਪਤ ਕਰ ਸਕਣ ਜੋ ਹਮੇਸ਼ਾ ਰਹੇਗੀ।+ ਇਹ ਸਭ ਕੁਝ ਉਸ ਦੀ ਮੌਤ ਦੇ ਜ਼ਰੀਏ ਹੀ ਮੁਮਕਿਨ ਹੋਇਆ ਹੈ+ ਕਿਉਂਕਿ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ ਜਿਹੜੇ ਉਨ੍ਹਾਂ ਨੇ ਪਹਿਲੇ ਇਕਰਾਰ ਅਧੀਨ ਰਹਿੰਦਿਆਂ ਕੀਤੇ ਸਨ। 16  ਜਦੋਂ ਕੋਈ ਇਨਸਾਨ ਪਰਮੇਸ਼ੁਰ ਨਾਲ ਇਕਰਾਰ ਕਰਦਾ ਹੈ, ਤਾਂ ਉਸ ਇਨਸਾਨ ਲਈ ਮਰਨਾ ਜ਼ਰੂਰੀ ਹੁੰਦਾ ਹੈ। 17  ਜਿੰਨਾ ਚਿਰ ਇਕਰਾਰ ਕਰਨ ਵਾਲਾ ਜੀਉਂਦਾ ਹੁੰਦਾ ਹੈ, ਉੱਨਾ ਚਿਰ ਇਕਰਾਰ ਲਾਗੂ ਨਹੀਂ ਹੁੰਦਾ ਕਿਉਂਕਿ ਇਕਰਾਰ ਦੇ ਲਾਗੂ ਹੋਣ ਲਈ ਉਸ ਦੀ ਮੌਤ ਜ਼ਰੂਰੀ ਹੈ। 18  ਇਸੇ ਕਰਕੇ ਪਹਿਲਾ ਇਕਰਾਰ ਵੀ ਖ਼ੂਨ ਤੋਂ ਬਿਨਾਂ ਲਾਗੂ ਨਹੀਂ ਕੀਤਾ ਗਿਆ ਸੀ। 19  ਮੂਸਾ ਨੇ ਸਾਰੇ ਲੋਕਾਂ ਨੂੰ ਕਾਨੂੰਨ ਦਾ ਹਰੇਕ ਹੁਕਮ ਦੱਸਣ ਤੋਂ ਬਾਅਦ ਵੱਛਿਆਂ ਅਤੇ ਬੱਕਰਿਆਂ ਦਾ ਖ਼ੂਨ ਪਾਣੀ ਵਿਚ ਮਿਲਾਇਆ ਅਤੇ ਉਸ ਨੇ ਜ਼ੂਫੇ ਦੀ ਟਾਹਣੀ ਉੱਤੇ ਗੂੜ੍ਹੇ ਲਾਲ ਰੰਗ ਦੀ ਉੱਨ ਬੰਨ੍ਹ ਕੇ ਇਕਰਾਰ ਦੀ ਕਿਤਾਬ* ਉੱਤੇ ਅਤੇ ਸਾਰੇ ਲੋਕਾਂ ਉੱਤੇ ਖ਼ੂਨ ਛਿੜਕਿਆ 20  ਅਤੇ ਉਸ ਨੇ ਕਿਹਾ: “ਇਹ ਇਕਰਾਰ ਦਾ ਲਹੂ ਹੈ ਜਿਸ ਦੀ ਪਾਲਣਾ ਕਰਨ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ।”+ 21  ਉਸ ਨੇ ਤੰਬੂ ਅਤੇ ਪਵਿੱਤਰ ਸੇਵਾ ਵਿਚ ਵਰਤੇ ਜਾਣ ਵਾਲੇ ਸਾਰੇ ਭਾਂਡਿਆਂ ਉੱਤੇ ਵੀ ਇਹ ਖ਼ੂਨ ਛਿੜਕਿਆ ਸੀ।+ 22  ਜੀ ਹਾਂ, ਮੂਸਾ ਦੇ ਕਾਨੂੰਨ ਅਨੁਸਾਰ ਤਕਰੀਬਨ ਸਾਰੀਆਂ ਚੀਜ਼ਾਂ ਖ਼ੂਨ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ+ ਅਤੇ ਜਿੰਨਾ ਚਿਰ ਖ਼ੂਨ ਨਹੀਂ ਵਹਾਇਆ ਜਾਂਦਾ, ਉੱਨਾ ਚਿਰ ਪਾਪਾਂ ਦੀ ਮਾਫ਼ੀ ਨਹੀਂ ਮਿਲਦੀ।+ 23  ਇਸ ਲਈ ਸਵਰਗੀ ਚੀਜ਼ਾਂ ਦੇ ਨਮੂਨੇ+ ’ਤੇ ਬਣਾਈਆਂ ਚੀਜ਼ਾਂ ਨੂੰ ਜਾਨਵਰਾਂ ਦੇ ਖ਼ੂਨ ਨਾਲ ਸ਼ੁੱਧ ਕੀਤਾ ਜਾਣਾ ਜ਼ਰੂਰੀ ਸੀ,+ ਪਰ ਸਵਰਗੀ ਚੀਜ਼ਾਂ ਨੂੰ ਸ਼ੁੱਧ ਕਰਨ ਲਈ ਇਨ੍ਹਾਂ ਨਾਲੋਂ ਕਿਤੇ ਉੱਤਮ ਬਲ਼ੀਆਂ ਦੀ ਲੋੜ ਹੈ। 