Skip to content

Skip to table of contents

ਸਭ ਤੋਂ ਵਧੀਆ ਸਿੱਖਿਆ ਤੋਂ ਲਾਭ ਉਠਾਓ!

ਸਭ ਤੋਂ ਵਧੀਆ ਸਿੱਖਿਆ ਤੋਂ ਲਾਭ ਉਠਾਓ!

ਸਭ ਤੋਂ ਵਧੀਆ ਸਿੱਖਿਆ ਤੋਂ ਲਾਭ ਉਠਾਓ!

ਬਾਈਬਲ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਸਾਡਾ ਸਿਰਜਣਹਾਰ ਹੈ। (ਉਤਪਤ 1:27; ਪਰਕਾਸ਼ ਦੀ ਪੋਥੀ 4:11) ਮਹਾਨ ਸਿੱਖਿਅਕ ਵਜੋਂ ਉਸ ਨੇ ਪਹਿਲੇ ਮਨੁੱਖੀ ਜੋੜੇ, ਆਦਮ ਤੇ ਹੱਵਾਹ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਅਦਨ ਦੇ ਸੁੰਦਰ ਬਾਗ਼ ਵਿਚ ਜੀਉਣ ਲਈ ਤਿਆਰ ਕੀਤਾ। ਯਹੋਵਾਹ ਚਾਹੁੰਦਾ ਸੀ ਕਿ ਉਹ ਉਨ੍ਹਾਂ ਨੂੰ ਹਮੇਸ਼ਾ ਸਿੱਖਿਆ ਦਿੰਦਾ ਰਹੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਦਾ ਰਹੇ। (ਉਤਪਤ 1:28, 29; 2:15-17; ਯਸਾਯਾਹ 30:20, 21) ਆਦਮ ਅਤੇ ਹੱਵਾਹ ਨੂੰ ਕਿੰਨਾ ਵਧੀਆ ਸਨਮਾਨ ਮਿਲਿਆ ਸੀ!

ਅਫ਼ਸੋਸ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰ ਕੇ ਇਸ ਸਨਮਾਨ ਦੇ ਨਾਲ-ਨਾਲ ਸਭ ਕੁਝ ਗੁਆ ਬੈਠੇ। ਉਨ੍ਹਾਂ ਦੇ ਪਾਪ ਦੇ ਨਤੀਜੇ ਵਜੋਂ ਉਨ੍ਹਾਂ ਦੀ ਔਲਾਦ ਵੀ ਪਰਮੇਸ਼ੁਰ ਦੇ ਮਿਆਰਾਂ ਤੇ ਪੂਰਾ ਨਹੀਂ ਉੱਤਰ ਸਕੀ ਤੇ ਉਹ ਵੀ ਦੁੱਖਾਂ-ਬੀਮਾਰੀਆਂ ਦੇ ਸ਼ਿਕਾਰ ਹੋਣ ਲੱਗੇ ਤੇ ਬੁੱਢੇ ਹੋ ਕੇ ਮਰਨ ਲੱਗ ਪਏ। (ਉਤਪਤ 3:17-19; ਰੋਮੀਆਂ 5:12) ਮਨੁੱਖਜਾਤੀ ਦੀ ਰਚਨਾ ਤੋਂ ਕੁਝ ਸਦੀਆਂ ਬਾਅਦ ਦੇ ਇਨਸਾਨਾਂ ਬਾਰੇ ਗੱਲ ਕਰਦੇ ਹੋਏ ਬਾਈਬਲ ਕਹਿੰਦੀ ਹੈ: “ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ।”—ਉਤਪਤ 6:5.

