ਲੂਕਾ ਮੁਤਾਬਕ ਖ਼ੁਸ਼ ਖ਼ਬਰੀ 12:1-59
-
ਫ਼ਰੀਸੀਆਂ ਦਾ ਖਮੀਰ (1-3)
-
ਪਰਮੇਸ਼ੁਰ ਤੋਂ ਡਰੋ, ਨਾ ਕਿ ਇਨਸਾਨਾਂ ਤੋਂ (4-7)
-
ਮਸੀਹ ਨੂੰ ਕਬੂਲਣਾ (8-12)
-
ਮੂਰਖ ਅਮੀਰ ਆਦਮੀ ਦੀ ਮਿਸਾਲ (13-21)
-
ਚਿੰਤਾ ਕਰਨੀ ਛੱਡੋ (22-34)
-
ਛੋਟਾ ਝੁੰਡ (32)
-
-
ਜਾਗਦੇ ਰਹਿਣਾ (35-40)
-
ਵਫ਼ਾਦਾਰ ਪ੍ਰਬੰਧਕ ਅਤੇ ਵਿਸ਼ਵਾਸਘਾਤੀ ਪ੍ਰਬੰਧਕ (41-48)
-
ਸ਼ਾਂਤੀ ਨਹੀਂ, ਸਗੋਂ ਫੁੱਟ ਪਾਉਣ (49-53)
-
ਸਮਿਆਂ ਨੂੰ ਜਾਂਚਣ ਦੀ ਲੋੜ (54-56)
-
ਮਸਲੇ ਸੁਲਝਾਉਣੇ (57-59)
12 ਉਸ ਵੇਲੇ ਹਜ਼ਾਰਾਂ ਲੋਕਾਂ ਦੀ ਭੀੜ ਲੱਗ ਗਈ ਜਿਸ ਕਰਕੇ ਲੋਕ ਇਕ-ਦੂਜੇ ਉੱਤੇ ਡਿਗਣ ਲੱਗ ਪਏ। ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ: “ਫ਼ਰੀਸੀਆਂ ਦੇ ਖਮੀਰ ਯਾਨੀ ਪਖੰਡ ਤੋਂ ਬਚ ਕੇ ਰਹੋ।+
2 ਪਰ ਅਜਿਹੀ ਕੋਈ ਵੀ ਗੱਲ ਨਹੀਂ ਹੈ ਜਿਹੜੀ ਬੜੇ ਧਿਆਨ ਨਾਲ ਗੁਪਤ ਰੱਖੀ ਗਈ ਹੈ ਜੋ ਜ਼ਾਹਰ ਨਾ ਕੀਤੀ ਜਾਵੇਗੀ ਅਤੇ ਅਜਿਹਾ ਕੋਈ ਭੇਤ ਨਹੀਂ ਹੈ ਜੋ ਖੋਲ੍ਹਿਆ ਨਾ ਜਾਵੇਗਾ।+
3 ਇਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਹਨੇਰੇ ਵਿਚ ਕਹਿੰਦੇ ਹੋ, ਉਹ ਚਾਨਣ ਵਿਚ ਸੁਣੀਆਂ ਜਾਣਗੀਆਂ ਅਤੇ ਜਿਹੜੀਆਂ ਗੱਲਾਂ ਤੁਸੀਂ ਪਰਦੇ ਓਹਲੇ ਕਿਸੇ ਦੇ ਕੰਨਾਂ ਵਿਚ ਕਹਿੰਦੇ ਹੋ, ਉਹ ਕੋਠਿਆਂ ਤੋਂ ਦੱਸੀਆਂ ਜਾਣਗੀਆਂ।
4 ਇਸ ਤੋਂ ਇਲਾਵਾ, ਦੋਸਤੋ,+ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਉਨ੍ਹਾਂ ਤੋਂ ਨਾ ਡਰੋ ਜਿਹੜੇ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਦੇ।+
5 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਸ ਤੋਂ ਡਰਨਾ ਚਾਹੀਦਾ ਹੈ: ਉਸ ਤੋਂ ਡਰੋ ਜਿਸ ਕੋਲ ਮਾਰਨ ਤੋਂ ਬਾਅਦ ਤੁਹਾਨੂੰ ‘ਗ਼ਹੈਨਾ’* ਵਿਚ ਸੁੱਟਣ ਦਾ ਵੀ ਅਧਿਕਾਰ ਹੈ।+ ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਿਰਫ਼ ਉਸੇ ਤੋਂ ਡਰੋ।+
6 ਕੀ ਦੋ ਪੈਸਿਆਂ* ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਪਰਮੇਸ਼ੁਰ ਇਨ੍ਹਾਂ ਵਿੱਚੋਂ ਇਕ ਨੂੰ ਵੀ ਨਹੀਂ ਭੁੱਲਦਾ।*+
