Skip to content

Skip to table of contents

“ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ”

“ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ”

“ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ”

“ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤਹਾਸ 16:9.

1. ਤਾਕਤ ਕੀ ਹੈ ਅਤੇ ਇਨਸਾਨ ਨੇ ਇਸ ਨੂੰ ਕਿਵੇਂ ਇਸਤੇਮਾਲ ਕੀਤਾ ਹੈ?

ਤਾਕਤ ਦੇ ਵੱਖਰੇ-ਵੱਖਰੇ ਅਰਥ ਹੋ ਸਕਦੇ ਹਨ, ਜਿਵੇਂ ਕਿ ਇਕ ਵਿਅਕਤੀ ਦਾ ਦੂਸਰਿਆਂ ਉੱਤੇ ਕੰਟ੍ਰੋਲ ਜਾਂ ਅਧਿਕਾਰ ਹੋਣਾ ਜਾਂ ਅਸਰ-ਰਸੂਖ਼ ਹੋਣਾ; ਕਿਸੇ ਕੰਮ ਨੂੰ ਪੂਰਾ ਕਰਨ ਦੀ ਯੋਗਤਾ; ਸਰੀਰਕ ਸ਼ਕਤੀ (ਬਲ); ਜਾਂ ਮਾਨਸਿਕ ਜਾਂ ਨੈਤਿਕ ਯੋਗਤਾ। ਇਨਸਾਨ ਨੇ ਅਕਸਰ ਆਪਣੀ ਤਾਕਤ ਨੂੰ ਚੰਗੇ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ। ਇਤਿਹਾਸਕਾਰ ਲਾਰਡ ਐਕਟਨ ਨੇ ਸਿਆਸਤਦਾਨਾਂ ਦੀ ਤਾਕਤ ਜਾਂ ਅਧਿਕਾਰ ਬਾਰੇ ਕਿਹਾ: “ਤਾਕਤ ਇਨਸਾਨ ਨੂੰ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਅਸੀਮਿਤ ਤਾਕਤ ਇਨਸਾਨ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ।” ਆਧੁਨਿਕ ਇਤਿਹਾਸ ਵਿਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਪਾਈਆਂ ਜਾਂਦੀਆਂ ਹਨ ਜੋ ਲਾਰਡ ਐਕਟਨ ਦੇ ਇਨ੍ਹਾਂ ਸ਼ਬਦਾਂ ਨੂੰ ਸੱਚ ਸਾਬਤ ਕਰਦੀਆਂ ਹਨ। ਪਿਛਲੀ ਕਿਸੇ ਵੀ ਸਦੀ ਨਾਲੋਂ ਵੀਹਵੀਂ ਸਦੀ ਦੌਰਾਨ ‘ਇੱਕ ਜਣੇ ਨੇ ਦੂਜੇ ਉੱਤੇ ਆਗਿਆ ਤੋਰ ਕੇ’ ਬਹੁਤ ਜ਼ਿਆਦਾ ‘ਨੁਕਸਾਨ ਕੀਤਾ ਹੈ।’ (ਉਪਦੇਸ਼ਕ ਦੀ ਪੋਥੀ 8:9) ਭ੍ਰਿਸ਼ਟ ਤਾਨਾਸ਼ਾਹਾਂ ਨੇ ਆਪਣੀ ਤਾਕਤ ਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਇਸਤੇਮਾਲ ਕੀਤਾ ਹੈ ਅਤੇ ਕਰੋੜਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ। ਜੇ ਪਿਆਰ, ਬੁੱਧੀ ਅਤੇ ਨਿਆਂ ਤੋਂ ਬਿਨਾਂ ਤਾਕਤ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਹ ਬਹੁਤ ਖ਼ਤਰਨਾਕ ਸਾਬਤ ਹੁੰਦੀ ਹੈ।

2. ਸਮਝਾਓ ਕਿ ਯਹੋਵਾਹ ਆਪਣੀ ਸ਼ਕਤੀ ਨੂੰ ਇਸਤੇਮਾਲ ਕਰਨ ਵੇਲੇ ਹੋਰ ਕਿਹੜੇ ਗੁਣ ਦਿਖਾਉਂਦਾ ਹੈ?

2 ਇਨਸਾਨ ਤੋਂ ਉਲਟ ਪਰਮੇਸ਼ੁਰ ਹਮੇਸ਼ਾ ਆਪਣੀ ਸ਼ਕਤੀ ਜਾਂ ਤਾਕਤ ਨੂੰ ਭਲੇ ਲਈ ਇਸਤੇਮਾਲ ਕਰਦਾ ਹੈ। “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਯਹੋਵਾਹ ਦਾ ਆਪਣੀ ਸ਼ਕਤੀ ਉੱਤੇ ਪੂਰਾ ਕੰਟ੍ਰੋਲ ਹੈ। ਪਰਮੇਸ਼ੁਰ ਦੁਸ਼ਟਾਂ ਨੂੰ ਸਜ਼ਾ ਦੇਣ ਵਿਚ ਧੀਰਜ ਦਿਖਾਉਂਦਾ ਹੈ, ਤਾਂਕਿ ਉਨ੍ਹਾਂ ਨੂੰ ਪਛਤਾਵਾ ਕਰਨ ਦਾ ਮੌਕਾ ਮਿਲੇ। ਪਿਆਰ ਉਸ ਨੂੰ ਸਾਰੇ ਲੋਕਾਂ ਉੱਤੇ—ਧਰਮੀਆਂ ਅਤੇ ਕੁਧਰਮੀਆਂ ਦੋਵਾਂ ਉੱਤੇ—ਸੂਰਜ ਚਮਕਾਉਣ ਲਈ ਪ੍ਰੇਰਿਤ ਕਰਦਾ ਹੈ। ਨਿਆਂ ਅਖ਼ੀਰ ਉਸ ਨੂੰ ਪ੍ਰੇਰਿਤ ਕਰੇਗਾ ਕਿ ਉਹ ਆਪਣੀ ਅਸੀਮ ਸ਼ਕਤੀ ਨਾਲ ਸ਼ਤਾਨ ਅਰਥਾਤ ਇਬਲੀਸ ਨੂੰ ਖ਼ਤਮ ਕਰੇ ਜਿਸ ਦੇ ਵੱਸ ਵਿਚ ਮੌਤ ਹੈ।—ਮੱਤੀ 5:44, 45; ਇਬਰਾਨੀਆਂ 2:14; 2 ਪਤਰਸ 3:9.

3. ਪਰਮੇਸ਼ੁਰ ਦੀ ਅਸੀਮ ਸ਼ਕਤੀ ਕਿਵੇਂ ਉਸ ਵਿਚ ਭਰੋਸਾ ਕਰਨ ਦਾ ਕਾਰਨ ਬਣਦੀ ਹੈ?

3 ਆਪਣੇ ਸਵਰਗੀ ਪਿਤਾ ਦੀ ਅਸੀਮ ਸ਼ਕਤੀ ਕਾਰਨ ਅਸੀਂ ਉਸ ਦੇ ਵਾਅਦਿਆਂ ਅਤੇ ਉਸ ਦੀ ਸੁਰੱਖਿਆ ਵਿਚ ਭਰੋਸਾ ਰੱਖ ਸਕਦੇ ਹਾਂ। ਜਦੋਂ ਇਕ ਛੋਟੇ ਬੱਚੇ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੁੰਦਾ ਹੈ, ਤਾਂ ਉਹ ਅਜਨਬੀਆਂ ਵਿਚ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਸ ਦਾ ਪਿਤਾ ਉਸ ਦੀ ਹਰ ਖ਼ਤਰੇ ਜਾਂ ਨੁਕਸਾਨ ਤੋਂ ਰੱਖਿਆ ਕਰੇਗਾ। ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ, ਜੋ “ਬਚਾਉਣ ਲਈ ਸਮਰਥੀ” ਹੈ, ਸਾਡੀ ਕਿਸੇ ਵੀ ਸਥਾਈ ਨੁਕਸਾਨ ਤੋਂ ਰੱਖਿਆ ਕਰੇਗਾ ਜੇ ਅਸੀਂ ਉਸ ਦੇ ਨਾਲ-ਨਾਲ ਚੱਲਦੇ ਹਾਂ। (ਯਸਾਯਾਹ 63:1; ਮੀਕਾਹ 6:8) ਇਕ ਚੰਗਾ ਪਿਤਾ ਹੋਣ ਦੇ ਨਾਤੇ ਯਹੋਵਾਹ ਹਮੇਸ਼ਾ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ। ਉਸ ਦੀ ਅਸੀਮ ਸ਼ਕਤੀ ਸਾਨੂੰ ਗਾਰੰਟੀ ਦਿੰਦੀ ਹੈ ਕਿ ‘ਉਸ ਦਾ ਬਚਨ ਜਿਸ ਲਈ ਉਸ ਨੇ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।’—ਯਸਾਯਾਹ 55:11; ਤੀਤੁਸ 1:2.

