Skip to content

Skip to table of contents

ਹੰਕਾਰੀ ਨਾ ਬਣੋ

ਹੰਕਾਰੀ ਨਾ ਬਣੋ

ਹੰਕਾਰੀ ਨਾ ਬਣੋ

‘ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ।’—ਯਾਕੂਬ 4:6.

1. ਇਕ ਉਦਾਹਰਣ ਦੇ ਕੇ ਸਮਝਾਓ ਕਿ ਗਰਬ ਕਰਨਾ ਹਮੇਸ਼ਾ ਗ਼ਲਤ ਨਹੀਂ ਹੁੰਦਾ।

ਕੀ ਕਿਸੇ ਗੱਲ ਕਾਰਨ ਤੁਹਾਡੀ ਛਾਤੀ ਗਰਬ ਨਾਲ ਚੌੜੀ ਹੋਈ ਹੈ? ਅਸੀਂ ਸਾਰਿਆਂ ਨੇ ਕਦੇ-ਨ-ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ। ਗਰਬ ਕਰਨਾ ਹਮੇਸ਼ਾ ਗ਼ਲਤ ਨਹੀਂ ਹੁੰਦਾ। ਮਿਸਾਲ ਲਈ, ਜਦ ਮਾਪੇ ਆਪਣੀ ਧੀ ਦੀ ਸਕੂਲ ਦੀ ਰਿਪੋਰਟ ਵਿਚ ਪੜ੍ਹਦੇ ਹਨ ਕਿ ਉਹ ਮਿਹਨਤੀ ਹੈ ਤੇ ਸਾਰਿਆਂ ਨਾਲ ਤਮੀਜ਼ ਨਾਲ ਪੇਸ਼ ਆਉਂਦੀ ਹੈ, ਤਾਂ ਗਰਬ ਨਾਲ ਉਨ੍ਹਾਂ ਦਾ ਸਿਰ ਉੱਚਾ ਹੋ ਜਾਂਦਾ ਹੈ। ਪੌਲੁਸ ਰਸੂਲ ਤੇ ਉਸ ਦੇ ਸਾਥੀਆਂ ਨੂੰ ਵੀ ਇਸ ਗੱਲ ਦਾ ਗਰਬ ਸੀ ਕਿ ਉਨ੍ਹਾਂ ਦੁਆਰਾ ਸਥਾਪਿਤ ਕੀਤੀ ਇਕ ਨਵੀਂ ਕਲੀਸਿਯਾ ਦੇ ਭੈਣ-ਭਰਾ ਜ਼ੁਲਮ ਸਹਿਣ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ।—1 ਥੱਸਲੁਨੀਕੀਆਂ 1:1, 6; 2:19, 20; 2 ਥੱਸਲੁਨੀਕੀਆਂ 1:1, 4.

2. ਸਾਨੂੰ ਹੰਕਾਰ ਕਿਉਂ ਨਹੀਂ ਕਰਨਾ ਚਾਹੀਦਾ?

2 ਇਨ੍ਹਾਂ ਉਦਾਹਰਣਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਆਪਣੇ ਜਾਂ ਕਿਸੇ ਹੋਰ ਦੇ ਕੰਮ ਜਾਂ ਪ੍ਰਾਪਤੀ ਤੋਂ ਖ਼ੁਸ਼ ਹੋ ਕੇ ਉਸ ਉੱਤੇ ਗਰਬ ਕਰਦੇ ਹਾਂ। ਪਰ ਕਈ ਵਾਰ ਲੋਕ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਣ ਲੱਗ ਪੈਂਦੇ ਹਨ। ਉਹ ਸੋਚਣ ਲੱਗ ਪੈਂਦੇ ਹਨ ਕਿ ਉਹ ਆਪਣੀਆਂ ਯੋਗਤਾਵਾਂ, ਸੁੰਦਰਤਾ, ਦੌਲਤ ਜਾਂ ਰੁਤਬੇ ਕਰਕੇ ਦੂਸਰਿਆਂ ਨਾਲੋਂ ਬਿਹਤਰ ਹਨ। ਉਹ ਆਪਣੇ ਆਪ ਨੂੰ ਉੱਚਾ ਕਰ ਕੇ ਦੂਸਰਿਆਂ ਨੂੰ ਨੀਵਾਂ ਦਿਖਾਉਂਦੇ ਹਨ। ਪਰ ਮਸੀਹੀਆਂ ਵਜੋਂ ਸਾਨੂੰ ਹੰਕਾਰ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਨੂੰ ਆਦਮ ਤੋਂ ਖ਼ੁਦਗਰਜ਼ੀ ਮਿਲੀ ਹੈ। (ਉਤਪਤ 8:21) ਨਤੀਜੇ ਵਜੋਂ ਸਾਡਾ ਦਿਲ ਸੌਖਿਆਂ ਹੀ ਗ਼ਲਤ ਕਾਰਨਾਂ ਕਰਕੇ ਘਮੰਡੀ ਬਣ ਸਕਦਾ ਹੈ। ਮਿਸਾਲ ਲਈ, ਮਸੀਹੀਆਂ ਅੰਦਰ ਆਪਣੀ ਜਾਤ, ਦੌਲਤ, ਉੱਚੀ ਪੜ੍ਹਾਈ, ਯੋਗਤਾਵਾਂ ਜਾਂ ਕੰਮਾਂ ਕਰਕੇ ਹੰਕਾਰ ਆ ਸਕਦਾ ਹੈ। ਅਜਿਹੀਆਂ ਗੱਲਾਂ ਉੱਤੇ ਹੰਕਾਰ ਕਰਨਾ ਨਾ ਸਿਰਫ਼ ਗ਼ਲਤ ਹੈ, ਸਗੋਂ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਵੀ ਹੈ।—ਯਿਰਮਿਯਾਹ 9:23; ਰਸੂਲਾਂ ਦੇ ਕਰਤੱਬ 10:34, 35; 1 ਕੁਰਿੰਥੀਆਂ 4:7; ਗਲਾਤੀਆਂ 5:26; 6:3, 4.

3. ਯਿਸੂ ਨੇ ਹੰਕਾਰ ਬਾਰੇ ਕੀ ਕਿਹਾ ਸੀ?

