ਫ਼ਿਲਿੱਪੀਆਂ ਨੂੰ ਚਿੱਠੀ 3:1-21

  • ਸਰੀਰ ਦੀਆਂ ਗੱਲਾਂ ’ਤੇ ਭਰੋਸਾ ਨਾ ਰੱਖਣਾ (1-11)

    • ਮਸੀਹ ਦੀ ਖ਼ਾਤਰ ਸਾਰੀਆਂ ਚੀਜ਼ਾਂ ਨੂੰ ਵਿਅਰਥ ਸਮਝਣਾ (7-9)

  • ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵਧਣਾ (12-21)

    • ਸਵਰਗ ਦੀ ਨਾਗਰਿਕਤਾ (20)

3  ਅਖ਼ੀਰ ਵਿਚ, ਮੇਰੇ ਭਰਾਵੋ, ਪ੍ਰਭੂ ਕਰਕੇ ਖ਼ੁਸ਼ ਰਹੋ।+ ਤੁਹਾਨੂੰ ਇਹੀ ਗੱਲਾਂ ਦੁਬਾਰਾ ਲਿਖਣ ਵਿਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਕਿਉਂਕਿ ਇਹ ਤੁਹਾਡੀ ਹਿਫਾਜ਼ਤ ਲਈ ਹਨ।  ਕੁੱਤਿਆਂ* ਤੋਂ ਖ਼ਬਰਦਾਰ ਰਹੋ, ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਖ਼ਬਰਦਾਰ ਰਹੋ, ਸੁੰਨਤ* ਕਰਨ ਦੀ ਹੱਲਾਸ਼ੇਰੀ ਦੇਣ ਵਾਲਿਆਂ ਤੋਂ ਖ਼ਬਰਦਾਰ ਰਹੋ।+  ਅਸਲੀ ਸੁੰਨਤ ਤਾਂ ਸਾਡੀ ਹੋਈ ਹੈ+ ਅਤੇ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਰਾਹੀਂ ਸੇਵਾ ਕਰਦੇ ਹਨ ਅਤੇ ਮਸੀਹ ਯਿਸੂ ਉੱਤੇ ਮਾਣ ਕਰਦੇ ਹਨ+ ਅਤੇ ਅਸੀਂ ਸਰੀਰ ਦੀਆਂ ਗੱਲਾਂ ਉੱਤੇ ਭਰੋਸਾ ਨਹੀਂ ਰੱਖਦੇ  ਜਦ ਕਿ ਮੇਰੇ ਕੋਲ ਸਰੀਰ ਦੀਆਂ ਗੱਲਾਂ ਉੱਤੇ ਭਰੋਸਾ ਰੱਖਣ ਦੇ ਕਾਰਨ ਹਨ। ਦੇਖਿਆ ਜਾਵੇ ਤਾਂ ਹੋਰ ਕਿਸੇ ਵੀ ਇਨਸਾਨ ਨਾਲੋਂ ਮੇਰੇ ਕੋਲ ਸਰੀਰ ਦੀਆਂ ਗੱਲਾਂ ਉੱਤੇ ਭਰੋਸਾ ਰੱਖਣ ਦੇ ਜ਼ਿਆਦਾ ਕਾਰਨ ਹਨ:  ਅੱਠਵੇਂ ਦਿਨ ਮੇਰੀ ਸੁੰਨਤ ਹੋਈ ਸੀ,+ ਮੈਂ ਇਜ਼ਰਾਈਲ ਕੌਮ ਵਿਚ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ ਅਤੇ ਇਬਰਾਨੀ ਮਾਤਾ-ਪਿਤਾ ਦਾ ਇਬਰਾਨੀ ਪੁੱਤਰ ਹਾਂ;+ ਮੈਂ ਮੂਸਾ ਦੇ ਕਾਨੂੰਨ ਨੂੰ ਮੰਨਣ ਵਾਲਾ ਫ਼ਰੀਸੀ ਸੀ;+  ਜਿੱਥੋਂ ਤਕ ਜੋਸ਼ ਦੀ ਗੱਲ ਹੈ, ਤਾਂ ਮੈਂ ਮੰਡਲੀ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ;+ ਜਿੱਥੋਂ ਤਕ ਮੂਸਾ ਦੇ ਕਾਨੂੰਨ ਨੂੰ ਮੰਨ ਕੇ ਧਰਮੀ ਠਹਿਰਾਏ ਜਾਣ ਦੀ ਗੱਲ ਹੈ, ਤਾਂ ਮੈਂ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ।  