4, 5. (ੳ) ਜਦੋਂ ਰਾਜਾ ਆਸਾ ਨੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਿਆ, ਤਾਂ ਇਸ ਦਾ ਕੀ ਨਤੀਜਾ ਨਿਕਲਿਆ? (ਅ) ਜੇ ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਨਸਾਨਾਂ ਉੱਤੇ ਭਰੋਸਾ ਰੱਖਾਂਗੇ, ਤਾਂ ਕੀ ਹੋ ਸਕਦਾ ਹੈ?

4 ਇਹ ਕਿਉਂ ਇੰਨਾ ਜ਼ਰੂਰੀ ਹੈ ਕਿ ਅਸੀਂ ਕਦੀ ਵੀ ਆਪਣੇ ਸਵਰਗੀ ਪਿਤਾ ਦੀ ਸੁਰੱਖਿਆ ਨੂੰ ਨਾ ਭੁੱਲੀਏ? ਕਿਉਂਕਿ ਹਾਲਾਤ ਸਾਡੇ ਉੱਤੇ ਹਾਵੀ ਹੋ ਸਕਦੇ ਹਨ ਜਿਸ ਕਰਕੇ ਅਸੀਂ ਭੁੱਲ ਸਕਦੇ ਹਾਂ ਕਿ ਸਾਨੂੰ ਅਸਲੀ ਸੁਰੱਖਿਆ ਕਿੱਥੋਂ ਮਿਲ ਸਕਦੀ ਹੈ। ਰਾਜਾ ਆਸਾ ਦੀ ਉਦਾਹਰਣ ਤੋਂ ਸਾਨੂੰ ਇਹ ਗੱਲ ਪਤਾ ਲੱਗਦੀ ਹੈ ਜੋ ਆਮ ਤੌਰ ਤੇ ਯਹੋਵਾਹ ਉੱਤੇ ਭਰੋਸਾ ਰੱਖਦਾ ਹੁੰਦਾ ਸੀ। ਰਾਜਾ ਆਸਾ ਦੇ ਰਾਜ ਦੌਰਾਨ ਦਸ ਲੱਖ ਕੂਸ਼ੀਆਂ ਦੀ ਫ਼ੌਜ ਨੇ ਯਹੂਦਾਹ ਉੱਤੇ ਹਮਲਾ ਕੀਤਾ। ਆਸਾ ਨੂੰ ਪਤਾ ਸੀ ਕਿ ਉਸ ਦੇ ਦੁਸ਼ਮਣ ਉਸ ਤੋਂ ਤਾਕਤਵਰ ਸਨ, ਇਸ ਲਈ ਉਸ ਨੇ ਬੇਨਤੀ ਕੀਤੀ: “ਹੇ ਯਹੋਵਾਹ, ਜ਼ੋਰਾਵਰ ਅਤੇ ਕਮਜ਼ੋਰ ਵਿੱਚ ਸਹਾਇਤਾ ਕਰਨ ਨੂੰ ਤੇਰੇ ਬਿਨਾ ਹੋਰ ਕੋਈ ਹੈ ਨਹੀਂ। ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਏਸ ਕਟਕ ਦੇ ਵਿਰੁੱਧ ਅਸੀਂ ਆਏ ਹਾਂ। ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ। ਮਨੁੱਖ ਤੇਰੇ ਟਾਕਰੇ ਵਿੱਚ ਨਾ ਜਿੱਤੇ!” (2 ਇਤਹਾਸ 14:11) ਯਹੋਵਾਹ ਨੇ ਆਸਾ ਦੀ ਬੇਨਤੀ ਸੁਣੀ ਅਤੇ ਉਸ ਨੂੰ ਸ਼ਾਨਦਾਰ ਤਰੀਕੇ ਨਾਲ ਜਿਤਾਇਆ।

5 ਪਰ ਕਾਫ਼ੀ ਸਾਲਾਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਤੋਂ ਬਾਅਦ ਯਹੋਵਾਹ ਦੀ ਬਚਾਉਣ ਦੀ ਸ਼ਕਤੀ ਉੱਤੇ ਆਸਾ ਨੂੰ ਭਰੋਸਾ ਨਹੀਂ ਰਿਹਾ। ਉੱਤਰੀ ਰਾਜ, ਇਸਰਾਏਲ ਦੇ ਫ਼ੌਜੀ ਹਮਲੇ ਦਾ ਜਵਾਬ ਦੇਣ ਲਈ ਉਸ ਨੇ ਅਰਾਮ ਦੇ ਪਾਤਸ਼ਾਹ ਕੋਲੋਂ ਮਦਦ ਮੰਗੀ। (2 ਇਤਹਾਸ 16:1-3) ਹਾਲਾਂਕਿ ਅਰਾਮ ਦੇ ਪਾਤਸ਼ਾਹ ਬਨ-ਹਦਦ ਨੇ ਰਿਸ਼ਵਤ ਲੈ ਕੇ ਯਹੂਦਾਹ ਨੂੰ ਇਸਰਾਏਲ ਤੋਂ ਬਚਾਇਆ, ਪਰ ਆਸਾ ਨੇ ਅਰਾਮ ਨਾਲ ਨੇਮ ਬੰਨ੍ਹ ਕੇ ਇਹ ਦਿਖਾਇਆ ਕਿ ਉਸ ਨੂੰ ਯਹੋਵਾਹ ਉੱਤੇ ਭਰੋਸਾ ਨਹੀਂ ਸੀ। ਨਬੀ ਹਨਾਨੀ ਨੇ ਸਾਫ਼-ਸਾਫ਼ ਉਸ ਤੋਂ ਪੁੱਛਿਆ: “ਕੀ ਕੂਸ਼ੀਆਂ ਅਤੇ ਲੂਬੀਆਂ ਦੀ ਸੈਨਾ ਵੱਡੀ ਭਾਰੀ ਨਹੀਂ ਸੀ ਜਿਨ੍ਹਾਂ ਦੇ ਨਾਲ ਰਥ ਅਤੇ ਅਸਵਾਰ ਬਹੁਤ ਗਿਣਤੀ ਵਿੱਚ ਸਨ? ਤਾਂ ਵੀ ਤੂੰ ਯਹੋਵਾਹ ਉੱਤੇ ਭਰੋਸਾ ਰੱਖਿਆ ਏਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿੱਚ ਕਰ ਦਿੱਤਾ।” (2 ਇਤਹਾਸ 16:7, 8) ਪਰ ਆਸਾ ਨੇ ਉਸ ਦੀ ਗੱਲ ਨਹੀਂ ਸੁਣੀ। (2 ਇਤਹਾਸ 16:9-12) ਜਦੋਂ ਸਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਆਓ ਆਪਾਂ ਇਨਸਾਨਾਂ ਦੇ ਸੁਝਾਵਾਂ ਉੱਤੇ ਭਰੋਸਾ ਨਾ ਰੱਖੀਏ। ਇਸ ਦੀ ਬਜਾਇ, ਆਓ ਆਪਾਂ ਪਰਮੇਸ਼ੁਰ ਉੱਤੇ ਭਰੋਸਾ ਰੱਖੀਏ, ਕਿਉਂਕਿ ਇਨਸਾਨਾਂ ਉੱਤੇ ਭਰੋਸਾ ਰੱਖਣ ਨਾਲ ਨਿਰਾਸ਼ਾ ਹੀ ਹੱਥ ਲੱਗੇਗੀ।—ਜ਼ਬੂਰ 146:3-5.