3 ਹੰਕਾਰ ਨਾ ਕਰਨ ਦਾ ਇਕ ਹੋਰ ਵੀ ਕਾਰਨ ਹੈ। ਆਪਣੇ ਆਪ ਨੂੰ ਕੁਝ ਸਮਝਣ ਦੇ ਨਾਲ-ਨਾਲ ਹੰਕਾਰੀ ਇਨਸਾਨ ਦੂਸਰਿਆਂ ਨੂੰ ਤੁੱਛ ਸਮਝਦਾ ਹੈ। (ਲੂਕਾ 18:9; ਯੂਹੰਨਾ 7:47-49) ਯਿਸੂ ਨੇ “ਹੰਕਾਰ” ਨੂੰ ਹੋਰਨਾਂ ਔਗੁਣਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ ਜੋ “ਦਿਲ ਵਿੱਚੋਂ” ਨਿਕਲਦੇ ਹਨ ਅਤੇ “ਮਨੁੱਖ ਨੂੰ ਭਰਿਸ਼ਟ” ਕਰਦੇ ਹਨ। (ਮਰਕੁਸ 7:20-23) ਸੋ ਮਸੀਹੀ ਦੇਖ ਸਕਦੇ ਹਨ ਕਿ ਹੰਕਾਰ ਨਾ ਕਰਨਾ ਕਿੰਨਾ ਜ਼ਰੂਰੀ ਹੈ।

4. ਬਾਈਬਲ ਵਿਚ ਦਿੱਤੀਆਂ ਹੰਕਾਰੀ ਲੋਕਾਂ ਦੀਆਂ ਉਦਾਹਰਣਾਂ ਸਾਡੀ ਮਦਦ ਕਿਵੇਂ ਕਰ ਸਕਦੀਆਂ ਹਨ?

4 ਆਓ ਆਪਾਂ ਬਾਈਬਲ ਵਿੱਚੋਂ ਹੰਕਾਰੀ ਲੋਕਾਂ ਦੀਆਂ ਕੁਝ ਉਦਾਹਰਣਾਂ ਦੇਖੀਏ ਜੋ ਹੰਕਾਰੀ ਨਾ ਬਣਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ। ਇਨ੍ਹਾਂ ਉਦਾਹਰਣਾਂ ਉੱਤੇ ਸੋਚ-ਵਿਚਾਰ ਕਰ ਕੇ ਤੁਸੀਂ ਦੇਖ ਸਕੋਗੇ ਕਿ ਤੁਹਾਡਾ ਦਿਲ ਹੰਕਾਰ ਨਾਲ ਤਾਂ ਨਹੀਂ ਭਰ ਰਿਹਾ ਅਤੇ ਫਿਰ ਇਸ ਨੂੰ ਆਪਣੇ ਦਿਲ ਵਿੱਚੋਂ ਕੱਢ ਸਕੋਗੇ ਤਾਂਕਿ ਤੁਹਾਡਾ ਦਿਲ ਹੰਕਾਰੀ ਨਾ ਬਣੇ। ਨਤੀਜੇ ਵਜੋਂ ਤੁਸੀਂ ਉਨ੍ਹਾਂ ਵਿਚ ਨਹੀਂ ਗਿਣੇ ਜਾਓਗੇ ਜਿਨ੍ਹਾਂ ਬਾਰੇ ਪਰਮੇਸ਼ੁਰ ਕਹਿੰਦਾ ਹੈ: “ਮੈਂ ਉਸ ਵੇਲੇ ਤੇਰੇ ਵਿੱਚੋਂ ਤੇਰੇ ਹੰਕਾਰੀ ਅਭਮਾਨੀਆਂ ਨੂੰ ਕੱਢਾਂਗਾ, ਭਈ ਤੂੰ ਮੇਰੇ ਪਵਿੱਤ੍ਰ ਪਹਾੜ ਵਿੱਚ ਘੁਮੰਡ ਫੇਰ ਨਾ ਕਰੇਂ।”—ਸਫ਼ਨਯਾਹ 3:11.

ਪਰਮੇਸ਼ੁਰ ਹੰਕਾਰੀਆਂ ਨੂੰ ਸਜ਼ਾ ਦਿੰਦਾ ਹੈ

5, 6. ਫ਼ਿਰਊਨ ਨੇ ਆਪਣਾ ਹੰਕਾਰ ਕਿਵੇਂ ਜ਼ਾਹਰ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

5 ਆਓ ਆਪਾਂ ਦੇਖੀਏ ਕਿ ਯਹੋਵਾਹ ਫ਼ਿਰਊਨ ਵਰਗੇ ਹੰਕਾਰੀ ਰਾਜਿਆਂ ਨਾਲ ਕਿਵੇਂ ਪੇਸ਼ ਆਇਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫ਼ਿਰਊਨ ਬਹੁਤ ਹੀ ਹੰਕਾਰਿਆ ਹੋਇਆ ਸੀ। ਉਹ ਆਪਣੇ ਆਪ ਨੂੰ ਦੇਵਤਾ ਮੰਨਦਾ ਸੀ ਤੇ ਇਸਰਾਏਲੀ ਗ਼ੁਲਾਮਾਂ ਨੂੰ ਨੀਚ ਸਮਝਦਾ ਸੀ। ਧਿਆਨ ਦਿਓ ਕਿ ਉਸ ਨੇ ਕੀ ਕਿਹਾ ਸੀ ਜਦ ਮੂਸਾ ਨੇ ਉਸ ਨੂੰ ਇਸਰਾਏਲੀਆਂ ਨੂੰ ਜਾਣ ਦੇਣ ਦੀ ਫ਼ਰਮਾਇਸ਼ ਕੀਤੀ ਸੀ ਤਾਂਕਿ ਉਹ ਉਜਾੜ ਵਿਚ ਯਹੋਵਾਹ ਦਾ ‘ਪਰਬ ਮਨਾ’ ਸਕਣ। ਹੰਕਾਰ ਨਾਲ ਫ਼ਿਰਊਨ ਨੇ ਕਿਹਾ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ?”—ਕੂਚ 5:1, 2.

6 ਛੇਵੀਂ ਬਵਾਂ ਤੋਂ ਬਾਅਦ ਯਹੋਵਾਹ ਨੇ ਮੂਸਾ ਰਾਹੀਂ ਮਿਸਰ ਦੇ ਰਾਜੇ ਨੂੰ ਇਹ ਸੰਦੇਸ਼ ਘੱਲਿਆ: “ਹੁਣ ਤੀਕ ਤੂੰ ਮੇਰੀ ਪਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈਂ ਕਿ ਤੈਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ।” (ਕੂਚ 9:17) ਫਿਰ ਮੂਸਾ ਨੇ ਸੱਤਵੀਂ ਬਵਾਂ ਦਾ ਐਲਾਨ ਕੀਤਾ ਕਿ ਗੜੇ ਪੈਣ ਕਰਕੇ ਦੇਸ਼ ਉੱਤੇ ਵੱਡੀ ਤਬਾਹੀ ਆਵੇਗੀ। ਦਸਵੀਂ ਬਵਾਂ ਤੋਂ ਬਾਅਦ ਫ਼ਿਰਊਨ ਨੇ ਇਸਰਾਏਲੀਆਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਫਿਰ ਉਸ ਨੇ ਆਪਣਾ ਮਨ ਬਦਲ ਲਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ। ਜਦ ਫ਼ਿਰਊਨ ਤੇ ਉਸ ਦੀ ਫ਼ੌਜ ਲਾਲ ਸਮੁੰਦਰ ਵਿਚ ਉਤਰੀ, ਤਾਂ ਸਮੁੰਦਰ ਦੇ ਪਾਣੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ! ਫ਼ਿਰਊਨ ਦੇ ਹੰਕਾਰ ਦਾ ਕੀ ਨਤੀਜਾ ਨਿਕਲਿਆ? ਉਸ ਦੇ ਫ਼ੌਜੀਆਂ ਨੇ ਕਿਹਾ: “ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂ ਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ।”—ਕੂਚ 14:25.

