ਰਸੂਲਾਂ ਦੇ ਕੰਮ 28:1-31

  • ਮਾਲਟਾ ਦੇ ਕੰਢੇ ਉੱਤੇ (1-6)

  • ਪੁਬਲੀਉਸ ਦਾ ਪਿਤਾ ਠੀਕ ਹੋ ਗਿਆ (7-10)

  • ਰੋਮ ਵੱਲ ਨੂੰ (11-16)

  • ਪੌਲੁਸ ਨੇ ਰੋਮ ਵਿਚ ਯਹੂਦੀਆਂ ਨਾਲ ਗੱਲ ਕੀਤੀ (17-29)

  • ਪੌਲੁਸ ਨੇ ਦਲੇਰੀ ਨਾਲ ਦੋ ਸਾਲ ਪ੍ਰਚਾਰ ਕੀਤਾ (30, 31)

28  ਕੰਢੇ ਉੱਤੇ ਸਹੀ-ਸਲਾਮਤ ਪਹੁੰਚ ਕੇ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਸੀ।+ 2  ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਵੀ ਸੀ, ਇਸ ਲਈ ਟਾਪੂ ਉੱਤੇ ਰਹਿਣ ਵਾਲੇ ਲੋਕਾਂ* ਨੇ ਇਨਸਾਨੀਅਤ ਦੇ ਨਾਤੇ ਸਾਡੇ ਉੱਤੇ ਬੜੀ ਦਇਆ ਕਰ ਕੇ ਅੱਗ ਬਾਲ਼ੀ ਅਤੇ ਸਾਨੂੰ ਬੁਲਾ ਲਿਆ।  3  ਪਰ ਜਦੋਂ ਪੌਲੁਸ ਨੇ ਲੱਕੜਾਂ ਇਕੱਠੀਆਂ ਕਰ ਕੇ ਅੱਗ ਉੱਤੇ ਰੱਖੀਆਂ, ਤਾਂ ਅੱਗ ਦੇ ਸੇਕ ਨਾਲ ਇਕ ਜ਼ਹਿਰੀਲਾ ਸੱਪ ਨਿਕਲ ਆਇਆ ਅਤੇ ਉਸ ਦੇ ਹੱਥ ਨੂੰ ਲਪੇਟਾ ਮਾਰ ਲਿਆ।  4  ਜਦੋਂ ਟਾਪੂ ਦੇ ਲੋਕਾਂ ਨੇ ਪੌਲੁਸ ਦੇ ਹੱਥ ਨਾਲ ਜ਼ਹਿਰੀਲੇ ਸੱਪ ਨੂੰ ਲਟਕਦੇ ਹੋਏ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗ ਪਏ: “ਇਹ ਆਦਮੀ ਜ਼ਰੂਰ ਕਾਤਲ ਹੋਣਾ। ਭਾਵੇਂ ਇਹ ਸਮੁੰਦਰ ਤੋਂ ਤਾਂ ਬਚ ਗਿਆ, ਪਰ ਨਿਆਂ* ਨੇ ਇਸ ਦੀ ਜਾਨ ਨਹੀਂ ਬਖ਼ਸ਼ੀ।”  5  ਪਰ ਪੌਲੁਸ ਨੂੰ ਕੁਝ ਨਹੀਂ ਹੋਇਆ ਅਤੇ ਉਸ ਨੇ ਆਪਣਾ ਹੱਥ ਝਟਕ ਕੇ ਸੱਪ ਨੂੰ ਅੱਗ ਵਿਚ ਸੁੱਟ ਦਿੱਤਾ।  6  ਫਿਰ ਵੀ ਲੋਕਾਂ ਨੂੰ ਲੱਗ ਰਿਹਾ ਸੀ ਕਿ ਪੌਲੁਸ ਦਾ ਸਾਰਾ ਸਰੀਰ ਸੁੱਜ ਜਾਵੇਗਾ ਜਾਂ ਫਿਰ ਉਹ ਅਚਾਨਕ ਮਰ ਜਾਵੇਗਾ। ਕਾਫ਼ੀ ਸਮੇਂ ਤਕ ਉਡੀਕ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਨੂੰ ਕੁਝ ਵੀ ਨਾ ਹੋਇਆ, ਤਾਂ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਅਤੇ ਕਹਿਣ ਲੱਗੇ ਕਿ ਉਹ ਕੋਈ ਦੇਵਤਾ ਹੋਣਾ। 7  ਉਸ ਜਗ੍ਹਾ ਦੇ ਲਾਗੇ ਉਸ ਟਾਪੂ ਦੇ ਸਰਦਾਰ ਪੁਬਲੀਉਸ ਦੇ ਖੇਤ ਸਨ। ਉਸ ਨੇ ਪਿਆਰ ਨਾਲ ਸਾਡਾ ਸੁਆਗਤ ਕੀਤਾ ਅਤੇ ਤਿੰਨ ਦਿਨ ਸਾਡੀ ਪਰਾਹੁਣਚਾਰੀ ਕੀਤੀ।  