ਯਹੋਵਾਹ ਨੇ ਇਹ ਸ਼ਬਦ ਤਕਰੀਬਨ 4,500 ਸਾਲ ਪਹਿਲਾਂ ਕਹੇ ਸਨ ਅਤੇ ਅੱਜ ਇਨਸਾਨਾਂ ਦੀ ਹਾਲਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ। ਅਨੇਕ ਲੋਕ ਝੂਠ ਬੋਲਦੇ, ਚੋਰੀ ਕਰਦੇ ਅਤੇ ਦੂਸਰਿਆਂ ਉੱਤੇ ਹਮਲਾ ਕਰਦੇ ਹਨ। ਦਿਨ-ਬ-ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਤੇ ਲੋਕ ਇਕ-ਦੂਜੇ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ। ਅੱਜ-ਕੱਲ੍ਹ ਨਜ਼ਦੀਕੀ ਰਿਸ਼ਤੇ ਟੁੱਟ ਰਹੇ ਹਨ, ਖ਼ਾਸ ਕਰਕੇ ਪਰਿਵਾਰਕ ਰਿਸ਼ਤੇ। ਲੇਕਿਨ ਇਨ੍ਹਾਂ ਸਭ ਮੁਸ਼ਕਲਾਂ ਦਾ ਦੋਸ਼ ਪਰਮੇਸ਼ੁਰ ਉੱਤੇ ਨਹੀਂ ਲਾਇਆ ਜਾ ਸਕਦਾ। ਉਹ ਤਾਂ ਸਾਡਾ ਦੁੱਖ ਦੇਖ ਕੇ ਦੁਖੀ ਹੁੰਦਾ ਹੈ। ਉਹ ਦਿਲੋਂ ਸਾਡੀ ਸਾਰਿਆਂ ਦੀ ਭਲਾਈ ਚਾਹੁੰਦਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਹੈ ਜੋ ਜ਼ਿੰਦਗੀ ਵਿਚ ਸੁਖ ਪਾਉਣ ਲਈ ਉਸ ਦੀ ਸੇਧ ਭਾਲਦੇ ਹਨ। ਕੁਝ 2,000 ਸਾਲ ਪਹਿਲਾਂ ਉਸ ਨੇ ਆਪਣੇ ਪੁੱਤਰ, ਯਿਸੂ ਮਸੀਹ ਨੂੰ ਧਰਤੀ ਉੱਤੇ ਘੱਲ ਕੇ ਇਹ ਦਿਖਾਇਆ ਸੀ ਕਿ ਉਹ ਉਨ੍ਹਾਂ ਇਨਸਾਨਾਂ ਨੂੰ ਸਿੱਖਿਆ ਦੇਣੀ ਚਾਹੁੰਦਾ ਸੀ ਜੋ ਜ਼ਿੰਦਗੀ ਵਿਚ ਕਾਮਯਾਬ ਹੋਣਾ ਚਾਹੁੰਦੇ ਸਨ। ਯਿਸੂ ਨੇ ਸਭ ਤੋਂ ਵਧੀਆ ਸਿੱਖਿਆ ਦੇਣ ਦੇ ਮਾਮਲੇ ਵਿਚ ਸਾਡੇ ਲਈ ਇਕ ਨਮੂਨਾ ਕਾਇਮ ਕੀਤਾ ਕਿਉਂਕਿ ਉਸ ਨੇ ਮਹਾਨ ਸਿੱਖਿਅਕ, ਯਹੋਵਾਹ ਪਰਮੇਸ਼ੁਰ ਤੋਂ ਖਰਬਾਂ ਸਾਲਾਂ ਤੋਂ ਸਿੱਖਿਆ ਹਾਸਲ ਕੀਤੀ ਸੀ।

ਯਿਸੂ ਦੀ ਵਧੀਆ ਸਿੱਖਿਆ

ਯਿਸੂ ਮਸੀਹ ਨੇ ਲੋਕਾਂ ਨੂੰ ਪਿਆਰ ਦੇ ਰਾਹ ਤੇ ਚੱਲਣਾ ਸਿਖਾਇਆ ਸੀ। ਇਸ ਰਾਹ ਤੇ ਚੱਲਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚਣੀ ਤੇ ਕੰਮਾਂ ਨੂੰ ਪਰਮੇਸ਼ੁਰ ਦੀ ਇੱਛਾ ਅਨੁਸਾਰ ਢਾਲ਼ੀਏ ਤਾਂਕਿ ਉਸ ਦੇ ਨਾਂ ਦੀ ਮਹਿਮਾ ਅਤੇ ਵਡਿਆਈ ਹੋਵੇ। (ਮੱਤੀ 22:37-39; ਇਬਰਾਨੀਆਂ 10:7) ਯਿਸੂ ਨੇ ਕਦੇ ਆਪਣੇ ਵੱਲੋਂ ਗੱਲਾਂ ਨਹੀਂ ਸਿਖਾਈਆਂ ਸਨ, ਸਗੋਂ ਉਸ ਦੀ ਸਿੱਖਿਆ ਪਰਮੇਸ਼ੁਰ ਵੱਲੋਂ ਸੀ। ਯਹੋਵਾਹ ਹਮੇਸ਼ਾ ਯਿਸੂ ਦੇ ਨਾਲ ਸੀ। ਯੂਹੰਨਾ 8:29 ਵਿਚ ਯਿਸੂ ਨੇ ਕਿਹਾ ਸੀ: ‘ਜਿਨ੍ਹ ਮੈਨੂੰ ਘੱਲਿਆ ਉਹ ਮੇਰੇ ਸੰਗ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂ ਜੋ ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ।’ ਜੀ ਹਾਂ, ਯਹੋਵਾਹ ਯਿਸੂ ਦੀ ਸੇਵਕਾਈ ਦੌਰਾਨ ਹਮੇਸ਼ਾ ਉਸ ਦੀ ਅਗਵਾਈ ਕਰਦਾ ਰਿਹਾ। ਯਿਸੂ ਦੇ ਮੁਢਲੇ ਚੇਲਿਆਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਨੇ ਆਪਣੇ ਪੁੱਤਰ ਰਾਹੀਂ ਸਿੱਖਿਆ ਦਿੱਤੀ ਸੀ। ਯਿਸੂ ਦੀਆਂ ਸਲਾਹਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਉਹ ਚੰਗੇ ਇਨਸਾਨ ਬਣੇ। ਇਹ ਗੱਲ ਅੱਜ ਵੀ ਯਿਸੂ ਦੇ ਚੇਲਿਆਂ ਬਾਰੇ ਸੱਚ ਹੈ।—ਸਫ਼ੇ 6 ਉੱਤੇ “ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਦਾ ਅਸਰ” ਨਾਮਕ ਡੱਬੀ ਦੇਖੋ।