7. ਬਾਬਲ ਦੇ ਰਾਜਿਆਂ ਨੇ ਹੰਕਾਰ ਕਿਵੇਂ ਕੀਤਾ?

7 ਯਹੋਵਾਹ ਨੇ ਦੂਸਰੇ ਹੰਕਾਰੀ ਰਾਜਿਆਂ ਦਾ ਵੀ ਘਮੰਡ ਤੋੜਿਆ ਸੀ। ਇਕ ਸੀ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ। (ਯਸਾਯਾਹ 36:1-4, 20; 37:36-38) ਬਾਬਲੀ ਲੋਕਾਂ ਨੇ ਅੱਸ਼ੂਰ ਨੂੰ ਹਰਾ ਕੇ ਉਸ ਦਾ ਘਮੰਡ ਤੋੜਿਆ। ਪਰ ਬਾਬਲ ਦੇ ਦੋ ਰਾਜਿਆਂ ਨੂੰ ਵੀ ਮੂੰਹ ਦੀ ਖਾਣੀ ਪਈ ਸੀ। ਯਾਦ ਕਰੋ ਕਿ ਬੇਲਸ਼ੱਸਰ ਰਾਜਾ ਨੇ ਇਕ ਦਾਅਵਤ ਦਿੱਤੀ ਸੀ। ਦਾਅਵਤ ਵਿਚ ਉਸ ਨੇ ਤੇ ਉਸ ਦੇ ਮਹਿਮਾਨਾਂ ਨੇ ਯਹੋਵਾਹ ਦੀ ਹੈਕਲ ਦੇ ਪਵਿੱਤਰ ਪਿਆਲਿਆਂ ਵਿਚ ਸ਼ਰਾਬ ਪੀਤੀ ਤੇ ਬਾਬਲੀ ਦੇਵੀ-ਦੇਵਤਿਆਂ ਦੀ ਵਡਿਆਈ ਕੀਤੀ। ਦਾਅਵਤ ਦੌਰਾਨ ਅਚਾਨਕ ਇਕ ਹੱਥ ਪ੍ਰਗਟ ਹੋਇਆ ਤੇ ਇਸ ਨੇ ਕੰਧ ਉੱਤੇ ਕੁਝ ਲਿਖਿਆ। ਜਦ ਬੇਲਸ਼ੱਸਰ ਨੇ ਦਾਨੀਏਲ ਨਬੀ ਨੂੰ ਇਸ ਦਾ ਮਤਲਬ ਦੱਸਣ ਲਈ ਕਿਹਾ, ਤਾਂ ਉਸ ਨੇ ਬੇਲਸ਼ੱਸਰ ਨੂੰ ਚੇਤੇ ਕਰਾਇਆ: ‘ਅੱਤ ਮਹਾਨ ਪਰਮੇਸ਼ੁਰ ਨੇ ਨਬੂਕਦਨੱਸਰ ਤੇਰੇ ਪਿਤਾ ਨੂੰ ਰਾਜ ਦਿੱਤਾ। ਪਰ ਜਦੋਂ ਉਸ ਦਾ ਸੁਭਾ ਹੰਕਾਰੀ ਹੋਇਆ, ਤਾਂ ਉਹ ਆਪਣੇ ਰਾਜ ਸਿੰਘਾਸਣ ਤੋਂ ਲਾਹਿਆ ਗਿਆ ਅਤੇ ਉਹ ਦੀ ਪਤ ਪਰਤੀਤ ਖੁੱਸ ਗਈ। ਪਰ ਹੇ ਬੇਲਸ਼ੱਸਰ, ਤੂੰ ਜੋ ਇਸ ਸਾਰੀ ਗੱਲ ਨੂੰ ਜਾਣ ਲਿਆ ਤਦ ਵੀ ਤੈਂ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ।’ (ਦਾਨੀਏਲ 5:3, 18, 20, 22) ਉਸੇ ਰਾਤ ਮਾਦੀ-ਫ਼ਾਰਸੀ ਫ਼ੌਜ ਨੇ ਬਾਬਲ ਉੱਤੇ ਹਮਲਾ ਕਰ ਕੇ ਬੇਲਸ਼ੱਸਰ ਨੂੰ ਮਾਰ ਮੁਕਾਇਆ।—ਦਾਨੀਏਲ 5:30, 31.

8. ਯਹੋਵਾਹ ਕੁਝ ਹੰਕਾਰੀ ਲੋਕਾਂ ਨਾਲ ਕਿਵੇਂ ਪੇਸ਼ ਆਇਆ ਸੀ?

8 ਹੋਰਨਾਂ ਹੰਕਾਰੀ ਆਦਮੀਆਂ ਬਾਰੇ ਵੀ ਸੋਚੋ ਜਿਨ੍ਹਾਂ ਨੇ ਯਹੋਵਾਹ ਦੇ ਲੋਕਾਂ ਨੂੰ ਨੀਚ ਸਮਝਿਆ: ਫਲਿਸਤੀ ਦੈਂਤ ਗੋਲਿਅਥ, ਫ਼ਾਰਸੀ ਪ੍ਰਧਾਨ ਮੰਤਰੀ ਹਾਮਾਨ ਅਤੇ ਯਹੂਦਿਯਾ ਦਾ ਰਾਜਾ ਹੇਰੋਦੇਸ ਅਗ੍ਰਿੱਪਾ। ਇਹ ਤਿੰਨੋਂ ਆਦਮੀ ਆਪਣੇ ਘਮੰਡ ਕਰਕੇ ਪਰਮੇਸ਼ੁਰ ਦੇ ਹੱਥੋਂ ਬੁਰੀ ਮੌਤ ਮਰੇ ਸਨ। (1 ਸਮੂਏਲ 17:42-51; ਅਸਤਰ 3:5, 6; 7:10; ਰਸੂਲਾਂ ਦੇ ਕਰਤੱਬ 12:1-3, 21-23) ਇਸ ਤੋਂ ਇਨ੍ਹਾਂ ਸ਼ਬਦਾਂ ਦੀ ਸੱਚਾਈ ਪਤਾ ਲੱਗਦੀ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।” (ਕਹਾਉਤਾਂ 16:18) ਇਸ ਵਿਚ ਕੋਈ ਸ਼ੱਕ ਨਹੀਂ ਕਿ “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ” ਹੈ।—ਯਾਕੂਬ 4:6.

