ਹਿਜ਼ਕੀਏਲ 16:1-63

 • ਯਰੂਸ਼ਲਮ ਲਈ ਪਰਮੇਸ਼ੁਰ ਦਾ ਪਿਆਰ (1-63)

  • ਉਸ ਬੱਚੀ ਵਾਂਗ ਮਿਲੀ ਜਿਸ ਨੂੰ ਬਾਹਰ ਸੁੱਟਿਆ ਗਿਆ ਸੀ (1-7)

  • ਪਰਮੇਸ਼ੁਰ ਨੇ ਉਸ ਨੂੰ ਸਜਾਇਆ ਅਤੇ ਉਸ ਨਾਲ ਵਿਆਹ ਦਾ ਇਕਰਾਰ ਕੀਤਾ (8-14)

  • ਉਹ ਬੇਵਫ਼ਾ ਹੋ ਗਈ (15-34)

  • ਹਰਾਮਕਾਰੀ ਕਰਨ ਦੀ ਸਜ਼ਾ (35-43)

  • ਸਾਮਰਿਯਾ ਅਤੇ ਸਦੂਮ ਨਾਲ ਤੁਲਨਾ (44-58)

  • ਪਰਮੇਸ਼ੁਰ ਨੇ ਆਪਣਾ ਇਕਰਾਰ ਯਾਦ ਰੱਖਿਆ (59-63)

16  ਮੈਨੂੰ ਦੁਬਾਰਾ ਯਹੋਵਾਹ ਦਾ ਸੰਦੇਸ਼ ਮਿਲਿਆ:  “ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਨਗਰੀ ਨੂੰ ਉਸ ਦੇ ਘਿਣਾਉਣੇ ਕੰਮਾਂ ਬਾਰੇ ਦੱਸ।+  ਤੂੰ ਉਸ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਯਰੂਸ਼ਲਮ ਨੂੰ ਕਹਿੰਦਾ ਹੈ: “ਤੇਰੇ ਪੂਰਵਜ ਕਨਾਨੀ ਸਨ ਅਤੇ ਤੇਰਾ ਜਨਮ ਉਨ੍ਹਾਂ ਦੇ ਦੇਸ਼ ਵਿਚ ਹੋਇਆ ਸੀ। ਤੇਰਾ ਪਿਤਾ ਅਮੋਰੀ ਸੀ+ ਅਤੇ ਤੇਰੀ ਮਾਂ ਹਿੱਤੀ ਸੀ।+  ਜਿਸ ਦਿਨ ਤੂੰ ਪੈਦਾ ਹੋਈ ਸੀ, ਉਸ ਦਿਨ ਤੇਰਾ ਨਾੜੂ ਨਹੀਂ ਕੱਟਿਆ ਗਿਆ ਸੀ, ਨਾ ਤੈਨੂੰ ਪਾਣੀ ਨਾਲ ਨਲ੍ਹਾਇਆ ਗਿਆ ਸੀ, ਨਾ ਹੀ ਤੇਰੇ ’ਤੇ ਲੂਣ ਮਲ਼ਿਆ ਗਿਆ ਸੀ ਅਤੇ ਨਾ ਹੀ ਤੈਨੂੰ ਕੱਪੜਿਆਂ ਵਿਚ ਲਪੇਟਿਆ ਗਿਆ ਸੀ।  ਕਿਸੇ ਨੇ ਵੀ ਤੇਰੇ ’ਤੇ ਤਰਸ ਖਾ ਕੇ ਇਹ ਸਭ ਕੁਝ ਨਹੀਂ ਕੀਤਾ। ਕਿਸੇ ਨੂੰ ਵੀ ਤੇਰੇ ’ਤੇ ਰਹਿਮ ਨਹੀਂ ਆਇਆ, ਸਗੋਂ ਤੈਨੂੰ ਬਾਹਰ ਸੁੱਟ ਦਿੱਤਾ ਗਿਆ ਕਿਉਂਕਿ ਤੇਰੇ ਪੈਦਾ ਹੋਣ ਦੇ ਦਿਨ ਤੋਂ ਹੀ ਤੇਰੇ ਨਾਲ ਨਫ਼ਰਤ ਕੀਤੀ ਗਈ।  “‘“ਜਦੋਂ ਮੈਂ ਤੇਰੇ ਕੋਲੋਂ ਲੰਘਿਆ, ਤਾਂ ਮੈਂ ਤੈਨੂੰ ਆਪਣੇ ਹੀ ਖ਼ੂਨ ਵਿਚ ਹੱਥ-ਪੈਰ ਮਾਰਦਿਆਂ ਦੇਖਿਆ ਅਤੇ ਤੂੰ ਆਪਣੇ ਹੀ ਖ਼ੂਨ ਵਿਚ ਪਈ ਹੋਈ ਸੀ ਅਤੇ ਮੈਂ ਕਿਹਾ: ‘ਜੀਉਂਦੀ ਰਹਿ!’ ਹਾਂ, ਜਦ ਮੈਂ ਤੈਨੂੰ ਆਪਣੇ ਹੀ ਖ਼ੂਨ ਵਿਚ ਪਈ ਹੋਈ ਨੂੰ ਦੇਖਿਆ, ਤਾਂ ਮੈਂ ਕਿਹਾ: ‘ਜੀਉਂਦੀ ਰਹਿ!’  ਮੈਂ ਤੇਰੀ ਗਿਣਤੀ ਮੈਦਾਨ ਵਿਚ ਉੱਗਣ ਵਾਲੇ ਪੌਦਿਆਂ ਵਾਂਗ ਬਹੁਤ ਵਧਾਈ। ਤੂੰ ਵੱਡੀ ਹੋਈ ਅਤੇ ਜਵਾਨੀ ਵਿਚ ਪੈਰ ਰੱਖਿਆ ਅਤੇ ਤੂੰ ਵਧੀਆ ਤੋਂ ਵਧੀਆ ਗਹਿਣੇ ਪਾਏ। ਤੇਰੀਆਂ ਛਾਤੀਆਂ ਸੁਡੌਲ ਹੋਈਆਂ ਅਤੇ ਤੇਰੇ ਵਾਲ਼ ਵਧੇ, ਪਰ ਤੂੰ ਅਜੇ ਵੀ ਪੂਰੀ ਤਰ੍ਹਾਂ ਨੰਗੀ ਸੀ।”’  “‘ਜਦੋਂ ਮੈਂ ਤੇਰੇ ਕੋਲੋਂ ਦੀ ਲੰਘਿਆ, ਤਾਂ ਮੈਂ ਦੇਖਿਆ ਕਿ ਤੇਰੀ ਉਮਰ ਪਿਆਰ ਕਰਨ ਦੇ ਲਾਇਕ ਹੋ ਗਈ ਸੀ। ਇਸ ਲਈ ਮੈਂ ਤੇਰੇ ’ਤੇ ਆਪਣੀ ਚਾਦਰ* ਪਾ ਕੇ+ ਤੇਰਾ ਨੰਗੇਜ਼ ਢਕ ਦਿੱਤਾ। ਮੈਂ ਸਹੁੰ ਖਾ ਕੇ ਤੇਰੇ ਨਾਲ ਇਕਰਾਰ ਕੀਤਾ ਅਤੇ ਤੂੰ ਮੇਰੀ ਹੋ ਗਈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।  ‘ਇਸ ਲਈ ਮੈਂ ਤੈਨੂੰ ਪਾਣੀ ਨਾਲ ਨਲ੍ਹਾਇਆ ਅਤੇ ਤੇਰੇ ਸਰੀਰ ਤੋਂ ਖ਼ੂਨ ਸਾਫ਼ ਕੀਤਾ ਅਤੇ ਤੇਰੇ ਤੇਲ ਮਲ਼ਿਆ।+ 10  ਫਿਰ ਮੈਂ ਤੈਨੂੰ ਕਢਾਈ ਵਾਲੀ ਪੁਸ਼ਾਕ ਪੁਆਈ ਅਤੇ ਤੇਰੇ ਪੈਰੀਂ ਵਧੀਆ ਚਮੜੇ* ਦੀ ਜੁੱਤੀ ਪਾਈ ਅਤੇ ਤੈਨੂੰ ਵਧੀਆ ਮਲਮਲ ਦੇ ਕੱਪੜੇ ਨਾਲ ਕੱਜਿਆ ਅਤੇ ਮਹਿੰਗੇ-ਮਹਿੰਗੇ ਕੱਪੜੇ ਪੁਆਏ। 11  ਮੈਂ ਤੈਨੂੰ ਗਹਿਣਿਆਂ ਨਾਲ ਸ਼ਿੰਗਾਰਿਆ। ਤੇਰੇ ਹੱਥਾਂ ਵਿਚ ਕੰਗਣ ਅਤੇ ਗਲ਼ੇ ਵਿਚ ਹਾਰ ਪਾਇਆ। 12  ਮੈਂ ਤੇਰੇ ਨੱਕ ਵਿਚ ਨੱਥ ਅਤੇ ਕੰਨਾਂ ਵਿਚ ਵਾਲ਼ੀਆਂ ਪਾਈਆਂ ਅਤੇ ਤੇਰੇ ਸਿਰ ਉੱਤੇ ਇਕ ਸੋਹਣਾ ਮੁਕਟ ਰੱਖਿਆ। 13  ਤੂੰ ਖ਼ੁਦ ਨੂੰ ਸੋਨੇ-ਚਾਂਦੀ ਨਾਲ ਸ਼ਿੰਗਾਰਦੀ ਰਹਿੰਦੀ ਸੀ ਅਤੇ ਤੂੰ ਵਧੀਆ ਮਲਮਲ ਦੇ ਮਹਿੰਗੇ-ਮਹਿੰਗੇ ਅਤੇ ਕਢਾਈ ਵਾਲੇ ਕੱਪੜੇ ਪਾਉਂਦੀ ਸੀ। ਤੂੰ ਮੈਦੇ, ਸ਼ਹਿਦ ਅਤੇ ਤੇਲ ਨਾਲ ਬਣੇ ਪਕਵਾਨ ਖਾਂਦੀ ਸੀ। ਅਤੇ ਜਦੋਂ ਤੂੰ ਵੱਡੀ ਹੋਈ, ਤਾਂ ਤੇਰੀ ਖ਼ੂਬਸੂਰਤੀ ਡੁੱਲ੍ਹ-ਡੁੱਲ੍ਹ ਪੈਂਦੀ ਸੀ+ ਅਤੇ ਤੂੰ ਰਾਣੀ ਬਣਨ ਦੇ ਲਾਇਕ ਹੋ ਗਈ।’” 14  “‘ਮੈਂ ਤੈਨੂੰ ਆਪਣੀ ਸ਼ਾਨੋ-ਸ਼ੌਕਤ ਬਖ਼ਸ਼ੀ ਜਿਸ ਕਰਕੇ ਤੇਰੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗ ਗਏ*+ ਅਤੇ ਤੇਰੀ ਖ਼ੂਬਸੂਰਤੀ ਕਰਕੇ ਕੌਮਾਂ ਵਿਚ ਤੇਰੇ* ਚਰਚੇ ਹੋਣ ਲੱਗੇ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।” 15  “‘ਪਰ ਤੂੰ ਆਪਣੀ ਖ਼ੂਬਸੂਰਤੀ ’ਤੇ ਘਮੰਡ ਕਰਨ ਲੱਗ ਪਈ+ ਅਤੇ ਆਪਣੀ ਮਸ਼ਹੂਰੀ ਦਾ ਫ਼ਾਇਦਾ ਉਠਾ ਕੇ ਵੇਸਵਾ ਬਣ ਗਈ।+ ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਚਲੀ ਗਈ ਅਤੇ ਉਸ ਨਾਲ ਖੁੱਲ੍ਹ ਕੇ ਵੇਸਵਾਗਿਰੀ ਕੀਤੀ।