ਯਹੋਵਾਹ ਤੋਂ ਤਾਕਤ ਹਾਸਲ ਕਰੋ

6. ਸਾਨੂੰ “ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ” ਕਿਉਂ ਕਰਨੀ ਚਾਹੀਦੀ ਹੈ?

6 ਯਹੋਵਾਹ ਆਪਣੇ ਲੋਕਾਂ ਨੂੰ ਤਾਕਤ ਦੇ ਸਕਦਾ ਹੈ ਅਤੇ ਉਨ੍ਹਾਂ ਦੀ ਰੱਖਿਆ ਕਰ ਸਕਦਾ ਹੈ। ਬਾਈਬਲ ਸਾਨੂੰ ‘ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰਨ’ ਦੀ ਤਾਕੀਦ ਕਰਦੀ ਹੈ। (ਜ਼ਬੂਰ 105:4) ਕਿਉਂ? ਕਿਉਂਕਿ ਜੇ ਅਸੀਂ ਪਰਮੇਸ਼ੁਰ ਦੀ ਸਮਰਥਾ ਜਾਂ ਤਾਕਤ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਦੂਸਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ ਉਨ੍ਹਾਂ ਦਾ ਭਲਾ ਕਰਨ ਲਈ ਆਪਣੀ ਤਾਕਤ ਨੂੰ ਇਸਤੇਮਾਲ ਕਰਾਂਗੇ। ਇਸ ਮਾਮਲੇ ਵਿਚ ਯਿਸੂ ਮਸੀਹ ਦੀ ਮਿਸਾਲ ਬੇਜੋੜ ਹੈ। ਉਸ ਨੇ “ਪ੍ਰਭੁ ਦੀ ਸਮਰੱਥਾ” ਨਾਲ ਬਹੁਤ ਸਾਰੇ ਚਮਤਕਾਰ ਕੀਤੇ। (ਲੂਕਾ 5:17) ਯਿਸੂ ਅਮੀਰ, ਮਸ਼ਹੂਰ ਜਾਂ ਇਕ ਬਹੁਤ ਹੀ ਤਾਕਤਵਰ ਇਨਸਾਨ ਬਣਨ ਲਈ ਆਪਣੀ ਸ਼ਕਤੀ ਨੂੰ ਇਸਤੇਮਾਲ ਕਰ ਸਕਦਾ ਸੀ। (ਲੂਕਾ 4:5-7) ਇਸ ਦੀ ਬਜਾਇ, ਯਿਸੂ ਨੇ ਪਰਮੇਸ਼ੁਰ ਤੋਂ ਮਿਲੀ ਸ਼ਕਤੀ ਦੂਜਿਆਂ ਨੂੰ ਸਿਖਲਾਈ ਦੇਣ, ਸਿਖਾਉਣ, ਮਦਦ ਕਰਨ ਅਤੇ ਚੰਗਾ ਕਰਨ ਲਈ ਇਸਤੇਮਾਲ ਕੀਤੀ। (ਮਰਕੁਸ 7:37; ਯੂਹੰਨਾ 7:46) ਸਾਡੇ ਲਈ ਕਿੰਨੀ ਸ਼ਾਨਦਾਰ ਮਿਸਾਲ!

7. ਜਦੋਂ ਅਸੀਂ ਆਪਣੀ ਤਾਕਤ ਦੀ ਬਜਾਇ ਪਰਮੇਸ਼ੁਰ ਦੀ ਤਾਕਤ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਆਪਣੇ ਵਿਚ ਕਿਹੜਾ ਇਕ ਬਹੁਤ ਜ਼ਰੂਰੀ ਗੁਣ ਪੈਦਾ ਕਰਦੇ ਹਾਂ?

7 ਇਸ ਤੋਂ ਇਲਾਵਾ, ਜੇ ਅਸੀਂ “ਓਸ ਸਮਰੱਥਾ” ਨਾਲ ਕੰਮ ਕਰਦੇ ਹਾਂ “ਜੋ ਪਰਮੇਸ਼ੁਰ ਦਿੰਦਾ ਹੈ,” ਤਾਂ ਅਸੀਂ ਹਲੀਮ ਰਹਾਂਗੇ। (1 ਪਤਰਸ 4:11) ਜਿਹੜੇ ਲੋਕ ਤਾਕਤ ਹਥਿਆਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਘਮੰਡੀ ਬਣ ਜਾਂਦੇ ਹਨ। ਅੱਸ਼ੂਰ ਦੇ ਰਾਜਾ ਏਸਰ ਹਦੋਨ ਦੀ ਮਿਸਾਲ ਤੋਂ ਇਹ ਗੱਲ ਪਤਾ ਚੱਲਦੀ ਹੈ ਜਿਸ ਨੇ ਸ਼ੇਖ਼ੀ ਮਾਰਦੇ ਹੋਏ ਕਿਹਾ: “ਮੈਂ ਤਾਕਤਵਰ ਹਾਂ, ਮੈਂ ਸਰਬਸ਼ਕਤੀਮਾਨ ਹਾਂ, ਮੈਂ ਸੂਰਬੀਰ ਹਾਂ, ਮੈਂ ਮਹਾਨ ਹਾਂ, ਮੈਂ ਮਹਿਮਾਵਾਨ ਹਾਂ।” ਇਸ ਦੇ ਉਲਟ, ਯਹੋਵਾਹ ਨੇ ‘ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ।’ ਇਸ ਲਈ ਜੇ ਇਕ ਸੱਚਾ ਮਸੀਹੀ ਘਮੰਡ ਕਰਦਾ ਹੈ, ਤਾਂ ਉਹ ਯਹੋਵਾਹ ਵਿਚ ਘਮੰਡ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਵੀ ਉਸ ਨੇ ਕੀਤਾ ਹੈ, ਉਹ ਉਸ ਨੇ ਆਪਣੀ ਤਾਕਤ ਨਾਲ ਨਹੀਂ ਕੀਤਾ ਹੈ। ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰਨ’ ਨਾਲ ਹੀ ਸਹੀ ਤੌਰ ਤੇ ਸਾਡੀ ਪ੍ਰਸ਼ੰਸਾ ਹੋਵੇਗੀ।—1 ਕੁਰਿੰਥੀਆਂ 1:26-31; 1 ਪਤਰਸ 5:6.

8. ਯਹੋਵਾਹ ਤੋਂ ਤਾਕਤ ਹਾਸਲ ਕਰਨ ਲਈ ਸਾਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ?

8 ਅਸੀਂ ਪਰਮੇਸ਼ੁਰ ਤੋਂ ਤਾਕਤ ਕਿਵੇਂ ਹਾਸਲ ਕਰ ਸਕਦੇ ਹਾਂ? ਸਭ ਤੋਂ ਪਹਿਲਾਂ ਸਾਨੂੰ ਪ੍ਰਾਰਥਨਾ ਵਿਚ ਉਸ ਤੋਂ ਤਾਕਤ ਮੰਗਣੀ ਚਾਹੀਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿੱਤਾ ਸੀ ਕਿ ਉਸ ਦਾ ਪਿਤਾ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। (ਲੂਕਾ 11:10-13) ਵਿਚਾਰ ਕਰੋ ਕਿ ਜਦੋਂ ਮਸੀਹ ਦੇ ਚੇਲਿਆਂ ਨੇ ਯਿਸੂ ਬਾਰੇ ਗਵਾਹੀ ਨਾ ਦੇਣ ਦੇ ਧਾਰਮਿਕ ਆਗੂਆਂ ਦੇ ਹੁਕਮ ਨੂੰ ਮੰਨਣ ਦੀ ਬਜਾਇ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ, ਤਾਂ ਉਸ ਵੇਲੇ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਿੰਨੀ ਤਾਕਤ ਬਖ਼ਸ਼ੀ ਸੀ। ਜਦੋਂ ਉਨ੍ਹਾਂ ਨੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਤਾਂ ਉਨ੍ਹਾਂ ਨੂੰ ਆਪਣੀਆਂ ਦਿਲੀ ਪ੍ਰਾਰਥਨਾਵਾਂ ਦਾ ਜਵਾਬ ਮਿਲਿਆ ਅਤੇ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਲਈ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਤਾਕਤ ਦਿੱਤੀ।—ਰਸੂਲਾਂ ਦੇ ਕਰਤੱਬ 4:19, 20, 29-31, 33.