ਯਿਸੂ ਦੀਆਂ ਸਿੱਖਿਆਵਾਂ ਦੀ ਖ਼ਾਸੀਅਤ ਇਹ ਹੈ ਕਿ ਉਹ ਸਾਡੇ ਦਿਲਾਂ-ਦਿਮਾਗ਼ਾਂ ਉੱਤੇ ਗਹਿਰਾ ਅਸਰ ਪਾਉਂਦੀਆਂ ਹਨ। ਯਿਸੂ ਦੀ ਸਲਾਹ ਲਾਗੂ ਕਰ ਕੇ ਇਨਸਾਨ ਆਪਣੇ ਆਪ ਨੂੰ ਅੰਦਰੋਂ ਬਦਲ ਸਕਦਾ ਹੈ। (ਅਫ਼ਸੀਆਂ 4:23, 24) ਉਦਾਹਰਣ ਲਈ ਧਿਆਨ ਦਿਓ ਕਿ ਵਿਆਹੁਤਾ-ਸਾਥੀ ਪ੍ਰਤੀ ਵਫ਼ਾਦਾਰ ਰਹਿਣ ਬਾਰੇ ਯਿਸੂ ਕਿਹੜੀ ਸਲਾਹ ਦਿੰਦਾ ਹੈ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:27, 28) ਯਿਸੂ ਸਮਝਾਉਂਦਾ ਹੈ ਕਿ ਵਿਭਚਾਰ ਕਰਨ ਦਾ ਵਿਚਾਰ ਪਹਿਲਾਂ ਮਨ ਵਿਚ ਪੈਦਾ ਹੁੰਦਾ ਹੈ। ਇਸ ਲਈ ਜੇ ਵਿਅਕਤੀ ਆਪਣੇ ਮਨ ਵਿੱਚੋਂ ਗੰਦੇ ਵਿਚਾਰ ਨਾ ਕੱਢੇ, ਤਾਂ ਇਸ ਦੇ ਬੁਰੇ ਨਤੀਜੇ ਨਿਕਲ ਸਕਦੇ ਹਨ। ਕੀ ਇਹ ਸੱਚ ਨਹੀਂ ਕਿ ਬੁਰੇ ਵਿਚਾਰਾਂ ਕਰਕੇ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਕੰਮ ਕਰ ਬੈਠਦੇ ਹਨ ਅਤੇ ਦੂਸਰਿਆਂ ਨੂੰ ਦੁੱਖ ਪਹੁੰਚਾਉਂਦੇ ਹਨ?

ਇਸ ਲਈ ਬਾਈਬਲ ਸਾਨੂੰ ਇਹ ਸਲਾਹ ਦਿੰਦੀ ਹੈ: “ਆਪਣੇ ਆਪ ਨੂੰ ਸੰਸਾਰ ਦੇ ਅਨੁਕੂਲ ਨਾ ਬਣਾਉ, ਸਗੋਂ ਆਪਣੇ ਆਪ ਨੂੰ ਅੰਦਰੋਂ ਪਰਮੇਸ਼ਰ ਨੂੰ ਬਦਲਨ ਦੇਵੋ, ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇਛਾ ਨੂੰ ਸਮਝ ਸਕੋ ਕਿ ਉਸ ਦੇ ਸਾਹਮਣੇ ਭਲਾ, ਮੰਨਣ ਜੋਗ ਅਤੇ ਪੂਰਨ ਕੀ ਹੈ।” (ਰੋਮ 12:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤੁਸੀਂ ਸ਼ਾਇਦ ਪੁੱਛੋ: ‘ਕੀ ਇਨਸਾਨ ਸਿਰਫ਼ ਸਿੱਖਿਆ ਹਾਸਲ ਕਰਨ ਨਾਲ ਆਪਣੇ ਆਪ ਨੂੰ ਅੰਦਰੋਂ ਬਦਲ ਸਕਦਾ ਹੈ?’ ਅਸੀਂ ਆਪਣੇ ਆਪ ਨੂੰ ਅੰਦਰੋਂ ਤਦ ਹੀ ਬਦਲ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਗਏ ਸਿਧਾਂਤ ਅਤੇ ਉਸ ਦੀ ਸਲਾਹ ਨੂੰ ਆਪਣੇ ਦਿਲਾਂ-ਦਿਮਾਗ਼ਾਂ ਉੱਤੇ ਅਸਰ ਕਰਨ ਦੇਈਏ। ਇਸ ਦਾ ਮਤਲਬ ਹੈ ਕਿ ਸਾਨੂੰ ਪਰਮੇਸ਼ੁਰ ਦੀ ਸਿੱਖਿਆ ਨੂੰ ਸਵੀਕਾਰ ਕਰਨ ਦੀ ਲੋੜ ਹੈ ਜੋ ਉਹ ਸਾਨੂੰ ਬਾਈਬਲ ਰਾਹੀਂ ਦਿੰਦਾ ਹੈ।