+ 16  ਤੂੰ ਆਪਣੇ ਕੁਝ ਰੰਗ-ਬਰੰਗੇ ਕੱਪੜੇ ਲਏ ਅਤੇ ਉਨ੍ਹਾਂ ਨਾਲ ਉੱਚੀਆਂ ਥਾਵਾਂ ਨੂੰ ਸਜਾਇਆ ਜਿੱਥੇ ਤੂੰ ਵੇਸਵਾਗਿਰੀ ਕਰਦੀ ਸੀ।+ ਇਹ ਸਾਰੇ ਕੰਮ ਨਹੀਂ ਹੋਣੇ ਚਾਹੀਦੇ ਸਨ ਅਤੇ ਨਾ ਹੀ ਕਦੇ ਕੀਤੇ ਜਾਣੇ ਚਾਹੀਦੇ ਹਨ। 17  ਮੈਂ ਤੈਨੂੰ ਸੋਨੇ-ਚਾਂਦੀ ਦੇ ਜੋ ਗਹਿਣੇ ਦਿੱਤੇ ਸਨ, ਤੂੰ ਉਨ੍ਹਾਂ ਸੋਹਣੇ ਗਹਿਣਿਆਂ ਨਾਲ ਆਦਮੀਆਂ ਦੀਆਂ ਮੂਰਤਾਂ ਬਣਾਈਆਂ ਅਤੇ ਉਨ੍ਹਾਂ ਨਾਲ ਵੇਸਵਾਗਿਰੀ ਕੀਤੀ।+ 18  ਤੂੰ ਆਪਣੇ ਕਢਾਈ ਵਾਲੇ ਕੱਪੜਿਆਂ ਨਾਲ ਉਨ੍ਹਾਂ ਮੂਰਤਾਂ ਨੂੰ ਕੱਜਿਆ ਅਤੇ ਉਨ੍ਹਾਂ ਅੱਗੇ ਮੇਰਾ ਧੂਪ ਧੁਖਾਇਆ+ ਅਤੇ ਭੇਟ ਵਜੋਂ ਮੇਰਾ ਤੇਲ ਚੜ੍ਹਾਇਆ। 19  ਨਾਲੇ ਮੈਂ ਤੈਨੂੰ ਮੈਦੇ, ਤੇਲ ਅਤੇ ਸ਼ਹਿਦ ਦੀ ਬਣੀ ਜੋ ਰੋਟੀ ਖੁਆਉਂਦਾ ਸੀ, ਤੂੰ ਉਹ ਵੀ ਉਨ੍ਹਾਂ ਅੱਗੇ ਚੜ੍ਹਾਈ ਤਾਂਕਿ ਉਸ ਦੀ ਖ਼ੁਸ਼ਬੂ ਤੋਂ ਉਨ੍ਹਾਂ ਨੂੰ ਖ਼ੁਸ਼ੀ ਹੋਵੇ।+ ਹਾਂ, ਤੂੰ ਇਹ ਸਭ ਕੁਝ ਕੀਤਾ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।” 20  “‘ਅਤੇ ਤੂੰ ਮੂਰਤਾਂ ਅੱਗੇ ਆਪਣੇ ਧੀਆਂ-ਪੁੱਤਰਾਂ ਦੀ ਬਲ਼ੀ ਦੇ ਦਿੱਤੀ+ ਜੋ ਤੂੰ ਮੇਰੇ ਲਈ ਪੈਦਾ ਕੀਤੇ ਸਨ।+ ਕੀ ਇਹ ਸਭ ਕਰ ਕੇ ਤੂੰ ਵੇਸਵਾਗਿਰੀ ਦੀ ਹੱਦ ਨਹੀਂ ਕਰ ਦਿੱਤੀ? 21  ਤੂੰ ਮੇਰੇ ਪੁੱਤਰ ਮਾਰ ਦਿੱਤੇ ਅਤੇ ਅੱਗ ਵਿਚ* ਉਨ੍ਹਾਂ ਦੀ ਬਲ਼ੀ ਦਿੱਤੀ।+ 22  ਤੂੰ ਇਨ੍ਹਾਂ ਸਾਰੇ ਘਿਣਾਉਣੇ ਕੰਮਾਂ ਅਤੇ ਵੇਸਵਾਗਿਰੀ ਵਿਚ ਇੰਨੀ ਜ਼ਿਆਦਾ ਰੁੱਝ ਗਈ ਕਿ ਤੂੰ ਆਪਣੇ ਬਚਪਨ ਦੇ ਦਿਨਾਂ ਨੂੰ ਭੁੱਲ ਗਈ ਜਦੋਂ ਤੂੰ ਪੂਰੀ ਤਰ੍ਹਾਂ ਨੰਗੀ ਸੀ ਅਤੇ ਆਪਣੇ ਹੀ ਖ਼ੂਨ ਵਿਚ ਹੱਥ-ਪੈਰ ਮਾਰ ਰਹੀ ਸੀ। 23  ਇਨ੍ਹਾਂ ਸਾਰੇ ਬੁਰੇ ਕੰਮਾਂ ਕਰਕੇ ਲਾਹਨਤ ਹੈ, ਹਾਂ, ਲਾਹਨਤ ਹੈ ਤੇਰੇ ਉੱਤੇ!’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 24  ‘ਤੂੰ ਹਰ ਚੌਂਕ ਵਿਚ ਆਪਣੇ ਲਈ ਟਿੱਲਾ ਅਤੇ ਉੱਚੀ ਥਾਂ ਬਣਾਈ। 25  ਤੂੰ ਹਰ ਗਲੀ ਵਿਚ ਉਸ ਜਗ੍ਹਾ ਉੱਚੀਆਂ ਥਾਵਾਂ ਬਣਾਈਆਂ ਜਿੱਥੇ ਸਾਰਿਆਂ ਨੂੰ ਇਹ ਨਜ਼ਰ ਆਉਣ। ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਜਾ ਕੇ* ਆਪਣੀ ਖ਼ੂਬਸੂਰਤੀ ਨੂੰ ਘਿਣਾਉਣਾ ਬਣਾਇਆ+ ਅਤੇ ਤੇਰੀ ਬਦਚਲਣੀ ਦਿਨੋ-ਦਿਨ ਵਧਦੀ ਗਈ।