9. ਸੂਰ ਦੇ ਬਾਦਸ਼ਾਹਾਂ ਨੇ ਯਹੋਵਾਹ ਦੇ ਲੋਕਾਂ ਨਾਲ ਕਿਵੇਂ ਗੱਦਾਰੀ ਕੀਤੀ?

9 ਮਿਸਰ, ਅੱਸ਼ੂਰ ਅਤੇ ਬਾਬਲ ਦੇ ਰਾਜਿਆਂ ਦੇ ਉਲਟ ਸੂਰ ਦੇਸ਼ ਦੇ ਬਾਦਸ਼ਾਹ ਨੇ ਇਕ ਸਮੇਂ ਤੇ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕੀਤੀ ਸੀ। ਦਾਊਦ ਅਤੇ ਸੁਲੇਮਾਨ ਪਾਤਸ਼ਾਹਾਂ ਦੇ ਰਾਜ ਦੌਰਾਨ ਸੂਰ ਦੇ ਬਾਦਸ਼ਾਹ ਨੇ ਪਰਮੇਸ਼ੁਰ ਦੀ ਹੈਕਲ ਤੇ ਰਾਜ ਮਹਿਲ ਬਣਾਉਣ ਲਈ ਕਾਰੀਗਰ ਤੇ ਸਾਮਾਨ ਭੇਜਿਆ। (2 ਸਮੂਏਲ 5:11; 2 ਇਤਹਾਸ 2:11-16) ਅਫ਼ਸੋਸ ਕਿ ਸਮੇਂ ਦੇ ਬੀਤਣ ਨਾਲ ਸੂਰ ਦੇ ਬਾਦਸ਼ਾਹ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕਰਨ ਲੱਗ ਪਏ। ਉਨ੍ਹਾਂ ਵਿਚ ਇਹ ਤਬਦੀਲੀ ਕਿਉਂ ਆਈ?—ਜ਼ਬੂਰਾਂ ਦੀ ਪੋਥੀ 83:3-7; ਯੋਏਲ 3:4-6; ਆਮੋਸ 1:9, 10.

‘ਤੇਰਾ ਦਿਲ ਮਗਰੂਰ ਸੀ’

10, 11. (ੳ) ਕਿਸ ਦੀ ਤੁਲਨਾ ਸੂਰ ਦੇ ਰਾਜਿਆਂ ਨਾਲ ਕੀਤੀ ਜਾ ਸਕਦੀ ਹੈ? (ਅ) ਸੂਰ ਦੇ ਰਾਜੇ ਇਸਰਾਏਲੀਆਂ ਉੱਤੇ ਜ਼ੁਲਮ ਕਿਉਂ ਕਰਨ ਲੱਗ ਪਏ ਸਨ?

10 ਯਹੋਵਾਹ ਨੇ ਆਪਣੇ ਨਬੀ ਹਿਜ਼ਕੀਏਲ ਨੂੰ ਸੂਰ ਦੇ ਰਾਜਿਆਂ ਦੇ ਦੋਸ਼ ਦਾ ਪਰਦਾ ਫ਼ਾਸ਼ ਕਰਨ ਤੇ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ ਪ੍ਰੇਰਿਤ ਕੀਤਾ। ਇਹ ਸੰਦੇਸ਼ “ਸੂਰ ਦੇ ਪਾਤਸ਼ਾਹ” ਲਈ ਸੀ, ਪਰ ਇਸ ਦੀਆਂ ਗੱਲਾਂ ਸੂਰ ਦੇ ਰਾਜਿਆਂ ਤੋਂ ਇਲਾਵਾ ਪਹਿਲੇ ਦਗਾਬਾਜ਼ ਸ਼ਤਾਨ ਉੱਤੇ ਵੀ ਲਾਗੂ ਕੀਤੀਆਂ ਜਾ ਸਕਦੀਆਂ ਹਨ ਜੋ “ਸਚਿਆਈ ਉੱਤੇ ਟਿਕਿਆ ਨਾ ਰਿਹਾ।” (ਹਿਜ਼ਕੀਏਲ 28:12; ਯੂਹੰਨਾ 8:44) ਸ਼ਤਾਨ ਪਹਿਲਾਂ ਯਹੋਵਾਹ ਪਰਮੇਸ਼ੁਰ ਦਾ ਵਫ਼ਾਦਾਰ ਫ਼ਰਿਸ਼ਤਾ ਹੁੰਦਾ ਸੀ। ਯਹੋਵਾਹ ਨੇ ਹਿਜ਼ਕੀਏਲ ਰਾਹੀਂ ਦੱਸਿਆ ਕਿ ਸੂਰ ਦੇ ਰਾਜੇ ਅਤੇ ਸ਼ਤਾਨ ਯਹੋਵਾਹ ਦਾ ਵਿਰੋਧ ਕਿਉਂ ਕਰਨ ਲੱਗ ਪਏ ਸਨ:

11 ‘ਤੂੰ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਵਿੱਚ ਸੈਂ, ਹਰੇਕ ਵੱਡਮੁੱਲਾ ਪੱਥਰ ਤੇਰੇ ਢੱਕਣ ਲਈ ਸੀ। ਤੂੰ ਮਸਹ ਕੀਤਾ ਹੋਇਆ ਕਰੂਬੀ ਸੈਂ, ਜਿਹੜਾ ਢੱਕਦਾ ਸੀ। ਤੂੰ ਆਪਣੇ ਜੰਮਣ ਦੇ ਦਿਹਾੜੇ ਤੋਂ ਆਪਣੇ ਮਾਰਗਾਂ ਵਿੱਚ ਪੂਰਾ ਸੈਂ। ਤੇਰੇ ਵਪਾਰ ਦੇ ਵਾਧੇ ਦੇ ਕਾਰਨ ਉਨ੍ਹਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ, ਅਤੇ ਤੈਂ ਪਾਪ ਕੀਤਾ। ਏਸ ਲਈ ਮੈਂ ਤੈਨੂੰ ਢੱਕਣ ਵਾਲੇ ਕਰੂਬੀ ਨੂੰ ਨਾਸ ਕਰ ਦਿਆਂਗਾ। ਤੇਰਾ ਦਿਲ ਤੇਰੀ ਸਹੁੱਪਣ ਵਿੱਚ ਮਗਰੂਰ ਸੀ, ਤੂੰ ਆਪਣੀ ਸ਼ਾਨ ਦੇ ਕਾਰਨ ਆਪਣੀ ਬੁੱਧੀ ਨਾਸ ਕਰ ਲਈ।’ (ਹਿਜ਼ਕੀਏਲ 28:13-17) ਜੀ ਹਾਂ, ਹੰਕਾਰ ਵਿਚ ਆ ਕੇ ਸੂਰ ਦੇ ਰਾਜਿਆਂ ਨੇ ਯਹੋਵਾਹ ਦੇ ਲੋਕਾਂ ਉੱਤੇ ਜ਼ੁਲਮ ਕੀਤੇ। ਸੂਰ ਵਪਾਰ ਦਾ ਕੇਂਦਰ ਬਣ ਗਿਆ ਜੋ ਸੋਹਣੀਆਂ-ਸੋਹਣੀਆਂ ਚੀਜ਼ਾਂ ਲਈ ਮਸ਼ਹੂਰ ਸੀ। (ਯਸਾਯਾਹ 23:8, 9) ਸੂਰ ਦੇ ਰਾਜੇ ਹੰਕਾਰੀ ਹੋ ਗਏ ਤੇ ਪਰਮੇਸ਼ੁਰ ਦੇ ਲੋਕਾਂ ਉੱਤੇ ਅਤਿਆਚਾਰ ਕਰਨ ਲੱਗ ਪਏ।

