ਯਸਾਯਾਹ 40:1-31
40 “ਮੇਰੇ ਲੋਕਾਂ ਨੂੰ ਦਿਲਾਸਾ ਦਿਓ, ਹਾਂ, ਦਿਲਾਸਾ ਦਿਓ,” ਤੁਹਾਡਾ ਪਰਮੇਸ਼ੁਰ ਕਹਿੰਦਾ ਹੈ।+
2 “ਯਰੂਸ਼ਲਮ ਦੇ ਦਿਲ ਨਾਲ ਗੱਲ ਕਰੋ,*ਉਸ ਨੂੰ ਕਹੋ ਕਿ ਉਸ ਦੀ ਜਬਰੀ ਮਜ਼ਦੂਰੀ ਖ਼ਤਮ ਹੋ ਗਈ ਹੈ,ਉਸ ਨੇ ਆਪਣੇ ਗੁਨਾਹ ਦੀ ਕੀਮਤ ਚੁਕਾ ਦਿੱਤੀ ਹੈ।+
ਉਸ ਨੂੰ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦੀ ਪੂਰੀ* ਸਜ਼ਾ ਮਿਲ ਚੁੱਕੀ ਹੈ।”+
3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ:
“ਯਹੋਵਾਹ ਦਾ ਰਸਤਾ ਪੱਧਰਾ* ਕਰੋ!+
ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।+
4 ਹਰ ਖਾਈ ਭਰ ਦਿੱਤੀ ਜਾਵੇਅਤੇ ਹਰ ਪਹਾੜ ਤੇ ਪਹਾੜੀ ਨੀਵੀਂ ਕੀਤੀ ਜਾਵੇ।
ਉੱਚੀ-ਨੀਵੀਂ ਜ਼ਮੀਨ ਪੱਧਰੀ ਕੀਤੀ ਜਾਵੇਅਤੇ ਉਬੜ-ਖਾਬੜ ਜ਼ਮੀਨ ਨੂੰ ਮੈਦਾਨ ਬਣਾ ਦਿੱਤਾ ਜਾਵੇ।+
5 ਯਹੋਵਾਹ ਦਾ ਪ੍ਰਤਾਪ ਜ਼ਾਹਰ ਹੋਵੇਗਾ+ਅਤੇ ਸਾਰੇ ਇਨਸਾਨ ਇਸ ਨੂੰ ਦੇਖਣਗੇ+ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”
6 ਸੁਣ! ਕੋਈ ਜਣਾ ਕਹਿ ਰਿਹਾ ਹੈ: “ਉੱਚੀ ਆਵਾਜ਼ ਵਿਚ ਕਹਿ!”
ਦੂਜਾ ਪੁੱਛਦਾ ਹੈ: “ਮੈਂ ਕੀ ਕਹਾਂ?”
“ਸਾਰੇ ਇਨਸਾਨ ਹਰਾ ਘਾਹ ਹਨ।
ਉਨ੍ਹਾਂ ਦਾ ਸਾਰਾ ਅਟੱਲ ਪਿਆਰ ਮੈਦਾਨ ਦੇ ਫੁੱਲਾਂ ਵਰਗਾ ਹੈ।+
7 ਹਰਾ ਘਾਹ ਸੁੱਕ ਜਾਂਦਾ ਹੈ,ਫੁੱਲ ਮੁਰਝਾ ਜਾਂਦੇ ਹਨ+ਜਦੋਂ ਉਨ੍ਹਾਂ ʼਤੇ ਯਹੋਵਾਹ ਦਾ ਸਾਹ ਫੂਕਿਆ ਜਾਂਦਾ ਹੈ।+
ਸੱਚ-ਮੁੱਚ, ਲੋਕ ਹਰਾ ਘਾਹ ਹੀ ਹਨ।
8 ਹਰਾ ਘਾਹ ਸੁੱਕ ਜਾਂਦਾ ਹੈ,ਫੁੱਲ ਮੁਰਝਾ ਜਾਂਦੇ ਹਨ,ਪਰ ਸਾਡੇ ਪਰਮੇਸ਼ੁਰ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”+
9 ਸੀਓਨ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,ਉੱਚੇ ਪਹਾੜ ʼਤੇ ਜਾਹ।+