+ 26  ਤੂੰ ਕਾਮ-ਵਾਸ਼ਨਾ ਵਿਚ ਡੁੱਬੇ ਹੋਏ ਆਪਣੇ ਗੁਆਂਢੀ ਮਿਸਰੀਆਂ ਨਾਲ ਵੇਸਵਾਗਿਰੀ ਕੀਤੀ+ ਅਤੇ ਤੂੰ ਵਾਰ-ਵਾਰ ਬਦਚਲਣੀ ਕਰ ਕੇ ਮੇਰਾ ਗੁੱਸਾ ਭੜਕਾਇਆ। 27  ਹੁਣ ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੇਰਾ ਭੋਜਨ ਘਟਾ ਦਿਆਂਗਾ।+ ਮੈਂ ਤੈਨੂੰ ਫਲਿਸਤੀਆਂ ਦੀਆਂ ਧੀਆਂ ਦੇ ਰਹਿਮ ਉੱਤੇ ਛੱਡ ਦਿਆਂਗਾ ਜੋ ਤੈਨੂੰ ਨਫ਼ਰਤ ਕਰਦੀਆਂ ਹਨ+ ਅਤੇ ਤੇਰੇ ਬੇਸ਼ਰਮੀ ਭਰੇ ਕੰਮ ਦੇਖ ਕੇ ਦੰਗ ਰਹਿ ਗਈਆਂ ਹਨ।+ 28  “‘ਪਰ ਇੰਨੀ ਬਦਚਲਣੀ ਕਰ ਕੇ ਵੀ ਤੇਰਾ ਜੀ ਨਹੀਂ ਭਰਿਆ, ਇਸ ਲਈ ਤੂੰ ਅੱਸ਼ੂਰੀਆਂ ਨਾਲ ਵੇਸਵਾਗਿਰੀ ਕੀਤੀ,+ ਪਰ ਉਨ੍ਹਾਂ ਨਾਲ ਵੀ ਵੇਸਵਾਗਿਰੀ ਕਰ ਕੇ ਤੇਰਾ ਜੀ ਨਹੀਂ ਭਰਿਆ। 29  ਇਸ ਲਈ ਤੂੰ ਵਪਾਰੀਆਂ ਦੇ ਦੇਸ਼* ਵਿਚ ਅਤੇ ਕਸਦੀਆਂ ਨਾਲ ਵੀ ਵੇਸਵਾ ਦੇ ਕੰਮ ਕੀਤੇ,+ ਪਰ ਤਾਂ ਵੀ ਤੇਰਾ ਜੀ ਨਹੀਂ ਭਰਿਆ। 30  ਤੇਰਾ ਦਿਲ ਕਿੰਨਾ ਬੀਮਾਰ* ਸੀ* ਜਦ ਤੂੰ ਇਕ ਬੇਸ਼ਰਮ ਵੇਸਵਾ ਵਾਂਗ ਇਹ ਸਾਰੇ ਕੰਮ ਕੀਤੇ!’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। 31  ਪਰ ਜਦ ਤੂੰ ਹਰ ਗਲੀ ਵਿਚ ਉਸ ਜਗ੍ਹਾ ਟਿੱਲਾ ਬਣਾਇਆ ਜਿੱਥੇ ਸਾਰੇ ਉਸ ਨੂੰ ਦੇਖ ਸਕਣ ਅਤੇ ਤੂੰ ਹਰ ਚੌਂਕ ਵਿਚ ਆਪਣੇ ਲਈ ਉੱਚੀ ਥਾਂ ਬਣਾਈ, ਤਾਂ ਤੂੰ ਇਕ ਵੇਸਵਾ ਵਾਂਗ ਪੇਸ਼ ਨਹੀਂ ਆਈ ਕਿਉਂਕਿ ਤੂੰ ਆਪਣੇ ਕੰਮ ਦੇ ਪੈਸੇ ਲੈਣ ਤੋਂ ਇਨਕਾਰ ਕੀਤਾ। 32  ਤੂੰ ਹਰਾਮਕਾਰੀ ਕਰਨ ਵਾਲੀ ਪਤਨੀ ਹੈਂ ਜੋ ਆਪਣੇ ਪਤੀ ਨੂੰ ਛੱਡ ਕੇ ਅਜਨਬੀਆਂ ਕੋਲ ਜਾਂਦੀ ਹੈ।+ 33  ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ,+ ਪਰ ਤੂੰ ਤਾਂ ਖ਼ੁਦ ਆਪਣੇ ਸਾਰੇ ਯਾਰਾਂ ਨੂੰ ਤੋਹਫ਼ੇ ਦਿੰਦੀ ਹੈਂ।+ ਤੂੰ ਪੈਸੇ ਦੇ ਕੇ ਸਾਰੇ ਪਾਸਿਓਂ ਆਦਮੀਆਂ ਨੂੰ ਆਪਣੇ ਕੋਲ ਬੁਲਾਉਂਦੀ ਹੈਂ ਤਾਂਕਿ ਉਹ ਆ ਕੇ ਤੇਰੇ ਨਾਲ ਹਰਾਮਕਾਰੀ ਕਰਨ।+ 34  ਤੂੰ ਵੇਸਵਾ ਦਾ ਕੰਮ ਕਰਨ ਵਾਲੀਆਂ ਦੂਜੀਆਂ ਔਰਤਾਂ ਨਾਲੋਂ ਵੱਖਰੀ ਹੈਂ। ਕੋਈ ਵੀ ਤੇਰੇ ਵਾਂਗ ਵੇਸਵਾਗਿਰੀ ਨਹੀਂ ਕਰਦੀ! ਬੰਦੇ ਤੈਨੂੰ ਪੈਸੇ ਨਹੀਂ ਦਿੰਦੇ, ਸਗੋਂ ਤੂੰ ਉਨ੍ਹਾਂ ਨੂੰ ਪੈਸੇ ਦਿੰਦੀ ਹੈਂ। ਤੂੰ ਦੂਜੀਆਂ ਵੇਸਵਾਵਾਂ ਤੋਂ ਉਲਟ ਹੈਂ।’ 