9. ਅਧਿਆਤਮਿਕ ਤਾਕਤ ਦਾ ਦੂਸਰਾ ਸੋਮਾ ਕੀ ਹੈ? ਇਹ ਸੋਮਾ ਕਿੰਨਾ ਕੁ ਅਸਰਦਾਰ ਹੈ, ਇਸ ਨੂੰ ਦਿਖਾਉਣ ਲਈ ਬਾਈਬਲ ਵਿੱਚੋਂ ਇਕ ਉਦਾਹਰਣ ਦਿਓ।

9 ਦੂਸਰਾ, ਅਸੀਂ ਬਾਈਬਲ ਤੋਂ ਵੀ ਅਧਿਆਤਮਿਕ ਤਾਕਤ ਹਾਸਲ ਕਰ ਸਕਦੇ ਹਾਂ। (ਇਬਰਾਨੀਆਂ 4:12) ਰਾਜਾ ਯੋਸੀਯਾਹ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਬਚਨ ਦੀ ਤਾਕਤ ਸਾਫ਼ ਨਜ਼ਰ ਆ ਰਹੀ ਸੀ। ਭਾਵੇਂ ਕਿ ਯੋਸੀਯਾਹ ਨੇ ਯਹੂਦਾਹ ਵਿੱਚੋਂ ਸਾਰੀਆਂ ਮੂਰਤੀਆਂ ਪਹਿਲਾਂ ਹੀ ਨਸ਼ਟ ਕਰਾ ਦਿੱਤੀਆਂ ਸਨ, ਪਰ ਹੈਕਲ ਵਿੱਚੋਂ ਯਹੋਵਾਹ ਦੀ ਬਿਵਸਥਾ ਦੀ ਪੋਥੀ ਅਚਾਨਕ ਲੱਭਣ ਨਾਲ ਉਹ ਝੂਠੀ ਉਪਾਸਨਾ ਦਾ ਸਫ਼ਾਇਆ ਕਰਨ ਦੇ ਆਪਣੇ ਕੰਮ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਹੋਇਆ। * ਜਦੋਂ ਯੋਸੀਯਾਹ ਨੇ ਆਪ ਲੋਕਾਂ ਨੂੰ ਬਿਵਸਥਾ ਦੀ ਪੋਥੀ ਪੜ੍ਹ ਕੇ ਸੁਣਾਈ, ਤਾਂ ਪੂਰੀ ਕੌਮ ਨੇ ਯਹੋਵਾਹ ਨਾਲ ਇਕ ਨੇਮ ਬੰਨ੍ਹਿਆ ਅਤੇ ਮੂਰਤੀਆਂ ਨੂੰ ਖ਼ਤਮ ਕਰਨ ਦੀ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਮੁਹਿੰਮ ਚਲਾਈ। ਯੋਸੀਯਾਹ ਦੁਆਰਾ ਕੀਤੇ ਗਏ ਇਸ ਸੁਧਾਰ ਦਾ ਇਹ ਵਧੀਆ ਨਤੀਜਾ ਨਿਕਲਿਆ ਕਿ “ਓਹ ਉਸ ਦੀ ਸਾਰੀ ਉਮਰ ਤੀਕ ਯਹੋਵਾਹ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਮਗਰ ਚੱਲਣ ਤੋਂ ਨਾ ਹਟੇ।”—2 ਇਤਹਾਸ 34:33.

10. ਯਹੋਵਾਹ ਤੋਂ ਤਾਕਤ ਹਾਸਲ ਕਰਨ ਦਾ ਤੀਸਰਾ ਜ਼ਰੀਆ ਕੀ ਹੈ ਅਤੇ ਇਹ ਕਿਉਂ ਬਹੁਤ ਜ਼ਰੂਰੀ ਹੈ?

10 ਤੀਸਰਾ ਜ਼ਰੀਆ ਮਸੀਹੀ ਸੰਗਤੀ ਹੈ ਜਿਸ ਰਾਹੀਂ ਅਸੀਂ ਯਹੋਵਾਹ ਤੋਂ ਤਾਕਤ ਹਾਸਲ ਕਰ ਸਕਦੇ ਹਾਂ। ਪੌਲੁਸ ਨੇ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋਣ ਲਈ ਮਸੀਹੀਆਂ ਨੂੰ ਉਤਸ਼ਾਹਿਤ ਕੀਤਾ ਤਾਂਕਿ ਉਹ ਇਕ ਦੂਸਰੇ ਨੂੰ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ” ਅਤੇ ਹੌਸਲਾ ਦੇਣ। (ਇਬਰਾਨੀਆਂ 10:24, 25) ਜਦੋਂ ਪਤਰਸ ਚਮਤਕਾਰੀ ਤਰੀਕੇ ਨਾਲ ਜੇਲ੍ਹ ਵਿੱਚੋਂ ਰਿਹਾ ਹੋਇਆ ਸੀ, ਤਾਂ ਉਹ ਆਪਣੇ ਭਰਾਵਾਂ ਨਾਲ ਹੋਣਾ ਚਾਹੁੰਦਾ ਸੀ, ਇਸ ਲਈ ਉਹ ਸਿੱਧਾ ਯੂਹੰਨਾ ਮਰਕੁਸ ਦੀ ਮਾਂ ਦੇ ਘਰ ਗਿਆ, ਜਿੱਥੇ “ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।” (ਰਸੂਲਾਂ ਦੇ ਕਰਤੱਬ 12:12) ਉਹ ਸਾਰੇ ਆਪੋ-ਆਪਣੇ ਘਰਾਂ ਵਿਚ ਰਹਿ ਕੇ ਵੀ ਪ੍ਰਾਰਥਨਾ ਕਰ ਸਕਦੇ ਸਨ। ਪਰ ਉਨ੍ਹਾਂ ਨੇ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਅਤੇ ਉਸ ਮੁਸ਼ਕਲ ਸਮੇਂ ਵਿਚ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ। ਰੋਮ ਨੂੰ ਆਪਣੇ ਲੰਬੇ ਅਤੇ ਮੁਸ਼ਕਲ ਸਫ਼ਰ ਦੇ ਅਖ਼ੀਰਲੇ ਪੜਾਅ ਤੇ ਪੌਲੁਸ ਪਤਿਯੁਲੇ ਵਿਚ ਕੁਝ ਭਰਾਵਾਂ ਨੂੰ ਮਿਲਿਆ ਅਤੇ ਬਾਅਦ ਵਿਚ ਦੂਸਰੇ ਭਰਾਵਾਂ ਨੂੰ ਵੀ, ਜੋ ਉਸ ਨੂੰ ਮਿਲਣ ਲਈ ਸਫ਼ਰ ਕਰ ਕੇ ਆਏ ਸਨ। ਉਸ ਦਾ ਰਵੱਈਆ? “ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।” (ਰਸੂਲਾਂ ਦੇ ਕਰਤੱਬ 28:13-15) ਆਪਣੇ ਸੰਗੀ ਮਸੀਹੀਆਂ ਨੂੰ ਇਕ ਵਾਰ ਫਿਰ ਮਿਲ ਕੇ ਉਹ ਤਕੜਾ ਹੋਇਆ। ਅਸੀਂ ਵੀ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤੀ ਕਰ ਕੇ ਤਾਕਤ ਹਾਸਲ ਕਰ ਸਕਦੇ ਹਾਂ। ਜਿੰਨਾ ਚਿਰ ਸਾਨੂੰ ਆਪਣੇ ਭਰਾਵਾਂ ਨਾਲ ਇਕੱਠੇ ਹੋਣ ਦੀ ਆਜ਼ਾਦੀ ਹੈ ਅਤੇ ਜਿੰਨਾ ਚਿਰ ਅਸੀਂ ਇਕੱਠੇ ਹੋਣ ਦੀ ਯੋਗਤਾ ਰੱਖਦੇ ਹਾਂ, ਉੱਨਾ ਚਿਰ ਜੀਵਨ ਵੱਲ ਲੈ ਜਾਣ ਵਾਲੇ ਭੀੜੇ ਰਾਹ ਉੱਤੇ ਇਕੱਲੇ ਚੱਲਣ ਦੀ ਸਾਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।—ਕਹਾਉਤਾਂ 18:1; ਮੱਤੀ 7:14.