7 ਤੁਹਾਡੇ ਤਾਂ ਸਗੋਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।+ ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।+
8 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ,+ ਮਨੁੱਖ ਦਾ ਪੁੱਤਰ ਵੀ ਉਸ ਨੂੰ ਪਰਮੇਸ਼ੁਰ ਦੇ ਦੂਤਾਂ ਸਾਮ੍ਹਣੇ ਕਬੂਲ ਕਰੇਗਾ।+
9 ਪਰ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਪਰਮੇਸ਼ੁਰ ਦੇ ਦੂਤਾਂ ਸਾਮ੍ਹਣੇ ਕਬੂਲ ਨਹੀਂ ਕਰਾਂਗਾ।+
10 ਮਨੁੱਖ ਦੇ ਪੁੱਤਰ ਦੇ ਖ਼ਿਲਾਫ਼ ਬੋਲਣ ਵਾਲੇ ਨੂੰ ਮਾਫ਼ ਕੀਤਾ ਜਾਵੇਗਾ, ਪਰ ਪਵਿੱਤਰ ਸ਼ਕਤੀ ਦੀ ਨਿੰਦਿਆ ਕਰਨ ਵਾਲੇ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।+
11 ਜਦੋਂ ਲੋਕ ਤੁਹਾਨੂੰ ਜਨਤਕ ਸਭਾਵਾਂ,* ਸਰਕਾਰੀ ਅਫ਼ਸਰਾਂ ਅਤੇ ਅਧਿਕਾਰ ਰੱਖਣ ਵਾਲਿਆਂ ਸਾਮ੍ਹਣੇ ਪੇਸ਼ ਕਰਨ, ਤਾਂ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰਿਓ ਕਿ ਤੁਸੀਂ ਆਪਣੀ ਸਫ਼ਾਈ ਕਿਵੇਂ ਦਿਓਗੇ ਜਾਂ ਤੁਸੀਂ ਕੀ ਕਹੋਗੇ+
12 ਕਿਉਂਕਿ ਪਵਿੱਤਰ ਸ਼ਕਤੀ ਤੁਹਾਨੂੰ ਉਸੇ ਵੇਲੇ ਦੱਸ ਦੇਵੇਗੀ ਕਿ ਤੁਸੀਂ ਕੀ ਕਹਿਣਾ ਹੈ।”+
13 ਫਿਰ ਭੀੜ ਵਿੱਚੋਂ ਇਕ ਆਦਮੀ ਨੇ ਉਸ ਨੂੰ ਕਿਹਾ: “ਗੁਰੂ ਜੀ, ਮੇਰੇ ਭਰਾ ਨੂੰ ਕਹਿ ਕਿ ਉਹ ਸਾਡੀ ਜਾਇਦਾਦ ਦਾ ਬਟਵਾਰਾ ਕਰ ਲਵੇ।”
14 ਉਸ ਨੇ ਉਸ ਆਦਮੀ ਨੂੰ ਕਿਹਾ: “ਕਿਸ ਨੇ ਮੈਨੂੰ ਤੁਹਾਡਾ ਨਿਆਂਕਾਰ ਜਾਂ ਜਾਇਦਾਦ ਵੰਡਣ ਵਾਲਾ ਨਿਯੁਕਤ ਕੀਤਾ ਹੈ?”
15 ਫਿਰ ਉਸ ਨੇ ਲੋਕਾਂ ਨੂੰ ਕਿਹਾ: “ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ+ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”+
16 ਫਿਰ ਉਸ ਨੇ ਉਨ੍ਹਾਂ ਨੂੰ ਇਕ ਮਿਸਾਲ ਦਿੱਤੀ: “ਇਕ ਅਮੀਰ ਆਦਮੀ ਦੇ ਖੇਤਾਂ ਵਿਚ ਭਰਪੂਰ ਫ਼ਸਲ ਹੋਈ।
17 ਇਸ ਕਰਕੇ ਉਹ ਆਪਣੇ ਮਨ ਵਿਚ ਸੋਚਣ ਲੱਗਾ, ‘ਮੈਂ ਹੁਣ ਕੀ ਕਰਾਂ ਕਿਉਂਕਿ ਮੇਰੇ ਕੋਲ ਇੰਨੀ ਫ਼ਸਲ ਸਾਂਭਣ ਲਈ ਜਗ੍ਹਾ ਨਹੀਂ ਹੈ?’
