ਮੱਤੀ ਮੁਤਾਬਕ ਖ਼ੁਸ਼ ਖ਼ਬਰੀ 16:1-28
16 ਫ਼ਰੀਸੀ ਤੇ ਸਦੂਕੀ ਉਸ ਕੋਲ ਆਏ ਅਤੇ ਉਸ ਨੂੰ ਪਰਖਣ ਲਈ ਕਹਿਣ ਲੱਗੇ ਕਿ ਉਹ ਉਨ੍ਹਾਂ ਨੂੰ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+
2 ਉਸ ਨੇ ਉਨ੍ਹਾਂ ਨੂੰ ਕਿਹਾ: “ਜਦੋਂ ਸ਼ਾਮ ਪੈ ਜਾਂਦੀ ਹੈ, ਤਾਂ ਤੁਸੀਂ ਕਹਿੰਦੇ ਹੋ, ‘ਮੌਸਮ ਸੋਹਣਾ ਹੋਵੇਗਾ ਕਿਉਂਕਿ ਆਸਮਾਨ ਗੂੜ੍ਹਾ ਲਾਲ ਹੈ’
3 ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਮੌਸਮ ਠੰਢਾ ਹੋਵੇਗਾ ਤੇ ਮੀਂਹ ਪਵੇਗਾ ਕਿਉਂਕਿ ਭਾਵੇਂ ਆਸਮਾਨ ਗੂੜ੍ਹਾ ਲਾਲ ਹੈ, ਪਰ ਬੱਦਲ ਛਾਏ ਹੋਏ ਹਨ।’ ਤੁਸੀਂ ਆਸਮਾਨ ਨੂੰ ਦੇਖ ਕੇ ਮੌਸਮ ਦਾ ਹਾਲ ਤਾਂ ਦੱਸ ਸਕਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਨਹੀਂ ਸਮਝਦੇ, ਇਹ ਵੀ ਤਾਂ ਨਿਸ਼ਾਨੀਆਂ ਹਨ।
4 ਇਹ ਦੁਸ਼ਟ ਤੇ ਹਰਾਮਕਾਰ* ਪੀੜ੍ਹੀ ਨਿਸ਼ਾਨੀ ਦੀ ਤਾਕ ਵਿਚ ਰਹਿੰਦੀ ਹੈ, ਪਰ ਇਸ ਨੂੰ ਯੂਨਾਹ ਦੀ ਨਿਸ਼ਾਨੀ ਤੋਂ ਸਿਵਾਇ+ ਹੋਰ ਕੋਈ ਨਿਸ਼ਾਨੀ ਨਹੀਂ ਦਿਖਾਈ ਜਾਵੇਗੀ।”+ ਇਹ ਕਹਿ ਕੇ ਉਹ ਉਨ੍ਹਾਂ ਨੂੰ ਛੱਡ ਕੇ ਉੱਥੋਂ ਚਲਾ ਗਿਆ।
5 ਚੇਲੇ ਝੀਲ ਦੇ ਦੂਸਰੇ ਪਾਸੇ ਚਲੇ ਗਏ, ਪਰ ਉਹ ਆਪਣੇ ਨਾਲ ਰੋਟੀਆਂ ਲਿਆਉਣੀਆਂ ਭੁੱਲ ਗਏ।+
6 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਖ਼ਬਰਦਾਰ ਰਹੋ ਅਤੇ ਫ਼ਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹੋ।”+
7 ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਉਸ ਨੇ ਸ਼ਾਇਦ ਇਸ ਕਰਕੇ ਇਹ ਕਿਹਾ ਕਿਉਂਕਿ ਅਸੀਂ ਆਪਣੇ ਨਾਲ ਰੋਟੀਆਂ ਨਹੀਂ ਲਿਆਂਦੀਆਂ।”
8 ਇਹ ਜਾਣਦੇ ਹੋਏ ਕਿ ਉਹ ਕੀ ਗੱਲ ਕਰ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਹੇ ਘੱਟ ਨਿਹਚਾ ਰੱਖਣ ਵਾਲਿਓ, ਤੁਸੀਂ ਆਪਸ ਵਿਚ ਇਹ ਗੱਲ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ?