11. ਉਨ੍ਹਾਂ ਕੁਝ ਹਾਲਾਤਾਂ ਦਾ ਜ਼ਿਕਰ ਕਰੋ ਜਿਨ੍ਹਾਂ ਵਿਚ ਸਾਨੂੰ “ਮਹਾਂ-ਸ਼ਕਤੀ” ਦੀ ਖ਼ਾਸ ਤੌਰ ਤੇ ਲੋੜ ਪੈਂਦੀ ਹੈ।

11 ਲਗਾਤਾਰ ਪ੍ਰਾਰਥਨਾ ਕਰਨ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਸੰਗੀ ਵਿਸ਼ਵਾਸੀਆਂ ਨਾਲ ਸੰਗਤੀ ਕਰਨ ਦੁਆਰਾ ਅਸੀਂ ‘ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੁੰਦੇ ਜਾਂਦੇ ਹਾਂ।’ (ਅਫ਼ਸੀਆਂ 6:10) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਸਾਰਿਆਂ ਨੂੰ ‘ਪ੍ਰਭੁ ਦੀ ਸ਼ਕਤੀ’ ਦੀ ਲੋੜ ਹੈ। ਕੁਝ ਮਸੀਹੀਆਂ ਨੂੰ ਨਾਮੁਰਾਦ ਬਿਮਾਰੀਆਂ ਲੱਗੀਆਂ ਹੋਈਆਂ ਹਨ, ਕੁਝ ਬੁਢਾਪੇ ਦਾ ਸੰਤਾਪ ਹੰਢਾ ਰਹੇ ਹਨ ਅਤੇ ਕੁਝ ਆਪਣੇ ਜੀਵਨ-ਸਾਥੀ ਦੇ ਦੁਨੀਆਂ ਵਿੱਚੋਂ ਚਲੇ ਜਾਣ ਕਾਰਨ ਦੁਖੀ ਹਨ। (ਜ਼ਬੂਰ 41:3) ਕਈ ਮਸੀਹੀ ਆਪਣੇ ਅਵਿਸ਼ਵਾਸੀ ਸਾਥੀ ਦੇ ਵਿਰੋਧ ਦਾ ਸਾਮ੍ਹਣਾ ਕਰਦੇ ਹਨ। ਮਾਪਿਆਂ ਲਈ, ਖ਼ਾਸ ਕਰਕੇ ਇਕੱਲੀ ਮਾਤਾ ਜਾਂ ਪਿਤਾ ਲਈ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਨਾਲ-ਨਾਲ ਨੌਕਰੀ ਕਰਨੀ ਇਕ ਥਕਾ ਦੇਣ ਵਾਲੀ ਜ਼ਿੰਮੇਵਾਰੀ ਹੈ। ਨੌਜਵਾਨ ਮਸੀਹੀਆਂ ਨੂੰ ਆਪਣੇ ਹਾਣੀਆਂ ਦੇ ਦਬਾਅ ਸਾਮ੍ਹਣੇ ਡਟੇ ਰਹਿਣ ਲਈ ਅਤੇ ਨਸ਼ੀਲੀਆਂ ਦਵਾਈਆਂ ਲੈਣ ਤੇ ਅਨੈਤਿਕਤਾ ਵਿਚ ਨਾ ਪੈਣ ਤੋਂ ਇਨਕਾਰ ਕਰਨ ਲਈ ਤਾਕਤ ਦੀ ਲੋੜ ਹੈ। ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਕਿਸੇ ਨੂੰ ਵੀ ਯਹੋਵਾਹ ਤੋਂ “ਮਹਾਂ-ਸ਼ਕਤੀ” ਮੰਗਣ ਤੋਂ ਹਿਚਕਿਚਾਉਣਾ ਨਹੀਂ ਚਾਹੀਦਾ।—2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ।

‘ਹੁੱਸੇ ਹੋਏ ਨੂੰ ਬਲ ਦੇਣਾ’

12. ਮਸੀਹੀ ਸੇਵਕਾਈ ਕਰਦੇ ਰਹਿਣ ਵਿਚ ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ?

12 ਜਦੋਂ ਯਹੋਵਾਹ ਦੇ ਸੇਵਕ ਆਪਣੀ ਸੇਵਕਾਈ ਕਰਦੇ ਹਨ, ਤਾਂ ਯਹੋਵਾਹ ਉਦੋਂ ਵੀ ਉਨ੍ਹਾਂ ਨੂੰ ਬਲ ਦਿੰਦਾ ਹੈ। ਅਸੀਂ ਯਸਾਯਾਹ ਦੀ ਭਵਿੱਖਬਾਣੀ ਵਿਚ ਪੜ੍ਹਦੇ ਹਾਂ: “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। . . . ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।” (ਯਸਾਯਾਹ 40:29-31) ਪੌਲੁਸ ਰਸੂਲ ਨੂੰ ਆਪਣੀ ਸੇਵਕਾਈ ਕਰਨ ਲਈ ਬਲ ਮਿਲਿਆ। ਇਸ ਕਰਕੇ ਉਸ ਦੀ ਸੇਵਕਾਈ ਦੇ ਬਹੁਤ ਵਧੀਆ ਨਤੀਜੇ ਨਿਕਲੇ। ਥੱਸਲੁਨੀਕਿਯਾ ਦੇ ਮਸੀਹੀਆਂ ਨੂੰ ਉਸ ਨੇ ਲਿਖਿਆ: “ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ।” (1 ਥੱਸਲੁਨੀਕੀਆਂ 1:5) ਉਸ ਦੇ ਪ੍ਰਚਾਰ ਅਤੇ ਸਿੱਖਿਆ ਵਿਚ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦੇਣ ਦੀ ਤਾਕਤ ਸੀ ਜਿਨ੍ਹਾਂ ਲੋਕਾਂ ਨੇ ਉਸ ਦੀ ਗੱਲ ਸੁਣੀ।

13. ਵਿਰੋਧ ਦੇ ਬਾਵਜੂਦ ਆਪਣਾ ਕੰਮ ਕਰਦੇ ਰਹਿਣ ਲਈ ਕਿਸ ਚੀਜ਼ ਨੇ ਯਿਰਮਿਯਾਹ ਨੂੰ ਬਲ ਦਿੱਤਾ?