35  “ਇਸ ਲਈ, ਹੇ ਵੇਸਵਾ,+ ਯਹੋਵਾਹ ਦਾ ਸੰਦੇਸ਼ ਸੁਣ। 36  ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕਿਉਂਕਿ ਤੂੰ ਕਾਮ-ਵਾਸ਼ਨਾ ਦੀ ਹੱਦ ਕਰ ਦਿੱਤੀ ਅਤੇ ਆਪਣੇ ਯਾਰਾਂ ਅਤੇ ਆਪਣੀਆਂ ਸਾਰੀਆਂ ਭ੍ਰਿਸ਼ਟ ਅਤੇ ਘਿਣਾਉਣੀਆਂ ਮੂਰਤਾਂ* ਨਾਲ ਵੇਸਵਾਗਿਰੀ ਕਰਦਿਆਂ ਆਪਣਾ ਨੰਗੇਜ਼ ਉਘਾੜਿਆ+ ਅਤੇ ਉਨ੍ਹਾਂ ਮੂਰਤਾਂ ਅੱਗੇ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਦਾ ਖ਼ੂਨ ਚੜ੍ਹਾਇਆ,+ 37  ਇਸ ਲਈ ਮੈਂ ਤੇਰੇ ਸਾਰੇ ਯਾਰਾਂ ਨੂੰ ਇਕੱਠਾ ਕਰਾਂਗਾ ਜਿਨ੍ਹਾਂ ਨੂੰ ਤੂੰ ਖ਼ੁਸ਼ ਕੀਤਾ ਹੈ। ਜਿਨ੍ਹਾਂ ਨਾਲ ਤੂੰ ਪਿਆਰ ਕਰਦੀ ਹੈਂ ਅਤੇ ਜਿਨ੍ਹਾਂ ਨਾਲ ਤੂੰ ਨਫ਼ਰਤ ਕਰਦੀ ਹੈਂ, ਮੈਂ ਸਾਰੇ ਪਾਸਿਓਂ ਉਨ੍ਹਾਂ ਨੂੰ ਤੇਰੇ ਖ਼ਿਲਾਫ਼ ਇਕੱਠਾ ਕਰਾਂਗਾ ਅਤੇ ਉਨ੍ਹਾਂ ਸਾਮ੍ਹਣੇ ਤੇਰਾ ਨੰਗੇਜ਼ ਉਘਾੜਾਂਗਾ ਅਤੇ ਉਹ ਤੈਨੂੰ ਪੂਰੀ ਤਰ੍ਹਾਂ ਨੰਗਾ ਦੇਖਣਗੇ।+ 38  “‘ਅਤੇ ਮੈਂ ਤੇਰਾ ਨਿਆਂ ਕਰ ਕੇ ਤੈਨੂੰ ਉਹੀ ਸਜ਼ਾ ਦਿਆਂਗਾ ਜੋ ਬਦਚਲਣ ਔਰਤਾਂ+ ਅਤੇ ਖ਼ੂਨ ਵਹਾਉਣ ਵਾਲੀਆਂ ਔਰਤਾਂ+ ਨੂੰ ਦਿੱਤੀ ਜਾਂਦੀ ਹੈ ਅਤੇ ਮੈਂ ਗੁੱਸੇ ਅਤੇ ਈਰਖਾ ਨਾਲ ਭਰ ਕੇ ਤੇਰਾ ਖ਼ੂਨ ਵਹਾਵਾਂਗਾ।+ 39  ਮੈਂ ਤੈਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿਆਂਗਾ। ਉਹ ਤੇਰੇ ਟਿੱਲੇ ਢਾਹ ਦੇਣਗੇ, ਤੇਰੀਆਂ ਉੱਚੀਆਂ ਥਾਵਾਂ ਡੇਗ ਦੇਣਗੇ,+ ਤੇਰੇ ਕੱਪੜੇ ਲਾਹ ਸੁੱਟਣਗੇ,+ ਤੇਰੇ ਸੋਹਣੇ-ਸੋਹਣੇ ਗਹਿਣੇ ਲੈ ਲੈਣਗੇ+ ਅਤੇ ਤੈਨੂੰ ਪੂਰੀ ਤਰ੍ਹਾਂ ਨੰਗਾ ਕਰ ਦੇਣਗੇ। 40  ਉਹ ਤੇਰੇ ਖ਼ਿਲਾਫ਼ ਭੀੜ ਇਕੱਠੀ ਕਰਨਗੇ+ ਅਤੇ ਤੈਨੂੰ ਪੱਥਰ ਮਾਰਨਗੇ+ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵੱਢ ਸੁੱਟਣਗੇ।+ 41  ਉਹ ਤੇਰੇ ਘਰਾਂ ਨੂੰ ਅੱਗ ਨਾਲ ਸਾੜ ਸੁੱਟਣਗੇ+ ਅਤੇ ਬਹੁਤ ਸਾਰੀਆਂ ਔਰਤਾਂ ਸਾਮ੍ਹਣੇ ਤੈਨੂੰ ਸਜ਼ਾ ਦੇਣਗੇ। ਅਤੇ ਮੈਂ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ+ ਅਤੇ ਤੂੰ ਪੈਸੇ ਦੇਣੇ ਬੰਦ ਕਰ ਦੇਵੇਂਗੀ। 