ਇਹ ਚੀਜ਼ਾਂ ਮੇਰੇ ਫ਼ਾਇਦੇ ਲਈ ਸਨ, ਫਿਰ ਵੀ ਮੈਂ ਇਨ੍ਹਾਂ ਨੂੰ ਮਸੀਹ ਦੀ ਖ਼ਾਤਰ ਵਿਅਰਥ ਸਮਝਦਾ ਹਾਂ।*+  ਇਸ ਤੋਂ ਇਲਾਵਾ, ਮੈਂ ਆਪਣੇ ਪ੍ਰਭੂ ਮਸੀਹ ਯਿਸੂ ਦੇ ਅਨਮੋਲ ਗਿਆਨ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸੱਚ-ਮੁੱਚ ਫ਼ਜ਼ੂਲ ਸਮਝਦਾ ਹਾਂ। ਉਸੇ ਦੀ ਖ਼ਾਤਰ ਮੈਂ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰੀ ਹੈ ਅਤੇ ਮੈਂ ਇਨ੍ਹਾਂ ਨੂੰ ਕੂੜੇ ਦਾ ਢੇਰ ਸਮਝਦਾ ਹਾਂ ਤਾਂਕਿ ਮੈਂ ਮਸੀਹ ਨੂੰ ਪਾ ਲਵਾਂ  ਅਤੇ ਉਸ ਨਾਲ ਏਕਤਾ ਵਿਚ ਬੱਝ ਜਾਵਾਂ, ਪਰ ਇਸ ਕਰਕੇ ਨਹੀਂ ਕਿ ਮੈਨੂੰ ਮੂਸਾ ਦੇ ਕਾਨੂੰਨ ਉੱਤੇ ਚੱਲਣ ਕਰਕੇ ਧਰਮੀ ਠਹਿਰਾਇਆ ਗਿਆ ਹੈ, ਸਗੋਂ ਇਸ ਕਰਕੇ ਕਿ ਮੈਨੂੰ ਮਸੀਹ ’ਤੇ+ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ ਹੈ,+ ਹਾਂ, ਨਿਹਚਾ ਕਰਨ ਕਰਕੇ ਪਰਮੇਸ਼ੁਰ ਨੇ ਮੈਨੂੰ ਧਰਮੀ ਠਹਿਰਾਇਆ ਹੈ।+ 10  ਮੇਰਾ ਟੀਚਾ ਹੈ ਕਿ ਮੈਂ ਉਸ ਨੂੰ ਜਾਣਾ ਅਤੇ ਉਸ ਨੂੰ ਜੀਉਂਦਾ ਕਰਨ ਵਾਲੇ ਦੀ ਤਾਕਤ ਨੂੰ ਜਾਣਾ+ ਤੇ ਉਸ ਵਾਂਗ ਦੁੱਖ ਝੱਲਾਂ+ ਅਤੇ ਉਸ ਵਰਗੀ ਮੌਤ ਮਰਾਂ+ 11  ਤਾਂਕਿ ਜੇ ਹੋ ਸਕੇ, ਤਾਂ ਮੈਂ ਉਨ੍ਹਾਂ ਲੋਕਾਂ ਵਿਚ ਹੋਵਾਂ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ।+ 12  ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇਹ ਇਨਾਮ ਮਿਲ ਗਿਆ ਹੈ ਜਾਂ ਮੈਂ ਮੁਕੰਮਲ ਬਣ ਗਿਆ ਹਾਂ, ਪਰ ਮੈਂ ਇਸ ਨੂੰ ਜ਼ਰੂਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ+ ਜਿਸ ਵਾਸਤੇ ਮਸੀਹ ਯਿਸੂ ਨੇ ਮੈਨੂੰ ਚੁਣਿਆ ਹੈ।+ 13  ਭਰਾਵੋ, ਮੈਂ ਨਹੀਂ ਸੋਚਦਾ ਕਿ ਮੈਂ ਇਹ ਇਨਾਮ ਹਾਸਲ ਕਰ ਲਿਆ ਹੈ, ਪਰ ਇਕ ਗੱਲ ਪੱਕੀ ਹੈ: ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਲਗਾਤਾਰ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ+ ਜਿਹੜੀਆਂ ਮੇਰੇ ਅੱਗੇ ਹਨ,+ 14  ਮੈਂ ਆਪਣਾ ਟੀਚਾ ਯਾਨੀ ਸਵਰਗੀ ਸੱਦੇ ਦਾ ਇਨਾਮ+ ਹਾਸਲ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ+ ਜੋ ਪਰਮੇਸ਼ੁਰ ਨੇ ਮਸੀਹ ਯਿਸੂ ਰਾਹੀਂ ਦਿੱਤਾ ਹੈ। 