ਯਰੂਸ਼ਲਮ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,ਜ਼ੋਰਦਾਰ ਆਵਾਜ਼ ਵਿਚ ਸੁਣਾ।
ਹਾਂ, ਉੱਚੀ ਆਵਾਜ਼ ਵਿਚ ਬੋਲ, ਡਰ ਨਾ।
ਯਹੂਦਾਹ ਦੇ ਸ਼ਹਿਰਾਂ ਵਿਚ ਐਲਾਨ ਕਰ: “ਦੇਖੋ, ਤੁਹਾਡਾ ਪਰਮੇਸ਼ੁਰ।”+
10 ਦੇਖ! ਸਾਰੇ ਜਹਾਨ ਦਾ ਮਾਲਕ ਯਹੋਵਾਹ ਪੂਰੀ ਤਾਕਤ ਨਾਲ ਆਵੇਗਾਅਤੇ ਉਸ ਦੀ ਬਾਂਹ ਉਸ ਲਈ ਰਾਜ ਕਰੇਗੀ।+
ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।+
11 ਚਰਵਾਹੇ ਵਾਂਗ ਉਹ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ।+
ਉਹ ਆਪਣੀ ਬਾਂਹ ਨਾਲ ਲੇਲਿਆਂ ਨੂੰ ਇਕੱਠਾ ਕਰੇਗਾਅਤੇ ਉਹ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਫਿਰੇਗਾ।
ਦੁੱਧ ਚੁੰਘਾਉਣ ਵਾਲੀਆਂ ਨੂੰ ਉਹ ਹੌਲੀ-ਹੌਲੀ ਤੋਰ ਕੇ ਲਿਜਾਵੇਗਾ।+
12 ਕਿਸ ਨੇ ਪਾਣੀਆਂ ਨੂੰ ਆਪਣੇ ਹੱਥ ਦੀ ਚੁਲੀ ਨਾਲ ਮਿਣਿਆ+ਅਤੇ ਆਕਾਸ਼ ਨੂੰ ਆਪਣੀ ਗਿੱਠ* ਨਾਲ ਮਾਪਿਆ?*
ਕਿਸ ਨੇ ਧਰਤੀ ਦੀ ਧੂੜ ਨੂੰ ਭਾਂਡੇ ਵਿਚ ਮਿਣਿਆ+ਜਾਂ ਤੱਕੜੀ ਵਿਚ ਪਹਾੜ ਤੋਲੇਅਤੇ ਪਲੜਿਆਂ ਵਿਚ ਪਹਾੜੀਆਂ ਤੋਲੀਆਂ?
13 ਕਿਸ ਨੇ ਯਹੋਵਾਹ ਦੀ ਸ਼ਕਤੀ ਨੂੰ ਨਾਪਿਆ ਹੈ*ਅਤੇ ਕੌਣ ਉਸ ਦਾ ਸਲਾਹਕਾਰ ਬਣ ਕੇ ਉਸ ਨੂੰ ਸਲਾਹ ਦੇ ਸਕਦਾ ਹੈ?+
14 ਸਮਝ ਹਾਸਲ ਕਰਨ ਲਈ ਉਸ ਨੇ ਕਿਸ ਨਾਲ ਸਲਾਹ ਕੀਤੀਜਾਂ ਕੌਣ ਉਸ ਨੂੰ ਨਿਆਂ ਦਾ ਰਾਹ ਸਿਖਾਉਂਦਾ ਹੈਜਾਂ ਕੌਣ ਉਸ ਨੂੰ ਗਿਆਨ ਦਿੰਦਾ ਹੈਜਾਂ ਕੌਣ ਉਸ ਨੂੰ ਸਹੀ ਸਮਝ ਦਾ ਰਾਹ ਦਿਖਾਉਂਦਾ ਹੈ?+
15 ਦੇਖੋ! ਕੌਮਾਂ ਡੋਲ ਵਿੱਚੋਂ ਇਕ ਬੂੰਦ ਜਿਹੀਆਂ ਹਨਅਤੇ ਤੱਕੜੀ ਦੇ ਪਲੜਿਆਂ ʼਤੇ ਪਈ ਧੂੜ ਜਿਹੀਆਂ ਸਮਝੀਆਂ ਜਾਂਦੀਆਂ ਹਨ।+
ਦੇਖੋ! ਉਹ ਟਾਪੂਆਂ ਨੂੰ ਧੂੜ ਵਾਂਗ ਚੁੱਕ ਲੈਂਦਾ ਹੈ।
16 ਲਬਾਨੋਨ ਵੀ ਅੱਗ ਬਲ਼ਦੀ ਰੱਖਣ ਲਈ ਕਾਫ਼ੀ ਨਹੀਂ*ਅਤੇ ਇਸ ਦੇ ਜੰਗਲੀ ਜਾਨਵਰ ਹੋਮ-ਬਲ਼ੀ ਲਈ ਘੱਟ ਹਨ।