12. ਸ਼ਤਾਨ ਗੱਦਾਰ ਕਿਵੇਂ ਬਣਿਆ ਅਤੇ ਉਹ ਕੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ?

12 ਇਸੇ ਤਰ੍ਹਾਂ ਸ਼ਤਾਨ ਬਣਨ ਵਾਲੇ ਫ਼ਰਿਸ਼ਤੇ ਵਿਚ ਪਹਿਲਾਂ ਇੰਨੀ ਬੁੱਧ ਸੀ ਕਿ ਉਹ ਪਰਮੇਸ਼ੁਰ ਦਾ ਹਰ ਕੰਮ ਕਰ ਸਕਦਾ ਸੀ। ਪਰਮੇਸ਼ੁਰ ਦਾ ਅਹਿਸਾਨਮੰਦ ਹੋਣ ਦੀ ਬਜਾਇ ਉਹ ਘਮੰਡ ਨਾਲ “ਫੁੱਲ ਕੇ” ਪਰਮੇਸ਼ੁਰ ਦੇ ਰਾਜ ਕਰਨ ਦੇ ਤਰੀਕੇ ਨੂੰ ਤੁੱਛ ਸਮਝਣ ਲੱਗ ਪਿਆ। (1 ਤਿਮੋਥਿਉਸ 3:6) ਉਹ ਆਪਣੇ ਆਪ ਨੂੰ ਇੰਨਾ ਵੱਡਾ ਸਮਝਣ ਲੱਗ ਪਿਆ ਕਿ ਉਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਉਸ ਦੀ ਪੂਜਾ ਕਰਨ। ਇਸ ਬੁਰੀ ਇੱਛਾ ਨੇ ਪਾਪ ਨੂੰ ਜਨਮ ਦਿੱਤਾ। (ਯਾਕੂਬ 1:14, 15) ਸ਼ਤਾਨ ਨੇ ਹੱਵਾਹ ਨੂੰ ਉਹ ਫਲ ਖਾਣ ਲਈ ਭਰਮਾਇਆ ਜਿਸ ਨੂੰ ਖਾਣ ਤੋਂ ਪਰਮੇਸ਼ੁਰ ਨੇ ਮਨ੍ਹਾ ਕੀਤਾ ਸੀ। ਫਿਰ ਸ਼ਤਾਨ ਨੇ ਹੱਵਾਹ ਦੇ ਜ਼ਰੀਏ ਆਦਮ ਨੂੰ ਵੀ ਇਹ ਫਲ ਖਿਲਾਇਆ। (ਉਤਪਤ 3:1-6) ਇਸ ਤਰ੍ਹਾਂ ਪਹਿਲੇ ਮਨੁੱਖੀ ਜੋੜੇ ਨੇ ਪਰਮੇਸ਼ੁਰ ਦੇ ਰਾਜ ਨੂੰ ਨਕਾਰ ਦਿੱਤਾ ਅਤੇ ਕਿਹਾ ਜਾ ਸਕਦਾ ਹੈ ਕਿ ਉਹ ਸ਼ਤਾਨ ਦੀ ਪੂਜਾ ਕਰਨ ਲੱਗ ਪਏ। ਸ਼ਤਾਨ ਦੇ ਹੰਕਾਰ ਦੀ ਕੋਈ ਸੀਮਾ ਨਹੀਂ ਹੈ। ਉਸ ਨੇ ਸਵਰਗ ਵਿਚ ਸਾਰੇ ਫ਼ਰਿਸ਼ਤਿਆਂ ਨੂੰ ਤੇ ਧਰਤੀ ਉੱਤੇ ਸਾਰੇ ਇਨਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਤਾਂ ਯਿਸੂ ਮਸੀਹ ਨੂੰ ਵੀ ਉਸ ਅੱਗੇ ਮੱਥਾ ਟੇਕਣ ਤੇ ਯਹੋਵਾਹ ਦੇ ਰਾਜ ਨੂੰ ਠੁਕਰਾਉਣ ਲਈ ਭਰਮਾਉਣ ਦਾ ਜਤਨ ਕੀਤਾ!—ਮੱਤੀ 4:8-10; ਪਰਕਾਸ਼ ਦੀ ਪੋਥੀ 12:3, 4, 9.

13. ਹੰਕਾਰ ਦਾ ਕੀ ਨਤੀਜਾ ਨਿਕਲਿਆ ਹੈ?

13 ਤੁਸੀਂ ਦੇਖ ਸਕਦੇ ਹੋ ਕਿ ਹੰਕਾਰ ਦੀ ਸ਼ੁਰੂਆਤ ਸ਼ਤਾਨ ਨਾਲ ਹੋਈ ਸੀ। ਹੰਕਾਰ ਹੀ ਅੱਜ ਦੁਨੀਆਂ ਵਿਚ ਪਾਪ, ਦੁੱਖ ਅਤੇ ਭ੍ਰਿਸ਼ਟਾਚਾਰ ਦੀ ਜੜ੍ਹ ਹੈ। ‘ਇਸ ਜੁੱਗ ਦਾ ਈਸ਼ੁਰ’ ਹੋਣ ਕਰਕੇ ਸ਼ਤਾਨ ਸਾਰਿਆਂ ਨੂੰ ਹੰਕਾਰੀ ਬਣਾਉਣਾ ਚਾਹੁੰਦਾ ਹੈ। (2 ਕੁਰਿੰਥੀਆਂ 4:4) ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ, ਇਸ ਲਈ ਉਹ ਸੱਚੇ ਮਸੀਹੀਆਂ ਦਾ ਵਿਰੋਧ ਕਰ ਰਿਹਾ ਹੈ। ਉਹ ਉਨ੍ਹਾਂ ਨੂੰ ਸੁਆਰਥੀ, ਸ਼ੇਖ਼ੀਬਾਜ਼ ਤੇ ਹੰਕਾਰੀ ਬਣਾ ਕੇ ਪਰਮੇਸ਼ੁਰ ਤੋਂ ਦੂਰ ਕਰਨਾ ਚਾਹੁੰਦਾ ਹੈ। ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਹ ਔਗੁਣ “ਅੰਤ ਦਿਆਂ ਦਿਨਾਂ” ਵਿਚ ਲੋਕਾਂ ਵਿਚ ਆਮ ਦੇਖੇ ਜਾਣਗੇ।—2 ਤਿਮੋਥਿਉਸ 3:1, 2; ਪਰਕਾਸ਼ ਦੀ ਪੋਥੀ 12:12, 17.