ਬਦਲਣ ਦੀ ਪ੍ਰੇਰਣਾ

“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ। (ਇਬਰਾਨੀਆਂ 4:12) ਅੱਜ ਵੀ ਇਸ ਦਾ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਗਹਿਰਾ ਅਸਰ ਪੈ ਰਿਹਾ ਹੈ। ਇਸ ਵਿਚ ਪਾਈ ਗਈ ਸਲਾਹ ਕਦੇ ਪੁਰਾਣੀ ਨਹੀਂ ਹੁੰਦੀ। ਇਸ ਨੂੰ ਪੜ੍ਹ ਕੇ ਲੋਕਾਂ ਨੂੰ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਮਿਲਦੀ ਹੈ। ਆਓ ਆਪਾਂ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ ਜੋ ਦਿਖਾਉਂਦੀਆਂ ਹਨ ਕਿ ਬਾਈਬਲ ਦੀ ਸਿੱਖਿਆ ਕਿੰਨੀ ਮਹੱਤਵਪੂਰਣ ਹੈ।

ਏਮੀਲਿਆ, ਜਿਸ ਦੀ ਅਸੀਂ ਪਹਿਲੇ ਲੇਖ ਵਿਚ ਗੱਲ ਕੀਤੀ ਸੀ, ਦੱਸਦੀ ਹੈ: “ਮੈਂ ਆਪਣੀ ਤਾਕਤ ਨਾਲ ਆਪਣੇ ਘਰੇਲੂ ਹਾਲਾਤ ਨਹੀਂ ਬਦਲ ਸਕਦੀ ਸੀ। ਪਰ ਜਦ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ, ਤਾਂ ਮੈਨੂੰ ਉਮੀਦ ਦੀ ਕਿਰਨ ਨਜ਼ਰ ਆਈ ਅਤੇ ਮੈਂ ਆਪਣਾ ਰਵੱਈਆ ਬਦਲਣ ਲੱਗੀ। ਗੁੱਸੇ ਵਿਚ ਭੜਕ ਉੱਠਣ ਦੀ ਬਜਾਇ, ਮੈਂ ਧੀਰਜ ਰੱਖਣਾ ਸਿੱਖਿਆ। ਸਮੇਂ ਦੇ ਬੀਤਣ ਨਾਲ ਮੇਰੇ ਪਤੀ ਵੀ ਸਟੱਡੀ ਕਰਨ ਲੱਗ ਪਏ। ਭਾਵੇਂ ਕਿ ਸ਼ਰਾਬ ਛੱਡਣੀ ਉਨ੍ਹਾਂ ਲਈ ਕੋਈ ਸੌਖੀ ਗੱਲ ਨਹੀਂ ਸੀ, ਪਰ ਇਸ ਤਰ੍ਹਾਂ ਕਰਨ ਵਿਚ ਉਹ ਕਾਮਯਾਬ ਹੋਏ। ਨਤੀਜੇ ਵਜੋਂ ਸਾਨੂੰ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨ ਵਿਚ ਸਫ਼ਲਤਾ ਮਿਲੀ। ਹੁਣ ਅਸੀਂ ਖ਼ੁਸ਼ੀ ਨਾਲ ਯਹੋਵਾਹ ਦੀ ਭਗਤੀ ਕਰ ਰਹੇ ਹਾਂ ਅਤੇ ਆਪਣੇ ਬੱਚਿਆਂ ਨੂੰ ਵੀ ਬਾਈਬਲ ਦੇ ਸਿਧਾਂਤ ਸਿਖਾ ਰਹੇ ਹਾਂ।”—ਬਿਵਸਥਾ ਸਾਰ 6:7.