15  ਤਾਂ ਫਿਰ, ਆਓ ਆਪਾਂ ਜਿਹੜੇ ਸਮਝਦਾਰ ਹਾਂ,+ ਆਪਣੇ ਅੰਦਰ ਮਨ ਦਾ ਇਹੀ ਸੁਭਾਅ ਪੈਦਾ ਕਰੀਏ। ਜੇ ਕਿਸੇ ਗੱਲ ਵਿਚ ਤੁਹਾਡੇ ਮਨ ਦਾ ਸੁਭਾਅ ਹੋਰ ਹੈ, ਤਾਂ ਉੱਪਰ ਜਿਸ ਸੁਭਾਅ ਦੀ ਗੱਲ ਕੀਤੀ ਹੈ, ਉਸ ਬਾਰੇ ਪਰਮੇਸ਼ੁਰ ਤੁਹਾਨੂੰ ਦੱਸੇਗਾ। 16  ਜੋ ਵੀ ਹੈ, ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ’ਤੇ ਸਲੀਕੇ ਨਾਲ ਚੱਲਦੇ ਜਾਈਏ। 17  ਭਰਾਵੋ, ਤੁਸੀਂ ਸਾਰੇ ਮੇਰੀ ਰੀਸ ਕਰੋ+ ਅਤੇ ਉਨ੍ਹਾਂ ਲੋਕਾਂ ਵੱਲ ਧਿਆਨ ਦਿੰਦੇ ਰਹੋ ਜੋ ਸਾਡੀ ਮਿਸਾਲ ਉੱਤੇ ਚੱਲਦੇ ਹਨ ਜਿਹੜੀ ਅਸੀਂ ਤੁਹਾਡੇ ਲਈ ਕਾਇਮ ਕੀਤੀ ਹੈ। 18  ਕਈ ਅਜਿਹੇ ਲੋਕ ਵੀ ਹਨ ਜਿਨ੍ਹਾਂ ਬਾਰੇ ਮੈਂ ਅਕਸਰ ਗੱਲ ਕਰਦਾ ਹੁੰਦਾ ਸੀ, ਪਰ ਹੁਣ ਉਨ੍ਹਾਂ ਬਾਰੇ ਗੱਲ ਕਰਦਿਆਂ ਮੇਰੀਆਂ ਅੱਖਾਂ ਭਰ ਆਉਂਦੀਆਂ ਹਨ ਕਿਉਂਕਿ ਉਹ ਮਸੀਹ ਦੀ ਤਸੀਹੇ ਦੀ ਸੂਲ਼ੀ* ਦੇ ਦੁਸ਼ਮਣ ਬਣ ਗਏ ਹਨ। 19  ਉਨ੍ਹਾਂ ਦਾ ਅੰਤ ਵਿਨਾਸ਼ ਹੈ ਅਤੇ ਉਨ੍ਹਾਂ ਦਾ ਰੱਬ ਉਨ੍ਹਾਂ ਦਾ ਢਿੱਡ* ਹੈ। ਜਿਨ੍ਹਾਂ ਗੱਲਾਂ ’ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਉਨ੍ਹਾਂ ਗੱਲਾਂ ’ਤੇ ਹੀ ਉਨ੍ਹਾਂ ਨੂੰ ਘਮੰਡ ਹੈ ਅਤੇ ਉਨ੍ਹਾਂ ਨੇ ਆਪਣੇ ਮਨ ਦੁਨਿਆਵੀ ਚੀਜ਼ਾਂ ਉੱਤੇ ਲਾਏ ਹੋਏ ਹਨ।+ 20  ਪਰ ਅਸੀਂ ਸਵਰਗ ਦੇ+ ਨਾਗਰਿਕ ਹਾਂ+ ਅਤੇ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਸਵਰਗੋਂ ਆਵੇ।+ 21  ਉਹ ਆਪਣੀ ਵਿਸ਼ਾਲ ਤਾਕਤ ਵਰਤ ਕੇ ਸਾਡੇ ਮਾਮੂਲੀ ਸਰੀਰਾਂ ਨੂੰ ਬਦਲ ਕੇ ਆਪਣੇ ਮਹਿਮਾਵਾਨ ਸਰੀਰ ਵਰਗਾ ਬਣਾ ਦੇਵੇਗਾ+ ਅਤੇ ਸਾਰੀਆਂ ਚੀਜ਼ਾਂ ਨੂੰ ਆਪਣੇ ਅਧੀਨ ਕਰ ਲਵੇਗਾ।+

ਫੁਟਨੋਟ

ਯਾਨੀ, ਉਹ ਲੋਕ ਜਿਨ੍ਹਾਂ ਦਾ ਚਾਲ-ਚਲਣ ਬਹੁਤ ਗੰਦਾ ਹੁੰਦਾ ਹੈ।
ਯੂਨਾ, “ਸਰੀਰ ਦੀ ਕੱਟ-ਵੱਢ।”
ਜਾਂ ਸੰਭਵ ਹੈ, “ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖ਼ੁਸ਼ੀ-ਖ਼ੁਸ਼ੀ ਤਿਆਗ ਦਿੱਤਾ।”
ਜਾਂ, “ਸਰੀਰ ਦੀਆਂ ਇੱਛਾਵਾਂ।”