14. ਯਹੋਵਾਹ ਕਿਸ ਅਸੂਲ ਅਨੁਸਾਰ ਲੋਕਾਂ ਨਾਲ ਪੇਸ਼ ਆਉਂਦਾ ਹੈ?

14 ਯਿਸੂ ਮਸੀਹ ਨੇ ਦਲੇਰੀ ਨਾਲ ਸ਼ਤਾਨ ਦੇ ਹੰਕਾਰ ਦੇ ਬੁਰੇ ਨਤੀਜਿਆਂ ਦਾ ਪਰਦਾ ਫ਼ਾਸ਼ ਕੀਤਾ। ਉਸ ਨੇ ਘੱਟੋ-ਘੱਟ ਤਿੰਨ ਵਾਰ ਆਪਣੇ ਘਮੰਡੀ ਦੁਸ਼ਮਣਾਂ ਨੂੰ ਇਹ ਅਸੂਲ ਦੱਸਿਆ ਜਿਸ ਅਨੁਸਾਰ ਯਹੋਵਾਹ ਲੋਕਾਂ ਨਾਲ ਪੇਸ਼ ਆਉਂਦਾ ਹੈ: “ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।”—ਲੂਕਾ 14:11; 18:14; ਮੱਤੀ 23:12.

ਹੰਕਾਰ ਕਰਨ ਤੋਂ ਬਚੋ

15, 16. ਹਾਜਰਾ ਹੰਕਾਰੀ ਕਿਉਂ ਬਣੀ?

15 ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ ਕਿ ਹੰਕਾਰ ਦੀਆਂ ਉੱਪਰ ਦੱਸੀਆਂ ਉਦਾਹਰਣਾਂ ਮਸ਼ਹੂਰ ਆਦਮੀਆਂ ਦੀਆਂ ਹਨ। ਕੀ ਇਸ ਦਾ ਇਹ ਮਤਲਬ ਹੈ ਕਿ ਆਮ ਲੋਕ ਹੰਕਾਰੀ ਨਹੀਂ ਹੁੰਦੇ? ਬਿਲਕੁਲ ਨਹੀਂ! ਅਬਰਾਹਾਮ ਦੇ ਘਰਾਣੇ ਵਿਚ ਅਜਿਹਾ ਇਕ ਵਿਅਕਤੀ ਸੀ। ਅਬਰਾਹਾਮ ਦੀ ਕੋਈ ਔਲਾਦ ਨਹੀਂ ਸੀ ਅਤੇ ਉਸ ਦੀ ਪਤਨੀ ਸਾਰਾਹ ਦੀ ਬੱਚੇ ਪੈਦਾ ਕਰਨ ਦੀ ਉਮਰ ਲੰਘ ਚੁੱਕੀ ਸੀ। ਉਸ ਜ਼ਮਾਨੇ ਦੀ ਰੀਤ ਸੀ ਕਿ ਅਜਿਹੀ ਹਾਲਤ ਵਿਚ ਆਦਮੀ ਦੂਜੀ ਸ਼ਾਦੀ ਕਰ ਕੇ ਬੱਚੇ ਪੈਦਾ ਕਰ ਸਕਦਾ ਸੀ। ਪਰਮੇਸ਼ੁਰ ਨੇ ਇਕ ਤੋਂ ਜ਼ਿਆਦਾ ਸ਼ਾਦੀਆਂ ਕਰਨ ਤੇ ਰੋਕ ਨਹੀਂ ਲਾਈ ਸੀ ਕਿਉਂਕਿ ਸਿਰਫ਼ ਇਕ ਵਿਆਹ ਦਾ ਮੁਢਲਾ ਮਿਆਰ ਦੁਬਾਰਾ ਸਥਾਪਿਤ ਕਰਨ ਦਾ ਅਜੇ ਸਮਾਂ ਨਹੀਂ ਆਇਆ ਸੀ।—ਮੱਤੀ 19:3-9.

16 ਅਬਰਾਹਾਮ ਆਪਣੀ ਪਤਨੀ ਦੇ ਕਹਿਣ ਤੇ ਉਸ ਦੀ ਮਿਸਰੀ ਨੌਕਰਾਣੀ ਹਾਜਰਾ ਨਾਲ ਵਿਆਹ ਕਰ ਕੇ ਔਲਾਦ ਪੈਦਾ ਕਰਨ ਲਈ ਰਾਜ਼ੀ ਹੋ ਗਿਆ। ਹਾਜਰਾ ਗਰਭਵਤੀ ਹੋਈ। ਇੰਨੀ ਇੱਜ਼ਤ ਮਿਲਣ ਕਰਕੇ ਉਸ ਨੂੰ ਅਹਿਸਾਨਮੰਦ ਹੋਣਾ ਚਾਹੀਦਾ ਸੀ। ਇਸ ਦੀ ਬਜਾਇ ਉਸ ਦਾ ਦਿਲ ਹੰਕਾਰੀ ਹੋ ਗਿਆ। ਬਾਈਬਲ ਕਹਿੰਦੀ ਹੈ: “ਸੋ ਅਬਰਾਮ ਨੇ ਹਾਜਰਾ ਨਾਲ ਸੰਗ ਕੀਤਾ ਅਤੇ ਉਹ ਗਰਭਵੱਤੀ ਹੋਈ। ਇਸ ਤੋਂ ਹਾਜਰਾ ਨੂੰ ਘਮੰਡ ਹੋਣ ਲੱਗਾ ਅਤੇ ਉਹ ਸਾਰਈ ਨੂੰ ਤੁਛ ਸਮਝਣ ਲਗੀ।” ਹਾਜਰਾ ਦੇ ਹੰਕਾਰ ਕਰਕੇ ਅਬਰਾਹਾਮ ਦੇ ਘਰ ਵਿਚ ਕਲੇਸ਼ ਪੈਦਾ ਹੋ ਗਿਆ। ਜਦ ਸਾਰਾਹ ਨੇ ਹਾਜਰਾ ਨੂੰ ਖਰੀਆਂ-ਖਰੀਆਂ ਸੁਣਾਈਆਂ, ਤਾਂ ਉਹ ਘਰੋਂ ਭੱਜ ਗਈ। ਪਰ ਪਰਮੇਸ਼ੁਰ ਨੇ ਇਸ ਕਲੇਸ਼ ਦਾ ਹੱਲ ਕੱਢਿਆ। ਪਰਮੇਸ਼ੁਰ ਦੇ ਦੂਤ ਨੇ ਹਾਜਰਾ ਨੂੰ ਸਲਾਹ ਦਿੱਤੀ: “ਤੂੰ ਉਸ ਕੋਲ ਵਾਪਸ ਜਾਹ ਅਤੇ ਉਸ ਦੇ ਅਧੀਨ ਰਹਿ।” (ਉਤਪਤ 16:4, 9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹਾਜਰਾ ਨੇ ਦੂਤ ਦੀ ਗੱਲ ਮੰਨੀ ਤੇ ਸਾਰਾਹ ਦੇ ਅਧੀਨ ਰਹੀ। ਅਖ਼ੀਰ ਵਿਚ ਉਸ ਦੀ ਕੁੱਖੋਂ ਪੈਦਾ ਹੋਈ ਸੰਤਾਨ ਤੋਂ ਇਕ ਵੱਡੀ ਕੌਮ ਬਣੀ।