13 ਜਦੋਂ ਅਸੀਂ ਕਈ ਸਾਲਾਂ ਤੋਂ ਆਪਣੇ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕਰਦੇ ਹਾਂ ਤੇ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਢੇਰੀ ਢਾਹ ਸਕਦੇ ਹਾਂ। ਯਿਰਮਿਯਾਹ ਵੀ ਲੋਕਾਂ ਵੱਲੋਂ ਉਸ ਦਾ ਵਿਰੋਧ ਕਰਨ, ਮਖੌਲ ਉਡਾਉਣ ਅਤੇ ਉਸ ਦੀ ਗੱਲ ਨਾ ਸੁਣਨ ਕਰਕੇ ਨਿਰਾਸ਼ ਹੋਇਆ ਸੀ। ਉਸ ਨੇ ਆਪਣੇ ਆਪ ਨੂੰ ਕਿਹਾ “ਮੈਂ [ਯਹੋਵਾਹ] ਦਾ ਜ਼ਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ।” ਪਰ ਉਹ ਚੁੱਪ ਨਹੀਂ ਰਹਿ ਸਕਿਆ। ਉਸ ਦਾ ਸੰਦੇਸ਼ ‘ਬਲਦੀ ਅੱਗ ਵਾਂਙੁ ਸੀ, ਜਿਹੜੀ ਉਸ ਦੀਆਂ ਹੱਡੀਆਂ ਵਿੱਚ ਲੁਕੀ ਹੋਈ ਸੀ।’ (ਯਿਰਮਿਯਾਹ 20:9) ਇੰਨੀਆਂ ਮੁਸ਼ਕਲਾਂ ਦੇ ਵਿਚ ਵੀ ਕਿਸ ਚੀਜ਼ ਨੇ ਉਸ ਨੂੰ ਮੁੜ ਬਲ ਦਿੱਤਾ? ਯਿਰਮਿਯਾਹ ਨੇ ਕਿਹਾ: “ਯਹੋਵਾਹ ਇੱਕ ਡਰਾਉਣੇ ਜੋਧੇ ਵਾਂਙੁ ਮੇਰੇ ਸੰਗ ਹੈ।” (ਯਿਰਮਿਯਾਹ 20:11) ਯਿਰਮਿਯਾਹ ਆਪਣੇ ਸੰਦੇਸ਼ ਦੀ ਮਹੱਤਤਾ ਨੂੰ ਜਾਣਦਾ ਸੀ ਅਤੇ ਪਰਮੇਸ਼ੁਰ ਵੱਲੋਂ ਮਿਲੇ ਕੰਮ ਦੀ ਕਦਰ ਕਰਦਾ ਸੀ, ਇਸ ਲਈ ਉਸ ਨੇ ਯਹੋਵਾਹ ਤੋਂ ਹੌਸਲਾ-ਅਫ਼ਜ਼ਾਈ ਲੈ ਕੇ ਕੰਮ ਕਰਨਾ ਜਾਰੀ ਰੱਖਿਆ।

ਸੱਟ ਲਾਉਣ ਦੀ ਤਾਕਤ ਅਤੇ ਚੰਗਾ ਕਰਨ ਦੀ ਤਾਕਤ

14. (ੳ) ਜੀਭ ਕਿੰਨੀ ਕੁ ਤਾਕਤਵਰ ਹੈ? (ਅ) ਕੁਝ ਉਦਾਹਰਣਾਂ ਦਿਓ ਜੋ ਦਿਖਾਉਂਦੀਆਂ ਹਨ ਕਿ ਜੀਭ ਨੁਕਸਾਨ ਪਹੁੰਚਾ ਸਕਦੀ ਹੈ।

14 ਸਾਡੇ ਕੋਲ ਜੋ ਤਾਕਤ ਹੈ, ਉਹ ਸਾਰੀ ਦੀ ਸਾਰੀ ਸਿੱਧੇ ਤੌਰ ਤੇ ਪਰਮੇਸ਼ੁਰ ਨੇ ਨਹੀਂ ਦਿੱਤੀ ਹੈ। ਉਦਾਹਰਣ ਲਈ ਜੀਭ ਵਿਚ ਸੱਟ ਲਾਉਣ ਦੀ ਤੇ ਚੰਗਾ ਕਰਨ ਦੀ ਵੀ ਤਾਕਤ ਹੈ। “ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ,” ਸੁਲੇਮਾਨ ਨੇ ਚੇਤਾਵਨੀ ਦਿੱਤੀ। (ਕਹਾਉਤਾਂ 18:21) ਸ਼ਤਾਨ ਨੇ ਥੋੜ੍ਹੇ ਸਮੇਂ ਵਿਚ ਹੱਵਾਹ ਨਾਲ ਜਿਹੜੀ ਗੱਲ ਕੀਤੀ ਸੀ, ਉਸ ਦੇ ਨਤੀਜੇ ਤੋਂ ਪਤਾ ਚੱਲਦਾ ਹੈ ਕਿ ਸ਼ਬਦਾਂ ਨਾਲ ਕਿੰਨੀ ਤਬਾਹੀ ਮਚਾਈ ਜਾ ਸਕਦੀ ਹੈ। (ਉਤਪਤ 3:1-5; ਯਾਕੂਬ 3:5) ਅਸੀਂ ਵੀ ਜੀਭ ਨਾਲ ਕਾਫ਼ੀ ਨੁਕਸਾਨ ਪਹੁੰਚਾ ਸਕਦੇ ਹਾਂ। ਇਕ ਜਵਾਨ ਕੁੜੀ ਦੇ ਮੋਟਾਪੇ ਦਾ ਮਜ਼ਾਕ ਉਡਾਉਣ ਨਾਲ ਹੋ ਸਕਦਾ ਹੈ ਕਿ ਉਹ ਰੋਟੀ ਖਾਣੀ ਹੀ ਛੱਡ ਦੇਵੇ। ਕਿਸੇ ਬਾਰੇ ਕਹੀ ਗਈ ਭੈੜੀ ਗੱਲ ਨੂੰ ਬਿਨਾਂ ਸੋਚੇ-ਸਮਝੇ ਦੁਹਰਾਉਣ ਨਾਲ ਉਮਰ ਭਰ ਦੀ ਦੋਸਤੀ ਟੁੱਟ ਸਕਦੀ ਹੈ। ਜੀ ਹਾਂ, ਜ਼ਬਾਨ ਨੂੰ ਲਗਾਮ ਦੇਣ ਦੀ ਲੋੜ ਹੈ।

15. ਅਸੀਂ ਦੂਸਰਿਆਂ ਨੂੰ ਹੌਸਲਾ ਦੇਣ ਅਤੇ ਚੰਗਾ ਕਰਨ ਲਈ ਆਪਣੀ ਜੀਭ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ?

15 ਪਰ ਜੀਭ ਹੌਸਲਾ ਦੇ ਸਕਦੀ ਹੈ ਤੇ ਹੌਸਲਾ ਢਾਹ ਵੀ ਸਕਦੀ ਹੈ। ਬਾਈਬਲ ਦੀ ਇਕ ਕਹਾਵਤ ਹੈ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” (ਕਹਾਉਤਾਂ 12:18) ਸਮਝਦਾਰ ਮਸੀਹੀ ਨਿਰਾਸ਼ ਤੇ ਸੋਗੀਆਂ ਨੂੰ ਦਿਲਾਸਾ ਦੇਣ ਲਈ ਆਪਣੀ ਜੀਭ ਦੀ ਤਾਕਤ ਨੂੰ ਇਸਤੇਮਾਲ ਕਰਦੇ ਹਨ। ਹਮਦਰਦੀ ਭਰੇ ਸ਼ਬਦ ਉਨ੍ਹਾਂ ਕਿਸ਼ੋਰਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ ਜਿਹੜੇ ਹਾਣੀਆਂ ਦੇ ਨੁਕਸਾਨਦੇਹ ਦਬਾਅ ਵਿਰੁੱਧ ਲੜ ਰਹੇ ਹਨ। ਸੋਚ-ਸਮਝ ਕੇ ਕਹੇ ਗਏ ਸ਼ਬਦ ਬਿਰਧ ਭੈਣ-ਭਰਾਵਾਂ ਨੂੰ ਹੌਸਲਾ ਦੇ ਸਕਦੇ ਹਨ ਕਿ ਉਨ੍ਹਾਂ ਦੀ ਅਜੇ ਵੀ ਲੋੜ ਹੈ ਅਤੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਨਰਮ ਸ਼ਬਦ ਬੀਮਾਰਾਂ ਨੂੰ ਪੂਰਾ ਦਿਨ ਖ਼ੁਸ਼ ਰੱਖ ਸਕਦੇ ਹਨ। ਪਰ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਨੂੰ ਰਾਜ ਦਾ ਸ਼ਕਤੀਸ਼ਾਲੀ ਸੰਦੇਸ਼ ਸੁਣਾਉਣ ਲਈ ਅਸੀਂ ਆਪਣੀ ਜੀਭ ਨੂੰ ਇਸਤੇਮਾਲ ਕਰ ਸਕਦੇ ਹਾਂ ਜਿਹੜੇ ਸਾਡੀ ਗੱਲ ਸੁਣਨਗੇ। ਜੇ ਸਾਡੇ ਵਿਚ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਦਾ ਜੋਸ਼ ਹੈ, ਤਾਂ ਇਸ ਤਰ੍ਹਾਂ ਕਰਨਾ ਸਾਡੇ ਵੱਸ ਵਿਚ ਹੋਵੇਗਾ। ਬਾਈਬਲ ਕਹਿੰਦੀ ਹੈ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।”—ਕਹਾਉਤਾਂ 3:27.