42  ਜਦੋਂ ਮੈਂ ਤੇਰੇ ’ਤੇ ਆਪਣਾ ਪੂਰਾ ਗੁੱਸਾ ਕੱਢ ਲਵਾਂਗਾ,+ ਤਾਂ ਮੇਰਾ ਕ੍ਰੋਧ ਸ਼ਾਂਤ ਹੋ ਜਾਵੇਗਾ+ ਅਤੇ ਮੈਨੂੰ ਚੈਨ ਮਿਲੇਗਾ। ਫਿਰ ਅੱਗੇ ਤੋਂ ਮੈਨੂੰ ਤੇਰੇ ’ਤੇ ਗੁੱਸਾ ਨਹੀਂ ਆਵੇਗਾ।’ 43  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਕਿਉਂਕਿ ਤੂੰ ਆਪਣੇ ਬਚਪਨ ਦੇ ਦਿਨਾਂ ਨੂੰ ਭੁੱਲ ਗਈ+ ਅਤੇ ਇਹ ਸਾਰੇ ਕੰਮ ਕਰ ਕੇ ਮੇਰਾ ਗੁੱਸਾ ਭੜਕਾਇਆ ਹੈ, ਇਸ ਲਈ ਹੁਣ ਮੈਂ ਤੈਨੂੰ ਤੇਰੇ ਕੰਮਾਂ ਦੀ ਸਜ਼ਾ ਦਿਆਂਗਾ। ਤੂੰ ਅੱਗੇ ਤੋਂ ਆਪਣੇ ਸ਼ਰਮਨਾਕ ਚਾਲ-ਚਲਣ ਮੁਤਾਬਕ ਘਿਣਾਉਣੇ ਕੰਮ ਨਹੀਂ ਕਰ ਪਾਵੇਂਗੀ। 44  “‘ਦੇਖ! ਲੋਕ ਤੇਰੇ ਬਾਰੇ ਇਹ ਕਹਾਵਤ ਕਹਿਣਗੇ: “ਜਿਹੋ ਜਿਹੀ ਮਾਂ, ਉਹੋ ਜਿਹੀ ਧੀ!”+ 45  ਤੂੰ ਬਿਲਕੁਲ ਆਪਣੀ ਮਾਂ ਵਰਗੀ ਹੈਂ ਜਿਸ ਨੇ ਆਪਣੇ ਪਤੀ ਅਤੇ ਬੱਚਿਆਂ ਨਾਲ ਨਫ਼ਰਤ ਕੀਤੀ। ਤੂੰ ਆਪਣੀਆਂ ਭੈਣਾਂ ਵਰਗੀ ਹੈਂ ਜਿਨ੍ਹਾਂ ਨੇ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਨਫ਼ਰਤ ਕੀਤੀ। ਤੇਰੀ ਮਾਂ ਹਿੱਤੀ ਸੀ ਅਤੇ ਤੇਰਾ ਪਿਤਾ ਅਮੋਰੀ ਸੀ।’”+ 46  “‘ਤੇਰੀ ਵੱਡੀ ਭੈਣ ਸਾਮਰਿਯਾ+ ਹੈ ਜੋ ਆਪਣੀਆਂ ਧੀਆਂ* ਨਾਲ ਤੇਰੇ ਉੱਤਰ ਵਿਚ* ਵੱਸਦੀ ਹੈ+ ਅਤੇ ਤੇਰੀ ਛੋਟੀ ਭੈਣ ਸਦੂਮ+ ਆਪਣੀਆਂ ਧੀਆਂ+ ਨਾਲ ਤੇਰੇ ਦੱਖਣ ਵਿਚ* ਵੱਸਦੀ ਹੈ। 47  ਤੂੰ ਨਾ ਸਿਰਫ਼ ਉਨ੍ਹਾਂ ਦੇ ਰਾਹਾਂ ’ਤੇ ਤੁਰੀ ਅਤੇ ਉਨ੍ਹਾਂ ਵਰਗੇ ਘਿਣਾਉਣੇ ਕੰਮ ਕੀਤੇ, ਸਗੋਂ ਤੂੰ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਬਦਚਲਣ ਬਣ ਗਈ।+ 48  ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਨੂੰ ਆਪਣੀ ਜਾਨ ਦੀ ਸਹੁੰ, ਤੇਰੀ ਭੈਣ ਸਦੂਮ ਅਤੇ ਉਸ ਦੀਆਂ ਧੀਆਂ ਨੇ ਵੀ ਉਹ ਕੰਮ ਨਹੀਂ ਕੀਤੇ ਜੋ ਤੂੰ ਅਤੇ ਤੇਰੀਆਂ ਧੀਆਂ ਨੇ ਕੀਤੇ ਹਨ। 49  ਦੇਖ! ਤੇਰੀ ਭੈਣ ਸਦੂਮ ਨੇ ਇਹ ਗੁਨਾਹ ਕੀਤਾ ਸੀ: ਉਹ ਅਤੇ ਉਸ ਦੀਆਂ ਧੀਆਂ+ ਹੰਕਾਰੀ ਸਨ+ ਅਤੇ ਉਨ੍ਹਾਂ ਕੋਲ ਭਰਪੂਰ ਭੋਜਨ ਸੀ+ ਅਤੇ ਉਹ ਬੇਫ਼ਿਕਰ ਜ਼ਿੰਦਗੀ ਜੀਉਂਦੀਆਂ ਸਨ;+ ਫਿਰ ਵੀ ਉਨ੍ਹਾਂ ਨੇ ਕਿਸੇ ਦੁਖੀ ਅਤੇ ਗ਼ਰੀਬ ਦੀ ਮਦਦ ਨਹੀਂ ਕੀਤੀ।+ 50  ਉਨ੍ਹਾਂ ਨੇ ਹੰਕਾਰ ਨਹੀਂ ਛੱਡਿਆ+ ਅਤੇ ਮੇਰੀਆਂ ਨਜ਼ਰਾਂ ਵਿਚ ਘਿਣਾਉਣੇ ਕੰਮ ਕਰਦੀਆਂ ਰਹੀਆਂ,+ ਇਸ ਲਈ ਮੈਂ ਉਨ੍ਹਾਂ ਨੂੰ ਖ਼ਤਮ ਕਰਨਾ ਜ਼ਰੂਰੀ ਸਮਝਿਆ।