17, 18. ਸਾਨੂੰ ਸਾਰਿਆਂ ਨੂੰ ਹੰਕਾਰ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?

17 ਹਾਜਰਾ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਹਾਲਾਤ ਸੁਧਰਨ ਤੇ ਕੋਈ ਵੀ ਹੰਕਾਰੀ ਬਣ ਸਕਦਾ ਹੈ। ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਹੋ ਕਿ ਸੱਚੇ ਦਿਲ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਮਸੀਹੀ ਵੀ ਦੌਲਤ ਜਾਂ ਜ਼ਿੰਮੇਵਾਰੀ ਮਿਲਣ ਤੇ ਹੰਕਾਰੀ ਬਣ ਸਕਦਾ ਹੈ। ਇਕ ਵਿਅਕਤੀ ਉਦੋਂ ਵੀ ਹੰਕਾਰੀ ਬਣ ਸਕਦਾ ਹੈ ਜਦੋਂ ਦੂਸਰੇ ਉਸ ਦੀ ਕਾਮਯਾਬੀ, ਸਮਝ ਜਾਂ ਕਾਬਲੀਅਤ ਦੀ ਵਾਹ-ਵਾਹ ਕਰਦੇ ਹਨ। ਜੀ ਹਾਂ, ਮਸੀਹੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਦਿਲ ਹੰਕਾਰੀ ਨਾ ਬਣੇ। ਉਨ੍ਹਾਂ ਨੂੰ ਖ਼ਾਸ ਕਰਕੇ ਉਦੋਂ ਧਿਆਨ ਰੱਖਣਾ ਚਾਹੀਦਾ ਹੈ ਜਦ ਉਨ੍ਹਾਂ ਨੂੰ ਕਾਮਯਾਬੀ ਜਾਂ ਜ਼ਿੰਮੇਵਾਰੀ ਦੀ ਪਦਵੀ ਮਿਲਦੀ ਹੈ।

18 ਹੰਕਾਰ ਨਾ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਬਹੁਤ ਬੁਰੀ ਗੱਲ ਹੈ। ਉਸ ਦਾ ਬਚਨ ਸਾਨੂੰ ਦੱਸਦਾ ਹੈ: “ਘੁਮੰਡੀ ਅੱਖਾਂ ਅਤੇ ਹੰਕਾਰੀ ਮਨ,—ਦੁਸ਼ਟਾਂ ਦਾ ਦੀਵਾ,—ਪਾਪ ਹਨ।” (ਕਹਾਉਤਾਂ 21:4) ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਖ਼ਾਸ ਕਰਕੇ ਉਨ੍ਹਾਂ ਮਸੀਹੀਆਂ ਨੂੰ “ਗਰਬ ਨਾ ਕਰਨ” ਦੀ ਚੇਤਾਵਨੀ ਦਿੰਦੀ ਹੈ ਜੋ “ਇਸ ਜੁੱਗ ਵਿੱਚ ਧਨਵਾਨ ਹਨ।” (1 ਤਿਮੋਥਿਉਸ 6:17; ਬਿਵਸਥਾ ਸਾਰ 8:11-17) ਜਿਹੜੇ ਮਸੀਹੀ ਅਮੀਰ ਨਹੀਂ ਹਨ ਉਨ੍ਹਾਂ ਨੂੰ “ਬੁਰੀ ਨਜ਼ਰ” ਨਹੀਂ ਰੱਖਣੀ ਚਾਹੀਦੀ, ਸਗੋਂ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਵਿਚ ਵੀ, ਭਾਵੇਂ ਉਹ ਗ਼ਰੀਬ ਹੋਵੇ ਜਾਂ ਅਮੀਰ, ਹੰਕਾਰ ਪੈਦਾ ਹੋ ਸਕਦਾ ਹੈ।—ਮਰਕੁਸ 7:21-23; ਯਾਕੂਬ 4:5.

19. ਰਾਜਾ ਉਜ਼ੀਯਾਹ ਕਿਵੇਂ ਹੰਕਾਰਿਆ ਗਿਆ ਸੀ?

19 ਹੰਕਾਰ ਅਤੇ ਹੋਰ ਔਗੁਣ ਯਹੋਵਾਹ ਨਾਲ ਸਾਡੀ ਦੋਸਤੀ ਨੂੰ ਤੋੜ ਸਕਦੇ ਹਨ। ਮਿਸਾਲ ਲਈ, ਰਾਜਾ ਉਜ਼ੀਯਾਹ ਦੇ ਰਾਜ ਦੇ ਸ਼ੁਰੂਆਤੀ ਸਾਲਾਂ ਉੱਤੇ ਵਿਚਾਰ ਕਰੋ। ‘ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। ਉਹ ਪਰਮੇਸ਼ੁਰ ਦਾ ਤਾਲਿਬ ਸੀ ਅਤੇ ਜਦੋਂ ਤੀਕਰ ਉਹ ਯਹੋਵਾਹ ਦਾ ਤਾਲਿਬ ਰਿਹਾ ਪਰਮੇਸ਼ੁਰ ਨੇ ਉਹ ਨੂੰ ਸਫਲ ਕੀਤਾ।’ (2 ਇਤਹਾਸ 26:4, 5) ਪਰ ਅਫ਼ਸੋਸ ਕਿ ਅੰਤ ਵਿਚ ਰਾਜਾ ਉਜ਼ੀਯਾਹ “ਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ।” ਉਹ ਆਪਣੀਆਂ ਨਜ਼ਰਾਂ ਵਿਚ ਇੰਨਾ ਉੱਚਾ ਹੋ ਗਿਆ ਕਿ ਉਹ ਹੈਕਲ ਵਿਚ ਧੂਪ ਧੁਖਾਉਣ ਗਿਆ। ਜਦ ਜਾਜਕਾਂ ਨੇ ਉਸ ਨੂੰ ਇਹ ਗੁਸਤਾਖ਼ੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ “ਉਜ਼ੀਯਾਹ ਗੁੱਸੇ ਹੋਇਆ।” ਨਤੀਜੇ ਵਜੋਂ ਯਹੋਵਾਹ ਨੇ ਉਸ ਨੂੰ ਕੋੜ੍ਹੀ ਬਣਾ ਦਿੱਤਾ ਅਤੇ ਮਰਦੇ ਦਮ ਤਕ ਉਜ਼ੀਯਾਹ ਨੇ ਦੁਬਾਰਾ ਯਹੋਵਾਹ ਦੀ ਮਿਹਰ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।—2 ਇਤਹਾਸ 26:16-21.