8  ਉਸ ਵੇਲੇ ਪੁਬਲੀਉਸ ਦਾ ਪਿਤਾ ਮੰਜੀ ʼਤੇ ਪਿਆ ਹੋਇਆ ਸੀ ਕਿਉਂਕਿ ਉਸ ਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਮਰੋੜ ਲੱਗੇ ਹੋਏ ਸਨ। ਪੌਲੁਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਆਪਣੇ ਹੱਥ ਰੱਖ ਕੇ ਉਸ ਨੂੰ ਠੀਕ ਕੀਤਾ।+ 9  ਇਹ ਦੇਖ ਕੇ ਟਾਪੂ ਦੇ ਹੋਰ ਲੋਕ ਵੀ ਜਿਨ੍ਹਾਂ ਨੂੰ ਬੀਮਾਰੀਆਂ ਲੱਗੀਆਂ ਹੋਈਆਂ ਸਨ, ਉਸ ਕੋਲ ਆਉਣੇ ਸ਼ੁਰੂ ਹੋ ਗਏ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ।+ 10  ਉਨ੍ਹਾਂ ਨੇ ਬੜੇ ਆਦਰ ਨਾਲ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਅਤੇ ਜਦੋਂ ਅਸੀਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਜਾਣ ਲੱਗੇ, ਤਾਂ ਉਨ੍ਹਾਂ ਨੇ ਸਾਡੇ ਲਈ ਸਾਰੀਆਂ ਲੋੜੀਂਦੀਆਂ ਚੀਜ਼ਾਂ ਵੀ ਲੱਦ ਦਿੱਤੀਆਂ। 11  ਤਿੰਨ ਮਹੀਨਿਆਂ ਬਾਅਦ ਅਸੀਂ ਸਿਕੰਦਰੀਆ ਦੇ ਜਹਾਜ਼ ਵਿਚ ਬੈਠ ਕੇ ਰਵਾਨਾ ਹੋਏ ਜਿਸ ਦੇ ਅੱਗੇ “ਜ਼ੂਸ ਦੇ ਪੁੱਤਰਾਂ” ਦਾ ਨਿਸ਼ਾਨ ਸੀ। ਇਹ ਜਹਾਜ਼ ਸਾਰਾ ਸਿਆਲ਼ ਮਾਲਟਾ ਟਾਪੂ ਉੱਤੇ ਖੜ੍ਹਾ ਰਿਹਾ ਸੀ।  12  ਸੈਰਾਕੁਸ ਪਹੁੰਚ ਕੇ ਅਸੀਂ ਉੱਥੇ ਤਿੰਨ ਦਿਨ ਰਹੇ;  13  ਉੱਥੋਂ ਰਵਾਨਾ ਹੋ ਕੇ ਅਸੀਂ ਰੇਗਿਉਨ ਪਹੁੰਚੇ। ਅਗਲੇ ਦਿਨ ਦੱਖਣ ਵੱਲੋਂ ਹਵਾ ਵਗਣੀ ਸ਼ੁਰੂ ਹੋ ਗਈ ਅਤੇ ਅਸੀਂ ਦੂਸਰੇ ਦਿਨ ਪਤਿਉਲੇ ਪਹੁੰਚ ਗਏ।  14  ਉੱਥੇ ਸਾਨੂੰ ਭਰਾ ਮਿਲੇ ਅਤੇ ਉਨ੍ਹਾਂ ਦੇ ਮਿੰਨਤਾਂ ਕਰਨ ਤੇ ਅਸੀਂ ਉਨ੍ਹਾਂ ਕੋਲ ਸੱਤ ਦਿਨ ਰਹੇ। ਫਿਰ ਅਸੀਂ ਰੋਮ ਵੱਲ ਨੂੰ ਤੁਰ ਪਏ।  15  ਜਦੋਂ ਰੋਮ ਦੇ ਭਰਾਵਾਂ ਨੂੰ ਸਾਡੇ ਆਉਣ ਦੀ ਖ਼ਬਰ ਮਿਲੀ, ਤਾਂ ਕੁਝ ਭਰਾ ਸਾਨੂੰ ਮਿਲਣ “ਤਿੰਨ ਸਰਾਂਵਾਂ” ਨਾਂ ਦੀ ਜਗ੍ਹਾ ਆਏ ਅਤੇ ਕੁਝ ਭਰਾ ਤਾਂ ਐਪੀਅਸ ਬਾਜ਼ਾਰ ਤਕ ਆਏ। ਉਨ੍ਹਾਂ ਨੂੰ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।+ 16  ਅਖ਼ੀਰ ਜਦੋਂ ਅਸੀਂ ਰੋਮ ਪਹੁੰਚ ਗਏ, ਤਾਂ ਪੌਲੁਸ ਨੂੰ ਇਕ ਫ਼ੌਜੀ ਦੀ ਨਿਗਰਾਨੀ ਅਧੀਨ ਇਕੱਲੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ। 