9 ਕੀ ਤੁਸੀਂ ਅਜੇ ਵੀ ਨਹੀਂ ਸਮਝੇ, ਜਾਂ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਪੰਜ ਰੋਟੀਆਂ 5,000 ਆਦਮੀਆਂ ਨੂੰ ਖੁਆਈਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?+
10 ਤੇ ਜਦੋਂ ਮੈਂ ਸੱਤ ਰੋਟੀਆਂ 4,000 ਆਦਮੀਆਂ ਨੂੰ ਖੁਆਈਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?+
11 ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਰੋਟੀਆਂ ਦੀ ਗੱਲ ਨਹੀਂ ਕੀਤੀ? ਮੈਂ ਤਾਂ ਫ਼ਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਬਚ ਕੇ ਰਹਿਣ ਦੀ ਗੱਲ ਕੀਤੀ ਹੈ।”+
12 ਫਿਰ ਉਹ ਸਮਝ ਗਏ ਕਿ ਉਸ ਨੇ ਰੋਟੀਆਂ ਦੇ ਖਮੀਰ ਤੋਂ ਨਹੀਂ, ਬਲਕਿ ਫ਼ਰੀਸੀਆਂ ਤੇ ਸਦੂਕੀਆਂ ਦੀਆਂ ਸਿੱਖਿਆਵਾਂ ਤੋਂ ਬਚ ਕੇ ਰਹਿਣ ਲਈ ਕਿਹਾ ਸੀ।
13 ਜਦ ਉਹ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿਚ ਆਇਆ, ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮਨੁੱਖ ਦਾ ਪੁੱਤਰ ਕੌਣ ਹੈ?”+
14 ਉਨ੍ਹਾਂ ਨੇ ਕਿਹਾ: “ਕੁਝ ਕਹਿੰਦੇ ਹਨ ਯੂਹੰਨਾ ਬਪਤਿਸਮਾ ਦੇਣ ਵਾਲਾ,+ ਕੁਝ ਕਹਿੰਦੇ ਹਨ ਏਲੀਯਾਹ+ ਤੇ ਕਈ ਕਹਿੰਦੇ ਹਨ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ ਨਬੀ।”
15 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਪਰ ਤੁਹਾਡੇ ਮੁਤਾਬਕ ਮੈਂ ਕੌਣ ਹਾਂ?”
16 ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਤੂੰ ਮਸੀਹ ਹੈਂ,+ ਜੀਉਂਦੇ ਪਰਮੇਸ਼ੁਰ ਦਾ ਪੁੱਤਰ।”+
17 ਯਿਸੂ ਨੇ ਉਸ ਨੂੰ ਕਿਹਾ: “ਖ਼ੁਸ਼ ਹੈਂ ਤੂੰ ਯੂਨਾਹ ਦੇ ਪੁੱਤਰ ਸ਼ਮਊਨ ਕਿਉਂਕਿ ਇਹ ਗੱਲ ਕਿਸੇ ਇਨਸਾਨ ਨੇ ਨਹੀਂ, ਬਲਕਿ ਮੇਰੇ ਸਵਰਗੀ ਪਿਤਾ ਨੇ ਤੇਰੇ ʼਤੇ ਪ੍ਰਗਟ ਕੀਤੀ ਹੈ।+
18 ਨਾਲੇ ਮੈਂ ਤੈਨੂੰ ਕਹਿੰਦਾ ਹਾਂ: ਤੂੰ ਪਤਰਸ+ ਹੈਂ ਅਤੇ ਇਸ ਚਟਾਨ+ ʼਤੇ ਮੈਂ ਆਪਣੀ ਮੰਡਲੀ ਬਣਾਵਾਂਗਾ ਅਤੇ ਉਸ ʼਤੇ ਕਬਰ* ਦੇ ਦਰਵਾਜ਼ਿਆਂ ਦਾ ਵੀ ਕੋਈ ਵੱਸ ਨਾ ਚੱਲੇਗਾ।