24  ਕਿਉਂਕਿ ਮਸੀਹ ਇਨਸਾਨੀ ਹੱਥਾਂ ਨਾਲ ਬਣੇ ਪਵਿੱਤਰ ਸਥਾਨ ਵਿਚ ਨਹੀਂ ਗਿਆ+ ਜੋ ਕਿ ਅਸਲ ਦੀ ਨਕਲ ਹੈ,+ ਸਗੋਂ ਸਵਰਗ ਵਿਚ ਗਿਆ+ ਜਿੱਥੇ ਉਹ ਹੁਣ ਸਾਡੀ ਖ਼ਾਤਰ ਪਰਮੇਸ਼ੁਰ ਦੇ ਸਾਮ੍ਹਣੇ ਪੇਸ਼ ਹੋਇਆ ਹੈ।+ 25  ਉਸ ਨੂੰ ਵਾਰ-ਵਾਰ ਆਪਣੀ ਬਲ਼ੀ ਚੜ੍ਹਾਉਣ ਦੀ ਲੋੜ ਨਹੀਂ, ਜਿਵੇਂ ਮਹਾਂ ਪੁਜਾਰੀ ਹਰ ਸਾਲ ਪਵਿੱਤਰ ਸਥਾਨ ਵਿਚ ਜਾਨਵਰਾਂ ਦਾ ਖ਼ੂਨ ਲੈ ਕੇ ਜਾਂਦਾ ਹੁੰਦਾ ਸੀ,+ ਨਾ ਕਿ ਆਪਣਾ ਖ਼ੂਨ ਲੈ ਕੇ। 26  ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ* ਦੇ ਅੰਤ* ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।+ 27  ਜਿਵੇਂ ਇਨਸਾਨ ਨੂੰ ਇਕ ਵਾਰ ਤਾਂ ਮਰਨਾ ਪੈਂਦਾ ਹੈ, ਪਰ ਬਾਅਦ ਵਿਚ ਨਿਆਂ ਕੀਤਾ ਜਾਵੇਗਾ। 28  ਇਸੇ ਤਰ੍ਹਾਂ ਮਸੀਹ ਨੇ ਵੀ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਆਪਣੇ ਆਪ ਨੂੰ ਇੱਕੋ ਵਾਰ ਹਮੇਸ਼ਾ ਲਈ ਚੜ੍ਹਾਇਆ।+ ਜਦੋਂ ਉਹ ਦੂਸਰੀ ਵਾਰ ਪ੍ਰਗਟ ਹੋਵੇਗਾ, ਤਾਂ ਉਹ ਪਾਪ ਖ਼ਤਮ ਕਰਨ ਲਈ ਪ੍ਰਗਟ ਨਹੀਂ ਹੋਵੇਗਾ ਅਤੇ ਉਹ ਉਨ੍ਹਾਂ ਨੂੰ ਦਿਖਾਈ ਦੇਵੇਗਾ ਜਿਹੜੇ ਮੁਕਤੀ ਲਈ ਬੇਸਬਰੀ ਨਾਲ ਉਸ ਦੀ ਉਡੀਕ ਕਰ ਰਹੇ ਹਨ।+

ਫੁਟਨੋਟ

“ਢੱਕਣ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਉਸ ਬਲ਼ੀ ਨੂੰ ਵੀ ਦਰਸਾਉਂਦਾ ਹੈ ਜਿਹੜੀ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਲਈ ਚੜ੍ਹਾਈ ਜਾਂਦੀ ਸੀ।
ਇਹ ਤੰਬੂ ਧਰਤੀ ਉੱਤੇ ਸੀ।
ਜ਼ਾਹਰ ਹੈ ਕਿ ਇਹ ਪਵਿੱਤਰ ਸਥਾਨ ਸਵਰਗ ਵਿਚ ਹੈ।
ਯੂਨਾ, “ਕਈ ਤਰ੍ਹਾਂ ਦੇ ਬਪਤਿਸਮਿਆਂ।”
ਯੂਨਾ, “ਰਿਹਾਈ ਦੀ ਕੀਮਤ; ਛੁਟਕਾਰਾ।”
ਜਾਂ, “ਲਪੇਟਵੀਂ ਪੱਤਰੀ।”
ਮੱਤੀ 13:​35, ਫੁਟਨੋਟ ਦੇਖੋ।
ਇੱਥੇ ਯਹੂਦੀ ਪ੍ਰਬੰਧ ਦੇ ਆਖ਼ਰੀ ਸਮੇਂ ਦੀ ਗੱਲ ਕੀਤੀ ਗਈ ਹੈ।