17 ਸਾਰੀਆਂ ਕੌਮਾਂ ਉਸ ਦੇ ਸਾਮ੍ਹਣੇ ਇਵੇਂ ਹਨ ਜਿਵੇਂ ਉਨ੍ਹਾਂ ਦਾ ਵਜੂਦ ਹੀ ਨਹੀਂ;+ਉਹ ਉਸ ਲਈ ਕੁਝ ਵੀ ਨਹੀਂ ਹਨ, ਹਾਂ, ਫੋਕੀਆਂ ਹੀ ਹਨ।+
18 ਤੁਸੀਂ ਪਰਮੇਸ਼ੁਰ ਦੀ ਤੁਲਨਾ ਕਿਸ ਨਾਲ ਕਰੋਗੇ?+
ਤੁਸੀਂ ਉਸ ਨੂੰ ਕਿਹੜੀ ਚੀਜ਼ ਵਰਗਾ ਦੱਸੋਗੇ?+
19 ਕਾਰੀਗਰ ਇਕ ਮੂਰਤ ਢਾਲ਼ਦਾ ਹੈ,*ਸੁਨਿਆਰਾ ਉਸ ਉੱਤੇ ਸੋਨਾ ਮੜ੍ਹਦਾ ਹੈ+ਅਤੇ ਚਾਂਦੀ ਦੀਆਂ ਜ਼ੰਜੀਰਾਂ ਘੜਦਾ ਹੈ।
20 ਉਹ ਆਪਣੇ ਦਾਨ ਲਈ ਇਕ ਦਰਖ਼ਤ ਚੁਣਦਾ ਹੈ,+ਹਾਂ, ਇਕ ਦਰਖ਼ਤ ਜੋ ਗਲ਼ੇਗਾ ਨਹੀਂ।
ਉਹ ਕਿਸੇ ਹੁਨਰਮੰਦ ਕਾਰੀਗਰ ਨੂੰ ਭਾਲਦਾ ਹੈਤਾਂਕਿ ਉਹ ਅਜਿਹੀ ਮੂਰਤ ਘੜੇ ਜੋ ਡਿਗੇ ਨਾ।+
21 ਕੀ ਤੁਸੀਂ ਨਹੀਂ ਜਾਣਦੇ?
ਕੀ ਤੁਸੀਂ ਨਹੀਂ ਸੁਣਿਆ?
ਕੀ ਤੁਹਾਨੂੰ ਇਸ ਬਾਰੇ ਸ਼ੁਰੂ ਤੋਂ ਨਹੀਂ ਦੱਸਿਆ ਗਿਆ?
ਕੀ ਤੁਸੀਂ ਧਰਤੀ ਦੀਆਂ ਨੀਂਹਾਂ ਰੱਖੇ ਜਾਣ ਵੇਲੇ ਤੋਂ ਨਹੀਂ ਸਮਝਿਆ?+
22 ਇਕ ਪਰਮੇਸ਼ੁਰ ਹੈ ਜੋ ਧਰਤੀ ਦੇ ਘੇਰੇ* ਤੋਂ ਉੱਪਰ ਵਾਸ ਕਰਦਾ ਹੈ+ਅਤੇ ਇਸ ਦੇ ਵਾਸੀ ਟਿੱਡੀਆਂ ਵਰਗੇ ਹਨ।
ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+
23 ਉਹ ਉੱਚ ਅਧਿਕਾਰੀਆਂ ਨੂੰ ਮਿੱਟੀ ਵਿਚ ਮਿਲਾ ਦਿੰਦਾ ਹੈਅਤੇ ਧਰਤੀ ਦੇ ਨਿਆਂਕਾਰਾਂ* ਨੂੰ ਨਾ ਹੋਇਆਂ ਜਿਹੇ ਕਰ ਦਿੰਦਾ ਹੈ।
24 ਉਹ ਅਜੇ ਲਾਏ ਹੀ ਹੁੰਦੇ ਹਨ,ਉਹ ਅਜੇ ਬੀਜੇ ਹੀ ਹੁੰਦੇ ਹਨ,ਉਨ੍ਹਾਂ ਦੇ ਤਣੇ ਨੇ ਧਰਤੀ ਵਿਚ ਅਜੇ ਜੜ੍ਹ ਵੀ ਨਹੀਂ ਫੜੀ ਹੁੰਦੀਕਿ ਉਨ੍ਹਾਂ ਉੱਤੇ ਫੂਕ ਮਾਰੀ ਜਾਂਦੀ ਹੈ ਅਤੇ ਉਹ ਸੁੱਕ ਜਾਂਦੇ ਹਨਅਤੇ ਹਵਾ ਉਨ੍ਹਾਂ ਨੂੰ ਘਾਹ-ਫੂਸ ਵਾਂਗ ਉਡਾ ਲੈ ਜਾਂਦੀ ਹੈ।+
25 “ਤੁਸੀਂ ਮੈਨੂੰ ਕਿਹਦੇ ਵਰਗਾ ਦੱਸ ਕੇ ਉਸ ਦੇ ਬਰਾਬਰ ਠਹਿਰਾਓਗੇ?” ਪਵਿੱਤਰ ਪਰਮੇਸ਼ੁਰ ਕਹਿੰਦਾ ਹੈ।
26 “ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ।
ਕਿਹਨੇ ਇਨ੍ਹਾਂ ਨੂੰ ਸਾਜਿਆ?+