ਬਾਈਬਲ ਦੀ ਸਿੱਖਿਆ ਉੱਤੇ ਚੱਲ ਕੇ ਇਨਸਾਨ ਬੁਰੀਆਂ ਆਦਤਾਂ ਅਤੇ ਗੰਦੇ ਕੰਮ ਛੱਡਣ ਵਿਚ ਵੀ ਕਾਮਯਾਬ ਹੋ ਸਕਦਾ ਹੈ। ਮਾਨਵੇਲ * ਨਾਲ ਇਸੇ ਤਰ੍ਹਾਂ ਹੋਇਆ ਸੀ। ਮਾਨਵੇਲ 13 ਸਾਲਾਂ ਦਾ ਸੀ ਜਦ ਉਹ ਘਰੋਂ ਭੱਜ ਗਿਆ ਅਤੇ ਉਹ ਭੰਗ ਤੇ ਹੀਰੋਇਨ ਦਾ ਆਦੀ ਹੋ ਗਿਆ। ਸਿਰ ਛੁਪਾਉਣ ਲਈ ਥਾਂ ਅਤੇ ਪੈਸੇ ਦੀ ਖ਼ਾਤਰ ਉਹ ਤੀਵੀਆਂ-ਆਦਮੀਆਂ ਦੋਹਾਂ ਨਾਲ ਨਾਜਾਇਜ਼ ਜਿਨਸੀ ਸੰਬੰਧ ਰੱਖਣ ਲੱਗ ਪਿਆ। ਕਦੇ-ਕਦੇ ਮਾਨਵੇਲ ਸੜਕਾਂ ਤੇ ਲੋਕਾਂ ਨੂੰ ਲੁੱਟ ਕੇ ਆਪਣਾ ਗੁਜ਼ਾਰਾ ਤੋਰਦਾ ਸੀ। ਮਾਨਵੇਲ ਤਕਰੀਬਨ ਹਰ ਵੇਲੇ ਨਸ਼ੇ ਵਿਚ ਰਹਿੰਦਾ ਸੀ। ਲੜਾਈ-ਝਗੜਿਆਂ ਵਿਚ ਪੈਣ ਕਰਕੇ ਉਸ ਨੂੰ ਅਕਸਰ ਜੇਲ੍ਹ ਦੀ ਹਵਾ ਖਾਣੀ ਪੈਂਦੀ ਸੀ। ਇਕ ਦਫ਼ਾ ਉਸ ਨੂੰ ਚਾਰ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ। ਉੱਥੇ ਉਹ ਹਥਿਆਰਾਂ ਦਾ ਧੰਦਾ ਕਰਨ ਲੱਗ ਪਿਆ। ਸ਼ਾਦੀ ਕਰਨ ਤੋਂ ਬਾਅਦ ਵੀ ਮਾਨਵੇਲ ਆਪਣੇ ਬੁਰੇ ਕੰਮਾਂ ਦੇ ਬੁਰੇ ਨਤੀਜੇ ਭੁਗਤਦਾ ਰਿਹਾ। ਉਹ ਦੱਸਦਾ ਹੈ: “ਸਾਡੇ ਕੋਲ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ, ਇਸ ਲਈ ਸਾਨੂੰ ਕੁੱਕੜੀਆਂ ਦੇ ਖੁੱਡੇ ਵਿਚ ਰਹਿਣਾ ਪਿਆ। ਮੈਨੂੰ ਹਾਲੇ ਵੀ ਯਾਦ ਹੈ ਕਿ ਮੇਰੀ ਪਤਨੀ ਇੱਟਾਂ ਦਾ ਚੁੱਲ੍ਹਾ ਬਣਾ ਕੇ ਉਸ ਉੱਤੇ ਖਾਣਾ ਪਕਾਉਂਦੀ ਸੀ। ਸਾਡੇ ਹਾਲਾਤ ਇੰਨੇ ਬੁਰੇ ਸਨ ਕਿ ਮੇਰੇ ਹੀ ਘਰਦਿਆਂ ਨੇ ਮੇਰੀ ਪਤਨੀ ਨੂੰ ਸਲਾਹ ਦਿੱਤੀ ਕਿ ਉਹ ਮੈਨੂੰ ਛੱਡ ਦੇਵੇ।”

ਮਾਨਵੇਲ ਦੀ ਹਨੇਰੀ ਜ਼ਿੰਦਗੀ ਵਿਚ ਕਿਸ ਗੱਲ ਨੇ ਰੌਸ਼ਨੀ ਲਿਆਂਦੀ? ਮਾਨਵੇਲ ਦੱਸਦਾ ਹੈ: “ਇਕ ਦਿਨ ਮੇਰਾ ਇਕ ਵਾਕਫ਼ ਆਦਮੀ ਬਾਈਬਲ ਬਾਰੇ ਪ੍ਰਚਾਰ ਕਰਦਾ-ਕਰਦਾ ਸਾਡੇ ਘਰ ਆਇਆ। ਮੈਂ ਉਸ ਨੂੰ ਅੰਦਰ ਬੁਲਾ ਲਿਆ ਸਿਰਫ਼ ਇਹ ਸਾਬਤ ਕਰਨ ਲਈ ਕਿ ਇਨਸਾਨਾਂ ਦੀ ਪਰਵਾਹ ਕਰਨ ਵਾਲਾ ਕੋਈ ਰੱਬ ਨਹੀਂ ਸੀ। ਇਸ ਗੱਲ ਦਾ ਮੈਂ ਜੀਉਂਦਾ-ਜਾਗਦਾ ਸਬੂਤ ਸੀ। ਮੈਂ ਬਹੁਤ ਹੈਰਾਨ ਹੋਇਆ ਕਿ ਉਸ ਗਵਾਹ ਨੇ ਧੀਰਜ ਨਾਲ ਮੇਰੀ ਗੱਲ ਸੁਣੀ ਅਤੇ ਵਧੀਆ ਤਰੀਕੇ ਨਾਲ ਮੈਨੂੰ ਜਵਾਬ ਦਿੱਤਾ। ਮੈਂ ਉਸ ਨਾਲ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਣ ਲੱਗ ਪਿਆ। ਭਾਵੇਂ ਉੱਥੇ ਕਈਆਂ ਨੂੰ ਮੇਰੇ ਪਿਛੋਕੜ ਬਾਰੇ ਪਤਾ ਸੀ, ਫਿਰ ਵੀ ਉਨ੍ਹਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਉਨ੍ਹਾਂ ਨੇ ਮੈਨੂੰ ਆਪਣਾ ਹੀ ਸਮਝਿਆ। ਇਸ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਮੈਂ ਨਸ਼ਿਆਂ ਦੀ ਦੁਨੀਆਂ ਨੂੰ ਛੱਡ ਕੇ ਦਸਾਂ ਨਹੁੰਆਂ ਦੀ ਕਿਰਤ ਕਰਨ ਦਾ ਫ਼ੈਸਲਾ ਕੀਤਾ। ਚਾਰ ਮਹੀਨੇ ਬਾਈਬਲ ਸਟੱਡੀ ਕਰਨ ਤੋਂ ਬਾਅਦ, ਮੈਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦੇ ਕਾਬਲ ਹੋ ਗਿਆ ਅਤੇ ਇਸ ਤੋਂ ਚਾਰ ਮਹੀਨੇ ਬਾਅਦ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣ ਗਿਆ।”