18 ਫਿਰ ਉਸ ਨੇ ਕਿਹਾ, ‘ਮੈਂ ਇੱਦਾਂ ਕਰਾਂਗਾ:+ ਮੈਂ ਦਾਣਿਆਂ ਦੀਆਂ ਕੋਠੀਆਂ ਢਾਹ ਕੇ ਵੱਡੀਆਂ ਬਣਾਵਾਂਗਾ ਅਤੇ ਮੈਂ ਆਪਣੇ ਸਾਰੇ ਦਾਣੇ ਅਤੇ ਆਪਣੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਵਿਚ ਰੱਖ ਦਿਆਂਗਾ
19 ਅਤੇ ਫਿਰ ਮੈਂ ਆਪਣੇ ਆਪ ਨੂੰ ਕਹਾਂਗਾ: “ਤੇਰੇ ਕੋਲ ਕਈ ਸਾਲਾਂ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਜਮ੍ਹਾ ਹਨ; ਹੁਣ ਤੂੰ ਆਰਾਮ ਕਰ, ਖਾ-ਪੀ ਤੇ ਮੌਜਾਂ ਮਾਣ।”’
20 ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ, ‘ਓਏ ਅਕਲ ਦੇ ਅੰਨ੍ਹਿਆ, ਅੱਜ ਰਾਤ ਨੂੰ ਹੀ ਉਹ ਤੇਰੀ ਜਾਨ ਲੈ ਲੈਣਗੇ। ਫਿਰ ਇਹ ਸਾਰੀਆਂ ਚੀਜ਼ਾਂ ਜੋ ਤੂੰ ਇਕੱਠੀਆਂ ਕੀਤੀਆਂ ਹਨ, ਕਿਸ ਦੀਆਂ ਹੋਣਗੀਆਂ?’+
21 ਹਾਂ, ਅਜਿਹੇ ਆਦਮੀ ਦਾ ਇਹੋ ਅੰਜਾਮ ਹੁੰਦਾ ਹੈ ਜਿਹੜਾ ਆਪਣੇ ਲਈ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਨਹੀਂ ਹੁੰਦਾ।”+
22 ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ ਜਾਂ ਆਪਣੇ ਸਰੀਰ ਦੀ ਕਿ ਤੁਸੀਂ ਕੀ ਪਹਿਨੋਗੇ।+
23 ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।
24 ਜ਼ਰਾ ਕਾਂਵਾਂ ਵੱਲ ਧਿਆਨ ਦਿਓ: ਉਹ ਨਾ ਬੀਜਦੇ ਹਨ, ਨਾ ਵੱਢਦੇ ਹਨ; ਨਾ ਉਨ੍ਹਾਂ ਕੋਲ ਦਾਣਿਆਂ ਲਈ ਕੋਠੀਆਂ ਹਨ ਤੇ ਨਾ ਹੀ ਭੰਡਾਰ; ਫਿਰ ਵੀ ਪਰਮੇਸ਼ੁਰ ਉਨ੍ਹਾਂ ਦਾ ਢਿੱਡ ਭਰਦਾ ਹੈ।+ ਕੀ ਤੁਸੀਂ ਪੰਛੀਆਂ ਨਾਲੋਂ ਉੱਤਮ ਨਹੀਂ ਹੋ?+
25 ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ?*
26 ਇਸ ਲਈ ਜੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ, ਤਾਂ ਫਿਰ ਬਾਕੀ ਚੀਜ਼ਾਂ ਦਾ ਫ਼ਿਕਰ ਕਰਨ ਦੀ ਕੀ ਲੋੜ ਹੈ?+
27 ਜ਼ਰਾ ਜੰਗਲੀ ਫੁੱਲਾਂ ਵੱਲ ਧਿਆਨ ਦਿਓ: ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ; ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਕਿ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ।+
28 ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟੇ ਜਾਂਦੇ ਹਨ, ਤਾਂ ਹੇ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ?