19 ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਿਆਂਗਾ; ਅਤੇ ਤੂੰ ਧਰਤੀ ʼਤੇ ਜੋ ਬੰਨ੍ਹੇਂਗਾ, ਉਹ ਪਹਿਲਾਂ ਹੀ ਸਵਰਗ ਵਿਚ ਬੰਨ੍ਹਿਆ ਹੋਇਆ ਹੋਵੇਗਾ ਅਤੇ ਤੂੰ ਧਰਤੀ ʼਤੇ ਜੋ ਖੋਲ੍ਹੇਂਗਾ, ਉਹ ਪਹਿਲਾਂ ਹੀ ਸਵਰਗ ਵਿਚ ਖੋਲ੍ਹਿਆ ਹੋਇਆ ਹੋਵੇਗਾ।”
20 ਫਿਰ ਉਸ ਨੇ ਚੇਲਿਆਂ ਨੂੰ ਸਖ਼ਤੀ ਨਾਲ ਵਰਜਿਆ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਹੈ।+
21 ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਉਸ ਨੂੰ ਯਰੂਸ਼ਲਮ ਜਾਣਾ ਪਵੇਗਾ ਅਤੇ ਉੱਥੇ ਉਸ ਨੂੰ ਬਜ਼ੁਰਗਾਂ, ਮੁੱਖ ਪੁਜਾਰੀਆਂ ਤੇ ਗ੍ਰੰਥੀਆਂ ਤੋਂ ਬਹੁਤ ਅਤਿਆਚਾਰ ਸਹਿਣਾ ਪਵੇਗਾ ਅਤੇ ਉਸ ਨੂੰ ਜਾਨੋਂ ਮਾਰਿਆ ਜਾਵੇਗਾ, ਪਰ ਉਸ ਨੂੰ ਤੀਜੇ ਦਿਨ ਜੀਉਂਦਾ ਕੀਤਾ ਜਾਵੇਗਾ।+
22 ਇਹ ਸੁਣ ਕੇ ਪਤਰਸ ਉਸ ਨੂੰ ਇਕ ਪਾਸੇ ਲੈ ਗਿਆ ਤੇ ਉਸ ਨੂੰ ਝਿੜਕਦੇ ਹੋਏ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾਹ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।”+
23 ਪਰ ਯਿਸੂ ਨੇ ਪਤਰਸ ਤੋਂ ਮੂੰਹ ਮੋੜ ਕੇ ਕਿਹਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।”+
24 ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।+
25 ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+
26 ਕੀ ਫ਼ਾਇਦਾ ਜੇ ਇਨਸਾਨ ਸਾਰੀ ਦੁਨੀਆਂ ਨੂੰ ਖੱਟ ਲਵੇ, ਪਰ ਆਪਣੀ ਜਾਨ ਗੁਆ ਬੈਠੇ?+ ਜਾਂ ਇਕ ਇਨਸਾਨ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ?+
27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੀ ਸ਼ਾਨੋ-ਸ਼ੌਕਤ ਨਾਲ ਆਵੇਗਾ ਅਤੇ ਫਿਰ ਉਹ ਹਰ ਕਿਸੇ ਨੂੰ ਉਸ ਦੇ ਕੰਮਾਂ ਦਾ ਫਲ ਦੇਵੇਗਾ।+
28 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਥੇ ਖੜ੍ਹੇ ਕੁਝ ਜਣੇ ਉੱਨਾ ਚਿਰ ਨਹੀਂ ਮਰਨਗੇ ਜਿੰਨਾ ਚਿਰ ਉਹ ਮਨੁੱਖ ਦੇ ਪੁੱਤਰ ਨੂੰ ਰਾਜੇ ਵਜੋਂ ਆਉਂਦਾ ਨਾ ਦੇਖ ਲੈਣ।”+