ਤਾਕਤ ਦਾ ਸਹੀ ਇਸਤੇਮਾਲ

16, 17. ਪਰਮੇਸ਼ੁਰ ਵੱਲੋਂ ਮਿਲੇ ਅਧਿਕਾਰ ਨੂੰ ਇਸਤੇਮਾਲ ਕਰਨ ਵੇਲੇ ਬਜ਼ੁਰਗ, ਮਾਪੇ ਅਤੇ ਪਤੀ ਤੇ ਪਤਨੀਆਂ ਕਿਵੇਂ ਯਹੋਵਾਹ ਦੀ ਰੀਸ ਕਰ ਸਕਦੇ ਹਨ?

16 ਭਾਵੇਂ ਯਹੋਵਾਹ ਸਰਬਸ਼ਕਤੀਮਾਨ ਹੈ, ਪਰ ਉਹ ਕਲੀਸਿਯਾ ਉੱਤੇ ਪਿਆਰ ਨਾਲ ਸ਼ਾਸਨ ਕਰਦਾ ਹੈ। (1 ਯੂਹੰਨਾ 4:8) ਉਸ ਦੀ ਰੀਸ ਕਰਦੇ ਹੋਏ ਮਸੀਹੀ ਨਿਗਾਹਬਾਨ ਪਰਮੇਸ਼ੁਰ ਦੇ ਝੁੰਡ ਦੀ ਪਿਆਰ ਨਾਲ ਦੇਖ-ਭਾਲ ਕਰਦੇ ਹਨ। ਉਹ ਆਪਣੇ ਅਧਿਕਾਰ ਦੀ ਚੰਗੀ ਵਰਤੋਂ ਕਰਦੇ ਹਨ, ਉਸ ਦੀ ਦੁਰਵਰਤੋਂ ਨਹੀਂ ਕਰਦੇ। ਇਹ ਸੱਚ ਹੈ ਕਿ ਕਈ ਵਾਰ ਨਿਗਾਹਬਾਨਾਂ ਨੂੰ ਭੈਣ-ਭਰਾਵਾਂ ਨੂੰ ‘ਝਿੜਕਣ, ਤਾੜਨਾ ਦੇਣ ਅਤੇ ਤਗੀਦ ਕਰਨ’ ਦੀ ਲੋੜ ਪੈਂਦੀ ਹੈ, ਪਰ ਉਹ ਇਹ “ਧੀਰਜ ਅਤੇ ਸਿੱਖਿਆ ਨਾਲ” ਕਰਦੇ ਹਨ। (2 ਤਿਮੋਥਿਉਸ 4:2) ਇਸ ਲਈ ਬਜ਼ੁਰਗ, ਪਤਰਸ ਰਸੂਲ ਦੇ ਸ਼ਬਦਾਂ ਉੱਤੇ ਲਗਾਤਾਰ ਮਨਨ ਕਰਦੇ ਹਨ ਜਿਹੜੇ ਉਸ ਨੇ ਕਲੀਸਿਯਾ ਦੇ ਨਿਗਾਹਬਾਨਾਂ ਨੂੰ ਲਿਖੇ ਸਨ: “ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ। ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।”—1 ਪਤਰਸ 5:2, 3; 1 ਥੱਸਲੁਨੀਕੀਆਂ 2:7, 8.

17 ਯਹੋਵਾਹ ਨੇ ਮਾਪਿਆਂ ਅਤੇ ਪਤੀਆਂ ਨੂੰ ਵੀ ਅਧਿਕਾਰ ਦਿੱਤਾ ਹੈ ਅਤੇ ਇਹ ਅਧਿਕਾਰ ਮਦਦ ਕਰਨ, ਪਾਲਣ-ਪੋਸ਼ਣ ਕਰਨ ਅਤੇ ਦੇਖ-ਭਾਲ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ। (ਅਫ਼ਸੀਆਂ 5:22, 28-30; 6:4) ਯਿਸੂ ਦੀ ਉਦਾਹਰਣ ਦਿਖਾਉਂਦੀ ਹੈ ਕਿ ਪਿਆਰ ਦੇ ਨਾਲ ਅਧਿਕਾਰ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇ ਬੱਚਿਆਂ ਨੂੰ ਦ੍ਰਿੜ੍ਹਤਾ ਨਾਲ ਸਹੀ ਹੱਦ ਤਕ ਤਾੜਨਾ ਦਿੱਤੀ ਜਾਂਦੀ ਹੈ, ਤਾਂ ਉਹ ਮਨ ਨਹੀਂ ਹਾਰਨਗੇ। (ਕੁਲੁੱਸੀਆਂ 3:21) ਜਦੋਂ ਮਸੀਹੀ ਪਤੀ ਅਤੇ ਪਤਨੀ ਪਰਮੇਸ਼ੁਰ ਵੱਲੋਂ ਮਿਲੀ ਆਪਣੀ-ਆਪਣੀ ਭੂਮਿਕਾ ਨਿਭਾਉਂਦੇ ਹਨ, ਤਾਂ ਉਨ੍ਹਾਂ ਦਾ ਵਿਆਹੁਤਾ ਬੰਧਨ ਮਜ਼ਬੂਤ ਹੁੰਦਾ ਹੈ। ਪਤੀ ਆਪਣੀ ਪਤਨੀ ਨੂੰ ਦਬਾਉਣ ਦੀ ਬਜਾਇ ਪਿਆਰ ਨਾਲ ਸਰਦਾਰੀ ਕਰੇਗਾ ਤੇ ਪਤਨੀ ਹਰ ਵਾਰੀ ਆਪਣੀ ਗੱਲ ਮੰਨਵਾਉਣ ਦੀ ਬਜਾਇ ਆਪਣੇ ਪਤੀ ਦੀ ਇੱਜ਼ਤ ਕਰੇਗੀ।—ਅਫ਼ਸੀਆਂ 5:28, 33; 1 ਪਤਰਸ 3:7.

18. (ੳ) ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖਣ ਲਈ ਸਾਨੂੰ ਕਿਵੇਂ ਯਹੋਵਾਹ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ? (ਅ) ਅਧਿਕਾਰ ਰੱਖਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਲੋਕਾਂ ਵਿਚ ਕੀ ਪੈਦਾ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ?