29 ਇਸ ਲਈ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਾ ਹੋਵੋ ਕਿ ਤੁਸੀਂ ਕੀ ਖਾਓਗੇ ਅਤੇ ਕੀ ਪੀਓਗੇ। ਇਨ੍ਹਾਂ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਕਰਨੀ ਛੱਡ ਦਿਓ+
30 ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ।+
31 ਇਸ ਦੀ ਬਜਾਇ, ਉਸ ਦੇ ਰਾਜ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।+
32 “ਹੇ ਛੋਟੇ ਝੁੰਡ,+ ਨਾ ਡਰ ਕਿਉਂਕਿ ਤੁਹਾਡੇ ਪਿਤਾ ਨੇ ਤੁਹਾਨੂੰ ਰਾਜ ਦੇਣ ਦਾ ਫ਼ੈਸਲਾ ਕੀਤਾ ਹੈ।+
33 ਆਪਣੀਆਂ ਚੀਜ਼ਾਂ ਵੇਚ ਦਿਓ ਅਤੇ ਪੈਸਾ ਦਾਨ* ਕਰ ਦਿਓ।+ ਆਪਣੇ ਲਈ ਪੈਸਿਆਂ ਵਾਸਤੇ ਗੁਥਲੀਆਂ ਬਣਾਓ ਜਿਹੜੀਆਂ ਕਦੀ ਘਸਣ ਨਾ, ਯਾਨੀ ਕਦੀ ਖ਼ਤਮ ਨਾ ਹੋਣ ਵਾਲਾ ਧਨ ਸਵਰਗ ਵਿਚ ਜੋੜੋ;+ ਉੱਥੇ ਨਾ ਕੋਈ ਚੋਰ ਆਉਂਦਾ ਹੈ ਅਤੇ ਨਾ ਹੀ ਧਨ ਨੂੰ ਕੀੜਾ ਲੱਗਦਾ ਹੈ।
34 ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਹੈ।
35 “ਆਪਣੇ ਲੱਕ ਬੰਨ੍ਹ ਕੇ ਤਿਆਰ ਹੋਵੋ+ ਅਤੇ ਆਪਣੇ ਦੀਵੇ ਬਲ਼ਦੇ ਰੱਖੋ+
36 ਅਤੇ ਤੁਸੀਂ ਉਨ੍ਹਾਂ ਆਦਮੀਆਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੇ ਆਉਣ ਦੀ ਉਡੀਕ ਵਿਚ ਹਨ+ ਕਿ ਜਦੋਂ ਉਹ ਵਿਆਹ ਤੋਂ ਵਾਪਸ ਆ ਕੇ+ ਦਰਵਾਜ਼ਾ ਖੜਕਾਏ, ਤਾਂ ਉਹ ਝੱਟ ਦਰਵਾਜ਼ਾ ਖੋਲ੍ਹ ਦੇਣ।
37 ਖ਼ੁਸ਼ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਵਾਪਸ ਆ ਕੇ ਉਨ੍ਹਾਂ ਨੂੰ ਜਾਗਦੇ ਹੋਏ ਪਾਵੇ! ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਾਲਕ ਆਪ ਆਪਣਾ ਲੱਕ ਬੰਨ੍ਹੇਗਾ ਅਤੇ ਨੌਕਰਾਂ ਨੂੰ ਖਾਣੇ ਲਈ ਮੇਜ਼ ਦੁਆਲੇ ਬਿਠਾ ਕੇ ਉਨ੍ਹਾਂ ਦੀ ਸੇਵਾ ਕਰੇਗਾ।
38 ਖ਼ੁਸ਼ ਹਨ ਉਹ ਨੌਕਰ ਜਿਨ੍ਹਾਂ ਦਾ ਮਾਲਕ ਰਾਤ ਦੇ ਦੂਸਰੇ ਪਹਿਰ* ਜਾਂ ਤੀਸਰੇ ਪਹਿਰ* ਵੀ ਆ ਕੇ ਉਨ੍ਹਾਂ ਨੂੰ ਜਾਗਦੇ ਹੋਏ ਪਾਵੇ!