ਯਿਸੂ ਦੀਆਂ ਸਿੱਖਿਆਵਾਂ ਦਾ ਮਾਨਵੇਲ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਉੱਤੇ ਕਿਹੋ ਜਿਹਾ ਅਸਰ ਪਿਆ? ਮਾਨਵੇਲ ਦੱਸਦਾ ਹੈ: “ਜੇ ਮੈਨੂੰ ਬਾਈਬਲ ਦੀ ਸਿੱਖਿਆ ਨਾ ਮਿਲਦੀ, ਤਾਂ ਮੈਂ ਕਈ ਸਾਲ ਪਹਿਲਾਂ ਮਰ ਗਿਆ ਹੁੰਦਾ। ਯਿਸੂ ਨੇ ਜ਼ਿੰਦਗੀ ਦੇ ਜਿਸ ਰਾਹ ਉੱਤੇ ਚੱਲਣਾ ਸਿਖਾਇਆ, ਉਸ ਰਾਹ ਨੇ ਸਾਡੇ ਪਰਿਵਾਰ ਨੂੰ ਟੁੱਟਣ ਤੋਂ ਬਚਾ ਲਿਆ। ਮੈਂ ਸ਼ੁਕਰ ਕਰਦਾ ਹਾਂ ਕਿ ਮੇਰੇ ਦੋ ਬੱਚਿਆਂ ਨੂੰ ਉਨ੍ਹਾਂ ਮੁਸ਼ਕਲ ਹਾਲਾਤਾਂ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ ਜਿਨ੍ਹਾਂ ਵਿੱਚੋਂ ਮੈਨੂੰ ਗੁਜ਼ਰਨਾ ਪਿਆ। ਮੈਂ ਯਹੋਵਾਹ ਦਾ ਬਹੁਤ ਧੰਨਵਾਦੀ ਹਾਂ ਕਿ ਹੁਣ ਮੇਰੀ ਪਤਨੀ ਨਾਲ ਮੇਰੀ ਚੰਗੀ ਿਨੱਭਦੀ ਹੈ। ਮੇਰੇ ਕੁਝ ਪੁਰਾਣੇ ਦੋਸਤ-ਮਿੱਤਰਾਂ ਨੇ ਮੇਰੇ ਜਤਨਾਂ ਕਾਰਨ ਮੈਨੂੰ ਸ਼ਾਬਾਸ਼ੀ ਦਿੱਤੀ ਅਤੇ ਕਿਹਾ ਕਿ ਜਿਸ ਰਾਹ ਤੇ ਮੈਂ ਹੁਣ ਚੱਲ ਰਿਹਾ ਹਾਂ ਉਹ ਸਭ ਤੋਂ ਵਧੀਆ ਰਾਹ ਹੈ।”