ਉਸੇ ਨੇ ਜਿਹੜਾ ਇਨ੍ਹਾਂ ਦੀ ਸੈਨਾ ਨੂੰ ਗਿਣ ਕੇ ਬਾਹਰ ਲੈ ਆਉਂਦਾ ਹੈ;ਉਹ ਇਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਪੁਕਾਰਦਾ ਹੈ।+
ਉਹਦੀ ਜ਼ਬਰਦਸਤ ਤਾਕਤ ਅਤੇ ਉਹਦੇ ਹੈਰਾਨੀਜਨਕ ਬਲ ਦੇ ਕਾਰਨ+ਇਨ੍ਹਾਂ ਵਿੱਚੋਂ ਇਕ ਵੀ ਗ਼ੈਰ-ਹਾਜ਼ਰ ਨਹੀਂ ਹੁੰਦਾ।
27 ਹੇ ਯਾਕੂਬ, ਤੂੰ ਕਿਉਂ ਕਹਿੰਦਾ ਹੈਂ ਅਤੇ ਹੇ ਇਜ਼ਰਾਈਲ, ਤੂੰ ਕਿਉਂ ਇਸ ਤਰ੍ਹਾਂ ਬੋਲਦਾ ਹੈਂ,‘ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈਅਤੇ ਪਰਮੇਸ਼ੁਰ ਤੋਂ ਮੈਨੂੰ ਕੋਈ ਨਿਆਂ ਨਹੀਂ ਮਿਲਦਾ’?+
28 ਕੀ ਤੂੰ ਨਹੀਂ ਜਾਣਦਾ? ਕੀ ਤੂੰ ਨਹੀਂ ਸੁਣਿਆ?
ਯਹੋਵਾਹ, ਧਰਤੀ ਦੇ ਬੰਨਿਆਂ ਦਾ ਬਣਾਉਣ ਵਾਲਾ, ਯੁਗਾਂ-ਯੁਗਾਂ ਦਾ ਪਰਮੇਸ਼ੁਰ ਹੈ।+
ਉਹ ਨਾ ਕਦੇ ਥੱਕਦਾ ਤੇ ਨਾ ਕਦੇ ਹੰਭਦਾ ਹੈ।+
ਉਸ ਦੀ ਸਮਝ ਨੂੰ ਕੋਈ ਨਹੀਂ ਜਾਣ ਸਕਦਾ।*+
29 ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈਅਤੇ ਨਿਰਬਲਾਂ ਨੂੰ ਭਰਪੂਰ ਤਾਕਤ* ਦਿੰਦਾ ਹੈ।+
30 ਮੁੰਡੇ ਥੱਕ ਜਾਣਗੇ ਅਤੇ ਹੰਭ ਜਾਣਗੇਅਤੇ ਨੌਜਵਾਨ ਠੋਕਰ ਖਾ ਕੇ ਡਿਗ ਪੈਣਗੇ,
31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।
ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+
ਉਹ ਭੱਜਣਗੇ, ਪਰ ਹੰਭਣਗੇ ਨਹੀਂ;ਉਹ ਚੱਲਣਗੇ, ਪਰ ਥੱਕਣਗੇ ਨਹੀਂ।”+
ਫੁਟਨੋਟ
^ ਜਾਂ, “ਨੂੰ ਦਿਲਾਸਾ ਦਿਓ।”
^ ਜਾਂ, “ਦੁੱਗਣੀ।”
^ ਜਾਂ, “ਤਿਆਰ।”
^ ਅੰਗੂਠੇ ਦੇ ਸਿਰੇ ਤੋਂ ਚੀਚੀ ਦੇ ਸਿਰੇ ਤਕ ਦੀ ਦੂਰੀ। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਲੰਬਾਈ-ਚੁੜਾਈ ਨਾਪੀ।”
^ ਜਾਂ ਸੰਭਵ ਹੈ, “ਸਮਝਿਆ ਹੈ।”
^ ਜਾਂ, “ਚੋਖਾ ਬਾਲਣ ਨਹੀਂ ਦੇ ਸਕਦਾ।”
^ ਜਾਂ, “ਇਕ ਬੁੱਤ ਢਾਲ਼ਦਾ ਹੈ।”
^ ਜਾਂ, “ਗੋਲਾਈ।”
^ ਜਾਂ, “ਹਾਕਮਾਂ।”
^ ਜਾਂ, “ਮਾਪ ਨਹੀਂ ਸਕਦਾ।”
^ ਜਾਂ, “ਜ਼ਬਰਦਸਤ ਊਰਜਾ।”