39 ਪਰ ਇਹ ਗੱਲ ਪੱਕੀ ਹੈ ਕਿ ਜੇ ਘਰ ਦੇ ਮਾਲਕ ਨੂੰ ਪਤਾ ਹੁੰਦਾ ਕਿ ਚੋਰ ਨੇ ਕਦੋਂ ਆਉਣਾ ਸੀ, ਤਾਂ ਉਹ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।+
40 ਤੁਸੀਂ ਵੀ ਹਮੇਸ਼ਾ ਤਿਆਰ ਰਹੋ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੀ ਹੋਵੇ।”+
41 ਫਿਰ ਪਤਰਸ ਨੇ ਪੁੱਛਿਆ: “ਪ੍ਰਭੂ, ਕੀ ਤੂੰ ਇਹ ਮਿਸਾਲ ਸਾਡੇ ਵਾਸਤੇ ਦਿੱਤੀ ਹੈ ਜਾਂ ਸਾਰਿਆਂ ਵਾਸਤੇ?”
42 ਪ੍ਰਭੂ ਨੇ ਕਿਹਾ: “ਉਹ ਵਫ਼ਾਦਾਰ ਤੇ ਸਮਝਦਾਰ ਪ੍ਰਬੰਧਕ ਅਸਲ ਵਿਚ ਕੌਣ ਹੈ ਜਿਸ ਦਾ ਮਾਲਕ ਉਸ ਨੂੰ ਆਪਣੇ ਸਾਰੇ ਨੌਕਰਾਂ-ਚਾਕਰਾਂ ਦਾ ਮੁਖਤਿਆਰ ਬਣਾਵੇਗਾ ਕਿ ਉਹ ਉਨ੍ਹਾਂ ਨੂੰ ਸਹੀ ਸਮੇਂ ਤੇ ਲੋੜੀਂਦਾ ਭੋਜਨ ਦੇਵੇ?+
43 ਖ਼ੁਸ਼ ਹੈ ਉਹ ਨੌਕਰ ਜਿਸ ਦਾ ਮਾਲਕ ਆ ਕੇ ਉਸ ਨੂੰ ਅਜਿਹਾ ਕਰਦਿਆਂ ਦੇਖੇ!
44 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਹ ਉਸ ਨੌਕਰ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਵੇਗਾ।
45 ਪਰ ਜੇ ਕਦੇ ਉਹ ਨੌਕਰ ਆਪਣੇ ਦਿਲ ਵਿਚ ਕਹਿੰਦਾ ਹੈ, ‘ਮੇਰਾ ਮਾਲਕ ਆਉਣ ਵਿਚ ਦੇਰ ਲਾ ਰਿਹਾ ਹੈ’ ਅਤੇ ਦੂਸਰੇ ਨੌਕਰ-ਨੌਕਰਾਣੀਆਂ ਨੂੰ ਕੁੱਟਣ ਲੱਗ ਪਵੇ ਅਤੇ ਖਾਵੇ-ਪੀਵੇ ਅਤੇ ਸ਼ਰਾਬੀ ਹੋ ਜਾਵੇ,+
46 ਤਾਂ ਉਸ ਦਾ ਮਾਲਕ ਕਿਸੇ ਦਿਨ ਉਸ ਸਮੇਂ ਆਵੇਗਾ ਜਦੋਂ ਉਸ ਨੇ ਮਾਲਕ ਦੇ ਆਉਣ ਦੀ ਆਸ ਨਾ ਰੱਖੀ ਹੋਵੇ ਅਤੇ ਉਹ ਉਸ ਨੌਕਰ ਨੂੰ ਸਖ਼ਤ ਸਜ਼ਾ ਦੇਵੇਗਾ ਅਤੇ ਉਸ ਦਾ ਉਹ ਹਸ਼ਰ ਕਰੇਗਾ ਜੋ ਵਿਸ਼ਵਾਸਘਾਤੀਆਂ ਦਾ ਹੁੰਦਾ ਹੈ।
47 ਫਿਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਜਾਣਦੇ ਹੋਏ ਵੀ ਤਿਆਰ ਨਹੀਂ ਹੋਇਆ ਅਤੇ ਆਪਣੇ ਮਾਲਕ ਦਾ ਦਿੱਤਾ ਕੰਮ ਨਹੀਂ ਕੀਤਾ,* ਤਾਂ ਉਸ ਦੇ ਬਹੁਤ ਕੋਰੜੇ ਮਾਰੇ ਜਾਣਗੇ।+
48 ਪਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਨਹੀਂ ਜਾਣਦਾ ਸੀ ਤੇ ਉਸ ਨੇ ਕੋਰੜੇ ਮਾਰੇ ਜਾਣ ਦੇ ਲਾਇਕ ਕੰਮ ਕੀਤੇ, ਉਸ ਦੇ ਘੱਟ ਕੋਰੜੇ ਮਾਰੇ ਜਾਣਗੇ। ਦਰਅਸਲ, ਜਿਸ ਨੂੰ ਜ਼ਿਆਦਾ ਦਿੱਤਾ ਗਿਆ, ਉਸ ਤੋਂ ਜ਼ਿਆਦਾ ਦੀ ਮੰਗ ਕੀਤੀ ਜਾਵੇਗੀ ਅਤੇ ਜਿਸ ਨੂੰ ਲੋਕਾਂ ਨੇ ਜ਼ਿਆਦਾ ਚੀਜ਼ਾਂ ਦਾ ਮੁਖਤਿਆਰ ਬਣਾਇਆ, ਉਹ ਉਸ ਤੋਂ ਜ਼ਿਆਦਾ ਹਿਸਾਬ ਮੰਗਣਗੇ।+
49 “ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਅੱਗ ਲੱਗ ਚੁੱਕੀ ਹੈ, ਇਸ ਲਈ ਮੈਂ ਹੋਰ ਕੀ ਚਾਹਾਂ?