18 ਪਰਿਵਾਰ ਅਤੇ ਕਲੀਸਿਯਾ ਵਿਚ ਜਿਨ੍ਹਾਂ ਲੋਕਾਂ ਕੋਲ ਅਧਿਕਾਰ ਹੈ, ਉਨ੍ਹਾਂ ਨੂੰ ਖ਼ਾਸ ਤੌਰ ਤੇ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਚਾਹੀਦਾ ਹੈ ਕਿਉਂਕਿ ਗੁੱਸਾ ਦੂਜਿਆਂ ਵਿਚ ਪਿਆਰ ਦੀ ਬਜਾਇ ਡਰ ਪੈਦਾ ਕਰਦਾ ਹੈ। ਨਬੀ ਨਹੂਮ ਨੇ ਕਿਹਾ: “ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ।” (ਨਹੂਮ 1:3; ਕੁਲੁੱਸੀਆਂ 3:19) ਗੁੱਸੇ ਨੂੰ ਕਾਬੂ ਵਿਚ ਰੱਖਣਾ ਤਾਕਤ ਦੀ ਨਿਸ਼ਾਨੀ ਹੈ, ਜਦ ਕਿ ਗੁੱਸੇ ਨੂੰ ਭੜਕਣ ਦੇਣਾ ਕਮਜ਼ੋਰੀ ਦੀ ਨਿਸ਼ਾਨੀ ਹੈ। (ਕਹਾਉਤਾਂ 16:32) ਪਰਿਵਾਰ ਵਿਚ ਅਤੇ ਕਲੀਸਿਯਾ ਵਿਚ ਸਾਡਾ ਉਦੇਸ਼ ਦੂਜਿਆਂ ਵਿਚ ਪਿਆਰ ਪੈਦਾ ਕਰਨਾ ਹੋਣਾ ਚਾਹੀਦਾ ਹੈ—ਯਹੋਵਾਹ ਲਈ ਪਿਆਰ, ਇਕ ਦੂਸਰੇ ਲਈ ਪਿਆਰ ਅਤੇ ਸਹੀ ਸਿਧਾਂਤਾਂ ਲਈ ਪਿਆਰ। ਪਿਆਰ ਮੇਲ-ਮਿਲਾਪ ਦਾ ਸਭ ਤੋਂ ਮਜ਼ਬੂਤ ਬੰਧਨ ਹੈ ਅਤੇ ਸਹੀ ਕੰਮ ਕਰਨ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ।—1 ਕੁਰਿੰਥੀਆਂ 13:8, 13; ਕੁਲੁੱਸੀਆਂ 3:14.

19. ਯਹੋਵਾਹ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ ਅਤੇ ਸਾਡਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ?

19 ਯਹੋਵਾਹ ਨੂੰ ਜਾਣਨ ਦਾ ਮਤਲਬ ਹੈ ਉਸ ਦੀ ਸ਼ਕਤੀ ਨੂੰ ਪਛਾਣਨਾ। ਯਸਾਯਾਹ ਦੇ ਰਾਹੀਂ ਯਹੋਵਾਹ ਨੇ ਕਿਹਾ: “ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਹੈ, ਨਾ ਥੱਕਦਾ ਹੈ?” (ਯਸਾਯਾਹ 40:28) ਯਹੋਵਾਹ ਦੀ ਸ਼ਕਤੀ ਅਮੁੱਕ ਹੈ। ਜੇ ਅਸੀਂ ਆਪਣੇ ਆਪ ਉੱਤੇ ਭਰੋਸਾ ਰੱਖਣ ਦੀ ਬਜਾਇ ਉਸ ਉੱਤੇ ਭਰੋਸਾ ਰੱਖਦੇ ਹਾਂ, ਤਾਂ ਉਹ ਸਾਨੂੰ ਕਦੀ ਵੀ ਨਹੀਂ ਛੱਡੇਗਾ। ਉਹ ਸਾਨੂੰ ਯਕੀਨ ਦਿਵਾਉਂਦਾ ਹੈ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।” (ਯਸਾਯਾਹ 41:10) ਉਸ ਦੀ ਪ੍ਰੇਮਮਈ ਦੇਖ-ਭਾਲ ਪ੍ਰਤੀ ਸਾਡਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਯਹੋਵਾਹ ਨੇ ਸਾਨੂੰ ਜੋ ਵੀ ਤਾਕਤ ਬਖ਼ਸ਼ੀ ਹੈ, ਆਓ ਆਪਾਂ ਹਮੇਸ਼ਾ ਯਿਸੂ ਦੀ ਤਰ੍ਹਾਂ ਇਸ ਤਾਕਤ ਨੂੰ ਦੂਸਰਿਆਂ ਦੀ ਮਦਦ ਕਰਨ ਅਤੇ ਹੌਸਲਾ ਦੇਣ ਲਈ ਇਸਤੇਮਾਲ ਕਰੀਏ। ਆਓ ਆਪਾਂ ਆਪਣੀ ਜ਼ਬਾਨ ਨੂੰ ਲਗਾਮ ਦੇਈਏ, ਤਾਂਕਿ ਇਸ ਦੁਆਰਾ ਅਸੀਂ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ ਉਨ੍ਹਾਂ ਨੂੰ ਚੰਗਾ ਕਰੀਏ। ਅਤੇ ਆਓ ਆਪਾਂ ਹਮੇਸ਼ਾ ਅਧਿਆਤਮਿਕ ਤੌਰ ਤੇ ਜਾਗਦੇ ਰਹੀਏ, ਨਿਹਚਾ ਵਿਚ ਮਜ਼ਬੂਤ ਹੋਈਏ ਅਤੇ ਆਪਣੇ ਮਹਾਨ ਸਿਰਜਣਹਾਰ, ਯਹੋਵਾਹ ਪਰਮੇਸ਼ੁਰ ਦੀ ਤਾਕਤ ਨਾਲ ਤਕੜੇ ਹੁੰਦੇ ਜਾਈਏ।—1 ਕੁਰਿੰਥੀਆਂ 16:13.

[ਫੁਟਨੋਟ]

^ ਪੈਰਾ 9 ਲੱਗਦਾ ਹੈ ਕਿ ਯਹੂਦੀਆਂ ਨੂੰ ਮੂਸਾ ਦੁਆਰਾ ਲਿਖੀ ਬਿਵਸਥਾ ਦੀ ਕਾਪੀ ਲੱਭੀ ਸੀ ਜੋ ਕਈ ਸਦੀਆਂ ਪਹਿਲਾਂ ਹੈਕਲ ਵਿਚ ਰੱਖੀ ਗਈ ਸੀ।

ਕੀ ਤੁਸੀਂ ਸਮਝਾ ਸਕਦੇ ਹੋ?

• ਯਹੋਵਾਹ ਆਪਣੀ ਸ਼ਕਤੀ ਨੂੰ ਕਿਵੇਂ ਇਸਤੇਮਾਲ ਕਰਦਾ ਹੈ?

• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ਤੋਂ ਤਾਕਤ ਹਾਸਲ ਕਰ ਸਕਦੇ ਹਾਂ?

• ਸਾਨੂੰ ਆਪਣੀ ਜੀਭ ਦੀ ਤਾਕਤ ਕਿਵੇਂ ਇਸਤੇਮਾਲ ਕਰਨੀ ਚਾਹੀਦੀ ਹੈ?

• ਪਰਮੇਸ਼ੁਰ ਵੱਲੋਂ ਮਿਲਿਆ ਅਧਿਕਾਰ ਕਿਵੇਂ ਇਕ ਬਰਕਤ ਸਾਬਤ ਹੋ ਸਕਦੀ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਯਿਸੂ ਨੇ ਦੂਸਰਿਆਂ ਦੀ ਮਦਦ ਕਰਨ ਲਈ ਯਹੋਵਾਹ ਦੀ ਸ਼ਕਤੀ ਨੂੰ ਇਸਤੇਮਾਲ ਕੀਤਾ

[ਸਫ਼ੇ 17 ਉੱਤੇ ਤਸਵੀਰਾਂ]

ਜੇ ਸਾਡੇ ਵਿਚ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਦਾ ਜੋਸ਼ ਹੈ, ਤਾਂ ਇਸ ਤਰ੍ਹਾਂ ਕਰਨਾ ਸਾਡੇ ਵੱਸ ਵਿਚ ਹੋਵੇਗਾ