ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ 2:1-20
2 ਭਰਾਵੋ, ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਬੇਕਾਰ ਨਹੀਂ ਗਿਆ।+
2 ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਫ਼ਿਲਿੱਪੈ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ+ ਅਤੇ ਸਾਨੂੰ ਬੇਇੱਜ਼ਤ ਕੀਤਾ ਗਿਆ, ਫਿਰ ਵੀ ਅਸੀਂ ਪਰਮੇਸ਼ੁਰ ਦੀ ਮਦਦ ਨਾਲ ਦਲੇਰ* ਹੋ ਕੇ ਸਖ਼ਤ ਵਿਰੋਧ ਦੇ ਬਾਵਜੂਦ* ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ।+
3 ਅਸੀਂ ਤੁਹਾਨੂੰ ਜੋ ਵੀ ਨਸੀਹਤ ਦਿੰਦੇ ਹਾਂ, ਉਹ ਗ਼ਲਤ ਵਿਚਾਰਾਂ ਦੇ ਆਧਾਰ ’ਤੇ ਜਾਂ ਗ਼ਲਤ ਇਰਾਦੇ ਨਾਲ ਜਾਂ ਧੋਖਾ ਦੇਣ ਲਈ ਨਹੀਂ ਦਿੰਦੇ,
4 ਸਗੋਂ ਪਰਮੇਸ਼ੁਰ ਨੇ ਸਾਨੂੰ ਕਾਬਲ ਸਮਝ ਕੇ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਸੌਂਪਿਆ ਹੈ। ਇਸ ਲਈ ਅਸੀਂ ਜੋ ਵੀ ਕਹਿੰਦੇ ਹਾਂ, ਉਹ ਇਨਸਾਨਾਂ ਦੀ ਬਜਾਇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕਹਿੰਦੇ ਹਾਂ ਜਿਹੜਾ ਸਾਡੇ ਦਿਲਾਂ ਨੂੰ ਜਾਂਚਦਾ ਹੈ।+
5 ਅਸਲ ਵਿਚ, ਤੁਸੀਂ ਜਾਣਦੇ ਹੋ ਕਿ ਅਸੀਂ ਨਾ ਕਿਸੇ ਦੀ ਚਾਪਲੂਸੀ ਕੀਤੀ ਅਤੇ ਨਾ ਹੀ ਲਾਲਚ ਵਿਚ ਆ ਕੇ ਕੁਝ ਕੀਤਾ ਅਤੇ ਫਿਰ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।+ ਪਰਮੇਸ਼ੁਰ ਇਸ ਗੱਲ ਦਾ ਗਵਾਹ ਹੈ!
6 ਅਸੀਂ ਨਾ ਤੁਹਾਡੇ ਤੋਂ ਅਤੇ ਨਾ ਹੀ ਦੂਸਰਿਆਂ ਤੋਂ ਆਪਣੀ ਵਾਹ-ਵਾਹ ਕਰਾਉਣੀ ਚਾਹੀ, ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਪਾ ਸਕਦੇ ਸੀ।+
7 ਇਸ ਦੀ ਬਜਾਇ, ਅਸੀਂ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਏ, ਜਿਵੇਂ ਮਾਂ ਆਪਣੇ ਦੁੱਧ ਚੁੰਘਦੇ ਬੱਚੇ ਦੀ ਪਿਆਰ ਨਾਲ ਦੇਖ-ਭਾਲ ਕਰਦੀ ਹੈ।
8 ਇਸ ਲਈ ਤੁਹਾਡੇ ਨਾਲ ਬਹੁਤ ਪਿਆਰ ਅਤੇ ਮੋਹ ਹੋਣ ਕਰਕੇ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਹੀ ਨਹੀਂ,+ ਸਗੋਂ ਤੁਹਾਡੇ ਲਈ ਆਪਣੀਆਂ ਜਾਨਾਂ ਵੀ ਵਾਰਨ ਲਈ ਤਿਆਰ ਸੀ।+
9 ਭਰਾਵੋ, ਤੁਹਾਨੂੰ ਜ਼ਰੂਰ ਯਾਦ ਹੋਣਾ ਕਿ ਅਸੀਂ ਕਿੰਨੀ ਅਣਥੱਕ ਮਿਹਨਤ ਕੀਤੀ। ਜਦੋਂ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ, ਤਾਂ ਅਸੀਂ ਦਿਨ-ਰਾਤ ਕੰਮ ਕੀਤਾ ਤਾਂਕਿ ਅਸੀਂ ਤੁਹਾਡੇ ਵਿੱਚੋਂ ਕਿਸੇ ਉੱਤੇ ਵੀ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।+
10 ਤੁਹਾਡੇ ਨਾਲ-ਨਾਲ ਪਰਮੇਸ਼ੁਰ ਵੀ ਇਸ ਗੱਲ ਦਾ ਗਵਾਹ ਹੈ ਕਿ ਤੁਹਾਡੀ ਮਦਦ ਕਰਨ ਦੇ ਸੰਬੰਧ ਵਿਚ ਅਸੀਂ ਵਫ਼ਾਦਾਰ, ਧਰਮੀ ਅਤੇ ਨਿਰਦੋਸ਼ ਸਾਬਤ ਹੋਏ।