20. (ੳ) ਰਾਜਾ ਹਿਜ਼ਕੀਯਾਹ ਨੇ ਕੁਝ ਸਮੇਂ ਲਈ ਪਰਮੇਸ਼ੁਰ ਦੀ ਮਿਹਰ ਕਿਉਂ ਗੁਆ ਲਈ ਸੀ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

20 ਹੁਣ ਰਾਜਾ ਹਿਜ਼ਕੀਯਾਹ ਦੀ ਮਿਸਾਲ ਉੱਤੇ ਗੌਰ ਕਰੋ। ਇਸ ਰਾਜੇ ਨੇ ਵੀ ਕੁਝ ਸਮੇਂ ਲਈ ਪਰਮੇਸ਼ੁਰ ਦੀ ਮਿਹਰ ਗੁਆ ਲਈ ਸੀ ਕਿਉਂਕਿ “ਉਹ ਦੇ ਮਨ ਵਿੱਚ ਹੰਕਾਰ ਸਮਾ ਗਿਆ ਸੀ।” ਪਰ ਖ਼ੁਸ਼ੀ ਦੀ ਗੱਲ ਹੈ ਕਿ ਹਿਜ਼ਕੀਯਾਹ ਨੇ “ਆਪਣੇ ਮਨ ਵਿੱਚ ਹੰਕਾਰ ਦੇ ਥਾਂ ਅਧੀਨਗੀ ਫੜੀ” ਜਿਸ ਕਾਰਨ ਉਸ ਨੇ ਦੁਬਾਰਾ ਪਰਮੇਸ਼ੁਰ ਦੀ ਕਿਰਪਾ ਹਾਸਲ ਕੀਤੀ। (2 ਇਤਹਾਸ 32:25, 26) ਧਿਆਨ ਦਿਓ ਕਿ ਉਸ ਦੇ ਹੰਕਾਰ ਦਾ ਇਲਾਜ ਅਧੀਨਗੀ ਸੀ। ਜੀ ਹਾਂ, ਹੰਕਾਰ ਦਾ ਉਲਟ ਨਿਮਰਤਾ ਹੈ। ਇਸ ਲਈ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਆਪਣੇ ਵਿਚ ਨਿਮਰਤਾ ਕਿਵੇਂ ਪੈਦਾ ਕਰ ਸਕਦੇ ਹਾਂ ਤੇ ਅਸੀਂ ਕਿਵੇਂ ਨਿਮਰ ਰਹਿ ਸਕਦੇ ਹਾਂ।

21. ਨਿਮਰ ਮਸੀਹੀ ਕਿਸ ਦਿਨ ਦੀ ਉਡੀਕ ਕਰਦੇ ਹਨ?

21 ਹੰਕਾਰ ਦੇ ਬੁਰੇ ਨਤੀਜੇ ਕਦੇ ਨਾ ਭੁੱਲੋ। ਯਾਦ ਰੱਖੋ ਕਿ “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ” ਹੈ। ਤਾਂ ਫਿਰ ਆਓ ਆਪਾਂ ਹੰਕਾਰ ਨੂੰ ਆਪਣੇ ਦਿਲ ਵਿਚ ਜੜ੍ਹ ਨਾ ਫੜਨ ਦੇਈਏ। ਨਿਮਰ ਬਣ ਕੇ ਅਸੀਂ ਪਰਮੇਸ਼ੁਰ ਦੇ ਵੱਡੇ ਦਿਨ ਵਿੱਚੋਂ ਬਚ ਨਿਕਲਣ ਦੀ ਉਮੀਦ ਰੱਖ ਸਕਦੇ ਹਾਂ ਜਦ ਉਹ ਹੰਕਾਰੀਆਂ ਦਾ ਨਾਸ਼ ਕਰੇਗਾ ਤੇ ਹੰਕਾਰ ਦੇ ਬੁਰੇ ਨਤੀਜਿਆਂ ਨੂੰ ਖ਼ਤਮ ਕਰੇਗਾ। ਉਸ ਸਮੇਂ “ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਅੱਝਾ ਕੀਤਾ ਜਾਵੇਗਾ, ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ ਹੋਵੇਗਾ।”—ਯਸਾਯਾਹ 2:17.

ਇਨ੍ਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰੋ

• ਹੰਕਾਰੀ ਇਨਸਾਨ ਕਿਹੋ ਜਿਹਾ ਹੁੰਦਾ ਹੈ?

• ਸਭ ਤੋਂ ਪਹਿਲਾਂ ਹੰਕਾਰ ਕਿਸ ਵਿਚ ਆਇਆ ਸੀ?

• ਇਕ ਇਨਸਾਨ ਕਿਨ੍ਹਾਂ ਗੱਲਾਂ ਕਰਕੇ ਹੰਕਾਰੀ ਬਣ ਸਕਦਾ ਹੈ?

• ਸਾਨੂੰ ਹੰਕਾਰੀ ਕਿਉਂ ਨਹੀਂ ਬਣਨਾ ਚਾਹੀਦਾ ਹੈ?

[ਸਵਾਲ]

[ਸਫ਼ੇ 23 ਉੱਤੇ ਤਸਵੀਰ]

ਫ਼ਿਰਊਨ ਨੂੰ ਆਪਣੇ ਹੰਕਾਰ ਕਰਕੇ ਲੱਜਿਆਵਾਨ ਹੋਣਾ ਪਿਆ

[ਸਫ਼ੇ 24 ਉੱਤੇ ਤਸਵੀਰ]

ਹਾਜਰਾ ਗਰਭਵਤੀ ਹੋਣ ਕਰਕੇ ਹੰਕਾਰੀ ਬਣ ਗਈ

[ਸਫ਼ੇ 25 ਉੱਤੇ ਤਸਵੀਰ]

ਹਿਜ਼ਕੀਯਾਹ ਨੇ ਅਧੀਨ ਹੋ ਕੇ ਪਰਮੇਸ਼ੁਰ ਦੀ ਕਿਰਪਾ ਮੁੜ ਹਾਸਲ ਕੀਤੀ