ਮਸੀਹੀਆਂ ਨੂੰ ਨੈਤਿਕ ਤੌਰ ਤੇ ਸ਼ੁੱਧ ਰਹਿਣ ਦੇ ਨਾਲ-ਨਾਲ ਆਪਣੇ ਸਰੀਰ ਨੂੰ ਵੀ ਸਾਫ਼ ਰੱਖਣ ਦੀ ਲੋੜ ਹੈ। ਜੌਨ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਜੋ ਕਿ ਦੱਖਣੀ ਅਫ਼ਰੀਕਾ ਦੇ ਇਕ ਗ਼ਰੀਬ ਇਲਾਕੇ ਵਿਚ ਰਹਿਣ ਵਾਲਾ ਹੈ। ਉਹ ਸਮਝਾਉਂਦਾ ਹੈ: “ਸਾਡੀ ਲੜਕੀ ਹਫ਼ਤੇ ਵਿਚ ਸਿਰਫ਼ ਇਕ ਵਾਰ ਨਹਾਉਂਦੀ ਸੀ, ਪਰ ਇਸ ਗੱਲ ਦਾ ਸਾਨੂੰ ਕੋਈ ਫ਼ਿਕਰ ਨਹੀਂ ਸੀ।” ਜੌਨ ਦੀ ਪਤਨੀ ਦੱਸਦੀ ਹੈ ਕਿ ਉਨ੍ਹਾਂ ਦਾ ਘਰ ਬਹੁਤ ਗੰਦਾ ਸੀ ਅਤੇ ਹਮੇਸ਼ਾ ਖਿਲਾਰਾ ਪਿਆ ਰਹਿੰਦਾ ਸੀ। ਪਰ ਬਾਈਬਲ ਦੀ ਸਿੱਖਿਆ ਹਾਸਲ ਕਰ ਕੇ ਉਹ ਆਪਣੇ ਵਿਚ ਤਬਦੀਲੀਆਂ ਕਰਨ ਲੱਗ ਪਏ। ਜੌਨ ਨੇ ਉਨ੍ਹਾਂ ਲੋਕਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਜੋ ਗੱਡੀਆਂ ਚੋਰੀ ਕਰਦੇ ਸਨ ਅਤੇ ਹੁਣ ਆਪਣੇ ਪਰਿਵਾਰ ਵੱਲ ਜ਼ਿਆਦਾ ਧਿਆਨ ਦਿੰਦਾ ਹੈ। “ਅਸੀਂ ਇਹ ਸਿੱਖਿਆ ਹੈ ਕਿ ਮਸੀਹੀ ਹੋਣ ਦੇ ਨਾਤੇ ਸਾਨੂੰ ਆਪਣੇ ਸਰੀਰ ਅਤੇ ਕੱਪੜੇ ਸਾਫ਼ ਰੱਖਣੇ ਚਾਹੀਦੇ ਹਨ। ਮੈਨੂੰ 1 ਪਤਰਸ 1:16 ਦੇ ਸ਼ਬਦ ਬਹੁਤ ਪਸੰਦ ਹਨ ਜੋ ਸਾਨੂੰ ਯਹੋਵਾਹ ਪਰਮੇਸ਼ੁਰ ਵਾਂਗ ਪਵਿੱਤਰ ਬਣਨ ਦੀ ਪ੍ਰੇਰਣਾ ਦਿੰਦੇ ਹਨ। ਹੁਣ ਅਸੀਂ ਆਪਣੇ ਸਾਦੇ ਜਿਹੇ ਘਰ ਨੂੰ ਸਾਫ਼-ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।”

ਤੁਸੀਂ ਸਭ ਤੋਂ ਵਧੀਆ ਸਿੱਖਿਆ ਪਾ ਸਕਦੇ ਹੋ

ਉੱਪਰ ਜ਼ਿਕਰ ਕੀਤੀਆਂ ਗਈਆਂ ਉਦਾਹਰਣਾਂ ਅਨੋਖੀਆਂ ਨਹੀਂ ਹਨ। ਬਾਈਬਲ ਦੀ ਸਿਖਲਾਈ ਲੈ ਕੇ ਹਜ਼ਾਰਾਂ ਹੀ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਸੁਧਾਰੀਆਂ ਹਨ। ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਕਾਰਨ ਇਨ੍ਹਾਂ ਲੋਕਾਂ ਦੇ ਮਾਲਕ ਇਨ੍ਹਾਂ ਦੀ ਬਹੁਤ ਕਦਰ ਕਰਦੇ ਹਨ। ਉਹ ਹੁਣ ਚੰਗੇ ਗੁਆਂਢੀ ਅਤੇ ਦੋਸਤ-ਮਿੱਤਰ ਬਣ ਕੇ ਲੋਕਾਂ ਦਾ ਭਲਾ ਕਰ ਰਹੇ ਹਨ। ਉਹ ਬੁਰੀਆਂ ਆਦਤਾਂ ਛੱਡ ਕੇ ਅਤੇ ਗ਼ਲਤ ਇੱਛਾਵਾਂ ਤਿਆਗ ਕੇ ਆਪਣੀ ਸਰੀਰਕ, ਮਾਨਸਿਕ ਤੇ ਜਜ਼ਬਾਤੀ ਤੌਰ ਤੇ ਦੇਖ-ਭਾਲ ਕਰਦੇ ਹਨ। ਬੁਰੀਆਂ ਆਦਤਾਂ ਵਿਚ ਪੈ ਕੇ ਪੈਸਾ ਬਰਬਾਦ ਕਰਨ ਦੀ ਬਜਾਇ ਉਹ ਹੁਣ ਪੈਸੇ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਭਲੇ ਲਈ ਵਰਤਦੇ ਹਨ। (1 ਕੁਰਿੰਥੀਆਂ 6:9-11; ਕੁਲੁੱਸੀਆਂ 3:18-23) ਬਿਨਾਂ ਸ਼ੱਕ, ਬਾਈਬਲ ਵਿਚ ਦਰਜ ਯਹੋਵਾਹ ਦੀ ਸਲਾਹ ਲਾਗੂ ਕਰ ਕੇ ਜ਼ਿੰਦਗੀ ਸੁਧਾਰੀ ਜਾ ਸਕਦੀ ਹੈ। ਜੀ ਹਾਂ, ਸਭ ਤੋਂ ਵਧੀਆ ਸਿੱਖਿਆ ਬਾਈਬਲ ਵਿਚ ਹੀ ਪਾਈ ਜਾਂਦੀ ਹੈ। ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲਣ ਵਾਲੇ ਇਨਸਾਨ ਬਾਰੇ ਬਾਈਬਲ ਕਹਿੰਦੀ ਹੈ: “ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”—ਜ਼ਬੂਰਾਂ ਦੀ ਪੋਥੀ 1:3.