11 ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਨਸੀਹਤਾਂ, ਦਿਲਾਸਾ ਅਤੇ ਸਲਾਹਾਂ ਦਿੰਦੇ ਰਹੇ,+ ਠੀਕ ਜਿਵੇਂ ਪਿਤਾ+ ਆਪਣੇ ਬੱਚਿਆਂ ਨੂੰ ਦਿੰਦਾ ਹੈ
12 ਤਾਂਕਿ ਤੁਹਾਡਾ ਚਾਲ-ਚਲਣ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ+ ਜਿਸ ਨੇ ਤੁਹਾਨੂੰ ਆਪਣੇ ਰਾਜ ਵਿਚ+ ਮਹਿਮਾ ਪਾਉਣ ਲਈ ਸੱਦਿਆ ਹੈ।+
13 ਇਸੇ ਕਰਕੇ ਅਸੀਂ ਪਰਮੇਸ਼ੁਰ ਦਾ ਵਾਰ-ਵਾਰ ਧੰਨਵਾਦ ਕਰਦੇ ਹਾਂ+ ਕਿ ਜਦੋਂ ਤੁਸੀਂ ਸਾਡੇ ਤੋਂ ਪਰਮੇਸ਼ੁਰ ਦਾ ਬਚਨ ਸੁਣਿਆ, ਤਾਂ ਤੁਸੀਂ ਇਸ ਨੂੰ ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ ਜੋ ਕਿ ਸੱਚ-ਮੁੱਚ ਹੈ ਅਤੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਪ੍ਰਭਾਵ ਪਾ ਰਿਹਾ ਹੈ।
14 ਭਰਾਵੋ, ਤੁਸੀਂ ਯਹੂਦਿਯਾ ਵਿਚ ਪਰਮੇਸ਼ੁਰ ਦੀਆਂ ਮੰਡਲੀਆਂ ਦੀ ਮਿਸਾਲ ਉੱਤੇ ਚੱਲੇ ਜਿਹੜੀਆਂ ਮਸੀਹ ਯਿਸੂ ਨਾਲ ਏਕਤਾ ਵਿਚ ਹਨ। ਜਿਵੇਂ ਉੱਥੇ ਦੇ ਭਰਾ ਯਹੂਦੀਆਂ ਦੇ ਹੱਥੋਂ+ ਅਤਿਆਚਾਰ ਸਹਿ ਰਹੇ ਹਨ, ਉਸੇ ਤਰ੍ਹਾਂ ਤੁਸੀਂ ਵੀ ਆਪਣੀ ਕੌਮ ਦੇ ਲੋਕਾਂ ਦੇ ਹੱਥੋਂ ਅਤਿਆਚਾਰ ਸਹੇ ਹਨ।
15 ਯਹੂਦੀਆਂ ਨੇ ਤਾਂ ਪ੍ਰਭੂ ਯਿਸੂ+ ਅਤੇ ਨਬੀਆਂ ਨੂੰ ਵੀ ਜਾਨੋਂ ਮਾਰ ਦਿੱਤਾ ਸੀ+ ਅਤੇ ਉਨ੍ਹਾਂ ਨੇ ਸਾਡੇ ਉੱਤੇ ਅਤਿਆਚਾਰ ਕੀਤੇ। ਨਾਲੇ ਉਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦੇ, ਸਗੋਂ ਸਾਰੇ ਲੋਕਾਂ ਦੇ ਭਲੇ ਦੇ ਖ਼ਿਲਾਫ਼ ਕੰਮ ਕਰਦੇ ਹਨ।
16 ਅਸੀਂ ਹੋਰ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਤਾਂਕਿ ਉਨ੍ਹਾਂ ਦੀਆਂ ਜਾਨਾਂ ਬਚ ਸਕਣ, ਪਰ ਉਹ ਸਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਹਨ।+ ਇਸ ਤਰ੍ਹਾਂ ਉਹ ਆਪਣੇ ਪਾਪਾਂ ਦਾ ਘੜਾ ਹਮੇਸ਼ਾ ਭਰਦੇ ਰਹਿੰਦੇ ਹਨ। ਪਰ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕੇਗਾ।+
17 ਪਰ ਭਰਾਵੋ, ਜਦੋਂ ਸਾਨੂੰ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤਾ ਗਿਆ ਸੀ (ਨਜ਼ਰਾਂ ਤੋਂ ਦੂਰ, ਪਰ ਦਿਲਾਂ ਤੋਂ ਦੂਰ ਨਹੀਂ), ਤਾਂ ਅਸੀਂ ਤੁਹਾਨੂੰ ਦੁਬਾਰਾ ਮਿਲਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿਉਂਕਿ ਅਸੀਂ ਤੁਹਾਨੂੰ ਮਿਲਣ ਲਈ* ਤਰਸ ਰਹੇ ਸੀ।
18 ਇਸ ਕਰਕੇ ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸੀ। ਹਾਂ, ਮੈਂ ਪੌਲੁਸ ਨੇ ਇਕ ਵਾਰ ਨਹੀਂ, ਸਗੋਂ ਦੋ ਵਾਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਸ਼ੈਤਾਨ ਨੇ ਸਾਡਾ ਰਾਹ ਰੋਕਿਆ।
19 ਸਾਡੇ ਪ੍ਰਭੂ ਯਿਸੂ ਦੀ ਮੌਜੂਦਗੀ ਦੌਰਾਨ ਉਸ ਦੇ ਸਾਮ੍ਹਣੇ ਸਾਡੀ ਉਮੀਦ, ਸਾਡੀ ਖ਼ੁਸ਼ੀ ਅਤੇ ਸਾਡੇ ਮਾਣ ਦਾ ਮੁਕਟ ਕੌਣ ਹੈ? ਕੀ ਤੁਸੀਂ ਨਹੀਂ ਹੋ?+
20 ਹਾਂ, ਤੁਸੀਂ ਹੀ ਸਾਡਾ ਮਾਣ ਅਤੇ ਸਾਡੀ ਖ਼ੁਸ਼ੀ ਹੋ।