+ 51  “‘ਜਿੰਨੇ ਪਾਪ ਤੂੰ ਕੀਤੇ ਹਨ, ਉਸ ਤੋਂ ਅੱਧੇ ਵੀ ਸਾਮਰਿਯਾ+ ਨੇ ਨਹੀਂ ਕੀਤੇ। ਤੂੰ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਘਿਣਾਉਣੇ ਕੰਮ ਕਰਦੀ ਰਹੀ ਅਤੇ ਤੇਰੇ ਸਾਰੇ ਘਿਣਾਉਣੇ ਕੰਮਾਂ ਕਰਕੇ ਲੱਗਦਾ ਕਿ ਤੇਰੀਆਂ ਭੈਣਾਂ ਤੇਰੇ ਨਾਲੋਂ ਚੰਗੀਆਂ* ਹਨ।+ 52  ਇਸ ਤਰ੍ਹਾਂ ਤੂੰ ਆਪਣੀਆਂ ਭੈਣਾਂ ਦੇ ਚਾਲ-ਚਲਣ ਨੂੰ ਸਹੀ ਠਹਿਰਾਇਆ ਹੈ,* ਇਸ ਲਈ ਹੁਣ ਤੂੰ ਬੇਇੱਜ਼ਤੀ ਸਹਿ। ਤੂੰ ਉਨ੍ਹਾਂ ਨਾਲੋਂ ਜ਼ਿਆਦਾ ਘਿਣਾਉਣੇ ਪਾਪ ਕੀਤੇ ਹਨ, ਇਸ ਕਰਕੇ ਉਹ ਤੇਰੇ ਨਾਲੋਂ ਘੱਟ ਗੁਨਾਹਗਾਰ ਹਨ। ਤੇਰੇ ਕੰਮਾਂ ਕਰਕੇ ਲੱਗਦਾ ਕਿ ਤੇਰੀਆਂ ਭੈਣਾਂ ਤੇਰੇ ਨਾਲੋਂ ਚੰਗੀਆਂ* ਹਨ, ਇਸ ਲਈ ਹੁਣ ਤੂੰ ਸ਼ਰਮਿੰਦੀ ਹੋ ਅਤੇ ਬੇਇੱਜ਼ਤੀ ਸਹਿ।’ 53  “‘ਅਤੇ ਮੈਂ ਉਨ੍ਹਾਂ ਦੇ ਗ਼ੁਲਾਮਾਂ, ਸਦੂਮ ਅਤੇ ਉਸ ਦੀਆਂ ਧੀਆਂ ਦੇ ਗ਼ੁਲਾਮਾਂ ਅਤੇ ਸਾਮਰਿਯਾ ਅਤੇ ਉਸ ਦੀਆਂ ਧੀਆਂ ਦੇ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ; ਉਨ੍ਹਾਂ ਦੇ ਨਾਲ-ਨਾਲ ਮੈਂ ਤੇਰੇ ਗ਼ੁਲਾਮਾਂ ਨੂੰ ਵੀ ਇਕੱਠਾ ਕਰਾਂਗਾ+ 54  ਤਾਂਕਿ ਤੂੰ ਬੇਇੱਜ਼ਤੀ ਸਹੇਂ। ਤੇਰੇ ਕੰਮਾਂ ਕਰਕੇ ਤੇਰੀਆਂ ਭੈਣਾਂ ਨੂੰ ਤਸੱਲੀ ਹੋਈ, ਇਸ ਲਈ ਤੂੰ ਸ਼ਰਮ ਨਾਲ ਪਾਣੀ-ਪਾਣੀ ਹੋਵੇਂਗੀ। 55  ਤੇਰੀਆਂ ਭੈਣਾਂ ਸਦੂਮ, ਸਾਮਰਿਯਾ ਅਤੇ ਉਨ੍ਹਾਂ ਦੀਆਂ ਧੀਆਂ ਆਪਣੀ ਪਹਿਲਾਂ ਵਾਲੀ ਹਾਲਤ ਵਿਚ ਆ ਜਾਣਗੀਆਂ ਅਤੇ ਤੂੰ ਅਤੇ ਤੇਰੀਆਂ ਧੀਆਂ ਵੀ ਆਪਣੀ ਪਹਿਲਾਂ ਵਾਲੀ ਹਾਲਤ ਵਿਚ ਆ ਜਾਣਗੀਆਂ।+ 56  ਜਦੋਂ ਤੂੰ ਘਮੰਡ ਨਾਲ ਫੁੱਲੀ ਹੋਈ ਸੀ, ਤਾਂ ਤੂੰ ਆਪਣੀ ਭੈਣ ਸਦੂਮ ਨੂੰ ਇਸ ਲਾਇਕ ਵੀ ਨਹੀਂ ਸਮਝਦੀ ਸੀ ਕਿ ਤੂੰ ਆਪਣੀ ਜ਼ਬਾਨ ਨਾਲ ਉਸ ਦਾ ਜ਼ਿਕਰ ਕਰੇਂ, 57  ਜਦ ਤਕ ਤੇਰੀ ਆਪਣੀ ਦੁਸ਼ਟਤਾ ਦਾ ਪਰਦਾਫ਼ਾਸ਼ ਨਹੀਂ ਹੋ ਗਿਆ।+ ਹੁਣ ਸੀਰੀਆ ਦੀਆਂ ਧੀਆਂ ਅਤੇ ਉਸ ਦੇ ਗੁਆਂਢੀ ਤੇਰਾ ਮਜ਼ਾਕ ਉਡਾਉਂਦੇ ਹਨ ਅਤੇ ਤੇਰੇ ਆਸੇ-ਪਾਸੇ ਫਲਿਸਤੀਆਂ ਦੀਆਂ ਧੀਆਂ+ ਤੈਨੂੰ ਤੁੱਛ ਸਮਝਦੀਆਂ ਹਨ। 58  ਤੈਨੂੰ ਆਪਣੇ ਸ਼ਰਮਨਾਕ ਚਾਲ-ਚਲਣ ਅਤੇ ਘਿਣਾਉਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ,’ ਯਹੋਵਾਹ ਕਹਿੰਦਾ ਹੈ।” 