50 ਹਾਂ, ਮੈਂ ਇਕ ਬਪਤਿਸਮਾ ਲੈਣਾ ਹੈ ਅਤੇ ਮੈਂ ਉਦੋਂ ਤਕ ਪਰੇਸ਼ਾਨ ਰਹਾਂਗਾ ਜਦ ਤਕ ਮੈਂ ਉਹ ਬਪਤਿਸਮਾ ਲੈ ਨਹੀਂ ਲੈਂਦਾ!+
51 ਕੀ ਤੁਹਾਨੂੰ ਲੱਗਦਾ ਕਿ ਮੈਂ ਧਰਤੀ ’ਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ? ਨਹੀਂ, ਸਗੋਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਫੁੱਟ ਪਾਉਣ ਆਇਆ ਹਾਂ।+
52 ਹੁਣ ਤੋਂ ਘਰ ਦੇ ਪੰਜਾਂ ਜੀਆਂ ਵਿਚ ਫੁੱਟ ਪਈ ਰਹੇਗੀ, ਤਿੰਨ ਜਣੇ ਦੋ ਦੇ ਖ਼ਿਲਾਫ਼ ਅਤੇ ਦੋ ਜਣੇ ਤਿੰਨਾਂ ਦੇ ਖ਼ਿਲਾਫ਼ ਹੋਣਗੇ।
53 ਉਨ੍ਹਾਂ ਵਿਚ ਫੁੱਟ ਪਵੇਗੀ, ਪਿਤਾ ਪੁੱਤਰ ਦੇ ਖ਼ਿਲਾਫ਼ ਅਤੇ ਪੁੱਤਰ ਪਿਤਾ ਦੇ ਖ਼ਿਲਾਫ਼, ਮਾਂ ਧੀ ਦੇ ਖ਼ਿਲਾਫ਼ ਅਤੇ ਧੀ ਮਾਂ ਦੇ ਖ਼ਿਲਾਫ਼, ਸੱਸ ਨੂੰਹ ਦੇ ਖ਼ਿਲਾਫ਼ ਅਤੇ ਨੂੰਹ ਸੱਸ ਦੇ ਖ਼ਿਲਾਫ਼ ਹੋਵੇਗੀ।”+
54 ਫਿਰ ਉਸ ਨੇ ਭੀੜ ਨੂੰ ਇਹ ਵੀ ਕਿਹਾ: “ਜਦੋਂ ਤੁਸੀਂ ਪੱਛਮ ਵੱਲ ਬੱਦਲ ਹੁੰਦਾ ਦੇਖਦੇ ਹੋ, ਤਾਂ ਤੁਸੀਂ ਉਸੇ ਵੇਲੇ ਕਹਿੰਦੇ ਹੋ, ‘ਤੂਫ਼ਾਨ ਆ ਰਿਹਾ ਹੈ’ ਅਤੇ ਇਸੇ ਤਰ੍ਹਾਂ ਹੁੰਦਾ ਹੈ।
55 ਜਦੋਂ ਤੁਸੀਂ ਦੇਖਦੇ ਹੋ ਕਿ ਦੱਖਣ ਵੱਲੋਂ ਹਵਾ ਵਗਦੀ ਹੈ, ਤਾਂ ਤੁਸੀਂ ਕਹਿੰਦੇ ਹੋ, ‘ਲੂ ਚੱਲੇਗੀ’ ਅਤੇ ਇਸੇ ਤਰ੍ਹਾਂ ਹੁੰਦਾ ਹੈ।
56 ਪਖੰਡੀਓ, ਤੁਸੀਂ ਧਰਤੀ ਤੇ ਆਕਾਸ਼ ਦਾ ਹਾਲ ਦੇਖ ਕੇ ਮੌਸਮ ਦਾ ਹਾਲ ਜਾਣ ਲੈਂਦੇ ਹੋ, ਪਰ ਹੁਣ ਜੋ ਹੋ ਰਿਹਾ ਹੈ, ਤੁਸੀਂ ਉਸ ਦਾ ਮਤਲਬ ਕਿਉਂ ਨਹੀਂ ਸਮਝਦੇ?+