17  ਪਰ ਤਿੰਨਾਂ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਸੱਦਿਆ। ਜਦੋਂ ਉਹ ਇਕੱਠੇ ਹੋਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਭਾਵੇਂ ਮੈਂ ਆਪਣੇ ਲੋਕਾਂ ਦੇ ਖ਼ਿਲਾਫ਼ ਜਾਂ ਆਪਣੇ ਪਿਉ-ਦਾਦਿਆਂ ਦੇ ਰੀਤੀ-ਰਿਵਾਜਾਂ ਦੇ ਉਲਟ ਕੁਝ ਵੀ ਨਹੀਂ ਕੀਤਾ ਹੈ,+ ਫਿਰ ਵੀ ਮੈਨੂੰ ਯਰੂਸ਼ਲਮ ਵਿਚ ਕੈਦ ਕਰ ਕੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ।+ 18  ਪੁੱਛ-ਪੜਤਾਲ ਕਰਨ ਤੋਂ ਬਾਅਦ+ ਰੋਮੀ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਸੀ।+ 19  ਪਰ ਯਹੂਦੀਆਂ ਨੇ ਇਤਰਾਜ਼ ਕੀਤਾ, ਇਸ ਲਈ ਮੈਨੂੰ ਮਜਬੂਰ ਹੋ ਕੇ ਸਮਰਾਟ* ਨੂੰ ਫ਼ਰਿਆਦ ਕਰਨੀ ਪਈ,+ ਪਰ ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ ਉੱਤੇ ਕੋਈ ਦੋਸ਼ ਲਾਉਣਾ ਸੀ।  20  ਮੈਂ ਤੁਹਾਨੂੰ ਸੱਦ ਕੇ ਇਸ ਬਾਰੇ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਜਿਸ ਉੱਤੇ ਇਜ਼ਰਾਈਲ ਨੇ ਉਮੀਦ ਰੱਖੀ ਹੈ, ਮੈਂ ਉਸੇ ਦੀ ਖ਼ਾਤਰ ਬੇੜੀਆਂ ਨਾਲ ਬੱਝਾ ਹੋਇਆ ਹਾਂ।”+ 21  ਉਨ੍ਹਾਂ ਨੇ ਉਸ ਨੂੰ ਕਿਹਾ: “ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਨਾ ਤਾਂ ਕੋਈ ਚਿੱਠੀ ਮਿਲੀ ਹੈ ਅਤੇ ਨਾ ਹੀ ਉੱਥੋਂ ਆਏ ਸਾਡੇ ਯਹੂਦੀ ਭਰਾਵਾਂ ਨੇ ਤੇਰੇ ਬਾਰੇ ਕੋਈ ਬੁਰੀ ਗੱਲ ਦੱਸੀ ਜਾਂ ਕਹੀ ਹੈ।  22  ਪਰ ਅਸੀਂ ਇਹ ਠੀਕ ਸਮਝਦੇ ਹਾਂ ਕਿ ਤੇਰੇ ਮੂੰਹੋਂ ਤੇਰੇ ਵਿਚਾਰ ਸੁਣੇ ਜਾਣ ਕਿਉਂਕਿ ਅਸੀਂ ਸੁਣਿਆ ਹੈ+ ਕਿ ਇਸ ਪੰਥ ਦੀ ਹਰ ਜਗ੍ਹਾ ਨਿੰਦਿਆ ਕੀਤੀ ਜਾਂਦੀ ਹੈ।”+ 23  ਉਨ੍ਹਾਂ ਨੇ ਉਸ ਨਾਲ ਮਿਲਣ ਲਈ ਇਕ ਦਿਨ ਰੱਖਿਆ ਅਤੇ ਉਸ ਦਿਨ ਹੋਰ ਵੀ ਜ਼ਿਆਦਾ ਲੋਕ ਉਸ ਦੇ ਘਰ ਇਕੱਠੇ ਹੋਏ। ਸਵੇਰ ਤੋਂ ਲੈ ਕੇ ਸ਼ਾਮ ਤਕ ਪੌਲੁਸ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦਾ ਰਿਹਾ ਅਤੇ ਮੂਸਾ ਦੇ ਕਾਨੂੰਨ+ ਅਤੇ ਨਬੀਆਂ ਦੀਆਂ ਲਿਖਤਾਂ+ ਵਿੱਚੋਂ ਦਲੀਲਾਂ ਦੇ ਕੇ ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਨ।+ 24  ਕੁਝ ਲੋਕ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ; ਪਰ ਕਈਆਂ ਨੇ ਵਿਸ਼ਵਾਸ ਨਾ ਕੀਤਾ।  25  ਕਿਉਂਕਿ ਉਹ ਇਕ-ਦੂਜੇ ਨਾਲ ਸਹਿਮਤ ਨਹੀਂ ਸਨ, ਇਸ ਲਈ ਜਦੋਂ ਉਹ ਉੱਠ ਕੇ ਤੁਰਨ ਲੱਗੇ, ਤਾਂ ਪੌਲੁਸ ਨੇ ਬੱਸ ਇਹੀ ਕਿਹਾ: “ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪਿਉ-ਦਾਦਿਆਂ ਨੂੰ ਕਹੀ ਪਵਿੱਤਰ ਸ਼ਕਤੀ ਦੀ ਇਹ ਗੱਲ ਬਿਲਕੁਲ ਸਹੀ ਹੈ,  26  ‘ਜਾ ਕੇ ਇਸ ਪਰਜਾ ਨੂੰ ਕਹਿ: “ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ; ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਨਹੀਂ ਪਵੇਗਾ।+ 27  ਕਿਉਂਕਿ ਇਨ੍ਹਾਂ ਲੋਕਾਂ ਦੇ ਮਨ ਸੁੰਨ ਹੋ ਗਏ ਹਨ। ਇਹ ਆਪਣੇ ਕੰਨਾਂ ਨਾਲ ਸੁਣਦੇ ਤਾਂ ਹਨ, ਪਰ ਕਰਦੇ ਕੁਝ ਨਹੀਂ। ਇਨ੍ਹਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਤਾਂਕਿ ਨਾ ਕਦੇ ਇਹ ਆਪਣੀਆਂ ਅੱਖਾਂ ਨਾਲ ਦੇਖਣ, ਨਾ ਆਪਣੇ ਕੰਨਾਂ ਨਾਲ ਸੁਣਨ ਤੇ ਨਾ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੇ ਦਿਲਾਂ ʼਤੇ ਅਸਰ ਪੈਣ ਦੇਣ ਅਤੇ ਮੁੜ ਆਉਣ ਤੇ ਮੈਂ ਇਨ੍ਹਾਂ ਨੂੰ ਚੰਗਾ ਕਰਾਂ।”’+ 28  ਇਸ ਲਈ ਤੁਸੀਂ ਜਾਣ ਲਓ ਕਿ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਵੱਲੋਂ ਮੁਕਤੀ ਦਾ ਸੰਦੇਸ਼ ਸੁਣਾਇਆ ਗਿਆ ਹੈ;+ ਉਹ ਕੌਮਾਂ ਜ਼ਰੂਰ ਇਹ ਸੰਦੇਸ਼ ਸੁਣਨਗੀਆਂ।”+ 29  *​— 30  ਉਹ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿਚ ਰਿਹਾ+ ਅਤੇ ਜਿਹੜੇ ਵੀ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਸਾਰਿਆਂ ਦਾ ਪਿਆਰ ਨਾਲ ਸੁਆਗਤ ਕਰਦਾ ਸੀ।  31  ਉਹ ਬੇਝਿਜਕ ਹੋ ਕੇ* ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਸੀ।+

ਫੁਟਨੋਟ

ਯੂਨਾ, “ਹੋਰ ਭਾਸ਼ਾ ਬੋਲਣ ਵਾਲੇ ਲੋਕਾਂ।”
ਯੂਨਾ, “ਡਾਇਕੀ।” ਇੱਥੇ ਸ਼ਾਇਦ ਬਦਲਾ ਲੈਣ ਵਾਲੀ ਨਿਆਂ ਦੀ ਦੇਵੀ ਦੀ ਗੱਲ ਕੀਤੀ ਹੈ ਜਾਂ ਫਿਰ ਨਿਆਂ ਨੂੰ ਇਨਸਾਨ ਦੇ ਰੂਪ ਵਿਚ ਦਰਸਾਇਆ ਗਿਆ ਹੈ।
ਯੂਨਾ, “ਕੈਸਰ।”
ਜਾਂ, “ਦਲੇਰੀ ਨਾਲ।”