59  “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਜਿਵੇਂ ਤੂੰ ਕੀਤਾ ਹੈ, ਮੈਂ ਤੇਰੇ ਨਾਲ ਵੀ ਉਸੇ ਤਰ੍ਹਾਂ ਕਰਾਂਗਾ+ ਕਿਉਂਕਿ ਤੂੰ ਆਪਣੀ ਸਹੁੰ ਨੂੰ ਤੁੱਛ ਸਮਝ ਕੇ ਮੇਰਾ ਇਕਰਾਰ ਤੋੜਿਆ।+ 60  ਪਰ ਮੈਂ ਆਪਣਾ ਇਕਰਾਰ ਯਾਦ ਰੱਖਾਂਗਾ ਜੋ ਮੈਂ ਤੇਰੇ ਨਾਲ ਤੇਰੇ ਬਚਪਨ ਦੇ ਦਿਨਾਂ ਵਿਚ ਕੀਤਾ ਸੀ ਅਤੇ ਮੈਂ ਤੇਰੇ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+ 61  ਜਦ ਤੂੰ ਆਪਣੀਆਂ ਵੱਡੀਆਂ ਅਤੇ ਛੋਟੀਆਂ ਭੈਣਾਂ ਦਾ ਸੁਆਗਤ ਕਰੇਂਗੀ, ਤਾਂ ਤੂੰ ਆਪਣੇ ਚਾਲ-ਚਲਣ ਨੂੰ ਯਾਦ ਕਰ ਕੇ ਸ਼ਰਮਿੰਦੀ ਹੋਵੇਂਗੀ।+ ਮੈਂ ਉਨ੍ਹਾਂ ਨੂੰ ਧੀਆਂ ਵਜੋਂ ਤੈਨੂੰ ਦੇ ਦਿਆਂਗਾ, ਪਰ ਇਸ ਕਰਕੇ ਨਹੀਂ ਕਿ ਤੇਰੇ ਨਾਲ ਇਕਰਾਰ ਕੀਤਾ ਗਿਆ ਹੈ।’ 62  “‘ਅਤੇ ਮੈਂ ਤੇਰੇ ਨਾਲ ਇਕਰਾਰ ਕਰਾਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ। 63  ਤੇਰੇ ਸਾਰੇ ਗ਼ਲਤ ਕੰਮਾਂ ਦੇ ਬਾਵਜੂਦ ਜਦੋਂ ਮੈਂ ਤੇਰੇ ਪਾਪ ਮਿਟਾ ਦਿਆਂਗਾ,+ ਤਾਂ ਤੂੰ ਆਪਣੇ ਕੰਮਾਂ ਨੂੰ ਯਾਦ ਕਰ ਕੇ ਇੰਨੀ ਸ਼ਰਮਿੰਦੀ ਹੋਵੇਂਗੀ ਕਿ ਤੂੰ ਆਪਣਾ ਮੂੰਹ ਤਕ ਨਹੀਂ ਖੋਲ੍ਹੇਂਗੀ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”

ਫੁਟਨੋਟ

ਜਾਂ, “ਚੋਗਾ।”
ਜਾਂ, “ਸੀਲ ਮੱਛੀ ਦੀ ਖੱਲ।”
ਇਬ, “ਮੁਕੰਮਲ ਹੋ ਗਈ।”
ਇਬ, “ਤੇਰੇ ਨਾਂ ਦੇ।”
ਇਬ, “ਉਨ੍ਹਾਂ ਨੂੰ ਅੱਗ ਦੇ ਵਿੱਚੋਂ ਦੀ ਲੰਘਾ ਕੇ।”
ਇਬ, “ਸਾਮ੍ਹਣੇ ਆਪਣੀਆਂ ਲੱਤਾਂ ਪਸਾਰ ਕੇ।”
ਇਬ, “ਕਨਾਨ ਦੇਸ਼।”
ਜਾਂ, “ਕਮਜ਼ੋਰ।”
ਜਾਂ ਸੰਭਵ ਹੈ, “ਮੇਰੇ ਅੰਦਰ ਤੇਰੇ ਲਈ ਕਿੰਨਾ ਗੁੱਸਾ ਸੀ।”
ਇੱਥੇ ਇਬਰਾਨੀ ਸ਼ਬਦ ਦਾ ਸੰਬੰਧ “ਗੋਹੇ” ਲਈ ਵਰਤੇ ਜਾਂਦੇ ਸ਼ਬਦ ਨਾਲ ਹੋ ਸਕਦਾ ਹੈ ਅਤੇ ਇਹ ਘਿਰਣਾ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।
ਇੱਥੇ ਸ਼ਾਇਦ ਇਸ ਦੇ ਅਧੀਨ ਆਉਂਦੇ ਕਸਬਿਆਂ ਦੀ ਗੱਲ ਕੀਤੀ ਗਈ ਹੈ।
ਇਬ, “ਤੇਰੇ ਖੱਬੇ ਪਾਸੇ।”
ਇਬ, “ਤੇਰੇ ਸੱਜੇ ਪਾਸੇ।”
ਜਾਂ, “ਘੱਟ ਗੁਨਾਹਗਾਰ।”
ਜਾਂ, “ਦੇ ਪੱਖ ਵਿਚ ਬੋਲੀ।”
ਜਾਂ, “ਘੱਟ ਗੁਨਾਹਗਾਰ।”