ਇਹ ਗੱਲ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸਾਨੂੰ ਸਿੱਖਿਆ ਦੇਣੀ ਚਾਹੁੰਦਾ ਹੈ। ਉਹ ਆਪ ਕਹਿੰਦਾ ਹੈ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਜੀ ਹਾਂ, ਯਹੋਵਾਹ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਉਦਾਹਰਣ ਅਤੇ ਉਸ ਦੀਆਂ ਸਿੱਖਿਆਵਾਂ ਰਾਹੀਂ ਸਾਨੂੰ ਸਹੀ ਰਾਹ ਉੱਤੇ ਚੱਲਣਾ ਸਿਖਾਇਆ ਹੈ। ਜਦ ਯਿਸੂ ਧਰਤੀ ਉੱਤੇ ਸੀ, ਤਦ ਉਸ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਕਈ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਸੁਧਾਰ ਲਿਆਂਦਾ। ਇਹ ਗੱਲ ਅੱਜ ਉਨ੍ਹਾਂ ਲੋਕਾਂ ਬਾਰੇ ਵੀ ਸੱਚ ਹੈ ਜੋ ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ। ਕਿਉਂ ਨਾ ਸਮਾਂ ਕੱਢ ਕੇ ਤੁਸੀਂ ਵੀ ਇਨ੍ਹਾਂ ਸਿੱਖਿਆਵਾਂ ਬਾਰੇ ਹੋਰ ਜਾਣਕਾਰੀ ਹਾਸਲ ਕਰੋ। ਇਹ ਜਾਣਕਾਰੀ ਹਾਸਲ ਕਰਨ ਵਿਚ ਤੁਹਾਡੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨਗੇ।

[ਫੁਟਨੋਟ]

^ ਪੈਰਾ 12 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 6 ਉੱਤੇ ਡੱਬੀ/ਤਸਵੀਰਾਂ]

ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਦਾ ਅਸਰ

ਜ਼ੱਕੀ ਨਾਂ ਦਾ ਆਦਮੀ ਮਸੂਲੀਆਂ ਦਾ ਸਰਦਾਰ ਸੀ ਅਤੇ ਉਹ ਇਸ ਧੰਦੇ ਵਿਚ ਬੇਈਮਾਨੀ ਨਾਲ ਗ਼ਰੀਬਾਂ ਤੋਂ ਪੈਸਾ ਵਸੂਲ ਕਰ ਕੇ ਧਨੀ ਬਣਿਆ ਸੀ। ਪਰ ਉਸ ਨੇ ਆਪਣੀ ਜ਼ਿੰਦਗੀ ਵਿਚ ਯਿਸੂ ਦੀਆਂ ਸਿੱਖਿਆਵਾਂ ਲਾਗੂ ਕਰ ਕੇ ਆਪਣੇ ਵਿਚ ਤਬਦੀਲੀਆਂ ਲਿਆਂਦੀਆਂ।—ਲੂਕਾ 19:1-10.

ਤਰਸੁਸ ਦਾ ਰਹਿਣ ਵਾਲਾ ਸੌਲੁਸ ਜੋ ਪਹਿਲਾਂ ਯਿਸੂ ਦੇ ਚੇਲਿਆਂ ਨੂੰ ਸਤਾਇਆ ਕਰਦਾ ਸੀ, ਮਸੀਹੀ ਬਣ ਗਿਆ ਅਤੇ ਪੌਲੁਸ ਰਸੂਲ ਵਜੋਂ ਜਾਣਿਆ ਜਾਣ ਲੱਗਾ।—ਰਸੂਲਾਂ ਦੇ ਕਰਤੱਬ 22:6-21; ਫ਼ਿਲਿੱਪੀਆਂ 3:4-9.

ਕੁਰਿੰਥੁਸ ਦੇ ਰਹਿਣ ਵਾਲੇ ਕੁਝ ਮਸੀਹੀ ਪਹਿਲਾਂ ‘ਹਰਾਮਕਾਰ, ਮੂਰਤੀ ਪੂਜਕ, ਜ਼ਨਾਹਕਾਰ, ਮੁੰਡੇਬਾਜ, ਚੋਰ, ਲੋਭੀ, ਸ਼ਰਾਬੀ, ਗਾਲਾਂ ਕੱਢਣ ਵਾਲੇ ਅਤੇ ਲੁਟੇਰੇ’ ਸਨ। ਪਰ ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੁਆਰਾ ਉਹ ‘ਧੋਤੇ ਗਏ ਅਰ ਪਵਿੱਤਰ ਕੀਤੇ ਗਏ ਅਰ ਧਰਮੀ ਠਹਿਰਾਏ ਗਏ’ ਸਨ।—1 ਕੁਰਿੰਥੀਆਂ 6:9-11.

[ਸਫ਼ੇ 7 ਉੱਤੇ ਤਸਵੀਰ]

ਬਾਈਬਲ ਦੀ ਸਿੱਖਿਆ ਲੈ ਕੇ ਤੁਸੀਂ ਕਾਮਯਾਬ ਹੋ ਸਕਦੇ ਹੋ