57 ਤੁਸੀਂ ਆਪ ਇਹ ਫ਼ੈਸਲਾ ਕਿਉਂ ਨਹੀਂ ਕਰ ਸਕਦੇ ਕਿ ਸਹੀ ਕੀ ਹੈ?
58 ਉਦਾਹਰਣ ਲਈ, ਜੇ ਕਿਸੇ ਨੇ ਤੇਰੇ ਉੱਤੇ ਮੁਕੱਦਮਾ ਕੀਤਾ ਹੈ, ਤਾਂ ਅਦਾਲਤ ਨੂੰ ਜਾਂਦਿਆਂ ਰਾਹ ਵਿਚ ਹੀ ਉਸ ਨਾਲ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ; ਕਿਤੇ ਇੱਦਾਂ ਨਾ ਹੋਵੇ ਕਿ ਉਹ ਤੈਨੂੰ ਜੱਜ ਦੇ ਸਾਮ੍ਹਣੇ ਪੇਸ਼ ਕਰੇ ਅਤੇ ਜੱਜ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਸਿਪਾਹੀ ਤੈਨੂੰ ਕੈਦ ਵਿਚ ਸੁੱਟ ਦੇਵੇ।+
59 ਮੈਂ ਤੈਨੂੰ ਦੱਸਦਾ ਹਾਂ ਕਿ ਤੂੰ ਉੱਨਾ ਚਿਰ ਨਹੀਂ ਛੁੱਟੇਂਗਾ ਜਿੰਨਾ ਚਿਰ ਤੂੰ ਇਕ-ਇਕ ਪੈਸਾ* ਨਹੀਂ ਮੋੜ ਦਿੰਦਾ।”
ਫੁਟਨੋਟ
^ ਯੂਨਾ, “ਦੋ ਅਸੈਰੀਅਨ।” ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਨਜ਼ਰਅੰਦਾਜ਼ ਨਹੀਂ ਕਰਦਾ।”
^ ਜਾਂ, “ਸਭਾ ਘਰਾਂ ਸਾਮ੍ਹਣੇ।”
^ ਜਾਂ, “ਆਪਣੀ ਜ਼ਿੰਦਗੀ ਦੀ ਲੰਬਾਈ ਇਕ ਹੱਥ ਵੀ ਵਧਾ ਸਕਦਾ ਹੈ?” ਵਧੇਰੇ ਜਾਣਕਾਰੀ 2.14 ਦੇਖੋ।
^ ਅੱਧੀ ਰਾਤ ਤੋਂ ਲੈ ਕੇ ਸਵੇਰੇ 3 ਕੁ ਵਜੇ ਤਕ ਦਾ ਸਮਾਂ।
^ ਰਾਤ ਦੇ 9 ਕੁ ਵਜੇ ਤੋਂ ਲੈ ਕੇ ਅੱਧੀ ਰਾਤ ਤਕ ਦਾ ਸਮਾਂ।
^ ਜਾਂ, “ਉਸ ਦੀ ਇੱਛਾ ਅਨੁਸਾਰ ਨਹੀਂ ਕੀਤਾ।”
^ ਯੂਨਾ, “ਆਖ਼ਰੀ ਲੈਪਟਨ।” ਵਧੇਰੇ ਜਾਣਕਾਰੀ 2.14 ਦੇਖੋ।